Skip to content

ਕੱਪੜੇ ਅਤੇ ਹਾਰ-ਸ਼ਿੰਗਾਰ ਮੇਰੇ ਲਈ ਇਕ ਰੁਕਾਵਟ ਸੀ

ਕੱਪੜੇ ਅਤੇ ਹਾਰ-ਸ਼ਿੰਗਾਰ ਮੇਰੇ ਲਈ ਇਕ ਰੁਕਾਵਟ ਸੀ

ਕੱਪੜੇ ਅਤੇ ਹਾਰ-ਸ਼ਿੰਗਾਰ ਮੇਰੇ ਲਈ ਇਕ ਰੁਕਾਵਟ ਸੀ

ਆਈਲੀਨ ਬ੍ਰੱਮਬਾ ਦੀ ਜ਼ਬਾਨੀ

ਮੈਂ ਬਚਪਨ ਤੋਂ ਹੀ ਓਲਡ ਓਡਰ ਜਰਮਨ ਬੈਪਟਿਸਟ ਬ੍ਰੈਦਰਨ ਚਰਚ ਤੋਂ ਸਿੱਖਿਆ ਲਈ ਸੀ। ਇਹ ਧਰਮ ਅਮਿਸ਼ ਅਤੇ ਮੇਨੋਨਾਇਟ ਧਰਮ ਨਾਲ ਮਿਲਦਾ-ਜੁਲਦਾ ਹੈ। ਬ੍ਰੈਦਰਨ ਲਹਿਰ ਦੀ ਸ਼ੁਰੂਆਤ 1708 ਵਿਚ ਜਰਮਨੀ ਵਿਚ ਹੋਈ। ਇਸ ਲਹਿਰ ਦਾ ਮਕਸਦ ਲੋਕਾਂ ਨੂੰ ਉੱਚਾ-ਸੁੱਚਾ ਜੀਵਨ ਗੁਜ਼ਾਰਨ ਲਈ ਜਾਗਰੂਕ ਕਰਨਾ ਸੀ। ਦ ਐਨਸਾਈਕਲੋਪੀਡੀਆ ਆਫ਼ ਰਿਲੀਜਨ ਮੁਤਾਬਕ ਇਸ ਲਹਿਰ ਦੀ ਸ਼ੁਰੂਆਤ ਇਸ ਸੋਚ ਤੋਂ ਹੋਈ ਕਿ “ਮਨੁੱਖਜਾਤੀ ਨੂੰ ਮਸੀਹ ਦੀ ਖ਼ੁਸ਼ ਖ਼ਬਰੀ ਦੀ ਲੋੜ ਹੈ।” ਇਸੇ ਸੋਚ ਕਰਕੇ ਅਲੱਗ-ਅਲੱਗ ਦੇਸ਼ਾਂ ਵਿਚ ਮਿਸ਼ਨਰੀ ਭੇਜੇ ਗਏ।

ਸੰਨ 1719 ਵਿਚ ਇਕ ਛੋਟਾ ਜਿਹਾ ਸਮੂਹ ਐਲੇਗਜ਼ੈਂਡਰ ਮੈਕ ਨਾਂ ਦੇ ਵਿਅਕਤੀ ਦੀ ਅਗਵਾਈ ਅਧੀਨ ਅਮਰੀਕਾ ਦੇ ਇਕ ਰਾਜ ਵਿਚ ਆਇਆ ਜਿਸ ਨੂੰ ਹੁਣ ਪੈਨਸਿਲਵੇਨੀਆ ਕਿਹਾ ਜਾਂਦਾ ਹੈ। ਉਦੋਂ ਤੋਂ ਕਈ ਧਾਰਮਿਕ ਸਮੂਹ ਬਣੇ ਅਤੇ ਇਕ-ਦੂਜੇ ਤੋਂ ਅਲੱਗ ਹੋਏ। ਹਰ ਸਮੂਹ ਐਲੇਗਜ਼ੈਂਡਰ ਮੈਕ ਦੀਆਂ ਸਿੱਖਿਆਵਾਂ ਨੂੰ ਆਪਣੇ ਤਰੀਕੇ ਨਾਲ ਬਿਆਨ ਕਰਦਾ ਸੀ। ਸਾਡੇ ਚਰਚ ਦੇ ਤਕਰੀਬਨ 50 ਮੈਂਬਰ ਸੀ। ਸਾਨੂੰ ਬਾਈਬਲ ਪੜ੍ਹਨ ਅਤੇ ਚਰਚ ਦੇ ਆਗੂਆਂ ਦੇ ਫ਼ੈਸਲਿਆਂ ਮੁਤਾਬਕ ਸਖ਼ਤੀ ਨਾਲ ਚੱਲਣ ਲਈ ਕਿਹਾ ਜਾਂਦਾ ਸੀ।

ਮੇਰੇ ਖ਼ਾਨਦਾਨ ਦੀਆਂ ਘੱਟੋ-ਘੱਟ ਤਿੰਨ ਪੀੜ੍ਹੀਆਂ ਇਸੇ ਚਰਚ ਦੀਆਂ ਸਿੱਖਿਆਵਾਂ ਨੂੰ ਮੰਨਦੀਆਂ ਰਹੀਆਂ ਅਤੇ ਇਸ ਮੁਤਾਬਕ ਚੱਲਦੀਆਂ ਰਹੀਆਂ। ਮੈਂ 13 ਸਾਲ ਦੀ ਉਮਰ ਵਿਚ ਬਪਤਿਸਮਾ ਲੈ ਕੇ ਇਸ ਚਰਚ ਦੀ ਮੈਂਬਰ ਬਣ ਗਈ। ਮੈਂ ਬਚਪਨ ਤੋਂ ਇਹੀ ਸਿੱਖਿਆ ਸੀ ਕਿ ਗੱਡੀ, ਟ੍ਰੈਕਟਰ, ਟੈਲੀਫ਼ੋਨ, ਰੇਡੀਓ ਜਾਂ ਬਿਜਲੀ ਨਾਲ ਚੱਲਣ ਵਾਲੀ ਕੋਈ ਵੀ ਚੀਜ਼ ਖ਼ਰੀਦਣੀ ਜਾਂ ਵਰਤਣੀ ਗ਼ਲਤ ਹੈ। ਸਾਡੇ ਚਰਚ ਦੀਆਂ ਔਰਤਾਂ ਸਾਦੇ ਕੱਪੜੇ ਪਾਉਂਦੀਆਂ ਸਨ, ਵਾਲ਼ ਨਹੀਂ ਕਟਾਉਂਦੀਆਂ ਸਨ ਅਤੇ ਹਮੇਸ਼ਾ ਸਿਰ ਢੱਕ ਕੇ ਰੱਖਦੀਆਂ ਸਨ। ਆਦਮੀ ਦਾੜ੍ਹੀ ਰੱਖਦੇ ਸਨ। ਸਾਨੂੰ ਲੱਗਦਾ ਸੀ ਕਿ ਦੁਨੀਆਂ ਦੇ ਨਾ ਹੋਣ ਦਾ ਮਤਲਬ ਹੈ ਕਿ ਅਸੀਂ ਨਵੇਂ-ਨਵੇਂ ਫ਼ੈਸ਼ਨ ਦੇ ਕੱਪੜੇ ਨਾ ਪਾਈਏ, ਮੇਕ-ਅੱਪ ਨਾ ਕਰੀਏ ਅਤੇ ਗਹਿਣੇ ਨਾ ਪਾਈਏ। ਸਾਡੀਆਂ ਨਜ਼ਰਾਂ ਵਿਚ ਇਹ ਸਭ ਪਾਪ ਸੀ ਅਤੇ ਘਮੰਡ ਦੀ ਨਿਸ਼ਾਨੀ ਸੀ।

ਸਾਨੂੰ ਬਾਈਬਲ ਦਾ ਗਹਿਰਾ ਆਦਰ ਕਰਨਾ ਸਿਖਾਇਆ ਗਿਆ ਸੀ ਕਿਉਂਕਿ ਇਹ ਪਰਮੇਸ਼ੁਰ ਦਾ ਬਚਨ ਹੈ। ਅਸੀਂ ਹਰ ਰੋਜ਼ ਨਾਸ਼ਤੇ ਤੋਂ ਪਹਿਲਾਂ ਇਕੱਠੇ ਹੁੰਦੇ ਸੀ ਅਤੇ ਮੇਰੇ ਡੈਡੀ ਬਾਈਬਲ ਦਾ ਇਕ ਪਾਠ ਪੜ੍ਹਦੇ ਸੀ ਅਤੇ ਫਿਰ ਇਸ ਬਾਰੇ ਥੋੜ੍ਹੀ ਗੱਲਬਾਤ ਕਰਦੇ ਸੀ। ਫਿਰ ਜਦੋਂ ਡੈਡੀ ਪ੍ਰਾਰਥਨਾ ਕਰਦੇ ਸੀ, ਤਾਂ ਅਸੀਂ ਸਾਰੇ ਗੋਡਿਆਂ ਭਾਰ ਬੈਠ ਜਾਂਦੇ ਸੀ। ਇਸ ਤੋਂ ਬਾਅਦ ਮੰਮੀ ਯਿਸੂ ਦੀ ਸਿਖਾਈ ਪ੍ਰਾਰਥਨਾ ਦੁਹਰਾਉਂਦੀ ਸੀ। ਮੈਨੂੰ ਹਮੇਸ਼ਾ ਸਵੇਰ ਵੇਲੇ ਕੀਤੀ ਜਾਂਦੀ ਬਾਈਬਲ ਹਵਾਲਿਆਂ ਦੀ ਚਰਚਾ ਬਹੁਤ ਵਧੀਆ ਲੱਗਦੀ ਸੀ ਕਿਉਂਕਿ ਅਸੀਂ ਸਾਰੇ ਮਿਲ ਕੇ ਰੱਬ ਦੇ ਬਚਨ ʼਤੇ ਗੌਰ ਕਰਦੇ ਸੀ।

ਅਸੀਂ ਅਮਰੀਕਾ ਦੇ ਇੰਡਿਆਨਾ ਰਾਜ ਦੇ ਡੈਲਫੀ ਸ਼ਹਿਰ ਵਿਚ ਇਕ ਫਾਰਮ ਵਿਚ ਰਹਿੰਦੇ ਸੀ ਜਿੱਥੇ ਅਸੀਂ ਸਬਜ਼ੀਆਂ ਵਗੈਰਾ ਉਗਾਉਂਦੇ ਸੀ। ਅਸੀਂ ਇਨ੍ਹਾਂ ਨੂੰ ਟਾਂਗੇ ʼਤੇ ਲੱਦ ਕੇ ਸ਼ਹਿਰ ਵਿਚ ਲੈ ਜਾਂਦੇ ਸੀ ਤੇ ਫਿਰ ਸੜਕਾਂ ʼਤੇ ਜਾਂ ਘਰ-ਘਰ ਵੇਚਦੇ ਸੀ। ਸਾਨੂੰ ਲੱਗਦਾ ਸੀ ਕਿ ਮਿਹਨਤ ਕਰਨੀ ਰੱਬ ਦੀ ਸੇਵਾ ਦਾ ਹਿੱਸਾ ਹੈ। ਇਸ ਲਈ ਅਸੀਂ ਬੜੀ ਲਗਨ ਨਾਲ ਕੰਮ ਕਰਦੇ ਸੀ। ਪਰ ਅਸੀਂ ਐਤਵਾਰ ਨੂੰ ਕੋਈ “ਸਖ਼ਤ ਕੰਮ” ਨਹੀਂ ਕਰਦੇ ਸੀ। ਕਦੀ-ਕਦੀ ਅਸੀਂ ਖੇਤਾਂ ਵਿਚ ਕੰਮ ਕਰਨ ਵਿਚ ਇੰਨੇ ਰੁੱਝ ਜਾਂਦੇ ਸੀ ਕਿ ਰੱਬ ਦੀ ਭਗਤੀ ʼਤੇ ਧਿਆਨ ਦੇਣਾ ਔਖਾ ਹੋ ਜਾਂਦਾ ਸੀ।

ਵਿਆਹ ਅਤੇ ਪਰਿਵਾਰ

ਸੰਨ 1963 ਵਿਚ ਜਦੋਂ ਮੈਂ 17 ਸਾਲ ਦੀ ਸੀ, ਤਾਂ ਜੇਮਜ਼ ਨਾਲ ਮੇਰਾ ਵਿਆਹ ਹੋ ਗਿਆ। ਉਹ ਵੀ ਓਲਡ ਬ੍ਰੈਦਰਨ ਚਰਚ ਦਾ ਮੈਂਬਰ ਸੀ। ਉਸ ਦਾ ਪੜਦਾਦਾ ਅਤੇ ਪੜਦਾਦੀ ਵੀ ਇਸ ਧਰਮ ਨੂੰ ਮੰਨਦੇ ਸਨ। ਰੱਬ ਦੀ ਸੇਵਾ ਕਰਨੀ ਸਾਡੀ ਦਿਲੀ ਇੱਛਾ ਸੀ ਅਤੇ ਸਾਨੂੰ ਯਕੀਨ ਸੀ ਕਿ ਸਿਰਫ਼ ਸਾਡਾ ਧਰਮ ਹੀ ਸੱਚਾ ਸੀ।

ਸੰਨ 1975 ਤਕ ਸਾਡੇ ਛੇ ਬੱਚੇ ਹੋ ਚੁੱਕੇ ਸਨ ਅਤੇ 1983 ਵਿਚ ਸਾਡਾ ਸੱਤਵਾਂ ਤੇ ਆਖ਼ਰੀ ਬੱਚਾ ਪੈਦਾ ਹੋਇਆ। ਦੂਜੇ ਨੰਬਰ ʼਤੇ ਪੈਦਾ ਹੋਈ ਰਿਬੈਕਾ ਸਾਡੀ ਇਕਲੌਤੀ ਕੁੜੀ ਸੀ। ਅਸੀਂ ਬੜੀ ਮਿਹਨਤ ਕਰਦੇ ਸੀ, ਘੱਟ ਪੈਸੇ ਖ਼ਰਚਦੇ ਸੀ ਅਤੇ ਸਾਦੀ ਜ਼ਿੰਦਗੀ ਬਿਤਾਉਂਦੇ ਸੀ। ਅਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਵੀ ਬਾਈਬਲ ਦੇ ਅਸੂਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜੋ ਅਸੀਂ ਆਪਣੇ ਮੰਮੀ-ਡੈਡੀ ਅਤੇ ਆਪਣੇ ਧਰਮ ਦੇ ਹੋਰ ਲੋਕਾਂ ਤੋਂ ਸਿੱਖੇ ਸਨ।

ਸਾਡੇ ਧਰਮ ਦੇ ਲੋਕਾਂ ਲਈ ਇਕ ਵਿਅਕਤੀ ਦਾ ਬਾਹਰੀ ਰੂਪ ਬਹੁਤ ਅਹਿਮੀਅਤ ਰੱਖਦਾ ਹੈ। ਸਾਨੂੰ ਲੱਗਦਾ ਸੀ ਕਿ ਕੋਈ ਵੀ ਇਹ ਨਹੀਂ ਜਾਣ ਸਕਦਾ ਕਿ ਇਕ ਵਿਅਕਤੀ ਦੇ ਦਿਲ ਵਿਚ ਕੀ ਹੈ, ਇਸ ਲਈ ਉਸ ਦੇ ਕੱਪੜਿਆਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਹ ਅੰਦਰੋਂ ਕਿਹਾ ਜਿਹਾ ਇਨਸਾਨ ਹੈ। ਇਸ ਕਰਕੇ ਜੇ ਚਰਚ ਦੀ ਕੋਈ ਮੈਂਬਰ ਵਾਲ਼ਾਂ ਦਾ ਕੋਈ ਸਟਾਈਲ ਬਣਾਉਂਦੀ ਸੀ, ਤਾਂ ਇਸ ਨੂੰ ਘਮੰਡ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਜੇ ਕਿਸੇ ਵਿਅਕਤੀ ਦੇ ਸਾਦਾ ਜਿਹੇ ਕੱਪੜਿਆਂ ਦਾ ਪ੍ਰਿੰਟ ਬਹੁਤ ਵੱਡਾ ਹੁੰਦਾ ਸੀ, ਤਾਂ ਇਸ ਤੋਂ ਵੀ ਇਹੀ ਲੱਗਦਾ ਸੀ ਕਿ ਇਹ ਵਿਅਕਤੀ ਘਮੰਡੀ ਹੈ। ਕਦੀ-ਕਦੀ ਇਹ ਨਿਯਮ ਬਾਈਬਲ ਦੇ ਅਸੂਲਾਂ ਤੋਂ ਜ਼ਿਆਦਾ ਅਹਿਮ ਬਣ ਜਾਂਦੇ ਸਨ।

ਕੈਦ ਦੀ ਸਜ਼ਾ

ਮੇਰੇ ਦਿਓਰ ਜੈਸੀ ਨੇ ਵੀ ਬਚਪਨ ਤੋਂ ਬ੍ਰੈਦਰਨ ਚਰਚ ਦੀ ਸਿੱਖਿਆ ਲਈ ਸੀ। ਪਰ 1960 ਦੇ ਦਹਾਕੇ ਦੇ ਅਖ਼ੀਰ ਵਿਚ ਉਸ ਨੂੰ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਕਰਕੇ ਜੇਲ੍ਹ ਵਿਚ ਕੈਦ ਕਰ ਦਿੱਤਾ ਗਿਆ। ਉੱਥੇ ਉਹ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ। ਉਹ ਵੀ ਇਹੀ ਮੰਨਦੇ ਸਨ ਕਿ ਯੁੱਧ ਵਿਚ ਹਿੱਸਾ ਲੈਣਾ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹੈ। (ਯਸਾਯਾਹ 2:4; ਮੱਤੀ 26:52) ਜੈਸੀ ਨੂੰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੇ ਅਲੱਗ-ਅਲੱਗ ਵਿਸ਼ਿਆਂ ਬਾਰੇ ਗੱਲ ਕਰਕੇ ਬਹੁਤ ਵਧੀਆ ਲੱਗਾ ਤੇ ਉਸ ਨੇ ਦੇਖਿਆ ਕਿ ਉਨ੍ਹਾਂ ਲੋਕਾਂ ਵਿਚ ਬਹੁਤ ਸਾਰੀਆਂ ਖ਼ੂਬੀਆਂ ਹਨ। ਬਾਈਬਲ ਤੋਂ ਕਾਫ਼ੀ ਕੁਝ ਸਿੱਖਣ ਤੋਂ ਬਾਅਦ ਉਸ ਨੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ। ਅਸੀਂ ਉਸ ਦੇ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਸੀ।

ਜੈਸੀ ਨੇ ਮੇਰੇ ਪਤੀ ਨੂੰ ਵੀ ਉਹ ਗੱਲਾਂ ਦੱਸੀਆਂ ਜੋ ਉਸ ਨੇ ਸਿੱਖੀਆਂ ਸਨ। ਉਸ ਨੇ ਇਸ ਗੱਲ ਦਾ ਵੀ ਪ੍ਰਬੰਧ ਕੀਤਾ ਕਿ ਜੇਮਜ਼ ਨੂੰ ਬਾਕਾਇਦਾ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਮਿਲਦੇ ਰਹਿਣ। ਇਹ ਰਸਾਲੇ ਪੜ੍ਹਨ ਕਰਕੇ ਬਾਈਬਲ ਵਿਚ ਜੇਮਜ਼ ਦੀ ਦਿਲਚਸਪੀ ਹੋਰ ਵੀ ਵਧ ਗਈ। ਜੇਮਜ਼ ਦੇ ਦਿਲ ਵਿਚ ਹਮੇਸ਼ਾ ਤੋਂ ਹੀ ਰੱਬ ਦੀ ਸੇਵਾ ਕਰਨ ਦੀ ਇੱਛਾ ਸੀ। ਪਰ ਉਸ ਨੂੰ ਲੱਗਦਾ ਸੀ ਕਿ ਰੱਬ ਉਸ ਤੋਂ ਬਹੁਤ ਦੂਰ ਹੈ। ਇਸ ਲਈ ਉਸ ਨੂੰ ਹਰ ਉਸ ਚੀਜ਼ ਵਿਚ ਦਿਲਚਸਪੀ ਸੀ ਜਿਸ ਰਾਹੀਂ ਉਹ ਰੱਬ ਦੇ ਨੇੜੇ ਜਾ ਸਕਦਾ ਸੀ।

ਸਾਡੇ ਚਰਚ ਦੇ ਬਜ਼ੁਰਗ ਸਾਨੂੰ ਹੱਲਾਸ਼ੇਰੀ ਦਿੰਦੇ ਸਨ ਕਿ ਅਸੀਂ ਅਮਿਸ਼, ਮੇਨੋਨਾਇਟ ਅਤੇ ਹੋਰ ਬ੍ਰੈਦਰਨ ਚਰਚਾਂ ਦੇ ਰਸਾਲੇ ਪੜ੍ਹੀਏ। ਪਰ ਸਾਨੂੰ ਲੱਗਦਾ ਸੀ ਕਿ ਇਹ ਧਰਮ ਦੁਨੀਆਂ ਦਾ ਹਿੱਸਾ ਹਨ। ਮੇਰੇ ਡੈਡੀ ਯਹੋਵਾਹ ਦੇ ਗਵਾਹਾਂ ਦੇ ਸਖ਼ਤ ਖ਼ਿਲਾਫ਼ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸਾਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਬਿਲਕੁਲ ਨਹੀਂ ਪੜ੍ਹਨੇ ਚਾਹੀਦੇ। ਇਸ ਲਈ ਜਦੋਂ ਮੈਂ ਜੇਮਜ਼ ਨੂੰ ਇਹ ਰਸਾਲੇ ਪੜ੍ਹਦਿਆਂ ਦੇਖਿਆ, ਤਾਂ ਮੈਂ ਥੋੜ੍ਹਾ ਪਰੇਸ਼ਾਨ ਹੋ ਗਈ। ਮੈਨੂੰ ਡਰ ਸੀ ਕਿ ਕਿਤੇ ਉਹ ਝੂਠੀਆਂ ਸਿੱਖਿਆਵਾਂ ʼਤੇ ਨਾ ਚੱਲਣ ਲੱਗ ਪਵੇ।

ਜੇਮਜ਼ ਦੇ ਦਿਲ ਵਿਚ ਕਾਫ਼ੀ ਸਮੇਂ ਤੋਂ ਓਲਡ ਬ੍ਰੈਦਰਨ ਚਰਚ ਦੀਆਂ ਕੁਝ ਸਿੱਖਿਆਵਾਂ ਬਾਰੇ ਸਵਾਲ ਸਨ। ਉਸ ਨੂੰ ਲੱਗਦਾ ਸੀ ਕਿ ਇਹ ਸਿੱਖਿਆਵਾਂ ਬਾਈਬਲ ਨਾਲ ਮੇਲ ਨਹੀਂ ਖਾਂਦੀਆਂ, ਖ਼ਾਸ ਕਰਕੇ ਇਹ ਸਿੱਖਿਆ ਕਿ ਐਤਵਾਰ ਨੂੰ ਕੋਈ ਵੀ “ਸਖ਼ਤ ਕੰਮ” ਕਰਨਾ ਪਾਪ ਹੈ। ਮਿਸਾਲ ਲਈ, ਓਲਡ ਬ੍ਰੈਦਰਨ ਚਰਚ ਵਿਚ ਇਹ ਸਿਖਾਇਆ ਜਾਂਦਾ ਸੀ ਕਿ ਐਤਵਾਰ ਨੂੰ ਆਪਣੇ ਜਾਨਵਰਾਂ ਨੂੰ ਪਾਣੀ ਪਿਲਾਉਣ ਦੀ ਤਾਂ ਇਜਾਜ਼ਤ ਹੈ, ਪਰ ਖੇਤ ਵਿੱਚੋਂ ਜੰਗਲੀ ਬੂਟੀ ਪੁੱਟਣ ਦੀ ਨਹੀਂ। ਸਾਡੇ ਚਰਚ ਦੇ ਬਜ਼ੁਰਗ ਜੇਮਜ਼ ਨੂੰ ਇਸ ਸਿੱਖਿਆ ਬਾਰੇ ਬਾਈਬਲ ਤੋਂ ਕੋਈ ਕਾਰਨ ਨਹੀਂ ਦੇ ਸਕੇ। ਹੌਲੀ-ਹੌਲੀ ਮੇਰੇ ਦਿਲ ਵਿਚ ਵੀ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਬਾਰੇ ਸ਼ੱਕ ਪੈਦਾ ਹੋਣ ਲੱਗਾ।

ਅਸੀਂ ਕਈ ਸਾਲਾਂ ਤੋਂ ਇਹ ਮੰਨਦੇ ਆਏ ਸੀ ਕਿ ਓਲਡ ਬ੍ਰੈਦਰਨ ਚਰਚ ਰੱਬ ਦਾ ਚੁਣਿਆ ਹੋਇਆ ਚਰਚ ਹੈ ਅਤੇ ਅਸੀਂ ਇਹ ਵੀ ਜਾਣਦੇ ਸੀ ਕਿ ਜੇ ਅਸੀਂ ਇਸ ਨੂੰ ਛੱਡਾਂਗੇ, ਤਾਂ ਸਾਨੂੰ ਕੀ-ਕੁਝ ਸਹਿਣਾ ਪਵੇਗਾ। ਇਸ ਲਈ ਸਾਨੂੰ ਓਲਡ ਬ੍ਰੈਦਰਨ ਚਰਚ ਨੂੰ ਛੱਡਣਾ ਬਹੁਤ ਔਖਾ ਲੱਗਾ। ਪਰ ਸਾਡੀ ਜ਼ਮੀਰ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਸੀ ਕਿ ਅਸੀਂ ਇਕ ਅਜਿਹੇ ਧਰਮ ਨਾਲ ਜੁੜੇ ਰਹੀਏ ਜੋ ਸਾਡੇ ਖ਼ਿਆਲ ਵਿਚ ਪੂਰੀ ਤਰ੍ਹਾਂ ਬਾਈਬਲ ਦੀਆਂ ਸਿੱਖਿਆਵਾਂ ʼਤੇ ਨਹੀਂ ਚੱਲ ਰਿਹਾ ਸੀ। ਇਸ ਲਈ 1983 ਵਿਚ ਅਸੀਂ ਚਰਚ ਨੂੰ ਚਿੱਠੀ ਲਿਖੀ ਅਤੇ ਇਸ ਵਿਚ ਓਲਡ ਬ੍ਰੈਦਰਨ ਚਰਚ ਨੂੰ ਛੱਡਣ ਦੇ ਕਾਰਨ ਦੱਸੇ। ਇਸ ਚਿੱਠੀ ਵਿਚ ਅਸੀਂ ਇਹ ਵੀ ਲਿਖਿਆ ਕਿ ਇਸ ਚਿੱਠੀ ਨੂੰ ਮੰਡਲੀ ਸਾਮ੍ਹਣੇ ਪੜ੍ਹਿਆ ਜਾਵੇ। ਇਸ ਤੋਂ ਬਾਅਦ ਸਾਡਾ ਨਾਂ ਚਰਚ ਤੋਂ ਕੱਟ ਦਿੱਤਾ ਗਿਆ।

ਸੱਚੇ ਧਰਮ ਦੀ ਤਲਾਸ਼

ਇਸ ਤੋਂ ਬਾਅਦ ਅਸੀਂ ਸੱਚੇ ਧਰਮ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਅਸੀਂ ਇਕ ਅਜਿਹੇ ਧਰਮ ਦੀ ਭਾਲ ਕਰ ਰਹੇ ਸੀ ਜਿਸ ਦੀਆਂ ਸਿੱਖਿਆਵਾਂ ਬਾਈਬਲ ਨਾਲ ਮੇਲ ਖਾਂਦੀਆਂ ਹੋਣ ਅਤੇ ਜਿਸ ਨੂੰ ਮੰਨਣ ਵਾਲੇ ਲੋਕ ਆਪ ਵੀ ਉਨ੍ਹਾਂ ਗੱਲਾਂ ʼਤੇ ਚੱਲਦੇ ਹੋਣ ਜਿਹੜੀਆਂ ਉਹ ਦੂਜਿਆਂ ਨੂੰ ਸਿਖਾਉਂਦੇ ਸਨ। ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਧਰਮਾਂ ਨੂੰ ਆਪਣੀ ਲਿਸਟ ਵਿੱਚੋਂ ਕੱਢ ਦਿੱਤਾ ਜੋ ਲੜਾਈਆਂ ਵਿਚ ਹਿੱਸਾ ਲੈਂਦੇ ਸਨ। ਪਰ ਅਸੀਂ ਅਜੇ ਵੀ ਅਜਿਹੇ ਧਰਮਾਂ ਵੱਲ ਖਿੱਚੇ ਜਾਂਦੇ ਸੀ ਜਿਨ੍ਹਾਂ ਨੂੰ ਮੰਨਣ ਵਾਲੇ ਲੋਕ ਸਾਦੇ ਕੱਪੜੇ ਪਾਉਂਦੇ ਸਨ ਅਤੇ ਸਾਦੀ ਜ਼ਿੰਦਗੀ ਜੀਉਂਦੇ ਸਨ ਕਿਉਂਕਿ ਸਾਨੂੰ ਲੱਗਦਾ ਸੀ ਕਿ ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਅਜਿਹਾ ਧਰਮ ਦੁਨੀਆਂ ਦਾ ਹਿੱਸਾ ਨਹੀਂ ਹੋਵੇਗਾ। ਇਸ ਲਈ ਅਸੀਂ 1983 ਤੋਂ 1985 ਤਕ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਗਏ ਅਤੇ ਵੱਖੋ-ਵੱਖਰੇ ਧਰਮਾਂ ਦੀ ਜਾਂਚ ਕੀਤੀ, ਜਿਵੇਂ ਕਿ ਮੇਨੋਨਾਇਟ, ਕੁਏਕਰ ਅਤੇ ਹੋਰ ਅਜਿਹੇ ਧਰਮ ਜਿਨ੍ਹਾਂ ਨੂੰ ਮੰਨਣ ਵਾਲੇ ਸਾਦੀ ਜ਼ਿੰਦਗੀ ਜੀਉਂਦੇ ਸਨ।

ਇਸ ਸਮੇਂ ਦੌਰਾਨ ਯਹੋਵਾਹ ਦੇ ਗਵਾਹ ਅਮਰੀਕਾ ਦੇ ਇੰਡੀਆਨਾ ਰਾਜ ਦੇ ਕੈਮਡਨ ਸ਼ਹਿਰ ਦੇ ਨੇੜੇ ਫਾਰਮ ʼਤੇ ਸਾਨੂੰ ਮਿਲਣ ਆਉਣ ਲੱਗੇ। ਅਸੀਂ ਉਨ੍ਹਾਂ ਦੀ ਗੱਲ ਸੁਣਦੇ ਸੀ ਅਤੇ ਉਨ੍ਹਾਂ ਨੂੰ ਕਹਿੰਦੇ ਸੀ ਕਿ ਸਾਡੇ ਨਾਲ ਗੱਲ ਕਰਦੇ ਵੇਲੇ ਬਾਈਬਲ ਦਾ ਕਿੰਗ ਜੇਮਜ਼ ਵਰਯਨ ਹੀ ਵਰਤਣ। ਮੈਨੂੰ ਇਹ ਗੱਲ ਵਧੀਆ ਲੱਗਦੀ ਸੀ ਕਿ ਯਹੋਵਾਹ ਦੇ ਗਵਾਹ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ। ਪਰ ਮੇਰੇ ਲਈ ਉਨ੍ਹਾਂ ਦੀਆਂ ਗੱਲਾਂ ਨੂੰ ਕਬੂਲ ਕਰਨਾ ਮੁਸ਼ਕਲ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਜੇ ਉਹ ਇਹ ਗੱਲ ਨਹੀਂ ਸਮਝ ਸਕਦੇ ਕਿ ਦੁਨੀਆਂ ਤੋਂ ਅਲੱਗ ਰਹਿਣ ਲਈ ਸਾਦੇ ਕੱਪੜੇ ਪਾਉਣੇ ਜ਼ਰੂਰੀ ਹਨ, ਤਾਂ ਉਨ੍ਹਾਂ ਦਾ ਧਰਮ ਸੱਚਾ ਨਹੀਂ ਹੋ ਸਕਦਾ। ਮੇਰਾ ਮੰਨਣਾ ਸੀ ਕਿ ਜੋ ਲੋਕ ਸਾਦੇ ਕੱਪੜੇ ਨਹੀਂ ਪਾਉਂਦੇ, ਉਹ ਘਮੰਡੀ ਹੁੰਦੇ ਹਨ। ਮੇਰੇ ਖ਼ਿਆਲ ਵਿਚ ਆਧੁਨਿਕ ਕੱਪੜੇ ਅਤੇ ਚੀਜ਼ਾਂ ਇਕ ਵਿਅਕਤੀ ਨੂੰ ਘਮੰਡੀ ਬਣਾ ਦਿੰਦੇ ਹਨ।

ਜੇਮਜ਼ ਨੇ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉਹ ਸਾਡੇ ਕੁਝ ਮੁੰਡਿਆਂ ਨੂੰ ਵੀ ਆਪਣੇ ਨਾਲ ਲੈ ਜਾਂਦਾ ਸੀ। ਮੈਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਦਾ ਸੀ। ਮੇਰੇ ਪਤੀ ਨੇ ਮੈਨੂੰ ਨਾਲ ਜਾਣ ਲਈ ਕਿਹਾ, ਪਰ ਮੈਂ ਮਨ੍ਹਾ ਕਰ ਦਿੱਤਾ। ਫਿਰ ਇਕ ਦਿਨ ਉਸ ਨੇ ਮੈਨੂੰ ਕਿਹਾ, “ਜੇ ਤੈਨੂੰ ਉਨ੍ਹਾਂ ਦੀਆਂ ਸਾਰੀਆਂ ਸਿੱਖਿਆਵਾਂ ਨਹੀਂ ਵੀ ਪਸੰਦ, ਤਾਂ ਵੀ ਮੇਰੇ ਨਾਲ ਇਕ ਵਾਰ ਜਾ ਕੇ ਦੇਖ ਕਿ ਉਹ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਂਦੇ ਹਨ।” ਅਸਲ ਵਿਚ ਇਸ ਗੱਲ ਨੇ ਜੇਮਜ਼ ਦੇ ਦਿਲ ਨੂੰ ਛੂਹ ਲਿਆ ਸੀ।

ਅਖ਼ੀਰ ਮੈਂ ਆਪਣੇ ਪਤੀ ਨਾਲ ਜਾਣ ਦਾ ਫ਼ੈਸਲਾ ਕਰ ਲਿਆ, ਪਰ ਮੈਂ ਬਹੁਤ ਸਾਵਧਾਨ ਸੀ। ਜਦੋਂ ਮੈਂ ਸਭਾ ਵਿਚ ਗਈ, ਤਾਂ ਮੈਂ ਸਾਦੇ ਕੱਪੜੇ ਪਾਏ ਸਨ ਅਤੇ ਟੋਪੀ ਨਾਲ ਸਿਰ ਢਕਿਆ ਹੋਇਆ ਸੀ। ਸਾਡੇ ਕੁਝ ਮੁੰਡੇ ਨੰਗੇ ਪੈਰੀਂ ਸਨ ਅਤੇ ਉਨ੍ਹਾਂ ਦੇ ਕੱਪੜੇ ਵੀ ਸਾਦੇ ਸਨ। ਪਰ ਯਹੋਵਾਹ ਦੇ ਗਵਾਹ ਸਾਡੇ ਕੋਲ ਆਏ ਅਤੇ ਸਾਨੂੰ ਬੜੇ ਪਿਆਰ ਨਾਲ ਮਿਲੇ। ਮੈਂ ਸੋਚਿਆ, ‘ਅਸੀਂ ਇਨ੍ਹਾਂ ਤੋਂ ਵੱਖਰੇ ਹਾਂ, ਪਰ ਫਿਰ ਵੀ ਇਹ ਸਾਡੇ ਨਾਲ ਚੰਗੀ ਤਰ੍ਹਾਂ ਪੇਸ਼ ਆ ਰਹੇ ਹਨ।’

ਮੈਂ ਉਨ੍ਹਾਂ ਦੇ ਚੰਗੇ ਰਵੱਈਏ ਤੋਂ ਬਹੁਤ ਪ੍ਰਭਾਵਿਤ ਹੋਈ। ਪਰ ਮੈਂ ਪੱਕਾ ਇਰਾਦਾ ਕੀਤਾ ਸੀ ਕਿ ਮੈਂ ਅਜੇ ਸਿਰਫ਼ ਦੇਖਾਂਗੀ। ਜਦੋਂ ਉਹ ਗੀਤ ਗਾਉਣ ਲਈ ਖੜ੍ਹੇ ਹੁੰਦੇ ਸਨ, ਤਾਂ ਮੈਂ ਨਾ ਤਾਂ ਖੜ੍ਹੀ ਹੁੰਦੀ ਸੀ ਅਤੇ ਨਾ ਹੀ ਗੀਤ ਗਾਉਂਦੀ ਸੀ। ਸਭਾ ਤੋਂ ਬਾਅਦ ਮੈਂ ਉਨ੍ਹਾਂ ʼਤੇ ਸਵਾਲਾਂ ਦੀ ਝੜੀ ਲਾ ਦਿੰਦੀ ਸੀ। ਮੈਂ ਉਨ੍ਹਾਂ ਤੋਂ ਅਜਿਹੀਆਂ ਗੱਲਾਂ ਬਾਰੇ ਸਵਾਲ ਪੁੱਛਦੀ ਸੀ ਜੋ ਮੇਰੇ ਖ਼ਿਆਲ ਨਾਲ ਉਹ ਸਹੀ ਨਹੀਂ ਕਰ ਰਹੇ ਸਨ ਜਾਂ ਫਿਰ ਕਿਸੇ ਆਇਤ ਦਾ ਮਤਲਬ ਪੁੱਛਦੀ ਸੀ। ਹਾਲਾਂਕਿ ਉਨ੍ਹਾਂ ਨਾਲ ਗੱਲ ਕਰਦੇ ਵੇਲੇ ਮੈਂ ਜ਼ਿਆਦਾ ਸਮਝਦਾਰੀ ਤੋਂ ਕੰਮ ਨਹੀਂ ਲੈਂਦੀ ਸੀ, ਪਰ ਮੈਂ ਜਿਸ ਕਿਸੇ ਤੋਂ ਵੀ ਸਵਾਲ ਪੁੱਛਦੀ ਸੀ, ਉਹ ਮੇਰੀ ਗੱਲ ਬੜੇ ਧਿਆਨ ਨਾਲ ਸੁਣਦਾ ਸੀ। ਮੈਂ ਇਸ ਗੱਲੋਂ ਵੀ ਬਹੁਤ ਪ੍ਰਭਾਵਿਤ ਹੋਈ ਕਿ ਮੈਂ ਇੱਕੋ ਸਵਾਲ ਅਲੱਗ-ਅਲੱਗ ਜਣਿਆਂ ਤੋਂ ਪੁੱਛਦੀ ਸੀ ਅਤੇ ਮੈਨੂੰ ਇੱਕੋ ਜਿਹਾ ਜਵਾਬ ਮਿਲਦਾ ਸੀ। ਕਦੀ-ਕਦੀ ਉਹ ਮੈਨੂੰ ਜਵਾਬ ਲਿਖ ਕੇ ਦਿੰਦੇ ਸਨ ਜਿਸ ਦਾ ਮੈਨੂੰ ਬਹੁਤ ਫ਼ਾਇਦਾ ਹੁੰਦਾ ਸੀ ਕਿਉਂਕਿ ਬਾਅਦ ਵਿਚ ਮੈਂ ਖ਼ੁਦ ਇਨ੍ਹਾਂ ਨੂੰ ਪੜ੍ਹ ਸਕਦੀ ਸੀ।

ਸੰਨ 1985 ਵਿਚ ਸਾਡਾ ਪਰਿਵਾਰ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ʼਤੇ ਗਿਆ ਜੋ ਅਮਰੀਕਾ ਦੇ ਟੈਨਿਸੀ ਰਾਜ ਦੇ ਮੈਮਫ਼ਿਸ ਸ਼ਹਿਰ ਵਿਚ ਹੋਇਆ ਸੀ। ਅਸੀਂ ਬੱਸ ਦੇਖਣ ਗਏ ਸੀ ਕਿ ਉੱਥੇ ਕੀ ਹੁੰਦਾ ਹੈ। ਜੇਮਜ਼ ਨੇ ਹਾਲੇ ਵੀ ਦਾੜ੍ਹੀ ਰੱਖੀ ਸੀ ਅਤੇ ਅਸੀਂ ਬਿਲਕੁਲ ਸਾਦੇ ਕੱਪੜੇ ਪਾਏ ਸੀ। ਪ੍ਰੋਗ੍ਰਾਮ ਦੇ ਇੰਟਰਵਲ ਦੌਰਾਨ ਅਜਿਹਾ ਕੋਈ ਪਲ ਨਹੀਂ ਸੀ ਜਦੋਂ ਕੋਈ ਸਾਨੂੰ ਮਿਲਣ ਨਾ ਆਇਆ ਹੋਵੇ। ਸਾਡੇ ਦਿਲ ਨੂੰ ਇਹ ਗੱਲ ਛੂਹ ਗਈ ਕਿ ਉਨ੍ਹਾਂ ਨੇ ਸਾਡੇ ਲਈ ਕਿੰਨਾ ਪਿਆਰ ਤੇ ਪਰਵਾਹ ਦਿਖਾਈ ਅਤੇ ਆਪਣਾਪਣ ਮਹਿਸੂਸ ਕਰਾਇਆ। ਅਸੀਂ ਉਨ੍ਹਾਂ ਦੀ ਏਕਤਾ ਦੇਖ ਕੇ ਵੀ ਬੜੇ ਪ੍ਰਭਾਵਿਤ ਹੋਏ ਕਿਉਂਕਿ ਅਸੀਂ ਜਿੱਥੇ ਮਰਜ਼ੀ ਉਨ੍ਹਾਂ ਦੀਆਂ ਸਭਾਵਾਂ ʼਤੇ ਗਏ, ਉਨ੍ਹਾਂ ਦੀਆਂ ਸਿੱਖਿਆਵਾਂ ਇੱਕੋ ਜਿਹੀਆਂ ਸਨ।

ਯਹੋਵਾਹ ਦੇ ਗਵਾਹਾਂ ਨੇ ਸਾਨੂੰ ਜੋ ਆਪਣਾਪਣ ਮਹਿਸੂਸ ਕਰਾਇਆ, ਉਸ ਕਰਕੇ ਜੇਮਜ਼ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। (ਰਸੂਲਾਂ ਦੇ ਕੰਮ 17:11; 1 ਥੱਸਲੁਨੀਕੀਆਂ 5:21) ਜੇਮਜ਼ ਹਰ ਗੱਲ ਨੂੰ ਬੜੀ ਬਾਰੀਕੀ ਨਾਲ ਜਾਂਚਦਾ ਸੀ। ਉਹ ਇਹ ਗੱਲ ਪੱਕੀ ਕਰਨੀ ਚਾਹੁੰਦਾ ਸੀ ਕਿ ਜੋ ਕੁਝ ਉਹ ਸਿੱਖ ਰਿਹਾ ਸੀ, ਉਹ ਸਹੀ ਹੈ ਜਾਂ ਨਹੀਂ। ਅਖ਼ੀਰ ਜੇਮਜ਼ ਨੂੰ ਅਹਿਸਾਸ ਹੋ ਗਿਆ ਕਿ ਉਸ ਨੂੰ ਸੱਚਾਈ ਲੱਭ ਗਈ ਹੈ। ਪਰ ਮੈਂ ਅੰਦਰ ਹੀ ਅੰਦਰ ਬੜੀ ਉਲਝਣ ਵਿਚ ਸੀ। ਮੈਂ ਸਹੀ ਕੰਮ ਕਰਨਾ ਚਾਹੁੰਦੀ ਸੀ, ਪਰ ਮੈਂ ਆਪਣੇ ਕੱਪੜਿਆਂ ਵਗੈਰਾ ਵਿਚ ਕੋਈ ਬਦਲਾਅ ਨਹੀਂ ਕਰਨਾ ਚਾਹੁੰਦੀ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਮੈਨੂੰ ਇਸ ਦੁਨੀਆਂ ਦਾ ਹਿੱਸਾ ਸਮਝਿਆ ਜਾਵੇ। ਜਦੋਂ ਮੈਂ ਪਹਿਲੀ ਵਾਰ ਬਾਈਬਲ ਦੀ ਸਟੱਡੀ ਕਰਨ ਲਈ ਬੈਠੀ, ਤਾਂ ਮੇਰੇ ਇਕ ਹੱਥ ਵਿਚ ਕਿੰਗ ਜੇਮਜ਼ ਵਰਯਨ ਤੇ ਦੂਜੇ ਹੱਥ ਵਿਚ ਨਵੀਂ ਦੁਨੀਆਂ ਅਨੁਵਾਦ ਬਾਈਬਲ ਸੀ। ਮੈਂ ਹਰ ਆਇਤ ਨੂੰ ਦੋਹਾਂ ਬਾਈਬਲਾਂ ਵਿੱਚੋਂ ਦੇਖ ਰਹੀ ਸੀ ਤਾਂਕਿ ਮੈਂ ਕੋਈ ਗ਼ਲਤ ਸਿੱਖਿਆ ਨਾ ਲਵਾਂ।

ਮੇਰੀ ਉਲਝਣ ਕਿਵੇਂ ਦੂਰ ਹੋਈ

ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕੀਤੀ, ਅਸੀਂ ਸਿੱਖਿਆ ਕਿ ਸਾਡਾ ਸਵਰਗੀ ਪਿਤਾ ਤ੍ਰਿਏਕ ਦਾ ਹਿੱਸਾ ਨਹੀਂ ਹੈ, ਬਲਕਿ ਇੱਕੋ ਇਕ ਪਰਮੇਸ਼ੁਰ ਹੈ। ਅਸੀਂ ਇਹ ਵੀ ਸਿੱਖਿਆ ਕਿ ਇਨਸਾਨ ਅੰਦਰ ਕੋਈ ਆਤਮਾ ਨਹੀਂ ਹੁੰਦੀ ਜੋ ਸਾਡੇ ਮਰਨ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ। (ਉਤਪਤ 2:7; ਬਿਵਸਥਾ ਸਾਰ 6:4; ਹਿਜ਼ਕੀਏਲ 18:4; 1 ਕੁਰਿੰਥੀਆਂ 8:5, 6) ਅਸੀਂ ਇਹ ਵੀ ਸਿੱਖਿਆ ਕਿ ਨਰਕ ਵਰਗੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਮਰਨ ਤੋਂ ਬਾਅਦ ਇਨਸਾਨਾਂ ਨੂੰ ਤੜਫਾਇਆ ਜਾਂਦਾ ਹੈ। (ਅੱਯੂਬ 14:13; ਜ਼ਬੂਰ 16:10; ਉਪਦੇਸ਼ਕ ਦੀ ਕਿਤਾਬ 9:5, 10; ਰਸੂਲਾਂ ਦੇ ਕੰਮ 2:31) ਨਰਕ ਬਾਰੇ ਸੱਚਾਈ ਜਾਣ ਕੇ ਸਾਡੀਆਂ ਅੱਖਾਂ ਖੁੱਲ੍ਹ ਗਈਆਂ ਕਿਉਂਕਿ ਓਲਡ ਬ੍ਰੈਦਰਨ ਚਰਚ ਦੇ ਮੈਂਬਰਾਂ ਦੀ ਇਸ ਬਾਰੇ ਵੱਖੋ-ਵੱਖਰੀ ਰਾਇ ਸੀ।

ਪਰ ਮੈਂ ਅਜੇ ਵੀ ਸੋਚਦੀ ਸੀ ਕਿ ਯਹੋਵਾਹ ਦੇ ਗਵਾਹਾਂ ਦਾ ਧਰਮ ਸੱਚਾ ਕਿੱਦਾਂ ਹੋ ਸਕਦਾ ਹੈ ਕਿਉਂਕਿ ਮੇਰਾ ਮੰਨਣਾ ਸੀ ਕਿ ਉਹ ਅਜੇ ਵੀ ਦੁਨੀਆਂ ਦਾ ਹਿੱਸਾ ਹਨ। ਉਹ ਉਸ ਤਰ੍ਹਾਂ ਦੀ ਸਾਦੀ ਜ਼ਿੰਦਗੀ ਨਹੀਂ ਜੀ ਰਹੇ ਸਨ ਜਿਹੜੀ ਮੈਨੂੰ ਲੱਗਦਾ ਸੀ ਕਿ ਜ਼ਰੂਰੀ ਹੈ। ਪਰ ਨਾਲ-ਨਾਲ ਮੈਂ ਇਹ ਵੀ ਦੇਖ ਸਕਦੀ ਸੀ ਕਿ ਉਹ ਯਿਸੂ ਦੇ ਹੁਕਮ ਨੂੰ ਮੰਨਦੇ ਹੋਏ ਸਾਰੇ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ। ਮੈਂ ਬੜੀ ਉਲਝਣ ਵਿਚ ਸੀ!​—ਮੱਤੀ 24:14; 28:19, 20.

ਇਸੇ ਉਲਝਣ ਵਿਚ ਯਹੋਵਾਹ ਦੇ ਗਵਾਹਾਂ ਦੇ ਪਿਆਰ ਕਰਕੇ ਮੈਂ ਉਨ੍ਹਾਂ ਗੱਲਾਂ ਨੂੰ ਪਰਖ ਸਕੀ ਜੋ ਮੈਂ ਸਿੱਖ ਰਹੀ ਸੀ। ਸਾਰੀ ਮੰਡਲੀ ਸਾਡੇ ਘਰ ਆਉਣ ਵਿਚ ਦਿਲਚਸਪੀ ਲੈਂਦੀ ਸੀ। ਯਹੋਵਾਹ ਦੇ ਅਲੱਗ-ਅਲੱਗ ਗਵਾਹ ਆਂਡੇ ਅਤੇ ਦੁੱਧ ਖ਼ਰੀਦਣ ਦੇ ਬਹਾਨੇ ਸਾਡੇ ਘਰ ਆਉਂਦੇ ਸਨ। ਹੌਲੀ-ਹੌਲੀ ਸਾਨੂੰ ਅੰਦਾਜ਼ਾ ਹੋਣ ਲੱਗਾ ਕਿ ਉਹ ਚੰਗੇ ਲੋਕ ਹਨ। ਸਾਡੇ ਘਰ ਸਿਰਫ਼ ਉਹ ਗਵਾਹ ਨਹੀਂ ਆਉਂਦੇ ਸਨ ਜੋ ਸਾਨੂੰ ਬਾਈਬਲ ਦੀ ਸਟੱਡੀ ਕਰਾਉਂਦੇ ਸਨ, ਬਲਕਿ ਜਦੋਂ ਵੀ ਕੋਈ ਗਵਾਹ ਸਾਡੇ ਘਰ ਦੇ ਨੇੜੇ-ਤੇੜੇ ਹੁੰਦਾ ਸੀ, ਤਾਂ ਉਹ ਸਾਨੂੰ ਮਿਲਣ ਆਉਂਦਾ ਸੀ। ਇਹ ਸਾਡੇ ਲਈ ਵਧੀਆ ਗੱਲ ਸੀ ਕਿਉਂਕਿ ਇਸ ਤਰ੍ਹਾਂ ਅਸੀਂ ਯਹੋਵਾਹ ਦੇ ਗਵਾਹਾਂ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕੇ ਅਤੇ ਸਮਝ ਸਕੇ ਕਿ ਉਹ ਸਾਡੇ ਲਈ ਕਿੰਨਾ ਪਿਆਰ ਤੇ ਪਰਵਾਹ ਦਿਖਾਉਂਦੇ ਹਨ।

ਸਿਰਫ਼ ਸਾਡੇ ਘਰ ਦੇ ਨੇੜਲੀ ਮੰਡਲੀ ਦੇ ਗਵਾਹ ਹੀ ਸਾਡੇ ਵਿਚ ਦਿਲਚਸਪੀ ਨਹੀਂ ਲੈਂਦੇ ਸਨ, ਬਲਕਿ ਦੂਸਰੀਆਂ ਮੰਡਲੀਆਂ ਦੇ ਗਵਾਹ ਵੀ ਸਾਡੀ ਪਰਵਾਹ ਕਰਦੇ ਸਨ। ਜਦੋਂ ਮੈਂ ਕੱਪੜਿਆਂ ਅਤੇ ਹਾਰ-ਸ਼ਿੰਗਾਰ ਨੂੰ ਲੈ ਕੇ ਉਲਝਣ ਵਿਚ ਸੀ, ਉਦੋਂ ਕੇਅ ਬ੍ਰਿਗਸ ਨਾਂ ਦੀ ਯਹੋਵਾਹ ਦੀ ਗਵਾਹ ਮੈਨੂੰ ਮਿਲਣ ਆਈ ਜੋ ਇਕ ਨੇੜਲੀ ਮੰਡਲੀ ਤੋਂ ਸੀ। ਉਸ ਨੂੰ ਸਾਦੇ ਕੱਪੜੇ ਪਾਉਣੇ ਪਸੰਦ ਸੀ ਤੇ ਉਹ ਮੇਕ-ਅੱਪ ਨਹੀਂ ਕਰਦੀ ਸੀ। ਇਸ ਲਈ ਮੈਂ ਖੁੱਲ੍ਹ ਕੇ ਉਸ ਨਾਲ ਆਪਣੀ ਉਲਝਣ ਬਾਰੇ ਗੱਲ ਕਰ ਸਕੀ। ਫਿਰ ਇਕ ਦਿਨ ਭਰਾ ਲੂਇਸ ਫਲੋਰਾ ਮੈਨੂੰ ਮਿਲਣ ਆਏ। ਉਸ ਦੀ ਪਰਵਰਿਸ਼ ਵੀ ਇਕ ਅਜਿਹੇ ਧਰਮ ਵਿਚ ਹੋਈ ਸੀ ਜਿਸ ਵਿਚ ਸਾਦੀ ਜ਼ਿੰਦਗੀ ਜੀਣ ʼਤੇ ਜ਼ੋਰ ਦਿੱਤਾ ਜਾਂਦਾ ਹੈ। ਮੇਰਾ ਚਿਹਰਾ ਦੇਖ ਕੇ ਉਹ ਮੇਰੀ ਕਸ਼ਮਕਸ਼ ਸਮਝ ਗਿਆ। ਉਸ ਨੇ ਮੈਨੂੰ ਦਸ ਸਫ਼ਿਆਂ ਦੀ ਇਕ ਚਿੱਠੀ ਲਿਖੀ ਤਾਂਕਿ ਮੇਰੀ ਉਲਝਣ ਥੋੜ੍ਹੀ ਘੱਟ ਜਾਵੇ। ਉਸ ਦੇ ਇਸ ਪਿਆਰ ਕਰਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਮੈਂ ਉਸ ਦੀ ਚਿੱਠੀ ਕਈ ਵਾਰ ਪੜ੍ਹੀ।

ਮੈਂ ਇਕ ਸਫ਼ਰੀ ਨਿਗਾਹਬਾਨ ਭਰਾ ਓਡੈੱਲ ਨੂੰ ਕਿਹਾ ਕਿ ਮੈਨੂੰ ਯਸਾਯਾਹ 3:18-23 ਅਤੇ 1 ਪਤਰਸ 3:3, 4 ਆਇਤਾਂ ਦਾ ਮਤਲਬ ਸਮਝਾਉਣ। ਮੈਂ ਉਸ ਤੋਂ ਪੁੱਛਿਆ: “ਕੀ ਇਨ੍ਹਾਂ ਆਇਤਾਂ ਤੋਂ ਇਹ ਪਤਾ ਨਹੀਂ ਲੱਗਦਾ ਕਿ ਰੱਬ ਨੂੰ ਖ਼ੁਸ਼ ਕਰਨ ਲਈ ਸਾਦੇ ਕੱਪੜੇ ਜ਼ਰੂਰੀ ਹਨ?” ਉਸ ਨੇ ਮੈਨੂੰ ਕਿਹਾ: “ਕੀ ਟੋਪੀ ਲੈਣ ਵਿਚ ਕੋਈ ਖ਼ਰਾਬੀ ਹੈ? ਕੀ ਵਾਲ਼ ਗੁੰਦਣ ਵਿਚ ਕੋਈ ਹਰਜ਼ ਹੈ?” ਓਲਡ ਬ੍ਰੈਦਰਨ ਚਰਚ ਦੀਆਂ ਛੋਟੀਆਂ ਕੁੜੀਆਂ ਆਪਣੇ ਵਾਲ਼ ਗੁੰਦਦੀਆਂ ਸਨ ਅਤੇ ਔਰਤਾਂ ਟੋਪੀ ਲੈਂਦੀਆਂ ਸਨ। ਮੈਂ ਦੇਖ ਸਕਦੀ ਸੀ ਕਿ ਓਲਡ ਬ੍ਰੈਦਰਨ ਚਰਚ ਦੇ ਮਿਆਰ ਸਾਰਿਆਂ ਲਈ ਇੱਕੋ ਜਿਹੇ ਨਹੀਂ ਸਨ। ਮੈਂ ਸਫ਼ਰੀ ਨਿਗਾਹਬਾਨ ਦੇ ਨਰਮ ਰਵੱਈਏ ਅਤੇ ਧੀਰਜ ਤੋਂ ਬਹੁਤ ਪ੍ਰਭਾਵਿਤ ਹੋਈ।

ਹੌਲੀ-ਹੌਲੀ ਮੇਰੀ ਉਲਝਣ ਘੱਟਦੀ ਗਈ। ਪਰ ਮੈਂ ਹਾਲੇ ਵੀ ਇਕ ਮਸਲੇ ਕਰਕੇ ਬਹੁਤ ਪਰੇਸ਼ਾਨ ਸੀ ਅਤੇ ਉਹ ਸੀ ਕਿ ਔਰਤਾਂ ਵਾਲ਼ ਕਟਵਾਉਂਦੀਆਂ ਸਨ। ਮੰਡਲੀ ਦੇ ਬਜ਼ੁਰਗਾਂ ਨੇ ਮੈਨੂੰ ਸਮਝਾਉਣ ਲਈ ਦਲੀਲ ਦਿੱਤੀ ਕਿ ਕੁਝ ਔਰਤਾਂ ਦੇ ਵਾਲ਼ ਜ਼ਿਆਦਾ ਨਹੀਂ ਵਧਦੇ, ਪਰ ਕੁਝ ਔਰਤਾਂ ਦੇ ਵਾਲ਼ ਬਹੁਤ ਲੰਬੇ ਹੋ ਜਾਂਦੇ ਹਨ। ਤਾਂ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਇਕ ਔਰਤ ਦੇ ਵਾਲ਼ ਦੂਜੀ ਔਰਤ ਦੇ ਵਾਲ਼ਾਂ ਨਾਲੋਂ ਬਿਹਤਰ ਹਨ? ਉਨ੍ਹਾਂ ਨੇ ਮੈਨੂੰ ਇਹ ਵੀ ਸਮਝਾਇਆ ਕਿ ਕੱਪੜਿਆਂ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਸਾਡੀ ਜ਼ਮੀਰ ਦਾ ਵੀ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਨੇ ਮੈਨੂੰ ਕੁਝ ਲਿਖਤੀ ਜਾਣਕਾਰੀ ਵੀ ਦਿੱਤੀ ਤਾਂਕਿ ਮੈਂ ਇਸ ਨੂੰ ਘਰ ਜਾ ਕੇ ਪੜ੍ਹ ਸਕਾਂ।

ਅਸੀਂ ਸਿੱਖੀਆਂ ਗੱਲਾਂ ʼਤੇ ਅਮਲ ਕੀਤਾ

ਅਸੀਂ ਅਜਿਹਾ ਧਰਮ ਲੱਭ ਰਹੇ ਸੀ ਜੋ ਬਾਈਬਲ ਦੀਆਂ ਸਿੱਖਿਆਵਾਂ ʼਤੇ ਅਮਲ ਕਰਦਾ ਹੋਵੇ ਅਤੇ ਸਾਨੂੰ ਅਜਿਹਾ ਧਰਮ ਮਿਲ ਗਿਆ। ਯਿਸੂ ਮਸੀਹ ਨੇ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਸਾਨੂੰ ਯਕੀਨ ਹੋ ਗਿਆ ਕਿ ਯਹੋਵਾਹ ਦੇ ਗਵਾਹ ਹੀ ਉਹ ਲੋਕ ਹਨ ਜੋ ਸੱਚਾ ਪਿਆਰ ਜ਼ਾਹਰ ਕਰਦੇ ਹਨ। ਪਰ ਸਾਡੇ ਦੋ ਵੱਡੇ ਬੱਚਿਆਂ ਨੇਥਨ ਅਤੇ ਰਿਬੈਕਾ ਲਈ ਇਨ੍ਹਾਂ ਗੱਲਾਂ ਨੂੰ ਕਬੂਲ ਕਰਨਾ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਨੇ ਓਲਡ ਬ੍ਰੈਦਰਨ ਚਰਚ ਦੀਆਂ ਸਿੱਖਿਆਵਾਂ ਨੂੰ ਕਬੂਲ ਕਰ ਲਿਆ ਸੀ ਅਤੇ ਬਪਤਿਸਮਾ ਲੈ ਕੇ ਇਸ ਦੇ ਮੈਂਬਰ ਬਣ ਗਏ ਸਨ। ਫਿਰ ਇਕ ਸਮੇਂ ਤੇ ਬਾਈਬਲ ਦੀਆਂ ਸੱਚਾਈਆਂ ਨੇ ਉਨ੍ਹਾਂ ਦੇ ਦਿਲ ਨੂੰ ਛੂਹ ਲਿਆ ਜੋ ਅਸੀਂ ਉਨ੍ਹਾਂ ਨੂੰ ਦੱਸਦੇ ਸੀ ਅਤੇ ਉਸ ਪਿਆਰ ਨੇ ਵੀ ਜੋ ਯਹੋਵਾਹ ਦੇ ਗਵਾਹ ਜ਼ਾਹਰ ਕਰਦੇ ਸਨ।

ਮਿਸਾਲ ਲਈ, ਰਿਬੈਕਾ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਰੱਬ ਨਾਲ ਉਸ ਦਾ ਕਰੀਬੀ ਰਿਸ਼ਤਾ ਹੋਵੇ। ਜਦੋਂ ਉਸ ਨੇ ਸਿੱਖਿਆ ਕਿ ਰੱਬ ਨੇ ਪਹਿਲਾਂ ਤੋਂ ਇਹ ਤੈਅ ਨਹੀਂ ਕੀਤਾ ਕਿ ਇਨਸਾਨ ਆਪਣੀ ਜ਼ਿੰਦਗੀ ਦੌਰਾਨ ਕੀ ਕਰੇਗਾ ਜਾਂ ਉਸ ਨਾਲ ਕੀ ਹੋਵੇਗਾ, ਤਾਂ ਉਸ ਨੂੰ ਰੱਬ ਨੂੰ ਪ੍ਰਾਰਥਨਾ ਕਰਨੀ ਸੌਖੀ ਲੱਗਣ ਲੱਗੀ। ਨਾਲੇ ਜਦੋਂ ਉਸ ਨੇ ਸਿੱਖਿਆ ਕਿ ਰੱਬ ਤ੍ਰਿਏਕ ਦਾ ਹਿੱਸਾ ਨਹੀਂ ਹੈ, ਬਲਕਿ ਉਹ ਅਸਲ ਵਿਚ ਹੈ ਅਤੇ ਉਹ ਉਸ ਦੀ ਰੀਸ ਕਰ ਸਕਦੀ ਹੈ, ਤਾਂ ਉਹ ਰੱਬ ਦੇ ਹੋਰ ਨੇੜੇ ਹੋ ਗਈ। (ਅਫ਼ਸੀਆਂ 5:1) ਉਹ ਇਸ ਗੱਲੋਂ ਵੀ ਖ਼ੁਸ਼ ਸੀ ਕਿ ਉਹ ਕਿੰਗ ਜੇਮਜ਼ ਵਰਯਨ ਦੇ ਪੁਰਾਣੇ ਸ਼ਬਦ ਇਸਤੇਮਾਲ ਕੀਤੇ ਬਿਨਾਂ ਵੀ ਰੱਬ ਨਾਲ ਗੱਲ ਕਰ ਸਕਦੀ ਹੈ। ਜਿੱਦਾਂ-ਜਿੱਦਾਂ ਉਸ ਨੇ ਸਿੱਖਿਆ ਕਿ ਰੱਬ ਨੂੰ ਪ੍ਰਾਰਥਨਾ ਕਿੱਦਾਂ ਕਰਨੀ ਚਾਹੀਦੀ ਹੈ ਅਤੇ ਉਹ ਚਾਹੁੰਦਾ ਕਿ ਇਨਸਾਨ ਹਮੇਸ਼ਾ ਲਈ ਬਾਗ਼ ਵਰਗੀ ਧਰਤੀ ʼਤੇ ਰਹਿਣ, ਤਾਂ ਰੱਬ ਨਾਲ ਉਸ ਦਾ ਰਿਸ਼ਤਾ ਮਜ਼ਬੂਤ ਹੁੰਦਾ ਗਿਆ।​—ਜ਼ਬੂਰ 37:29; ਪ੍ਰਕਾਸ਼ ਦੀ ਕਿਤਾਬ 21:3, 4.

ਰੱਬ ਦੀ ਸੇਵਾ ਵਿਚ ਮਿਲੇ ਸਨਮਾਨ

ਮੈਂ, ਜੇਮਜ਼ ਅਤੇ ਸਾਡੇ ਪੰਜ ਵੱਡੇ ਬੱਚੇ ਨੇਥਨ, ਰਿਬੈਕਾ, ਜੋਰਜ, ਡਾਨੀਏਲ ਅਤੇ ਜੌਨ 1987 ਵਿਚ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣ ਗਏ। ਹਾਰਲੀ ਨੇ 1989 ਵਿਚ ਬਪਤਿਸਮਾ ਲਿਆ ਅਤੇ ਸਾਈਮਨ ਨੇ 1994 ਵਿਚ। ਸਾਡਾ ਪੂਰਾ ਪਰਿਵਾਰ ਉਸ ਕੰਮ ਵਿਚ ਰੁੱਝਿਆ ਰਹਿੰਦਾ ਹੈ ਜਿਸ ਦਾ ਹੁਕਮ ਯਿਸੂ ਮਸੀਹ ਨੇ ਦਿੱਤਾ ਸੀ ਯਾਨੀ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ।

ਸਾਡੇ ਪੰਜ ਵੱਡੇ ਮੁੰਡਿਆਂ ਯਾਨੀ ਨੇਥਨ, ਜੋਰਜ, ਡਾਨੀਏਲ, ਜੌਨ ਤੇ ਹਾਰਲੀ ਅਤੇ ਸਾਡੀ ਕੁੜੀ ਰਿਬੈਕਾ ਨੇ ਵੀ ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕੀਤੀ ਹੈ। ਜੋਰਜ 14 ਸਾਲਾਂ ਤੋਂ ਉੱਥੇ ਸੇਵਾ ਕਰ ਰਿਹਾ ਹੈ। ਸਾਈਮਨ ਨੇ 2001 ਵਿਚ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਹਾਲ ਹੀ ਵਿਚ ਉਸ ਨੇ ਵੀ ਉੱਥੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਸਾਡੇ ਸਾਰੇ ਮੁੰਡੇ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਵਿਚ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਵਜੋਂ ਸੇਵਾ ਕਰ ਰਹੇ ਹਨ। ਮੇਰੇ ਪਤੀ ਅਮਰੀਕਾ ਦੇ ਮਿਸੂਰੀ ਰਾਜ ਦੀ ਇਕ ਮੰਡਲੀ ਵਿਚ ਬਜ਼ੁਰਗ ਹਨ ਅਤੇ ਮੈਂ ਪ੍ਰਚਾਰ ਕਰਨ ਵਿਚ ਰੁੱਝੀ ਰਹਿੰਦੀ ਹਾਂ।

ਹੁਣ ਸਾਡੀਆਂ ਦੋ ਦੋਹਤੀਆਂ ਅਤੇ ਇਕ ਪੋਤਾ ਹੈ। ਸਾਡੀਆਂ ਦੋਹਤੀਆਂ ਦੇ ਨਾਂ ਜੈਸਿਕਾ ਅਤੇ ਲਾਤੀਸ਼ਾ ਹਨ ਅਤੇ ਸਾਡੇ ਪੋਤੇ ਦਾ ਨਾਂ ਕੇਲਬ ਹੈ। ਸਾਨੂੰ ਇਹ ਦੇਖ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਉਨ੍ਹਾਂ ਦੇ ਮਾਂ-ਬਾਪ ਹੁਣ ਤੋਂ ਹੀ ਉਨ੍ਹਾਂ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਪੈਦਾ ਕਰ ਰਹੇ ਹਨ। ਸਾਡਾ ਪਰਿਵਾਰ ਬਹੁਤ ਖ਼ੁਸ਼ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਵੱਲ ਖਿੱਚ ਲਿਆ ਹੈ ਅਤੇ ਆਪਣੇ ਲੋਕਾਂ ਨੂੰ ਪਛਾਣਨ ਵਿਚ ਸਾਡੀ ਮਦਦ ਕੀਤੀ ਹੈ ਜੋ ਇਕ-ਦੂਜੇ ਨਾਲ ਸੱਚਾ ਪਿਆਰ ਕਰਦੇ ਹਨ।

ਬਹੁਤ ਸਾਰੇ ਲੋਕ ਰੱਬ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਦੀ ਜ਼ਮੀਰ ਨੂੰ ਉਨ੍ਹਾਂ ਦੇ ਮਾਹੌਲ ਮੁਤਾਬਕ ਸਿਖਲਾਈ ਮਿਲੀ ਹੈ, ਨਾ ਕਿ ਬਾਈਬਲ ਦੇ ਅਸੂਲਾਂ ਦੇ ਮੁਤਾਬਕ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਵੀ ਉਹੀ ਖ਼ੁਸ਼ੀ ਮਿਲੇ ਜਿਹੜੀ ਸਾਨੂੰ ਮਿਲ ਰਹੀ ਹੈ। ਇਹ ਖ਼ੁਸ਼ੀ ਸਾਨੂੰ ਘਰ-ਘਰ ਜਾ ਕੇ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਨਾਲ ਨਹੀਂ, ਬਲਕਿ ਰੱਬ ਦਾ ਇਹ ਸੰਦੇਸ਼ ਸੁਣਾਉਣ ਨਾਲ ਮਿਲ ਰਹੀ ਹੈ ਕਿ ਉਸ ਦੇ ਰਾਜ ਵਿਚ ਸਾਡੀ ਜ਼ਿੰਦਗੀ ਕਿੰਨੀ ਵਧੀਆ ਹੋਵੇਗੀ। ਜਦੋਂ ਮੈਂ ਸੋਚਦੀ ਹਾਂ ਕਿ ਯਹੋਵਾਹ ਦੇ ਲੋਕ ਸਾਡੇ ਨਾਲ ਕਿੰਨੇ ਸਬਰ ਅਤੇ ਪਿਆਰ ਨਾਲ ਪੇਸ਼ ਆਏ, ਤਾਂ ਮੇਰੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ ਅਤੇ ਮੇਰਾ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਜਾਂਦਾ ਹੈ!

[ਤਸਵੀਰਾਂ]

ਜਦੋਂ ਮੈਂ ਸੱਤ ਸਾਲ ਦੀ ਸੀ ਅਤੇ ਵੱਡੀ ਹੋਣ ਤੋਂ ਬਾਅਦ

[ਤਸਵੀਰ]

ਜੇਮਜ਼, ਜੋਰਜ, ਹਾਰਲੀ ਅਤੇ ਸਾਈਮਨ ਸਾਦੇ ਕੱਪੜਿਆਂ ਵਿਚ

[ਤਸਵੀਰ]

ਅਖ਼ਬਾਰ ਵਿਚ ਮੇਰੀ ਤਸਵੀਰ ਜਦੋਂ ਮੈਂ ਬਾਜ਼ਾਰ ਵਿਚ ਸਬਜ਼ੀਆਂ ਵੇਚ ਰਹੀ ਸੀ

[ਕ੍ਰੈਡਿਟ ਲਾਈਨ]

Journal and Courier, Lafayette, Indiana

[ਤਸਵੀਰ]

ਅੱਜ ਆਪਣੇ ਪਰਿਵਾਰ ਨਾਲ