ਪਾਠ 14
ਪਰਮੇਸ਼ੁਰ ਨੂੰ ਕਿਹੋ ਜਿਹੀ ਭਗਤੀ ਮਨਜ਼ੂਰ ਹੈ?
ਜਿਵੇਂ ਅਸੀਂ ਪਿਛਲੇ ਪਾਠ ਵਿਚ ਦੇਖਿਆ ਸੀ, ਪਰਮੇਸ਼ੁਰ ਸਾਰੇ ਧਰਮਾਂ ਤੋਂ ਖ਼ੁਸ਼ ਨਹੀਂ ਹੁੰਦਾ। ਤਾਂ ਫਿਰ ਪਰਮੇਸ਼ੁਰ ਕਿਹੋ ਜਿਹੀ “ਭਗਤੀ [ਜਾਂ ਧਰਮ]” ਤੋਂ ਖ਼ੁਸ਼ ਹੁੰਦਾ ਹੈ? (ਯਾਕੂਬ 1:27, ਫੁਟਨੋਟ) ਆਓ ਦੇਖੀਏ ਕਿ ਬਾਈਬਲ ਵਿਚ ਇਸ ਬਾਰੇ ਕੀ ਦੱਸਿਆ ਗਿਆ ਹੈ।
1. ਸਾਡੀ ਭਗਤੀ ਕਿਸ ʼਤੇ ਆਧਾਰਿਤ ਹੋਣੀ ਚਾਹੀਦੀ ਹੈ?
ਯਿਸੂ ਨੇ ਪਰਮੇਸ਼ੁਰ ਨੂੰ ਕਿਹਾ: “ਤੇਰਾ ਬਚਨ ਹੀ ਸੱਚਾਈ ਹੈ।” (ਯੂਹੰਨਾ 17:17) ਇਸ ਲਈ ਸਾਡੀ ਭਗਤੀ ਬਾਈਬਲ ʼਤੇ ਆਧਾਰਿਤ ਹੋਣੀ ਚਾਹੀਦੀ ਹੈ। ਪਰ ਕਈ ਧਾਰਮਿਕ ਆਗੂ ਪਰਮੇਸ਼ੁਰ ਦੇ ਬਚਨ ਤੋਂ ਸਿਖਾਉਣ ਦੀ ਬਜਾਇ ਇਨਸਾਨਾਂ ਦੇ ਵਿਚਾਰ ਅਤੇ ਰੀਤੀ-ਰਿਵਾਜ ਸਿਖਾਉਂਦੇ ਹਨ। ਯਹੋਵਾਹ ਅਜਿਹੇ ਲੋਕਾਂ ਤੋਂ ਖ਼ੁਸ਼ ਨਹੀਂ ਹੁੰਦਾ ਜੋ ‘ਉਸ ਦੇ ਹੁਕਮਾਂ ਨੂੰ ਟਾਲ਼ ਦਿੰਦੇ’ ਹਨ ਯਾਨੀ ਜਿਹੜੇ ਉਸ ਦੇ ਹੁਕਮ ਨਹੀਂ ਮੰਨਦੇ। (ਮਰਕੁਸ 7:9 ਪੜ੍ਹੋ।) ਪਰ ਜੇ ਅਸੀਂ ਬਾਈਬਲ ਮੁਤਾਬਕ ਚੱਲੀਏ ਅਤੇ ਯਹੋਵਾਹ ਦਾ ਕਹਿਣਾ ਮੰਨੀਏ, ਤਾਂ ਉਹ ਸਾਡੇ ਤੋਂ ਖ਼ੁਸ਼ ਹੋਵੇਗਾ।
2. ਸਾਨੂੰ ਯਹੋਵਾਹ ਦੀ ਭਗਤੀ ਕਿਵੇਂ ਕਰਨੀ ਚਾਹੀਦੀ ਹੈ?
ਯਹੋਵਾਹ ਸਾਡਾ ਸ੍ਰਿਸ਼ਟੀਕਰਤਾ ਹੈ, ਇਸ ਲਈ ਉਹੀ ਸਾਡੀ ਭਗਤੀ ਦਾ ਹੱਕਦਾਰ ਹੈ। (ਪ੍ਰਕਾਸ਼ ਦੀ ਕਿਤਾਬ 4:11) ਇਸ ਦਾ ਮਤਲਬ ਹੈ ਕਿ ਸਾਨੂੰ ਉਸ ਨਾਲ ਦਿਲੋਂ ਪਿਆਰ ਕਰਨਾ ਚਾਹੀਦਾ ਹੈ ਅਤੇ ਸਿਰਫ਼ ਉਸੇ ਦੀ ਭਗਤੀ ਕਰਨੀ ਚਾਹੀਦੀ ਹੈ। ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਕਿਸੇ ਤਸਵੀਰ ਜਾਂ ਮੂਰਤੀ ਦਾ ਸਹਾਰਾ ਲੈ ਕੇ ਉਸ ਦੀ ਭਗਤੀ ਕਰੀਏ।—ਯਸਾਯਾਹ 42:8 ਪੜ੍ਹੋ।
ਸਾਡੀ ਭਗਤੀ “ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ” ਹੋਣੀ ਚਾਹੀਦੀ ਹੈ। (ਰੋਮੀਆਂ 12:1) ਇਸ ਦਾ ਮਤਲਬ ਹੈ ਕਿ ਸਾਨੂੰ ਸਹੀ-ਗ਼ਲਤ ਬਾਰੇ ਪਰਮੇਸ਼ੁਰ ਦੇ ਮਿਆਰਾਂ ʼਤੇ ਚੱਲਣਾ ਚਾਹੀਦਾ ਹੈ। ਮਿਸਾਲ ਲਈ, ਅਸੀਂ ਵਿਆਹ ਬਾਰੇ ਯਹੋਵਾਹ ਦੇ ਮਿਆਰਾਂ ʼਤੇ ਖ਼ੁਸ਼ੀ-ਖ਼ੁਸ਼ੀ ਚੱਲਦੇ ਹਾਂ ਕਿਉਂਕਿ ਸਾਨੂੰ ਯਹੋਵਾਹ ਨਾਲ ਪਿਆਰ ਹੈ। ਇਸ ਤੋਂ ਇਲਾਵਾ, ਅਸੀਂ ਅਜਿਹੇ ਕੰਮਾਂ ਤੋਂ ਦੂਰ ਰਹਿੰਦੇ ਹਾਂ ਜੋ ਯਹੋਵਾਹ ਨੂੰ ਪਸੰਦ ਨਹੀਂ ਹਨ ਅਤੇ ਜਿਨ੍ਹਾਂ ਤੋਂ ਸਾਨੂੰ ਨੁਕਸਾਨ ਪਹੁੰਚਦਾ ਹੈ, ਜਿਵੇਂ ਤਮਾਖੂ ਖਾਣਾ, ਨਸ਼ੇ ਕਰਨੇ ਅਤੇ ਬਹੁਤ ਜ਼ਿਆਦਾ ਸ਼ਰਾਬ ਪੀਣੀ। a
3. ਸਾਨੂੰ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਭਗਤੀ ਕਿਉਂ ਕਰਨੀ ਚਾਹੀਦੀ ਹੈ?
ਹਰ ਹਫ਼ਤੇ ਸਭਾਵਾਂ ਵਿਚ ਸਾਨੂੰ ਮੌਕਾ ਮਿਲਦਾ ਹੈ ਕਿ ਅਸੀਂ ‘ਮੰਡਲੀ ਵਿਚ ਯਹੋਵਾਹ ਦੀ ਮਹਿਮਾ’ ਕਰੀਏ। (ਜ਼ਬੂਰ 111:1, 2) ਯਹੋਵਾਹ ਦੀ ਮਹਿਮਾ ਕਰਨ ਦਾ ਇਕ ਤਰੀਕਾ ਹੈ, ਉਸ ਲਈ ਗੀਤ ਗਾਉਣੇ। (ਜ਼ਬੂਰ 104:33 ਪੜ੍ਹੋ।) ਯਹੋਵਾਹ ਸਾਨੂੰ ਪਿਆਰ ਕਰਦਾ ਹੈ, ਇਸ ਲਈ ਉਹ ਸਾਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਕਹਿੰਦਾ ਹੈ। ਉਸ ਨੂੰ ਪਤਾ ਹੈ ਕਿ ਇਨ੍ਹਾਂ ਸਭਾਵਾਂ ਵਿਚ ਮਿਲਣ ਵਾਲੀ ਸਿੱਖਿਆ ਕਰਕੇ ਅਸੀਂ ਹਮੇਸ਼ਾ ਲਈ ਖ਼ੁਸ਼ ਰਹਿ ਸਕਾਂਗੇ। ਸਭਾਵਾਂ ਵਿਚ ਅਸੀਂ ਨਾ ਸਿਰਫ਼ ਦੂਜਿਆਂ ਦਾ ਹੌਸਲਾ ਵਧਾਉਂਦੇ ਹਾਂ, ਸਗੋਂ ਸਾਡਾ ਵੀ ਹੌਸਲਾ ਵਧਦਾ ਹੈ।
ਹੋਰ ਸਿੱਖੋ
ਯਹੋਵਾਹ ਕਿਉਂ ਨਹੀਂ ਚਾਹੁੰਦਾ ਕਿ ਅਸੀਂ ਮੂਰਤੀਆਂ ਜਾਂ ਤਸਵੀਰਾਂ ਦਾ ਸਹਾਰਾ ਲੈ ਕੇ ਉਸ ਦੀ ਭਗਤੀ ਕਰੀਏ? ਅਸੀਂ ਕਿਨ੍ਹਾਂ ਅਹਿਮ ਤਰੀਕਿਆਂ ਨਾਲ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ? ਆਓ ਜਾਣੀਏ।
4. ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਮੂਰਤੀਆਂ ਦਾ ਸਹਾਰਾ ਲੈ ਕੇ ਉਸ ਦੀ ਭਗਤੀ ਕਰੀਏ
ਆਓ ਜਾਣੀਏ ਕਿ ਯਹੋਵਾਹ ਨੂੰ ਇਸ ਤਰ੍ਹਾਂ ਦੀ ਭਗਤੀ ਮਨਜ਼ੂਰ ਕਿਉਂ ਨਹੀਂ ਹੈ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
-
ਪੁਰਾਣੇ ਜ਼ਮਾਨੇ ਵਿਚ ਜਦ ਕੁਝ ਲੋਕਾਂ ਨੇ ਪਰਮੇਸ਼ੁਰ ਦੀ ਭਗਤੀ ਕਰਨ ਲਈ ਇਕ ਮੂਰਤ ਬਣਾਈ, ਤਾਂ ਕੀ ਹੋਇਆ?
ਕੁਝ ਲੋਕ ਕਹਿੰਦੇ ਹਨ ਕਿ ਜਦੋਂ ਉਹ ਕਿਸੇ ਮੂਰਤ ਦੀ ਪੂਜਾ ਕਰਦੇ ਹਨ, ਤਾਂ ਉਹ ਪਰਮੇਸ਼ੁਰ ਦੇ ਨੇੜੇ ਮਹਿਸੂਸ ਕਰਦੇ ਹਨ। ਪਰ ਕੀ ਇੱਦਾਂ ਕਰਨ ਨਾਲ ਉਹ ਪਰਮੇਸ਼ੁਰ ਦੇ ਨੇੜੇ ਹੁੰਦੇ ਹਨ ਜਾਂ ਉਸ ਤੋਂ ਦੂਰ? ਕੂਚ 20:4-6 ਅਤੇ ਜ਼ਬੂਰ 106:35, 36 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਤੁਸੀਂ ਲੋਕਾਂ ਨੂੰ ਕਿਨ੍ਹਾਂ ਚੀਜ਼ਾਂ ਦੀ ਭਗਤੀ ਕਰਦੇ ਦੇਖਿਆ ਹੈ?
-
ਮੂਰਤੀਆਂ ਦੀ ਪੂਜਾ ਬਾਰੇ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?
-
ਮੂਰਤੀਆਂ ਦੀ ਪੂਜਾ ਬਾਰੇ ਤੁਸੀਂ ਕੀ ਸੋਚਦੇ ਹੋ?
5. ਸਿਰਫ਼ ਯਹੋਵਾਹ ਦੀ ਭਗਤੀ ਕਰ ਕੇ ਹੀ ਅਸੀਂ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਹੁੰਦੇ ਹਾਂ
ਜਦੋਂ ਅਸੀਂ ਸਹੀ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਦੇ ਹਾਂ, ਤਾਂ ਅਸੀਂ ਝੂਠੀਆਂ ਸਿੱਖਿਆਵਾਂ ਅਤੇ ਅੰਧਵਿਸ਼ਵਾਸਾਂ ਤੋਂ ਆਜ਼ਾਦ ਹੋ ਜਾਂਦੇ ਹਾਂ। ਆਓ ਜਾਣੀਏ ਕਿਵੇਂ। ਵੀਡੀਓ ਦੇਖੋ।
ਜ਼ਬੂਰ 91:14 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਜਦੋਂ ਅਸੀਂ ਸਿਰਫ਼ ਯਹੋਵਾਹ ਦੀ ਭਗਤੀ ਕਰ ਕੇ ਉਸ ਲਈ ਪਿਆਰ ਦਿਖਾਉਂਦੇ ਹਾਂ, ਤਾਂ ਉਹ ਆਪਣਾ ਕਿਹੜਾ ਵਾਅਦਾ ਪੂਰਾ ਕਰੇਗਾ?
6. ਸਭਾਵਾਂ ਵਿਚ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ
ਸਭਾਵਾਂ ਵਿਚ ਗੀਤ ਗਾ ਕੇ ਅਤੇ ਜਵਾਬ ਦੇ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ ਅਤੇ ਇਕ-ਦੂਸਰੇ ਦਾ ਹੌਸਲਾ ਵੀ ਵਧਾਉਂਦੇ ਹਾਂ। ਜ਼ਬੂਰ 22:22 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਸਭਾਵਾਂ ਵਿਚ ਦੂਸਰਿਆਂ ਦੇ ਜਵਾਬ ਸੁਣ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ?
-
ਕੀ ਤੁਸੀਂ ਵੀ ਇਕ ਜਵਾਬ ਤਿਆਰ ਕਰਨਾ ਚਾਹੋਗੇ?
7. ਜਦ ਅਸੀਂ ਸਿੱਖੀਆਂ ਗੱਲਾਂ ਦੂਸਰਿਆਂ ਨੂੰ ਦੱਸਦੇ ਹਾਂ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ
ਅਸੀਂ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਦੂਸਰਿਆਂ ਨੂੰ ਦੱਸ ਸਕਦੇ ਹਾਂ। ਜ਼ਬੂਰ 9:1 ਅਤੇ 34:1 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਤੁਸੀਂ ਕਿਹੜੀਆਂ ਗੱਲਾਂ ਦੂਸਰਿਆਂ ਨੂੰ ਦੱਸਣੀਆਂ ਚਾਹੋਗੇ?
ਕੁਝ ਲੋਕਾਂ ਦਾ ਕਹਿਣਾ ਹੈ: “ਰੱਬ ਦੀ ਭਗਤੀ ਜਿੱਦਾਂ ਮਰਜ਼ੀ ਕਰੋ, ਬੱਸ ਦਿਲ ਸਾਫ਼ ਹੋਣਾ ਚਾਹੀਦਾ।”
-
ਤੁਸੀਂ ਕੀ ਸੋਚਦੇ ਹੋ?
ਹੁਣ ਤਕ ਅਸੀਂ ਸਿੱਖਿਆ
ਜਦੋਂ ਅਸੀਂ ਸਿਰਫ਼ ਆਪਣੇ ਸ੍ਰਿਸ਼ਟੀਕਰਤਾ ਯਹੋਵਾਹ ਦੀ ਭਗਤੀ ਕਰਦੇ ਹਾਂ, ਸਭਾਵਾਂ ਵਿਚ ਉਸ ਦੀ ਮਹਿਮਾ ਕਰਦੇ ਹਾਂ ਅਤੇ ਸਿੱਖੀਆਂ ਗੱਲਾਂ ਦੂਸਰਿਆਂ ਨੂੰ ਦੱਸਦੇ ਹਾਂ, ਤਾਂ ਉਹ ਖ਼ੁਸ਼ ਹੁੰਦਾ ਹੈ।
ਤੁਸੀਂ ਕੀ ਕਹੋਗੇ?
-
ਸਾਡੀ ਭਗਤੀ ਕਿਸ ʼਤੇ ਆਧਾਰਿਤ ਹੋਣੀ ਚਾਹੀਦੀ ਹੈ?
-
ਸਾਨੂੰ ਸਿਰਫ਼ ਯਹੋਵਾਹ ਦੀ ਹੀ ਭਗਤੀ ਕਿਉਂ ਕਰਨੀ ਚਾਹੀਦੀ ਹੈ?
-
ਸਾਨੂੰ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਭਗਤੀ ਕਿਉਂ ਕਰਨੀ ਚਾਹੀਦੀ ਹੈ?
ਇਹ ਵੀ ਦੇਖੋ
“ਹੁਣ ਮੈਂ ਮੂਰਤੀਆਂ ਦੀ ਗ਼ੁਲਾਮ ਨਹੀਂ” ਲੇਖ ਪੜ੍ਹ ਕੇ ਜਾਣੋ ਕਿ ਇਕ ਔਰਤ ਨੇ ਮੂਰਤੀਆਂ ਦਾ ਸਹਾਰਾ ਲੈਣਾ ਕਿਉਂ ਛੱਡ ਦਿੱਤਾ।
ਜਾਣੋ ਕਿ ਸਭਾਵਾਂ ਵਿਚ ਜਵਾਬ ਦੇਣ ਲਈ ਕੀ ਕਰੀਏ।
ਇਕ ਮੁੰਡੇ ਨੂੰ ਸਭਾਵਾਂ ਵਿਚ ਜਾਣਾ ਔਖਾ ਲੱਗਦਾ ਸੀ, ਪਰ ਜਦ ਉਸ ਨੇ ਜਾਣਾ ਸ਼ੁਰੂ ਕੀਤਾ, ਤਾਂ ਦੇਖੋ ਕਿ ਉਸ ਨੂੰ ਕੀ ਫ਼ਾਇਦਾ ਹੋਇਆ।
ਕਈ ਲੋਕਾਂ ਦਾ ਮੰਨਣਾ ਹੈ ਕਿ ਕ੍ਰਾਸ ਮਸੀਹੀ ਧਰਮ ਦੀ ਪਛਾਣ ਹੈ। ਪਰ ਕੀ ਸਾਨੂੰ ਕ੍ਰਾਸ ਵਰਤਣਾ ਚਾਹੀਦਾ ਹੈ?
“ਯਹੋਵਾਹ ਦੇ ਗਵਾਹ ਭਗਤੀ ਵਿਚ ਕ੍ਰਾਸ ਕਿਉਂ ਨਹੀਂ ਵਰਤਦੇ?” (jw.org ʼਤੇ ਲੇਖ)
a ਇਨ੍ਹਾਂ ਵਿਸ਼ਿਆਂ ਬਾਰੇ ਅਗਲੇ ਪਾਠਾਂ ਵਿਚ ਸਮਝਾਇਆ ਜਾਵੇਗਾ।