Skip to content

Skip to table of contents

ਤੁਸੀਂ ਪਰਮੇਸ਼ੁਰ ਦੀ ਸੱਚਾਈ ਨੂੰ ਕਿਵੇਂ ਪਛਾਣ ਸਕਦੇ ਹੋ?

ਤੁਸੀਂ ਪਰਮੇਸ਼ੁਰ ਦੀ ਸੱਚਾਈ ਨੂੰ ਕਿਵੇਂ ਪਛਾਣ ਸਕਦੇ ਹੋ?

ਅਧਿਆਇ 2

ਤੁਸੀਂ ਪਰਮੇਸ਼ੁਰ ਦੀ ਸੱਚਾਈ ਨੂੰ ਕਿਵੇਂ ਪਛਾਣ ਸਕਦੇ ਹੋ?

ਅਸੀਂ ਪਰਮੇਸ਼ੁਰ ਦੇ ਸ਼ਬਦ ਨੂੰ ਮਨੁੱਖ ਦੇ ਸ਼ਬਦ ਤੋਂ—ਸੱਚ ਨੂੰ ਝੂਠ ਤੋਂ—ਕਿਵੇਂ ਵੱਖਰਾ ਕਰ ਸਕਦੇ ਹਾਂ? ਭਲਾ, ਵਪਾਰੀ ਦੇ ਤੱਕੜੀ-ਵੱਟਿਆਂ ਬਾਰੇ ਕਿਸੇ ਵੀ ਝਗੜੇ ਵਿਚ, ਇਸ ਮਾਮਲੇ ਦਾ ਫ਼ੈਸਲਾ ਕਰਨ ਲਈ, ਕੀ ਅਸੀਂ ਤੱਕੜੀ-ਵੱਟਿਆਂ ਦੀਆਂ ਸਰਕਾਰੀ ਮੁਹਰਾਂ ਦੀ ਜਾਂਚ ਨਹੀਂ ਕਰਾਂਗੇ? ਇਸੇ ਹੀ ਤਰ੍ਹਾਂ, ਅਗਰ ਅਸੀਂ ਆਪਣੇ ਬਣਾਉਣ ਵਾਲੇ ਦੀ ਉਪਾਸਨਾ ਪ੍ਰੇਮ ਅਤੇ ਸੱਚਾਈ ਨਾਲ ਕਰਨੀ ਹੈ, ਤਾਂ ਸਾਨੂੰ ਪਵਿੱਤਰ ਲਿਖਤਾਂ ਦੀਆਂ ਮੂਲ ਮਾਨਤਾਵਾਂ ਨੂੰ ਜਾਂਚਣ ਦੀ ਜ਼ਰੂਰਤ ਹੈ।

2 ਜਿਵੇਂ ਅਸੀਂ ਦੇਖਿਆ ਹੈ, ਸਿਰਫ਼ ਪਰਮੇਸ਼ੁਰ ਹੀ ਸਾਡੀਆਂ ਅਧਿਆਤਮਿਕ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ, ਇਸ ਲਈ ਉਸ ਵੱਲੋਂ ਸ਼ਾਸਤਰ ਤੋਂ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਇਹ ਪਰਮੇਸ਼ੁਰ ਦੀ ਵਡਿਆਈ ਕਰੇਗਾ ਅਤੇ ਉਸ ਦੇ ਬਾਰੇ ਸਾਡੇ ਅਜੇਹੇ ਸਵਾਲਾਂ ਦੇ ਜਵਾਬ ਦੇਵੇਗਾ, ਜਿਵੇਂ ਕਿ, ਪਰਮੇਸ਼ੁਰ ਕੌਣ ਹੈ? ਉਸ ਨੇ ਸਾਨੂੰ ਕਿਉਂ ਸ੍ਰਿਸ਼ਟ ਕੀਤਾ? ਸਾਨੂੰ ਉਸ ਦੀ ਉਪਾਸਨਾ ਕਿਵੇਂ ਕਰਨੀ ਚਾਹੀਦੀ ਹੈ? ਇੰਨੇ ਕਸ਼ਟ ਕਿਉਂ ਹਨ, ਅਤੇ ਕੀ ਮਾਨਵ ਪਰਿਵਾਰ ਕਦੇ ਵੀ ਸਥਾਈ ਖ਼ੁਸ਼ੀ ਵਿਚ ਇਕੱਠੇ ਜੀਉਣਗੇ? ਇਹ ਮੂਲ ਸਵਾਲ ਸਾਡੇ ਸਾਰਿਆਂ ਜਣਿਆਂ ਉੱਤੇ ਅਸਰ ਪਾਉਂਦੇ ਹਨ। ਪਰਮੇਸ਼ੁਰ ਇਨ੍ਹਾਂ ਦਾ ਕਿਵੇਂ ਉੱਤਰ ਦਿੰਦਾ ਹੈ?

3 ਪ੍ਰੇਮਪੂਰਣ ਮਾਂ-ਬਾਪ ਆਪਣੇ ਕਿਸੇ ਵੀ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਅਣਡਿੱਠ ਨਹੀਂ ਕਰਦੇ ਹਨ। ਇਸੇ ਹੀ ਤਰ੍ਹਾਂ, ਅਸੀਂ ਉਮੀਦ ਰੱਖਾਂਗੇ ਕਿ ਪਰਮੇਸ਼ੁਰ ਆਪਣੇ ਮਾਨਵ ਪਰਿਵਾਰ ਦੇ ਸਾਰੇ ਸਦੱਸਾਂ ਦੇ ਲਈ ਆਪਣੀਆਂ ਪਵਿੱਤਰ ਲਿਖਤਾਂ ਉਪਲਬਧ ਕਰੇ। ਮਿਸਾਲ ਲਈ, ਅਗਰ ਇਹ ਲਿਖਤਾਂ ਸਿਰਫ ਸੰਸਕ੍ਰਿਤ ਯਾ ਗੁਰਮੁਖੀ ਵਿਚ ਹੀ ਉਪਲਬਧ ਹੋਣ, ਤਾਂ ਸਾਰੇ ਲੋਕ ਲਾਭ ਨਹੀਂ ਉਠਾ ਸਕਣਗੇ, ਹੈ ਕਿ ਨਹੀਂ?

4 ਇਕ ਦਿਆਲੂ ਪਿਤਾ, ਭਾਵੇਂ ਕਿੰਨਾ ਵੀ ਪੜ੍ਹਿਆ-ਲਿਖਿਆ ਕਿਉਂ-ਨ ਹੋਵੇ, ਹਮੇਸ਼ਾ ਹੀ ਆਪਣੇ ਬੱਚਿਆਂ ਦੀ ਸਮਝ ਦੇ ਅਨੁਸਾਰ ਗੱਲਾਂ ਕਰਦਾ ਹੈ। ਇਸੇ ਹੀ ਤਰ੍ਹਾਂ, ਪਰਮੇਸ਼ੁਰ ਵੱਲੋਂ ਸ਼ਾਸਤਰ ਸਮਝਣ ਲਈ ਸੌਖੇ ਹੋਣੇ ਚਾਹੀਦੇ ਹਨ। ਸਾਡੇ ਸਾਧਾਰਣ ਯੁਗ ਦੀ ਪਹਿਲੀ ਸਦੀ ਦਾ ਪ੍ਰਚਾਰਕ, ਪੌਲੁਸ ਆਖਦਾ ਹੈ: “ਦੂਸਰਿਆਂ ਨੂੰ ਸਿੱਖਿਆ ਦੇਣ ਲਈ, ਅਨੋਖੀਆਂ ਬੋਲੀਆਂ ਵਿਚ ਹਜ਼ਾਰਾਂ ਹੀ ਸ਼ਬਦ ਬੋਲਣ ਨਾਲੋਂ, ਮੈਂ ਪੰਜ ਸ਼ਬਦ ਬੋਲਣਾ ਪਸੰਦ ਕਰਾਂਗਾ ਜੋ ਸਮਝੇ ਜਾ ਸਕਣ।”—1 ਕੁਰਿੰਥੀਆਂ 14:19, ਟੁਡੇਜ਼ ਇੰਗਲਿਸ਼ ਵਰਯਨ।

5 ਅਸੀਂ ਧੋਖਾ ਦਿੱਤੇ ਜਾਣ ਅਤੇ ਝੂਠ ਦੱਸੇ ਜਾਣ ਤੋਂ ਨਫ਼ਰਤ ਕਰਦੇ ਹਾਂ। ਇਸ ਦੀ ਬਜਾਇ, ਅਸੀਂ ਉਨ੍ਹਾਂ ਲੋਕਾਂ ਵੱਲ ਆਕਰਸ਼ਿਤ ਹੁੰਦੇ ਹਾਂ ਜੋ ਸੱਚ ਬੋਲਦੇ ਹਨ। ਈਮਾਨਦਾਰੀ ਵਿਸ਼ਵਾਸ ਅਤੇ ਭਰੋਸੇ ਦੀ ਭਾਵਨਾ ਦਿਲਾਉਂਦੀ ਹੈ। ਕਿਉਂਕਿ ਸਾਡੀ ਸਹੀ ਅਤੇ ਗ਼ਲਤ ਦੀ ਸੂਝ ਸਾਡੇ ਬਣਾਉਣ ਵਾਲੇ ਤੋਂ ਆਰੰਭ ਹੁੰਦੀ ਹੈ, ਉਹ ਝੂਠ ਨਹੀਂ ਬੋਲ ਸਕਦਾ ਹੈ। ਅਸੀਂ ਉਸ ਤੋਂ ਸੱਚੇ ਸਿਧਾਂਤ ਅਤੇ ਨੈਤਿਕ ਸਿੱਖਿਆ ਦੇਣ ਅਤੇ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਦੇ ਸਮੇਂ ਸਹੀ ਹੋਣ ਦੀ ਉਮੀਦ ਰੱਖਦੇ ਹਾਂ।

6 ਫਿਰ, ਸਾਨੂੰ ਉਨ੍ਹਾਂ ਸ਼ਾਸਤਰਾਂ ਨੂੰ ਕਿਸ ਦ੍ਰਿਸ਼ਟੀ ਨਾਲ ਵੇਖਣਾ ਚਾਹੀਦਾ ਹੈ ਜੋ ਕਲਪਿਤ ਕਥਾਵਾਂ ਨੂੰ ਇਤਿਹਾਸ ਦੇ ਰੂਪ ਵਿਚ ਪੇਸ਼ ਕਰਦੇ ਹਨ? ਜਿਵੇਂ ਅਸੀਂ ਵੇਖਾਂਗੇ, ਸੱਚਾਈ ਦੇ ਅਤੁੱਲ, ਕਲਪਿਤ ਕਥਾਵਾਂ ਬਹੁਤ ਭਿੰਨ ਹਨ ਅਤੇ ਕਈ ਵਾਰ ਪਰਮੇਸ਼ੁਰ ਨੂੰ ਕਮਜ਼ੋਰ ਅਤੇ ਅਨੈਤਿਕ ਚਿਤ੍ਰਿਤ ਕਰਦੀਆਂ ਹਨ। ਪਰਮੇਸ਼ੁਰ ਦੇ ਸ਼ਬਦ ਨੂੰ ਕਲਪਿਤ ਕਥਾਵਾਂ ਤੋਂ ਮੁਕਤ ਹੋਣਾ ਜ਼ਰੂਰੀ ਹੈ।

7 ਅੱਜਕਲ੍ਹ ਅਨੇਕ ਲੋਕ ਫ਼ਾਲ ਨੂੰ ਭਾਲਦੇ ਹਨ, ਸਰਾਪ ਪਾਉਂਦੇ ਹਨ ਅਤੇ ਪ੍ਰੇਤ-ਮਾਧਿਅਮ ਤੋਂ ਪੁੱਛਾਂ ਲੈਂਦੇ ਹਨ। ਅਜਿਹੇ ਅਭਿਆਸਾਂ ਦੁਆਰਾ ਭੇਤਪੂਰਣ ਢੰਗ ਨਾਲ ਜਗਾਈਆਂ ਹੋਈਆਂ ਆਤਮਾਵਾਂ ਅਕਸਰ ਮਾਸੂਮ ਸ਼ਿਕਾਰਾਂ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ, ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਕਿਉਂ ਜੋ ਪਰਮੇਸ਼ੁਰ ਦੁਸ਼ਟ ਨਹੀਂ ਹੈ, ਕੀ ਇਸ ਤਰ੍ਹਾਂ ਦੇ ਅਪਦੂਤਵਾਦ ਨਾਲ ਸੰਬੰਧ ਰੱਖਣ ਵਾਲੇ ਸ਼ਾਸਤਰਾਂ ਦਾ ਮੁੱਢ ਉਸ ਕੋਲੋਂ ਹੋ ਸਕਦਾ ਹੈ? ਸੱਚੇ ਪਰਮੇਸ਼ੁਰ ਦੇ ਸਾਰੇ ਪ੍ਰਗਟੀਕਰਨ ਅਪਦੂਤਵਾਦ ਤੋਂ ਮੁਕਤ ਹੋਣਗੇ।

8 ਸ਼ਾਸਤਰ ਪਰਮੇਸ਼ੁਰ ਵੱਲੋਂ ਹੈ ਯਾ ਮਨੁੱਖਾਂ ਵੱਲੋਂ, ਇਹ ਅਸੀਂ ਉਨ੍ਹਾਂ ਫਲਾਂ ਨੂੰ ਵੇਖਕੇ ਵੀ ਜਾਣ ਸਕਦੇ ਹਾਂ ਜੋ ਇਹ ਇਸ ਦੀਆਂ ਸਿੱਖਿਆਵਾਂ ਉੱਤੇ ਚੱਲਣ ਵਾਲਿਆਂ ਦੇ ਜੀਵਨ ਵਿਚ ਪੈਦਾ ਕਰਦਾ ਹੈ। ਕੀ ਉਹ ਸਾਫ-ਸੁੱਥਰੇ, ਈਮਾਨਦਾਰ, ਅਤੇ ਮਿਹਨਤੀ ਹਨ, ਯਾ ਕੀ ਉਹ ਧੋਖੇਬਾਜ਼, ਬੇਈਮਾਨ, ਅਤੇ ਭ੍ਰਿਸ਼ਟ ਹਨ? ਕੀ ਉਹ ਨਿੱਘਾ, ਪ੍ਰੇਮਪੂਰਣ ਪਰਿਵਾਰਕ ਰਿਸ਼ਤਿਆਂ ਦਾ ਆਨੰਦ ਮਾਣਦੇ ਹਨ, ਯਾ ਕੀ ਉਹ ਔਰਤਾਂ ਅਤੇ ਹੋਰ ਲੋਕਾਂ ਦੇ ਦੁਰਵਿਵਹਾਰ ਨੂੰ ਸਾਧਾਰਣ ਗੱਲ ਦੇ ਤੌਰ ਤੇ ਸਵੀਕਾਰ ਕਰਦੇ ਹਨ? ਕੀ ਇਹ ਉਹ ਲੋਕ ਹਨ ਜੋ ਪਰਮੇਸ਼ੁਰ ਨੂੰ ਇਕ ਮਿੱਤਰ ਦੇ ਰੂਪ ਵਿਚ, ਨਿੱਜੀ ਤੌਰ ਤੇ ਜਾਣਦੇ ਹਨ, ਯਾ ਕੀ ਉਹ ਸਿਰਫ਼ ਧਾਰਮਿਕ ਆਗੂਆਂ ਦੁਆਰਾ ਹੀ ਨਿਰਦੇਸ਼ਿਤ ਹੁੰਦੇ ਹਨ? ਈਸ਼ਵਰੀ ਮੁੱਢ ਵਾਲੀ ਕਿਤਾਬ ਨੂੰ ਸਾਡੀਆਂ ਸਮੱਸਿਆਵਾਂ ਦੇ ਸੁਲਝਾਉ ਦੇਣੇ ਚਾਹੀਦੇ ਹਨ ਅਤੇ ਸਾਡੇ ਜੀਵਨ ਉੱਤੇ ਅੱਛਾ ਪ੍ਰਭਾਵ ਪਾਉਣਾ ਚਾਹੀਦਾ ਹੈ

9 ਇਹ ਸੱਤ ਮੰਗਾਂ ਇਕੱਠੀਆਂ ਕਰਕੇ, ਸਾਰੀਆਂ ਪਵਿੱਤਰ ਲਿਖਤਾਂ ਦੀ ਜਾਂਚ ਕਰਨ ਵਾਸਤੇ ਇਕ ਦਰਜਾ ਬਣਦੀਆਂ ਹਨ। ਜਦੋਂ ਇਕ ਕਿਤਾਬ ਇਹ ਸਾਰੀਆਂ ਮੰਗਾਂ ਪੂਰੀਆਂ ਕਰਦੀ ਹੈ, ਨਿਸ਼ਚੇ ਹੀ ਉਹ ਪਰਮੇਸ਼ੁਰ ਵੱਲੋਂ ਹੈ!

10 ਆਓ ਆਪਾਂ ਇਕੱਠੇ ਵੱਖਰੀਆਂ-ਵੱਖਰੀਆਂ ਪਵਿੱਤਰ ਲਿਖਤਾਂ ਦੀ ਜਾਂਚ ਕਰੀਏ ਅਤੇ ਵੇਖੀਏ ਕਿ ਹਰ ਇਕ ਕਿਸ ਹੱਦ ਤਕ ਸਹੀ ਉਤਰਦੀ ਹੈ। ਯਾਦ ਰੱਖੋ, ਅਸੀਂ ਈਸ਼ਵਰੀ ਨਿਰਦੇਸ਼ਨ ਹਾਸਲ ਕਰਨ ਵਿਚ ਦਿਲਚਸਪੀ ਰੱਖਦੇ ਹਾਂ। ਸਾਡਾ ਬਣਾਉਣ ਵਾਲਾ ਵੀ, ਇਕ ਪਰਵਾਹ ਕਰਨ ਵਾਲੇ ਪਿਤਾ ਦੇ ਵਾਂਗ, ਚਾਹੁੰਦਾ ਹੈ ਕਿ ਅਸੀਂ ਉਸ ਦੀ ਇੱਛਾ ਜਾਣੀਏ ਤਾਂਕਿ ਅਸੀਂ ਉਸ ਨਾਲ ਪ੍ਰੇਮ ਰੱਖੀਏ ਅਤੇ ਉਸ ਦੀ ਉਪਾਸਨਾ ਕਰੀਏ।

[ਸਫ਼ਾ 7 ਉੱਤੇ ਡੱਬੀ]

ਜਾਂਚ-ਪੜਤਾਲ ਲਈ ਸਵਾਲ

ਜਿਉਂ ਹੀ ਤੁਸੀਂ ਇਹ ਵੱਡੀ ਪੁਸਤਿਕਾ ਪੜ੍ਹਦੇ ਹੋ, ਜਾਂਚ ਕਰੋ ਕਿ ਧਾਰਮਿਕ ਲਿਖਤਾਂ ਕਿਸ ਹੱਦ ਤਕ ਇਨ੍ਹਾਂ ਸਾਰੀਆਂ ਯਾ ਕਿਸੇ ਵੀ ਸੱਤ ਮੂਲ ਕਸੌਟੀਆਂ ਨਾਲ ਸਹੀ ਉਤਰਦੀਆਂ ਹਨ:

ਉਨ੍ਹਾਂ ਨੂੰ:

1.ਪਰਮੇਸ਼ੁਰ ਦੀ ਵਡਿਆਈ ਕਰਨੀ ਅਤੇ ਉਸ ਦੇ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ

2.ਸਾਰਿਆਂ ਲਈ ਉਪਲਬਧ ਹੋਣਾ ਚਾਹੀਦਾ ਹੈ

3.ਸਮਝਣ ਲਈ ਸੌਖਿਆਂ ਹੋਣਾ ਚਾਹੀਦਾ ਹੈ

4.ਸੱਚੇ ਸਿਧਾਂਤ ਅਤੇ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ

5.ਕਲਪਿਤ ਕਥਾਵਾਂ ਤੋਂ ਮੁਕਤ ਹੋਣਾ ਚਾਹੀਦਾ ਹੈ

6.ਅਪਦੂਤਵਾਦ ਤੋਂ ਮੁਕਤ ਹੋਣਾ ਚਾਹੀਦਾ ਹੈ

7.ਸਾਡੀਆਂ ਸਮੱਸਿਆਵਾਂ ਦੇ ਸੁਲਝਾਉ ਦੇਣੇ ਚਾਹੀਦੇ ਹਨ ਅਤੇ ਸਾਡੇ ਜੀਵਨ ਉੱਤੇ ਅੱਛਾ ਪ੍ਰਭਾਵ ਪਾਉਣਾ ਚਾਹੀਦਾ ਹੈ

[ਸਫ਼ਾ 6 ਉੱਤੇ ਤਸਵੀਰ]

ਵਪਾਰੀ ਦੇ ਤੱਕੜੀ-ਵੱਟਿਆਂ ਬਾਰੇ ਕਿਸੇ ਵੀ ਝਗੜੇ ਵਿਚ, ਅਸੀਂ ਤੱਕੜੀ-ਵੱਟਿਆਂ ਦੀਆਂ ਸਰਕਾਰੀ ਮੁਹਰਾਂ ਦੀ ਜਾਂਚ ਕਰਦੇ ਹਾਂ। ਕਿਹੜੀ ਚੀਜ਼ ਪਰਮੇਸ਼ੁਰ ਵੱਲੋਂ ਹੋਣ ਵਾਲੇ ਸ਼ਾਸਤਰਾਂ ਦੀ ਪਛਾਣ ਦੇਵੇਗੀ?