ਪਾਠ 34
ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?
ਜਦੋਂ ਤੋਂ ਤੁਸੀਂ ਬਾਈਬਲ ਸਟੱਡੀ ਕਰਨ ਲੱਗੇ ਹੋ, ਕੀ ਪਰਮੇਸ਼ੁਰ ਲਈ ਤੁਹਾਡਾ ਪਿਆਰ ਵਧਿਆ ਹੈ? ਕੀ ਤੁਸੀਂ ਇਸ ਪਿਆਰ ਨੂੰ ਹੋਰ ਵਧਾਉਣਾ ਚਾਹੁੰਦੇ ਹੋ? ਯਾਦ ਰੱਖੋ ਕਿ ਜਦੋਂ ਯਹੋਵਾਹ ਦੇਖੇਗਾ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ, ਤਾਂ ਉਹ ਵੀ ਤੁਹਾਨੂੰ ਉੱਨਾ ਹੀ ਪਿਆਰ ਕਰੇਗਾ ਅਤੇ ਤੁਹਾਡਾ ਖ਼ਿਆਲ ਰੱਖੇਗਾ। ਪਰ ਤੁਸੀਂ ਯਹੋਵਾਹ ਨੂੰ ਕਿੱਦਾਂ ਦਿਖਾ ਸਕਦੇ ਹੋ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ?
1. ਅਸੀਂ ਯਹੋਵਾਹ ਨੂੰ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ?
ਅਸੀਂ ਯਹੋਵਾਹ ਦਾ ਕਹਿਣਾ ਮੰਨ ਕੇ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। (1 ਯੂਹੰਨਾ 5:3 ਪੜ੍ਹੋ।) ਯਹੋਵਾਹ ਕਿਸੇ ਨੂੰ ਵੀ ਆਪਣਾ ਕਹਿਣਾ ਮੰਨਣ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ, ਉਸ ਨੇ ਇਹ ਸਾਡੇ ʼਤੇ ਛੱਡਿਆ ਹੈ ਕਿ ਅਸੀਂ ਉਸ ਦਾ ਕਹਿਣਾ ਮੰਨਾਂਗੇ ਜਾਂ ਨਹੀਂ। ਇੱਦਾਂ ਕਿਉਂ? ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ‘ਸਿੱਖਿਆ ʼਤੇ ਦਿਲੋਂ ਚੱਲੀਏ।’ (ਰੋਮੀਆਂ 6:17) ਇਸ ਦਾ ਮਤਲਬ ਹੈ ਕਿ ਅਸੀਂ ਕਿਸੇ ਦਬਾਅ ਜਾਂ ਮਜਬੂਰੀ ਕਰਕੇ ਨਹੀਂ, ਸਗੋਂ ਪਿਆਰ ਹੋਣ ਕਰਕੇ ਯਹੋਵਾਹ ਦਾ ਕਹਿਣਾ ਮੰਨੀਏ। ਯਹੋਵਾਹ ਲਈ ਆਪਣਾ ਪਿਆਰ ਦਿਖਾਉਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਸ ਨੂੰ ਕਿਹੜੇ ਕੰਮ ਪਸੰਦ ਹਨ ਅਤੇ ਕਿਹੜੇ ਨਹੀਂ। ਇਸ ਬਾਰੇ ਅਸੀਂ ਇਸ ਕਿਤਾਬ ਦੇ ਭਾਗ 3 ਅਤੇ 4 ਵਿਚ ਸਿੱਖਾਂਗੇ।
2. ਕਦੀ-ਕਦੀ ਸਾਨੂੰ ਯਹੋਵਾਹ ਲਈ ਪਿਆਰ ਦਿਖਾਉਣਾ ਕਿਉਂ ਔਖਾ ਲੱਗ ਸਕਦਾ ਹੈ?
ਬਾਈਬਲ ਵਿਚ ਲਿਖਿਆ ਹੈ: “ਧਰਮੀ ʼਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ।” (ਜ਼ਬੂਰ 34:19) ਸਾਨੂੰ ਸਾਰਿਆਂ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ। ਇਸ ਤੋਂ ਇਲਾਵਾ, ਸਾਨੂੰ ਸ਼ਾਇਦ ਪੈਸੇ ਦੀ ਤੰਗੀ ਝੱਲਣੀ ਪਵੇ, ਬੇਇਨਸਾਫ਼ੀ ਸਹਿਣੀ ਪਵੇ ਜਾਂ ਕੋਈ ਹੋਰ ਮੁਸ਼ਕਲ ਝੱਲਣੀ ਪਵੇ। ਇਨ੍ਹਾਂ ਹਾਲਾਤਾਂ ਵਿਚ ਯਹੋਵਾਹ ਦਾ ਕਹਿਣਾ ਮੰਨਣਾ ਸ਼ਾਇਦ ਮੁਸ਼ਕਲ ਹੋਵੇ ਅਤੇ ਗ਼ਲਤ ਰਾਹ ਜਾਣਾ ਜ਼ਿਆਦਾ ਸੌਖਾ ਲੱਗੇ। ਪਰ ਫਿਰ ਵੀ ਜਦੋਂ ਅਸੀਂ ਯਹੋਵਾਹ ਦਾ ਕਹਿਣਾ ਮੰਨਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ। ਨਾਲੇ ਅਸੀਂ ਇਹ ਵੀ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਹਾਂ। ਬਦਲੇ ਵਿਚ ਯਹੋਵਾਹ ਵੀ ਸਾਡੇ ਨਾਲ ਵਫ਼ਾਦਾਰੀ ਨਿਭਾਵੇਗਾ। ਉਹ ਸਾਨੂੰ ਕਦੇ ਇਕੱਲਾ ਨਹੀਂ ਛੱਡੇਗਾ।—ਜ਼ਬੂਰ 4:3 ਪੜ੍ਹੋ।
ਹੋਰ ਸਿੱਖੋ
ਯਹੋਵਾਹ ਲਈ ਇਹ ਗੱਲ ਕਿਉਂ ਅਹਿਮੀਅਤ ਰੱਖਦੀ ਹੈ ਕਿ ਤੁਸੀਂ ਉਸ ਦਾ ਕਹਿਣਾ ਮੰਨਦੇ ਹੋ? ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਆਓ ਜਾਣੀਏ।
3. ਸ਼ੈਤਾਨ ਨੇ ਤੁਹਾਡੇ ਉੱਤੇ ਦੋਸ਼ ਲਾਇਆ ਹੈ
ਬਾਈਬਲ ਵਿਚ ਦੱਸਿਆ ਹੈ ਕਿ ਸ਼ੈਤਾਨ ਨੇ ਪਰਮੇਸ਼ੁਰ ਦੇ ਸੇਵਕ ਅੱਯੂਬ ਉੱਤੇ ਇਕ ਗੰਭੀਰ ਦੋਸ਼ ਲਾਇਆ। ਪਰ ਉਸ ਨੇ ਸਿਰਫ਼ ਅੱਯੂਬ ʼਤੇ ਹੀ ਨਹੀਂ, ਸਗੋਂ ਉਨ੍ਹਾਂ ਸਾਰੇ ਲੋਕਾਂ ʼਤੇ ਵੀ ਇਹੀ ਦੋਸ਼ ਲਾਇਆ ਜੋ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ। ਅੱਯੂਬ 1:1, 6–2:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਸ਼ੈਤਾਨ ਮੁਤਾਬਕ ਅੱਯੂਬ ਕਿਉਂ ਯਹੋਵਾਹ ਦਾ ਕਹਿਣਾ ਮੰਨਦਾ ਸੀ?—ਅੱਯੂਬ 1:9-11 ਦੇਖੋ।
-
ਸ਼ੈਤਾਨ ਨੇ ਤੁਹਾਡੇ ਬਾਰੇ ਅਤੇ ਬਾਕੀ ਸਾਰੇ ਇਨਸਾਨਾਂ ਬਾਰੇ ਕੀ ਦਾਅਵਾ ਕੀਤਾ ਹੈ?—ਅੱਯੂਬ 2:4 ਦੇਖੋ।
ਅੱਯੂਬ 27:5ਅ ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਅੱਯੂਬ ਨੇ ਕਿਵੇਂ ਸਾਬਤ ਕੀਤਾ ਕਿ ਉਹ ਯਹੋਵਾਹ ਨੂੰ ਦਿਲੋਂ ਪਿਆਰ ਕਰਦਾ ਸੀ?
4. ਯਹੋਵਾਹ ਦਾ ਦਿਲ ਖ਼ੁਸ਼ ਕਰੋ
ਕਹਾਉਤਾਂ 27:11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਯਹੋਵਾਹ ਨੂੰ ਕਿੱਦਾਂ ਲੱਗਦਾ ਹੈ ਜਦੋਂ ਅਸੀਂ ਬੁੱਧ ਤੋਂ ਕੰਮ ਲੈਂਦੇ ਹਾਂ ਅਤੇ ਉਸ ਦਾ ਕਹਿਣਾ ਮੰਨਦੇ ਹਾਂ? ਉਸ ਨੂੰ ਇੱਦਾਂ ਕਿਉਂ ਲੱਗਦਾ ਹੈ?
5. ਤੁਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹੋ
ਯਹੋਵਾਹ ਲਈ ਪਿਆਰ ਸਾਨੂੰ ਪ੍ਰੇਰੇਗਾ ਕਿ ਅਸੀਂ ਦੂਸਰਿਆਂ ਨੂੰ ਉਸ ਬਾਰੇ ਦੱਸੀਏ। ਨਾਲੇ ਉਸ ਦੇ ਵਫ਼ਾਦਾਰ ਹੋਣ ਕਰਕੇ ਅਸੀਂ ਉਸ ਬਾਰੇ ਉਦੋਂ ਵੀ ਦੱਸਾਂਗੇ ਜਦੋਂ ਸਾਨੂੰ ਔਖਾ ਲੱਗਦਾ ਹੈ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
-
ਕੀ ਤੁਹਾਨੂੰ ਕਦੇ-ਕਦੇ ਯਹੋਵਾਹ ਬਾਰੇ ਦੂਸਰਿਆਂ ਨੂੰ ਦੱਸਣਾ ਔਖਾ ਲੱਗਦਾ ਹੈ?
-
ਵੀਡੀਓ ਵਿਚ ਗ੍ਰੇਸਨ ਨੇ ਕਿਸ ਤਰ੍ਹਾਂ ਆਪਣੇ ਡਰ ʼਤੇ ਕਾਬੂ ਪਾਇਆ?
ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਉਸ ਨੂੰ ਕਿਨ੍ਹਾਂ ਗੱਲਾਂ ਜਾਂ ਕੰਮਾਂ ਨਾਲ ਪਿਆਰ ਹੈ ਅਤੇ ਕਿਨ੍ਹਾਂ ਨਾਲ ਨਫ਼ਰਤ। ਜਦੋਂ ਅਸੀਂ ਉਸ ਦੀ ਸੋਚ ਮੁਤਾਬਕ ਚੱਲਦੇ ਹਾਂ, ਤਾਂ ਸਾਡੇ ਲਈ ਉਸ ਦੇ ਵਫ਼ਾਦਾਰ ਰਹਿਣਾ ਸੌਖਾ ਹੁੰਦਾ ਹੈ। ਜ਼ਬੂਰ 97:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਹੁਣ ਤਕ ਤੁਸੀਂ ਜੋ ਸਿੱਖਿਆ, ਉਸ ਮੁਤਾਬਕ ਯਹੋਵਾਹ ਕਿਨ੍ਹਾਂ ਗੱਲਾਂ ਜਾਂ ਕੰਮਾਂ ਨਾਲ ਪਿਆਰ ਕਰਦਾ ਹੈ ਅਤੇ ਕਿਨ੍ਹਾਂ ਨਾਲ ਨਫ਼ਰਤ?
-
ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਚੰਗੀਆਂ ਗੱਲਾਂ ਨਾਲ ਪਿਆਰ ਕਰਨਾ ਅਤੇ ਬੁਰੀਆਂ ਗੱਲਾਂ ਨਾਲ ਨਫ਼ਰਤ ਕਰਨੀ ਸਿੱਖ ਸਕੋ?
6. ਯਹੋਵਾਹ ਦਾ ਕਹਿਣਾ ਮੰਨਣ ਨਾਲ ਸਾਡਾ ਭਲਾ ਹੁੰਦਾ ਹੈ
ਯਹੋਵਾਹ ਦਾ ਕਹਿਣਾ ਮੰਨਣ ਨਾਲ ਸਾਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। ਯਸਾਯਾਹ 48:17, 18 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਕੀ ਤੁਸੀਂ ਮੰਨਦੇ ਹੋ ਕਿ ਯਹੋਵਾਹ ਸਾਨੂੰ ਜੋ ਵੀ ਕਰਨ ਲਈ ਕਹਿੰਦਾ ਹੈ, ਉਹ ਹਮੇਸ਼ਾ ਸਾਡੇ ਭਲੇ ਲਈ ਹੁੰਦਾ ਹੈ? ਤੁਸੀਂ ਇੱਦਾਂ ਕਿਉਂ ਮੰਨਦੇ ਹੋ?
-
ਹੁਣ ਤਕ ਬਾਈਬਲ ਦੀ ਸਟੱਡੀ ਕਰ ਕੇ ਅਤੇ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਜਾਣ ਕੇ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?
ਕੁਝ ਲੋਕਾਂ ਦਾ ਕਹਿਣਾ ਹੈ: “ਮੈਂ ਜੋ ਮਰਜ਼ੀ ਕਰਾਂ, ਰੱਬ ਨੂੰ ਕੋਈ ਫ਼ਰਕ ਨਹੀਂ ਪੈਂਦਾ।”
-
ਤੁਸੀਂ ਕਿਹੜੀ ਆਇਤ ਦਿਖਾ ਕੇ ਸਮਝਾਓਗੇ ਕਿ ਅਸੀਂ ਜੋ ਕਰਦੇ ਹਾਂ, ਉਸ ਨਾਲ ਯਹੋਵਾਹ ਨੂੰ ਫ਼ਰਕ ਪੈਂਦਾ ਹੈ?
ਹੁਣ ਤਕ ਅਸੀਂ ਸਿੱਖਿਆ
ਜਦੋਂ ਤੁਸੀਂ ਯਹੋਵਾਹ ਦਾ ਕਹਿਣਾ ਮੰਨਦੇ ਹੋ ਅਤੇ ਮੁਸ਼ਕਲਾਂ ਦੇ ਬਾਵਜੂਦ ਉਸ ਦੇ ਵਫ਼ਾਦਾਰ ਰਹਿੰਦੇ ਹੋ, ਤਾਂ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ।
ਤੁਸੀਂ ਕੀ ਕਹੋਗੇ?
-
ਤੁਸੀਂ ਅੱਯੂਬ ਤੋਂ ਕੀ ਸਿੱਖਿਆ?
-
ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ?
-
ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
ਇਹ ਵੀ ਦੇਖੋ
ਜਾਣੋ ਕਿ ਤੁਸੀਂ ਕਿੱਦਾਂ ਯਹੋਵਾਹ ਅਤੇ ਮੰਡਲੀ ਦੇ ਵਫ਼ਾਦਾਰ ਰਹਿ ਸਕਦੇ ਹੋ।
ਆਓ ਹੋਰ ਜਾਣੀਏ ਕਿ ਸ਼ੈਤਾਨ ਨੇ ਇਨਸਾਨਾਂ ਉੱਤੇ ਕਿਹੜਾ ਦੋਸ਼ ਲਾਇਆ ਹੈ।
“ਅੱਯੂਬ ਨੇ ਆਪਣੀ ਵਫ਼ਾਦਾਰੀ ਕਾਇਮ ਰੱਖੀ” (ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? ਭਾਗ 6)
ਵੀਡੀਓ ਵਿਚ ਦੇਖੋ ਕਿ ਛੋਟੇ ਬੱਚੇ ਵੀ ਯਹੋਵਾਹ ਲਈ ਪਿਆਰ ਦਿਖਾ ਸਕਦੇ ਹਨ।
ਵੀਡੀਓ ਵਿਚ ਦੇਖੋ ਕਿ ਨੌਜਵਾਨ ਗ਼ਲਤ ਕੰਮ ਕਰਨ ਦਾ ਦਬਾਅ ਆਉਣ ਤੇ ਵੀ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕਦੇ ਹਨ।