Skip to content

ਸੁਖੀ ਪਰਿਵਾਰ ਦਾ ਰਾਜ਼

ਸੁਖੀ ਪਰਿਵਾਰ ਦਾ ਰਾਜ਼

ਸੁਖੀ ਪਰਿਵਾਰ ਦਾ ਰਾਜ਼

ਕੀ ਪਰਿਵਾਰ ਸੱਚ-ਮੁੱਚ ਸੁਖੀ ਹੋ ਸਕਦੇ ਹਨ?

ਇਸ ਦਾ ਰਾਜ਼ ਕੀ ਹੈ?

ਇਸ ਟ੍ਰੈਕਟ ਉੱਤੇ ਦਿਖਾਏ ਗਏ ਪਰਿਵਾਰਾਂ ਵੱਲ ਜ਼ਰਾ ਧਿਆਨ ਦਿਓ। ਕੀ ਤੁਸੀਂ ਅਜਿਹੇ ਪਰਿਵਾਰਾਂ ਨੂੰ ਜਾਣਦੇ ਹੋ ਜਿਨ੍ਹਾਂ ਵਿਚ ਇੰਨਾ ਪਿਆਰ ਹੈ? ਅੱਜ-ਕੱਲ੍ਹ ਹਰ ਪਾਸੇ ਪਰਿਵਾਰ ਟੁੱਟ ਰਹੇ ਹਨ। ਪਰਿਵਾਰਾਂ ਦੀ ਏਕਤਾ ਉੱਤੇ ਕਈ ਗੱਲਾਂ ਅਸਰ ਪਾਉਂਦੀਆਂ ਹਨ। ਮਿਸਾਲ ਲਈ, ਕਈ ਮਾਪੇ ਆਪਣੇ ਬੱਚਿਆਂ ਨੂੰ ਇੱਕਲੇ ਹੀ ਪਾਲਦੇ ਹਨ, ਤਲਾਕ ਲੈਣਾ ਆਮ ਹੋ ਗਿਆ ਹੈ ਅਤੇ ਨੌਕਰੀਆਂ ਛੁੱਟਣ ਦਾ ਵੀ ਡਰ ਰਹਿੰਦਾ ਹੈ। ਇਕ ਮਾਹਰ ਨੇ ਕਿਹਾ: “ਪਰਿਵਾਰ ਦੇ ਟੁੱਟਣ ਬਾਰੇ ਜੋ ਲੋਕ ਕਹਿੰਦੇ ਹੁੰਦੇ ਸਨ ਅਸੀਂ ਅੱਜ ਆਪਣੀ ਅੱਖੀਂ ਦੇਖ ਰਹੇ ਹਾਂ।”

ਅੱਜ ਪਰਿਵਾਰਾਂ ਉੱਤੇ ਇੰਨੀਆਂ ਵੱਡੀਆਂ ਮੁਸ਼ਕਲਾਂ ਕਿਉਂ ਆਉਂਦੀਆਂ ਹਨ? ਪਰਿਵਾਰ ਸੁਖ ਕਿਵੇਂ ਪਾ ਸਕਦੇ ਹਨ?

ਪਰਿਵਾਰ ਦੀ ਸ਼ੁਰੂਆਤ

ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਸਾਨੂੰ ਵਿਆਹ ਅਤੇ ਪਰਿਵਾਰ ਦੀ ਸ਼ੁਰੂਆਤ ਬਾਰੇ ਜਾਣਨ ਦੀ ਜ਼ਰੂਰਤ ਹੈ। ਜੇ ਪਰਮੇਸ਼ੁਰ ਨੇ ਇਨ੍ਹਾਂ ਚੀਜ਼ਾਂ ਦੀ ਸ਼ੁਰੂਆਤ ਕੀਤੀ ਸੀ, ਤਾਂ ਪਰਿਵਾਰਾਂ ਨੂੰ ਉਸ ਤੋਂ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਉਹ ਜਾਣਦਾ ਹੋਵੇਗਾ ਕਿ ਅਸੀਂ ਆਪਣੇ ਪਰਿਵਾਰ ਵਿਚ ਕਿਵੇਂ ਸੁਖ ਪਾ ਸਕਦੇ ਹਾਂ।

ਯਿਸੂ ਮਸੀਹ ਨੇ ਪਹਿਲੇ ਆਦਮੀ ਅਤੇ ਔਰਤ ਦੇ ਬਣਾਏ ਜਾਣ ਬਾਰੇ ਗੱਲ ਕੀਤੀ ਸੀ। ਉਸ ਨੇ ਬਾਈਬਲ ਦੀ ਪਹਿਲੀ ਕਿਤਾਬ ਤੋਂ ਇਕ ਹਵਾਲਾ ਦੇ ਕੇ ਕਿਹਾ ਸੀ ਕਿ “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”—ਮੱਤੀ 19:4-6.

ਯਿਸੂ ਦੇ ਅਨੁਸਾਰ ਸਾਡੇ ਬੁੱਧੀਮਾਨ ਪਰਮੇਸ਼ੁਰ ਨੇ ਪਹਿਲੇ ਜੋੜੇ ਨੂੰ ਬਣਾਇਆ ਸੀ। ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਖ਼ੁਸ਼ ਹੋਣ। ਉਸ ਨੇ ਪਹਿਲੇ ਜੋੜੇ ਨੂੰ ਵਿਆਹ ਦੇ ਬੰਧਨ ਵਿਚ ਲਿਆ ਕੇ ਕਿਹਾ ਸੀ ਕਿ ਆਦਮੀ “ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਉਤਪਤ 2:22-24) ਜੇ ਪਰਮੇਸ਼ੁਰ ਨੇ ਇਹ ਪ੍ਰਬੰਧ ਕੀਤਾ ਸੀ, ਤਾਂ ਅੱਜ-ਕੱਲ੍ਹ ਦੇ ਪਰਿਵਾਰਾਂ ਵਿਚ ਇੰਨੀਆਂ ਮੁਸ਼ਕਲਾਂ ਕਿਉਂ ਹਨ? ਕੀ ਇਸ ਦਾ ਕਾਰਨ ਇਹ ਹੈ ਕਿ ਉਹ ਬਾਈਬਲ ਵਿਚ ਪਾਈ ਜਾਂਦੀ ਪਰਮੇਸ਼ੁਰ ਦੀ ਸਲਾਹ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਨਹੀਂ ਕਰ ਰਹੇ?

ਤੁਸੀਂ ਸਫ਼ਲਤਾ ਕਿਵੇਂ ਪਾ ਸਕਦੇ ਹੋ?

ਅਸੀਂ ਦੇਖਦੇ ਹਾਂ ਕਿ ਦੁਨੀਆਂ ਵਿਚ ਕਈ ਲੋਕ ਬਹੁਤ ਮਤਲਬੀ ਹਨ। ਅਮਰੀਕਾ ਦੇ ਇਕ ਵੱਡੇ ਬਿਜ਼ਨਿਸਮੈਨ ਨੇ ਕਾਲਜ ਦੇ ਕੁਝ ਗ੍ਰੈਜੂਏਟਾਂ ਨੂੰ ਕਿਹਾ ਕਿ “ਲਾਲਚੀ ਹੋਣਾ ਚੰਗਾ ਹੈ। ਤੁਸੀਂ ਲਾਲਚੀ ਹੋਣ ਦੇ ਨਾਲ-ਨਾਲ ਆਪਣੇ ਬਾਰੇ ਅੱਛਾ ਵੀ ਮਹਿਸੂਸ ਕਰ ਸਕਦੇ ਹੋ।” ਪਰ ਧਨ-ਦੌਲਤ ਦੇ ਪਿੱਛੇ ਲੱਗ ਕੇ ਅਸੀਂ ਕਾਮਯਾਬ ਨਹੀਂ ਹੋਵਾਂਗੇ। ਅਸਲ ਵਿਚ ਜਿਹੜੇ ਲੋਕ ਧਨ-ਦੌਲਤ ਮਗਰ ਲੱਗਦੇ ਹਨ ਉਹ ਆਪਣੇ ਪਰਿਵਾਰ ਦਾ ਸੁਖ ਖ਼ਤਰੇ ਵਿਚ ਪਾਉਂਦੇ ਹਨ। ਪਰਿਵਾਰ ਦੇ ਜੀਆਂ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਦੀ ਬਜਾਇ ਉਹ ਚੀਜ਼ਾਂ ਇਕੱਠੀਆਂ ਕਰਨ ਵਿਚ ਆਪਣਾ ਸਮਾਂ ਬਰਬਾਦ ਕਰਦੇ ਹਨ। ਪਰ ਬਾਈਬਲ ਦੀਆਂ ਸਿਰਫ਼ ਦੋ ਕਹਾਵਤਾਂ ਉੱਤੇ ਜ਼ਰਾ ਵਿਚਾਰ ਕਰੋ ਜੋ ਸਾਨੂੰ ਦੱਸਦੀਆਂ ਹਨ ਕਿ ਖ਼ੁਸ਼ ਹੋਣ ਲਈ ਕੀ ਜ਼ਰੂਰੀ ਹੈ।

“ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।”

“ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ, ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ।”

ਕਹਾਉਤਾਂ 15:17; 17:1.

ਇਹ ਕਹਾਵਤਾਂ ਕਿੰਨੀਆਂ ਸੱਚੀਆਂ ਹਨ! ਜ਼ਰਾ ਸੋਚੋ ਕਿ ਜੇ ਘਰ ਦੇ ਸਾਰੇ ਜੀਅ ਇਨ੍ਹਾਂ ਉੱਤੇ ਚੱਲਣ, ਤਾਂ ਦੁਨੀਆਂ ਕਿੰਨੀ ਬਿਹਤਰ ਹੁੰਦੀ। ਬਾਈਬਲ ਪਰਿਵਾਰ ਦੇ ਜੀਆਂ ਨੂੰ ਇਕ-ਦੂਜੇ ਨਾਲ ਚੰਗਾ ਸਲੂਕ ਕਰਨ ਬਾਰੇ ਵੀ ਵਧੀਆ ਸਲਾਹ ਦਿੰਦੀ ਹੈ। ਇਕ-ਦੋ ਗੱਲਾਂ ਵੱਲ ਜ਼ਰਾ ਧਿਆਨ ਦਿਓ।

ਪਤੀ: ‘ਆਪਣੀ ਪਤਨੀ ਨਾਲ ਅਜਿਹਾ ਪ੍ਰੇਮ ਕਰ ਜਿਵੇਂ ਤੂੰ ਆਪਣੇ ਸਰੀਰ ਨਾਲ ਕਰਦਾ ਹੈਂ।’—ਅਫ਼ਸੀਆਂ 5:28-30.

ਇਹ ਸਲਾਹ ਕਿੰਨੀ ਵਧੀਆ ਹੈ! ਬਾਈਬਲ ਵਿਚ ਪਤੀ ਨੂੰ ‘ਆਪਣੀ ਪਤਨੀ ਦਾ ਆਦਰ ਕਰਨ’ ਲਈ ਵੀ ਕਿਹਾ ਗਿਆ ਹੈ। (1 ਪਤਰਸ 3:7) ਪਤੀ ਆਪਣੀ ਪਤਨੀ ਦਾ ਆਦਰ ਕਿੱਦਾਂ ਕਰ ਸਕਦਾ ਹੈ? ਪਿਆਰ ਨਾਲ ਉਸ ਦਾ ਖ਼ਿਆਲ ਰੱਖ ਕੇ, ਉਸ ਨਾਲ ਹਮਦਰਦੀ ਕਰ ਕੇ ਅਤੇ ਉਸ ਨੂੰ ਹੌਸਲਾ ਦੇ ਕੇ। ਉਹ ਉਸ ਦੇ ਸੋਚ-ਵਿਚਾਰਾਂ ਦੀ ਕਦਰ ਕਰੇਗਾ ਅਤੇ ਉਸ ਦੀ ਗੱਲ ਵੀ ਸੁਣੇਗਾ। (ਹੋਰ ਜਾਣਕਾਰੀ ਲਈ ਉਤਪਤ 21:12 ਦੇਖੋ।) ਕੀ ਇਹ ਸੱਚ ਨਹੀਂ ਕਿ ਜੇ ਪਤੀ ਆਪਣੀ ਪਤਨੀ ਨਾਲ ਉਸ ਤਰ੍ਹਾਂ ਪਿਆਰ ਕਰੇਗਾ, ਜਿਸ ਤਰ੍ਹਾਂ ਉਹ ਆਪਣੇ ਨਾਲ ਕਰਦਾ ਹੈ, ਤਾਂ ਪਰਿਵਾਰ ਸੁਖੀ ਹੋਵੇਗਾ?—ਮੱਤੀ 7:12.

ਪਤਨੀ: ‘ਆਪਣੇ ਪਤੀ ਦਾ ਮਾਨ ਕਰ।’—ਅਫ਼ਸੀਆਂ 5:33.

ਘਰ-ਗ੍ਰਹਿਸਥੀ ਚਲਾਉਣ ਵਿਚ ਆਪਣੇ ਪਤੀ ਦਾ ਸਾਥ ਦੇ ਕੇ ਪਤਨੀ ਆਪਣੇ ਪਰਿਵਾਰ ਦੀ ਖ਼ੁਸ਼ੀ ਵਧਾਉਂਦੀ ਹੈ। ਪਰਮੇਸ਼ੁਰ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਪਰਮੇਸ਼ੁਰ ਨੇ ਪਤਨੀ ਨੂੰ ਪਤੀ ਲਈ “ਇੱਕ ਸਹਾਇਕਣ” ਦੇ ਤੌਰ ਤੇ ਬਣਾਇਆ ਸੀ। (ਉਤਪਤ 2:18) ਕੀ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਨੂੰ ਕਿੰਨਾ ਫ਼ਾਇਦਾ ਹੋਵੇਗਾ ਜੇ ਪਤਨੀ ਆਪਣੇ ਪਤੀ ਦੇ ਫ਼ੈਸਲਿਆਂ ਦੇ ਨਾਲ ਚੱਲੇ ਅਤੇ ਉਸ ਦੇ ਨਾਲ ਰਲ ਕੇ ਕੰਮ ਕਰੇ?

ਪਤੀ-ਪਤਨੀ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ।”—ਇਬਰਾਨੀਆਂ 13:4.

ਜਦ ਪਤੀ-ਪਤਨੀ ਆਪਣੇ ਵਿਆਹ ਦੇ ਬੰਧਨ ਨੂੰ ਪਵਿੱਤਰ ਸਮਝ ਕੇ ਇਕ-ਦੂਜੇ ਦੇ ਵਫ਼ਾਦਾਰ ਰਹਿੰਦੇ ਹਨ, ਤਾਂ ਪਰਿਵਾਰ ਦਾ ਭਲਾ ਹੁੰਦਾ ਹੈ। ਬੇਵਫ਼ਾਈ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਹੈ। (ਕਹਾਉਤਾਂ 6:27-29, 32) ਤਦ ਹੀ ਬਾਈਬਲ ਇਹ ਚੰਗੀ ਸਲਾਹ ਦਿੰਦੀ ਹੈ: “ਤੂੰ ਆਪਣੀ ਜਵਾਨੀ ਵਿਚ ਵਿਆਹੀ ਪਤਨੀ ਨਾਲ ਅਨੰਦ ਮਾਣ। . . . ਤੂੰ ਪਰਾਈ ਔਰਤ ਨੂੰ ਕਿਉਂ ਪਿਆਰ ਕਰੇਂ?”—ਕਹਾਉਤਾਂ 5:18-20, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਮਾਪੇ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ।”—ਕਹਾਉਤਾਂ 22:6.

ਜਦ ਮਾਪੇ ਆਪਣੇ ਬੱਚਿਆਂ ਲਈ ਸਮਾਂ ਕੱਢਦੇ ਹਨ, ਤਾਂ ਘਰ ਦਾ ਮਾਹੌਲ ਠੀਕ ਰਹਿੰਦਾ ਹੈ। ਇਸ ਕਰਕੇ ਬਾਈਬਲ ਮਾਪਿਆਂ ਨੂੰ ਸਲਾਹ ਦਿੰਦੀ ਹੈ ਕਿ ਉਹ “ਘਰ ਬੈਠੇ, ਰਾਹ ਚੱਲਦੇ, ਲੰਮੇ ਪਏ ਅਤੇ ਉੱਠਦੇ ਹੋਏ” ਆਪਣੇ ਬੱਚਿਆਂ ਨੂੰ ਚੰਗੀ ਮੱਤ ਦੇਣ। (ਬਿਵਸਥਾ ਸਾਰ 11:19) ਬਾਈਬਲ ਇਹ ਵੀ ਦੱਸਦੀ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਤਾੜਨਾ ਦੇ ਕੇ ਆਪਣੇ ਪਿਆਰ ਦਾ ਸਬੂਤ ਦੇਣਾ ਚਾਹੀਦਾ ਹੈ।—ਕਹਾਉਤਾਂ 13:24.

ਬੱਚੇ: “ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ।”—ਅਫ਼ਸੀਆਂ 6:1.

ਅੱਜ ਦੀ ਮਨਮੌਜੀ ਦੁਨੀਆਂ ਵਿਚ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਸੌਖਾ ਨਹੀਂ ਹੈ। ਪਰ ਕੀ ਇਹ ਅਕਲ ਦੀ ਗੱਲ ਨਹੀਂ ਹੋਵੇਗੀ ਕਿ ਅਸੀਂ ਪਰਿਵਾਰ ਸ਼ੁਰੂ ਕਰਨ ਵਾਲੇ ਦਾ ਕਹਿਣਾ ਮੰਨੀਏ? ਉਹ ਜਾਣਦਾ ਹੈ ਕਿ ਪਰਿਵਾਰ ਨੂੰ ਸੁਖੀ ਬਣਾਉਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ। ਸੋ ਆਪਣੇ ਮਾਪਿਆਂ ਦਾ ਕਹਿਣਾ ਮੰਨਣ ਦੀ ਪੂਰੀ ਕੋਸ਼ਿਸ਼ ਕਰੋ। ਠਾਣ ਲਓ ਕਿ ਤੁਸੀਂ ਬੁਰੇ ਰਾਹਾਂ ਉੱਤੇ ਨਹੀਂ ਚੱਲੋਗੇ।—ਕਹਾਉਤਾਂ 1:10-19.

ਤੁਸੀਂ ਬਾਈਬਲ ਦੀ ਸਲਾਹ ਨੂੰ ਜਿੰਨਾ ਲਾਗੂ ਕਰੋਗੇ ਤੁਹਾਨੂੰ ਉੱਨਾ ਹੀ ਲਾਭ ਹੋਵੇਗਾ। ਤੁਹਾਡਾ ਪਰਿਵਾਰ ਸਿਰਫ਼ ਹੁਣ ਹੀ ਨਹੀਂ ਬਲਕਿ ਹਮੇਸ਼ਾ ਲਈ ਸੁਖੀ ਹੋ ਸਕਦਾ ਹੈ। ਤੁਸੀਂ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਵਧੀਆ ਭਵਿੱਖ ਦੀ ਵੀ ਉਮੀਦ ਰੱਖ ਸਕਦੇ ਹੋ। (2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4) ਇਸ ਲਈ ਇਕੱਠੇ ਬੈਠ ਕੇ ਬਾਈਬਲ ਦੀ ਸਟੱਡੀ ਕਰਨ ਦੀ ਆਦਤ ਪਾਓ। ਸਾਰੀ ਦੁਨੀਆਂ ਵਿਚ ਲੱਖਾਂ ਹੀ ਪਰਿਵਾਰਾਂ ਨੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਂ ਦੀ ਕਿਤਾਬ ਤੋਂ ਬਹੁਤ ਲਾਭ ਹਾਸਲ ਕੀਤਾ ਹੈ।

ਇਸ ਟ੍ਰੈਕਟ ਵਿਚ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ ਵਰਤੀ ਗਈ ਹੈ।