Skip to content

Skip to table of contents

ਪਾਠ 7

ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”

ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”

1, 2. ਸਮੂਏਲ ਨੇ ਇਜ਼ਰਾਈਲੀ ਲੋਕਾਂ ਨਾਲ ਕਿਨ੍ਹਾਂ ਹਾਲਾਤਾਂ ਵਿਚ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਾਉਣ ਦੀ ਕਿਉਂ ਲੋੜ ਸੀ?

ਸਮੂਏਲ ਕਈ ਸਾਲਾਂ ਤੋਂ ਇਜ਼ਰਾਈਲ ਕੌਮ ਦੇ ਨਬੀ ਅਤੇ ਨਿਆਂਕਾਰ ਵਜੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਗਰਮੀਆਂ ਦੇ ਖ਼ੁਸ਼ਕ ਮੌਸਮ ਵਿਚ ਉਸ ਨੇ ਪੂਰੀ ਕੌਮ ਨੂੰ ਗਿਲਗਾਲ ਸ਼ਹਿਰ ਵਿਚ ਬੁਲਾਇਆ ਹੈ। ਸਾਡੇ ਕਲੰਡਰ ਮੁਤਾਬਕ ਮਈ-ਜੂਨ ਦਾ ਮਹੀਨਾ ਹੈ ਅਤੇ ਕਣਕ ਪੱਕ ਕੇ ਵਾਢੀ ਲਈ ਤਿਆਰ ਹੋ ਚੁੱਕੀ ਹੈ। ਉਹ ਇਕੱਠੇ ਹੋਏ ਸਾਰੇ ਲੋਕਾਂ ਵੱਲ ਦੇਖ ਰਿਹਾ ਹੈ। ਸਾਰੇ ਪਾਸੇ ਖ਼ਾਮੋਸ਼ੀ ਛਾਈ ਹੋਈ ਹੈ। ਸਮੂਏਲ ਉਨ੍ਹਾਂ ਦੇ ਪੱਥਰ ਦਿਲਾਂ ਨੂੰ ਕਿਵੇਂ ਛੋਹ ਸਕਦਾ ਹੈ?

2 ਲੋਕਾਂ ਦੀ ਅਕਲ ’ਤੇ ਪਰਦਾ ਪਿਆ ਹੋਇਆ ਹੈ। ਉਹ ਆਪਣੇ ਉੱਤੇ ਰਾਜ ਕਰਨ ਲਈ ਇਕ ਇਨਸਾਨੀ ਰਾਜੇ ਦੀ ਜ਼ਿੱਦ ਕਰ ਰਹੇ ਹਨ। ਉਹ ਸਮਝ ਹੀ ਨਹੀਂ ਰਹੇ ਕਿ ਉਹ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਨਬੀ ਦਾ ਅਪਮਾਨ ਕਰ ਰਹੇ ਹਨ! ਉਨ੍ਹਾਂ ਨੇ ਯਹੋਵਾਹ ਨੂੰ ਆਪਣੇ ਰਾਜੇ ਵਜੋਂ ਠੁਕਰਾ ਦਿੱਤਾ ਹੈ। ਸਮੂਏਲ ਉਨ੍ਹਾਂ ਨੂੰ ਆਪਣੀ ਇਸ ਗ਼ਲਤੀ ਤੋਂ ਤੋਬਾ ਕਰਨ ਲਈ ਕਿੱਦਾਂ ਸਮਝਾ ਸਕਦਾ ਹੈ?

ਸਮੂਏਲ ਦੇ ਬਚਪਨ ਤੋਂ ਅਸੀਂ ਸਿੱਖਦੇ ਹਾਂ ਕਿ ਬੁਰੇ ਮਾਹੌਲ ਦੇ ਬਾਵਜੂਦ ਯਹੋਵਾਹ ’ਤੇ ਨਿਹਚਾ ਪੈਦਾ ਕੀਤੀ ਜਾ ਸਕਦੀ ਹੈ

3, 4. (ੳ) ਸਮੂਏਲ ਨੇ ਆਪਣੇ ਬਚਪਨ ਬਾਰੇ ਗੱਲ ਕਿਉਂ ਕੀਤੀ ਸੀ? (ਅ) ਸਮੂਏਲ ਦੀ ਨਿਹਚਾ ਦੀ ਮਿਸਾਲ ਅੱਜ ਸਾਡੇ ਲਈ ਫ਼ਾਇਦੇਮੰਦ ਕਿਉਂ ਹੈ?

3 ਸਮੂਏਲ ਨੇ ਲੋਕਾਂ ਨੂੰ ਕਿਹਾ: “ਮੈਂ ਹੁਣ ਬੁੱਢਾ ਹਾਂ।” ਉਮਰ ਭਰ ਦਾ ਤਜਰਬਾ ਹੋਣ ਕਾਰਨ ਉਸ ਦੀਆਂ ਗੱਲਾਂ ਬੜੀਆਂ ਦਮਦਾਰ ਹਨ। ਫਿਰ ਉਸ ਨੇ ਕਿਹਾ: “ਮੈਂ ਨਿਆਣਪੁਣੇ ਤੋਂ ਅੱਜ ਤੋੜੀ ਤੁਹਾਡੇ ਅੱਗੇ ਅੱਗੇ ਚੱਲਦਾ ਰਿਹਾ।” (1 ਸਮੂ. 11:14, 15; 12:2) ਭਾਵੇਂ ਕਿ ਸਮੂਏਲ ਹੁਣ ਬੁੱਢਾ ਹੋ ਚੁੱਕਾ ਸੀ, ਪਰ ਅਜੇ ਵੀ ਬਚਪਨ ਦੀਆਂ ਯਾਦਾਂ ਉਸ ਦੇ ਮਨ ਵਿਚ ਤਰੋ-ਤਾਜ਼ਾ ਸਨ। ਉਸ ਨੇ ਛੋਟੀ ਉਮਰ ਤੋਂ ਹੀ ਸਹੀ ਫ਼ੈਸਲੇ ਕੀਤੇ ਜਿਸ ਕਰਕੇ ਉਹ ਨਿਹਚਾ ਨਾਲ ਪੂਰੀ ਜ਼ਿੰਦਗੀ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ ਸਕਿਆ।

4 ਸਮੂਏਲ ਨੂੰ ਆਪਣੀ ਨਿਹਚਾ ਮਜ਼ਬੂਤ ਰੱਖਣੀ ਪਈ ਕਿਉਂਕਿ ਉਸ ਨੂੰ ਬਹੁਤ ਵਾਰ ਅਜਿਹੇ ਲੋਕਾਂ ਨਾਲ ਰਹਿਣਾ ਪਿਆ ਜੋ ਪਰਮੇਸ਼ੁਰ ’ਤੇ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਸਨ। ਅੱਜ ਸਾਡੇ ਲਈ ਵੀ ਆਪਣੀ ਨਿਹਚਾ ਮਜ਼ਬੂਤ ਬਣਾਈ ਰੱਖਣੀ ਔਖੀ ਹੈ ਕਿਉਂਕਿ ਅਸੀਂ ਵੀ ਭੈੜੀ ਦੁਨੀਆਂ ਵਿਚ ਜੀ ਰਹੇ ਹਾਂ ਜਿੱਥੇ ਲੋਕ ਪਰਮੇਸ਼ੁਰ ’ਤੇ ਨਿਹਚਾ ਨਹੀਂ ਰੱਖਦੇ। (ਲੂਕਾ 18:8 ਪੜ੍ਹੋ।) ਆਓ ਦੇਖੀਏ ਕਿ ਅਸੀਂ ਸਮੂਏਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ। ਜ਼ਰਾ ਉਸ ਦੇ ਬਚਪਨ ’ਤੇ ਗੌਰ ਕਰੋ।

‘ਸਮੂਏਲ ਜੋ ਮੁੰਡਾ ਸੀ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ’

5, 6. ਸਮੂਏਲ ਦਾ ਬਚਪਨ ਦੂਸਰੇ ਬੱਚਿਆਂ ਨਾਲੋਂ ਵੱਖਰਾ ਕਿਵੇਂ ਸੀ, ਪਰ ਉਸ ਦੇ ਮਾਪਿਆਂ ਨੂੰ ਕਿਉਂ ਯਕੀਨ ਸੀ ਕਿ ਡੇਰੇ ਵਿਚ ਉਸ ਦੀ ਦੇਖ-ਭਾਲ ਕੀਤੀ ਜਾਵੇਗੀ?

5 ਸਮੂਏਲ ਦਾ ਬਚਪਨ ਦੂਸਰੇ ਬੱਚਿਆਂ ਨਾਲੋਂ ਵੱਖਰਾ ਸੀ। ਜਦ ਉਸ ਦਾ ਦੁੱਧ ਛੁਡਾਇਆ ਗਿਆ, ਤਾਂ ਉਹ ਸ਼ਾਇਦ ਤਿੰਨ ਸਾਲਾਂ ਦਾ ਜਾਂ ਇਸ ਤੋਂ ਵੱਡਾ ਸੀ। ਉਦੋਂ ਤੋਂ ਉਹ ਸ਼ੀਲੋਹ ਵਿਚ ਯਹੋਵਾਹ ਦੇ ਡੇਰੇ ਵਿਚ ਸੇਵਾ ਕਰਨ ਲੱਗ ਪਿਆ ਜੋ ਉਸ ਦੇ ਘਰ ਰਾਮਾਹ ਤੋਂ 30 ਕਿਲੋਮੀਟਰ (20 ਮੀਲ ਤੋਂ ਜ਼ਿਆਦਾ) ਦੂਰ ਸੀ। ਸਮੂਏਲ ਦੇ ਮਾਂ-ਬਾਪ ਅਲਕਾਨਾਹ ਅਤੇ ਹੰਨਾਹ ਨੇ ਉਸ ਨੂੰ ਯਹੋਵਾਹ ਦੀ ਸੇਵਾ ਵਿਚ ਇਕ ਖ਼ਾਸ ਕੰਮ ਕਰਨ ਲਈ ਸੌਂਪ ਦਿੱਤਾ ਅਤੇ ਉਹ ਉਮਰ ਭਰ ਨਜ਼ੀਰ ਬਣਿਆ ਰਿਹਾ। * ਕੀ ਇਸ ਦਾ ਮਤਲਬ ਇਹ ਸੀ ਕਿ ਉਸ ਦੇ ਮਾਪੇ ਉਸ ਨੂੰ ਪਿਆਰ ਨਹੀਂ ਕਰਦੇ ਸਨ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਡੇਰੇ ਵਿਚ ਛੱਡ ਦਿੱਤਾ ਸੀ?

6 ਬਿਲਕੁਲ ਨਹੀਂ! ਉਹ ਜਾਣਦੇ ਸਨ ਕਿ ਉਨ੍ਹਾਂ ਦੇ ਬੇਟੇ ਦੀ ਸ਼ੀਲੋਹ ਵਿਚ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਵੇਗੀ। ਮਹਾਂ ਪੁਜਾਰੀ ਏਲੀ ਉੱਤੇ ਡੇਰੇ ਦੀ ਸਾਰੀ ਜ਼ਿੰਮੇਵਾਰੀ ਸੀ ਅਤੇ ਸਮੂਏਲ ਉਸ ਨਾਲ ਉੱਥੇ ਸੇਵਾ ਕਰਦਾ ਸੀ। ਨਾਲੇ ਡੇਰੇ ਵਿਚ ਕਈ ਤੀਵੀਆਂ ਵੱਖੋ-ਵੱਖਰੇ ਕੰਮ ਕਰਦੀਆਂ ਸਨ ਜਿਨ੍ਹਾਂ ਨੇ ਸਮੂਏਲ ਦੀ ਦੇਖ-ਭਾਲ ਕੀਤੀ ਹੋਣੀ।​—ਕੂਚ 38:8; ਨਿਆ. 11:34-40.

7, 8. (ੳ) ਸਮੂਏਲ ਦੇ ਮਾਪੇ ਹਰ ਸਾਲ ਉਸ ਦੀ ਹੌਸਲਾ-ਅਫ਼ਜ਼ਾਈ ਕਿਵੇਂ ਕਰਦੇ ਸਨ? (ਅ) ਅੱਜ ਮਾਪੇ ਹੰਨਾਹ ਅਤੇ ਅਲਕਾਨਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?

7 ਇਸ ਤੋਂ ਇਲਾਵਾ, ਹੰਨਾਹ ਅਤੇ ਅਲਕਾਨਾਹ ਆਪਣੇ ਜੇਠੇ ਤੇ ਲਾਡਲੇ ਬੇਟੇ ਨੂੰ ਕਦੇ ਨਹੀਂ ਭੁੱਲੇ ਕਿਉਂਕਿ ਉਨ੍ਹਾਂ ਨੂੰ ਆਪਣਾ ਬੇਟਾ ਪਰਮੇਸ਼ੁਰ ਦੀ ਬਦੌਲਤ ਮਿਲਿਆ ਸੀ। ਹੰਨਾਹ ਨੇ ਇਕ ਬੇਟੇ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋਏ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਸਾਰੀ ਉਮਰ ਵਾਸਤੇ ਪਰਮੇਸ਼ੁਰ ਦੀ ਸੇਵਾ ਵਿਚ ਅਰਪਣ ਕਰ ਦੇਵੇਗੀ। ਹੰਨਾਹ ਹਰ ਸਾਲ ਸਮੂਏਲ ਲਈ ਇਕ ਬਿਨਾਂ ਬਾਹਾਂ ਵਾਲਾ ਨਵਾਂ ਝੱਗਾ ਲੈ ਕੇ ਆਉਂਦੀ ਸੀ ਜੋ ਉਹ ਡੇਰੇ ਵਿਚ ਸੇਵਾ ਕਰਦੇ ਹੋਏ ਪਾਉਂਦਾ ਸੀ। ਸਮੂਏਲ ਆਪਣੇ ਮਾਤਾ-ਪਿਤਾ ਨੂੰ ਮਿਲ ਕੇ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ ਹੋਣਾ! ਉਹ ਸਮੂਏਲ ਨੂੰ ਸਮਝਾਉਂਦੇ ਹੋਣਗੇ ਕਿ ਡੇਰੇ ਵਿਚ ਯਹੋਵਾਹ ਦੀ ਸੇਵਾ ਕਰਨੀ ਕਿੰਨੇ ਮਾਣ ਦੀ ਗੱਲ ਸੀ। ਸਮੂਏਲ ਜ਼ਰੂਰ ਅਜਿਹੀ ਸਿੱਖਿਆ ਅਤੇ ਹੌਸਲਾ-ਅਫ਼ਜ਼ਾਈ ਤੋਂ ਖ਼ੁਸ਼ ਹੋਣਾ।

8 ਅੱਜ ਵੀ ਮਾਪੇ ਹੰਨਾਹ ਅਤੇ ਅਲਕਾਨਾਹ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਅੱਜ-ਕੱਲ੍ਹ ਕਈ ਮਾਪੇ ਆਪਣੇ ਬੱਚਿਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ, ਪਰ ਉਹ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਦੀ ਅਹਿਮੀਅਤ ਬਾਰੇ ਨਹੀਂ ਸਿਖਾਉਂਦੇ। ਪਰ ਸਮੂਏਲ ਦੇ ਮਾਪਿਆਂ ਨੇ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੱਤੀ ਜਿਸ ਕਰਕੇ ਸਮੂਏਲ ਨੇ ਵੀ ਉਨ੍ਹਾਂ ਦੀ ਮਿਸਾਲ ’ਤੇ ਚੱਲ ਕੇ ਰੱਬ ਦੀ ਸੇਵਾ ਕੀਤੀ।​—​ਕਹਾਉਤਾਂ 22:6 ਪੜ੍ਹੋ।

9, 10. (ੳ) ਡੇਰੇ ਬਾਰੇ ਜਾਣਕਾਰੀ ਦਿਓ ਅਤੇ ਦੱਸੋ ਕਿ ਇਸ ਪਵਿੱਤਰ ਜਗ੍ਹਾ ਬਾਰੇ ਨੌਜਵਾਨ ਸਮੂਏਲ ਕਿਵੇਂ ਮਹਿਸੂਸ ਕਰਦਾ ਸੀ। (ਫੁਟਨੋਟ ਵੀ ਦੇਖੋ।) (ਅ) ਸਮੂਏਲ ਕੋਲ ਸ਼ਾਇਦ ਕਿਹੜੀਆਂ ਜ਼ਿੰਮੇਵਾਰੀਆਂ ਸਨ ਅਤੇ ਅੱਜ ਨੌਜਵਾਨ ਉਸ ਦੀ ਰੀਸ ਕਿਵੇਂ ਕਰ ਸਕਦੇ ਹਨ?

9 ਜਿੱਦਾਂ-ਜਿੱਦਾਂ ਸਮੂਏਲ ਵੱਡਾ ਹੁੰਦਾ ਗਿਆ, ਉਹ ਸ਼ੀਲੋਹ ਦੀਆਂ ਪਹਾੜੀਆਂ ਵਿਚ ਘੁੰਮਣ ਜਾਂਦਾ ਹੋਣਾ। ਪਹਾੜੀਆਂ ਤੋਂ ਉਹ ਸ਼ਹਿਰ ਵੱਲ ਵੇਖਦਾ ਹੋਣਾ ਜਿਸ ਦੇ ਇਕ ਪਾਸੇ ਵਾਦੀ ਸੀ। ਯਹੋਵਾਹ ਦੇ ਡੇਰੇ ਨੂੰ ਦੂਰੋਂ ਦੇਖ ਕੇ ਉਸ ਦਾ ਦਿਲ ਕਿੰਨਾ ਖ਼ੁਸ਼ ਹੁੰਦਾ ਹੋਣਾ! ਯਹੋਵਾਹ ਦਾ ਡੇਰਾ ਵਾਕਈ ਇਕ ਪਵਿੱਤਰ ਜਗ੍ਹਾ ਸੀ। * ਲਗਭਗ 400 ਸਾਲ ਪਹਿਲਾਂ ਮੂਸਾ ਦੀ ਨਿਗਰਾਨੀ ਅਧੀਨ ਇਹ ਡੇਰਾ ਬਣਾਇਆ ਗਿਆ ਸੀ ਅਤੇ ਦੁਨੀਆਂ ਵਿਚ ਇਹੀ ਇੱਕੋ-ਇਕ ਜਗ੍ਹਾ ਸੀ ਜਿੱਥੇ ਲੋਕ ਆ ਕੇ ਯਹੋਵਾਹ ਦੀ ਭਗਤੀ ਕਰਦੇ ਸਨ।

10 ਉਮਰ ਵਧਣ ਦੇ ਨਾਲ-ਨਾਲ ਡੇਰੇ ਲਈ ਉਸ ਦਾ ਪਿਆਰ ਵਧਦਾ ਗਿਆ। ਬਾਅਦ ਵਿਚ ਉਸ ਨੇ ਲਿਖਿਆ: “ਸਮੂਏਲ ਜੋ ਮੁੰਡਾ ਸੀ ਸੂਤਰ ਦਾ ਏਫ਼ੋਦ ਪਹਿਨ ਕੇ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।” (1 ਸਮੂ. 2:18) ਸਮੂਏਲ ਆਪਣਾ ਸਾਦਾ ਜਿਹਾ ਝੱਗਾ ਡੇਰੇ ਵਿਚ ਪੁਜਾਰੀਆਂ ਦੀ ਮਦਦ ਕਰਦਾ ਹੁੰਦਾ ਸੀ। ਹਾਲਾਂਕਿ ਸਮੂਏਲ ਪੁਜਾਰੀ ਨਹੀਂ ਸੀ, ਪਰ ਉਸ ਕੋਲ ਕਈ ਜ਼ਿੰਮੇਵਾਰੀਆਂ ਸਨ। ਉਹ ਰੋਜ਼ ਸਵੇਰੇ ਵਿਹੜੇ ਦੇ ਦਰਵਾਜ਼ੇ ਖੋਲ੍ਹਦਾ ਸੀ ਅਤੇ ਬੁੱਢੇ ਏਲੀ ਦੀ ਸੇਵਾ ਕਰਦਾ ਹੁੰਦਾ ਸੀ। ਉਹ ਆਪਣੀਆਂ ਜ਼ਿੰਮੇਵਾਰੀਆਂ ਖ਼ੁਸ਼ੀ-ਖ਼ੁਸ਼ੀ ਨਿਭਾਉਂਦਾ ਸੀ, ਪਰ ਸਮੇਂ ਦੇ ਬੀਤਣ ਨਾਲ ਯਹੋਵਾਹ ਦੇ ਘਰ ਵਿਚ ਬੁਰੇ ਕੰਮ ਹੁੰਦੇ ਦੇਖ ਕੇ ਸਮੂਏਲ ਦਾ ਮਾਸੂਮ ਦਿਲ ਤੜਫ਼ ਉੱਠਿਆ।

ਉਹ ਬੁਰੇ ਮਾਹੌਲ ਵਿਚ ਵੀ ਪਵਿੱਤਰ ਰਿਹਾ

11, 12. (ੳ) ਹਾਫ਼ਨੀ ਅਤੇ ਫੀਨਹਾਸ ਦੀ ਸਭ ਤੋਂ ਵੱਡੀ ਗ਼ਲਤੀ ਕੀ ਸੀ? (ਅ) ਡੇਰੇ ਵਿਚ ਹਾਫ਼ਨੀ ਅਤੇ ਫੀਨਹਾਸ ਕਿਹੜੇ ਭੈੜੇ ਕੰਮਾਂ ਵਿਚ ਲੱਗੇ ਹੋਏ ਸਨ? (ਫੁਟਨੋਟ ਵੀ ਦੇਖੋ।)

11 ਛੋਟੀ ਉਮਰ ਤੋਂ ਹੀ ਸਮੂਏਲ ਨੇ ਆਪਣੀਆਂ ਅੱਖਾਂ ਨਾਲ ਅੱਤ ਦੇ ਭੈੜੇ ਕੰਮ ਹੁੰਦੇ ਦੇਖੇ ਸਨ। ਏਲੀ ਦੇ ਦੋ ਮੁੰਡੇ ਹਾਫ਼ਨੀ ਅਤੇ ਫੀਨਹਾਸ ਸਨ ਜਿਨ੍ਹਾਂ ਬਾਰੇ ਬਾਈਬਲ ਦੱਸਦੀ ਹੈ: “ਏਲੀ ਦੇ ਪੁੱਤ੍ਰ ਸ਼ਤਾਨੀ ਪੁੱਤ੍ਰ ਸਨ। ਉਨ੍ਹਾਂ ਨੇ ਯਹੋਵਾਹ ਨੂੰ ਨਾ ਸਿਆਤਾ।” (1 ਸਮੂ. 2:12) ਇਸ ਆਇਤ ਵਿਚ ਦੱਸੀਆਂ ਦੋ ਗੱਲਾਂ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਇੱਥੇ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਸ਼ਤਾਨੀ” ਕੀਤਾ ਗਿਆ ਹੈ ਉਸ ਦਾ ਮਤਲਬ ਹੈ “ਨਿਕੰਮੇ”। ਉਹ ਇਸ ਕਰਕੇ ਨਿਕੰਮੇ ਸਨ ਕਿਉਂਕਿ ਉਹ ਯਹੋਵਾਹ ਦਾ ਬਿਲਕੁਲ ਆਦਰ ਨਹੀਂ ਕਰਦੇ ਸਨ। ਉਹ ਯਹੋਵਾਹ ਦੇ ਉੱਚੇ ਮਿਆਰਾਂ ਅਤੇ ਮੰਗਾਂ ਦੀ ਜ਼ਰਾ ਵੀ ਪਰਵਾਹ ਨਹੀਂ ਕਰਦੇ ਸਨ। ਇਸੇ ਕਰਕੇ ਉਹ ਇਕ ਤੋਂ ਬਾਅਦ ਇਕ ਪਾਪ ਕਰਦੇ ਗਏ।

12 ਪਰਮੇਸ਼ੁਰ ਦੇ ਕਾਨੂੰਨ ਵਿਚ ਪੁਜਾਰੀਆਂ ਦੀਆਂ ਜ਼ਿੰਮੇਵਾਰੀਆਂ ਅਤੇ ਬਲ਼ੀਆਂ ਚੜ੍ਹਾਉਣ ਦੇ ਤਰੀਕੇ ਬਾਰੇ ਸਾਫ਼-ਸਾਫ਼ ਦੱਸਿਆ ਗਿਆ ਸੀ। ਕਿਉਂ? ਕਿਉਂਕਿ ਬਲ਼ੀਆਂ ਚੜ੍ਹਾ ਕੇ ਲੋਕਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲਦੀ ਸੀ ਅਤੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਗਿਣੇ ਜਾਂਦੇ ਸਨ। ਇਸ ਤਰ੍ਹਾਂ ਉਹ ਪਰਮੇਸ਼ੁਰ ਕੋਲੋਂ ਬਰਕਤਾਂ ਅਤੇ ਸੇਧ ਪਾਉਣ ਦੇ ਯੋਗ ਬਣਦੇ ਸਨ। ਪਰ ਹਾਫ਼ਨੀ ਅਤੇ ਫੀਨਹਾਸ ਨੂੰ ਦੇਖ ਕੇ ਦੂਜੇ ਪੁਜਾਰੀ ਵੀ ਬਲ਼ੀਆਂ ਦਾ ਘੋਰ ਅਪਮਾਨ ਕਰਨ ਲੱਗ ਪਏ ਸਨ। *

13, 14. (ੳ) ਡੇਰੇ ਵਿਚ ਹੁੰਦੀ ਬੁਰਾਈ ਦਾ ਚੰਗੇ ਲੋਕਾਂ ’ਤੇ ਕੀ ਅਸਰ ਪੈ ਰਿਹਾ ਸੀ? (ਅ) ਏਲੀ ਨੇ ਇਕ ਪਿਤਾ ਅਤੇ ਮਹਾਂ ਪੁਜਾਰੀ ਵਜੋਂ ਕੀ ਨਹੀਂ ਕੀਤਾ?

13 ਡੇਰੇ ਵਿਚ ਬਿਨਾਂ ਕਿਸੇ ਰੋਕ-ਟੋਕ ਦੇ ਹੁੰਦੇ ਇਨ੍ਹਾਂ ਭੈੜੇ ਕੰਮਾਂ ਨੂੰ ਦੇਖ ਕੇ ਸਮੂਏਲ ਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਹੀਂ ਹੁੰਦਾ ਹੋਣਾ। ਉਸ ਨੇ ਕਿੰਨੇ ਹੀ ਦੁਖੀ, ਗ਼ਰੀਬ ਅਤੇ ਹੋਰ ਲੋਕਾਂ ਨੂੰ ਦੇਖਿਆ ਹੋਣਾ ਜੋ ਦਿਲਾਸਾ ਅਤੇ ਹੌਸਲਾ ਪਾਉਣ ਦੀ ਉਮੀਦ ਨਾਲ ਪਵਿੱਤਰ ਡੇਰੇ ਵਿਚ ਆਉਂਦੇ ਸਨ, ਪਰ ਉਨ੍ਹਾਂ ਦੇ ਹੱਥ ਦੁੱਖ, ਨਿਰਾਸ਼ਾ ਅਤੇ ਸ਼ਰਮਿੰਦਗੀ ਹੀ ਲੱਗਦੀ ਸੀ। ਜਦੋਂ ਸਮੂਏਲ ਨੂੰ ਪਤਾ ਲੱਗਾ ਕਿ ਯਹੋਵਾਹ ਦੀ ਪਰਵਾਹ ਕੀਤੇ ਬਿਨਾਂ ਹਾਫ਼ਨੀ ਅਤੇ ਫੀਨਹਾਸ ਡੇਰੇ ਵਿਚ ਸੇਵਾ ਕਰਦੀਆਂ ਕੁਝ ਤੀਵੀਆਂ ਨਾਲ ਗੰਦੇ ਕੰਮ ਕਰਦੇ ਸਨ, ਤਾਂ ਉਸ ਦੇ ਦਿਲ ’ਤੇ ਕੀ ਬੀਤੀ ਹੋਣੀ? (1 ਸਮੂ. 2:22) ਸ਼ਾਇਦ ਉਸ ਨੂੰ ਏਲੀ ਤੋਂ ਉਮੀਦ ਹੋਣੀ ਕਿ ਉਹ ਇਸ ਬਾਰੇ ਕੋਈ ਕਦਮ ਚੁੱਕੇਗਾ।

ਏਲੀ ਦੇ ਪੁੱਤਰਾਂ ਦੇ ਭੈੜੇ ਕੰਮਾਂ ਨੂੰ ਦੇਖ ਕੇ ਸਮੂਏਲ ਜ਼ਰੂਰ ਪਰੇਸ਼ਾਨ ਹੋਇਆ ਹੋਣਾ

14 ਜੀ ਹਾਂ, ਏਲੀ ਹੀ ਇਸ ਗੰਭੀਰ ਮਸਲੇ ਨੂੰ ਸੁਲਝਾ ਸਕਦਾ ਸੀ। ਮਹਾਂ ਪੁਜਾਰੀ ਹੋਣ ਦੇ ਨਾਤੇ ਡੇਰੇ ਵਿਚ ਹੁੰਦੇ ਹਰ ਕੰਮ ਦੀ ਜ਼ਿੰਮੇਵਾਰੀ ਉਸ ਦੀ ਸੀ। ਇਕ ਪਿਤਾ ਵਜੋਂ ਉਸ ਦਾ ਫ਼ਰਜ਼ ਬਣਦਾ ਸੀ ਕਿ ਉਹ ਆਪਣੇ ਮੁੰਡਿਆਂ ਨੂੰ ਸੁਧਾਰੇ ਕਿਉਂਕਿ ਉਹ ਨਾ ਸਿਰਫ਼ ਆਪਣੇ ਆਪ ਨੂੰ, ਸਗੋਂ ਹੋਰ ਬਹੁਤ ਸਾਰੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਸਨ। ਪਰ ਏਲੀ ਨੇ ਨਾ ਤਾਂ ਪਿਤਾ ਵਜੋਂ ਅਤੇ ਨਾ ਹੀ ਮਹਾਂ ਪੁਜਾਰੀ ਵਜੋਂ ਇਨ੍ਹਾਂ ਭੈੜੇ ਕੰਮਾਂ ਨੂੰ ਰੋਕਣ ਲਈ ਕੁਝ ਕੀਤਾ। ਉਸ ਨੇ ਆਪਣੇ ਪੁੱਤਰਾਂ ਨੂੰ ਮਾੜਾ ਜਿਹਾ ਹੀ ਝਿੜਕਿਆ ਜਦ ਕਿ ਉਸ ਦੇ ਮੁੰਡਿਆਂ ਨੂੰ ਸਖ਼ਤ ਸਜ਼ਾ ਦੀ ਲੋੜ ਸੀ। (1 ਸਮੂਏਲ 2:23-25 ਪੜ੍ਹੋ।) ਉਨ੍ਹਾਂ ਨੂੰ ਆਪਣੇ ਪਾਪਾਂ ਲਈ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਸੀ!

15. ਯਹੋਵਾਹ ਨੇ ਏਲੀ ਨੂੰ ਕਿਹੜੀ ਸਖ਼ਤ ਸਜ਼ਾ ਸੁਣਾਈ ਅਤੇ ਇਸ ਚੇਤਾਵਨੀ ਪ੍ਰਤੀ ਉਸ ਦੇ ਪਰਿਵਾਰ ਦਾ ਕੀ ਰਵੱਈਆ ਸੀ?

15 ਗੱਲ ਇੰਨੀ ਵੱਧ ਚੁੱਕੀ ਸੀ ਕਿ ਯਹੋਵਾਹ ਨੇ ਇਕ ਬੇਨਾਮ ਨਬੀ ਨੂੰ ਏਲੀ ਕੋਲ ਭੇਜਿਆ ਤਾਂਕਿ ਉਹ ਉਸ ਨੂੰ ਯਹੋਵਾਹ ਵੱਲੋਂ ਸਖ਼ਤ ਸਜ਼ਾ ਸੁਣਾ ਸਕੇ। ਯਹੋਵਾਹ ਨੇ ਏਲੀ ਨੂੰ ਪੁੱਛਿਆ: ‘ਤੂੰ ਕਿਉਂ ਆਪਣੇ ਪੁੱਤ੍ਰਾਂ ਦਾ ਮੇਰੇ ਨਾਲੋਂ ਵਧੀਕ ਆਦਰ ਕਰਦਾ ਹੈਂ?’ ਫਿਰ ਪਰਮੇਸ਼ੁਰ ਨੇ ਭਵਿੱਖਬਾਣੀ ਕੀਤੀ ਕਿ ਏਲੀ ਦੇ ਦੁਸ਼ਟ ਮੁੰਡੇ ਇੱਕੋ ਹੀ ਦਿਨ ਮਰ ਜਾਣਗੇ ਅਤੇ ਉਸ ਦੇ ਪਰਿਵਾਰ ਨੂੰ ਵੀ ਬਹੁਤ ਦੁੱਖ ਸਹਿਣੇ ਪੈਣਗੇ, ਇੱਥੋਂ ਤਕ ਕਿ ਉਸ ਦੇ ਘਰਾਣੇ ਕੋਲੋਂ ਪੁਜਾਰੀਆਂ ਵਜੋਂ ਸੇਵਾ ਕਰਨ ਦਾ ਹੱਕ ਵੀ ਖੋਹ ਲਿਆ ਜਾਵੇਗਾ। ਕੀ ਇਹ ਜ਼ਬਰਦਸਤ ਚੇਤਾਵਨੀ ਸੁਣ ਕੇ ਉਸ ਪਰਿਵਾਰ ਨੇ ਆਪਣੇ ਆਪ ਨੂੰ ਬਦਲਿਆ? ਬਾਈਬਲ ਦੱਸਦੀ ਹੈ ਕਿ ਇਹ ਚੇਤਾਵਨੀ ਸੁਣਨ ਤੋਂ ਬਾਅਦ ਵੀ ਏਲੀ ਅਤੇ ਉਸ ਦੇ ਪੁੱਤਰਾਂ ਦੇ ਕੰਨ ’ਤੇ ਜੂੰ ਤਕ ਨਹੀਂ ਸਰਕੀ।​—1 ਸਮੂ. 2:27–3:1.

16. (ੳ) ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸਮੂਏਲ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਗਿਆ? (ਅ) ਕੀ ਇਹ ਗੱਲਾਂ ਜਾਣ ਕੇ ਤੁਹਾਡੇ ਦਿਲ ਨੂੰ ਖ਼ੁਸ਼ੀ ਨਹੀਂ ਹੁੰਦੀ? ਸਮਝਾਓ।

16 ਇਸ ਸਭ ਦਾ ਸਮੂਏਲ ’ਤੇ ਕੀ ਅਸਰ ਪਿਆ? ਬਾਈਬਲ ਵਿਚ ਸਿਰਫ਼ ਏਲੀ ਤੇ ਉਸ ਦੇ ਮੁੰਡਿਆਂ ਦੀਆਂ ਕਰਤੂਤਾਂ ਬਾਰੇ ਹੀ ਨਹੀਂ ਦੱਸਿਆ ਗਿਆ, ਸਗੋਂ ਸਾਨੂੰ ਚੰਗੀ ਗੱਲ ਵੀ ਦੱਸੀ ਗਈ ਹੈ ਕਿ ਜਿੱਦਾਂ-ਜਿੱਦਾਂ ਸਮੂਏਲ ਵੱਡਾ ਹੁੰਦਾ ਗਿਆ, ਉਹ ਯਹੋਵਾਹ ਦੀ ਸੇਵਾ ਹੋਰ ਵੀ ਜੋਸ਼ ਨਾਲ ਕਰਦਾ ਗਿਆ। ਯਾਦ ਕਰੋ ਕਿ 1 ਸਮੂਏਲ 2:18 ਵਿਚ ਅਸੀਂ ਪੜ੍ਹਦੇ ਹਾਂ ਕਿ ਸਮੂਏਲ ਛੋਟਾ ਹੁੰਦਾ ਵਫ਼ਾਦਾਰੀ ਨਾਲ “ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।” ਛੋਟੀ ਉਮਰ ਤੋਂ ਹੀ ਉਸ ਦਾ ਧਿਆਨ ਯਹੋਵਾਹ ਦੀ ਸੇਵਾ ’ਤੇ ਲੱਗਾ ਹੋਇਆ ਸੀ। ਇਸੇ ਅਧਿਆਇ ਦੀ 21ਵੀਂ ਆਇਤ ਵਿਚ ਅਸੀਂ ਇਕ ਹੋਰ ਵਧੀਆ ਗੱਲ ਪੜ੍ਹਦੇ ਹਾਂ ਕਿ “ਉਹ ਮੁੰਡਾ ਸਮੂਏਲ ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ।” ਉਹ ਜਿੱਦਾਂ-ਜਿੱਦਾਂ ਵੱਡਾ ਹੁੰਦਾ ਗਿਆ, ਉਸ ਦਾ ਰਿਸ਼ਤਾ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਹੋਰ ਵੀ ਗਹਿਰਾ ਹੁੰਦਾ ਗਿਆ। ਵਾਕਈ, ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਹੋਣ ਕਰਕੇ ਹੀ ਉਹ ਬੁਰੇ ਹਾਲਾਤਾਂ ਵਿਚ ਪਵਿੱਤਰ ਰਹਿ ਸਕਿਆ।

1718. (ੳ) ਦੂਸਰਿਆਂ ਨੂੰ ਭੈੜੇ ਕੰਮ ਕਰਦੇ ਦੇਖ ਕੇ ਮਸੀਹੀ ਨੌਜਵਾਨ ਸਮੂਏਲ ਦੀ ਰੀਸ ਕਿਵੇਂ ਕਰ ਸਕਦੇ ਹਨ? (ਅ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਸਮੂਏਲ ਨੇ ਸਹੀ ਰਾਹ ਚੁਣਿਆ ਸੀ?

17 ਸਮੂਏਲ ਸੋਚ ਸਕਦਾ ਸੀ ਕਿ ਜੇ ਮਹਾਂ ਪੁਜਾਰੀ ਅਤੇ ਉਸ ਦੇ ਮੁੰਡੇ ਪਾਪ ਕਰ ਸਕਦੇ ਹਨ, ਤਾਂ ਉਹ ਕਿਉਂ ਪਿੱਛੇ ਰਹੇ। ਪਰ ਦੂਜਿਆਂ ਦੇ, ਖ਼ਾਸ ਕਰਕੇ ਅਧਿਕਾਰ ਰੱਖਣ ਵਾਲਿਆਂ ਦੇ ਬੁਰੇ ਕੰਮਾਂ ਕਰਕੇ ਸਾਨੂੰ ਪਾਪ ਕਰਨ ਦੇ ਬਹਾਨੇ ਨਹੀਂ ਬਣਾਉਣੇ ਚਾਹੀਦੇ। ਸਮੂਏਲ ਵਾਂਗ ਅੱਜ ਵੀ ਬਹੁਤ ਸਾਰੇ ਨੌਜਵਾਨਾਂ ਨੇ ਯਹੋਵਾਹ ਨਾਲ ਰਿਸ਼ਤਾ ਕਾਇਮ ਕੀਤਾ ਹੈ, ਭਾਵੇਂ ਦੂਸਰੇ ਉਨ੍ਹਾਂ ਦੇ ਸਾਮ੍ਹਣੇ ਚੰਗੀ ਮਿਸਾਲ ਨਹੀਂ ਰੱਖਦੇ। ਇਸ ਤਰ੍ਹਾਂ ਉਹ ‘ਅੱਗੇ ਵੱਡੇ ਹੋ ਰਹੇ’ ਹਨ।

18 ਸੋ ਯਹੋਵਾਹ ਦਾ ਕਹਿਣਾ ਮੰਨ ਕੇ ਸਮੂਏਲ ਨੂੰ ਕੀ ਫ਼ਾਇਦਾ ਹੋਇਆ? ਬਾਈਬਲ ਕਹਿੰਦੀ ਹੈ: “ਉਹ ਮੁੰਡਾ ਸਮੂਏਲ ਵਧਦਾ ਗਿਆ ਅਤੇ ਯਹੋਵਾਹ ਅਰ ਮਨੁੱਖਾਂ ਦੇ ਅੱਗੇ ਮੰਨਿਆ ਪਰਮੰਨਿਆ ਸੀ।” (1 ਸਮੂ. 2:26) ਬਹੁਤ ਸਾਰੇ ਲੋਕ ਸਮੂਏਲ ਨੂੰ ਪਸੰਦ ਕਰਦੇ ਸਨ, ਖ਼ਾਸ ਕਰਕੇ ਜਿਨ੍ਹਾਂ ਦੀ ਸਲਾਹ ਉਸ ਲਈ ਮਾਅਨੇ ਰੱਖਦੀ ਸੀ। ਸਭ ਤੋਂ ਵਧੀਆ ਗੱਲ ਇਹ ਸੀ ਕਿ ਖ਼ੁਦ ਯਹੋਵਾਹ ਇਸ ਮੁੰਡੇ ਦੀ ਵਫ਼ਾਦਾਰੀ ਤੋਂ ਖ਼ੁਸ਼ ਸੀ। ਨਾਲੇ ਸਮੂਏਲ ਨੂੰ ਪੱਕਾ ਪਤਾ ਸੀ ਕਿ ਪਰਮੇਸ਼ੁਰ ਸ਼ੀਲੋਹ ਵਿਚ ਹੋ ਰਹੀ ਬੁਰਾਈ ਖ਼ਿਲਾਫ਼ ਕਦਮ ਚੁੱਕੇਗਾ, ਪਰ ਸ਼ਾਇਦ ਉਹ ਸੋਚਦਾ ਹੋਣਾ ਕਿ ਕਦੋਂ। ਇਕ ਰਾਤ ਸਮੂਏਲ ਨੂੰ ਇਸ ਸਵਾਲ ਦਾ ਜਵਾਬ ਮਿਲ ਹੀ ਗਿਆ।

“ਫ਼ਰਮਾ ਕਿਉਂ ਜੋ ਤੇਰਾ ਦਾਸ ਸੁਣਦਾ ਹੈ”

19, 20. (ੳ) ਦੱਸੋ ਕਿ ਸਵੇਰ ਹੋਣ ਤੋਂ ਪਹਿਲਾਂ ਸਮੂਏਲ ਨਾਲ ਕੀ ਹੋਇਆ। (ਅ) ਸਮੂਏਲ ਨੂੰ ਕਿਵੇਂ ਪਤਾ ਲੱਗਾ ਕਿ ਸੰਦੇਸ਼ ਕਿਸ ਵੱਲੋਂ ਸੀ ਅਤੇ ਉਹ ਏਲੀ ਨਾਲ ਕਿਵੇਂ ਪੇਸ਼ ਆਇਆ?

19 ਸਵੇਰ ਹੋਣ ਵਾਲੀ ਸੀ, ਪਰ ਅਜੇ ਹਨੇਰਾ ਛਾਇਆ ਹੋਇਆ ਸੀ। ਡੇਰੇ ਵਿਚ ਦੀਵਾ ਮੱਧਮ ਰੌਸ਼ਨੀ ਦੇ ਰਿਹਾ ਸੀ। ਇਸ ਖ਼ਾਮੋਸ਼ੀ ਵਿਚ ਕਿਸੇ ਨੇ ਸਮੂਏਲ ਨੂੰ ਨਾਂ ਲੈ ਕੇ ਪੁਕਾਰਿਆ। ਉਸ ਨੇ ਸੋਚਿਆ ਕਿ ਇਹ ਏਲੀ ਦੀ ਆਵਾਜ਼ ਸੀ। ਏਲੀ ਬਹੁਤ ਬੁੱਢਾ ਹੋ ਚੁੱਕਾ ਸੀ ਅਤੇ ਉਸ ਦੀ ਨਿਗਾਹ ਬਹੁਤ ਕਮਜ਼ੋਰ ਹੋ ਚੁੱਕੀ ਸੀ। ਸਮੂਏਲ ਨੰਗੇ ਪੈਰੀਂ “ਭੱਜ ਕੇ” ਏਲੀ ਕੋਲ ਗਿਆ। ਇਹ ਜਾਣ ਕੇ ਸਾਨੂੰ ਕਿੰਨਾ ਚੰਗਾ ਲੱਗਦਾ ਹੈ ਕਿ ਸਮੂਏਲ ਅਜੇ ਵੀ ਏਲੀ ਨਾਲ ਪਿਆਰ ਅਤੇ ਇੱਜ਼ਤ ਨਾਲ ਪੇਸ਼ ਆਉਂਦਾ ਸੀ। ਵੱਡੀਆਂ ਗ਼ਲਤੀਆਂ ਕਰਨ ਦੇ ਬਾਵਜੂਦ ਏਲੀ ਅਜੇ ਵੀ ਮਹਾਂ ਪੁਜਾਰੀ ਸੀ।​—1 ਸਮੂ. 3:2-5.

20 ਸਮੂਏਲ ਨੇ ਏਲੀ ਨੂੰ ਉਠਾ ਕੇ ਕਿਹਾ: “ਤੈਂ ਜੋ ਮੈਨੂੰ ਸੱਦਿਆ ਸੋ ਮੈਂ ਹਾਜ਼ਰ ਹਾਂ।” ਪਰ ਏਲੀ ਨੇ ਸਮੂਏਲ ਨੂੰ ਕਿਹਾ: ‘ਮੈਂ ਤਾਂ ਨਹੀਂ ਸੱਦਿਆ। ਫੇਰ ਲੰਮਾ ਪੈ ਜਾ।’ ਸੋ ਇੱਦਾਂ ਤਿੰਨ ਵਾਰੀ ਹੋਇਆ। ਆਖ਼ਰਕਾਰ ਏਲੀ ਸਾਰੀ ਗੱਲ ਸਮਝ ਗਿਆ। ਉਸ ਸਮੇਂ ਯਹੋਵਾਹ ਘੱਟ ਹੀ ਆਪਣੇ ਲੋਕਾਂ ਨੂੰ ਦਰਸ਼ਣ ਦਿਖਾਉਂਦਾ ਜਾਂ ਸੰਦੇਸ਼ ਦਿੰਦਾ ਸੀ ਅਤੇ ਅਸੀਂ ਸਮਝ ਸਕਦੇ ਹਾਂ ਕਿ ਇੱਦਾਂ ਕਿਉਂ ਸੀ। ਏਲੀ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਦੁਬਾਰਾ ਗੱਲ ਕਰਨ ਲੱਗ ਪਿਆ ਸੀ, ਪਰ ਹੁਣ ਇਸ ਮੁੰਡੇ ਨਾਲ! ਏਲੀ ਨੇ ਸਮੂਏਲ ਨੂੰ ਦੁਬਾਰਾ ਜਾ ਕੇ ਸੌਣ ਲਈ ਕਿਹਾ ਅਤੇ ਦੱਸਿਆ ਕਿ ਜੇ ਦੁਬਾਰਾ ਆਵਾਜ਼ ਆਵੇ, ਤਾਂ ਉਹ ਕੀ ਕਰੇ। ਸਮੂਏਲ ਨੇ ਉਸ ਦੀ ਗੱਲ ਮੰਨੀ। ਫਿਰ ਉਹੀ ਆਵਾਜ਼ ਆਈ: “ਸਮੂਏਲ, ਸਮੂਏਲ।” ਸਮੂਏਲ ਨੇ ਜਵਾਬ ਦਿੱਤਾ: “ਫ਼ਰਮਾ ਕਿਉਂ ਜੋ ਤੇਰਾ ਦਾਸ ਸੁਣਦਾ ਹੈ।”​—1 ਸਮੂ. 3:1, 5-10.

21. ਅੱਜ ਅਸੀਂ ਯਹੋਵਾਹ ਦੀ ਕਿਵੇਂ ਸੁਣ ਸਕਦੇ ਹਾਂ ਅਤੇ ਇੱਦਾਂ ਕਰਨਾ ਫ਼ਾਇਦੇਮੰਦ ਕਿਉਂ ਹੈ?

21 ਅਖ਼ੀਰ ਸ਼ੀਲੋਹ ਵਿਚ ਯਹੋਵਾਹ ਨੂੰ ਇਕ ਦਾਸ ਮਿਲ ਹੀ ਗਿਆ ਜੋ ਉਸ ਦੀ ਆਵਾਜ਼ ਸੁਣ ਰਿਹਾ ਸੀ। ਸਮੂਏਲ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦੀ ਗੱਲ ਸੁਣਦਾ ਰਿਹਾ। ਕੀ ਤੁਸੀਂ ਯਹੋਵਾਹ ਦੀ ਗੱਲ ਸੁਣਦੇ ਹੋ? ਪਰ ਸਾਨੂੰ ਇਸ ਗੱਲ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਕਿ ਰਾਤ ਨੂੰ ਸਾਨੂੰ ਸਵਰਗੋਂ ਕੋਈ ਆਵਾਜ਼ ਸੁਣਾਈ ਦੇਵੇ। ਅੱਜ ਅਸੀਂ ਪਰਮੇਸ਼ੁਰ ਦੀ ਆਵਾਜ਼ ਹਮੇਸ਼ਾ ਉਸ ਦੇ ਬਚਨ ਵਿੱਚੋਂ ਸੁਣ ਸਕਦੇ ਹਾਂ। ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੀ ਆਵਾਜ਼ ਸੁਣ ਕੇ ਇਸ ਅਨੁਸਾਰ ਚੱਲਾਂਗੇ, ਉੱਨੀ ਹੀ ਸਾਡੀ ਨਿਹਚਾ ਵਧੇਗੀ। ਸਮੂਏਲ ਨਾਲ ਇੱਦਾਂ ਹੀ ਹੋਇਆ।

ਡਰ ਦੇ ਬਾਵਜੂਦ ਸਮੂਏਲ ਨੇ ਵਫ਼ਾਦਾਰੀ ਨਾਲ ਏਲੀ ਨੂੰ ਯਹੋਵਾਹ ਦਾ ਸੰਦੇਸ਼ ਦਿੱਤਾ

22, 23. (ੳ) ਪਹਿਲਾਂ ਜਿਸ ਸੰਦੇਸ਼ ਨੂੰ ਸੁਣਾਉਣ ਤੋਂ ਸਮੂਏਲ ਨੂੰ ਡਰ ਲੱਗਾ ਸੀ, ਉਹ ਕਿਵੇਂ ਪੂਰਾ ਹੋਇਆ? (ਅ) ਸਮੂਏਲ ਦੀ ਨੇਕਨਾਮੀ ਹਰ ਪਾਸੇ ਕਿਵੇਂ ਹੋ ਗਈ?

22 ਸ਼ੀਲੋਹ ਵਿਚ ਉਹ ਰਾਤ ਸਮੂਏਲ ਦੀ ਜ਼ਿੰਦਗੀ ਦੀ ਅਹਿਮ ਰਾਤ ਸੀ ਕਿਉਂਕਿ ਹੁਣ ਉਸ ਦਾ ਯਹੋਵਾਹ ਦੇ ਨਾਲ ਇਕ ਖ਼ਾਸ ਰਿਸ਼ਤਾ ਬਣ ਗਿਆ ਸੀ। ਉਹ ਪਰਮੇਸ਼ੁਰ ਦਾ ਨਬੀ ਅਤੇ ਬੁਲਾਰਾ ਬਣ ਗਿਆ ਸੀ। ਪਹਿਲਾਂ ਤਾਂ ਇਸ ਮੁੰਡੇ ਨੂੰ ਯਹੋਵਾਹ ਦਾ ਸੰਦੇਸ਼ ਏਲੀ ਨੂੰ ਸੁਣਾਉਣ ਤੋਂ ਡਰ ਲੱਗਾ ਕਿਉਂਕਿ ਏਲੀ ਦੇ ਘਰਾਣੇ ਨੂੰ ਪਰਮੇਸ਼ੁਰ ਵੱਲੋਂ ਸੁਣਾਈ ਸਜ਼ਾ ਜਲਦੀ ਹੀ ਮਿਲਣ ਵਾਲੀ ਸੀ। ਪਰ ਫਿਰ ਸਮੂਏਲ ਨੇ ਬੜੀ ਬਹਾਦਰੀ ਨਾਲ ਏਲੀ ਨਾਲ ਗੱਲ ਕੀਤੀ ਅਤੇ ਏਲੀ ਨੇ ਇਸ ਸਜ਼ਾ ਨੂੰ ਕਬੂਲ ਕੀਤਾ। ਛੇਤੀ ਹੀ ਯਹੋਵਾਹ ਦੀ ਕਹੀ ਹਰ ਗੱਲ ਪੂਰੀ ਹੋ ਗਈ। ਇਜ਼ਰਾਈਲੀ ਫਲਿਸਤੀਆਂ ਨਾਲ ਲੜਨ ਨੂੰ ਨਿਕਲੇ ਅਤੇ ਹਾਫ਼ਨੀ ਤੇ ਫੀਨਹਾਸ ਇੱਕੋ ਦਿਨ ਮਾਰੇ ਗਏ। ਫਲਿਸਤੀਆਂ ਵੱਲੋਂ ਯਹੋਵਾਹ ਦੇ ਪਵਿੱਤਰ ਸੰਦੂਕ ਉੱਤੇ ਕਬਜ਼ਾ ਕੀਤੇ ਜਾਣ ਦੀ ਖ਼ਬਰ ਸੁਣਦਿਆਂ ਹੀ ਏਲੀ ਦੀ ਮੌਤ ਹੋ ਗਈ।—1 ਸਮੂ. 3:10-18; 4:1-18.

23 ਪਰ ਇਕ ਵਫ਼ਾਦਾਰ ਨਬੀ ਵਜੋਂ ਸਮੂਏਲ ਦੀ ਨੇਕਨਾਮੀ ਹਰ ਪਾਸੇ ਹੋ ਗਈ। ਬਾਈਬਲ ਕਹਿੰਦੀ ਹੈ: “ਸਮੂਏਲ ਵਧਦਾ ਗਿਆ ਅਤੇ ਯਹੋਵਾਹ ਉਹ ਦੇ ਸੰਗ ਸੀ।” ਯਹੋਵਾਹ ਨੇ ਸਮੂਏਲ ਦੁਆਰਾ ਕੀਤੀ ਹਰ ਭਵਿੱਖਬਾਣੀ ਪੂਰੀ ਕੀਤੀ।​—1 ਸਮੂਏਲ 3:19 ਪੜ੍ਹੋ।

“ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ”

24. ਸਮੇਂ ਦੇ ਬੀਤਣ ਨਾਲ ਇਜ਼ਰਾਈਲੀਆਂ ਨੇ ਕਿਹੜਾ ਫ਼ੈਸਲਾ ਕੀਤਾ ਅਤੇ ਇਹ ਗੰਭੀਰ ਪਾਪ ਕਿਉਂ ਸੀ?

24 ਕੀ ਇਜ਼ਰਾਈਲੀ ਸਮੂਏਲ ਵਾਂਗ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ ਸਨ? ਨਹੀਂ। ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਕੋਈ ਨਬੀ ਨਹੀਂ, ਸਗੋਂ ਦੂਜੀਆਂ ਕੌਮਾਂ ਵਾਂਗ ਇਕ ਰਾਜਾ ਉਨ੍ਹਾਂ ਦਾ ਨਿਆਂ ਕਰੇ। ਯਹੋਵਾਹ ਦੇ ਕਹਿਣ ਤੇ ਸਮੂਏਲ ਨੇ ਉਨ੍ਹਾਂ ਦੀ ਗੱਲ ਸੁਣੀ। ਪਰ ਉਸ ਨੂੰ ਲੋਕਾਂ ਨੂੰ ਇਹ ਸਮਝਾਉਣ ਦੀ ਲੋੜ ਸੀ ਕਿ ਉਹ ਕਿੰਨਾ ਵੱਡਾ ਪਾਪ ਕਰਨ ਜਾ ਰਹੇ ਸਨ। ਉਹ ਕਿਸੇ ਇਨਸਾਨ ਨੂੰ ਨਹੀਂ, ਬਲਕਿ ਖ਼ੁਦ ਯਹੋਵਾਹ ਨੂੰ ਠੁਕਰਾ ਰਹੇ ਸਨ! ਇਸ ਲਈ ਸਮੂਏਲ ਨੇ ਲੋਕਾਂ ਨੂੰ ਗਿਲਗਾਲ ਬੁਲਾਇਆ।

ਯਹੋਵਾਹ ਨੇ ਜ਼ੋਰਦਾਰ ਮੀਂਹ ਪਾ ਕੇ ਸਮੂਏਲ ਦੀ ਨਿਹਚਾ ਨਾਲ ਕੀਤੀ ਪ੍ਰਾਰਥਨਾ ਦਾ ਜਵਾਬ ਦਿੱਤਾ

25, 26. ਗਿਲਗਾਲ ਵਿਚ ਬਜ਼ੁਰਗ ਸਮੂਏਲ ਨੇ ਆਪਣੇ ਲੋਕਾਂ ਦੀ ਇਹ ਸਮਝਣ ਵਿਚ ਕਿਵੇਂ ਮਦਦ ਕੀਤੀ ਕਿ ਉਨ੍ਹਾਂ ਨੇ ਯਹੋਵਾਹ ਖ਼ਿਲਾਫ਼ ਕਿੰਨਾ ਵੱਡਾ ਪਾਪ ਕੀਤਾ ਸੀ?

25 ਆਓ ਆਪਾਂ ਫਿਰ ਵਾਪਸ ਉਸ ਸਮੇਂ ਵਿਚ ਜਾਈਏ ਜਦੋਂ ਸਮੂਏਲ ਗਿਲਗਾਲ ਵਿਚ ਇਜ਼ਰਾਈਲੀਆਂ ਨਾਲ ਗੱਲ ਕਰ ਰਿਹਾ ਸੀ। ਇੱਥੇ ਬਜ਼ੁਰਗ ਸਮੂਏਲ ਨੇ ਇਜ਼ਰਾਈਲੀਆਂ ਨੂੰ ਆਪਣੀ ਵਫ਼ਾਦਾਰੀ ਬਾਰੇ ਦੱਸਿਆ। ਫਿਰ ਅਸੀਂ ਪੜ੍ਹਦੇ ਹਾਂ ਕਿ “ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ।” ਉਸ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ ਬੱਦਲ ਗਰਜਣ ਤੇ ਮੀਂਹ ਪਵੇ।​—1 ਸਮੂ. 12:17, 18.

26 ਬੱਦਲ ਗਰਜਣ ਤੇ ਮੀਂਹ ਪਵੇ? ਉਹ ਵੀ ਗਰਮੀਆਂ ਦੇ ਖ਼ੁਸ਼ਕ ਮੌਸਮ ਵਿਚ? ਇੱਦਾਂ ਪਹਿਲਾਂ ਤਾਂ ਕਦੇ ਨਹੀਂ ਹੋਇਆ! ਜੇ ਲੋਕਾਂ ਨੂੰ ਲੱਗਦਾ ਸੀ ਕਿ ਇੱਦਾਂ ਨਹੀਂ ਹੋ ਸਕਦਾ ਜਾਂ ਜੇ ਉਨ੍ਹਾਂ ਨੇ ਸਮੂਏਲ ਦਾ ਮਜ਼ਾਕ ਉਡਾਇਆ ਹੋਣਾ, ਤਾਂ ਬਹੁਤੀ ਦੇਰ ਨਹੀਂ। ਅਚਾਨਕ ਹੀ ਕਾਲੇ ਬੱਦਲ ਛਾ ਗਏ। ਤੇਜ਼ ਹਵਾਵਾਂ ਨੇ ਖੇਤਾਂ ਵਿਚ ਕਣਕਾਂ ਨੂੰ ਤਬਾਹ ਕਰ ਦਿੱਤਾ। ਬੱਦਲ ਜ਼ੋਰ-ਜ਼ੋਰ ਨਾਲ ਗਰਜੇ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਦਾ ਨਤੀਜਾ ਕੀ ਨਿਕਲਿਆ? “ਤਦ ਸਭ ਲੋਕ ਯਹੋਵਾਹ ਕੋਲੋਂ ਅਤੇ ਸਮੂਏਲ ਕੋਲੋਂ ਵੱਡੇ ਡਹਿਲ ਗਏ।” ਹੁਣ ਉਨ੍ਹਾਂ ਨੂੰ ਸੁਰਤ ਆਈ ਕਿ ਉਨ੍ਹਾਂ ਨੇ ਕਿੰਨਾ ਵੱਡਾ ਪਾਪ ਕੀਤਾ ਸੀ!​—1 ਸਮੂ. 12:18, 19.

27. ਯਹੋਵਾਹ ਉਨ੍ਹਾਂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਸਮੂਏਲ ਦੀ ਨਿਹਚਾ ਦੀ ਰੀਸ ਕਰਦੇ ਹਨ?

27 ਸਮੂਏਲ ਨੇ ਨਹੀਂ, ਸਗੋਂ ਉਸ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੇ ਪੱਥਰ-ਦਿਲਾਂ ਨੂੰ ਛੋਹਿਆ ਸੀ। ਬਚਪਨ ਤੋਂ ਲੈ ਕੇ ਬੁਢਾਪੇ ਤਕ ਸਮੂਏਲ ਨੇ ਪਰਮੇਸ਼ੁਰ ਉੱਤੇ ਨਿਹਚਾ ਰੱਖੀ। ਇਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ। ਯਹੋਵਾਹ ਅੱਜ ਵੀ ਬਦਲਿਆ ਨਹੀਂ ਹੈ। ਉਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਸਮੂਏਲ ਦੀ ਨਿਹਚਾ ਦੀ ਰੀਸ ਕਰਦੇ ਹਨ।

^ ਪੈਰਾ 5 ਨਜ਼ੀਰਾਂ ਦੀ ਸੁੱਖਣਾ ਸੁੱਖਣ ਵਿਚ ਇਹ ਸ਼ਾਮਲ ਸੀ ਕਿ ਉਹ ਨਾ ਤਾਂ ਸ਼ਰਾਬ ਨੂੰ ਹੱਥ ਲਾਉਣਗੇ ਤੇ ਨਾ ਹੀ ਆਪਣੇ ਵਾਲ਼ ਕੱਟਣਗੇ। ਕਈ ਲੋਕ ਥੋੜ੍ਹੇ ਸਮੇਂ ਲਈ ਸੁੱਖਣਾ ਸੁੱਖਦੇ ਸਨ। ਪਰ ਕੁਝ ਲੋਕ ਉਮਰ ਭਰ ਨਜ਼ੀਰ ਬਣੇ ਰਹੇ ਜਿਵੇਂ ਕਿ ਸਮਸੂਨ, ਸਮੂਏਲ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ।

^ ਪੈਰਾ 9 ਪਵਿੱਤਰ ਜਗ੍ਹਾ ਦੀ ਲੰਬਾਈ ਲਗਭਗ 44 ਫੁੱਟ ਅਤੇ ਚੌੜਾਈ ਸਾਢੇ 14 ਫੁੱਟ ਸੀ। ਇਸ ਦਾ ਢਾਂਚਾ ਲੱਕੜ ਦਾ ਸੀ ਅਤੇ ਦੇਖਣ ਨੂੰ ਇਹ ਤੰਬੂ ਵਰਗਾ ਲੱਗਦਾ ਸੀ। ਇਸ ਨੂੰ ਬਣਾਉਣ ਲਈ ਕੀਮਤੀ ਚੀਜ਼ਾਂ ਵਰਤੀਆਂ ਗਈਆਂ ਸਨ ਜਿਵੇਂ ਕਿ ਸੀਲ ਦੀ ਖੱਲ ਦਾ ਕੱਪੜਾ, ਸੋਹਣੇ ਕਢਾਈ ਵਾਲੇ ਕੱਪੜੇ, ਸੋਨਾ-ਚਾਂਦੀ ਤੇ ਮਹਿੰਗੀਆਂ ਲੱਕੜਾਂ। ਇਹ ਪਵਿੱਤਰ ਸਥਾਨ ਇਕ ਵਿਹੜੇ ਵਿਚ ਸੀ ਜਿੱਥੇ ਬਲ਼ੀਆਂ ਚੜ੍ਹਾਉਣ ਲਈ ਇਕ ਵੱਡੀ ਸਾਰੀ ਜਗਵੇਦੀ ਵੀ ਸੀ। ਜ਼ਾਹਰ ਹੈ ਕਿ ਸਮੇਂ ਦੇ ਬੀਤਣ ਨਾਲ ਡੇਰੇ ਦੇ ਆਸੇ-ਪਾਸੇ ਪੁਜਾਰੀਆਂ ਵਾਸਤੇ ਕੋਠੜੀਆਂ ਬਣਾਈਆਂ ਗਈਆਂ। ਸ਼ਾਇਦ ਸਮੂਏਲ ਇਨ੍ਹਾਂ ਵਿੱਚੋਂ ਕਿਸੇ ਇਕ ਕੋਠੜੀ ਵਿਚ ਸੌਂਦਾ ਹੋਵੇਗਾ।

^ ਪੈਰਾ 12 ਬਾਈਬਲ ਵਿਚ ਉਨ੍ਹਾਂ ਦੇ ਅਪਮਾਨਜਨਕ ਕੰਮਾਂ ਦੀਆਂ ਦੋ ਮਿਸਾਲਾਂ ਦੱਸੀਆਂ ਗਈਆਂ ਹਨ। ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਬਲ਼ੀਆਂ ਦੇ ਕਿਹੜੇ-ਕਿਹੜੇ ਟੁਕੜੇ ਪੁਜਾਰੀਆਂ ਦੇ ਹਿੱਸੇ ਆਉਣੇ ਸਨ। (ਬਿਵ. 18:3) ਪਰ ਡੇਰੇ ਵਿਚ ਇਨ੍ਹਾਂ ਭੈੜੇ ਪੁਜਾਰੀਆਂ ਨੇ ਕੁਝ ਹੋਰ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਸੇਵਾਦਾਰ ਕੜਾਹੇ ਵਿਚ ਉਬਲ਼ ਰਹੇ ਮੀਟ ਵਿਚ ਵੱਡਾ ਕਾਂਟਾ ਖੋਭ ਕੇ ਵਧੀਆ-ਵਧੀਆ ਟੁਕੜੇ ਕੱਢ ਲੈਂਦੇ ਸਨ। ਨਾਲੇ ਇਨ੍ਹਾਂ ਦੁਸ਼ਟ ਪੁਜਾਰੀਆਂ ਦੇ ਸੇਵਾਦਾਰ ਧੱਕੇਸ਼ਾਹੀ ਕਰਦੇ ਹੋਏ ਲੋਕਾਂ ਤੋਂ ਯਹੋਵਾਹ ਸਾਮ੍ਹਣੇ ਚਰਬੀ ਭੇਟ ਕਰਨ ਤੋਂ ਪਹਿਲਾਂ ਹੀ ਕੱਚਾ ਮਾਸ ਮੰਗਦੇ ਸਨ।​—ਲੇਵੀ. 3:3-5; 1 ਸਮੂ. 2:13-17.