Skip to content

Skip to table of contents

ਕੀ ਅਦਨ ਦਾ ਬਾਗ਼ ਸੱਚੀਂ ਹੁੰਦਾ ਸੀ?

ਕੀ ਅਦਨ ਦਾ ਬਾਗ਼ ਸੱਚੀਂ ਹੁੰਦਾ ਸੀ?

ਕੀ ਅਦਨ ਦਾ ਬਾਗ਼ ਸੱਚੀਂ ਹੁੰਦਾ ਸੀ?

ਕੀ ਤੁਸੀਂ ਅਦਨ ਦੇ ਬਾਗ਼ ਅਤੇ ਆਦਮ ਤੇ ਹੱਵਾਹ ਦੀ ਕਹਾਣੀ ਸੁਣੀ ਹੈ? ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਇਹ ਕਹਾਣੀ ਜਾਣਦੇ ਹਨ। ਕਿਉਂ ਨਾ ਤੁਸੀਂ ਆਪ ਇਹ ਕਹਾਣੀ ਪੜ੍ਹ ਕੇ ਦੇਖੋ? ਤੁਸੀਂ ਇਸ ਨੂੰ ਉਤਪਤ 1:26–3:24 ਵਿਚ ਪੜ੍ਹ ਸਕਦੇ ਹੋ। ਇਸ ਕਹਾਣੀ ਦਾ ਸਾਰ ਇਹ ਹੈ:

ਯਹੋਵਾਹ ਪਰਮੇਸ਼ੁਰ a ਮਿੱਟੀ ਤੋਂ ਇਕ ਆਦਮੀ ਬਣਾਉਂਦਾ ਹੈ ਅਤੇ ਉਸ ਦਾ ਨਾਂ ਆਦਮ ਰੱਖਦਾ ਹੈ। ਉਹ ਉਸ ਨੂੰ ਇਕ ਬਾਗ਼ ਵਿਚ ਰੱਖਦਾ ਹੈ ਜਿਸ ਨੂੰ ਅਦਨ ਕਿਹਾ ਜਾਂਦਾ ਹੈ। ਪਰਮੇਸ਼ੁਰ ਨੇ ਇਹ ਬਾਗ਼ ਆਪ ਲਾਇਆ ਹੈ। ਇਹ ਬਾਗ਼ ਦਰਿਆਵਾਂ ਦੇ ਪਾਣੀ ਨਾਲ ਸਿੰਜਿਆ ਜਾਂਦਾ ਹੈ ਅਤੇ ਇਸ ਵਿਚ ਬਹੁਤ ਸਾਰੇ ਸੋਹਣੇ-ਸੋਹਣੇ ਫਲਦਾਰ ਦਰਖ਼ਤ ਹਨ। ਇਸ ਦੇ ਵਿਚਕਾਰ ‘ਚੰਗੇ-ਬੁਰੇ ਦੇ ਗਿਆਨ ਦਾ ਦਰਖ਼ਤ’ ਹੈ। ਪਰਮੇਸ਼ੁਰ ਇਨਸਾਨਾਂ ਨੂੰ ਇਸ ਦਰਖ਼ਤ ਦਾ ਫਲ ਖਾਣ ਤੋਂ ਮਨ੍ਹਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਸ ਦਾ ਹੁਕਮ ਨਾ ਮੰਨਣ ਦਾ ਨਤੀਜਾ ਮੌਤ ਹੋਵੇਗਾ। ਬਾਅਦ ਵਿਚ ਯਹੋਵਾਹ ਨੇ ਆਦਮ ਦੀ ਪਸਲੀ ਤੋਂ ਉਸ ਲਈ ਇਕ ਔਰਤ ਹੱਵਾਹ ਬਣਾਈ ਜੋ ਉਸ ਦੀ ਸਾਥਣ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਬਾਗ਼ ਦੀ ਦੇਖ-ਭਾਲ ਕਰਨ ਦਾ ਕੰਮ ਦਿੱਤਾ ਅਤੇ ਕਿਹਾ ਕਿ ਉਹ ਬੱਚੇ ਪੈਦਾ ਕਰ ਕੇ ਸਾਰੀ ਧਰਤੀ ਨੂੰ ਭਰ ਦੇਣ।

ਜਦੋਂ ਹੱਵਾਹ ਇਕੱਲੀ ਹੁੰਦੀ ਹੈ, ਤਾਂ ਇਕ ਸੱਪ ਉਸ ਨਾਲ ਗੱਲ ਕਰਦਾ ਹੈ। ਉਹ ਉਸ ਨੂੰ ਮਨ੍ਹਾ ਕੀਤਾ ਹੋਇਆ ਫਲ ਖਾਣ ਲਈ ਲੁਭਾਉਂਦਾ ਹੈ। ਉਹ ਦਾਅਵਾ ਕਰਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਝੂਠ ਬੋਲਿਆ ਹੈ ਤੇ ਉਹ ਉਸ ਤੋਂ ਇਕ ਚੰਗੀ ਚੀਜ਼ ਲੁਕੋ ਰਿਹਾ ਹੈ ਜਿਸ ਦੀ ਮਦਦ ਨਾਲ ਉਹ ਪਰਮੇਸ਼ੁਰ ਵਰਗੀ ਬਣ ਸਕਦੀ ਹੈ। ਉਹ ਸੱਪ ਦੀਆਂ ਗੱਲਾਂ ਵਿਚ ਆ ਕੇ ਮਨ੍ਹਾ ਕੀਤਾ ਹੋਇਆ ਫਲ ਖਾ ਲੈਂਦੀ ਹੈ। ਬਾਅਦ ਵਿਚ ਆਦਮ ਵੀ ਉਸ ਵਾਂਗ ਪਰਮੇਸ਼ੁਰ ਦਾ ਹੁਕਮ ਤੋੜ ਦਿੰਦਾ ਹੈ। ਇਸ ਕਰਕੇ ਯਹੋਵਾਹ ਨੇ ਆਦਮ, ਹੱਵਾਹ ਅਤੇ ਸੱਪ ਨੂੰ ਸਜ਼ਾ ਦਿੱਤੀ। ਅਦਨ ਦੇ ਬਾਗ਼ ਵਿੱਚੋਂ ਇਨਸਾਨਾਂ ਨੂੰ ਕੱਢਣ ਤੋਂ ਬਾਅਦ ਦੂਤਾਂ ਨੇ ਬਾਗ਼ ਦਾ ਰਸਤਾ ਬੰਦ ਕਰ ਦਿੱਤਾ।

ਇਕ ਸਮੇਂ ਤੇ ਵਿਦਵਾਨ, ਗਿਆਨਵਾਨ ਲੋਕ ਅਤੇ ਇਤਿਹਾਸਕਾਰ ਮੰਨਦੇ ਸਨ ਕਿ ਬਾਈਬਲ ਵਿਚ ਉਤਪਤ ਦੀ ਕਿਤਾਬ ਵਿਚ ਦਿੱਤੀ ਇਹ ਜਾਣਕਾਰੀ ਇਤਿਹਾਸਕ ਤੌਰ ਤੇ ਸੱਚ ਹੈ। ਪਰ ਅੱਜ-ਕੱਲ੍ਹ ਬਹੁਤ ਸਾਰੇ ਲੋਕ ਇਸ ਜਾਣਕਾਰੀ ʼਤੇ ਸ਼ੱਕ ਕਰਦੇ ਹਨ। ਉਤਪਤ ਦੀ ਕਿਤਾਬ ਵਿਚ ਆਦਮ ਤੇ ਹੱਵਾਹ ਅਤੇ ਅਦਨ ਦੇ ਬਾਗ਼ ਦੇ ਬਿਰਤਾਂਤ ʼਤੇ ਸ਼ੱਕ ਕਰਨ ਦਾ ਕੀ ਆਧਾਰ ਹੈ? ਆਓ ਆਪਾਂ ਚਾਰ ਗੱਲਾਂ ਦੀ ਜਾਂਚ ਕਰੀਏ ਜਿਨ੍ਹਾਂ ਕਰਕੇ ਉਹ ਇਸ ਜਾਣਕਾਰੀ ਨੂੰ ਸਹੀ ਨਹੀਂ ਮੰਨਦੇ।

1. ਕੀ ਅਦਨ ਦਾ ਬਾਗ਼ ਸੱਚ-ਮੁੱਚ ਹੁੰਦਾ ਸੀ?

ਇਸ ਗੱਲ ʼਤੇ ਸ਼ੱਕ ਕਿਉਂ ਕੀਤਾ ਜਾਂਦਾ ਹੈ? ਇਸ ਦਾ ਕਾਰਨ ਫ਼ਲਸਫ਼ਾ ਹੋ ਸਕਦਾ ਹੈ। ਸਦੀਆਂ ਤਕ ਧਰਮ-ਸ਼ਾਸਤਰੀ ਅੰਦਾਜ਼ੇ ਲਾਉਂਦੇ ਰਹੇ ਕਿ ਅਦਨ ਦਾ ਬਾਗ਼ ਅਜੇ ਵੀ ਦੁਨੀਆਂ ਵਿਚ ਕਿਤੇ-ਨਾ-ਕਿਤੇ ਮੌਜੂਦ ਸੀ। ਪਰ ਚਰਚਾਂ ਉੱਤੇ ਪਲੈਟੋ ਅਤੇ ਅਰਸਤੂ ਵਰਗੇ ਯੂਨਾਨੀ ਫ਼ਿਲਾਸਫ਼ਰਾਂ ਦਾ ਪ੍ਰਭਾਵ ਪਿਆ। ਇਹ ਫ਼ਿਲਾਸਫ਼ਰ ਇਸ ਗੱਲ ʼਤੇ ਅੜੇ ਸਨ ਕਿ ਧਰਤੀ ʼਤੇ ਕੁਝ ਵੀ ਮੁਕੰਮਲ ਨਹੀਂ ਹੋ ਸਕਦਾ। ਉਨ੍ਹਾਂ ਦਾ ਮੰਨਣਾ ਸੀ ਕਿ ਸਿਰਫ਼ ਸਵਰਗ ਵਿਚ ਹੀ ਸਭ ਕੁਝ ਮੁਕੰਮਲ ਹੋ ਸਕਦਾ ਹੈ। ਇਸ ਕਰਕੇ ਧਰਮ-ਸ਼ਾਸਤਰੀ ਕਹਿੰਦੇ ਸਨ ਕਿ ਅਦਨ ਦਾ ਬਾਗ਼ ਸਵਰਗ ਦੇ ਨੇੜੇ ਹੋਣਾ ਚਾਹੀਦਾ। b ਕੁਝ ਜਣਿਆਂ ਨੇ ਕਿਹਾ ਕਿ ਇਹ ਬਾਗ਼ ਇਕ ਬਹੁਤ ਹੀ ਉੱਚੇ ਪਹਾੜ ਦੀ ਚੋਟੀ ʼਤੇ ਸੀ ਜਿਸ ਕਰਕੇ ਇਸ ʼਤੇ ਬੁਰੀ ਦੁਨੀਆਂ ਦਾ ਕੋਈ ਮਾੜਾ ਅਸਰ ਨਹੀਂ ਪਿਆ। ਹੋਰ ਜਣਿਆਂ ਨੇ ਕਿਹਾ ਕਿ ਇਹ ਬਾਗ਼ ਉੱਤਰੀ ਧਰੁਵ ਜਾਂ ਦੱਖਣੀ ਧਰੁਵ ʼਤੇ ਸੀ। ਕਈਆਂ ਨੇ ਕਿਹਾ ਕਿ ਇਹ ਬਾਗ਼ ਚੰਦ ਉੱਤੇ ਜਾਂ ਇਸ ਦੇ ਨੇੜੇ ਸੀ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਅਦਨ ਦੇ ਬਾਗ਼ ਨੂੰ ਮਨਘੜਤ ਕਹਾਣੀ ਕਿਉਂ ਮੰਨਿਆ ਜਾਣ ਲੱਗਾ। ਅੱਜ-ਕੱਲ੍ਹ ਦੇ ਕੁਝ ਵਿਦਵਾਨ ਮੰਨਦੇ ਹਨ ਕਿ ਅਦਨ ਦੇ ਬਾਗ਼ ਵਰਗੀ ਕੋਈ ਜਗ੍ਹਾ ਕਦੇ ਹੈ ਹੀ ਨਹੀਂ ਸੀ।

ਪਰ ਬਾਈਬਲ ਵਿਚ ਅਦਨ ਦੇ ਬਾਗ਼ ਬਾਰੇ ਇਸ ਤਰ੍ਹਾਂ ਨਹੀਂ ਦੱਸਿਆ ਗਿਆ। ਉਤਪਤ 2:8-14 ਵਿਚ ਅਸੀਂ ਇਸ ਬਾਗ਼ ਬਾਰੇ ਕੁਝ ਖ਼ਾਸ ਗੱਲਾਂ ਪੜ੍ਹਦੇ ਹਾਂ। ਇਹ ਬਾਗ਼ ਪੂਰਬ ਵੱਲ ਅਦਨ ਨਾਂ ਦੇ ਇਲਾਕੇ ਵਿਚ ਸੀ। ਇਸ ਬਾਗ਼ ਨੂੰ ਇਕ ਦਰਿਆ ਸਿੰਜਦਾ ਸੀ ਜੋ ਅੱਗੇ ਜਾ ਕੇ ਚਾਰ ਦਰਿਆਵਾਂ ਵਿਚ ਵੰਡਿਆ ਗਿਆ ਸੀ। ਬਾਈਬਲ ਵਿਚ ਇਨ੍ਹਾਂ ਚਾਰਾਂ ਦਰਿਆਵਾਂ ਦੇ ਨਾਂ ਦੱਸੇ ਗਏ ਹਨ ਅਤੇ ਇਨ੍ਹਾਂ ਬਾਰੇ ਥੋੜ੍ਹੀ ਜਾਣਕਾਰੀ ਵੀ ਦਿੱਤੀ ਗਈ ਹੈ। ਬਾਗ਼ ਬਾਰੇ ਇਨ੍ਹਾਂ ਖ਼ਾਸ ਗੱਲਾਂ ਕਰਕੇ ਬਹੁਤ ਸਾਰੇ ਵਿਦਵਾਨਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਨਿਸ਼ਾਨੀਆਂ ਮਿਲ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਇਸ ਇਤਿਹਾਸਕ ਜਗ੍ਹਾ ਦੀ ਖੋਜ ਕਰ ਸਕਦੇ ਹਨ। ਪਰ ਉਨ੍ਹਾਂ ਦੇ ਵਿਚਾਰ ਇਕ-ਦੂਜੇ ਨਾਲ ਮੇਲ ਨਹੀਂ ਖਾਂਦੇ। ਤਾਂ ਫਿਰ, ਕੀ ਇਸ ਦਾ ਇਹ ਮਤਲਬ ਹੈ ਕਿ ਅਦਨ, ਇਸ ਦਾ ਬਾਗ਼ ਅਤੇ ਇਸ ਦੇ ਦਰਿਆਵਾਂ ਬਾਰੇ ਦਿੱਤੀ ਜਾਣਕਾਰੀ ਝੂਠੀ ਤੇ ਮਨਘੜਤ ਕਹਾਣੀ ਹੈ?

ਗੌਰ ਕਰੋ: ਅਦਨ ਦੇ ਬਾਗ਼ ਵਿਚ ਜੋ ਕੁਝ ਹੋਇਆ, ਉਸ ਨੂੰ ਤਕਰੀਬਨ 6,000 ਸਾਲ ਹੋ ਗਏ ਹਨ। ਬਾਗ਼ ਵਿਚ ਹੋਈਆਂ ਘਟਨਾਵਾਂ ਤੋਂ ਤਕਰੀਬਨ 2,500 ਸਾਲ ਬਾਅਦ ਮੂਸਾ ਨੇ ਸ਼ਾਇਦ ਉਸ ਵੇਲੇ ਦੇ ਲੋਕਾਂ ਦੇ ਮੂੰਹੋਂ ਸੁਣ ਕੇ ਜਾਂ ਸ਼ਾਇਦ ਆਪਣੇ ਸਮੇਂ ਤੋਂ ਵੀ ਪਹਿਲਾਂ ਦੀਆਂ ਮੌਜੂਦ ਲਿਖਤਾਂ ਦੀ ਜਾਂਚ ਕਰ ਕੇ ਇਹ ਜਾਣਕਾਰੀ ਲਿਖੀ ਹੋਣੀ। ਜਦੋਂ ਮੂਸਾ ਇਹ ਜਾਣਕਾਰੀ ਲਿਖ ਰਿਹਾ ਸੀ, ਉਦੋਂ ਤਕ ਅਦਨ ਦਾ ਬਾਗ਼ ਇਤਿਹਾਸ ਬਣ ਚੁੱਕਾ ਸੀ। ਕੀ ਇੱਦਾਂ ਹੋ ਸਕਦਾ ਹੈ ਕਿ ਸਦੀਆਂ ਦੌਰਾਨ ਦਰਿਆਵਾਂ ਨੇ ਆਪਣਾ ਰੁਖ ਬਦਲ ਲਿਆ ਹੋਵੇ? ਧਰਤੀ ਦੀ ਉੱਪਰਲੀ ਪਰਤ ਬਦਲਦੀ ਰਹਿੰਦੀ ਹੈ। ਜਿਸ ਇਲਾਕੇ ਵਿਚ ਸ਼ਾਇਦ ਅਦਨ ਦਾ ਬਾਗ਼ ਸੀ, ਉਸ ਇਲਾਕੇ ਵਿਚ ਅਕਸਰ ਭੁਚਾਲ਼ ਆਉਂਦੇ ਰਹਿੰਦੇ ਹਨ। ਹੁਣ ਤਕ ਦੁਨੀਆਂ ਭਰ ਵਿਚ ਆਏ ਸਭ ਤੋਂ ਵੱਡੇ ਭੁਚਾਲ਼ਾਂ ਵਿੱਚੋਂ ਤਕਰੀਬਨ 17 ਪ੍ਰਤਿਸ਼ਤ ਵੱਡੇ ਭੁਚਾਲ਼ ਉਸ ਇਲਾਕੇ ਵਿਚ ਆਏ ਹਨ। ਇੱਦਾਂ ਦੇ ਇਲਾਕਿਆਂ ਵਿਚ ਧਰਤੀ ਦੀ ਉੱਪਰਲੀ ਪਰਤ ʼਤੇ ਬਦਲਾਅ ਆਉਣੇ ਆਮ ਗੱਲ ਹੈ। ਨਾਲੇ ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਕਰਕੇ ਸ਼ਾਇਦ ਉਸ ਥਾਂ ਦਾ ਨਕਸ਼ਾ ਪੂਰੀ ਤਰ੍ਹਾਂ ਬਦਲ ਗਿਆ ਹੋਵੇ ਜਿਸ ਕਰਕੇ ਅੱਜ ਅਸੀਂ ਜਾਣ ਨਹੀਂ ਸਕਦੇ ਕਿ ਅਦਨ ਦਾ ਬਾਗ਼ ਕਿੱਥੇ ਸੀ। c

ਪਰ ਅਸੀਂ ਇਹ ਕੁਝ ਗੱਲਾਂ ਜ਼ਰੂਰ ਜਾਣਦੇ ਹਾਂ: ਉਤਪਤ ਦੀ ਕਿਤਾਬ ਦੱਸਦੀ ਹੈ ਕਿ ਅਦਨ ਦਾ ਬਾਗ਼ ਸੱਚ-ਮੁੱਚ ਸੀ। ਇਸ ਵਿਚ ਜ਼ਿਕਰ ਕੀਤੇ ਚਾਰ ਦਰਿਆਵਾਂ ਵਿੱਚੋਂ ਦੋ ਦਰਿਆ ਫ਼ਰਾਤ ਅਤੇ ਹਿੱਦਕਲ (ਟਾਈਗ੍ਰਿਸ) ਅੱਜ ਵੀ ਮੌਜੂਦ ਹਨ। ਇਨ੍ਹਾਂ ਦੋਵਾਂ ਦਰਿਆਵਾਂ ਦੀਆਂ ਕੁਝ ਥਾਵਾਂ ਦਾ ਪਾਣੀ ਇਕ-ਦੂਜੇ ਦੇ ਨੇੜਿਓਂ ਵਹਿੰਦਾ ਹੈ। ਇਸ ਕਿਤਾਬ ਵਿਚ ਉਨ੍ਹਾਂ ਦੇਸ਼ਾਂ ਦੇ ਨਾਂ ਵੀ ਦੱਸੇ ਹਨ ਜਿਨ੍ਹਾਂ ਥਾਣੀਂ ਇਹ ਦਰਿਆ ਵਹਿੰਦੇ ਸਨ ਅਤੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਹ ਦੇਸ਼ ਕਿਨ੍ਹਾਂ ਚੀਜ਼ਾਂ ਲਈ ਮਸ਼ਹੂਰ ਸਨ। ਪੁਰਾਣੇ ਜ਼ਮਾਨੇ ਵਿਚ ਇਸ ਜਾਣਕਾਰੀ ਦੀ ਮਦਦ ਨਾਲ ਇਜ਼ਰਾਈਲੀ ਉਸ ਜਗ੍ਹਾ ਬਾਰੇ ਸਮਝ ਸਕਦੇ ਸਨ।

ਕੀ ਆਮ ਤੌਰ ਤੇ ਕਥਾ-ਕਹਾਣੀਆਂ ਵਿਚ ਇੱਦਾਂ ਦੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ? ਜਾਂ ਕੀ ਇਨ੍ਹਾਂ ਵਿੱਚੋਂ ਅਜਿਹੀ ਜਾਣਕਾਰੀ ਕੱਢ ਦਿੱਤੀ ਜਾਂਦੀ ਹੈ ਜਿਸ ਨੂੰ ਸਹੀ ਜਾਂ ਗ਼ਲਤ ਸਾਬਤ ਕੀਤਾ ਜਾ ਸਕੇ? ਜ਼ਿਆਦਾਤਰ ਕਹਾਣੀਆਂ ਇੱਦਾਂ ਸ਼ੁਰੂ ਹੁੰਦੀਆਂ ਹਨ: “ਇਕ ਵਾਰ ਦੀ ਗੱਲ ਹੈ ਕਿ ਇਕ ਬਹੁਤ ਦੂਰ ਦੇਸ਼ ਵਿਚ . . . ।” ਇਸ ਤੋਂ ਉਲਟ, ਇਤਿਹਾਸ ਸਹੀ ਜਾਣਕਾਰੀ ਦਿੰਦਾ ਹੈ, ਜਿਵੇਂ ਕਿ ਅਦਨ ਦੇ ਬਾਗ਼ ਬਾਰੇ ਜਾਣਕਾਰੀ।

2. ਕੀ ਸੱਚੀਂ ਪਰਮੇਸ਼ੁਰ ਨੇ ਆਦਮ ਨੂੰ ਮਿੱਟੀ ਤੋਂ ਅਤੇ ਹੱਵਾਹ ਨੂੰ ਆਦਮ ਦੀਆਂ ਪਸਲੀਆਂ ਤੋਂ ਬਣਾਇਆ ਸੀ?

ਅੱਜ ਵਿਗਿਆਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਨੀ ਸਰੀਰ ਵੱਖੋ-ਵੱਖਰੇ ਤੱਤਾਂ ਨਾਲ ਬਣਿਆ ਹੈ, ਜਿਵੇਂ ਹਾਈਡ੍ਰੋਜਨ, ਆਕਸੀਜਨ ਅਤੇ ਕਾਰਬਨ। ਇਹ ਸਾਰੇ ਤੱਤ ਮਿੱਟੀ ਵਿਚ ਪਾਏ ਜਾਂਦੇ ਹਨ। ਪਰ ਇਹ ਤੱਤ ਮਿਲ ਕੇ ਇਕ ਪ੍ਰਾਣੀ ਕਿਵੇਂ ਬਣ ਸਕਦੇ ਹਨ?

ਬਹੁਤ ਸਾਰੇ ਵਿਗਿਆਨੀ ਮੰਨਦੇ ਹਨ ਕਿ ਜੀਵਨ ਦੀ ਸ਼ੁਰੂਆਤ ਆਪਣੇ ਆਪ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਸਾਦਾ ਜਿਹਾ ਜੀਵ ਬਣਿਆ ਜਿਸ ਵਿਚ ਲੱਖਾਂ ਸਾਲਾਂ ਦੌਰਾਨ ਹੌਲੀ-ਹੌਲੀ ਵਿਕਾਸ ਹੋਇਆ ਅਤੇ ਉਸ ਤੋਂ ਹੋਰ ਗੁੰਝਲਦਾਰ ਜੀਵ ਬਣ ਗਏ। ਪਰ “ਸਾਦਾ ਜਿਹਾ” ਜੀਵ ਕਹਿਣਾ ਸਹੀ ਨਹੀਂ ਹੈ ਕਿਉਂਕਿ ਸਾਰੇ ਜੀਉਂਦੇ ਜੀਵ, ਇੱਥੋਂ ਤਕ ਕਿ ਇਕ ਸੈੱਲ ਵਾਲੇ ਸੂਖਮ ਜੀਵ ਵੀ ਕਾਫ਼ੀ ਗੁੰਝਲਦਾਰ ਹੁੰਦੇ ਹਨ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕੋਈ ਵੀ ਜੀਵ ਆਪਣੇ ਆਪ ਬਣਿਆ। ਇਸ ਦੀ ਬਜਾਇ, ਸਾਰੀਆਂ ਜੀਉਂਦੀਆਂ ਚੀਜ਼ਾਂ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਉਨ੍ਹਾਂ ਨੂੰ ਕਿਸੇ ਨੇ ਬਣਾਇਆ ਹੈ ਜੋ ਸਾਡੇ ਤੋਂ ਕਿਤੇ ਜ਼ਿਆਦਾ ਬੁੱਧੀਮਾਨ ਹੈ। d​—ਰੋਮੀਆਂ 1:20.

ਮੰਨ ਲਓ ਕਿ ਤੁਸੀਂ ਮਧੁਰ ਸੰਗੀਤ ਸੁਣ ਰਹੇ ਹੋ, ਇਕ ਬਹੁਤ ਹੀ ਸੋਹਣੀ ਤਸਵੀਰ ਨੂੰ ਨਿਹਾਰ ਰਹੇ ਹੋ ਜਾਂ ਕਿਸੇ ਮਸ਼ੀਨ ਨੂੰ ਸ਼ਾਨਦਾਰ ਤਰੀਕੇ ਨਾਲ ਕੰਮ ਕਰਦਿਆਂ ਦੇਖ ਕੇ ਹੱਕੇ-ਬੱਕੇ ਰਹਿ ਜਾਂਦੇ ਹੋ। ਤਾਂ ਫਿਰ, ਕੀ ਤੁਸੀਂ ਇਹ ਸੋਚੋਗੇ ਕਿ ਇਨ੍ਹਾਂ ਨੂੰ ਬਣਾਉਣ ਵਾਲਾ ਕੋਈ ਨਹੀਂ ਹੈ? ਬਿਲਕੁਲ ਨਹੀਂ! ਪਰ ਇਹ ਕਮਾਲ ਦੀਆਂ ਚੀਜ਼ਾਂ ਇਨਸਾਨੀ ਸਰੀਰ ਦੇ ਸਾਮ੍ਹਣੇ ਕੁਝ ਨਹੀਂ ਹਨ ਜੋ ਇੰਨਾ ਗੁੰਝਲਦਾਰ ਤੇ ਸੋਹਣਾ ਹੈ ਅਤੇ ਸ਼ਾਨਦਾਰ ਕਾਰੀਗਰੀ ਦੀ ਮਿਸਾਲ ਹੈ। ਤਾਂ ਫਿਰ, ਅਸੀਂ ਕਿੱਦਾਂ ਸੋਚ ਸਕਦੇ ਹਾਂ ਕਿ ਇਨਸਾਨੀ ਸਰੀਰ ਨੂੰ ਬਣਾਉਣ ਵਾਲਾ ਕੋਈ ਨਹੀਂ ਹੈ? ਇਸ ਤੋਂ ਇਲਾਵਾ, ਉਤਪਤ ਵਿਚ ਦਿੱਤਾ ਬਿਰਤਾਂਤ ਇਹ ਵੀ ਦੱਸਦਾ ਹੈ ਕਿ ਧਰਤੀ ʼਤੇ ਜਿੰਨੇ ਵੀ ਜੀਵ ਹਨ, ਉਨ੍ਹਾਂ ਵਿੱਚੋਂ ਸਿਰਫ਼ ਇਨਸਾਨਾਂ ਨੂੰ ਪਰਮੇਸ਼ੁਰ ਦੇ ਸਰੂਪ ʼਤੇ ਬਣਾਇਆ ਗਿਆ ਸੀ। (ਉਤਪਤ 1:26) ਇਸ ਲਈ ਇਹ ਕਹਿਣਾ ਸਹੀ ਹੈ ਕਿ ਸਿਰਫ਼ ਇਨਸਾਨਾਂ ਵਿਚ ਹੀ ਕੁਝ ਨਵਾਂ ਬਣਾਉਣ ਦੀ ਕਾਬਲੀਅਤ ਹੈ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਹੈ। ਅਸੀਂ ਸ਼ਾਨਦਾਰ ਸੰਗੀਤ, ਤਸਵੀਰਾਂ ਅਤੇ ਤਕਨੀਕੀ ਚੀਜ਼ਾਂ ਬਣਾਉਂਦੇ ਹਾਂ। ਤਾਂ ਫਿਰ, ਕੀ ਸਾਨੂੰ ਇਸ ਗੱਲੋਂ ਹੈਰਾਨ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਸਾਡੇ ਨਾਲੋਂ ਕਿਤੇ ਜ਼ਿਆਦਾ ਸੋਹਣੀਆਂ ਚੀਜ਼ਾਂ ਬਣਾ ਸਕਦਾ ਹੈ?

ਇਸੇ ਤਰ੍ਹਾਂ ਆਦਮੀ ਦੀ ਇਕ ਪਸਲੀ ਤੋਂ ਔਰਤ ਬਣਾਉਣੀ ਪਰਮੇਸ਼ੁਰ ਲਈ ਕੋਈ ਔਖਾ ਕੰਮ ਨਹੀਂ ਹੈ। e ਉਸ ਨੂੰ ਬਣਾਉਣ ਲਈ ਪਰਮੇਸ਼ੁਰ ਹੋਰ ਤਰੀਕੇ ਵੀ ਵਰਤ ਸਕਦਾ ਸੀ। ਪਰ ਔਰਤ ਨੂੰ ਇਸ ਤਰ੍ਹਾਂ ਬਣਾਉਣ ਪਿੱਛੇ ਇਕ ਅਹਿਮ ਕਾਰਨ ਹੈ। ਉਹ ਚਾਹੁੰਦਾ ਸੀ ਕਿ ਆਦਮੀ ਅਤੇ ਔਰਤ ਵਿਆਹ ਕਰਨ ਅਤੇ ਉਨ੍ਹਾਂ ਦਾ ਰਿਸ਼ਤਾ ਇੰਨਾ ਮਜ਼ਬੂਤ ਹੋ ਜਾਵੇ ਜਿਵੇਂ ਕਿ ਉਹ ਦੋਵੇਂ “ਇਕ ਸਰੀਰ” ਹੋਣ। (ਉਤਪਤ 2:24) ਆਦਮੀ ਅਤੇ ਔਰਤ ਨੂੰ ਇਕ-ਦੂਜੇ ਲਈ ਬਣਾਇਆ ਗਿਆ ਸੀ ਤਾਂਕਿ ਉਹ ਹਮੇਸ਼ਾ ਲਈ ਪਿਆਰ ਭਰੇ ਬੰਧਨ ਵਿਚ ਬੱਝੇ ਰਹਿੰਦੇ। ਕੀ ਉਨ੍ਹਾਂ ਦਾ ਇਹ ਰਿਸ਼ਤਾ ਇਕ ਬੁੱਧੀਮਾਨ ਅਤੇ ਪਿਆਰ ਕਰਨ ਵਾਲੇ ਸਿਰਜਣਹਾਰ ਦੀ ਹੋਂਦ ਦਾ ਜ਼ਬਰਦਸਤ ਸਬੂਤ ਨਹੀਂ ਹੈ?

ਨਾਲੇ ਆਧੁਨਿਕ ਵਿਗਿਆਨ ਨੂੰ ਪਤਾ ਲੱਗਾ ਹੈ ਕਿ ਸਾਰੇ ਇਨਸਾਨ ਇੱਕੋ ਆਦਮੀ ਅਤੇ ਇੱਕੋ ਔਰਤ ਤੋਂ ਆਏ ਹਨ। ਕੀ ਇਨ੍ਹਾਂ ਸਾਰੀਆਂ ਗੱਲਾਂ ਨੂੰ ਜਾਣ ਕੇ ਹਾਲੇ ਵੀ ਤੁਹਾਨੂੰ ਉਤਪਤ ਦੀ ਕਿਤਾਬ ਵਿਚ ਲਿਖੀਆਂ ਗੱਲਾਂ ʼਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ?

3. ਚੰਗੇ-ਬੁਰੇ ਦੇ ਗਿਆਨ ਦਾ ਦਰਖ਼ਤ ਅਤੇ ਜੀਵਨ ਦਾ ਦਰਖ਼ਤ ਕਾਲਪਨਿਕ ਲੱਗਦੇ ਹਨ।

ਅਸਲ ਵਿਚ ਉਤਪਤ ਦੀ ਕਿਤਾਬ ਵਿਚ ਇਹ ਨਹੀਂ ਦੱਸਿਆ ਕਿ ਇਨ੍ਹਾਂ ਦਰਖ਼ਤਾਂ ਵਿਚ ਕੋਈ ਜਾਦੂਈ ਸ਼ਕਤੀ ਸੀ। ਇਸ ਦੀ ਬਜਾਇ, ਇਹ ਅਸਲੀ ਦਰਖ਼ਤ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਕ ਜ਼ਰੂਰੀ ਗੱਲ ਦਾ ਅਰਥ ਸਮਝਾਉਣ ਲਈ ਵਰਤਿਆ ਸੀ।

ਕੀ ਅੱਜ ਲੋਕ ਵੀ ਇਸੇ ਤਰ੍ਹਾਂ ਨਹੀਂ ਕਰਦੇ? ਮਿਸਾਲ ਲਈ, ਇਕ ਜੱਜ ਸ਼ਾਇਦ ਚੇਤਾਵਨੀ ਦੇਵੇ ਕਿ ਅਦਾਲਤ ਦਾ ਅਪਮਾਨ ਕਰਨਾ ਅਪਰਾਧ ਹੈ। ਜੱਜ ਦੇ ਕਹਿਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਅਦਾਲਤ ਦੇ ਮੇਜ਼, ਕੁਰਸੀਆਂ, ਪੱਖਿਆਂ ਅਤੇ ਕੰਧਾਂ ਦਾ ਅਪਮਾਨ ਨਾ ਕੀਤਾ ਜਾਵੇ, ਸਗੋਂ ਉਹ ਨਿਆਂ ਦੇ ਪ੍ਰਬੰਧ ਦੀ ਗੱਲ ਕਰ ਰਿਹਾ ਹੁੰਦਾ ਹੈ ਜੋ ਅਦਾਲਤ ਨੂੰ ਦਰਸਾਉਂਦਾ ਹੈ। ਕਈ ਰਾਜਿਆਂ ਨੇ ਵੀ ਰਾਜ-ਡੰਡੇ ਅਤੇ ਮੁਕਟ ਨੂੰ ਆਪਣੇ ਸ਼ਾਹੀ ਅਧਿਕਾਰ ਨੂੰ ਦਰਸਾਉਣ ਲਈ ਵਰਤਿਆ ਹੈ।

ਤਾਂ ਫਿਰ, ਦੋ ਦਰਖ਼ਤ ਕਿਸ ਨੂੰ ਦਰਸਾਉਂਦੇ ਹਨ? ਇਸ ਬਾਰੇ ਲੋਕ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਦੱਸਦੇ ਹਨ ਜੋ ਸਮਝ ਵਿਚ ਨਹੀਂ ਆਉਂਦੀਆਂ। ਬਾਈਬਲ ਇਸ ਦਾ ਸਿੱਧਾ-ਸਾਦਾ ਜਵਾਬ ਦਿੰਦੀ ਹੈ ਜੋ ਬਹੁਤ ਡੂੰਘਾ ਅਰਥ ਰੱਖਦਾ ਹੈ। ਚੰਗੇ-ਬੁਰੇ ਦੇ ਗਿਆਨ ਦੇ ਦਰਖ਼ਤ ਨੇ ਦਰਸਾਇਆ ਕਿ ਚੰਗੇ-ਬੁਰੇ ਦਾ ਫ਼ੈਸਲਾ ਕਰਨ ਦਾ ਅਧਿਕਾਰ ਸਿਰਫ਼ ਪਰਮੇਸ਼ੁਰ ਕੋਲ ਹੈ। (ਯਿਰਮਿਯਾਹ 10:23) ਇਸ ਲਈ ਉਸ ਦਰਖ਼ਤ ਦਾ ਫਲ ਖਾਣਾ ਇਕ ਅਪਰਾਧ ਸੀ! ਜੀਵਨ ਦੇ ਦਰਖ਼ਤ ਨੇ ਦਰਸਾਇਆ ਕਿ ਹਮੇਸ਼ਾ ਦੀ ਜ਼ਿੰਦਗੀ ਦਾ ਤੋਹਫ਼ਾ ਸਿਰਫ਼ ਪਰਮੇਸ਼ੁਰ ਹੀ ਦੇ ਸਕਦਾ ਸੀ।​—ਰੋਮੀਆਂ 6:23.

4. ਇਕ ਬੋਲਣ ਵਾਲਾ ਸੱਪ ਕਿਸੇ ਪਰੀ ਦੀ ਕਹਾਣੀ ਵਾਂਗ ਲੱਗਦਾ।

ਜੇ ਅਸੀਂ ਬਾਕੀ ਦੀ ਬਾਈਬਲ ਵਿਚ ਦੱਸੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ, ਤਾਂ ਉਤਪਤ ਦੀ ਕਿਤਾਬ ਵਿਚ ਸੱਪ ਬਾਰੇ ਦੱਸਿਆ ਬਿਰਤਾਂਤ ਸਾਨੂੰ ਉਲਝਣ ਵਿਚ ਪਾ ਸਕਦਾ ਹੈ। ਪਰ ਬਾਈਬਲ ਇਸ ਭੇਤ ਨੂੰ ਹੌਲੀ-ਹੌਲੀ ਜ਼ਾਹਰ ਕਰ ਦਿੰਦੀ ਹੈ।

ਸੱਪ ਕਿਸ ਦੀ ਮਦਦ ਨਾਲ ਬੋਲ ਰਿਹਾ ਸੀ? ਪੁਰਾਣੇ ਜ਼ਮਾਨੇ ਦੇ ਇਜ਼ਰਾਈਲੀ ਕੁਝ ਅਜਿਹੀਆਂ ਗੱਲਾਂ ਬਾਰੇ ਜਾਣਦੇ ਸਨ ਜਿਨ੍ਹਾਂ ਕਰਕੇ ਸੱਪ ਦੇ ਬੋਲਣ ਬਾਰੇ ਭੇਤ ਪਤਾ ਲੱਗ ਗਿਆ। ਮਿਸਾਲ ਲਈ, ਉਹ ਜਾਣਦੇ ਸਨ ਕਿ ਚਾਹੇ ਜਾਨਵਰ ਬੋਲ ਨਹੀਂ ਸਕਦੇ, ਪਰ ਦੂਤ ਉਨ੍ਹਾਂ ਰਾਹੀਂ ਬੋਲ ਸਕਦੇ ਸਨ ਜਿਸ ਤੋਂ ਇੱਦਾਂ ਲੱਗਦਾ ਸੀ ਜਿਵੇਂ ਜਾਨਵਰ ਬੋਲ ਰਹੇ ਹੋਣ। ਮੂਸਾ ਨੇ ਵੀ ਬਿਲਾਮ ਬਾਰੇ ਇਕ ਘਟਨਾ ਲਿਖੀ। ਪਰਮੇਸ਼ੁਰ ਨੇ ਆਪਣਾ ਇਕ ਦੂਤ ਭੇਜਿਆ ਸੀ ਜਿਸ ਨੇ ਬਿਲਾਮ ਦੀ ਗਧੀ ਤੋਂ ਆਦਮੀ ਵਾਂਗ ਗੱਲ ਕਰਵਾਈ।​—ਗਿਣਤੀ 22:26-31; 2 ਪਤਰਸ 2:15, 16.

ਕੀ ਦੁਸ਼ਟ ਦੂਤ ਜੋ ਪਰਮੇਸ਼ੁਰ ਦੇ ਦੁਸ਼ਮਣ ਹਨ, ਅਜਿਹੇ ਚਮਤਕਾਰ ਕਰ ਸਕਦੇ ਹਨ? ਮੂਸਾ ਨੇ ਮਿਸਰ ਦੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੂੰ ਪਰਮੇਸ਼ੁਰ ਦੇ ਕੁਝ ਚਮਤਕਾਰਾਂ ਦੀ ਨਕਲ ਕਰਦੇ ਹੋਏ ਦੇਖਿਆ ਸੀ, ਜਿਵੇਂ ਡੰਡੇ ਨੂੰ ਸੱਪ ਵਿਚ ਬਦਲਣਾ। ਉਨ੍ਹਾਂ ਨੂੰ ਇਹ ਚਮਤਕਾਰ ਕਰਨ ਦੀ ਸ਼ਕਤੀ ਪਰਮੇਸ਼ੁਰ ਦੇ ਦੁਸ਼ਮਣ ਦੂਤਾਂ ਤੋਂ ਹੀ ਮਿਲੀ ਹੋਣੀ।​—ਕੂਚ 7:8-12.

ਮੂਸਾ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਅੱਯੂਬ ਦੀ ਕਿਤਾਬ ਵੀ ਲਿਖੀ ਹੋਣੀ। ਇਸ ਕਿਤਾਬ ਤੋਂ ਪਰਮੇਸ਼ੁਰ ਦੇ ਸਭ ਤੋਂ ਵੱਡੇ ਦੁਸ਼ਮਣ ਸ਼ੈਤਾਨ ਬਾਰੇ ਕਾਫ਼ੀ ਕੁਝ ਪਤਾ ਲੱਗਦਾ ਹੈ ਜਿਸ ਨੇ ਝੂਠ ਬੋਲ ਕੇ ਯਹੋਵਾਹ ਦੇ ਸਾਰੇ ਸੇਵਕਾਂ ਦੀ ਵਫ਼ਾਦਾਰੀ ʼਤੇ ਸਵਾਲ ਖੜ੍ਹਾ ਕੀਤਾ। (ਅੱਯੂਬ 1:6-11; 2:4, 5) ਕੀ ਪੁਰਾਣੇ ਸਮੇਂ ਦੇ ਇਜ਼ਰਾਈਲੀ ਸਮਝ ਗਏ ਸਨ ਕਿ ਸ਼ੈਤਾਨ ਨੇ ਹੀ ਅਦਨ ਦੇ ਬਾਗ਼ ਵਿਚ ਸੱਪ ਨੂੰ ਜ਼ਰੀਆ ਬਣਾ ਕੇ ਹੱਵਾਹ ਨਾਲ ਗੱਲ ਕੀਤੀ ਸੀ ਅਤੇ ਧੋਖੇ ਨਾਲ ਉਸ ਤੋਂ ਪਰਮੇਸ਼ੁਰ ਨਾਲ ਬੇਵਫ਼ਾਈ ਕਰਾਈ ਸੀ? ਹਾਂਜੀ, ਇੱਦਾਂ ਹੀ ਲੱਗਦਾ ਹੈ।

ਤਾਂ ਫਿਰ, ਕੀ ਉਹ ਸ਼ੈਤਾਨ ਸੀ ਜਿਸ ਨੇ ਸੱਪ ਤੋਂ ਝੂਠ ਬੁਲਵਾਇਆ ਸੀ? ਬਾਅਦ ਵਿਚ ਯਿਸੂ ਨੇ ਸ਼ੈਤਾਨ ਨੂੰ “ਝੂਠਾ” ਅਤੇ “ਝੂਠ ਦਾ ਪਿਉ” ਕਿਹਾ ਸੀ। (ਯੂਹੰਨਾ 8:44) “ਝੂਠ ਦਾ ਪਿਉ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਸਭ ਤੋਂ ਪਹਿਲਾ ਝੂਠ ਬੋਲਣ ਵਾਲਾ ਉਹੀ ਸੀ। ਇਹ ਪਹਿਲਾ ਝੂਠ ਹੱਵਾਹ ਨੂੰ ਕਹੇ ਸੱਪ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ। ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਮਨ੍ਹਾ ਕੀਤੇ ਹੋਏ ਦਰਖ਼ਤ ਦਾ ਫਲ ਖਾਣਗੇ, ਤਾਂ ਉਹ ਮਰ ਜਾਣਗੇ। ਪਰ ਸੱਪ ਨੇ ਕਿਹਾ: “ਤੁਸੀਂ ਹਰਗਿਜ਼ ਨਹੀਂ ਮਰੋਗੇ।” (ਉਤਪਤ 3:4) ਇਹ ਗੱਲ ਸਾਫ਼ ਹੈ ਕਿ ਯਿਸੂ ਨੂੰ ਪਤਾ ਸੀ ਕਿ ਸ਼ੈਤਾਨ ਨੇ ਗੱਲ ਕਰਨ ਲਈ ਸੱਪ ਨੂੰ ਜ਼ਰੀਆ ਬਣਾਇਆ ਸੀ। ਇਸ ਲਈ ਯੂਹੰਨਾ ਰਸੂਲ ਨੂੰ ਦਿਖਾਏ ਦਰਸ਼ਣ ਵਿਚ ਯਿਸੂ ਨੇ ਸ਼ੈਤਾਨ ਨੂੰ ‘ਪੁਰਾਣਾ ਸੱਪ’ ਕਿਹਾ ਸੀ।​—ਪ੍ਰਕਾਸ਼ ਦੀ ਕਿਤਾਬ 1:1; 12:9.

ਕੀ ਹਾਲੇ ਵੀ ਇਹ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ ਕਿ ਇਕ ਸ਼ਕਤੀਸ਼ਾਲੀ ਦੂਤ ਨੇ ਸੱਪ ਨੂੰ ਜ਼ਰੀਆ ਬਣਾਇਆ ਜਿਸ ਕਰਕੇ ਲੱਗਾ ਕਿ ਸੱਪ ਬੋਲ ਰਿਹਾ ਸੀ? ਇਨਸਾਨ ਭਾਵੇਂ ਦੂਤਾਂ ਨਾਲੋਂ ਘੱਟ ਤਾਕਤਵਰ ਹਨ, ਪਰ ਉਹ ਵੀ ਆਪਣੇ ਹੁਨਰਾਂ ਨੂੰ ਵਰਤ ਕੇ ਫ਼ਿਲਮਾਂ ਜਾਂ ਟੀ. ਵੀ. ਪ੍ਰੋਗ੍ਰਾਮਾਂ ਵਗੈਰਾ ਵਿਚ ਬੇਜਾਨ ਚੀਜ਼ਾਂ ਵਿਚ ਜਾਨ ਪਾ ਦਿੰਦੇ ਹਨ। ਫਿਰ ਇੱਦਾਂ ਲੱਗਦਾ ਹੈ ਜਿਵੇਂ ਕਿ ਉਹ ਚੀਜ਼ਾਂ ਬੋਲ ਰਹੀਆਂ ਹੋਣ, ਜਿਵੇਂ ਕਠਪੁਤਲੀਆਂ ਜਾਂ ਕਾਰਟੂਨ।

ਸਭ ਤੋਂ ਵੱਡਾ ਠੋਸ ਸਬੂਤ

ਕੀ ਤੁਹਾਨੂੰ ਨਹੀਂ ਲੱਗਦਾ ਕਿ ਉਤਪਤ ਦੀ ਕਿਤਾਬ ਦੇ ਬਿਰਤਾਂਤ ʼਤੇ ਸ਼ੱਕ ਕਰਨ ਦਾ ਕੋਈ ਆਧਾਰ ਨਹੀਂ ਹੈ? ਦੂਜੇ ਪਾਸੇ, ਇਸ ਗੱਲ ਦੇ ਠੋਸ ਸਬੂਤ ਮੌਜੂਦ ਹਨ ਕਿ ਇਹ ਬਿਰਤਾਂਤ ਸੱਚਾ ਹੈ।

ਮਿਸਾਲ ਲਈ, ਯਿਸੂ ਨੂੰ “ਵਫ਼ਾਦਾਰ ਅਤੇ ਸੱਚਾ ਗਵਾਹ” ਕਿਹਾ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 3:14) ਇਕ ਮੁਕੰਮਲ ਇਨਸਾਨ ਦੇ ਤੌਰ ਤੇ ਉਸ ਨੇ ਕਦੇ ਝੂਠ ਨਹੀਂ ਬੋਲਿਆ ਅਤੇ ਨਾ ਹੀ ਕਦੇ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਇਸ ਤੋਂ ਇਲਾਵਾ, ਉਸ ਨੇ ਦੱਸਿਆ ਕਿ ਧਰਤੀ ʼਤੇ ਇਨਸਾਨ ਦੇ ਰੂਪ ਵਿਚ ਆਉਣ ਤੋਂ ਬਹੁਤ ਸਮਾਂ ਪਹਿਲਾਂ ਉਹ ਹੋਂਦ ਵਿਚ ਸੀ। ਉਹ “ਦੁਨੀਆਂ ਦੀ ਸ੍ਰਿਸ਼ਟੀ ਤੋਂ ਪਹਿਲਾਂ” ਆਪਣੇ ਪਿਤਾ ਯਹੋਵਾਹ ਨਾਲ ਸਵਰਗ ਵਿਚ ਰਹਿੰਦਾ ਸੀ। (ਯੂਹੰਨਾ 17:5) ਇਸ ਲਈ ਧਰਤੀ ʼਤੇ ਜੀਵਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਉਹ ਜੀਉਂਦਾ ਸੀ। ਸਭ ਤੋਂ ਭਰੋਸੇਯੋਗ ਗਵਾਹ ਯਿਸੂ ਨੇ ਕਿਹੜੀ ਗਵਾਹੀ ਦਿੱਤੀ?

ਯਿਸੂ ਨੇ ਦੱਸਿਆ ਕਿ ਆਦਮ ਤੇ ਹੱਵਾਹ ਸੱਚ-ਮੁੱਚ ਦੇ ਇਨਸਾਨ ਸਨ। ਜਦੋਂ ਉਹ ਵਿਆਹ ਬਾਰੇ ਯਹੋਵਾਹ ਦਾ ਮਿਆਰ ਸਮਝਾ ਰਿਹਾ ਸੀ, ਤਾਂ ਉਸ ਨੇ ਆਦਮ ਤੇ ਹੱਵਾਹ ਦੇ ਵਿਆਹ ਦੀ ਗੱਲ ਕੀਤੀ ਸੀ। (ਮੱਤੀ 19:3-6) ਜੇ ਆਦਮ ਤੇ ਹੱਵਾਹ ਅਤੇ ਉਹ ਬਾਗ਼ ਜਿਸ ਵਿਚ ਉਹ ਰਹਿੰਦੇ ਸਨ, ਸਿਰਫ਼ ਇਕ ਮਨਘੜਤ ਕਹਾਣੀ ਹੁੰਦੀ, ਫਿਰ ਜਾਂ ਤਾਂ ਯਿਸੂ ਨੂੰ ਧੋਖਾ ਦਿੱਤਾ ਗਿਆ ਸੀ ਜਾਂ ਉਹ ਝੂਠਾ ਸੀ। ਪਰ ਇੱਦਾਂ ਹੋ ਹੀ ਨਹੀਂ ਸਕਦਾ! ਯਿਸੂ ਨੇ ਸਵਰਗ ਵਿਚ ਹੁੰਦਿਆਂ ਆਪਣੀ ਅੱਖੀਂ ਦੇਖਿਆ ਸੀ ਕਿ ਅਦਨ ਦੇ ਬਾਗ਼ ਵਿਚ ਕੀ-ਕੀ ਹੋਇਆ ਸੀ। ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ?

ਅਸਲ ਵਿਚ, ਜੇ ਅਸੀਂ ਉਤਪਤ ਦੇ ਬਿਰਤਾਂਤ ʼਤੇ ਵਿਸ਼ਵਾਸ ਨਹੀਂ ਕਰਦੇ, ਤਾਂ ਅਸੀਂ ਯਿਸੂ ʼਤੇ ਵੀ ਨਿਹਚਾ ਨਹੀਂ ਕਰਦੇ। ਅਦਨ ਦੇ ਬਾਗ਼ ਦੇ ਬਿਰਤਾਂਤ ʼਤੇ ਵਿਸ਼ਵਾਸ ਨਾ ਕਰਨ ਕਰਕੇ ਅਸੀਂ ਬਾਈਬਲ ਦੇ ਖ਼ਾਸ ਵਿਸ਼ਿਆਂ ਅਤੇ ਸਭ ਤੋਂ ਭਰੋਸੇਯੋਗ ਵਾਅਦਿਆਂ ਨੂੰ ਨਹੀਂ ਸਮਝ ਸਕਾਂਗੇ। ਉਹ ਕਿਵੇਂ? ਆਓ ਦੇਖੀਏ।

[ਫੁਟਨੋਟ]

a ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ।

b ਇਹ ਵਿਚਾਰ ਬਾਈਬਲ ਮੁਤਾਬਕ ਸਹੀ ਨਹੀਂ ਹੈ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਦੇ ਸਾਰੇ ਕੰਮ ਖਰੇ ਹਨ। ਪਰ ਦੁਨੀਆਂ ਵਿਚ ਬੁਰਾਈ ਦਾ ਜ਼ਿੰਮੇਵਾਰ ਕੋਈ ਹੋਰ ਹੈ। (ਬਿਵਸਥਾ ਸਾਰ 32:4, 5) ਜਦੋਂ ਯਹੋਵਾਹ ਨੇ ਧਰਤੀ ਉੱਤੇ ਸਾਰਾ ਕੁਝ ਬਣਾ ਲਿਆ ਸੀ, ਤਾਂ ਉਸ ਨੇ ਕਿਹਾ ਸੀ ਕਿ “ਉਹ ਬਹੁਤ ਹੀ ਵਧੀਆ ਸੀ।”​—ਉਤਪਤ 1:31.

c ਪਰਮੇਸ਼ੁਰ ਦੁਆਰਾ ਲਿਆਂਦੀ ਜਲ-ਪਰਲੋ ਵਿਚ ਅਦਨ ਦੇ ਬਾਗ਼ ਦਾ ਨਾਮੋ-ਨਿਸ਼ਾਨ ਪੂਰੀ ਤਰ੍ਹਾਂ ਮਿਟ ਗਿਆ ਹੋਣਾ। ਹਿਜ਼ਕੀਏਲ 31:18 ਤੋਂ ਸੰਕੇਤ ਮਿਲਦਾ ਹੈ ਕਿ ਸੱਤਵੀਂ ਸਦੀ ਈ. ਪੂ. ਤੋਂ ਬਹੁਤ ਪਹਿਲਾਂ “ਅਦਨ ਦੇ ਦਰਖ਼ਤਾਂ” ਦੀ ਹੋਂਦ ਖ਼ਤਮ ਹੋ ਚੁੱਕੀ ਸੀ। ਇਸ ਲਈ ਉਸ ਤੋਂ ਬਾਅਦ ਅਦਨ ਦੇ ਬਾਗ਼ ਦੀ ਖੋਜ ਕਰਨ ਵਾਲੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ।

d ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਬਰੋਸ਼ਰ ਦੇਖੋ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

e ਦਿਲਚਸਪੀ ਦੀ ਗੱਲ ਹੈ ਕਿ ਅੱਜ ਵਿਗਿਆਨ ਨੇ ਖੋਜ ਕੀਤੀ ਹੈ ਕਿ ਪਸਲੀ ਵਿਚ ਆਪਣੇ ਆਪ ਠੀਕ ਹੋਣ ਦੀ ਲਾਜਵਾਬ ਕਾਬਲੀਅਤ ਹੈ। ਬਾਕੀ ਹੱਡੀਆਂ ਤੋਂ ਉਲਟ, ਜੇ ਪਸਲੀ ਦੇ ਟਿਸ਼ੂ ਦੀ ਝਿੱਲੀ ਸਹੀ-ਸਲਾਮਤ ਹੋਵੇ, ਤਾਂ ਪਸਲੀ ਦੁਬਾਰਾ ਵਧ ਸਕਦੀ ਹੈ।