Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਇਕ ਔਰਤ ਨੂੰ ਰੱਬ ਵਿਚ ਕੋਈ ਦਿਲਚਸਪੀ ਨਹੀਂ ਸੀ ਅਤੇ ਉਸ ਕੋਲ ਚੰਗੀ-ਖ਼ਾਸੀ ਨੌਕਰੀ ਸੀ। ਉਸ ਨੂੰ ਜੀਉਣ ਦਾ ਮਕਸਦ ਕਿਵੇਂ ਮਿਲਿਆ? ਇਕ ਕੈਥੋਲਿਕ ਆਦਮੀ ਨੂੰ ਮੌਤ ਬਾਰੇ ਅਜਿਹੀ ਕਿਹੜੀ ਗੱਲ ਪਤਾ ਲੱਗੀ ਜਿਸ ਕਰਕੇ ਉਸ ਦੀ ਜ਼ਿੰਦਗੀ ਬਦਲ ਗਈ? ਇਕ ਆਦਮੀ ਆਪਣੀ ਜ਼ਿੰਦਗੀ ਤੋਂ ਨਿਰਾਸ਼ ਸੀ। ਉਸ ਨੇ ਰੱਬ ਬਾਰੇ ਅਜਿਹਾ ਕੀ ਜਾਣਿਆ ਜਿਸ ਕਰਕੇ ਉਹ ਰੱਬ ਦੀ ਭਗਤੀ ਕਰਨ ਲੱਗ ਪਿਆ? ਆਓ ਇਨ੍ਹਾਂ ਦੀ ਕਹਾਣੀ ਇਨ੍ਹਾਂ ਦੀ ਜ਼ਬਾਨੀ ਸੁਣੀਏ।

“ਸਾਲਾਂ ਤਕ ਮੈਂ ਸੋਚਦੀ ਰਹੀ ‘ਸਾਨੂੰ ਕਿਉਂ ਬਣਾਇਆ ਗਿਆ ਹੈ?’”​—ਰੋਜ਼ਲਿੰਡ ਜੌਨ

  • ਜਨਮ: 1963

  • ਦੇਸ਼: ਬ੍ਰਿਟੇਨ

  • ਅਤੀਤ: ਵਧੀਆ ਕੈਰੀਅਰ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਜਨਮ ਦੱਖਣੀ ਲੰਡਨ ਦੇ ਕ੍ਰੋਏਡਨ ਨਾਂ ਦੇ ਇਲਾਕੇ ਵਿਚ ਹੋਇਆ। ਅਸੀਂ ਨੌਂ ਭੈਣ-ਭਰਾ ਸੀ ਅਤੇ ਮੈਂ ਛੇਵੇਂ ਨੰਬਰ ʼਤੇ ਸੀ। ਮੇਰੇ ਮਾਪੇ ਕੈਰੀਬੀਅਨ ਟਾਪੂ ਸੇਂਟ ਵਿਨਸੈਂਟ ਤੋਂ ਸਨ। ਮੇਰੇ ਮੰਮੀ ਮੈਥੋਡਿਸਟ ਚਰਚ ਜਾਂਦੇ ਸਨ। ਭਾਵੇਂ ਕਿ ਮੈਨੂੰ ਨਵੀਆਂ-ਨਵੀਆਂ ਗੱਲਾਂ ਬਾਰੇ ਜਾਣਨਾ ਬਹੁਤ ਵਧੀਆ ਲੱਗਦਾ ਸੀ, ਪਰ ਮੈਨੂੰ ਰੱਬ ਬਾਰੇ ਜਾਣਨ ਵਿਚ ਕੋਈ ਦਿਲਚਸਪੀ ਨਹੀਂ ਸੀ। ਮੈਂ ਅਕਸਰ ਸਕੂਲ ਦੀਆਂ ਛੁੱਟੀਆਂ ਦੌਰਾਨ ਨੇੜੇ ਦੀ ਇਕ ਝੀਲ ʼਤੇ ਜਾਂਦੀ ਸੀ ਅਤੇ ਉੱਥੇ ਲਾਇਬ੍ਰੇਰੀ ਤੋਂ ਲਿਆਂਦੀਆਂ ਕਈ ਕਿਤਾਬਾਂ ਪੜ੍ਹਦੀ ਸੀ।

ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਕੁਝ ਸਾਲਾਂ ਬਾਅਦ ਮੈਂ ਸੋਚਿਆ ਕਿ ਮੈਨੂੰ ਕਮਜ਼ੋਰ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਫਿਰ ਮੈਂ ਬੇਘਰ, ਅਪਾਹਜ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੂੰ ਪੜ੍ਹਨ-ਲਿਖਣ ਵਿਚ ਮੁਸ਼ਕਲ ਆਉਂਦੀ ਸੀ। ਇਸ ਤੋਂ ਬਾਅਦ ਮੈਂ ਯੂਨੀਵਰਸਿਟੀ ਵਿਚ ਮੈਡੀਕਲ ਸਾਇੰਸ ਦਾ ਇਕ ਕੋਰਸ ਕਰਨ ਲੱਗ ਪਈ। ਗ੍ਰੈਜੂਏਸ਼ਨ ਤੋਂ ਬਾਅਦ ਮੈਂ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੀ ਗਈ ਅਤੇ ਮੈਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਲੱਗੀ। ਮੈਂ ਮੈਨੇਜਮੈਂਟ ਸਲਾਹਕਾਰ ਅਤੇ ਸਮਾਜਕ ਰਵੱਈਏ ਦੀ ਖੋਜਕਾਰ ਵਜੋਂ ਕੰਮ ਕਰਨ ਲੱਗ ਪਈ। ਮੈਂ ਕਿਸੇ ਲਈ ਨੌਕਰੀ ਨਹੀਂ ਕਰਦੀ ਸੀ, ਸਗੋਂ ਇਹ ਕੰਮ ਮੈਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਕਰ ਸਕਦੀ ਸੀ। ਇਹ ਕੰਮ ਕਰਨ ਲਈ ਮੈਨੂੰ ਬੱਸ ਇਕ ਲੈਪਟਾਪ ਅਤੇ ਇੰਟਰਨੈੱਟ ਦੀ ਲੋੜ ਸੀ। ਕਦੇ-ਕਦੇ ਮੈਂ ਕੁਝ ਹਫ਼ਤਿਆਂ ਲਈ ਵਿਦੇਸ਼ ਚਲੀ ਜਾਂਦੀ ਸੀ। ਉੱਥੇ ਮੈਂ ਆਪਣੇ ਮਨਪਸੰਦ ਹੋਟਲ ਵਿਚ ਰਹਿੰਦੀ ਸੀ, ਅਲੱਗ-ਅਲੱਗ ਥਾਵਾਂ ਦੇਖਣ ਜਾਂਦੀ ਸੀ ਅਤੇ ਫਿਟ ਰਹਿਣ ਲਈ ਹੋਟਲ ਵਿਚ ਸਪਾ ਤੇ ਜਿਮ ਜਾਂਦੀ ਸੀ। ਮੈਨੂੰ ਲੱਗਦਾ ਸੀ ਕਿ ਇਹੀ ਜ਼ਿੰਦਗੀ ਹੈ। ਪਰ ਮੈਂ ਕਦੇ ਵੀ ਕਮਜ਼ੋਰ ਤੇ ਬੇਸਹਾਰਾ ਲੋਕਾਂ ਦੀ ਪਰਵਾਹ ਕਰਨੀ ਨਹੀਂ ਛੱਡੀ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:

ਸਾਲਾਂ ਤਕ ਮੈਂ ਸੋਚਦੀ ਰਹੀ, ‘ਸਾਨੂੰ ਕਿਉਂ ਬਣਾਇਆ ਗਿਆ ਹੈ ਅਤੇ ਜ਼ਿੰਦਗੀ ਦਾ ਕੀ ਮਕਸਦ ਹੈ?’ ਪਰ ਮੈਂ ਕਦੀ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। 1999 ਵਿਚ ਇਕ ਦਿਨ ਮੇਰੀ ਛੋਟੀ ਭੈਣ ਮਾਰਗਰਟ, ਜੋ ਯਹੋਵਾਹ ਦੀ ਗਵਾਹ ਸੀ, ਆਪਣੀ ਇਕ ਸਹੇਲੀ ਨਾਲ ਮੈਨੂੰ ਮਿਲਣ ਆਈ। ਉਹ ਵੀ ਯਹੋਵਾਹ ਦੀ ਗਵਾਹ ਸੀ ਅਤੇ ਉਸ ਨੇ ਬੜੇ ਪਿਆਰ ਨਾਲ ਮੇਰੇ ਨਾਲ ਗੱਲ ਕੀਤੀ। ਫਿਰ ਪਤਾ ਨਹੀਂ ਕਿਉਂ ਮੈਂ ਉਸ ਨਾਲ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਈ। ਪਰ ਕੰਮ-ਕਾਰ ਵਿਚ ਬਿਜ਼ੀ ਰਹਿਣ ਕਰਕੇ ਮੈਂ ਸੱਚਾਈ ਵਿਚ ਬਹੁਤ ਹੌਲੀ-ਹੌਲੀ ਤਰੱਕੀ ਕਰ ਰਹੀ ਸੀ।

2002 ਦੀਆਂ ਗਰਮੀਆਂ ਵਿਚ ਮੈਂ ਦੱਖਣ-ਪੱਛਮੀ ਇੰਗਲੈਂਡ ਵਿਚ ਜਾ ਕੇ ਰਹਿਣ ਲੱਗ ਪਈ। ਪੀ. ਐੱਚ. ਡੀ. ਦੀ ਡਿਗਰੀ ਹਾਸਲ ਕਰਨ ਲਈ ਉੱਥੇ ਮੈਂ ਇਕ ਯੂਨੀਵਰਸਿਟੀ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਛੋਟੇ ਮੁੰਡੇ ਨਾਲ ਬਾਕਾਇਦਾ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਣ ਲੱਗ ਪਈ। ਮੈਨੂੰ ਉੱਚ-ਸਿੱਖਿਆ ਲੈ ਕੇ ਖ਼ੁਸ਼ੀ ਹੋ ਰਹੀ ਸੀ, ਪਰ ਇਸ ਤੋਂ ਕਿਤੇ ਜ਼ਿਆਦਾ ਖ਼ੁਸ਼ੀ ਮੈਨੂੰ ਬਾਈਬਲ ਦੀ ਸਿੱਖਿਆ ਲੈ ਕੇ ਹੋ ਰਹੀ ਸੀ ਕਿਉਂਕਿ ਬਾਈਬਲ ਤੋਂ ਮੈਨੂੰ ਪਤਾ ਲੱਗਾ ਕਿ ਜ਼ਿੰਦਗੀ ਵਿਚ ਇੰਨੀਆਂ ਮੁਸ਼ਕਲਾਂ ਕਿਉਂ ਆਉਂਦੀਆਂ ਹਨ ਅਤੇ ਇਨ੍ਹਾਂ ਦਾ ਹੱਲ ਕੀ ਹੈ। ਮੈਨੂੰ ਅਹਿਸਾਸ ਹੋਇਆ ਕਿ ਮੱਤੀ 6:24 ਵਿਚ ਦੱਸੀ ਗੱਲ ਕਿੰਨੀ ਸੱਚ ਹੈ ਕਿ ਅਸੀਂ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ। ਮੈਂ ਜਾਂ ਤਾਂ ਰੱਬ ਨੂੰ ਚੁਣ ਸਕਦੀ ਸੀ ਜਾਂ ਧਨ-ਦੌਲਤ ਨੂੰ। ਮੈਨੂੰ ਫ਼ੈਸਲਾ ਕਰਨਾ ਪੈਣਾ ਸੀ ਕਿ ਮੈਂ ਜ਼ਿੰਦਗੀ ਵਿਚ ਕਿਹੜੀ ਚੀਜ਼ ਨੂੰ ਪਹਿਲੀ ਥਾਂ ʼਤੇ ਰੱਖਾਂਗੀ।

ਇਸ ਤੋਂ ਇਕ ਸਾਲ ਪਹਿਲਾਂ ਮੈਂ ਯਹੋਵਾਹ ਦੇ ਗਵਾਹਾਂ ਦੀ ਇਕ ਸਭਾ ਵਿਚ ਜਾਂਦੀ ਹੁੰਦੀ ਸੀ ਜਿੱਥੇ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) a ਕਿਤਾਬ ਤੋਂ ਅਧਿਐਨ ਕੀਤਾ ਜਾਂਦਾ ਸੀ। ਇਹ ਸਭਾ ਉਦੋਂ ਘਰਾਂ ਵਿਚ ਰੱਖੀ ਜਾਂਦੀ ਸੀ। ਮੈਨੂੰ ਪੱਕਾ ਯਕੀਨ ਹੋ ਗਿਆ ਕਿ ਇਨਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਿਰਫ਼ ਸਾਡੇ ਸਿਰਜਣਹਾਰ ਯਹੋਵਾਹ ਕੋਲ ਹੀ ਹੈ। ਪਰ ਯੂਨੀਵਰਸਿਟੀ ਵਿਚ ਮੈਨੂੰ ਸਿਖਾਇਆ ਜਾ ਰਿਹਾ ਸੀ ਕਿ ਜ਼ਿੰਦਗੀ ਦਾ ਮਕਸਦ ਜਾਣਨ ਲਈ ਮੈਨੂੰ ਰੱਬ ʼਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ। ਇਹ ਗੱਲ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗੀ। ਇਸ ਲਈ ਦੋ ਮਹੀਨਿਆਂ ਬਾਅਦ ਹੀ ਮੈਂ ਯੂਨੀਵਰਸਿਟੀ ਛੱਡ ਦਿੱਤੀ ਅਤੇ ਫ਼ੈਸਲਾ ਕੀਤਾ ਕਿ ਹੁਣ ਮੈਂ ਜ਼ਿਆਦਾਤਰ ਸਮਾਂ ਰੱਬ ਨਾਲ ਰਿਸ਼ਤਾ ਜੋੜਨ ਵਿਚ ਲਾਵਾਂਗੀ।

ਬਾਈਬਲ ਦੀ ਜਿਸ ਆਇਤ ਨੇ ਮੈਨੂੰ ਆਪਣੀ ਜ਼ਿੰਦਗੀ ਬਦਲਣ ਲਈ ਪ੍ਰੇਰਿਆ, ਉਹ ਹੈ ਕਹਾਉਤਾਂ 3:5, 6 ਜਿੱਥੇ ਲਿਖਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ʼਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ। ਆਪਣੇ ਸਾਰੇ ਰਾਹਾਂ ਵਿਚ ਉਸ ਨੂੰ ਧਿਆਨ ਵਿਚ ਰੱਖ ਅਤੇ ਉਹ ਤੇਰੇ ਰਾਹਾਂ ਨੂੰ ਸਿੱਧਾ ਕਰੇਗਾ।” ਜਿੰਨੀ ਖ਼ੁਸ਼ੀ ਮੈਨੂੰ ਰੱਬ ਬਾਰੇ ਸਿੱਖ ਕੇ ਮਿਲੀ, ਉੱਨੀ ਧਨ-ਦੌਲਤ ਜਾਂ ਕੋਈ ਡਿਗਰੀ ਹਾਸਲ ਕਰ ਕੇ ਨਹੀਂ ਮਿਲ ਸਕਦੀ ਸੀ। ਜਿੱਦਾਂ-ਜਿੱਦਾਂ ਮੈਂ ਸਿੱਖਿਆ ਕਿ ਧਰਤੀ ਲਈ ਯਹੋਵਾਹ ਦਾ ਕੀ ਮਕਸਦ ਹੈ ਅਤੇ ਯਿਸੂ ਦੀ ਕੁਰਬਾਨੀ ਸਾਡੇ ਲਈ ਕੀ ਮਾਅਨੇ ਰੱਖਦੀ ਹੈ, ਉੱਦਾਂ-ਉੱਦਾਂ ਸਿਰਜਣਹਾਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦੀ ਮੇਰੀ ਇੱਛਾ ਵਧਦੀ ਗਈ। ਅਪ੍ਰੈਲ 2003 ਵਿਚ ਮੈਂ ਬਪਤਿਸਮਾ ਲੈ ਲਿਆ। ਇਸ ਤੋਂ ਬਾਅਦ ਮੈਂ ਹੌਲੀ-ਹੌਲੀ ਸਾਦੀ ਜ਼ਿੰਦਗੀ ਜੀਉਣੀ ਸ਼ੁਰੂ ਕਰ ਦਿੱਤੀ।

ਅੱਜ ਮੇਰੀ ਜ਼ਿੰਦਗੀ:

ਮੈਂ ਯਹੋਵਾਹ ਨਾਲ ਆਪਣੀ ਦੋਸਤੀ ਨੂੰ ਬਹੁਤ ਅਨਮੋਲ ਸਮਝਦੀ ਹਾਂ। ਉਸ ਨੂੰ ਜਾਣ ਕੇ ਮੈਨੂੰ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲੀ ਹੈ। ਮੈਂ ਉਨ੍ਹਾਂ ਲੋਕਾਂ ਨਾਲ ਦੋਸਤੀ ਕਰ ਕੇ ਵੀ ਬਹੁਤ ਖ਼ੁਸ਼ ਹਾਂ ਜਿਹੜੇ ਰੱਬ ਨਾਲ ਪਿਆਰ ਕਰਦੇ ਹਨ।

ਮੇਰੇ ਅੰਦਰ ਗਿਆਨ ਦੀ ਜੋ ਭੁੱਖ ਹੈ, ਉਹ ਬਾਈਬਲ ਪੜ੍ਹ ਕੇ ਅਤੇ ਸਭਾਵਾਂ ਵਿਚ ਜਾ ਕੇ ਮਿਟਦੀ ਹੈ। ਮੈਨੂੰ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸ ਕੇ ਖ਼ੁਸ਼ੀ ਮਿਲਦੀ ਹੈ। ਹੁਣ ਇਹੀ ਮੇਰਾ ਕੈਰੀਅਰ ਹੈ ਕਿ ਮੈਂ ਲੋਕਾਂ ਦੀ ਮਦਦ ਕਰਾਂ ਤਾਂਕਿ ਉਹ ਹੁਣ ਵੀ ਵਧੀਆ ਜ਼ਿੰਦਗੀ ਜੀ ਸਕਣ ਅਤੇ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਵੀ ਜੀਉਣ ਦੀ ਸ਼ਾਨਦਾਰ ਉਮੀਦ ਮਿਲੇ। ਜੂਨ 2008 ਤੋਂ ਮੈਂ ਪੂਰੇ ਸਮੇਂ ਦੀ ਸੇਵਾ ਕਰ ਰਹੀ ਹਾਂ। ਮੈਂ ਅੱਜ ਜਿੰਨੀ ਖ਼ੁਸ਼ ਤੇ ਸੰਤੁਸ਼ਟ ਹਾਂ, ਉੱਨੀ ਮੈਂ ਪਹਿਲਾਂ ਕਦੇ ਵੀ ਨਹੀਂ ਸੀ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਜ਼ਿੰਦਗੀ ਦਾ ਅਸਲੀ ਮਕਸਦ ਕੀ ਹੈ ਅਤੇ ਇਸ ਲਈ ਮੈਂ ਯਹੋਵਾਹ ਦੀ ਸੱਚੀਂ ਬਹੁਤ ਸ਼ੁਕਰਗੁਜ਼ਾਰ ਹਾਂ।

“ਮੇਰੇ ਦੋਸਤ ਦੀ ਮੌਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ।”​—ਰੋਮਨ ਆਏਰਨਸਬਰਗ

  • ਜਨਮ: 1973

  • ਦੇਸ਼: ਆਸਟ੍ਰੀਆ

  • ਅਤੀਤ: ਜੁਆਰੀ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਜਨਮ ਆਸਟ੍ਰੀਆ ਦੇ ਇਕ ਛੋਟੇ ਕਸਬੇ ਬ੍ਰੋਨੋ ਵਿਚ ਹੋਇਆ। ਇਸ ਇਲਾਕੇ ਵਿਚ ਜ਼ਿਆਦਾਤਰ ਲੋਕ ਅਮੀਰ ਸਨ ਅਤੇ ਇੱਥੇ ਅਪਰਾਧ ਵੀ ਘੱਟ ਹੀ ਹੁੰਦੇ ਸਨ। ਮੇਰਾ ਪਰਿਵਾਰ ਕੈਥੋਲਿਕ ਸੀ ਅਤੇ ਮੈਨੂੰ ਛੋਟੇ ਹੁੰਦਿਆਂ ਤੋਂ ਇਸ ਧਰਮ ਦੀ ਸਿੱਖਿਆ ਮਿਲੀ ਸੀ।

ਬਚਪਨ ਵਿਚ ਇਕ ਘਟਨਾ ਦਾ ਮੇਰੇ ʼਤੇ ਗਹਿਰਾ ਅਸਰ ਹੋਇਆ। ਮੈਨੂੰ ਯਾਦ ਹੈ ਕਿ 1984 ਵਿਚ ਜਦੋਂ ਮੈਂ 11 ਕੁ ਸਾਲਾਂ ਦਾ ਸੀ, ਤਾਂ ਇਕ ਦਿਨ ਮੈਂ ਆਪਣੇ ਇਕ ਕਰੀਬੀ ਦੋਸਤ ਨਾਲ ਫੁਟਬਾਲ ਖੇਡ ਰਿਹਾ ਸੀ। ਉਸੇ ਦੁਪਹਿਰ ਇਕ ਐਕਸੀਡੈਂਟ ਵਿਚ ਉਸ ਦੀ ਮੌਤ ਹੋ ਗਈ। ਮੇਰੇ ਦੋਸਤ ਦੀ ਮੌਤ ਨੇ ਮੈਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਉਸ ਐਕਸੀਡੈਂਟ ਤੋਂ ਸਾਲਾਂ ਬਾਅਦ ਵੀ ਮੈਂ ਸੋਚਦਾ ਰਿਹਾ ਕਿ ਮਰਨ ਤੋਂ ਬਾਅਦ ਇਨਸਾਨਾਂ ਦਾ ਕੀ ਹੁੰਦਾ ਹੈ।

ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਬਿਜਲੀ ਦਾ ਕੰਮ ਕਰਨ ਲੱਗ ਪਿਆ। ਭਾਵੇਂ ਮੈਨੂੰ ਜੂਆ ਖੇਡਣ ਦੀ ਆਦਤ ਪੈ ਗਈ ਸੀ ਤੇ ਮੈਂ ਬਹੁਤ ਸਾਰਾ ਪੈਸਾ ਦਾਅ ʼਤੇ ਲਾਉਂਦਾ ਹੁੰਦਾ ਸੀ, ਫਿਰ ਵੀ ਮੈਨੂੰ ਕਦੇ ਪੈਸੇ ਦੀ ਤੰਗੀ ਨਹੀਂ ਹੋਈ। ਮੈਂ ਬਹੁਤ ਸਾਰਾ ਸਮਾਂ ਖੇਡਾਂ ਖੇਡਣ ਵਿਚ ਲਾਉਂਦਾ ਸੀ ਅਤੇ ਮੈਂ ਹਿੰਸਕ ਸੰਗੀਤ ਦਾ ਦੀਵਾਨਾ ਹੋ ਗਿਆ ਸੀ। ਡਿਸਕੋ ਜਾਣਾ ਅਤੇ ਪਾਰਟੀਆਂ ਕਰਨੀਆਂ ਹੀ ਮੇਰੀ ਜ਼ਿੰਦਗੀ ਬਣ ਗਈ ਸੀ। ਮੈਂ ਮੌਜ-ਮਸਤੀ ਕਰਦਾ ਸੀ ਤੇ ਅਨੈਤਿਕ ਜ਼ਿੰਦਗੀ ਜੀਉਂਦਾ ਸੀ, ਪਰ ਫਿਰ ਵੀ ਜ਼ਿੰਦਗੀ ਖਾਲੀ-ਖਾਲੀ ਲੱਗਦੀ ਸੀ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:

1995 ਵਿਚ ਇਕ ਸਿਆਣੀ ਉਮਰ ਦੇ ਗਵਾਹ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਮੈਨੂੰ ਇਕ ਕਿਤਾਬ ਦਿਖਾਈ ਜਿਸ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਸੀ, ‘ਮਰਨ ਤੋਂ ਬਾਅਦ ਕੀ ਹੁੰਦਾ ਹੈ?’ ਆਪਣੇ ਦੋਸਤ ਦੀ ਮੌਤ ਦਾ ਗਮ ਅਜੇ ਵੀ ਮੈਨੂੰ ਸਤਾ ਰਿਹਾ ਸੀ, ਇਸ ਲਈ ਮੈਂ ਉਹ ਕਿਤਾਬ ਲੈ ਲਈ। ਪਰ ਮੈਂ ਨਾ ਸਿਰਫ਼ ਉਹ ਅਧਿਆਇ ਪੜ੍ਹਿਆ ਜਿਸ ਵਿਚ ਮੌਤ ਬਾਰੇ ਦੱਸਿਆ ਗਿਆ ਸੀ, ਸਗੋਂ ਸਾਰੀ ਕਿਤਾਬ ਪੜ੍ਹ ਲਈ!

ਉਹ ਕਿਤਾਬ ਪੜ੍ਹ ਕੇ ਮੈਨੂੰ ਮੌਤ ਬਾਰੇ ਆਪਣੇ ਸਵਾਲਾਂ ਦੇ ਜਵਾਬ ਮਿਲ ਗਏ। ਪਰ ਮੈਨੂੰ ਹੋਰ ਵੀ ਬਹੁਤ ਕੁਝ ਪਤਾ ਲੱਗਾ। ਕੈਥੋਲਿਕ ਪਰਿਵਾਰ ਤੋਂ ਹੋਣ ਕਰਕੇ ਮੈਂ ਬੱਸ ਯਿਸੂ ʼਤੇ ਵਿਸ਼ਵਾਸ ਕਰਦਾ ਸੀ। ਪਰ ਧਿਆਨ ਨਾਲ ਬਾਈਬਲ ਦਾ ਅਧਿਐਨ ਕਰ ਕੇ ਮੈਂ ਯਿਸੂ ਦੇ ਪਿਤਾ ਯਹੋਵਾਹ ਪਰਮੇਸ਼ੁਰ ਨਾਲ ਗੂੜ੍ਹੀ ਦੋਸਤੀ ਕਰ ਸਕਿਆ। ਮੈਨੂੰ ਇਹ ਜਾਣ ਕੇ ਬਹੁਤ ਚੰਗਾ ਲੱਗਾ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ। (ਮੱਤੀ 7:7-11) ਮੈਂ ਸਿੱਖਿਆ ਕਿ ਯਹੋਵਾਹ ਵਿਚ ਭਾਵਨਾਵਾਂ ਹਨ। ਮੈਂ ਇਹ ਵੀ ਸਿੱਖਿਆ ਕਿ ਉਹ ਜੋ ਵੀ ਕਹਿੰਦਾ ਹੈ, ਉਸ ਨੂੰ ਹਮੇਸ਼ਾ ਪੂਰਾ ਕਰਦਾ ਹੈ। ਇਸ ਕਰਕੇ ਮੈਂ ਬਾਈਬਲ ਦੀਆਂ ਭਵਿੱਖਬਾਣੀਆਂ ਬਾਰੇ ਜਾਣਨ ਵਿਚ ਗਹਿਰੀ ਦਿਲਚਸਪੀ ਲੈਣ ਲੱਗਾ ਅਤੇ ਜਾਂਚ ਕਰਨ ਲੱਗਾ ਕਿ ਇਹ ਕਿਵੇਂ ਪੂਰੀਆਂ ਹੋਈਆਂ। ਇੱਦਾਂ ਰੱਬ ʼਤੇ ਮੇਰਾ ਵਿਸ਼ਵਾਸ ਹੋਰ ਪੱਕਾ ਹੋਇਆ।

ਜਲਦੀ ਹੀ ਮੈਨੂੰ ਪਤਾ ਲੱਗ ਗਿਆ ਕਿ ਬਾਈਬਲ ਨੂੰ ਸਮਝਣ ਵਿਚ ਸਿਰਫ਼ ਯਹੋਵਾਹ ਦੇ ਗਵਾਹ ਹੀ ਸੱਚੇ ਦਿਲੋਂ ਲੋਕਾਂ ਦੀ ਮਦਦ ਕਰਦੇ ਹਨ। ਮੈਂ ਗਵਾਹਾਂ ਦੇ ਪ੍ਰਕਾਸ਼ਨਾਂ ਵਿਚ ਦਿੱਤੀਆਂ ਆਇਤਾਂ ਨੂੰ ਆਪਣੀ ਕੈਥੋਲਿਕ ਬਾਈਬਲ ਵਿੱਚੋਂ ਖੋਲ੍ਹ ਕੇ ਦੇਖਿਆ। ਮੈਂ ਜਿੰਨੀ ਜ਼ਿਆਦਾ ਜਾਂਚ ਕੀਤੀ, ਉੱਨਾ ਹੀ ਮੈਨੂੰ ਯਕੀਨ ਹੁੰਦਾ ਗਿਆ ਕਿ ਮੈਨੂੰ ਸੱਚਾਈ ਮਿਲ ਗਈ ਹੈ।

ਬਾਈਬਲ ਦਾ ਅਧਿਐਨ ਕਰ ਕੇ ਮੈਂ ਜਾਣ ਗਿਆ ਕਿ ਯਹੋਵਾਹ ਚਾਹੁੰਦਾ ਹੈ ਕਿ ਮੈਂ ਉਸ ਦੇ ਮਿਆਰਾਂ ਮੁਤਾਬਕ ਜੀਵਾਂ। ਅਫ਼ਸੀਆਂ 4:22-24 ਪੜ੍ਹ ਕੇ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਆਪਣੇ “ਪੁਰਾਣੇ ਸੁਭਾਅ” ਨੂੰ ਛੱਡਣਾ ਪੈਣਾ ਜੋ ਮੇਰੇ “ਪੁਰਾਣੇ ਚਾਲ-ਚਲਣ ਮੁਤਾਬਕ” ਸੀ ਅਤੇ ਮੈਨੂੰ ‘ਨਵੇਂ ਸੁਭਾਅ ਨੂੰ ਪਹਿਨਣ’ ਦੀ ਲੋੜ ਸੀ “ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ।” ਇਸ ਲਈ ਮੈਂ ਅਨੈਤਿਕ ਜ਼ਿੰਦਗੀ ਜੀਉਣੀ ਛੱਡ ਦਿੱਤੀ। ਮੈਨੂੰ ਜੂਆ ਵੀ ਛੱਡਣ ਦੀ ਲੋੜ ਸੀ ਕਿਉਂਕਿ ਇਹ ਲੋਕਾਂ ਨੂੰ ਲਾਲਚੀ ਬਣਾਉਂਦਾ ਹੈ ਅਤੇ ਉਨ੍ਹਾਂ ਵਿਚ ਪੈਸੇ ਲਈ ਪਿਆਰ ਪੈਦਾ ਕਰਦਾ ਹੈ। (1 ਕੁਰਿੰਥੀਆਂ 6:9, 10) ਇਹ ਤਬਦੀਲੀਆਂ ਕਰਨ ਲਈ ਮੈਨੂੰ ਆਪਣੇ ਪੁਰਾਣੇ ਦੋਸਤਾਂ ਨਾਲ ਮਿਲਣਾ-ਗਿਲਣਾ ਵੀ ਛੱਡਣਾ ਪੈਣਾ ਸੀ ਅਤੇ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨ ਦੀ ਲੋੜ ਸੀ ਜੋ ਰੱਬ ਦੇ ਮਿਆਰਾਂ ʼਤੇ ਚੱਲਦੇ ਸਨ।

ਇਹ ਬਦਲਾਅ ਕਰਨੇ ਸੌਖੇ ਨਹੀਂ ਸਨ। ਪਰ ਮੈਂ ਗਵਾਹਾਂ ਦੀਆਂ ਮੀਟਿੰਗਾਂ ʼਤੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਮੰਡਲੀ ਵਿਚ ਨਵੇਂ ਦੋਸਤ ਬਣਾਉਣੇ ਸ਼ੁਰੂ ਕਰ ਦਿੱਤੇ। ਨਾਲੇ ਮੈਂ ਧਿਆਨ ਨਾਲ ਖ਼ੁਦ ਵੀ ਬਾਈਬਲ ਦਾ ਅਧਿਐਨ ਕਰਦਾ ਰਿਹਾ। ਮੈਂ ਹਿੰਸਕ ਗਾਣੇ ਸੁਣਨੇ ਛੱਡ ਦਿੱਤੇ, ਆਪਣੇ ਟੀਚੇ ਬਦਲੇ ਅਤੇ ਆਪਣਾ ਪਹਿਰਾਵਾ ਵੀ ਸੁਧਾਰ ਲਿਆ। 1995 ਵਿਚ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ।

ਅੱਜ ਮੇਰੀ ਜ਼ਿੰਦਗੀ:

ਹੁਣ ਮੈਂ ਪੈਸੇ ਤੇ ਚੀਜ਼ਾਂ ਬਾਰੇ ਸਹੀ ਨਜ਼ਰੀਆ ਰੱਖਦਾ ਹਾਂ। ਪਹਿਲਾਂ ਮੈਂ ਗੁੱਸੇਖ਼ੋਰ ਹੁੰਦਾ ਸੀ, ਪਰ ਹੁਣ ਮੈਂ ਗੁੱਸਾ ਕਾਬੂ ਕਰਨਾ ਸਿੱਖ ਲਿਆ ਹੈ। ਹੁਣ ਮੈਂ ਕੱਲ੍ਹ ਦੀ ਵੀ ਜ਼ਿਆਦਾ ਚਿੰਤਾ ਨਹੀਂ ਕਰਦਾ।

ਮੈਨੂੰ ਦੁਨੀਆਂ ਭਰ ਦੇ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨੀ ਬਹੁਤ ਚੰਗੀ ਲੱਗਦੀ ਹੈ। ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਦੇਖਿਆ ਹੈ ਜੋ ਮੁਸ਼ਕਲਾਂ ਦੇ ਬਾਵਜੂਦ ਵੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਮੈਂ ਬਹੁਤ ਖ਼ੁਸ਼ ਹਾਂ ਕਿ ਹੁਣ ਮੈਂ ਆਪਣਾ ਸਮਾਂ ਤੇ ਤਾਕਤ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਨਹੀਂ, ਸਗੋਂ ਯਹੋਵਾਹ ਦੀ ਭਗਤੀ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਵਿਚ ਲਾਉਂਦਾ ਹਾਂ।

“ਅਖ਼ੀਰ, ਹੁਣ ਮੇਰੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੈ।”​—ਈਆਨ ਕਿੰਗ

  • ਜਨਮ: 1963

  • ਦੇਸ਼: ਇੰਗਲੈਂਡ

  • ਅਤੀਤ: ਜ਼ਿੰਦਗੀ ਤੋਂ ਨਿਰਾਸ਼

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਜਨਮ ਇੰਗਲੈਂਡ ਵਿਚ ਹੋਇਆ। ਪਰ ਜਦੋਂ ਮੈਂ ਸੱਤ ਸਾਲਾਂ ਦਾ ਸੀ, ਤਾਂ ਸਾਡਾ ਪਰਿਵਾਰ ਆਸਟ੍ਰੇਲੀਆ ਚਲਾ ਗਿਆ। ਅਸੀਂ ਕੁਈਨਜ਼ਲੈਂਡ ਰਾਜ ਦੇ ਗੋਲਡ ਕੋਸਟ ਵਿਚ ਰਹਿਣ ਲੱਗ ਪਏ ਜਿੱਥੇ ਲੋਕ ਛੁੱਟੀਆਂ ਮਨਾਉਣ ਆਉਂਦੇ ਸਨ। ਮੇਰਾ ਪਰਿਵਾਰ ਅਮੀਰ ਤਾਂ ਨਹੀਂ ਸੀ, ਪਰ ਸਾਨੂੰ ਕਿਸੇ ਚੀਜ਼ ਦੀ ਕਮੀ ਵੀ ਨਹੀਂ ਸੀ।

ਚਾਹੇ ਮੇਰੇ ਪਰਿਵਾਰ ਨੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ, ਪਰ ਮੈਂ ਅੰਦਰੋਂ ਖ਼ੁਸ਼ ਨਹੀਂ ਸੀ। ਮੈਂ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਸੀ। ਮੇਰੇ ਡੈਡੀ ਬਹੁਤ ਸ਼ਰਾਬ ਪੀਂਦੇ ਸੀ ਤੇ ਮੰਮੀ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦੇ ਸਨ। ਇਸ ਕਰਕੇ ਡੈਡੀ ਨਾਲ ਮੇਰਾ ਇੰਨਾ ਪਿਆਰ ਨਹੀਂ ਸੀ। ਪਰ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਡੈਡੀ ਇੱਦਾਂ ਦੇ ਕਿਉਂ ਸਨ। ਜਦੋਂ ਉਹ ਮਲਾਇਆ (ਮਲੇਸ਼ੀਆ) ਵਿਚ ਫ਼ੌਜੀ ਸਨ, ਤਾਂ ਉਨ੍ਹਾਂ ਨੇ ਬਹੁਤ ਕੁਝ ਬੁਰਾ ਦੇਖਿਆ ਸੀ ਜਿਸ ਕਰਕੇ ਉਨ੍ਹਾਂ ਦਾ ਸੁਭਾਅ ਅਜਿਹਾ ਸੀ।

ਸਕੂਲ ਵਿਚ ਪੜ੍ਹਦਿਆਂ ਮੈਂ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। 16 ਸਾਲਾਂ ਦੀ ਉਮਰ ਵਿਚ ਮੈਂ ਸਕੂਲ ਛੱਡ ਦਿੱਤਾ ਅਤੇ ਜਲ-ਸੈਨਾ ਵਿਚ ਭਰਤੀ ਹੋ ਗਿਆ। ਮੈਂ ਤਰ੍ਹਾਂ-ਤਰ੍ਹਾਂ ਦੇ ਨਸ਼ੇ ਕਰਨ ਲੱਗ ਪਿਆ ਅਤੇ ਮੈਨੂੰ ਸਿਗਰਟ ਪੀਣ ਦੀ ਲਤ ਲੱਗ ਗਈ। ਨਾਲੇ ਹੁਣ ਮੈਂ ਸ਼ਰਾਬ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ। ਪਹਿਲਾਂ ਤਾਂ ਮੈਂ ਬੱਸ ਸ਼ਨੀਵਾਰ-ਐਤਵਾਰ ਨੂੰ ਸ਼ਰਾਬ ਪੀਂਦਾ ਸੀ, ਪਰ ਹੁਣ ਮੈਂ ਹਰ ਰੋਜ਼ ਪੀਣ ਲੱਗ ਪਿਆ।

20 ਕੁ ਸਾਲਾਂ ਦੀ ਉਮਰ ਵਿਚ ਮੈਂ ਰੱਬ ਦੀ ਹੋਂਦ ʼਤੇ ਸ਼ੱਕ ਕਰਨ ਲੱਗਾ। ਮੈਂ ਸੋਚਦਾ ਸੀ, ‘ਜੇ ਰੱਬ ਹੈ, ਤਾਂ ਉਹ ਲੋਕਾਂ ਨੂੰ ਦੁੱਖ ਝੱਲਣ ਤੇ ਮਰਨ ਕਿਉਂ ਦਿੰਦਾ ਹੈ?’ ਮੈਂ ਇਕ ਕਵਿਤਾ ਵੀ ਲਿਖੀ ਜਿਸ ਵਿਚ ਮੈਂ ਦੁਨੀਆਂ ਦੀ ਸਾਰੀ ਬੁਰਾਈ ਦਾ ਦੋਸ਼ ਰੱਬ ʼਤੇ ਲਾਇਆ।

23 ਸਾਲਾਂ ਦੀ ਉਮਰ ਵਿਚ ਮੈਂ ਜਲ-ਸੈਨਾ ਛੱਡ ਦਿੱਤੀ। ਉਸ ਤੋਂ ਬਾਅਦ ਮੈਂ ਕਈ ਨੌਕਰੀਆਂ ਕੀਤੀਆਂ ਅਤੇ ਇਕ ਸਾਲ ਮੈਂ ਵਿਦੇਸ਼ ਵੀ ਰਿਹਾ, ਪਰ ਮੈਨੂੰ ਜ਼ਿੰਦਗੀ ਵਿਚ ਖ਼ੁਸ਼ੀ ਨਹੀਂ ਮਿਲੀ। ਮੇਰਾ ਦਿਲ ਹੀ ਨਹੀਂ ਸੀ ਕਰਦਾ ਕਿ ਮੈਂ ਜ਼ਿੰਦਗੀ ਵਿਚ ਕੋਈ ਟੀਚਾ ਰੱਖਾਂ ਜਾਂ ਕੁਝ ਹਾਸਲ ਕਰਾਂ। ਮੈਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ। ਆਪਣਾ ਘਰ ਹੋਣਾ, ਚੰਗੀ ਨੌਕਰੀ ਹੋਣੀ ਜਾਂ ਤਰੱਕੀ ਕਰਨੀ, ਇਹ ਸਭ ਮੈਨੂੰ ਬੇਕਾਰ ਲੱਗਦਾ ਸੀ। ਮੈਨੂੰ ਸਿਰਫ਼ ਸ਼ਰਾਬ ਪੀ ਕੇ ਅਤੇ ਸੰਗੀਤ ਸੁਣ ਕੇ ਹੀ ਸਕੂਨ ਮਿਲਦਾ ਸੀ।

ਮੈਨੂੰ ਅਜੇ ਵੀ ਉਹ ਪਲ ਯਾਦ ਹੈ ਜਦੋਂ ਮੇਰੇ ਅੰਦਰ ਜ਼ਿੰਦਗੀ ਦਾ ਮਕਸਦ ਜਾਣਨ ਦੀ ਜ਼ਬਰਦਸਤ ਇੱਛਾ ਪੈਦਾ ਹੋਈ। ਉਸ ਸਮੇਂ ਮੈਂ ਪੋਲੈਂਡ ਵਿਚ ਸੀ ਤੇ ਉੱਥੇ ਮੈਂ ਮਸ਼ਹੂਰ ਆਉਸ਼ਵਿਟਸ ਤਸ਼ੱਦਦ ਕੈਂਪ ਦੇਖਣ ਗਿਆ। ਮੈਂ ਉੱਥੇ ਹੋਏ ਜ਼ੁਲਮਾਂ ਬਾਰੇ ਪਹਿਲਾਂ ਹੀ ਪੜ੍ਹਿਆ ਸੀ। ਪਰ ਜਦੋਂ ਮੈਂ ਆਪ ਉੱਥੇ ਗਿਆ ਅਤੇ ਉਸ ਵੱਡੇ ਸਾਰੇ ਕੈਂਪ ਨੂੰ ਦੇਖਿਆ, ਤਾਂ ਮੇਰਾ ਦਿਲ ਵਿੰਨ੍ਹਿਆ ਗਿਆ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇਕ ਇਨਸਾਨ ਦੂਜੇ ਇਨਸਾਨ ʼਤੇ ਇੰਨੇ ਜ਼ੁਲਮ ਕਿੱਦਾਂ ਕਰ ਸਕਦਾ ਹੈ। ਮੈਨੂੰ ਯਾਦ ਹੈ ਕਿ ਕੈਂਪ ਵਿਚ ਘੁੰਮਦੇ ਹੋਏ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਤੇ ਮੇਰੇ ਮਨ ਵਿਚ ਇਹੀ ਸਵਾਲ ਆ ਰਿਹਾ ਸੀ, ‘ਆਖ਼ਰ ਕਿਉਂ?’

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:

ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਮੈਂ 1993 ਵਿਚ ਆਪਣੇ ਸਵਾਲਾਂ ਦੇ ਜਵਾਬ ਲੱਭਣ ਲਈ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਇਸ ਤੋਂ ਜਲਦੀ ਬਾਅਦ ਦੋ ਯਹੋਵਾਹ ਦੇ ਗਵਾਹ ਮੇਰੇ ਘਰ ਆਏ ਅਤੇ ਉਨ੍ਹਾਂ ਨੇ ਮੈਨੂੰ ਵੱਡੇ ਸੰਮੇਲਨ ਵਿਚ ਆਉਣ ਦਾ ਸੱਦਾ ਦਿੱਤਾ ਜੋ ਨੇੜੇ ਹੀ ਇਕ ਸਟੇਡੀਅਮ ਵਿਚ ਹੋ ਰਿਹਾ ਸੀ। ਮੈਂ ਉੱਥੇ ਜਾਣ ਦਾ ਫ਼ੈਸਲਾ ਕੀਤਾ।

ਕੁਝ ਮਹੀਨੇ ਪਹਿਲਾਂ ਮੈਂ ਇਸੇ ਸਟੇਡੀਅਮ ਵਿਚ ਮੈਚ ਦੇਖਣ ਗਿਆ ਸੀ, ਪਰ ਇਸ ਸੰਮੇਲਨ ਦਾ ਮਾਹੌਲ ਮੈਚ ਤੋਂ ਬਿਲਕੁਲ ਵੱਖਰਾ ਸੀ। ਗਵਾਹ ਬੜੇ ਪਿਆਰ ਨਾਲ ਇਕ-ਦੂਜੇ ਨੂੰ ਮਿਲ ਰਹੇ ਸਨ, ਉਨ੍ਹਾਂ ਨੇ ਸਲੀਕੇਦਾਰ ਕੱਪੜੇ ਪਾਏ ਸਨ ਅਤੇ ਉਨ੍ਹਾਂ ਦੇ ਬੱਚੇ ਆਦਰ ਨਾਲ ਪੇਸ਼ ਆ ਰਹੇ ਸਨ। ਦੁਪਹਿਰ ਨੂੰ ਖਾਣੇ ਦੇ ਵੇਲੇ ਮੈਂ ਜੋ ਦੇਖਿਆ, ਉਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਸੈਂਕੜੇ ਹੀ ਗਵਾਹਾਂ ਨੇ ਖੇਡ ਦੇ ਮੈਦਾਨ ਵਿਚ ਖਾਣਾ ਖਾਧਾ, ਪਰ ਜਦੋਂ ਉਹ ਆਪਣੀਆਂ ਸੀਟਾਂ ʼਤੇ ਵਾਪਸ ਗਏ, ਤਾਂ ਮੈਦਾਨ ਵਿਚ ਮਾੜਾ ਜਿਹਾ ਵੀ ਗੰਦ ਨਹੀਂ ਸੀ! ਸਭ ਤੋਂ ਵਧੀਆ ਗੱਲ ਇਹ ਸੀ ਕਿ ਇਹ ਲੋਕ ਖ਼ੁਸ਼ ਤੇ ਸੰਤੁਸ਼ਟ ਸਨ ਜਿਸ ਵਾਸਤੇ ਮੈਂ ਤਰਸਦਾ ਸੀ। ਮੈਨੂੰ ਉਸ ਦਿਨ ਦਾ ਕੋਈ ਭਾਸ਼ਣ ਤਾਂ ਯਾਦ ਨਹੀਂ, ਪਰ ਗਵਾਹਾਂ ਦਾ ਚਾਲ-ਚਲਣ ਮੇਰੇ ʼਤੇ ਗਹਿਰੀ ਛਾਪ ਛੱਡ ਗਿਆ।

ਉਸ ਸ਼ਾਮ ਮੈਂ ਆਪਣੀ ਭੂਆ ਦੇ ਮੁੰਡੇ ਬਾਰੇ ਸੋਚਿਆ ਜੋ ਬਾਈਬਲ ਪੜ੍ਹਦਾ ਸੀ ਅਤੇ ਹੋਰ ਧਰਮਾਂ ਦਾ ਅਧਿਐਨ ਵੀ ਕਰਦਾ ਸੀ। ਕੁਝ ਸਾਲ ਪਹਿਲਾਂ ਉਸ ਨੇ ਮੈਨੂੰ ਦੱਸਿਆ ਸੀ ਕਿ ਯਿਸੂ ਨੇ ਕਿਹਾ ਸੀ ਕਿ ਤੁਸੀਂ ਸੱਚੇ ਧਰਮ ਨੂੰ ਉਸ ਦੇ ਫਲਾਂ ਤੋਂ ਪਛਾਣੋਗੇ। (ਮੱਤੀ 7:15-20) ਮੈਂ ਸੋਚਿਆ ਕਿ ਮੈਨੂੰ ਘੱਟੋ-ਘੱਟ ਇਹ ਤਾਂ ਪਤਾ ਕਰਨਾ ਚਾਹੀਦਾ ਹੈ ਕਿ ਗਵਾਹ ਇੰਨੇ ਵੱਖਰੇ ਕਿਉਂ ਹਨ। ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਉਮੀਦ ਦੀ ਇਕ ਕਿਰਨ ਨਜ਼ਰ ਆਈ।

ਅਗਲੇ ਹਫ਼ਤੇ ਉਹੀ ਦੋ ਗਵਾਹ ਮੈਨੂੰ ਮਿਲਣ ਆਏ ਜਿਨ੍ਹਾਂ ਨੇ ਮੈਨੂੰ ਵੱਡੇ ਸੰਮੇਲਨ ʼਤੇ ਬੁਲਾਇਆ ਸੀ। ਉਨ੍ਹਾਂ ਨੇ ਮੈਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ ਤੇ ਮੈਂ ਸਟੱਡੀ ਕਰਨ ਲੱਗ ਪਿਆ। ਮੈਂ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਵੀ ਜਾਣਾ ਸ਼ੁਰੂ ਕਰ ਦਿੱਤਾ।

ਜਿੱਦਾਂ-ਜਿੱਦਾਂ ਮੈਂ ਸਟੱਡੀ ਕਰਦਾ ਗਿਆ, ਉੱਦਾਂ-ਉੱਦਾਂ ਰੱਬ ਬਾਰੇ ਮੇਰਾ ਨਜ਼ਰੀਆ ਬਦਲਦਾ ਗਿਆ। ਮੈਂ ਸਿੱਖਿਆ ਕਿ ਦੁੱਖਾਂ ਅਤੇ ਬੁਰਾਈ ਲਈ ਉਹ ਜ਼ਿੰਮੇਵਾਰ ਨਹੀਂ ਹੈ, ਸਗੋਂ ਉਸ ਨੂੰ ਤਾਂ ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਲੋਕ ਮਾੜੇ ਕੰਮ ਕਰਦੇ ਹਨ। (ਉਤਪਤ 6:6; ਜ਼ਬੂਰ 78:40, 41) ਮੈਂ ਫ਼ੈਸਲਾ ਕੀਤਾ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਯਹੋਵਾਹ ਨੂੰ ਕਦੇ ਵੀ ਦੁਖੀ ਨਾ ਕਰਾਂ। ਮੈਂ ਉਸ ਦਾ ਦਿਲ ਖ਼ੁਸ਼ ਕਰਨਾ ਚਾਹੁੰਦਾ ਸੀ। (ਕਹਾਉਤਾਂ 27:11) ਮੈਂ ਹੱਦੋਂ ਵੱਧ ਸ਼ਰਾਬ ਪੀਣੀ, ਸਿਗਰਟਾਂ ਪੀਣੀਆਂ ਅਤੇ ਅਨੈਤਿਕ ਕੰਮ ਕਰਨੇ ਛੱਡ ਦਿੱਤੇ। ਮਾਰਚ 1994 ਵਿਚ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ।

ਅੱਜ ਮੇਰੀ ਜ਼ਿੰਦਗੀ:

ਮੈਂ ਹੁਣ ਦਿਲੋਂ ਖ਼ੁਸ਼ ਅਤੇ ਸੰਤੁਸ਼ਟ ਹਾਂ। ਹੁਣ ਮੈਂ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਸ਼ਰਾਬ ਦਾ ਸਹਾਰਾ ਨਹੀਂ ਲੈਂਦਾ। ਇਸ ਦੀ ਬਜਾਇ, ਮੈਂ ਆਪਣੇ ਦੁੱਖਾਂ ਦਾ ਭਾਰ ਯਹੋਵਾਹ ʼਤੇ ਸੁੱਟਣਾ ਸਿੱਖ ਲਿਆ ਹੈ।​—ਜ਼ਬੂਰ 55:22.

ਮੇਰੇ ਵਿਆਹ ਨੂੰ ਦਸ ਸਾਲ ਹੋ ਗਏ ਹਨ। ਮੈਂ, ਮੇਰੀ ਪਤਨੀ ਕੈਰਨ ਅਤੇ ਮੇਰੀ ਮਤਰੇਈ ਕੁੜੀ ਨੈਲਾ ਮਿਲ ਕੇ ਲੋਕਾਂ ਨੂੰ ਰੱਬ ਬਾਰੇ ਦੱਸਦੇ ਹਾਂ। ਇੱਦਾਂ ਕਰ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਅਖ਼ੀਰ, ਹੁਣ ਮੇਰੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੈ।

a ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।