Skip to content

Skip to table of contents

ਪਾਠ 15

ਯਿਸੂ ਕੌਣ ਹੈ?

ਯਿਸੂ ਕੌਣ ਹੈ?

ਯਿਸੂ ਹੁਣ ਤਕ ਹੋਏ ਸਭ ਤੋਂ ਮਸ਼ਹੂਰ ਲੋਕਾਂ ਵਿੱਚੋਂ ਇਕ ਹੈ। ਫਿਰ ਵੀ ਬਹੁਤ ਸਾਰੇ ਲੋਕ ਉਸ ਦੇ ਨਾਂ ਤੋਂ ਇਲਾਵਾ ਉਸ ਬਾਰੇ ਹੋਰ ਕੁਝ ਨਹੀਂ ਜਾਣਦੇ। ਜਿਹੜੇ ਲੋਕ ਉਸ ਬਾਰੇ ਥੋੜ੍ਹਾ-ਬਹੁਤ ਜਾਣਦੇ ਵੀ ਹਨ, ਉਨ੍ਹਾਂ ਦੇ ਵੀ ਉਸ ਬਾਰੇ ਵੱਖੋ-ਵੱਖਰੇ ਵਿਚਾਰ ਹਨ। ਤਾਂ ਫਿਰ ਯਿਸੂ ਕੌਣ ਹੈ? ਆਓ ਬਾਈਬਲ ਤੋਂ ਜਾਣੀਏ।

1. ਯਿਸੂ ਕੌਣ ਹੈ?

ਯਿਸੂ ਇਕ ਤਾਕਤਵਰ ਦੂਤ ਹੈ ਜੋ ਸਵਰਗ ਵਿਚ ਰਹਿੰਦਾ ਹੈ। ਯਹੋਵਾਹ ਨੇ ਸਭ ਤੋਂ ਪਹਿਲਾਂ ਯਿਸੂ ਨੂੰ ਬਣਾਇਆ ਸੀ ਜਿਸ ਕਰਕੇ ਬਾਈਬਲ ਵਿਚ ਉਸ ਨੂੰ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ” ਕਿਹਾ ਗਿਆ ਹੈ। (ਕੁਲੁੱਸੀਆਂ 1:15) ਉਸ ਨੂੰ ਪਰਮੇਸ਼ੁਰ ਦਾ “ਇਕਲੌਤਾ ਪੁੱਤਰ” ਵੀ ਕਿਹਾ ਗਿਆ ਹੈ ਕਿਉਂਕਿ ਯਹੋਵਾਹ ਨੇ ਸਿਰਫ਼ ਯਿਸੂ ਨੂੰ ਆਪਣੇ ਹੱਥੀਂ ਬਣਾਇਆ ਸੀ। (ਯੂਹੰਨਾ 3:16) ਯਿਸੂ ਨੇ ਆਪਣੇ ਪਿਤਾ ਨਾਲ ਮਿਲ ਕੇ ਕੰਮ ਕੀਤਾ ਅਤੇ ਸਾਰੀਆਂ ਚੀਜ਼ਾਂ ਬਣਾਉਣ ਵਿਚ ਉਸ ਦੀ ਮਦਦ ਕੀਤੀ। (ਕਹਾਉਤਾਂ 8:30 ਪੜ੍ਹੋ।) ਇਸ ਲਈ ਯਹੋਵਾਹ ਅਤੇ ਯਿਸੂ ਦਾ ਰਿਸ਼ਤਾ ਹਮੇਸ਼ਾ ਤੋਂ ਬਹੁਤ ਖ਼ਾਸ ਰਿਹਾ ਹੈ। ਉਹ ਵਫ਼ਾਦਾਰੀ ਨਾਲ ਯਹੋਵਾਹ ਦੇ ਸੰਦੇਸ਼ ਅਤੇ ਹਿਦਾਇਤਾਂ ਦੂਜਿਆਂ ਤਕ ਪਹੁੰਚਾਉਂਦਾ ਹੈ, ਇਸ ਲਈ ਉਸ ਨੂੰ “ਸ਼ਬਦ” ਵੀ ਕਿਹਾ ਗਿਆ ਹੈ।​—ਯੂਹੰਨਾ 1:14.

2. ਯਿਸੂ ਧਰਤੀ ʼਤੇ ਕਿਉਂ ਆਇਆ ਸੀ?

ਯਿਸੂ ਆਪਣੇ ਪਿਤਾ ਨਾਲ ਸਵਰਗ ਵਿਚ ਰਹਿੰਦਾ ਸੀ। ਪਰ ਲਗਭਗ 2,000 ਸਾਲ ਪਹਿਲਾਂ ਯਹੋਵਾਹ ਨੇ ਇਕ ਚਮਤਕਾਰ ਕੀਤਾ। ਉਸ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਯਿਸੂ ਦੀ ਜਾਨ ਮਰੀਅਮ ਨਾਂ ਦੀ ਇਕ ਕੁਆਰੀ ਕੁੜੀ ਦੀ ਕੁੱਖ ਵਿਚ ਪਾ ਦਿੱਤੀ। ਇਸ ਤਰ੍ਹਾਂ ਯਿਸੂ ਇਕ ਇਨਸਾਨ ਦੇ ਰੂਪ ਵਿਚ ਪੈਦਾ ਹੋਇਆ। (ਲੂਕਾ 1:34, 35 ਪੜ੍ਹੋ।) ਯਿਸੂ ਧਰਤੀ ʼਤੇ ਇਸ ਲਈ ਆਇਆ ਤਾਂਕਿ ਉਹ ਵਾਅਦਾ ਕੀਤਾ ਹੋਇਆ ਮਸੀਹ ਬਣ ਕੇ ਇਨਸਾਨਾਂ ਨੂੰ ਮੁਕਤੀ ਦਿਵਾ ਸਕੇ। a ਬਾਈਬਲ ਵਿਚ ਮਸੀਹ ਬਾਰੇ ਜੋ ਵੀ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ, ਉਹ ਸਾਰੀਆਂ ਯਿਸੂ ʼਤੇ ਪੂਰੀਆਂ ਹੋਈਆਂ। ਇਹ ਦੇਖ ਕੇ ਲੋਕ ਸਾਫ਼-ਸਾਫ਼ ਸਮਝ ਸਕਦੇ ਸਨ ਕਿ ਯਿਸੂ ਹੀ ‘ਮਸੀਹ ਹੈ, ਜੀਉਂਦੇ ਪਰਮੇਸ਼ੁਰ ਦਾ ਪੁੱਤਰ।’​—ਮੱਤੀ 16:16.

3. ਅੱਜ ਯਿਸੂ ਕਿੱਥੇ ਹੈ?

ਧਰਤੀ ʼਤੇ ਯਿਸੂ ਦੀ ਮੌਤ ਹੋਣ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਇਕ ਦੂਤ ਵਜੋਂ ਦੁਬਾਰਾ ਜੀਉਂਦਾ ਕੀਤਾ। ਫਿਰ ਉਹ ਸਵਰਗ ਵਾਪਸ ਚਲਾ ਗਿਆ ਅਤੇ ਉੱਥੇ “ਪਰਮੇਸ਼ੁਰ ਨੇ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ।” (ਫ਼ਿਲਿੱਪੀਆਂ 2:9) ਅੱਜ ਯਹੋਵਾਹ ਤੋਂ ਬਾਅਦ ਯਿਸੂ ਕੋਲ ਹੀ ਸਭ ਤੋਂ ਵੱਧ ਅਧਿਕਾਰ ਅਤੇ ਤਾਕਤ ਹੈ।

ਹੋਰ ਸਿੱਖੋ

ਯਿਸੂ ਅਸਲ ਵਿਚ ਕੌਣ ਹੈ? ਉਸ ਬਾਰੇ ਜਾਣਨਾ ਜ਼ਰੂਰੀ ਕਿਉਂ ਹੈ? ਆਓ ਜਾਣੀਏ।

4. ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਹੈ

ਬਾਈਬਲ ਵਿਚ ਲਿਖਿਆ ਹੈ ਕਿ ਸਵਰਗ ਵਿਚ ਯਿਸੂ ਕੋਲ ਬਹੁਤ ਤਾਕਤ ਅਤੇ ਅਧਿਕਾਰ ਹੈ। ਫਿਰ ਵੀ ਉਹ ਆਪਣੇ ਪਿਤਾ ਪਰਮੇਸ਼ੁਰ ਯਹੋਵਾਹ ਦੇ ਬਰਾਬਰ ਨਹੀਂ ਹੈ, ਸਗੋਂ ਉਸ ਦੇ ਅਧੀਨ ਹੈ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਵਿਚ ਕੀ ਫ਼ਰਕ ਹੈ। ਵੀਡੀਓ ਦੇਖੋ।

ਅੱਗੇ ਦਿੱਤੀਆਂ ਆਇਤਾਂ ਪੜ੍ਹ ਕੇ ਅਸੀਂ ਸਮਝ ਸਕਾਂਗੇ ਕਿ ਯਹੋਵਾਹ ਤੇ ਯਿਸੂ ਦਾ ਆਪਸ ਵਿਚ ਕੀ ਰਿਸ਼ਤਾ ਹੈ। ਪਹਿਲਾਂ ਆਇਤਾਂ ਪੜ੍ਹੋ ਅਤੇ ਫਿਰ ਉਨ੍ਹਾਂ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

ਲੂਕਾ 1:30-32 ਪੜ੍ਹੋ।

  • ਇਨ੍ਹਾਂ ਆਇਤਾਂ ਵਿਚ ਦੂਤ ਨੇ “ਅੱਤ ਮਹਾਨ” ਪਰਮੇਸ਼ੁਰ ਯਹੋਵਾਹ ਅਤੇ ਯਿਸੂ ਦੇ ਰਿਸ਼ਤੇ ਬਾਰੇ ਕੀ ਦੱਸਿਆ?

ਮੱਤੀ 3:16, 17 ਪੜ੍ਹੋ।

  • ਯਿਸੂ ਦੇ ਬਪਤਿਸਮੇ ਵੇਲੇ ਸਵਰਗੋਂ ਆਈ ਆਵਾਜ਼ ਨੇ ਕੀ ਕਿਹਾ?

  • ਤੁਹਾਨੂੰ ਕੀ ਲੱਗਦਾ ਕਿ ਉਹ ਕਿਸ ਦੀ ਆਵਾਜ਼ ਸੀ?

ਯੂਹੰਨਾ 14:28 ਪੜ੍ਹੋ।

  • ਇਕ ਪਰਿਵਾਰ ਵਿਚ ਪਿਤਾ ਤੇ ਪੁੱਤਰ ਵਿੱਚੋਂ ਵੱਡਾ ਕੌਣ ਹੁੰਦਾ ਹੈ ਅਤੇ ਦੋਨਾਂ ਵਿੱਚੋਂ ਜ਼ਿਆਦਾ ਅਧਿਕਾਰ ਕਿਸ ਕੋਲ ਹੁੰਦਾ ਹੈ?

  • ਯਿਸੂ ਨੇ ਯਹੋਵਾਹ ਨੂੰ ਆਪਣਾ ਪਿਤਾ ਕਿਹਾ। ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਯੂਹੰਨਾ 12:49 ਪੜ੍ਹੋ।

  • ਕੀ ਯਿਸੂ ਇਹ ਮੰਨਦਾ ਸੀ ਕਿ ਉਹ ਅਤੇ ਪਿਤਾ ਇਕ ਹੀ ਹਨ? ਤੁਸੀਂ ਕੀ ਸੋਚਦੇ ਹੋ?

5. ਯਿਸੂ ਹੀ ਮਸੀਹ ਹੈ

ਇਨਸਾਨਾਂ ਨੂੰ ਮੁਕਤੀ ਦਿਵਾਉਣ ਲਈ ਪਰਮੇਸ਼ੁਰ ਦੁਆਰਾ ਚੁਣੇ ਸੇਵਕ ਨੂੰ “ਮਸੀਹ” ਕਿਹਾ ਜਾਂਦਾ ਹੈ। ਬਾਈਬਲ ਵਿਚ ਅਜਿਹੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਹਨ ਜਿਨ੍ਹਾਂ ਤੋਂ ਮਸੀਹ ਦੀ ਪਛਾਣ ਹੋਣੀ ਸੀ। ਆਓ ਕੁਝ ਭਵਿੱਖਬਾਣੀਆਂ ʼਤੇ ਗੌਰ ਕਰੀਏ ਜੋ ਯਿਸੂ ʼਤੇ ਪੂਰੀਆਂ ਹੋਈਆਂ। ਵੀਡੀਓ ਦੇਖੋ।

ਬਾਈਬਲ ਵਿੱਚੋਂ ਇਹ ਭਵਿੱਖਬਾਣੀਆਂ ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

ਮਸੀਹ ਨੇ ਕਿੱਥੇ ਪੈਦਾ ਹੋਣਾ ਸੀ, ਇਹ ਜਾਣਨ ਲਈ ਮੀਕਾਹ 5:2 ਪੜ੍ਹੋ। b

  • ਭਵਿੱਖਬਾਣੀ ਵਿਚ ਜਿਸ ਜਗ੍ਹਾ ਬਾਰੇ ਦੱਸਿਆ ਗਿਆ ਹੈ, ਕੀ ਯਿਸੂ ਉੱਥੇ ਹੀ ਪੈਦਾ ਹੋਇਆ ਸੀ?​—ਮੱਤੀ 2:1.

ਮਸੀਹ ਦੀ ਮੌਤ ਬਾਰੇ ਭਵਿੱਖਬਾਣੀਆਂ ਜਾਣਨ ਲਈ ਜ਼ਬੂਰ 34:20 ਅਤੇ ਜ਼ਕਰਯਾਹ 12:10 ਪੜ੍ਹੋ।

  • ਕੀ ਇਹ ਭਵਿੱਖਬਾਣੀਆਂ ਪੂਰੀਆਂ ਹੋਈਆਂ?​—ਯੂਹੰਨਾ 19:33-37.

  • ਕੀ ਇਹ ਯਿਸੂ ਦੇ ਹੱਥ-ਵੱਸ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਨਾਲ ਕੀ ਕੀਤਾ ਜਾਣਾ ਚਾਹੀਦਾ?

  • ਇਸ ਗੱਲ ਤੋਂ ਯਿਸੂ ਬਾਰੇ ਕੀ ਸਾਬਤ ਹੁੰਦਾ ਹੈ?

6. ਯਿਸੂ ਨੂੰ ਜਾਣਨ ਨਾਲ ਸਾਡਾ ਭਲਾ ਹੋਵੇਗਾ

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਯਿਸੂ ਕੌਣ ਹੈ ਅਤੇ ਉਹ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਲਈ ਕੀ-ਕੀ ਕਰੇਗਾ। ਯੂਹੰਨਾ 14:6 ਅਤੇ 17:3 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਿਸੂ ਨੂੰ ਜਾਣਨਾ ਕਿਉਂ ਜ਼ਰੂਰੀ ਹੈ?

ਯਿਸੂ ਨੇ ਸਾਡੇ ਲਈ ਪਰਮੇਸ਼ੁਰ ਨਾਲ ਦੋਸਤੀ ਕਰਨ ਦਾ ਰਾਹ ਖੋਲ੍ਹਿਆ। ਉਸ ਨੇ ਯਹੋਵਾਹ ਬਾਰੇ ਸੱਚਾਈ ਸਿਖਾਈ ਅਤੇ ਉਸੇ ਰਾਹੀਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ

ਕੁਝ ਲੋਕਾਂ ਦਾ ਕਹਿਣਾ ਹੈ: “ਯਹੋਵਾਹ ਦੇ ਗਵਾਹ ਯਿਸੂ ਨੂੰ ਨਹੀਂ ਮੰਨਦੇ।”

  • ਜੇ ਤੁਹਾਨੂੰ ਕੋਈ ਇੱਦਾਂ ਕਹੇ, ਤਾਂ ਤੁਸੀਂ ਕੀ ਕਹੋਗੇ?

ਹੁਣ ਤਕ ਅਸੀਂ ਸਿੱਖਿਆ

ਯਿਸੂ ਇਕ ਤਾਕਤਵਰ ਦੂਤ ਹੈ। ਉਹ ਪਰਮੇਸ਼ੁਰ ਦਾ ਪੁੱਤਰ ਅਤੇ ਬਾਈਬਲ ਵਿਚ ਦੱਸਿਆ ਗਿਆ ਮਸੀਹ ਹੈ।

ਤੁਸੀਂ ਕੀ ਕਹੋਗੇ?

  • ਯਿਸੂ ਨੂੰ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ” ਕਿਉਂ ਕਿਹਾ ਗਿਆ ਹੈ?

  • ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ ਨੇ ਕੀ-ਕੀ ਕੀਤਾ?

  • ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਹੀ ਮਸੀਹ ਹੈ?

ਟੀਚਾ

ਇਹ ਵੀ ਦੇਖੋ

ਕੀ ਬਾਈਬਲ ਇਹ ਸਿਖਾਉਂਦੀ ਹੈ ਕਿ ਜਿਵੇਂ ਇਨਸਾਨ ਬੱਚੇ ਪੈਦਾ ਕਰਦੇ ਹਨ, ਉਸੇ ਤਰ੍ਹਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਪੈਦਾ ਕੀਤਾ? ਆਓ ਜਾਣੀਏ।

“ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ ਕਿਉਂ ਕਿਹਾ ਗਿਆ ਹੈ?” (jw.org ʼਤੇ ਲੇਖ)

ਜਦੋਂ ਇਕ ਔਰਤ ਨੇ ਬਾਈਬਲ ਵਿੱਚੋਂ ਯਿਸੂ ਬਾਰੇ ਖੋਜਬੀਨ ਕੀਤੀ, ਤਾਂ ਉਸ ਦੀ ਜ਼ਿੰਦਗੀ ਕਿਵੇਂ ਬਦਲ ਗਈ? ਆਓ ਜਾਣੀਏ।

“ਇਕ ਯਹੂਦੀ ਔਰਤ ਦੱਸਦੀ ਹੈ ਕਿ ਉਸ ਨੇ ਆਪਣੇ ਧਰਮ ਦੀ ਜਾਂਚ ਦੁਬਾਰਾ ਕਿਉਂ ਕੀਤੀ” (ਜਾਗਰੂਕ ਬਣੋ!, ਜੁਲਾਈ-ਅਗਸਤ 2013)

a ਪਾਠ 26 ਅਤੇ 27 ਵਿਚ ਅਸੀਂ ਦੇਖਾਂਗੇ ਕਿ ਇਨਸਾਨਾਂ ਨੂੰ ਮੁਕਤੀ ਦੀ ਲੋੜ ਕਿਉਂ ਹੈ ਅਤੇ ਯਿਸੂ ਕਿਵੇਂ ਉਨ੍ਹਾਂ ਨੂੰ ਮੁਕਤੀ ਦਿਵਾਉਂਦਾ ਹੈ।

b ਮਸੀਹ ਨੇ ਧਰਤੀ ʼਤੇ ਕਦੋਂ ਪ੍ਰਗਟ ਹੋਣਾ ਸੀ, ਇਸ ਬਾਰੇ ਕੀਤੀ ਭਵਿੱਖਬਾਣੀ ਸਮਝਣ ਲਈ ਹੋਰ ਜਾਣਕਾਰੀ 2 ਦੇਖੋ।