Skip to content

ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ?

ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ?

ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ?

“ਅਸੀਂ ਇਹੋ ਚੰਗਾ ਜਾਣਦੇ ਹਾਂ ਭਈ ਤੇਰੇ ਕੋਲੋਂ ਹੀ ਸੁਣੀਏ ਜੋ ਤੂੰ ਕੀ ਮੰਨਦਾ ਹੈਂ ਕਿਉਂ ਜੋ ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ।” (ਰਸੂਲਾਂ ਦੇ ਕਰਤੱਬ 28:22) ਪਹਿਲੀ ਸਦੀ ਰੋਮ ਵਿਚ ਇਸ ਬਰਾਦਰੀ ਦੇ ਆਗੂਆਂ ਨੇ ਇਕ ਚੰਗੀ ਉਦਾਹਰਣ ਕਾਇਮ ਕੀਤੀ ਸੀ। ਉਹ ਸ੍ਰੋਤ ਤੋਂ, ਨਾ ਕਿ ਕੇਵਲ ਬਾਹਰ ਵਾਲੇ ਆਲੋਚਕਾਂ ਤੋਂ ਸੁਣਨਾ ਚਾਹੁੰਦੇ ਸਨ।

ਇਸੇ ਤਰ੍ਹਾਂ ਹੀ, ਅੱਜ ਵੀ ਅਕਸਰ ਯਹੋਵਾਹ ਦੇ ਗਵਾਹਾਂ ਦੇ ਵਿਰੁੱਧ ਬੋਲਿਆ ਜਾਂਦਾ ਹੈ, ਅਤੇ ਉਨ੍ਹਾਂ ਦੇ ਬਾਰੇ ਪੱਖ-ਪਾਤੀ ਸ੍ਰੋਤਾਂ ਤੋਂ ਸਚਾਈ ਮਾਲੂਮ ਕਰਨ ਦੀ ਆਸ ਕਰਨਾ ਇਕ ਭੁੱਲ ਹੋਵੇਗੀ। ਇਸ ਲਈ ਅਸੀਂ ਤੁਹਾਨੂੰ ਆਪਣੇ ਮੁੱਖ ਵਿਸ਼ਵਾਸ ਸਪਸ਼ਟ ਕਰਨ ਵਿਚ ਖੁਸ਼ ਹੁੰਦੇ ਹਾਂ।

ਬਾਈਬਲ, ਯਿਸੂ ਮਸੀਹ, ਅਤੇ ਪਰਮੇਸ਼ੁਰ

ਅਸੀਂ ਵਿਸ਼ਵਾਸ ਕਰਦੇ ਹਾਂ ਕਿ “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ . . . ਗੁਣਕਾਰ ਹੈ।” (2 ਤਿਮੋਥਿਉਸ 3:16) ਅਤੇ ਭਾਵੇਂ ਕਈਆਂ ਨੇ ਇਹ ਦਾਅਵਾ ਕੀਤਾ ਹੈ ਕਿ ਅਸੀਂ ਦਰਅਸਲ ਮਸੀਹੀ ਨਹੀਂ ਹਾਂ, ਇਹ ਅਸਲ ਵਿਚ ਸੱਚ ਨਹੀਂ ਹੈ। ਅਸੀਂ ਪਤਰਸ ਰਸੂਲ ਦੀ ਯਿਸੂ ਮਸੀਹ ਬਾਰੇ ਇਸ ਗਵਾਹੀ ਨੂੰ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ: “ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।”—ਰਸੂਲਾਂ ਦੇ ਕਰਤੱਬ 4:12.

ਫਿਰ ਵੀ, ਕਿਉਂਕਿ ਯਿਸੂ ਨੇ ਆਖਿਆ ਸੀ ਕਿ ਉਹ “ਪਰਮੇਸ਼ੁਰ ਦਾ ਪੁੱਤ੍ਰ” ਹੈ ਅਤੇ “ਪਿਤਾ ਨੇ ਮੈਨੂੰ ਭੇਜਿਆ” ਹੈ, ਯਹੋਵਾਹ ਦੇ ਗਵਾਹ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਯਿਸੂ ਨਾਲੋਂ ਵੱਡਾ ਹੈ। (ਯੂਹੰਨਾ 10:36; 6:57) ਯਿਸੂ ਨੇ ਖੁਦ ਆਪ ਵੀ ਇਹ ਕਬੂਲ ਕੀਤਾ ਸੀ: “ਪਿਤਾ ਮੈਥੋਂ ਵੱਡਾ ਹੈ।” (ਯੂਹੰਨਾ 14:28; 8:28) ਇਸ ਤਰ੍ਹਾਂ ਅਸੀਂ ਇਹ ਵਿਸ਼ਵਾਸ ਨਹੀਂ ਕਰਦੇ ਹਾਂ ਕਿ ਯਿਸੂ ਪਿਤਾ ਦੇ ਬਰਾਬਰ ਹੈ, ਜਿਵੇਂ ਕਿ ਤ੍ਰੀਏਕ ਦੀ ਸਿੱਖਿਆ ਦੱਸਦੀ ਹੈ। ਸਗੋਂ, ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਉਹ ਪਰਮੇਸ਼ੁਰ ਦੁਆਰਾ ਸ੍ਰਿਸ਼ਟ ਕੀਤਾ ਗਿਆ ਸੀ ਅਤੇ ਉਹ ਉਸ ਦੇ ਅਧੀਨ ਹੈ।—ਕੁਲੁੱਸੀਆਂ 1:15; 1 ਕੁਰਿੰਥੀਆਂ 11:3.

ਅੰਗ੍ਰੇਜ਼ੀ ਬੋਲੀ ਵਿਚ ਪਰਮੇਸ਼ੁਰ ਦਾ ਨਾਂ ਜਹੋਵਾਹ ਹੈ। ਬਾਈਬਲ ਆਖਦੀ ਹੈ: “ਤੂੰ, ਜਿਸ ਇਕੱਲੇ ਦਾ ਨਾਂ ਜਹੋਵਾਹ ਹੈ, ਸਾਰੀ ਧਰਤੀ ਉੱਤੇ ਅੱਤ ਮਹਾਨ ਹੈ।” (ਜ਼ਬੂਰਾਂ ਦੀ ਪੋਥੀ 83:18, ਕਿੰਗ ਜੇਮਸ ਵਰਯਨ) ਇਸ ਐਲਾਨ ਦੇ ਅਨੁਸਾਰ, ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਉਂਦੇ ਹੋਏ, ਪਰਮੇਸ਼ੁਰ ਦੇ ਨਾਂ ਉੱਤੇ ਬੜਾ ਜ਼ੋਰ ਦਿੱਤਾ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” ਅਤੇ ਉਸ ਨੇ ਆਪ ਵੀ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤਾ ਸੀ: “ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਓਹਨਾਂ ਉੱਤੇ ਮੈਂ ਤੇਰਾ ਨਾਮ ਪਰਗਟ ਕੀਤਾ।”—ਮੱਤੀ 6:9; ਯੂਹੰਨਾ 17:6.

ਯਹੋਵਾਹ ਦੇ ਗਵਾਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਦਾ ਨਾਂ ਅਤੇ ਮਕਸਦਾਂ ਨੂੰ ਦੂਜਿਆਂ ਤਾਈਂ ਪਰਗਟ ਕਰਨ ਵਿਚ ਉਨ੍ਹਾਂ ਨੂੰ ਯਿਸੂ ਦੇ ਵਾਂਗ ਹੋਣਾ ਚਾਹੀਦਾ ਹੈ। ਇਸੇ ਲਈ ਅਸੀਂ ਆਪਣਾ ਨਾਂ ਯਹੋਵਾਹ ਦੇ ਗਵਾਹ ਅਪਣਾਇਆ ਹੈ, ਕਿਉਂਕਿ ਅਸੀਂ ਯਿਸੂ, ਉਹ “ਵਫ਼ਾਦਾਰ ਗਵਾਹ,” ਦੀ ਨਕਲ ਕਰਦੇ ਹਾਂ। (ਪਰਕਾਸ਼ ਦੀ ਪੋਥੀ 1:5; 3:14) ਉਚਿਤ ਤੌਰ ਤੇ, ਯਸਾਯਾਹ 43:10 ਪਰਮੇਸ਼ੁਰ ਦੇ ਪ੍ਰਤਿਨਿਧ ਲੋਕਾਂ ਨੂੰ ਇਉਂ ਆਖਦਾ ਹੈ: “ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ।”

ਪਰਮੇਸ਼ੁਰ ਦਾ ਰਾਜ

ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨਾ ਸਿਖਾਇਆ ਸੀ, “ਤੇਰਾ ਰਾਜ ਆਵੇ,” ਅਤੇ ਉਹ ਨੇ ਉਸ ਰਾਜ ਨੂੰ ਆਪਣੀ ਸਿੱਖਿਆ ਦਾ ਮੁੱਖ ਵਿਸ਼ਾ ਬਣਾਇਆ ਸੀ। (ਮੱਤੀ 6:10; ਲੂਕਾ 4:43) ਯਹੋਵਾਹ ਦੇ ਗਵਾਹ ਵਿਸ਼ਵਾਸ ਕਰਦੇ ਹਨ ਕਿ ਇਹ ਰਾਜ ਸਵਰਗ ਤੋਂ ਇਕ ਅਸਲੀ ਸਰਕਾਰ ਹੈ, ਕਿ ਇਹ ਧਰਤੀ ਉੱਤੇ ਰਾਜ ਕਰੇਗੀ ਅਤੇ ਯਿਸੂ ਮਸੀਹ ਉਸ ਦਾ ਨਿਯੁਕਤ ਕੀਤਾ ਹੋਇਆ ਅਦ੍ਰਿਸ਼ਟ ਰਾਜਾ ਹੈ। “ਸਰਕਾਰ ਉਸ ਦੇ ਮੋਢਿਆਂ ਉੱਤੇ ਹੋਵੇਗੀ,” ਬਾਈਬਲ ਆਖਦੀ ਹੈ। “ਉਹ ਦੀ ਸਰਕਾਰ ਦੀ ਤਰੱਕੀ ਅਤੇ ਸ਼ਾਂਤੀ ਦਾ ਕੋਈ ਅੰਤ ਨਹੀਂ ਹੋਵੇਗਾ।”—ਯਸਾਯਾਹ 9:6, 7, KJ.

ਫਿਰ ਵੀ, ਯਿਸੂ ਮਸੀਹ ਪਰਮੇਸ਼ੁਰ ਦੀ ਸਰਕਾਰ ਦਾ ਕੇਵਲ ਇਕੱਲਾ ਰਾਜਾ ਨਹੀਂ ਹੋਵੇਗਾ। ਸਵਰਗ ਵਿਚ ਉਸ ਦੇ ਨਾਲ ਬਹੁਤ ਸਾਰੇ ਸੰਗੀ ਸ਼ਾਸਕ ਹੋਣਗੇ। “ਜੇ ਸਹਾਰ ਲਈਏ,” ਪੌਲੁਸ ਰਸੂਲ ਨੇ ਲਿਖਿਆ ਸੀ, “ਤਾਂ ਉਹ ਦੇ ਨਾਲ ਰਾਜ ਭੀ ਕਰਾਂਗੇ।” (2 ਤਿਮੋਥਿਉਸ 2:12) ਬਾਈਬਲ ਸੰਕੇਤ ਕਰਦੀ ਹੈ ਕਿ ਉਹ ਮਨੁੱਖ ਜਿਹੜੇ ਸਵਰਗ ਵਿਚ ਮਸੀਹ ਨਾਲ ਸ਼ਾਸਨ ਕਰਨ ਲਈ ਪੁਨਰ ਉਥਾਨ ਕੀਤੇ ਜਾਂਦੇ ਹਨ ਉਨ੍ਹਾਂ ਦੀ ਸੀਮਤ ਹੈ “ਇੱਕ ਲੱਖ ਚੁਤਾਲੀ ਹਜ਼ਾਰ . . . ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ।”—ਪਰਕਾਸ਼ ਦੀ ਪੋਥੀ 14:1, 3.

ਨਿਸ਼ਚੇ ਹੀ, ਹਰੇਕ ਸਰਕਾਰ ਦੀ ਪਰਜਾ ਹੋਣੀ ਚਾਹੀਦੀ ਹੈ, ਅਤੇ ਯਹੋਵਾਹ ਦੇ ਗਵਾਹ ਵਿਸ਼ਵਾਸ ਕਰਦੇ ਹਨ ਕਿ ਇਨ੍ਹਾਂ ਸਵਰਗੀ ਰਾਜਿਆਂ ਤੋਂ ਇਲਾਵਾ ਕਰੋੜਾਂ ਹੋਰ ਲੋਕ ਵੀ ਸਦੀਪਕ ਜੀਵਨ ਪ੍ਰਾਪਤ ਕਰਨਗੇ। ਆਖ਼ਰਕਾਰ ਇਹ ਧਰਤੀ, ਜੋ ਇਕ ਸੁੰਦਰ ਪਰਾਦੀਸ ਵਿਚ ਬਦਲ ਦਿੱਤੀ ਗਈ ਹੋਵੇਗੀ, ਪਰਮੇਸ਼ੁਰ ਦੇ ਰਾਜ ਦੀ ਇਸ ਯੋਗ ਪਰਜਾ ਨਾਲ ਭਰ ਦਿੱਤੀ ਜਾਵੇਗਾ, ਜੋ ਸਾਰੇ ਦੇ ਸਾਰੇ ਮਸੀਹ ਅਤੇ ਉਸਦੇ ਸੰਗੀ ਸ਼ਾਸਕਾਂ ਦੇ ਰਾਜ ਦੇ ਅਧੀਨ ਹੋਣਗੇ। ਇਉਂ ਯਹੋਵਾਹ ਦੇ ਗਵਾਹ ਪੱਕੀ ਤਰ੍ਹਾਂ ਯਕੀਨਨ ਹਨ ਕਿ ਇਹ ਧਰਤੀ ਕਦੀ ਵੀ ਨਾਸ਼ ਨਹੀਂ ਕੀਤੀ ਜਾਵੇਗੀ ਅਤੇ ਬਾਈਬਲ ਦਾ ਵਾਇਦਾ ਪੂਰਾ ਹੋਵੇਗਾ: “ਧਰਮੀ ਧਰਤੀ ਦੇ ਵਾਰਸ ਹੋਣਗੇ ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:29; 104:5.

ਪਰੰਤੂ ਪਰਮੇਸ਼ੁਰ ਦਾ ਰਾਜ ਕਿਵੇਂ ਆਵੇਗਾ? ਕੀ ਸਾਰੇ ਲੋਕ ਆਪਣੇ ਆਪ ਨੂੰ ਸਵੈ-ਇੱਛਾ ਨਾਲ ਪਰਮੇਸ਼ੁਰ ਦੀ ਸਰਕਾਰ ਦੇ ਅਧੀਨ ਕਰਨ ਦੁਆਰਾ? ਇਸ ਦੇ ਉਲਟ, ਬਾਈਬਲ ਵਾਸਤਵਿਕ ਤੌਰ ਤੇ ਦਿਖਾਉਂਦੀ ਹੈ ਕਿ ਇਹ ਰਾਜ ਦੇ ਆਉਣ ਲਈ ਪਰਮੇਸ਼ੁਰ ਵੱਲੋਂ ਧਰਤੀ ਦੇ ਮਾਮਲਿਆਂ ਵਿਚ ਸਿੱਧੀ ਦਖਲ ਜ਼ਰੂਰੀ ਹੈ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ . . . ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀਏਲ 2:44.

ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ? ਅੱਜ ਪੂਰੀਆਂ ਹੋ ਰਹੀਆਂ ਬਾਈਬਲ ਦੀਆਂ ਭਵਿੱਖਬਾਣੀਆਂ ਦੇ ਆਧਾਰ ਤੇ, ਯਹੋਵਾਹ ਦੇ ਗਵਾਹ ਇਹ ਵਿਸ਼ਵਾਸ ਕਰਦੇ ਹਨ ਕਿ ਇਹ ਬਹੁਤ ਜਲਦੀ ਹੀ ਆਵੇਗਾ। ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਕੁਝ-ਕੁ ਉਨ੍ਹਾਂ ਭਵਿੱਖਬਾਣੀਆਂ ਉੱਤੇ ਵਿਚਾਰ ਕਰੋ ਜਿਹੜੀਆਂ ਇਸ ਦੁਸ਼ਟ ਵਿਵਸਥਾ ਦੇ “ਅੰਤ ਦਿਆਂ ਦਿਨਾਂ” ਦੇ ਪਹਿਲੂਆਂ ਬਾਰੇ ਪਹਿਲਾਂ ਹੀ ਦੱਸ ਦੀਆਂ ਹਨ। ਉਹ ਮੱਤੀ 24:3-14; ਲੂਕਾ 21:7-13, 25-31; ਅਤੇ 2 ਤਿਮੋਥਿਉਸ 3:1-5 ਵਿਚ ਦਰਜ ਕੀਤੀਆਂ ਗਈਆਂ ਹਨ।

ਕਿਉਂਕਿ ਅਸੀਂ ਯਹੋਵਾਹ ‘ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ, ਜਾਨ, ਬੁੱਧ, ਅਤੇ ਸ਼ਕਤੀ ਨਾਲ, ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਦੇ ਹਾਂ,’ ਅਸੀਂ ਕੌਮੀ, ਨਸਲੀ, ਅਤੇ ਸਮਾਜੀ ਤੌਰ ਤੇ ਵੰਡੇ ਹੋਏ ਨਹੀਂ ਹਾਂ। (ਮਰਕੁਸ 12:30, 31) ਅਸੀਂ ਵਿਆਪਕ ਤੌਰ ਤੇ ਉਸ ਪ੍ਰੇਮ ਲਈ ਪ੍ਰਸਿੱਧ ਹਾਂ ਜੋ ਸਭ ਕੌਮਾਂ ਵਿਚ ਪਾਏ ਜਾਣ ਵਾਲੇ ਸਾਡੇ ਮਸੀਹੀ ਭਾਈਆਂ ਵਿਚ ਜ਼ਾਹਿਰ ਹੈ। (ਯੂਹੰਨਾ 13:35; 1 ਯੂਹੰਨਾ 3:10-12) ਇਸ ਤਰ੍ਹਾਂ ਅਸੀਂ ਉਨ੍ਹਾਂ ਕੌਮਾਂ ਦੇ ਰਾਜਨੀਤਕ ਮਾਮਲਿਆਂ ਦੇ ਪ੍ਰਤੀ ਨਿਰਪੱਖ ਦ੍ਰਿਸ਼ਟੀਕੋਣ ਕਾਇਮ ਰੱਖਦੇ ਹਾਂ। ਅਸੀਂ ਯਿਸੂ ਦੇ ਪਹਿਲੇ ਚੇਲਿਆਂ ਵਾਂਗ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਜਿਨ੍ਹਾਂ ਬਾਰੇ ਉਸ ਨੇ ਕਿਹਾ ਸੀ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰਨਾ 17:16) ਅਸੀਂ ਵਿਸ਼ਵਾਸ ਕਰਦੇ ਹਾਂ ਕਿ ਆਪਣੇ ਆਪ ਨੂੰ ਜਗਤ ਤੋਂ ਵੱਖਰਾ ਰੱਖਣ ਦਾ ਅਰਥ ਅਨੈਤਿਕ ਚਾਲ-ਚਲਣ ਤੋਂ ਪਰੇ ਰਹਿਣਾ ਹੈ ਜੋ ਅੱਜਕਲ੍ਹ ਇੰਨਾ ਸਾਧਾਰਣ ਹੈ, ਅਤੇ ਜਿਸ ਵਿਚ ਸ਼ਾਮਲ ਹਨ ਝੂਠ ਬੋਲਣਾ, ਚੋਰੀ ਕਰਨਾ, ਹਰਾਮਕਾਰੀ, ਜ਼ਨਾਹਕਾਰੀ, ਸਮਲਿੰਗਕਾਮੁਕਤਾ, ਖੂਨ ਦੀ ਕੁਵਰਤੋਂ, ਮੂਰਤੀ ਪੂਜਾ ਅਤੇ ਹੋਰ ਅਜੇਹੀਆਂ ਚੀਜ਼ਾਂ ਜਿਨ੍ਹਾਂ ਨੂੰ ਬਾਈਬਲ ਰੱਦ ਕਰਦੀ ਹੈ।—1 ਕੁਰਿੰਥੀਆਂ 6:9-11; ਅਫ਼ਸੀਆਂ 5:3-5; ਰਸੂਲਾਂ ਦੇ ਕਰਤੱਬ 15:28, 29.

ਭਵਿੱਖ ਲਈ ਉਮੀਦ

ਯਹੋਵਾਹ ਦੇ ਗਵਾਹ ਵਿਸ਼ਵਾਸ ਕਰਦੇ ਹਨ ਕਿ ਇਸ ਦੁਨੀਆਂ ਵਿਚ ਸਾਡਾ ਵਰਤਮਾਨ ਜੀਵਨ ਇਹੋ ਹੀ ਸਭ ਕੁਝ ਨਹੀਂ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਨੇ ਮਸੀਹ ਨੂੰ ਰਿਹਾਈ ਕੀਮਤ ਦੇ ਰੂਪ ਵਿਚ ਆਪਣਾ ਜੀਵਨ-ਲਹੂ ਵਹਾਉਣ ਲਈ ਇਸ ਧਰਤੀ ਉੱਤੇ ਭੇਜਿਆ ਸੀ ਤਾਂ ਜੋ ਮਨੁੱਖ ਪਰਮੇਸ਼ੁਰ ਦੇ ਸਾਹਮਣੇ ਇਕ ਧਾਰਮਿਕ ਸਥਿਤੀ ਰੱਖ ਸਕਣ ਅਤੇ ਇਕ ਨਵੀਂ ਵਿਵਸਥਾ ਵਿਚ ਸਦੀਪਕ ਜੀਵਨ ਪ੍ਰਾਪਤ ਕਰ ਸਕਣ। ਜਿਵੇਂ ਕਿ ਯਿਸੂ ਦੇ ਇਕ ਰਸੂਲ ਨੇ ਆਖਿਆ ਸੀ: “ਅਸੀਂ ਹੁਣ ਉਹ ਦੇ ਲਹੂ ਨਾਲ ਧਰਮੀ ਠਹਿਰਾਏ ਗਏ ਹਾਂ।” (ਰੋਮੀਆਂ 5:9; ਮੱਤੀ 20:28) ਯਹੋਵਾਹ ਦੇ ਗਵਾਹ, ਇਸ ਰਿਹਾਈ ਕੀਮਤ ਦੇ ਇੰਤਜ਼ਾਮ ਲਈ ਜਿਹੜਾ ਭਵਿੱਖ ਦੇ ਜੀਵਨ ਨੂੰ ਸੰਭਵ ਬਣਾਉਂਦਾ ਹੈ, ਪਰਮੇਸ਼ੁਰ ਅਤੇ ਉਸ ਦੇ ਪੁੱਤ੍ਰ ਦੇ ਅਤਿ ਧੰਨਵਾਦੀ ਹਨ।

ਯਹੋਵਾਹ ਦੇ ਗਵਾਹਾਂ ਦਾ ਭਵਿੱਖ ਦੇ ਜੀਵਨ ਵਿਚ ਪੂਰਾ ਯਕੀਨ ਹੈ ਜਿਹੜਾ ਪਰਮੇਸ਼ੁਰ ਦੇ ਰਾਜ ਦੇ ਅਧੀਨ ਮਰੇ ਹੋਇਆਂ ਤੋਂ ਪੁਨਰ ਉਥਾਨ ਹੋਣ ਉੱਤੇ ਆਧਾਰਿਤ ਹੈ। ਅਸੀਂ ਵਿਸ਼ਵਾਸ ਕਰਦੇ ਹਾਂ, ਜਿਵੇਂ ਬਾਈਬਲ ਸਿੱਖਿਆ ਦਿੰਦੀ ਹੈ, ਕਿ ਜਦੋਂ ਇਕ ਵਿਅਕਤੀ ਮਰ ਜਾਂਦਾ ਹੈ ਅਸਲ ਵਿਚ ਉਸ ਦੀ ਹੋਂਦ ਹੀ ਮੁੱਕ ਜਾਂਦੀ ਹੈ, ਕਿ “ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ।” (ਜ਼ਬੂਰਾਂ ਦੀ ਪੋਥੀ 146:3, 4; ਹਿਜ਼ਕੀਏਲ 18:4; ਉਪਦੇਸ਼ਕ ਦੀ ਪੋਥੀ 9:5) ਹਾਂ, ਮਰੇ ਹੋਇਆਂ ਲਈ ਭਵਿੱਖ ਦਾ ਜੀਵਨ ਪਰਮੇਸ਼ੁਰ ਵੱਲੋਂ ਉਨ੍ਹਾਂ ਨੂੰ ਪੁਨਰ ਉਥਾਨ ਵਿਚ ਯਾਦ ਕਰਨ ਉੱਤੇ ਆਧਾਰਿਤ ਹੈ।—ਯੂਹੰਨਾ 5:28, 29.

ਫਿਰ ਵੀ, ਯਹੋਵਾਹ ਦੇ ਗਵਾਹ ਯਕੀਨਨ ਹਨ ਕਿ ਬਹੁਤੇ ਜੋ ਹੁਣ ਜੀਉਂਦੇ ਹਨ, ਬੱਚ ਜਾਣਗੇ ਜਦੋਂ ਪਰਮੇਸ਼ੁਰ ਦਾ ਰਾਜ ਸਾਰੀਆਂ ਵਰਤਮਾਨ ਸਰਕਾਰਾਂ ਦਾ ਨਾਸ਼ ਕਰੇਗਾ ਅਤੇ, ਜਿਵੇਂ ਨੂਹ ਅਤੇ ਉਹ ਦਾ ਪਰਿਵਾਰ ਜਲ-ਪਰਲੋਂ ਵਿੱਚੋਂ ਬੱਚ ਗਏ ਸਨ, ਉਹ ਇਕ ਸਾਫ਼ ਕੀਤੀ ਹੋਈ ਧਰਤੀ ਉੱਤੇ ਸਦਾ ਲਈ ਜੀਵਨ ਦਾ ਆਨੰਦ ਲੈਣ ਲਈ ਜੀਉਂਦੇ ਰਹਿਣਗੇ। (ਮੱਤੀ 24:36-39; 2 ਪਤਰਸ 3:5-7, 13) ਪਰੰਤੂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਚਾਉ ਯਹੋਵਾਹ ਦੀਆਂ ਜ਼ਰੂਰਤਾ ਦੇ ਮੁਤਾਬਕ ਚੱਲਣ ਉੱਤੇ ਨਿਰਭਰ ਹੈ, ਜਿਵੇਂ ਬਾਈਬਲ ਆਖਦੀ ਹੈ: “ਸੰਸਾਰ . . . ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17; ਜ਼ਬੂਰਾਂ ਦੀ ਪੋਥੀ 37:11; ਪਰਕਾਸ਼ ਦੀ ਪੋਥੀ 7:9, 13-15; 21:1-5.

ਸਪਸ਼ਟ ਤੌਰ ਤੇ, ਯਹੋਵਾਹ ਦੇ ਗਵਾਹਾਂ ਦੇ ਸਾਰੇ ਵਿਸ਼ਵਾਸ ਇਥੇ ਸ਼ਾਮਲ ਕਰਨਾ ਸੰਭਵ ਨਹੀਂ ਹੈ, ਪਰ ਅਸੀਂ ਤੁਹਾਨੂੰ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸੱਦਾ ਦਿੰਦੇ ਹਾਂ।

ਅਗਰ ਹੋਰ ਨਾ ਸੰਕੇਤ ਕੀਤਾ ਗਿਆ ਹੋਵੇ, ਬਾਈਬਲ ਦੇ ਸਾਰੇ ਉਤਕਥਨ ਪੰਜਾਬੀ ਦੀ ਪਵਿੱਤਰ ਬਾਈਬਲ ਵਿਚੋਂ ਹਨ।

[ਸਫ਼ਾ 4 ਉੱਤੇ ਸੁਰਖੀ]

ਅਸੀਂ ਆਪਣਾ ਨਾਂ ਯਹੋਵਾਹ ਦੇ ਗਵਾਹ ਅਪਣਾਇਆ ਹੈ ਕਿਉਂਕਿ ਅਸੀਂ ਯਿਸੂ ਦੀ ਨਕਲ ਕਰਦੇ ਹਾਂ।