Skip to content

Skip to table of contents

ਅਧਿਆਇ 22

“ਪਰਮੇਸ਼ੁਰ ਦੀ ਭਗਤੀ ਕਰ”

“ਪਰਮੇਸ਼ੁਰ ਦੀ ਭਗਤੀ ਕਰ”

ਪ੍ਰਕਾਸ਼ ਦੀ ਕਿਤਾਬ 22:9

ਮੁੱਖ ਗੱਲ: ਹਿਜ਼ਕੀਏਲ ਦੀ ਕਿਤਾਬ ਤੋਂ ਅਸੀਂ ਕਿਹੜੀਆਂ ਖ਼ਾਸ ਗੱਲਾਂ ਸਿੱਖੀਆਂ ਅਤੇ ਇਹ ਗੱਲਾਂ ਅਸੀਂ ਅੱਜ ਤੇ ਭਵਿੱਖ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ

1, 2. (ੳ) ਹਰ ਇਨਸਾਨ ਨੂੰ ਕਿਹੜਾ ਫ਼ੈਸਲਾ ਕਰਨਾ ਪੈਣਾ? (ਅ) ਜਦੋਂ ਯੂਹੰਨਾ ਨੇ ਇਕ ਦੂਤ ਦੀ ਭਗਤੀ ਕਰਨੀ ਚਾਹੀ, ਤਾਂ ਦੂਤ ਨੇ ਕੀ ਕਿਹਾ?

ਹਰ ਇਨਸਾਨ ਨੂੰ ਇਸ ਸਵਾਲ ਦਾ ਜਵਾਬ ਦੇਣ ਦੀ ਲੋੜ ਹੈ: ਮੈਂ ਕਿਸ ਦੀ ਭਗਤੀ ਕਰਾਂਗਾ? ਕੁਝ ਸ਼ਾਇਦ ਕਹਿਣ ਕਿ ਇਹ ਬੜਾ ਹੀ ਔਖਾ ਸਵਾਲ ਹੈ ਕਿਉਂਕਿ ਦੁਨੀਆਂ ਵਿਚ ਇੰਨੇ ਧਰਮ ਤੇ ਦੇਵੀ-ਦੇਵਤੇ ਹਨ ਕਿ ਸਾਨੂੰ ਸਮਝ ਨਹੀਂ ਆਉਂਦਾ ਕਿ ਕਿਸ ਦੀ ਭਗਤੀ ਕਰੀਏ। ਪਰ ਸੱਚ ਤਾਂ ਇਹ ਹੈ ਕਿ ਦੁਨੀਆਂ ਵਿਚ ਸਿਰਫ਼ ਦੋ ਹੀ ਈਸ਼ਵਰ ਹਨ। ਇਕ ਯਹੋਵਾਹ ਅਤੇ ਦੂਜਾ ਸ਼ੈਤਾਨ। ਅਸੀਂ ਜਾਂ ਤਾਂ ਯਹੋਵਾਹ ਦੀ ਭਗਤੀ ਕਰ ਸਕਦੇ ਹਾਂ ਜਾਂ ਸ਼ੈਤਾਨ ਦੀ।

2 ਸ਼ੈਤਾਨ ਆਪਣੀ ਭਗਤੀ ਕਰਾਉਣ ਦੀ ਲਾਲਸਾ ਰੱਖਦਾ ਹੈ। ਉਸ ਦੀ ਇਹ ਲਾਲਸਾ ਉਦੋਂ ਜ਼ਾਹਰ ਹੋਈ ਜਦੋਂ ਉਸ ਨੇ ਯਿਸੂ ਨੂੰ ਪਰਖਿਆ। ਅਸੀਂ ਇਸ ਕਿਤਾਬ ਦੇ ਪਹਿਲੇ ਅਧਿਆਇ ਵਿਚ ਦੇਖਿਆ ਸੀ ਕਿ ਸ਼ੈਤਾਨ ਨੇ ਯਿਸੂ ਨੂੰ ਲਾਲਚ ਦਿੱਤਾ ਕਿ ਉਹ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਉੱਤੇ ਉਸ ਨੂੰ ਅਧਿਕਾਰ ਦੇ ਦੇਵੇਗਾ। ਸ਼ੈਤਾਨ ਬਦਲੇ ਵਿਚ ਕੀ ਚਾਹੁੰਦਾ ਸੀ? ਉਸ ਨੇ ਯਿਸੂ ਨੂੰ ਕਿਹਾ: ‘ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕ।’ (ਮੱਤੀ 4:9) ਇਸ ਤੋਂ ਉਲਟ, ਜਿਸ ਦੂਤ ਨੇ ਪ੍ਰਕਾਸ਼ ਦੀ ਕਿਤਾਬ ਵਿਚ ਯੂਹੰਨਾ ਰਸੂਲ ਨੂੰ ਦਰਸ਼ਣ ਦਿਖਾਇਆ ਸੀ, ਉਸ ਨੇ ਆਪਣੀ ਭਗਤੀ ਕਰਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। (ਪ੍ਰਕਾਸ਼ ਦੀ ਕਿਤਾਬ 22:8, 9 ਪੜ੍ਹੋ।) ਜਦੋਂ ਯੂਹੰਨਾ ਰਸੂਲ ਨੇ ਦੂਤ ਦੀ ਭਗਤੀ ਕਰਨੀ ਚਾਹੀ, ਤਾਂ ਉਸ ਨਿਮਰ ਦੂਤ ਨੇ ਕਿਹਾ: “ਇੱਦਾਂ ਨਾ ਕਰ!” ਉਸ ਨੇ ਇਹ ਨਹੀਂ ਕਿਹਾ ਕਿ ਮੇਰੀ ਭਗਤੀ ਕਰ, ਸਗੋਂ ਇਹ ਕਿਹਾ: “ਪਰਮੇਸ਼ੁਰ ਦੀ ਭਗਤੀ ਕਰ।”

3. (ੳ) ਇਸ ਕਿਤਾਬ ਨੂੰ ਛਾਪਣ ਦਾ ਮਕਸਦ ਕੀ ਹੈ? (ਅ) ਹੁਣ ਅਸੀਂ ਕੀ ਜਾਣਾਂਗੇ?

3 ਇਸ ਕਿਤਾਬ ਨੂੰ ਛਾਪਣ ਦਾ ਮਕਸਦ ਸਾਡੇ ਇਸ ਇਰਾਦੇ ਨੂੰ ਪੱਕਾ ਕਰਨਾ ਹੈ ਕਿ ਅਸੀਂ ਸਿਰਫ਼ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰੀਏ ਜਿਵੇਂ ਦੂਤ ਨੇ ਕਿਹਾ ਸੀ। (ਬਿਵ. 10:20; ਮੱਤੀ 4:10) ਆਓ ਆਪਾਂ ਥੋੜ੍ਹੇ ਸ਼ਬਦਾਂ ਵਿਚ ਦੇਖੀਏ ਕਿ ਅਸੀਂ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਅਤੇ ਦਰਸ਼ਣਾਂ ਤੋਂ ਸ਼ੁੱਧ ਭਗਤੀ ਬਾਰੇ ਕੀ ਸਿੱਖ ਸਕਦੇ ਹਾਂ। ਇਸ ਤੋਂ ਬਾਅਦ ਬਾਈਬਲ ਤੋਂ ਅਸੀਂ ਜਾਣਾਂਗੇ ਕਿ ਭਵਿੱਖ ਵਿਚ ਕਿਸ ਤਰ੍ਹਾਂ ਹਰ ਇਨਸਾਨ ਨੂੰ ਇਕ ਆਖ਼ਰੀ ਪਰੀਖਿਆ ਵਿੱਚੋਂ ਗੁਜ਼ਰਨਾ ਪਵੇਗਾ। ਜਿਹੜੇ ਲੋਕ ਇਸ ਪਰੀਖਿਆ ਦੌਰਾਨ ਵਫ਼ਾਦਾਰ ਰਹਿਣਗੇ, ਉਨ੍ਹਾਂ ਨੂੰ ਇਹ ਦੇਖਣ ਦਾ ਮੌਕਾ ਮਿਲੇਗਾ ਕਿ ਸ਼ੁੱਧ ਭਗਤੀ ਕਿਵੇਂ ਪੂਰੀ ਤਰ੍ਹਾਂ ਹਮੇਸ਼ਾ ਲਈ ਬਹਾਲ ਕੀਤੀ ਜਾਵੇਗੀ।

ਹਿਜ਼ਕੀਏਲ ਦੀ ਕਿਤਾਬ ਵਿਚ ਤਿੰਨ ਗੱਲਾਂ ’ਤੇ ਜ਼ੋਰ ਦਿੱਤਾ ਗਿਆ

4. ਹਿਜ਼ਕੀਏਲ ਦੀ ਕਿਤਾਬ ਵਿਚ ਕਿਨ੍ਹਾਂ ਤਿੰਨ ਗੱਲਾਂ ’ਤੇ ਜ਼ੋਰ ਦਿੱਤਾ ਗਿਆ ਹੈ?

4 ਹਿਜ਼ਕੀਏਲ ਦੀ ਕਿਤਾਬ ਤੋਂ ਅਸੀਂ ਸਿੱਖਦੇ ਹਾਂ ਕਿ ਸ਼ੁੱਧ ਭਗਤੀ ਦਾ ਮਤਲਬ ਰੀਤਾਂ ਨਿਭਾਉਣੀਆਂ ਨਹੀਂ, ਸਗੋਂ ਸਾਡੇ ਤੋਂ ਮੰਗ ਕੀਤੀ ਜਾਂਦੀ ਹੈ ਕਿ ਅਸੀਂ (1) ਸਿਰਫ਼ ਯਹੋਵਾਹ ਦੀ ਭਗਤੀ ਕਰੀਏ, (2) ਮਿਲ ਕੇ ਸ਼ੁੱਧ ਭਗਤੀ ਕਰੀਏ ਅਤੇ (3) ਦੂਸਰਿਆਂ ਨਾਲ ਪਿਆਰ ਕਰੀਏ। ਇਸ ਕਿਤਾਬ ਵਿਚ ਦੇਖੀਆਂ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਅਤੇ ਦਰਸ਼ਣਾਂ ਵਿਚ ਤਿੰਨ ਗੱਲਾਂ ’ਤੇ ਜ਼ੋਰ ਦਿੱਤਾ ਗਿਆ ਹੈ। ਆਓ ਦੁਬਾਰਾ ਇਨ੍ਹਾਂ ’ਤੇ ਗੌਰ ਕਰੀਏ।

ਪਹਿਲੀ ਗੱਲ: ਸਿਰਫ਼ ਯਹੋਵਾਹ ਦੀ ਭਗਤੀ ਕਰੋ

5-9. ਸਿਰਫ਼ ਯਹੋਵਾਹ ਦੀ ਭਗਤੀ ਕਰਨ ਬਾਰੇ ਅਸੀਂ ਕੀ ਸਿੱਖਿਆ ਹੈ?

5 ਅਧਿਆਇ 3: * ਹਿਜ਼ਕੀਏਲ ਨੇ ਇਕ ਸ਼ਾਨਦਾਰ ਦਰਸ਼ਣ ਦੇਖਿਆ ਜਿਸ ਵਿਚ ਯਹੋਵਾਹ ਦੇ ਆਲੇ-ਦੁਆਲੇ ਸਤਰੰਗੀ ਪੀਂਘ ਸੀ ਅਤੇ ਉਹ ਸ਼ਕਤੀਸ਼ਾਲੀ ਸਵਰਗੀ ਪ੍ਰਾਣੀਆਂ ਨੂੰ ਸੇਧ ਦੇ ਰਿਹਾ ਸੀ। ਇਸ ਦਰਸ਼ਣ ਤੋਂ ਸਾਨੂੰ ਇਕ ਅਹਿਮ ਸੱਚਾਈ ਪਤਾ ਲੱਗਦੀ ਹੈ ਕਿ ਸਿਰਫ਼ ਯਹੋਵਾਹ ਹੀ ਸਾਡੀ ਭਗਤੀ ਦਾ ਹੱਕਦਾਰ ਹੈ।​—ਹਿਜ਼. 1:4, 15-28.

6 ਅਧਿਆਇ 5: ਇਕ ਦਰਸ਼ਣ ਵਿਚ ਦਿਖਾਇਆ ਗਿਆ ਕਿ ਯਹੋਵਾਹ ਦੇ ਮੰਦਰ ਵਿਚ ਕਿੰਨੇ ਘਿਣਾਉਣੇ ਕੰਮ ਹੋ ਰਹੇ ਸਨ। ਇਸ ਦਰਸ਼ਣ ਤੋਂ ਅਸੀਂ ਸਿੱਖਿਆ ਕਿ ਕੋਈ ਵੀ ਗੱਲ ਯਹੋਵਾਹ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਨਹੀਂ। ਜਦ ਉਸ ਦੇ ਲੋਕ ਮੂਰਤੀ-ਪੂਜਾ ਵਰਗੇ ਕੰਮ ਕਰ ਕੇ ਉਸ ਨਾਲ ਬੇਵਫ਼ਾਈ ਕਰਦੇ ਹਨ, ਤਾਂ ਉਹ ਇਨ੍ਹਾਂ ਕੰਮਾਂ ਨੂੰ ਦੇਖ ਸਕਦਾ ਹੈ। ਭਾਵੇਂ ਉਹ ਦੁਨੀਆਂ ਦੀਆਂ ਨਜ਼ਰਾਂ ਤੋਂ ਓਹਲੇ ਇਹ ਕੰਮ ਕਰਨ, ਪਰ ਉਹ ਯਹੋਵਾਹ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦੇ। ਅਜਿਹੇ ਲੋਕਾਂ ਨੂੰ ਦੇਖ ਕੇ ਯਹੋਵਾਹ ਨੂੰ ਦੁੱਖ ਹੁੰਦਾ ਹੈ ਅਤੇ ਉਹ ਉਨ੍ਹਾਂ ਨੂੰ ਜ਼ਰੂਰ ਸਜ਼ਾ ਦਿੰਦਾ ਹੈ।​—ਹਿਜ਼. 8:1-18.

7 ਅਧਿਆਇ 7: ਯਹੋਵਾਹ ਨੇ ਇਜ਼ਰਾਈਲ ਦੀਆਂ ਉਨ੍ਹਾਂ ਗੁਆਂਢੀ ਕੌਮਾਂ ਨੂੰ ਸਜ਼ਾ ਸੁਣਾਈ ਜਿਨ੍ਹਾਂ ਨੇ ਉਸ ਦੇ ਲੋਕਾਂ ਦੀ “ਬੇਇੱਜ਼ਤੀ” ਕੀਤੀ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਉਨ੍ਹਾਂ ਸਾਰਿਆਂ ਤੋਂ ਲੇਖਾ ਲੈਂਦਾ ਹੈ ਜੋ ਉਸ ਦੇ ਲੋਕਾਂ ਨਾਲ ਬੁਰਾ ਸਲੂਕ ਕਰਦੇ ਹਨ। (ਹਿਜ਼. 25:6) ਗੁਆਂਢੀ ਕੌਮਾਂ ਨਾਲ ਇਜ਼ਰਾਈਲੀਆਂ ਦੇ ਮੇਲ-ਜੋਲ ਤੋਂ ਅਸੀਂ ਇਕ ਹੋਰ ਸਬਕ ਸਿੱਖਦੇ ਹਾਂ ਕਿ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਹੀ ਸਾਡੇ ਲਈ ਸਭ ਤੋਂ ਜ਼ਰੂਰੀ ਹੈ। ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਨੂੰ ਖ਼ੁਸ਼ ਕਰਨ ਲਈ ਅਸੀਂ ਕਦੇ ਵੀ ਯਹੋਵਾਹ ਦੇ ਮਿਆਰਾਂ ਨਾਲ ਸਮਝੌਤਾ ਨਹੀਂ ਕਰਾਂਗੇ। ਅਸੀਂ ਧਨ-ਦੌਲਤ ’ਤੇ ਭਰੋਸਾ ਨਹੀਂ ਰੱਖਾਂਗੇ ਅਤੇ ਸਰਕਾਰਾਂ ਨਾਲੋਂ ਜ਼ਿਆਦਾ ਯਹੋਵਾਹ ਦੇ ਵਫ਼ਾਦਾਰ ਰਹਾਂਗੇ। ਇਸ ਤਰ੍ਹਾਂ ਅਸੀਂ ਰਾਜਨੀਤਿਕ ਤੌਰ ਤੇ ਨਿਰਪੱਖ ਰਹਾਂਗੇ।

8 ਅਧਿਆਇ 13 ਅਤੇ 14: ਇਕ ਦਰਸ਼ਣ ਵਿਚ ਦਿਖਾਇਆ ਗਿਆ ਕਿ ਯਹੋਵਾਹ ਦਾ ਮੰਦਰ ਇਕ ਬਹੁਤ ਉੱਚੇ ਪਹਾੜ ਉੱਤੇ ਹੈ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਚੱਲਣਾ ਚਾਹੀਦਾ ਹੈ ਕਿਉਂਕਿ ਯਹੋਵਾਹ ਸਾਰੇ ਦੇਵੀ-ਦੇਵਤਿਆਂ ਨਾਲੋਂ ਕਿਤੇ ਜ਼ਿਆਦਾ ਮਹਾਨ ਹੈ।​—ਹਿਜ਼. 40:1–48:35.

9 ਅਧਿਆਇ 15: ਕੁਝ ਭਵਿੱਖਬਾਣੀਆਂ ਵਿਚ ਇਜ਼ਰਾਈਲ ਅਤੇ ਯਹੂਦਾਹ ਦੀ ਤੁਲਨਾ ਵੇਸਵਾਵਾਂ ਨਾਲ ਕੀਤੀ ਗਈ ਹੈ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਤੋਂ ਇਲਾਵਾ ਕਿਸੇ ਹੋਰ ਦੀ ਭਗਤੀ ਕਰਨੀ ਵੇਸਵਾਵਾਂ ਵਾਂਗ ਬਦਚਲਣੀ ਕਰਨ ਦੇ ਬਰਾਬਰ ਹੈ ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰਦਾ।​—ਹਿਜ਼., ਅਧਿ. 16, 23.

ਦੂਜੀ ਗੱਲ: ਮਿਲ ਕੇ ਸ਼ੁੱਧ ਭਗਤੀ ਕਰਦੇ ਰਹੋ

10-14. ਇਸ ਗੱਲ ’ਤੇ ਕਿਵੇਂ ਜ਼ੋਰ ਦਿੱਤਾ ਗਿਆ ਕਿ ਅਸੀਂ ਮਿਲ ਕੇ ਸ਼ੁੱਧ ਭਗਤੀ ਕਰੀਏ?

10 ਅਧਿਆਇ 8: ਕੁਝ ਭਵਿੱਖਬਾਣੀਆਂ ਵਿਚ ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਆਪਣੇ ਲੋਕਾਂ ਦੀ ਦੇਖ-ਭਾਲ ਕਰਨ ਲਈ ‘ਇਕ ਚਰਵਾਹਾ’ ਨਿਯੁਕਤ ਕਰੇਗਾ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਆਪਣੇ ਆਗੂ ਯਿਸੂ ਅਧੀਨ ਰਹਿ ਕੇ ਏਕਤਾ ਤੇ ਸ਼ਾਂਤੀ ਨਾਲ ਕੰਮ ਕਰਨਾ ਚਾਹੀਦਾ ਹੈ।​—ਹਿਜ਼. 34:23, 24; 37:24-28.

11 ਅਧਿਆਇ 9: ਹਿਜ਼ਕੀਏਲ ਨੇ ਯਹੋਵਾਹ ਦੇ ਲੋਕਾਂ ਬਾਰੇ ਕੁਝ ਭਵਿੱਖਬਾਣੀਆਂ ਕੀਤੀਆਂ ਕਿ ਉਹ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋਣਗੇ ਅਤੇ ਆਪਣੇ ਦੇਸ਼ ਵਾਪਸ ਜਾਣਗੇ। ਇਨ੍ਹਾਂ ਭਵਿੱਖਬਾਣੀਆਂ ਵਿਚ ਉਨ੍ਹਾਂ ਲੋਕਾਂ ਲਈ ਇਕ ਸਬਕ ਹੈ ਜੋ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਯਹੋਵਾਹ ਦੀ ਸ਼ੁੱਧ ਭਗਤੀ ਕਰਨ ਵਾਲੇ ਲੋਕਾਂ ਨੂੰ ਝੂਠੇ ਧਰਮਾਂ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜ ਲੈਣਾ ਚਾਹੀਦਾ ਹੈ ਅਤੇ ਆਪਣੇ ’ਤੇ ਉਨ੍ਹਾਂ ਦਾ ਅਸਰ ਨਹੀਂ ਪੈਣ ਦੇਣਾ ਚਾਹੀਦਾ। ਅਸੀਂ ਚਾਹੇ ਅਲੱਗ-ਅਲੱਗ ਧਰਮ, ਭਾਸ਼ਾ ਤੇ ਸਮਾਜ ਦੇ ਅਲੱਗ-ਅਲੱਗ ਤਬਕਿਆਂ ਵਿੱਚੋਂ ਆਏ ਹਾਂ, ਪਰ ਸਾਨੂੰ ਆਪਣੀ ਏਕਤਾ ਬਣਾਈ ਰੱਖਣੀ ਚਾਹੀਦੀ ਹੈ ਤਾਂਕਿ ਇਹ ਸਾਫ਼ ਜ਼ਾਹਰ ਹੋਵੇ ਕਿ ਅਸੀਂ ਯਹੋਵਾਹ ਦੇ ਲੋਕ ਹਾਂ।​—ਹਿਜ਼. 11:17, 18; 12:24; ਯੂਹੰ. 17:20-23.

12 ਅਧਿਆਇ 10: ਸੁੱਕੀਆਂ ਹੱਡੀਆਂ ਵਿਚ ਜਾਨ ਆ ਜਾਣ ਵਾਲੇ ਦਰਸ਼ਣ ਤੋਂ ਅਸੀਂ ਏਕਤਾ ਬਾਰੇ ਸਿੱਖਿਆ। ਯਹੋਵਾਹ ਦੇ ਲੋਕਾਂ ਨੂੰ ਸ਼ੁੱਧ ਕੀਤਾ ਗਿਆ ਹੈ ਅਤੇ ਬਹਾਲ ਕੀਤੀ ਮੰਡਲੀ ਵਿਚ ਇਕੱਠਾ ਕੀਤਾ ਗਿਆ ਜਿੱਥੇ ਉਹ ਇਕ ਵੱਡੀ ਫ਼ੌਜ ਵਾਂਗ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਨ। ਇਹ ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ਵੀ ਇਸ ਫ਼ੌਜ ਵਿਚ ਸ਼ਾਮਲ ਹਾਂ!​—ਹਿਜ਼. 37:1-14.

13 ਅਧਿਆਇ 12: ਦੋ ਸੋਟੀਆਂ ਦੇ ਇਕ ਸੋਟੀ ਬਣਨ ਬਾਰੇ ਭਵਿੱਖਬਾਣੀ ਵਿਚ ਏਕਤਾ ਉੱਤੇ ਜ਼ੋਰ ਦਿੱਤਾ ਗਿਆ ਹੈ। ਇਹ ਦੇਖ ਕੇ ਸਾਡੀ ਨਿਹਚਾ ਪੱਕੀ ਹੁੰਦੀ ਹੈ ਕਿ ਚੁਣੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ’ਤੇ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਦੁਨੀਆਂ ਵਿਚ ਧਰਮ ਅਤੇ ਰਾਜਨੀਤੀ ਕਰਕੇ ਫੁੱਟ ਪਈ ਹੋਈ ਹੈ, ਪਰ ਸਾਡੇ ਵਿਚ ਪਿਆਰ ਤੇ ਵਫ਼ਾਦਾਰੀ ਹੋਣ ਕਰਕੇ ਅਸੀਂ ਏਕਤਾ ਵਿਚ ਬੱਝੇ ਹੋਏ ਹਾਂ।​—ਹਿਜ਼. 37:15-23.

14 ਅਧਿਆਇ 16: ਇਕ ਦਰਸ਼ਣ ਵਿਚ ਦੇਖਿਆ ਗਿਆ ਕਿ ਇਕ ਆਦਮੀ ਕੋਲ ਕਲਮ-ਦਵਾਤ ਹੈ ਅਤੇ ਛੇ ਆਦਮੀਆਂ ਕੋਲ ਚਕਨਾਚੂਰ ਕਰਨ ਵਾਲੇ ਹਥਿਆਰ ਹਨ। ਇਸ ਦਰਸ਼ਣ ਤੋਂ ਅਸੀਂ ਸਿੱਖਿਆ ਕਿ ਜਿਹੜੇ ਲੋਕ “ਮਹਾਂਕਸ਼ਟ” ਦੀ ਸ਼ੁਰੂਆਤ ਵੇਲੇ ਸ਼ੁੱਧ ਭਗਤੀ ਕਰ ਰਹੇ ਹੋਣਗੇ, ਸਿਰਫ਼ ਉਨ੍ਹਾਂ ’ਤੇ ਹੀ ਬਚਾਅ ਲਈ ਨਿਸ਼ਾਨ ਲਗਾਇਆ ਜਾਵੇਗਾ।​—ਮੱਤੀ 24:21; ਹਿਜ਼. 9:1-11.

ਤੀਜੀ ਗੱਲ: ਦੂਸਰਿਆਂ ਨੂੰ ਪਿਆਰ ਕਰੋ

15-18. ਸਾਨੂੰ ਦੂਜਿਆਂ ਨਾਲ ਪਿਆਰ ਕਿਉਂ ਕਰਦੇ ਰਹਿਣਾ ਚਾਹੀਦਾ ਹੈ ਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ?

15 ਅਧਿਆਇ 4: ਅਸੀਂ ਚਾਰ ਜੀਉਂਦੇ ਪ੍ਰਾਣੀਆਂ ਤੋਂ ਯਹੋਵਾਹ ਦੇ ਗੁਣਾਂ ਬਾਰੇ ਸਿੱਖਿਆ ਜਿਨ੍ਹਾਂ ਵਿੱਚੋਂ ਮੁੱਖ ਗੁਣ ਪਿਆਰ ਹੈ। ਜਦੋਂ ਅਸੀਂ ਦੂਸਰਿਆਂ ਨਾਲ ਪਿਆਰ ਨਾਲ ਗੱਲ ਕਰਦੇ ਹਾਂ ਅਤੇ ਪੇਸ਼ ਆਉਂਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਯਹੋਵਾਹ ਹੀ ਸਾਡਾ ਪਰਮੇਸ਼ੁਰ ਹੈ।​—ਹਿਜ਼. 1:5-14; 1 ਯੂਹੰ. 4:8.

16 ਅਧਿਆਇ 6 ਅਤੇ 11: ਯਹੋਵਾਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ, ਇਸ ਲਈ ਉਸ ਨੇ ਹਿਜ਼ਕੀਏਲ ਤੇ ਕੁਝ ਹੋਰ ਲੋਕਾਂ ਨੂੰ ਪਹਿਰੇਦਾਰ ਨਿਯੁਕਤ ਕੀਤਾ। ਪਰਮੇਸ਼ੁਰ ਪਿਆਰ ਹੈ, ਇਸ ਲਈ ਉਹ ਨਹੀਂ ਚਾਹੁੰਦਾ ਕਿ ਧਰਤੀ ਉੱਤੋਂ ਸ਼ੈਤਾਨ ਦੀ ਹਕੂਮਤ ਦਾ ਅੰਤ ਕਰਦੇ ਵੇਲੇ ਕਿਸੇ ਇਨਸਾਨ ਦਾ ਨਾਸ਼ ਕਰੇ। (2 ਪਤ. 3:9) ਜੇ ਸਾਨੂੰ ਵੀ ਪਰਮੇਸ਼ੁਰ ਵਾਂਗ ਲੋਕਾਂ ਨਾਲ ਪਿਆਰ ਹੈ, ਤਾਂ ਅਸੀਂ ਆਪਣੇ ਜ਼ਮਾਨੇ ਦੇ ਪਹਿਰੇਦਾਰ ਦਾ ਸਾਥ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ।​—ਹਿਜ਼. 33:1-9.

17 ਅਧਿਆਇ 17 ਤੇ 18: ਯਹੋਵਾਹ ਜਾਣਦਾ ਹੈ ਕਿ ਜ਼ਿਆਦਾਤਰ ਲੋਕ ਉਸ ਦੀ ਦਇਆ ਦੀ ਕਦਰ ਨਹੀਂ ਕਰਨਗੇ ਅਤੇ ਉਸ ਦੇ ਵਫ਼ਾਦਾਰ ਲੋਕਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ। ਆਪਣੇ ਲੋਕਾਂ ਨਾਲ ਪਿਆਰ ਹੋਣ ਕਰਕੇ ਯਹੋਵਾਹ ਉਨ੍ਹਾਂ ਨੂੰ ਬਚਾਉਣ ਲਈ ਕਦਮ ਚੁੱਕੇਗਾ ਜਦੋਂ ‘ਮਾਗੋਗ ਦੇਸ਼ ਦਾ ਗੋਗ’ ਉਨ੍ਹਾਂ ’ਤੇ ਹਮਲਾ ਕਰੇਗਾ। ਅਸੀਂ ਵੀ ਪਿਆਰ ਹੋਣ ਕਰਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ਬਰਦਾਰ ਕਰਾਂਗੇ ਕਿ ਯਹੋਵਾਹ ਉਨ੍ਹਾਂ ਸਾਰੇ ਲੋਕਾਂ ਦਾ ਨਾਸ਼ ਕਰਨ ਵਾਲਾ ਹੈ ਜੋ ਉਸ ਦੇ ਲੋਕਾਂ ’ਤੇ ਅਤਿਆਚਾਰ ਕਰਦੇ ਹਨ।​—ਹਿਜ਼. 38:1–39:20; 2 ਥੱਸ. 1:6, 7.

18 ਅਧਿਆਇ 19, 20 ਅਤੇ 21: ਯਹੋਵਾਹ ਦੇ ਪਿਆਰ ਦੀ ਸਭ ਤੋਂ ਖ਼ੂਬਸੂਰਤ ਤਸਵੀਰ ਉਨ੍ਹਾਂ ਦਰਸ਼ਣਾਂ ਤੋਂ ਮਿਲਦੀ ਹੈ ਜਿਨ੍ਹਾਂ ਵਿਚ ਜੀਵਨ ਦੇਣ ਵਾਲੇ ਪਾਣੀ ਦੀ ਨਦੀ ਅਤੇ ਜ਼ਮੀਨ ਦੀ ਵੰਡ ਦਿਖਾਈ ਗਈ ਹੈ। ਇਨ੍ਹਾਂ ਦਰਸ਼ਣਾਂ ਤੋਂ ਝਲਕ ਮਿਲਦੀ ਹੈ ਕਿ ਯਹੋਵਾਹ ਨੇ ਆਪਣੇ ਪਿਆਰ ਦੇ ਸਬੂਤ ਵਜੋਂ ਸਾਡੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਹੈ। ਇਸ ਕਰਕੇ ਸਾਨੂੰ ਸਾਡੇ ਪਾਪਾਂ ਦੀ ਮਾਫ਼ੀ ਮਿਲਦੀ ਹੈ ਅਤੇ ਭਵਿੱਖ ਵਿਚ ਅਸੀਂ ਮੁਕੰਮਲ ਹੋ ਕੇ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣ ਜਾਵਾਂਗੇ। ਲੋਕਾਂ ਨਾਲ ਪਿਆਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਨੂੰ ਦੱਸਣਾ ਕਿ ਯਹੋਵਾਹ ਭਵਿੱਖ ਵਿਚ ਉਨ੍ਹਾਂ ਨੂੰ ਵਧੀਆ ਜ਼ਿੰਦਗੀ ਦੇਵੇਗਾ ਜਿਹੜੇ ਉਸ ਦੇ ਪੁੱਤਰ ਉੱਤੇ ਨਿਹਚਾ ਕਰਦੇ ਹਨ।​—ਹਿਜ਼. 45:1-7; 47:1–48:35; ਪ੍ਰਕਾ. 21:1-4; 22:17.

ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਨਿਮਰਤਾ ਦੀ ਇਕ ਅਨੋਖੀ ਮਿਸਾਲ!

19. ਯਿਸੂ ਹਜ਼ਾਰ ਸਾਲ ਦੇ ਰਾਜ ਦੌਰਾਨ ਕੀ ਕਰੇਗਾ? (“ਆਖ਼ਰੀ ਪਰੀਖਿਆ” ਨਾਂ ਦੀ ਡੱਬੀ ਦੇਖੋ।)

19 ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ਮਰ ਚੁੱਕੇ ਅਰਬਾਂ ਲੋਕਾਂ ਨੂੰ ਜੀਉਂਦਾ ਕਰੇਗਾ ਅਤੇ ਸਾਡੀ “ਦੁਸ਼ਮਣ ਮੌਤ” ਨੇ ਇਨਸਾਨਾਂ ਨੂੰ ਜੋ ਬੇਹਿਸਾਬ ਜ਼ਖ਼ਮ ਦਿੱਤੇ ਹਨ, ਉਨ੍ਹਾਂ ਨੂੰ ਭਰ ਦੇਵੇਗਾ। (1 ਕੁਰਿੰ. 15:26; ਮਰ. 5:38-42; ਰਸੂ. 24:15) ਮਨੁੱਖਜਾਤੀ ਦਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਦਰਦ ਅਤੇ ਹੰਝੂਆਂ ਭਰੀ ਇਕ ਲੰਬੀ ਦਾਸਤਾਨ ਹੈ। ਪਰ ਹਜ਼ਾਰ ਸਾਲ ਦੌਰਾਨ ਜਦੋਂ ਯਿਸੂ ਇਕ-ਇਕ ਪੀੜ੍ਹੀ ਦੇ ਲੋਕਾਂ ਨੂੰ ਜੀਉਂਦਾ ਕਰੇਗਾ, ਤਾਂ ਉਹ ਉਨ੍ਹਾਂ ਦੀ ਦਰਦ ਭਰੀ ਦਾਸਤਾਨ ਨੂੰ ਮਿਟਾਉਂਦਾ ਜਾਵੇਗਾ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੀ ਨਵੀਂ ਕਹਾਣੀ ਲਿਖਣ ਦਾ ਮੌਕਾ ਦੇਵੇਗਾ। ਅੱਜ ਤਕ ਇਨਸਾਨਾਂ ਨੇ ਯੁੱਧ, ਕਾਲ਼ ਅਤੇ ਬੀਮਾਰੀਆਂ ਕਰਕੇ ਕਾਫ਼ੀ ਨੁਕਸਾਨ ਝੱਲਿਆ ਹੈ। ਪਰ ਯਿਸੂ ਆਪਣੀ ਰਿਹਾਈ ਦੀ ਕੀਮਤ ਦੇ ਆਧਾਰ ’ਤੇ ਇਸ ਸਾਰੇ ਨੁਕਸਾਨ ਨੂੰ ਭਰ ਦੇਵੇਗਾ। ਉਹ ਸਾਡੇ ਅੰਦਰੋਂ ਆਦਮ ਤੋਂ ਮਿਲੇ ਪਾਪ ਨੂੰ ਮਿਟਾ ਦੇਵੇਗਾ ਜੋ ਸਾਰੀਆਂ ਮੁਸੀਬਤਾਂ ਦੀ ਜੜ੍ਹ ਹੈ। (ਰੋਮੀ. 5:18, 19) ਯਿਸੂ ਪੂਰੀ ਤਰ੍ਹਾਂ “ਸ਼ੈਤਾਨ ਦੇ ਕੰਮਾਂ ਨੂੰ ਨਾਸ਼” ਕਰ ਦੇਵੇਗਾ। (1 ਯੂਹੰ. 3:8) ਇਸ ਤੋਂ ਬਾਅਦ ਕੀ ਹੋਵੇਗਾ?

ਜੀਉਂਦੇ ਕੀਤੇ ਜਾਣ ਵਾਲਿਆਂ ਕੋਲ ਆਪਣੀ ਜ਼ਿੰਦਗੀ ਦੀ ਨਵੀਂ ਕਹਾਣੀ ਲਿਖਣ ਦਾ ਮੌਕਾ ਹੋਵੇਗਾ

20. ਯਿਸੂ ਅਤੇ 1,44,000 ਜਣੇ ਨਿਮਰਤਾ ਦੀ ਅਨੋਖੀ ਮਿਸਾਲ ਕਿਵੇਂ ਕਾਇਮ ਕਰਨਗੇ? (ਪਹਿਲੀ ਤਸਵੀਰ ਦੇਖੋ।)

20 ਪਹਿਲਾ ਕੁਰਿੰਥੀਆਂ 15:24-28 ਪੜ੍ਹੋ। ਯਹੋਵਾਹ ਦੇ ਮਕਸਦ ਮੁਤਾਬਕ ਜਦੋਂ ਸਾਰੇ ਇਨਸਾਨ ਮੁਕੰਮਲ ਹੋ ਜਾਣਗੇ ਅਤੇ ਧਰਤੀ ਸੋਹਣੇ ਬਾਗ਼ ਵਰਗੀ ਬਣ ਜਾਵੇਗੀ, ਤਾਂ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ 1,44,000 ਜਣੇ ਨਿਮਰਤਾ ਦੀ ਅਨੋਖੀ ਮਿਸਾਲ ਕਾਇਮ ਕਰਨਗੇ। ਉਹ ਰਾਜ ਯਹੋਵਾਹ ਨੂੰ ਵਾਪਸ ਕਰ ਦੇਣਗੇ। ਹਜ਼ਾਰ ਸਾਲ ਤਕ ਉਨ੍ਹਾਂ ਕੋਲ ਜੋ ਅਧਿਕਾਰ ਸੀ, ਉਸ ਨੂੰ ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਨੂੰ ਸੌਂਪ ਦੇਣਗੇ। ਇਸ ਰਾਜ ਵਿਚ ਕੀਤੇ ਗਏ ਕੰਮ ਹਮੇਸ਼ਾ ਲਈ ਰਹਿਣਗੇ।

ਆਖ਼ਰੀ ਪਰੀਖਿਆ

21, 22. (ੳ) ਹਜ਼ਾਰ ਸਾਲ ਦੇ ਅਖ਼ੀਰ ਤਕ ਦੁਨੀਆਂ ਕਿਹੋ ਜਿਹੀ ਹੋਵੇਗੀ? (ਅ) ਯਹੋਵਾਹ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਕਿਉਂ ਰਿਹਾ ਕਰੇਗਾ?

21 ਫਿਰ ਯਹੋਵਾਹ ਇਕ ਅਜਿਹਾ ਕੰਮ ਕਰੇਗਾ ਜਿਸ ਤੋਂ ਜ਼ਾਹਰ ਹੋਵੇਗਾ ਕਿ ਯਹੋਵਾਹ ਨੂੰ ਆਪਣੇ ਲੋਕਾਂ ’ਤੇ ਭਰੋਸਾ ਹੈ ਕਿ ਉਹ ਵਫ਼ਾਦਾਰ ਰਹਿਣਗੇ। ਯਹੋਵਾਹ ਹੁਕਮ ਦੇਵੇਗਾ ਕਿ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਅਥਾਹ ਕੁੰਡ ਵਿੱਚੋਂ ਰਿਹਾ ਕੀਤਾ ਜਾਵੇ ਜਿੱਥੇ ਉਨ੍ਹਾਂ ਨੂੰ ਹਜ਼ਾਰ ਸਾਲ ਲਈ ਕੈਦ ਕੀਤਾ ਗਿਆ ਸੀ। (ਪ੍ਰਕਾਸ਼ ਦੀ ਕਿਤਾਬ 20:1-3 ਪੜ੍ਹੋ।) ਉਦੋਂ ਤਕ ਦੁਨੀਆਂ ਪੂਰੀ ਤਰ੍ਹਾਂ ਬਦਲ ਚੁੱਕੀ ਹੋਵੇਗੀ। ਆਰਮਾਗੇਡਨ ਤੋਂ ਪਹਿਲਾਂ ਸ਼ੈਤਾਨ ਨੇ ਨਫ਼ਰਤ ਅਤੇ ਭੇਦ-ਭਾਵ ਫੈਲਾ ਕੇ ਜ਼ਿਆਦਾਤਰ ਲੋਕਾਂ ਨੂੰ ਗੁਮਰਾਹ ਕੀਤਾ ਸੀ ਅਤੇ ਉਨ੍ਹਾਂ ਵਿਚ ਫੁੱਟ ਪਾਈ ਸੀ। (ਪ੍ਰਕਾ. 12:9) ਪਰ ਹਜ਼ਾਰ ਸਾਲ ਦੇ ਅਖ਼ੀਰ ਤਕ ਸਾਰੇ ਲੋਕ ਇਕ ਪਰਿਵਾਰ ਦੀ ਤਰ੍ਹਾਂ ਮਿਲ ਕੇ ਯਹੋਵਾਹ ਦੀ ਭਗਤੀ ਕਰ ਰਹੇ ਹੋਣਗੇ। ਉਦੋਂ ਧਰਤੀ ਸੋਹਣੇ ਬਾਗ਼ ਵਰਗੀ ਬਣ ਚੁੱਕੀ ਹੋਵੇਗੀ ਅਤੇ ਹਰ ਪਾਸੇ ਸ਼ਾਂਤੀ ਹੋਵੇਗੀ।

22 ਯਹੋਵਾਹ ਅਜਿਹੇ ਸਾਫ਼-ਸੁਥਰੇ ਮਾਹੌਲ ਵਿਚ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਕਿਉਂ ਰਿਹਾ ਕਰੇਗਾ? ਕਿਉਂਕਿ ਹਜ਼ਾਰ ਸਾਲ ਦੇ ਅਖ਼ੀਰ ਵਿਚ ਧਰਤੀ ਉੱਤੇ ਰਹਿਣ ਵਾਲੇ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਦੀ ਵਫ਼ਾਦਾਰੀ ਕਦੇ ਨਹੀਂ ਪਰਖੀ ਗਈ। ਕਈ ਲੋਕ ਯਹੋਵਾਹ ਬਾਰੇ ਜਾਣਨ ਤੋਂ ਪਹਿਲਾਂ ਹੀ ਮਰ ਗਏ ਸਨ ਅਤੇ ਯਹੋਵਾਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ। ਉਨ੍ਹਾਂ ਨੂੰ ਦੁਬਾਰਾ ਜੀਵਨ ਦੇਣ ਦੇ ਨਾਲ-ਨਾਲ ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਅਤੇ ਆਪਣੇ ਨਾਲ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰੇਗਾ। ਹਜ਼ਾਰ ਸਾਲ ਦੌਰਾਨ ਉਨ੍ਹਾਂ ਉੱਤੇ ਬੁਰੇ ਕੰਮ ਕਰਨ ਦਾ ਕੋਈ ਅਸਰ ਨਹੀਂ ਪਵੇਗਾ। ਉਹ ਸਿਰਫ਼ ਉਨ੍ਹਾਂ ਲੋਕਾਂ ਨਾਲ ਰਹਿਣਗੇ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ ਅਤੇ ਉਸ ਦੀ ਸੇਵਾ ਕਰਦੇ ਹਨ। ਇਸ ਲਈ ਸ਼ੈਤਾਨ ਉਨ੍ਹਾਂ ਉੱਤੇ ਉਹੀ ਇਲਜ਼ਾਮ ਲਾ ਸਕਦਾ ਹੈ ਜੋ ਉਸ ਨੇ ਅੱਯੂਬ ਉੱਤੇ ਲਾਇਆ ਸੀ। ਉਹ ਕਹਿ ਸਕਦਾ ਹੈ ਕਿ ਉਹ ਯਹੋਵਾਹ ਦੀ ਸੇਵਾ ਇਸ ਲਈ ਕਰ ਰਹੇ ਹਨ ਕਿਉਂਕਿ ਯਹੋਵਾਹ ਉਨ੍ਹਾਂ ਦੀ ਰਾਖੀ ਕਰਦਾ ਅਤੇ ਉਨ੍ਹਾਂ ਨੂੰ ਬਰਕਤ ਦਿੰਦਾ ਹੈ। (ਅੱਯੂ. 1:9, 10) ਇਸ ਲਈ ਯਹੋਵਾਹ ਸਾਡੇ ਨਾਂ ਜੀਵਨ ਦੀ ਕਿਤਾਬ ਵਿਚ ਲਿਖਣ ਤੋਂ ਪਹਿਲਾਂ ਸਾਨੂੰ ਸਾਬਤ ਕਰਨ ਦਾ ਮੌਕਾ ਦੇਵੇਗਾ ਕਿ ਅਸੀਂ ਉਸ ਨੂੰ ਆਪਣਾ ਪਿਤਾ ਤੇ ਰਾਜਾ ਮੰਨਦੇ ਹਾਂ ਅਤੇ ਅਸੀਂ ਹਰ ਹਾਲ ਵਿਚ ਉਸ ਦੇ ਵਫ਼ਾਦਾਰ ਰਹਾਂਗੇ।​—ਪ੍ਰਕਾ. 20:12, 15.

23. ਹਰ ਇਨਸਾਨ ਸਾਮ੍ਹਣੇ ਕਿਹੜਾ ਮਸਲਾ ਖੜ੍ਹਾ ਹੋਵੇਗਾ?

23 ਸ਼ੈਤਾਨ ਨੂੰ ਥੋੜ੍ਹੇ ਸਮੇਂ ਲਈ ਇਨਸਾਨਾਂ ਨੂੰ ਭਰਮਾਉਣ ਦਾ ਮੌਕਾ ਦਿੱਤਾ ਜਾਵੇਗਾ। ਉਹ ਉਨ੍ਹਾਂ ਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਉਸ ਸਮੇਂ ਹਰ ਇਨਸਾਨ ਸਾਮ੍ਹਣੇ ਅਜਿਹਾ ਹੀ ਮਸਲਾ ਖੜ੍ਹਾ ਹੋਵੇਗਾ ਜੋ ਆਦਮ ਤੇ ਹੱਵਾਹ ਸਾਮ੍ਹਣੇ ਖੜ੍ਹਾ ਹੋਇਆ ਸੀ। ਹਰ ਇਨਸਾਨ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਉਹ ਯਹੋਵਾਹ ਦੇ ਮਿਆਰਾਂ ਉੱਤੇ ਚੱਲੇਗਾ, ਉਸ ਦੇ ਰਾਜ ਵਿਚ ਰਹਿਣਾ ਚਾਹੇਗਾ ਅਤੇ ਉਸ ਦੀ ਭਗਤੀ ਕਰੇਗਾ ਜਾਂ ਫਿਰ ਉਹ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰ ਕੇ ਸ਼ੈਤਾਨ ਦਾ ਸਾਥ ਦੇਵੇਗਾ।

24. ਬਾਗ਼ੀਆਂ ਨੂੰ ਗੋਗ ਅਤੇ ਮਾਗੋਗ ਕਿਉਂ ਕਿਹਾ ਗਿਆ ਹੈ?

24 ਪ੍ਰਕਾਸ਼ ਦੀ ਕਿਤਾਬ 20:7-10 ਪੜ੍ਹੋ। ਹਜ਼ਾਰ ਸਾਲ ਦੇ ਅਖ਼ੀਰ ਵਿਚ ਜਿਹੜੇ ਲੋਕ ਪਰਮੇਸ਼ੁਰ ਦੇ ਖ਼ਿਲਾਫ਼ ਹੋਣਗੇ, ਉਨ੍ਹਾਂ ਨੂੰ ਗੋਗ ਅਤੇ ਮਾਗੋਗ ਕਿਹਾ ਗਿਆ ਹੈ। ਉਨ੍ਹਾਂ ਲੋਕਾਂ ਦਾ ਸੁਭਾਅ ਮਹਾਂਕਸ਼ਟ ਦੌਰਾਨ ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰਨ ਵਾਲੇ ਬਾਗ਼ੀਆਂ ਵਰਗਾ ਹੋਵੇਗਾ। ਇਨ੍ਹਾਂ ਬਾਗ਼ੀਆਂ ਨੂੰ ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ‘ਮਾਗੋਗ ਦੇਸ਼ ਦਾ ਗੋਗ’ ਕਿਹਾ ਗਿਆ ਹੈ ਜੋ ਵੱਖੋ-ਵੱਖਰੀਆਂ ਕੌਮਾਂ ਵਿਚ ਵੰਡਿਆ ਹੋਇਆ ਹੈ ਅਤੇ ਯਹੋਵਾਹ ਦੀ ਹਕੂਮਤ ਖ਼ਿਲਾਫ਼ ਕੰਮ ਕਰਦਾ ਹੈ। (ਹਿਜ਼. 38:2) ਇਸੇ ਤਰ੍ਹਾਂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਬਗਾਵਤ ਕਰਨ ਵਾਲਿਆਂ ਨੂੰ ਵੀ “ਕੌਮਾਂ” ਕਿਹਾ ਗਿਆ ਹੈ। ਉਨ੍ਹਾਂ ਨੂੰ “ਕੌਮਾਂ” ਕਿਉਂ ਕਿਹਾ ਗਿਆ ਹੈ? ਇਹ ਧਿਆਨ ਦੇਣ ਵਾਲੀ ਗੱਲ ਹੈ ਕਿਉਂਕਿ ਹਜ਼ਾਰ ਸਾਲ ਦੇ ਰਾਜ ਦੌਰਾਨ ਤਾਂ ਲੋਕ ਵੱਖੋ-ਵੱਖਰੀਆਂ ਕੌਮਾਂ ਵਿਚ ਨਹੀਂ ਵੰਡੇ ਹੋਣਗੇ। ਸਾਰੇ ਲੋਕ ਇਕ ਹੀ ਸਰਕਾਰ ਯਾਨੀ ਪਰਮੇਸ਼ੁਰ ਦੇ ਰਾਜ ਦੀ ਪਰਜਾ ਹੋਣਗੇ ਅਤੇ ਪੂਰੀ ਦੁਨੀਆਂ ਵਿਚ ਇਕ ਹੀ ਕੌਮ ਹੋਵੇਗੀ। ਉਨ੍ਹਾਂ ਬਾਗ਼ੀਆਂ ਨੂੰ ਗੋਗ ਅਤੇ ਮਾਗੋਗ ਅਤੇ “ਕੌਮਾਂ” ਸ਼ਾਇਦ ਇਸ ਲਈ ਕਿਹਾ ਗਿਆ ਹੈ ਕਿਉਂਕਿ ਸ਼ੈਤਾਨ ਪਰਮੇਸ਼ੁਰ ਦੇ ਕੁਝ ਲੋਕਾਂ ਵਿਚ ਫੁੱਟ ਪਾਉਣ ਅਤੇ ਉਨ੍ਹਾਂ ਨੂੰ ਵੱਖੋ-ਵੱਖਰੇ ਗੁੱਟਾਂ ਵਿਚ ਵੰਡਣ ਵਿਚ ਕਾਮਯਾਬ ਹੋ ਜਾਵੇਗਾ। ਕਿਸੇ ਉੱਤੇ ਵੀ ਯਹੋਵਾਹ ਜਾਂ ਸ਼ੈਤਾਨ ਦਾ ਪੱਖ ਲੈਣ ਦਾ ਦਬਾਅ ਨਹੀਂ ਪਾਇਆ ਜਾਵੇਗਾ। ਹਰ ਮੁਕੰਮਲ ਇਨਸਾਨ ਖ਼ੁਦ ਇਹ ਫ਼ੈਸਲਾ ਕਰੇਗਾ ਕਿ ਉਹ ਕਿਸ ਦਾ ਪੱਖ ਲਵੇਗਾ।

ਬਗਾਵਤ ਕਰਨ ਵਾਲਿਆਂ ਨੂੰ ਗੋਗ ਅਤੇ ਮਾਗੋਗ ਕਿਹਾ ਗਿਆ ਹੈ (ਪੈਰਾ 24 ਦੇਖੋ)

25, 26. ਕਿੰਨੇ ਕੁ ਲੋਕ ਸ਼ੈਤਾਨ ਵੱਲ ਹੋ ਜਾਣਗੇ ਅਤੇ ਉਨ੍ਹਾਂ ਦਾ ਕੀ ਹੋਵੇਗਾ?

25 ਉਸ ਵੇਲੇ ਕਿੰਨੇ ਕੁ ਲੋਕ ਸ਼ੈਤਾਨ ਵੱਲ ਹੋ ਜਾਣਗੇ? ਬਾਈਬਲ ਕਹਿੰਦੀ ਹੈ ਕਿ ਉਨ੍ਹਾਂ ਬਾਗ਼ੀਆਂ ਦੀ ਗਿਣਤੀ “ਸਮੁੰਦਰ ਦੀ ਰੇਤ ਜਿੰਨੀ” ਹੋਵੇਗੀ। ਇਸ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇਗੀ। ਅਸੀਂ ਇਹ ਕਿਵੇਂ ਜਾਣਦੇ ਹਾਂ? ਜ਼ਰਾ ਅਬਰਾਹਾਮ ਨਾਲ ਕੀਤੇ ਯਹੋਵਾਹ ਦੇ ਵਾਅਦੇ ’ਤੇ ਗੌਰ ਕਰੋ। ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਸੀ ਕਿ ਉਸ ਦੀ ਸੰਤਾਨ “ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ” ਹੋਵੇਗੀ। (ਉਤ. 22:17, 18) ਅੱਗੇ ਜਾ ਕੇ ਉਸ ਦੀ ਸੰਤਾਨ ਦੀ ਗਿਣਤੀ 1,44,001 ਹੋ ਗਈ। (ਗਲਾ. 3:16, 29) ਇਹ ਬਹੁਤ ਵੱਡੀ ਗਿਣਤੀ ਹੈ, ਪਰ ਦੁਨੀਆਂ ਵਿਚ ਹੁਣ ਤਕ ਪੈਦਾ ਹੋਏ ਇਨਸਾਨਾਂ ਦੀ ਤੁਲਨਾ ਵਿਚ ਬਹੁਤ ਘੱਟ ਹੈ। ਇਸੇ ਤਰ੍ਹਾਂ ਹਜ਼ਾਰ ਸਾਲ ਦੇ ਅਖ਼ੀਰ ਵਿਚ ਸ਼ੈਤਾਨ ਦਾ ਪੱਖ ਲੈਣ ਵਾਲਿਆਂ ਦੀ ਗਿਣਤੀ ਇਨਸਾਨਾਂ ਦੀ ਕੁੱਲ ਆਬਾਦੀ ਦੇ ਮੁਕਾਬਲੇ ਬਹੁਤ ਘੱਟ ਹੋਵੇਗੀ। ਉਹ ਯਹੋਵਾਹ ਦੇ ਵਫ਼ਾਦਾਰ ਲੋਕਾਂ ਨੂੰ ਮਿਟਾ ਨਹੀਂ ਸਕਣਗੇ।

26 ਉਨ੍ਹਾਂ ਬਾਗ਼ੀ ਲੋਕਾਂ ਨੂੰ ਛੇਤੀ ਹੀ ਨਾਸ਼ ਕਰ ਦਿੱਤਾ ਜਾਵੇਗਾ। ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦੇ ਨਾਲ-ਨਾਲ ਉਨ੍ਹਾਂ ਦਾ ਵੀ ਵਜੂਦ ਪੂਰੀ ਤਰ੍ਹਾਂ ਮਿਟਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਫਿਰ ਕਦੇ ਵੀ ਜ਼ਿੰਦਗੀ ਨਹੀਂ ਮਿਲੇਗੀ। ਸਿਰਫ਼ ਉਨ੍ਹਾਂ ਦੇ ਬੁਰੇ ਕੰਮਾਂ ਤੇ ਉਨ੍ਹਾਂ ਦੇ ਅੰਜਾਮ ਦੀ ਯਾਦ ਹੀ ਬਾਕੀ ਰਹਿ ਜਾਵੇਗੀ।​—ਪ੍ਰਕਾ. 20:10.

27-29. ਆਖ਼ਰੀ ਪਰੀਖਿਆ ਦੌਰਾਨ ਵਫ਼ਾਦਾਰ ਰਹਿਣ ਵਾਲਿਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ?

27 ਪਰ ਜਿਹੜੇ ਲੋਕ ਆਖ਼ਰੀ ਪਰੀਖਿਆ ਦੌਰਾਨ ਵਫ਼ਾਦਾਰ ਰਹਿਣਗੇ, ਉਨ੍ਹਾਂ ਦਾ ਨਾਂ “ਜੀਵਨ ਦੀ ਕਿਤਾਬ” ਵਿਚ ਹਮੇਸ਼ਾ ਲਈ ਲਿਖਿਆ ਜਾਵੇਗਾ। (ਪ੍ਰਕਾ. 20:15) ਇਸ ਤੋਂ ਬਾਅਦ ਪਰਮੇਸ਼ੁਰ ਦੇ ਸਾਰੇ ਪੁੱਤਰ-ਧੀਆਂ ਇਕ ਪਰਿਵਾਰ ਵਜੋਂ ਮਿਲ ਕੇ ਉਸ ਦੀ ਭਗਤੀ ਕਰਨਗੇ ਜਿਸ ਦਾ ਸਿਰਫ਼ ਉਹੀ ਹੱਕਦਾਰ ਹੈ।

28 ਜ਼ਰਾ ਸੋਚੋ ਕਿ ਤੁਹਾਡਾ ਭਵਿੱਖ ਕਿਹੋ ਜਿਹਾ ਹੋਵੇਗਾ। ਤੁਸੀਂ ਜੋ ਵੀ ਕੰਮ ਕਰੋਗੇ, ਉਸ ਤੋਂ ਤੁਹਾਨੂੰ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੇ ਕੋਲ ਸੱਚੇ ਦੋਸਤਾਂ ਦਾ ਸਾਥ ਹੋਵੇਗਾ। ਫਿਰ ਕਦੇ ਤੁਹਾਨੂੰ ਤੇ ਤੁਹਾਡੇ ਅਜ਼ੀਜ਼ਾਂ ਨੂੰ ਦੁੱਖ ਨਹੀਂ ਝੱਲਣੇ ਪੈਣਗੇ। ਤੁਹਾਡੇ ਅੰਦਰੋਂ ਪਾਪ ਵੀ ਮਿਟ ਜਾਵੇਗਾ। ਇਸ ਲਈ ਯਹੋਵਾਹ ਦੀਆਂ ਨਜ਼ਰਾਂ ਵਿਚ ਨੇਕ ਠਹਿਰਨ ਲਈ ਤੁਹਾਨੂੰ ਰਿਹਾਈ ਦੀ ਕੀਮਤ ਦੀ ਲੋੜ ਨਹੀਂ ਪਵੇਗੀ। ਦੁਨੀਆਂ ਦਾ ਹਰ ਇਨਸਾਨ ਪਰਮੇਸ਼ੁਰ ਦਾ ਦੋਸਤ ਬਣ ਜਾਵੇਗਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਵਰਗ ਅਤੇ ਧਰਤੀ ’ਤੇ ਸਿਰਫ਼ ਸ਼ੁੱਧ ਭਗਤੀ ਕੀਤੀ ਜਾਵੇਗੀ। ਉਦੋਂ ਸਹੀ ਮਾਅਨੇ ਵਿਚ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ।

ਜਦੋਂ ਤੁਸੀਂ ਮੁਕੰਮਲ ਹੋ ਜਾਓਗੇ, ਤਾਂ ਤੁਹਾਡੇ ਵਿਚ ਪਾਪ ਨਹੀਂ ਰਹੇਗਾ ਅਤੇ ਤੁਸੀਂ ਖ਼ੁਦ ਯਹੋਵਾਹ ਦੀਆਂ ਨਜ਼ਰਾਂ ਵਿਚ ਨੇਕ ਠਹਿਰੋਗੇ (ਪੈਰਾ 28 ਦੇਖੋ)

29 ਕੀ ਤੁਸੀਂ ਉਸ ਦਿਨ ਨੂੰ ਦੇਖਣ ਲਈ ਉੱਥੇ ਹੋਵੋਗੇ? ਤੁਸੀਂ ਉੱਥੇ ਜ਼ਰੂਰ ਹੋਵੋਗੇ ਜੇ ਤੁਸੀਂ ਹਿਜ਼ਕੀਏਲ ਦੀ ਕਿਤਾਬ ਵਿੱਚੋਂ ਸਿੱਖੀਆਂ ਗੱਲਾਂ ਲਾਗੂ ਕਰੋਗੇ। ਸਿਰਫ਼ ਯਹੋਵਾਹ ਦੀ ਭਗਤੀ ਕਰੋ, ਏਕਤਾ ਨਾਲ ਰਹੋ ਅਤੇ ਧਿਆਨ ਰੱਖੋ ਕਿ ਕਿਤੇ ਤੁਹਾਡੀ ਭਗਤੀ ਭ੍ਰਿਸ਼ਟ ਨਾ ਹੋਵੇ ਅਤੇ ਦੂਜਿਆਂ ਨਾਲ ਪਿਆਰ ਕਰੋ। ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਤੋਂ ਅਸੀਂ ਇਕ ਹੋਰ ਗੱਲ ਸਿੱਖਦੇ ਹਾਂ ਜੋ ਕਿ ਬਹੁਤ ਜ਼ਰੂਰੀ ਹੈ। ਉਹ ਕਿਹੜੀ ਗੱਲ ਹੈ?

ਸੋਚੋ ਉਦੋਂ ਕਿੰਨਾ ਹੀ ਵਧੀਆ ਸਮਾਂ ਹੋਵੇਗਾ ਜਦੋਂ ਸਵਰਗ ਤੇ ਧਰਤੀ ’ਤੇ ਸਾਰੇ ਜਣੇ ਮਿਲ ਕੇ ਸ਼ੁੱਧ ਭਗਤੀ ਕਰਨਗੇ (ਪੈਰੇ 27-29 ਦੇਖੋ)

‘ਜਾਣੋ ਕਿ ਮੈਂ ਯਹੋਵਾਹ ਹਾਂ’

30, 31. “ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ” ਐਲਾਨ (ੳ) ਪਰਮੇਸ਼ੁਰ ਦੇ ਦੁਸ਼ਮਣਾਂ ਲਈ ਕੀ ਮਾਅਨੇ ਰੱਖੇਗਾ? (ਅ) ਪਰਮੇਸ਼ੁਰ ਦੇ ਲੋਕਾਂ ਲਈ ਕੀ ਮਾਅਨੇ ਰੱਖੇਗਾ?

30 ਹਿਜ਼ਕੀਏਲ ਦੀ ਪੂਰੀ ਕਿਤਾਬ ਵਿਚ ਯਹੋਵਾਹ ਵਾਰ-ਵਾਰ ਇਹ ਐਲਾਨ ਕਰਦਾ ਹੈ: “ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।” (ਹਿਜ਼. 6:10; 39:28) ਪਰਮੇਸ਼ੁਰ ਦੇ ਦੁਸ਼ਮਣ ਇਹ ਗੱਲ ਉਦੋਂ ਜਾਣਨਗੇ ਜਦੋਂ ਉਹ ਉਨ੍ਹਾਂ ਨਾਲ ਯੁੱਧ ਕਰੇਗਾ ਅਤੇ ਉਨ੍ਹਾਂ ਨੂੰ ਮਿਟਾਉਣ ਵਾਲਾ ਹੋਵੇਗਾ। ਉਦੋਂ ਉਹ ਨਾ ਸਿਰਫ਼ ਇਹ ਜਾਣਨਗੇ ਕਿ ਯਹੋਵਾਹ ਨਾਂ ਦਾ ਇਕ ਪਰਮੇਸ਼ੁਰ ਹੈ, ਸਗੋਂ ਉਹ ਉਸ ਦੇ ਮਹਾਨ ਨਾਂ ਦਾ ਮਤਲਬ ਜਾਣਨ ਲਈ ਵੀ ਮਜਬੂਰ ਹੋਣਗੇ। ਉਹ ਦੇਖਣਗੇ ਕਿ “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ‘ਸੈਨਾਵਾਂ ਦਾ ਯਹੋਵਾਹ’ ਇਕ “ਤਾਕਤਵਰ ਯੋਧਾ” ਬਣ ਕੇ ਉਨ੍ਹਾਂ ਨਾਲ ਯੁੱਧ ਕਰੇਗਾ। (1 ਸਮੂ. 17:45; ਕੂਚ 15:3) ਉਹ ਯਹੋਵਾਹ ਬਾਰੇ ਇਹ ਅਹਿਮ ਸੱਚਾਈ ਸਮਝਣਗੇ ਕਿ ਕੋਈ ਵੀ ਗੱਲ ਉਸ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦੀ। ਪਰ ਜਦੋਂ ਤਕ ਉਹ ਇਹ ਸੱਚਾਈ ਸਮਝਣਗੇ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੋਵੇਗੀ।

31 ਪਰਮੇਸ਼ੁਰ ਦੇ ਲੋਕਾਂ ਲਈ ਇਸ ਐਲਾਨ ਦਾ ਕੀ ਮਤਲਬ ਹੋਵੇਗਾ ਕਿ “ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ”? ਉਨ੍ਹਾਂ ਲਈ ਇਸ ਦਾ ਮਤਲਬ ਹੋਵੇਗਾ ਜੀਵਨ ਅਤੇ ਸ਼ਾਂਤੀ। ਯਹੋਵਾਹ ਜੋ ਚਾਹੇ ਸਾਡੇ ਤੋਂ ਕਰਾ ਸਕਦਾ ਹੈ। ਉਹ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਉਸ ਦੇ ਪੁੱਤਰ-ਧੀਆਂ ਬਣ ਕੇ ਉਸ ਦੇ ਗੁਣਾਂ ਨੂੰ ਪੂਰੀ ਤਰ੍ਹਾਂ ਜ਼ਾਹਰ ਕਰੀਏ। (ਉਤ. 1:26) ਯਹੋਵਾਹ ਅੱਜ ਵੀ ਇਕ ਪਿਤਾ ਦੀ ਤਰ੍ਹਾਂ ਸਾਡਾ ਖ਼ਿਆਲ ਰੱਖਦਾ ਹੈ ਅਤੇ ਚਰਵਾਹੇ ਦੀ ਤਰ੍ਹਾਂ ਸਾਡੀ ਰਾਖੀ ਕਰਦਾ ਹੈ। ਬਹੁਤ ਜਲਦ ਸਾਡਾ ਇਹ ਰਾਜਾ ਦੁਸ਼ਮਣਾਂ ਉੱਤੇ ਜਿੱਤ ਹਾਸਲ ਕਰੇਗਾ। ਉਹ ਦਿਨ ਆਉਣ ਤੋਂ ਪਹਿਲਾਂ ਆਓ ਆਪਾਂ ਉਨ੍ਹਾਂ ਗੱਲਾਂ ’ਤੇ ਅਮਲ ਕਰੀਏ ਜੋ ਅਸੀਂ ਹਿਜ਼ਕੀਏਲ ਦੀ ਕਿਤਾਬ ਵਿੱਚੋਂ ਸਿੱਖੀਆਂ ਹਨ। ਆਓ ਆਪਣੀ ਕਹਿਣੀ ਤੇ ਕਰਨੀ ਰਾਹੀਂ ਹਰ ਰੋਜ਼ ਦਿਖਾਈਏ ਕਿ ਅਸੀਂ ਜਾਣਦੇ ਹਾਂ ਕਿ ਯਹੋਵਾਹ ਕੌਣ ਹੈ ਅਤੇ ਉਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ। ਫਿਰ ਜਦੋਂ ਮਹਾਂਕਸ਼ਟ ਦੀਆਂ ਵਿਨਾਸ਼ਕਾਰੀ ਹਵਾਵਾਂ ਛੱਡੀਆਂ ਜਾਣਗੀਆਂ, ਤਾਂ ਅਸੀਂ ਡਰਾਂਗੇ ਨਹੀਂ। ਇਸ ਦੀ ਬਜਾਇ, ਅਸੀਂ ਸਿਰ ਉੱਪਰ ਚੁੱਕ ਕੇ ਖੜ੍ਹੇ ਹੋਵਾਂਗੇ ਕਿਉਂਕਿ ਸਾਡਾ ਛੁਟਕਾਰਾ ਹੋਣ ਵਾਲਾ ਹੋਵੇਗਾ। (ਲੂਕਾ 21:28) ਉਹ ਸਮਾਂ ਆਉਣ ਤਕ ਆਓ ਆਪਾਂ ਲੋਕਾਂ ਨੂੰ ਦੱਸਦੇ ਰਹੀਏ ਕਿ ਉਹ ਯਹੋਵਾਹ ਨੂੰ ਜਾਣਨ ਅਤੇ ਉਸ ਨਾਲ ਪਿਆਰ ਕਰਨ ਕਿਉਂਕਿ ਸਿਰਫ਼ ਉਹੀ ਭਗਤੀ ਦਾ ਹੱਕਦਾਰ ਹੈ ਅਤੇ ਉਸ ਦਾ ਨਾਂ ਯਹੋਵਾਹ ਸਾਰੇ ਨਾਂਵਾਂ ਤੋਂ ਮਹਾਨ ਹੈ।​—ਹਿਜ਼. 28:26.

^ ਪੈਰਾ 5 ਇਹ ਇਸ ਕਿਤਾਬ ਦੇ ਅਧਿਆਇ ਹਨ।