Skip to content

ਨਿਰਾਸ਼ਾ ਵਿਚ ਆਸ਼ਾ ਦੀ ਕਿਰਨ

ਨਿਰਾਸ਼ਾ ਵਿਚ ਆਸ਼ਾ ਦੀ ਕਿਰਨ

ਨਿਰਾਸ਼ਾ ਵਿਚ ਆਸ਼ਾ ਦੀ ਕਿਰਨ

“ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀਆਂ 8:22) ਇਹ ਗੱਲ ਲਗਭਗ 1,900 ਸਾਲ ਪਹਿਲਾਂ ਲਿਖੀ ਗਈ ਸੀ ਤੇ ਲੋਕੀ ਉਦੋਂ ਵੀ ਬਹੁਤ ਦੁਖੀ ਸਨ। ਇਸ ਲਈ ਮਸੀਹੀਆਂ ਨੂੰ ਤਾਕੀਦ ਕੀਤੀ ਗਈ ਸੀ: “ਕਮਦਿਲਿਆਂ ਨੂੰ ਦਿਲਾਸਾ ਦਿਓ।”—1 ਥੱਸਲੁਨੀਕੀਆਂ 5:14.

ਲੋਕ ਜਿੰਨੇ ਅੱਜ ਦੁਖੀ ਹਨ, ਉੱਨੇ ਦੁਖੀ ਪਹਿਲਾਂ ਕਦੇ ਨਹੀਂ ਸੀ ਹੁੰਦੇ। ਤਾਂ ਫਿਰ ਕੀ ਸਾਨੂੰ ਇਸ ਗੱਲ ਤੋਂ ਹੈਰਾਨ ਹੋਣਾ ਚਾਹੀਦਾ ਹੈ? ਨਹੀਂ, ਕਿਉਂਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ।” ਅਸੀਂ ਅੱਜ ਇਨ੍ਹਾਂ ਹੀ ਭੈੜੇ ਸਮਿਆਂ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5) ਯਿਸੂ ਮਸੀਹ ਨੇ ਵੀ ਕਿਹਾ ਸੀ ਕਿ ਅੰਤ ਦਿਆਂ ਦਿਨਾਂ ਦੌਰਾਨ “ਭਿਆਨਕ ਚੀਜ਼ਾਂ” ਹੋਣਗੀਆਂ।—ਲੂਕਾ 21:7-11; ਮੱਤੀ 24:3-14.

ਜਿਹੜੇ ਲੋਕ ਲੰਬੇ ਸਮੇਂ ਤੋਂ ਪਰੇਸ਼ਾਨੀ, ਡਰ, ਗਮ ਜਾਂ ਹੋਰ ਇਹੋ ਜਿਹੀਆਂ ਗੱਲਾਂ ਦਾ ਸਾਮ੍ਹਣਾ ਕਰਦੇ ਹਨ, ਉਹ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬ ਜਾਂਦੇ ਹਨ। ਉਨ੍ਹਾਂ ਦੀ ਇਸ ਘੋਰ ਨਿਰਾਸ਼ਾ ਜਾਂ ਉਦਾਸੀ ਦੇ ਕਈ ਕਾਰਨ ਹੋ ਸਕਦੇ ਹਨ। ਮਿਸਾਲ ਲਈ, ਸ਼ਾਇਦ ਕਿਸੇ ਅਜ਼ੀਜ਼ ਦੀ ਮੌਤ ਹੋ ਗਈ, ਤਲਾਕ ਹੋ ਗਿਆ, ਨੌਕਰੀ ਛੁੱਟ ਗਈ ਜਾਂ ਕੋਈ ਗੰਭੀਰ ਬੀਮਾਰੀ ਲੱਗ ਗਈ ਹੋਵੇ। ਲੋਕ ਉਦੋਂ ਵੀ ਨਿਰਾਸ਼ਾ ਦੇ ਸ਼ਿਕਾਰ ਹੋ ਜਾਂਦੇ ਹਨ ਜਦ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਨਿਕੰਮੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿਚ ਸਫ਼ਲਤਾ ਨਹੀਂ ਮਿਲੀ ਜਾਂ ਉਨ੍ਹਾਂ ਨੇ ਕਿਸੇ ਨੂੰ ਨਾਰਾਜ਼ ਕੀਤਾ ਹੈ। ਕਿਸੇ ਔਖੀ ਘੜੀ ਵਿੱਚੋਂ ਗੁਜ਼ਰਦਿਆਂ ਕੋਈ ਵੀ ਨਿਰਾਸ਼ ਹੋ ਸਕਦਾ ਹੈ। ਪਰ ਜਦ ਕੋਈ ਇਨਸਾਨ ਇੰਨਾ ਦੁਖੀ ਹੋ ਜਾਂਦਾ ਹੈ ਕਿ ਉਸ ਨੂੰ ਔਖੇ ਹਾਲਤਾਂ ਵਿੱਚੋਂ ਨਿਕਲਣ ਦਾ ਕੋਈ ਚਾਰਾ ਨਹੀਂ ਦਿੱਸਦਾ, ਤਾਂ ਉਸ ਨੂੰ ਡਿਪਰੈਸ਼ਨ ਵੀ ਹੋ ਸਕਦਾ ਹੈ।

ਪੁਰਾਣੇ ਜ਼ਮਾਨੇ ਵਿਚ ਵੀ ਲੋਕਾਂ ਨਾਲ ਇਵੇਂ ਹੁੰਦਾ ਸੀ। ਮਿਸਾਲ ਲਈ, ਪਰਮੇਸ਼ੁਰ ਦੇ ਭਗਤ ਅੱਯੂਬ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆਈਆਂ ਤੇ ਉਸ ਨੂੰ ਭੈੜੀ ਬੀਮਾਰੀ ਵੀ ਲੱਗੀ। ਉਸ ਨੂੰ ਲੱਗਾ ਕਿ ਰੱਬ ਨੇ ਉਸ ਨੂੰ ਛੱਡ ਦਿੱਤਾ ਸੀ, ਇਸ ਲਈ ਉਸ ਨੂੰ ਆਪਣੀ ਜ਼ਿੰਦਗੀ ਤੋਂ ਨਫ਼ਰਤ ਹੋ ਗਈ। (ਅੱਯੂਬ 10:1; 29:2, 4, 5) ਇਕ ਹੋਰ ਭਗਤ ਯਾਕੂਬ ਨੂੰ ਜਦ ਭੁਲੇਖਾ ਲੱਗਾ ਕਿ ਉਸ ਦਾ ਪੁੱਤਰ ਮਰ ਗਿਆ ਸੀ, ਤਾਂ ਉਹ ਇੰਨਾ ਦੁਖੀ ਹੋਇਆ ਕਿ ਉਸ ਨੇ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਅਤੇ ਆਪ ਵੀ ਮਰਨਾ ਚਾਹੁੰਦਾ ਸੀ। (ਉਤਪਤ 37:33-35) ਰਾਜਾ ਦਾਊਦ ਇਕ ਗੰਭੀਰ ਪਾਪ ਕਰਨ ਤੋਂ ਬਾਅਦ ਬਹੁਤ ਪਛਤਾਇਆ ਜਿਸ ਕਰਕੇ ਉਸ ਨੇ ਕਿਹਾ: “ਮੈਂ ਦਿਨ ਭਰ ਗਮਗੀਨ ਰਹਿੰਦਾ ਹਾਂ। ਮੈਨੂੰ ਇੰਨਾ ਦਰਦ ਹੋ ਰਿਹਾ ਕਿ ਮੈਂ ਕੁਝ ਵੀ ਮਹਿਸੂਸ ਨਹੀਂ ਕਰ ਸਕਦਾ।”—ਜ਼ਬੂਰ 38:6, 8, ਈਜ਼ੀ ਟੂ ਰੀਡ ਵਰਯਨ; 2 ਕੁਰਿੰਥੀਆਂ 7:5, 6.

ਕਈ ਲੋਕ ਇਸ ਲਈ ਨਿਰਾਸ਼ਾ ਦੇ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਉਹ ਆਪਣੇ ’ਤੇ ਲੋੜੋਂ ਵਧ ਜ਼ਿਆਦਾ ਕੰਮ ਲੈਂਦੇ ਹਨ। ਹਰ ਰੋਜ਼ ਕੰਮ ਕਰ-ਕਰ ਕੇ ਉਨ੍ਹਾਂ ਦਾ ਮਨ ਤੇ ਸਰੀਰ ਥੱਕ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਟੈਨਸ਼ਨ ਦੇ ਨਾਲ-ਨਾਲ ਜੇ ਸਾਡੇ ਮਨ ਵਿਚ ਗ਼ਲਤ ਜਾਂ ਨਿਰਾਸ਼ ਕਰਨ ਵਾਲੀਆਂ ਗੱਲਾਂ ਰਹਿਣ, ਤਾਂ ਸਾਡੇ ਸਰੀਰ ਅਤੇ ਦਿਮਾਗ਼ ’ਤੇ ਇਸ ਦਾ ਬੁਰਾ ਅਸਰ ਪੈ ਸਕਦਾ ਹੈ। ਨਤੀਜੇ ਵਜੋਂ ਬੰਦੇ ਨੂੰ ਡਿਪਰੈਸ਼ਨ ਹੋ ਸਕਦਾ ਹੈ।—ਕਹਾਉਤਾਂ 14:30 ਦੇਖੋ।

ਉਨ੍ਹਾਂ ਲਈ ਮਦਦ

ਪਹਿਲੀ ਸਦੀ ਵਿਚ ਯਿਸੂ ਦਾ ਇਕ ਚੇਲਾ ਇਪਾਫ਼ਰੋਦੀਤੁਸ ਫ਼ਿਲਿੱਪੈ ਸ਼ਹਿਰ ਵਿਚ ਰਹਿੰਦਾ ਸੀ। ਉਸ ਦੇ ਦੋਸਤਾਂ ਨੇ ਉਸ ਨੂੰ ਰੋਮ ਸ਼ਹਿਰ ਘੱਲਿਆ ਅਤੇ ਉਸ ਦੇ ਹੱਥੀਂ ਪੌਲੁਸ ਰਸੂਲ ਵਾਸਤੇ ਕੁਝ ਸਾਮਾਨ ਭੇਜਿਆ। ਉਸ ਦੇ ਦੋਸਤਾਂ ਨੇ ਸੁਣਿਆ ਕਿ ਉਹ ਰੋਮ ਜਾ ਕੇ ‘ਮਾਂਦਾ ਪੈ ਗਿਆ ਸੀ’ ਅਤੇ ਇਸ ਕਰਕੇ ਇਪਾਫ਼ਰੋਦੀਤੁਸ “ਉਦਾਸ ਰਹਿੰਦਾ ਸੀ।” ਉਸ ਨੂੰ ਸ਼ਾਇਦ ਲੱਗਾ ਕਿ ਉਸ ਨੇ ਆਪਣੇ ਦੋਸਤਾਂ ਨੂੰ ਨਿਰਾਸ਼ ਕੀਤਾ ਹੈ ਤੇ ਉਹ ਹੁਣ ਉਸ ਨੂੰ ਬੁਰਾ ਸਮਝਣਗੇ। (ਫ਼ਿਲਿੱਪੀਆਂ 2:25-27; 4:18) ਪੌਲੁਸ ਰਸੂਲ ਨੇ ਉਸ ਦੀ ਮਦਦ ਕਿਵੇਂ ਕੀਤੀ?

ਉਸ ਨੇ ਇਕ ਚਿੱਠੀ ਲਿਖ ਕੇ ਇਪਾਫ਼ਰੋਦੀਤੁਸ ਦੇ ਹੱਥੀਂ ਫ਼ਿਲਿੱਪੈ ਵਿਚ ਉਸ ਦੇ ਦੋਸਤਾਂ ਨੂੰ ਭੇਜੀ ਤੇ ਕਿਹਾ: “ਤੁਸੀਂ [ਇਪਾਫ਼ਰੋਦੀਤੁਸ] ਨੂੰ ਪ੍ਰਭੁ ਵਿੱਚ ਪੂਰੇ ਅਨੰਦ ਨਾਲ ਕਬੂਲ ਕਰੋ ਅਤੇ ਏਹੋ ਜੇਹਿਆਂ ਦਾ ਆਦਰ ਕਰੋ।” (ਫ਼ਿਲਿੱਪੀਆਂ 2:28-30) ਅਜਿਹੀ ਗੱਲ ਕਹਿ ਕੇ ਪੌਲੁਸ ਨੇ ਇਪਾਫ਼ਰੋਦੀਤੁਸ ਦਾ ਮਾਣ ਵਧਾਇਆ ਅਤੇ ਫ਼ਿਲਿੱਪੈ ਵਿਚ ਉਸ ਦੇ ਦੋਸਤਾਂ ਨੇ ਪਿਆਰ ਨਾਲ ਉਸ ਦਾ ਨਿੱਘਾ ਸੁਆਗਤ ਕੀਤਾ। ਇਸ ਕਰਕੇ ਇਪਾਫ਼ਰੋਦੀਤੁਸ ਨੂੰ ਜ਼ਰੂਰ ਦਿਲਾਸਾ ਮਿਲਿਆ ਹੋਣਾ ਅਤੇ ਨਿਰਾਸ਼ਾ ਵਿੱਚੋਂ ਨਿਕਲਣ ਵਿਚ ਉਸ ਦੀ ਮਦਦ ਹੋਈ ਹੋਣੀ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਈਬਲ ਵਿਚ ‘ਕਮਦਿਲਿਆਂ ਨੂੰ ਦਿਲਾਸਾ ਦੇਣ’ ਦੀ ਸਲਾਹ ਸਭ ਤੋਂ ਵਧੀਆ ਹੈ। ਡਿਪਰੈਸ਼ਨ ਦੀ ਸ਼ਿਕਾਰ ਇਕ ਤੀਵੀਂ ਨੇ ਕਿਹਾ: “ਇਹ ਜਾਣਨਾ ਜ਼ਰੂਰੀ ਹੈ ਕਿ ਦੂਸਰਿਆਂ ਨੂੰ ਤੁਹਾਡੀ ਪਰਵਾਹ ਹੈ। ਤੁਸੀਂ ਇਹੀ ਚਾਹੁੰਦੇ ਹੋ ਕਿ ਕੋਈ ਕਹੇ, ‘ਮੈਂ ਤੁਹਾਡੇ ਦੁੱਖ ਨੂੰ ਸਮਝਦਾ ਹਾਂ; ਸਭ ਕੁਝ ਠੀਕ ਹੋ ਜਾਏਗਾ।’”

ਨਿਰਾਸ਼ਾ ਵਿਚ ਡੁੱਬੇ ਇਨਸਾਨ ਨੂੰ ਕਿਸੇ ਅਜਿਹੇ ਨਾਲ ਗੱਲ ਕਰਨ ਦੀ ਲੋੜ ਹੁੰਦੀ ਹੈ ਜੋ ਹਮਦਰਦੀ ਨਾਲ ਉਸ ਦੀ ਗੱਲ ਸੁਣੇ। ਉਸ ਨੂੰ ਧਿਆਨ ਤੇ ਧੀਰਜ ਨਾਲ ਉਸ ਦੀ ਗੱਲ ਸੁਣਨੀ ਚਾਹੀਦੀ ਹੈ। ਉਸ ਨੂੰ ਲੈਕਚਰ ਨਹੀਂ ਝਾੜਨਾ ਚਾਹੀਦਾ ਹੈ ਤੇ ਨਾ ਹੀ ਅਜਿਹੀ ਕੋਈ ਗੱਲ ਕਹਿਣੀ ਚਾਹੀਦੀ ਹੈ ਜਿਵੇਂ ‘ਤੈਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ’ ਜਾਂ ‘ਤੇਰੇ ਲਈ ਇੱਦਾਂ ਸੋਚਣਾ ਗ਼ਲਤ ਹੈ।’ ਇਸ ਤਰ੍ਹਾਂ ਨੁਕਸ ਕੱਢ ਕੇ ਨਿਰਾਸ਼ ਬੰਦੇ ਦੇ ਜਜ਼ਬਾਤਾਂ ਨੂੰ ਹੋਰ ਠੇਸ ਪਹੁੰਚ ਸਕਦੀ ਹੈ ਜਿਸ ਕਰਕੇ ਉਹ ਹੋਰ ਵੀ ਉਦਾਸ ਹੋ ਜਾਵੇਗਾ।

ਨਿਰਾਸ਼ਾ ਵਿਚ ਡੁੱਬਾ ਇਨਸਾਨ ਸ਼ਾਇਦ ਆਪਣੇ ਆਪ ਨੂੰ ਨਿਕੰਮਾ ਸਮਝੇ। (ਯੂਨਾਹ 4:3) ਪਰ ਉਸ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਰੱਬ ਉਸ ਬਾਰੇ ਕੀ ਸੋਚਦਾ ਹੈ। ਲੋਕਾਂ ਨੇ ਯਿਸੂ ਮਸੀਹ ਨੂੰ “ਤੁੱਛ” ਸਮਝਿਆ ਸੀ, ਪਰ ਪਰਮੇਸ਼ੁਰ ਉਸ ਨੂੰ ਅਨਮੋਲ ਸਮਝਦਾ ਸੀ। (ਯਸਾਯਾਹ 53:3) ਯਕੀਨ ਕਰੋ ਕਿ ਜਿਸ ਤਰ੍ਹਾਂ ਰੱਬ ਆਪਣੇ ਇਸ ਪੁੱਤਰ ਨੂੰ ਪਿਆਰ ਕਰਦਾ ਹੈ, ਉਹ ਤੁਹਾਨੂੰ ਵੀ ਪਿਆਰ ਕਰਦਾ ਹੈ।—ਯੂਹੰਨਾ 3:16.

ਯਿਸੂ ਨੇ ਉਨ੍ਹਾਂ ਲੋਕਾਂ ਉੱਤੇ ਤਰਸ ਖਾਧਾ ਜੋ ਦੁਖੀ ਸਨ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿਲਾਉਣ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਕਿੰਨੀ ਕਦਰ ਹੈ। (ਮੱਤੀ 9:36; 11:28-30; 14:14) ਉਸ ਨੇ ਸਮਝਾਇਆ ਕਿ ਰੱਬ ਦੀਆਂ ਨਜ਼ਰਾਂ ਵਿਚ ਛੋਟੀਆਂ ਤੇ ਮਾਮੂਲੀ ਚਿੜੀਆਂ ਦਾ ਵੀ ਮੁੱਲ ਹੈ। ਉਸ ਨੇ ਕਿਹਾ: “ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ।” ਸੋ ਉਸ ਦੀਆਂ ਨਜ਼ਰਾਂ ਵਿਚ ਉਨ੍ਹਾਂ ਇਨਸਾਨਾਂ ਦਾ ਕਿਤੇ ਜ਼ਿਆਦਾ ਮੁੱਲ ਹੈ ਜੋ ਉਸ ਦੀ ਮਰਜ਼ੀ ਪੂਰੀ ਕਰਨ ਦਾ ਜਤਨ ਕਰਦੇ ਹਨ! ਇਨ੍ਹਾਂ ਲੋਕਾਂ ਬਾਰੇ ਯਿਸੂ ਨੇ ਕਿਹਾ: “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ।”—ਲੂਕਾ 12:6, 7.

ਇਹ ਸੱਚ ਹੈ ਕਿ ਡਿਪਰੈਸ਼ਨ ਦੇ ਸ਼ਿਕਾਰ ਲੋਕਾਂ ਲਈ ਇਹ ਮੰਨਣਾ ਸ਼ਾਇਦ ਔਖਾ ਹੋਵੇ ਕਿ ਰੱਬ ਉਨ੍ਹਾਂ ਦੀ ਇੰਨੀ ਕਦਰ ਕਰਦਾ ਹੈ। ਉਨ੍ਹਾਂ ਨੂੰ ਤਾਂ ਬਸ ਆਪਣੀਆਂ ਕਮੀਆਂ-ਕਮਜ਼ੋਰੀਆਂ ਹੀ ਨਜ਼ਰ ਆਉਂਦੀਆਂ ਹਨ। ਉਨ੍ਹਾਂ ਨੂੰ ਇਹੀ ਲੱਗਦਾ ਕਿ ਉਹ ਰੱਬ ਦੇ ਪਿਆਰ ਦੇ ਲਾਇਕ ਨਹੀਂ ਹਨ। ਬਾਈਬਲ ਇਹ ਗੱਲ ਸਵੀਕਾਰ ਕਰਦੀ ਹੈ ਕਿ “ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ।” ਪਰ ਕੀ ਗੱਲ ਇੱਥੇ ਹੀ ਖ਼ਤਮ ਹੋ ਜਾਂਦੀ ਹੈ? ਨਹੀਂ। ਰੱਬ ਜਾਣਦਾ ਹੈ ਕਿ ਪਾਪੀ ਇਨਸਾਨ ਆਪਣੇ ਆਪ ਨੂੰ ਬੁਰਾ ਸਮਝ ਸਕਦੇ ਹਨ ਤੇ ਦੋਸ਼ੀ ਮਹਿਸੂਸ ਕਰ ਸਕਦੇ ਹਨ। ਇਸੇ ਲਈ ਬਾਈਬਲ ਦਿਲਾਸਾ ਦਿੰਦੀ ਹੈ ਕਿ “ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।”—1 ਯੂਹੰਨਾ 3:19, 20.

ਜੀ ਹਾਂ, ਸਾਡਾ ਪਿਆਰਾ ਪਰਮੇਸ਼ੁਰ ਸਿਰਫ਼ ਸਾਡੇ ਪਾਪ ਤੇ ਸਾਡੀਆਂ ਗ਼ਲਤੀਆਂ ਹੀ ਨਹੀਂ ਦੇਖਦਾ। ਉਹ ਜਾਣਦਾ ਹੈ ਕਿ ਸਾਡੇ ਹਾਲਾਤ ਕੀ ਹਨ, ਅਸੀਂ ਆਪਣੀ ਜ਼ਿੰਦਗੀ ਵਿਚ ਕੀ-ਕੀ ਕਰਦੇ ਹਾਂ, ਸਾਡੇ ਦਿਲ ਵਿਚ ਕੀ ਹੈ ਤੇ ਸਾਡੇ ਇਰਾਦੇ ਕੀ ਹਨ। ਉਸ ਨੂੰ ਇਹ ਵੀ ਪਤਾ ਹੈ ਕਿ ਸਾਨੂੰ ਵਿਰਸੇ ਵਿਚ ਪਾਪ, ਬੀਮਾਰੀ ਅਤੇ ਮੌਤ ਮਿਲੀ ਹੈ ਜਿਸ ਕਰਕੇ ਅਸੀਂ ਹਮੇਸ਼ਾ ਉਹ ਨਹੀਂ ਕਰ ਪਾਉਂਦੇ ਜੋ ਅਸੀਂ ਕਰਨਾ ਚਾਹੁੰਦੇ ਹਾਂ। ਜਦ ਅਸੀਂ ਉਦਾਸ ਅਤੇ ਆਪਣੇ ਨਾਲ ਨਾਰਾਜ਼ ਹੁੰਦੇ ਹਾਂ, ਤਾਂ ਇਹ ਸਬੂਤ ਹੈ ਕਿ ਅਸੀਂ ਪਾਪ ਨਹੀਂ ਕਰਨਾ ਚਾਹੁੰਦੇ ਅਤੇ ਹੱਦ ਪਾਰ ਕਰ ਕੇ ਪਰਮੇਸ਼ੁਰ ਦੀ ਮਿਹਰ ਨਹੀਂ ਗੁਆਈ। ਬਾਈਬਲ ਕਹਿੰਦੀ ਹੈ ਕਿ ਅਸੀਂ ਆਪਣੀ ਇੱਛਾ ਦੇ ਖ਼ਿਲਾਫ਼ ਪਾਪ ਦੇ ਅਧੀਨ ਕੀਤੇ ਗਏ ਸੀ। ਤਾਂ ਫਿਰ ਰੱਬ ਸਾਡੀ ਹਾਲਤ ਨੂੰ ਪੂਰੀ ਤਰ੍ਹਾਂ ਜਾਣਦਾ ਹੈ ਤੇ ਸਾਡੀਆਂ ਕਮੀਆਂ-ਕਮਜ਼ੋਰੀਆਂ ਨੂੰ ਮਾਫ਼ ਕਰ ਦਿੰਦਾ ਹੈ।—ਰੋਮੀਆਂ 5:12; 8:20.

“ਯਹੋਵਾਹ ਦਯਾਲੂ ਤੇ ਕਿਰਪਾਲੂ ਹੈ।” ਬਾਈਬਲ ਕਹਿੰਦੀ ਹੈ: “ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ! ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:8, 12, 14) ਵਾਕਈ, ਯਹੋਵਾਹ “ਸਰਬ ਦਿਲਾਸੇ ਦਾ ਪਰਮੇਸ਼ੁਰ ਹੈ ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।”—2 ਕੁਰਿੰਥੀਆਂ 1:3, 4.

ਨਿਰਾਸ਼ ਲੋਕਾਂ ਨੂੰ ਸਭ ਤੋਂ ਜ਼ਿਆਦਾ ਮਦਦ ਉਦੋਂ ਮਿਲਦੀ ਹੈ, ਜਦੋਂ ਉਹ ਆਪਣੇ ਦਇਆਵਾਨ ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਜੋੜਦੇ ਹਨ ਅਤੇ ਉਸ ਦਾ ਇਹ ਸੱਦਾ ਕਬੂਲ ਕਰਦੇ ਹਨ: ‘ਆਪਣਾ ਭਾਰ ਮੇਰੇ ਉੱਤੇ ਸੁੱਟੋ।’ ਬਾਈਬਲ ਇਹ ਵੀ ਕਹਿੰਦੀ ਹੈ ਕਿ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ।” (ਜ਼ਬੂਰਾਂ ਦੀ ਪੋਥੀ 55:22; 34:18) ਇਸ ਲਈ ਬਾਈਬਲ ਸਾਨੂੰ ਪ੍ਰਾਰਥਨਾ ਕਰਨ ਦੀ ਸਲਾਹ ਦਿੰਦੀ ਹੈ ਕਿ “ਆਪਣੀ ਸਾਰੀ ਚਿੰਤਾ [ਯਹੋਵਾਹ] ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਜੀ ਹਾਂ, ਪ੍ਰਾਰਥਨਾ ਅਤੇ ਦੁਆ ਕਰ ਕੇ ਅਸੀਂ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜ ਸਕਦੇ ਹਾਂ ਅਤੇ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲ ਸਕਦੀ ਹੈ “ਜੋ ਸਾਰੀ ਸਮਝ ਤੋਂ ਪਰੇ ਹੈ।”—ਫ਼ਿਲਿੱਪੀਆਂ 4:6, 7; ਜ਼ਬੂਰਾਂ ਦੀ ਪੋਥੀ 16:8, 9.

ਆਪਣੀ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਕਰ ਕੇ ਵੀ ਨਿਰਾਸ਼ਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕਸਰਤ ਕਰਨੀ, ਸਹੀ ਖ਼ੁਰਾਕ ਲੈਣੀ, ਤਾਜ਼ੀ ਹਵਾ ਖਾਣੀ, ਚੰਗੀ ਤਰ੍ਹਾਂ ਆਰਾਮ ਕਰਨਾ ਅਤੇ ਜ਼ਿਆਦਾ ਟੀ.ਵੀ. ਨਾ ਦੇਖਣਾ ਬਹੁਤ ਜ਼ਰੂਰੀ ਹੈ। ਇਕ ਔਰਤ ਨੇ ਡਿਪਰੈਸ਼ਨ ਦੇ ਸ਼ਿਕਾਰ ਲੋਕਾਂ ਦੀ ਮਦਦ ਕੀਤੀ ਹੈ। ਕਿਵੇਂ? ਉਹ ਉਨ੍ਹਾਂ ਨੂੰ ਤੁਰਨ ਲਈ ਲੈ ਜਾਂਦੀ ਹੈ। ਇਕ ਵਾਰ ਜਦ ਇਕ ਨਿਰਾਸ਼ ਤੀਵੀਂ ਨੇ ਕਿਹਾ: “ਮੈਂ ਨਹੀਂ ਤੁਰਨ ਜਾਣਾ,” ਤਾਂ ਔਰਤ ਨੇ ਕੋਮਲਤਾ, ਪਰ ਸਿੱਧੇ ਜਿਹੇ ਕਿਹਾ: “ਹਾਂ, ਜਾਣਾ ਹੈ।” ਔਰਤ ਨੇ ਬਾਅਦ ਵਿਚ ਦੱਸਿਆ: ‘ਅਸੀਂ ਛੇ ਕਿਲੋਮੀਟਰ ਤੁਰੀਆਂ। ਵਾਪਸ ਆ ਕੇ ਤੀਵੀਂ ਥੱਕੀ ਜ਼ਰੂਰ ਸੀ, ਪਰ ਉਹ ਪਹਿਲਾਂ ਨਾਲੋਂ ਠੀਕ ਲੱਗਦੀ ਸੀ। ਮੇਰੇ ਖ਼ਿਆਲ ਵਿਚ ਜਿੰਨਾ ਚਿਰ ਤੁਸੀਂ ਆਪ ਕਸਰਤ ਕਰ ਕੇ ਨਹੀਂ ਦੇਖਦੇ, ਤਦ ਤਕ ਤੁਸੀਂ ਮੰਨ ਨਹੀਂ ਸਕਦੇ ਕਿ ਕਸਰਤ ਕਰਨ ਦਾ ਕਿੰਨਾ ਫ਼ਾਇਦਾ ਹੈ।’

ਡਿਪਰੈਸ਼ਨ ਦੇ ਸ਼ਿਕਾਰ ਕਈ ਲੋਕਾਂ ਨੇ ਹਰ ਤਰ੍ਹਾਂ ਦਾ ਇਲਾਜ ਕਰਾ ਕੇ ਦੇਖਿਆ ਹੈ, ਪਰ ਉਨ੍ਹਾਂ ਦੀ ਨਿਰਾਸ਼ਾ ਪੂਰੀ ਤਰ੍ਹਾਂ ਦੂਰ ਨਹੀਂ ਹੋਈ। ਇਕ ਤੀਵੀਂ ਨੇ ਕਿਹਾ: “ਮੈਂ ਹਰ ਤਰ੍ਹਾਂ ਦਾ ਇਲਾਜ ਕਰਾ ਕੇ ਦੇਖ ਲਿਆ ਹੈ, ਫਿਰ ਵੀ ਮੈਂ ਨਿਰਾਸ਼ ਹੀ ਰਹਿੰਦੀ ਹਾਂ।” ਇਸੇ ਤਰ੍ਹਾਂ ਅੱਜ ਸਾਰਿਆਂ ਅੰਨ੍ਹਿਆਂ, ਬੋਲਿਆਂ ਜਾਂ ਲੰਗੜਿਆਂ ਨੂੰ ਠੀਕ ਕਰਨਾ ਨਾਮੁਮਕਿਨ ਹੈ। ਪਰ ਨਿਰਾਸ਼ਾ ਦੇ ਸ਼ਿਕਾਰ ਲੋਕਾਂ ਨੂੰ ਬਾਈਬਲ ਪੜ੍ਹ ਕੇ ਦਿਲਾਸਾ ਅਤੇ ਉਮੀਦ ਮਿਲ ਸਕਦੀ ਹੈ ਕਿਉਂਕਿ ਇਸ ਵਿਚ ਰੱਬ ਦਾ ਵਾਅਦਾ ਹੈ ਕਿ ਸਾਰੀਆਂ ਬੀਮਾਰੀਆਂ ਹਮੇਸ਼ਾ ਲਈ ਦੂਰ ਕੀਤੀਆਂ ਜਾਣਗੀਆਂ।—ਰੋਮੀਆਂ 12:12; 15:4.

ਜਦ ਕੋਈ ਵੀ ਨਿਰਾਸ਼ਾ ਦਾ ਸ਼ਿਕਾਰ ਨਹੀਂ ਹੋਵੇਗਾ

ਜਦ ਯਿਸੂ ਨੇ ਦੱਸਿਆ ਸੀ ਕਿ ਅੰਤ ਦੇ ਦਿਨਾਂ ਵਿਚ ਧਰਤੀ ਉੱਤੇ ਬੁਰੀਆਂ ਗੱਲਾਂ ਹੋਣਗੀਆਂ, ਤਾਂ ਉਸ ਨੇ ਇਹ ਵੀ ਕਿਹਾ ਸੀ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।” (ਲੂਕਾ 21:28) ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਬਹੁਤ ਜਲਦੀ ਅਜਿਹੀ ਦੁਨੀਆਂ ਆਵੇਗੀ ਜਿਸ ਵਿਚ ਲੋਕ ਸ਼ਾਂਤੀ ਅਤੇ ਖ਼ੁਸ਼ੀ ਨਾਲ ਰਹਿਣਗੇ। ਉਸ ਸਮੇਂ “ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ” ਕਰੇਗੀ।—ਰੋਮੀਆਂ 8:21.

ਜ਼ਰਾ ਸੋਚੋ ਕਿ ਇਨਸਾਨਾਂ ਨੂੰ ਕਿੰਨੀ ਰਾਹਤ ਮਿਲੇਗੀ ਜਦ ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ ਰਹੇਗਾ। ਉਹ ਹਰ ਰੋਜ਼ ਤਰੋਤਾਜ਼ਾ ਹੋ ਕੇ ਉੱਠਣਗੇ ਤੇ ਕੰਮ ਕਰਨ ਲਈ ਤਿਆਰ-ਬਰ-ਤਿਆਰ ਹੋਣਗੇ! ਨਿਰਾਸ਼ਾ ਦੇ ਕਾਲੇ ਬੱਦਲ ਨਹੀਂ ਹੋਣਗੇ। ਰੱਬ ਇਨਸਾਨਾਂ ਨਾਲ ਪੱਕਾ ਵਾਅਦਾ ਕਰਦਾ ਹੈ ਕਿ “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.

ਇਸ ਟ੍ਰੈਕਟ ਵਿਚ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ ਵਰਤੀ ਗਈ ਹੈ।