ਘਰ-ਮਾਲਕ ਨਾਲ ਗੱਲਬਾਤ
ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?
ਹੇਠਾਂ ਦਿੱਤੀ ਗੱਲਬਾਤ ਸ਼ਾਇਦ ਯਹੋਵਾਹ ਦਾ ਗਵਾਹ ਪ੍ਰਚਾਰ ਦੌਰਾਨ ਕਿਸੇ ਨਾਲ ਕਰੇ। ਫ਼ਰਜ਼ ਕਰੋ ਕਿ ਮੋਨਿਕਾ ਨਾਂ ਦੀ ਗਵਾਹ ਸੋਨੀਆ ਦੇ ਘਰ ਆਈ ਹੈ।
ਰੱਬ ਨੂੰ ਸਾਡੇ ਦੁੱਖ ਦੇਖ ਕੇ ਕਿੱਦਾਂ ਲੱਗਦਾ ਹੈ?
ਮੋਨਿਕਾ: ਹੈਲੋ ਸੋਨੀਆ। ਕਿੱਦਾਂ ਤੁਸੀਂ?
ਸੋਨੀਆ: ਮੈਂ ਠੀਕ ਹਾਂ।
ਮੋਨਿਕਾ: ਪਿਛਲੀ ਵਾਰੀ ਜਦੋਂ ਮੈਂ ਆਈ ਸੀ, ਤਾਂ ਆਪਾਂ ਗੱਲ ਕੀਤੀ ਸੀ ਕਿ ਰੱਬ ਨੂੰ ਸਾਡੇ ਦੁੱਖ ਦੇਖ ਕੇ ਕਿੱਦਾਂ ਲੱਗਦਾ। a ਤੁਸੀਂ ਦੱਸਿਆ ਸੀ ਕਿ ਤੁਸੀਂ ਕਾਫ਼ੀ ਲੰਬੇ ਸਮੇਂ ਤੋਂ ਇਸ ਬਾਰੇ ਸੋਚ ਰਹੇ ਸੀ, ਖ਼ਾਸ ਕਰਕੇ ਜਦੋਂ ਕਾਰ ਹਾਦਸੇ ਵਿਚ ਤੁਹਾਡੇ ਮੰਮੀ ਦੇ ਸੱਟਾਂ ਲੱਗ ਗਈਆਂ ਸੀ। ਹੁਣ ਤੁਹਾਡੇ ਮੰਮੀ ਕਿੱਦਾਂ?
ਸੋਨੀਆ: ਉਹ ਕਦੇ ਠੀਕ ਰਹਿੰਦੇ ਤੇ ਕਦੇ ਨਹੀਂ। ਅੱਜ ਤਾਂ ਉਹ ਠੀਕ ਹਨ।
ਮੋਨਿਕਾ: ਵਧੀਆ ਗੱਲ ਹੈ। ਮੈਂ ਸਮਝ ਸਕਦੀ ਹਾਂ ਕਿ ਮੰਮੀ ਨੂੰ ਇਸ ਹਾਲਤ ਵਿਚ ਦੇਖਣਾ ਤੁਹਾਡੇ ਲਈ ਔਖਾ ਹੈ।
ਸੋਨੀਆ: ਹਾਂ, ਔਖਾ ਹੈ। ਕਦੇ-ਕਦੇ ਮੈਂ ਸੋਚਦੀ ਹਾਂ ਕਿ ਉਨ੍ਹਾਂ ਨੂੰ ਹੋਰ ਕਿੰਨਾ ਕੁ ਸਹਿਣਾ ਪੈਣਾ।
ਮੋਨਿਕਾ: ਹਾਂਜੀ, ਆਪਾਂ ਸਾਰੇ ਕਦੇ-ਕਦੇ ਇੱਦਾਂ ਸੋਚਦੇ ਹਾਂ। ਤੁਹਾਨੂੰ ਯਾਦ ਹੋਣਾ ਕਿ ਪਿਛਲੀ ਵਾਰੀ ਮੈਂ ਤੁਹਾਨੂੰ ਇਕ ਸਵਾਲ ਬਾਰੇ ਸੋਚਣ ਲਈ ਕਿਹਾ ਸੀ ਕਿ ਜੇ ਰੱਬ ਕੋਲ ਦੁੱਖ-ਤਕਲੀਫ਼ਾਂ ਖ਼ਤਮ ਕਰਨ ਦੀ ਤਾਕਤ ਹੈ, ਤਾਂ ਉਹ ਖ਼ਤਮ ਕਿਉਂ ਨਹੀਂ ਕਰਦਾ।
ਸੋਨੀਆ: ਹਾਂ, ਮੈਨੂੰ ਯਾਦ ਹੈ।
ਮੋਨਿਕਾ: ਇਸ ਦਾ ਜਵਾਬ ਆਪਾਂ ਬਾਈਬਲ ਤੋਂ ਲਵਾਂਗੇ। ਪਰ ਪਹਿਲਾਂ ਆਪਾਂ ਪਿਛਲੀ ਵਾਰ ਦੀਆਂ ਕੁਝ ਗੱਲਾਂ ਯਾਦ ਕਰਦੇ ਹਾਂ।
ਸੋਨੀਆ: ਠੀਕ ਹੈ।
ਮੋਨਿਕਾ: ਆਪਾਂ ਜਾਣਿਆ ਸੀ ਕਿ ਪੁਰਾਣੇ ਜ਼ਮਾਨੇ ਵਿਚ ਇਕ ਵਫ਼ਾਦਾਰ ਆਦਮੀ ਨੇ ਵੀ ਪੁੱਛਿਆ ਸੀ ਕਿ ਰੱਬ ਦੁੱਖ ਕਿਉਂ ਆਉਣ ਦਿੰਦਾ ਹੈ। ਪਰ ਰੱਬ ਨੇ ਉਸ ਨੂੰ ਇਹ ਸਵਾਲ ਪੁੱਛਣ ਕਰਕੇ ਕਦੇ ਵੀ ਝਿੜਕਿਆ ਨਹੀਂ ਤੇ ਨਾ ਹੀ ਕਿਹਾ ਕਿ ਉਸ ਵਿਚ ਨਿਹਚਾ ਦੀ ਘਾਟ ਹੈ।
ਸੋਨੀਆ: ਇਹ ਮੇਰੇ ਲਈ ਨਵੀਂ ਗੱਲ ਸੀ।
ਮੋਨਿਕਾ: ਅਸੀਂ ਇਹ ਵੀ ਜਾਣਿਆ ਸੀ ਕਿ ਯਹੋਵਾਹ ਪਰਮੇਸ਼ੁਰ ਸਾਨੂੰ ਦੁੱਖ ਸਹਿੰਦੇ ਹੋਏ ਨਹੀਂ ਦੇਖ ਸਕਦਾ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ ਜਦੋਂ ਉਸ ਦੇ ਲੋਕ ਦੁੱਖ ਝੱਲ ਰਹੇ ਸਨ, ਤਾਂ “ਉਹ ਵੀ ਦੁਖੀ ਹੋਇਆ।” b ਕੀ ਇਹ ਜਾਣ ਕੇ ਦਿਲਾਸਾ ਨਹੀਂ ਮਿਲਦਾ ਕਿ ਰੱਬ ਸਾਡੇ ਦੁੱਖਾਂ ਵਿਚ ਦੁਖੀ ਹੁੰਦਾ ਹੈ?
ਸੋਨੀਆ: ਹਾਂ, ਜ਼ਰੂਰ ਮਿਲਦਾ ਹੈ।
ਮੋਨਿਕਾ: ਅਖ਼ੀਰ ਵਿਚ ਆਪਾਂ ਗੱਲ ਕੀਤੀ ਸੀ ਕਿ ਸਾਡੇ ਸਿਰਜਣਹਾਰ ਕੋਲ ਬੇਅੰਤ ਤਾਕਤ ਹੈ। ਇਸ ਕਰਕੇ ਉਹ ਕਿਸੇ ਵੀ ਵੇਲੇ ਸਾਡੇ ਦੁੱਖਾਂ ਨੂੰ ਖ਼ਤਮ ਕਰ ਸਕਦਾ ਹੈ।
ਸੋਨੀਆ: ਇਹੀ ਗੱਲ ਮੈਨੂੰ ਸਮਝ ਨਹੀਂ ਲੱਗਦੀ। ਜੇ ਰੱਬ ਕੋਲ ਇੰਨੀ ਤਾਕਤ ਹੈ, ਤਾਂ ਫਿਰ ਉਹ ਸਾਡੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?
ਸੱਚ ਕੌਣ ਬੋਲ ਰਿਹਾ ਸੀ?
ਮੋਨਿਕਾ: ਇਸ ਸਵਾਲ ਦਾ ਜਵਾਬ ਲੈਣ ਲਈ ਅਸੀਂ ਬਾਈਬਲ ਦੀ ਪਹਿਲੀ ਕਿਤਾਬ ਉਤਪਤ ਖੋਲ੍ਹਦੇ ਆ। ਕੀ ਤੁਸੀਂ ਉਹ ਕਹਾਣੀ ਸੁਣੀ ਹੈ ਜਿਸ ਵਿਚ ਰੱਬ ਨੇ ਆਦਮ ਤੇ ਹੱਵਾਹ ਨੂੰ ਇਕ ਫਲ ਖਾਣ ਤੋਂ ਮਨ੍ਹਾ ਕੀਤਾ ਸੀ?
ਸੋਨੀਆ: ਹਾਂ, ਮੈਂ ਇਹ ਕਹਾਣੀ ਸੁਣੀ ਆ। ਰੱਬ ਨੇ ਕਿਹਾ ਸੀ ਕਿ ਇਕ ਖ਼ਾਸ ਦਰਖ਼ਤ ਦਾ ਫਲ ਨਹੀਂ ਖਾਣਾ, ਪਰ ਫਿਰ ਵੀ ਉਨ੍ਹਾਂ ਨੇ ਖਾ ਲਿਆ।
ਮੋਨਿਕਾ: ਸਹੀ ਕਿਹਾ। ਹੁਣ ਆਪਾਂ ਦੇਖਦੇ ਹਾਂ ਕਿ ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਪਹਿਲਾਂ ਕੀ ਹੋਇਆ ਸੀ। ਫਿਰ ਆਪਾਂ ਨੂੰ ਪਤਾ ਲੱਗਣਾ ਕਿ ਅਸੀਂ ਦੁੱਖ ਕਿਉਂ ਸਹਿੰਦੇ ਹਾਂ। ਕੀ ਤੁਸੀਂ ਉਤਪਤ 3 ਅਧਿਆਇ ਦੀਆਂ 1-5 ਆਇਤਾਂ ਪੜ੍ਹੋਗੇ?
ਸੋਨੀਆ: ਠੀਕ ਆ। “ਯਹੋਵਾਹ ਪਰਮੇਸ਼ੁਰ ਨੇ ਜਿੰਨੇ ਵੀ ਜੰਗਲੀ ਜਾਨਵਰ ਬਣਾਏ ਸਨ, ਸੱਪ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵੱਧ ਸਾਵਧਾਨ ਰਹਿਣ ਵਾਲਾ ਜਾਨਵਰ ਸੀ। ਇਸ ਲਈ ਉਸ ਨੇ ਔਰਤ ਨੂੰ ਪੁੱਛਿਆ: ‘ਕੀ ਪਰਮੇਸ਼ੁਰ ਨੇ ਸੱਚੀਂ ਕਿਹਾ ਹੈ ਕਿ ਤੁਸੀਂ ਬਾਗ਼ ਦੇ ਸਾਰੇ ਦਰਖ਼ਤਾਂ ਦੇ ਫਲ ਨਹੀਂ ਖਾ ਸਕਦੇ?’ ਇਹ ਸੁਣ ਕੇ ਔਰਤ ਨੇ ਸੱਪ ਨੂੰ ਕਿਹਾ: ‘ਅਸੀਂ ਬਾਗ਼ ਦੇ ਦਰਖ਼ਤਾਂ ਦੇ ਫਲ ਖਾ ਸਕਦੇ ਹਾਂ। ਪਰ ਜੋ ਦਰਖ਼ਤ ਬਾਗ਼ ਦੇ ਵਿਚਕਾਰ ਹੈ, ਉਸ ਦੇ ਫਲ ਬਾਰੇ ਪਰਮੇਸ਼ੁਰ ਨੇ ਕਿਹਾ ਹੈ: “ਤੁਸੀਂ ਉਸ ਦਾ ਫਲ ਹਰਗਿਜ਼ ਨਹੀਂ ਖਾਣਾ ਅਤੇ ਨਾ ਹੀ ਉਸ ਨੂੰ ਹੱਥ ਲਾਉਣਾ; ਨਹੀਂ ਤਾਂ, ਤੁਸੀਂ ਮਰ ਜਾਓਗੇ।” ’ ਇਹ ਸੁਣ ਕੇ ਸੱਪ ਨੇ ਔਰਤ ਨੂੰ ਕਿਹਾ: ‘ਤੁਸੀਂ ਹਰਗਿਜ਼ ਨਹੀਂ ਮਰੋਗੇ। ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਦਾ ਫਲ ਖਾਧਾ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਰਗੇ ਬਣ ਜਾਓਗੇ ਅਤੇ ਤੁਹਾਨੂੰ ਚੰਗੇ-ਬੁਰੇ ਦਾ ਗਿਆਨ ਹੋ ਜਾਵੇਗਾ।’ ”
ਮੋਨਿਕਾ: ਥੈਂਕਯੂ। ਹੁਣ ਜ਼ਰਾ ਇਨ੍ਹਾਂ ਆਇਤਾਂ ʼਤੇ ਗੌਰ ਕਰਦੇ ਹਾਂ। ਪਹਿਲਾਂ ਧਿਆਨ ਦਿਓ ਕਿ ਸੱਪ ਨੇ ਉਸ ਔਰਤ ਹੱਵਾਹ ਨਾਲ ਗੱਲ ਕੀਤੀ। ਬਾਈਬਲ ਦੀ ਇਕ ਹੋਰ ਆਇਤ ਵਿਚ ਦੱਸਿਆ ਆ ਕਿ ਉਹ ਅਸਲ ਵਿਚ ਸ਼ੈਤਾਨ ਸੀ ਜੋ ਉਸ ਔਰਤ ਨਾਲ ਸੱਪ ਰਾਹੀਂ ਗੱਲ ਕਰ ਰਿਹਾ ਸੀ। c ਸ਼ੈਤਾਨ ਨੇ ਹੱਵਾਹ ਨੂੰ ਪੁੱਛਿਆ ਕਿ ਰੱਬ ਨੇ ਉਸ ਦਰਖ਼ਤ ਬਾਰੇ ਕੀ ਹੁਕਮ ਦਿੱਤਾ ਹੈ। ਕੀ ਤੁਸੀਂ ਧਿਆਨ ਦਿੱਤਾ ਕਿ ਜੇ ਆਦਮ ਤੇ ਹੱਵਾਹ ਉਸ ਦਰਖ਼ਤ ਦਾ ਫਲ ਖਾਣਗੇ, ਤਾਂ ਰੱਬ ਨੇ ਉਨ੍ਹਾਂ ਨੂੰ ਕਿਹੜੀ ਸਜ਼ਾ ਦੇਣੀ ਸੀ?
ਸੋਨੀਆ: ਉਨ੍ਹਾਂ ਨੇ ਮਰ ਜਾਣਾ ਸੀ।
ਮੋਨਿਕਾ: ਬਿਲਕੁਲ ਸਹੀ। ਫਿਰ ਸ਼ੈਤਾਨ ਨੇ ਰੱਬ ʼਤੇ ਇਕ ਵੱਡਾ ਇਲਜ਼ਾਮ ਲਾਇਆ। ਧਿਆਨ ਦਿਓ ਕਿ ਉਸ ਨੇ ਕੀ ਕਿਹਾ: “ਤੁਸੀਂ ਹਰਗਿਜ਼ ਨਹੀਂ ਮਰੋਗੇ।” ਇਸ ਤਰ੍ਹਾਂ ਕਹਿ ਕੇ ਸ਼ੈਤਾਨ ਰੱਬ ਨੂੰ ਝੂਠਾ ਕਹਿ ਰਿਹਾ ਸੀ!
ਸੋਨੀਆ: ਮੈਨੂੰ ਕਹਾਣੀ ਦੀ ਇਹ ਗੱਲ ਨਹੀਂ ਪਤਾ ਸੀ।
ਮੋਨਿਕਾ: ਨਾਲੇ ਜਦੋਂ ਸ਼ੈਤਾਨ ਨੇ ਰੱਬ ਨੂੰ ਝੂਠਾ ਕਿਹਾ, ਤਾਂ ਉਸ ਨੇ ਇਕ ਇੱਦਾਂ ਦਾ ਮਸਲਾ ਖੜ੍ਹਾ ਕੀਤਾ ਜਿਸ ਨੂੰ ਸੁਲਝਾਉਣ ਵਿਚ ਸਮਾਂ ਲੱਗਣਾ ਸੀ। ਤੁਹਾਨੂੰ ਪਤਾ ਕਿਉਂ?
ਸੋਨੀਆ: ਅਅ . . . ਮੈਨੂੰ ਪਤਾ ਨਹੀਂ।
ਮੋਨਿਕਾ: ਕੋਈ ਗੱਲ ਨਹੀਂ। ਆਪਾਂ ਇਸ ਗੱਲ ਨੂੰ ਸਮਝਣ ਲਈ ਇਕ ਮਿਸਾਲ ਲੈਂਦੇ ਹਾਂ। ਮੰਨ ਲਓ ਕਿ ਮੈਂ ਇਕ ਦਿਨ ਤੁਹਾਡੇ ਕੋਲ ਆਉਂਦੀ ਆ ਤੇ ਦਾਅਵਾ ਕਰਦੀ ਆ ਕਿ ਮੈਂ ਤੁਹਾਡੇ ਨਾਲੋਂ ਜ਼ਿਆਦਾ ਤਾਕਤਵਰ ਆ। ਤੁਸੀਂ ਮੈਨੂੰ ਗ਼ਲਤ ਕਿੱਦਾਂ ਸਾਬਤ ਕਰੋਗੇ?
ਸੋਨੀਆ: ਸ਼ਾਇਦ ਆਪਾਂ ਮੁਕਾਬਲਾ ਕਰ ਕੇ ਦੇਖਾਂਗੇ।
ਮੋਨਿਕਾ: ਹਾਂ, ਬਿਲਕੁਲ। ਸ਼ਾਇਦ ਆਪਾਂ ਕੋਈ ਭਾਰੀ ਚੀਜ਼ ਲਵਾਂਗੇ ਤੇ ਦੇਖਾਂਗੇ ਕਿ ਸਾਡੇ ਦੋਨਾਂ ਵਿੱਚੋਂ ਕੌਣ ਉਸ ਨੂੰ ਚੁੱਕ ਸਕਦਾ। ਇਸ ਤੋਂ ਪਤਾ ਲੱਗ ਜਾਣਾ ਕਿ ਕੌਣ ਜ਼ਿਆਦਾ ਤਾਕਤਵਰ ਹੈ।
ਸੋਨੀਆ: ਹਾਂ, ਮੈਨੂੰ ਤੁਹਾਡੀ ਗੱਲ ਸਮਝ ਆ ਰਹੀ ਆ।
ਮੋਨਿਕਾ: ਪਰ ਜੇ ਮੈਂ ਇਹ ਕਹਿਣ ਦੀ ਬਜਾਇ ਕਿ ਕੌਣ ਤਾਕਤਵਰ ਹੈ, ਇਹ ਦਾਅਵਾ ਕਰਦੀ ਹਾਂ ਕਿ ਤੁਸੀਂ ਬੇਈਮਾਨ ਹੋ, ਫੇਰ? ਇਹ ਸਾਬਤ ਕਰਨਾ ਥੋੜ੍ਹਾ ਔਖਾ ਆ, ਹੈਨਾ?
ਸੋਨੀਆ: ਹਾਂ, ਮੈਨੂੰ ਵੀ ਇੱਦਾਂ ਹੀ ਲੱਗਦਾ।
ਮੋਨਿਕਾ: ਕਿਉਂਕਿ ਈਮਾਨਦਾਰੀ ਤਾਕਤ ਵਾਂਗ ਨਹੀਂ ਹੈ ਜੋ ਆਪਾਂ ਬੱਸ ਇਕ ਮੁਕਾਬਲਾ ਕਰ ਕੇ ਪਤਾ ਕਰ ਸਕਦੇ ਹਾਂ।
ਸੋਨੀਆ: ਹਾਂ।
ਮੋਨਿਕਾ: ਅਸਲ ਵਿਚ, ਈਮਾਨਦਾਰੀ ਸਾਬਤ ਕਰਨ ਲਈ ਕਾਫ਼ੀ ਸਮਾਂ ਚਾਹੀਦਾ ਤਾਂਕਿ ਦੂਸਰੇ ਦੇਖ ਸਕਣ ਕਿ ਕੌਣ ਸੱਚ-ਮੁੱਚ ਈਮਾਨਦਾਰ ਹੈ।
ਸੋਨੀਆ: ਇੱਦਾਂ ਸਹੀ ਆ।
ਮੋਨਿਕਾ: ਹੁਣ ਉਤਪਤ ਦੀ ਕਿਤਾਬ ਦੇ ਬਿਰਤਾਂਤ ʼਤੇ ਦੁਬਾਰਾ ਗੌਰ ਕਰੋ। ਕੀ ਸ਼ੈਤਾਨ ਨੇ ਕਿਹਾ ਕਿ ਉਹ ਰੱਬ ਤੋਂ ਜ਼ਿਆਦਾ ਤਾਕਤਵਰ ਹੈ?
ਸੋਨੀਆ: ਨਹੀਂ।
ਮੋਨਿਕਾ: ਰੱਬ ਨੇ ਉਸ ਨੂੰ ਉਸੇ ਵੇਲੇ ਗ਼ਲਤ ਸਾਬਤ ਕਰ ਦੇਣਾ ਸੀ। ਇਸ ਦੀ ਬਜਾਇ, ਸ਼ੈਤਾਨ ਨੇ ਦਾਅਵਾ ਕੀਤਾ ਕਿ ਉਹ ਰੱਬ ਨਾਲੋਂ ਜ਼ਿਆਦਾ ਈਮਾਨਦਾਰ ਹੈ। ਅਸਲ ਵਿਚ ਉਹ ਹੱਵਾਹ ਨੂੰ ਕਹਿ ਰਿਹਾ ਸੀ ਕਿ ‘ਰੱਬ ਤੈਨੂੰ ਝੂਠ ਬੋਲ ਰਿਹਾ ਹੈ, ਪਰ ਮੈਂ ਤੈਨੂੰ ਸੱਚ ਦੱਸ ਰਿਹਾ ਹਾਂ।’
ਸੋਨੀਆ: ਅੱਛਾ!
ਮੋਨਿਕਾ: ਰੱਬ ਬੁੱਧੀਮਾਨ ਹੈ। ਉਸ ਨੂੰ ਪਤਾ ਸੀ ਕਿ ਇਸ ਮਸਲੇ ਨੂੰ ਹੱਲ ਕਰਨ ਦਾ ਇੱਕੋ-ਇਕ ਤਰੀਕਾ ਹੈ ਕਿ ਕੁਝ ਸਮਾਂ ਬੀਤਣ ਦਿੱਤਾ ਜਾਵੇ। ਹੌਲੀ-ਹੌਲੀ ਇਹ ਗੱਲ ਸਾਰਿਆਂ ਸਾਮ੍ਹਣੇ ਆ ਜਾਣੀ ਸੀ ਕਿ ਕੌਣ ਸੱਚ ਬੋਲ ਰਿਹਾ ਸੀ ਅਤੇ ਕੌਣ ਝੂਠ।
ਇਕ ਅਹਿਮ ਮੁੱਦਾ
ਸੋਨੀਆ: ਪਰ ਜਦੋਂ ਹੱਵਾਹ ਮਰ ਗਈ, ਤਾਂ ਕੀ ਇਹ ਸਾਬਤ ਨਹੀਂ ਹੋਇਆ ਕਿ ਰੱਬ ਸੱਚ ਕਹਿ ਰਿਹਾ ਸੀ?
ਮੋਨਿਕਾ: ਹਾਂਜੀ। ਪਰ ਸ਼ੈਤਾਨ ਨੇ ਰੱਬ ਨੂੰ ਜਿਹੜੀ ਚੁਣੌਤੀ ਦਿੱਤੀ ਸੀ, ਉਸ ਵਿਚ ਇਕ ਹੋਰ ਗੱਲ ਸ਼ਾਮਲ ਸੀ। 5ਵੀਂ ਆਇਤ ਦੁਬਾਰਾ ਦੇਖੋ। ਕੀ ਤੁਸੀਂ ਧਿਆਨ ਦਿੱਤਾ ਕਿ ਸ਼ੈਤਾਨ ਨੇ ਹੱਵਾਹ ਨੂੰ ਹੋਰ ਕੀ ਕਿਹਾ?
ਸੋਨੀਆ: ਉਸ ਨੇ ਕਿਹਾ ਕਿ ਜੇ ਉਹ ਫਲ ਖਾ ਲਵੇ, ਤਾਂ ਉਸ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ।
ਮੋਨਿਕਾ: ਹਾਂ ਤੇ ਉਹ ‘ਪਰਮੇਸ਼ੁਰ ਵਰਗੀ ਬਣ ਜਾਵੇਗੀ ਅਤੇ ਉਸ ਨੂੰ ਚੰਗੇ-ਬੁਰੇ ਦਾ ਗਿਆਨ ਹੋ ਜਾਵੇਗਾ।’ ਇਸ ਤਰ੍ਹਾਂ ਸ਼ੈਤਾਨ ਨੇ ਦਾਅਵਾ ਕੀਤਾ ਕਿ ਰੱਬ ਇਨਸਾਨਾਂ ਕੋਲੋਂ ਕੁਝ ਲੁਕੋ ਰਿਹਾ ਹੈ।
ਸੋਨੀਆ: ਅੱਛਾ।
ਮੋਨਿਕਾ: ਇਹ ਵੀ ਇਕ ਬਹੁਤ ਵੱਡੀ ਚੁਣੌਤੀ ਸੀ।
ਸੋਨੀਆ: ਕੀ ਮਤਲਬ?
ਮੋਨਿਕਾ: ਸ਼ੈਤਾਨ ਦੇ ਕਹਿਣ ਦਾ ਮਤਲਬ ਸੀ ਕਿ ਹੱਵਾਹ ਅਤੇ ਸਾਰੇ ਇਨਸਾਨ ਰੱਬ ਦੇ ਰਾਜ ਤੋਂ ਬਿਨਾਂ ਜ਼ਿਆਦਾ ਖ਼ੁਸ਼ ਰਹਿਣਗੇ। ਯਹੋਵਾਹ ਨੂੰ ਪਤਾ ਸੀ ਕਿ ਇਸ ਮਾਮਲੇ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੋਵੇਗਾ ਕਿ ਸ਼ੈਤਾਨ ਨੂੰ ਆਪਣੀ ਗੱਲ ਸਾਬਤ ਕਰਨ ਦਾ ਮੌਕਾ ਦਿੱਤਾ ਜਾਵੇ। ਇਸ ਕਰਕੇ ਰੱਬ ਨੇ ਸ਼ੈਤਾਨ ਨੂੰ ਕੁਝ ਸਮੇਂ ਲਈ ਇਸ ਦੁਨੀਆਂ ʼਤੇ ਰਾਜ ਕਰਨ ਦਿੱਤਾ ਹੈ। ਇਸੇ ਕਰਕੇ ਅਸੀਂ ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਦੇਖਦੇ ਹਾਂ। ਇਹ ਦੁੱਖ-ਤਕਲੀਫ਼ਾਂ ਰੱਬ ਕਰਕੇ ਨਹੀਂ, ਸਗੋਂ ਸ਼ੈਤਾਨ ਕਰਕੇ ਆਉਂਦੀਆਂ ਹਨ ਜੋ ਇਸ ਦੁਨੀਆਂ ਦਾ ਹਾਕਮ ਹੈ। d ਪਰ ਇਕ ਖ਼ੁਸ਼ੀ ਦੀ ਖ਼ਬਰ ਵੀ ਹੈ।
ਸੋਨੀਆ: ਉਹ ਕਿਹੜੀ?
ਮੋਨਿਕਾ: ਬਾਈਬਲ ਦੋ ਬਹੁਤ ਵਧੀਆ ਸੱਚਾਈਆਂ ਦੱਸਦੀ ਹੈ। ਪਹਿਲੀ, ਜਦੋਂ ਅਸੀਂ ਦੁੱਖ ਸਹਿੰਦੇ ਹਾਂ, ਤਾਂ ਯਹੋਵਾਹ ਸਾਡੇ ਦੁੱਖ ਸਮਝਦਾ ਹੈ। ਮਿਸਾਲ ਲਈ, ਜ਼ਬੂਰ 31:7 ਵਿਚ ਲਿਖੇ ਰਾਜਾ ਦਾਊਦ ਦੇ ਸ਼ਬਦਾਂ ʼਤੇ ਗੌਰ ਕਰੋ। ਦਾਊਦ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਦੁੱਖ ਦੇਖੇ। ਪਰ ਧਿਆਨ ਦਿਓ ਕਿ ਉਸ ਨੇ ਰੱਬ ਨੂੰ ਪ੍ਰਾਰਥਨਾ ਵਿਚ ਕੀ ਕਿਹਾ। ਤੁਸੀਂ ਇਹ ਆਇਤ ਪੜ੍ਹੋਗੇ?
ਸੋਨੀਆ: ਠੀਕ ਆ। ਇੱਥੇ ਲਿਖਿਆ: “ਮੈਂ ਤੇਰੇ ਅਟੱਲ ਪਿਆਰ ਕਰਕੇ ਖ਼ੁਸ਼ੀਆਂ ਮਨਾਵਾਂਗਾ ਕਿਉਂਕਿ ਤੂੰ ਮੇਰਾ ਦੁੱਖ ਦੇਖਿਆ ਹੈ; ਤੂੰ ਮੇਰੇ ਦਿਲ ਦਾ ਦਰਦ ਸਮਝਦਾ ਹੈਂ।”
ਮੋਨਿਕਾ: ਭਾਵੇਂ ਦਾਊਦ ਨੇ ਬਹੁਤ ਦੁੱਖ ਝੱਲੇ, ਪਰ ਉਸ ਨੂੰ ਇਹ ਜਾਣ ਕੇ ਦਿਲਾਸਾ ਮਿਲਿਆ ਕਿ ਯਹੋਵਾਹ ਨੇ ਉਸ ਦੇ ਸਾਰੇ ਦੁੱਖ ਦੇਖੇ। ਕੀ ਤੁਹਾਨੂੰ ਇਹ ਜਾਣ ਕੇ ਦਿਲਾਸਾ ਨਹੀਂ ਮਿਲਦਾ ਕਿ ਯਹੋਵਾਹ ਨੂੰ ਸਾਰਾ ਕੁਝ ਪਤਾ ਹੈ ਤੇ ਉਹ ਸਾਡੇ ਦਰਦ ਨੂੰ ਵੀ ਸਮਝਦਾ ਹੈ ਜੋ ਦੂਸਰੇ ਇਨਸਾਨ ਨਹੀਂ ਸਮਝ ਸਕਦੇ?
ਸੋਨੀਆ: ਹਾਂ, ਸੱਚੀਂ।
ਮੋਨਿਕਾ: ਦੂਜੀ ਸੱਚਾਈ ਇਹ ਆ ਕਿ ਰੱਬ ਸਾਡੇ ʼਤੇ ਹਮੇਸ਼ਾ ਦੁੱਖ ਨਹੀਂ ਆਉਣ ਦੇਵੇਗਾ। ਬਾਈਬਲ ਸਿਖਾਉਂਦੀ ਹੈ ਕਿ ਉਹ ਜਲਦੀ ਹੀ ਸ਼ੈਤਾਨ ਦੀ ਭੈੜੀ ਹਕੂਮਤ ਦਾ ਨਾਸ਼ ਕਰ ਦੇਵੇਗਾ। ਨਾਲੇ ਉਹ ਸਾਰੇ ਦੁੱਖ ਖ਼ਤਮ ਕਰ ਦੇਵੇਗਾ, ਉਹ ਦੁੱਖ ਵੀ ਜੋ ਤੁਸੀਂ ਤੇ ਤੁਹਾਡੀ ਮੰਮੀ ਨੇ ਝੱਲੇ ਹਨ। ਕੀ ਮੈਂ ਅਗਲੇ ਹਫ਼ਤੇ ਦੁਬਾਰਾ ਆ ਕੇ ਤੁਹਾਨੂੰ ਦੱਸ ਸਕਦੀ ਆ ਕਿ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਰੱਬ ਜਲਦੀ ਹੀ ਸਾਰੀਆਂ ਦੁੱਖ-ਤਕਲੀਫ਼ਾਂ ਖ਼ਤਮ ਕਰੇਗਾ? e
ਸੋਨੀਆ: ਹਾਂਜੀ, ਆ ਜਾਇਓ।
ਕੀ ਤੁਸੀਂ ਬਾਈਬਲ ਦੇ ਕਿਸੇ ਵਿਸ਼ੇ ਬਾਰੇ ਜਾਣਨਾ ਚਾਹੁੰਦੇ ਹੋ? ਕੀ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਜਾਣਨਾ ਚਾਹੁੰਦੇ ਹੋ? ਜੇ ਹਾਂ, ਤਾਂ ਯਹੋਵਾਹ ਦੇ ਕਿਸੇ ਗਵਾਹ ਨਾਲ ਗੱਲ ਕਰੋ। ਉਹ ਤੁਹਾਡੇ ਨਾਲ ਇਸ ਬਾਰੇ ਗੱਲ ਕਰਨ ਲਈ ਤਿਆਰ ਹੋਵੇਗਾ।
a ਸਤੰਬਰ-ਅਕਤੂਬਰ 2013 ਦੇ ਪਹਿਰਾਬੁਰਜ ਵਿਚ “ਘਰ-ਮਾਲਕ ਨਾਲ ਗੱਲਬਾਤ—ਕੀ ਰੱਬ ਸਾਡੀ ਪਰਵਾਹ ਕਰਦਾ ਹੈ?” ਨਾਂ ਦਾ ਲੇਖ ਦੇਖੋ। ਤੁਸੀਂ ਇਸ ਨੂੰ www.pr418.com/pa ʼਤੇ ਵੀ ਪੜ੍ਹ ਸਕਦੇ ਹੋ।
b ਯਸਾਯਾਹ 63:9 ਦੇਖੋ।
c ਪ੍ਰਕਾਸ਼ ਦੀ ਕਿਤਾਬ 12:9 ਦੇਖੋ।
d ਯੂਹੰਨਾ 12:31; 1 ਯੂਹੰਨਾ 5:19 ਦੇਖੋ।
e ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਨੌਵਾਂ ਅਧਿਆਇ ਦੇਖੋ। ਤੁਸੀਂ ਇਹ ਕਿਤਾਬ www.pr418.com/pa ʼਤੇ ਵੀ ਪੜ੍ਹ ਸਕਦੇ ਹੋ।