Skip to content

Skip to table of contents

ਇੰਨਾ ਕਸ਼ਟ ਅਤੇ ਬੇਇਨਸਾਫ਼ੀ ਕਿਉਂ?

ਇੰਨਾ ਕਸ਼ਟ ਅਤੇ ਬੇਇਨਸਾਫ਼ੀ ਕਿਉਂ?

ਭਾਗ 6

ਇੰਨਾ ਕਸ਼ਟ ਅਤੇ ਬੇਇਨਸਾਫ਼ੀ ਕਿਉਂ?

1, 2. ਮਾਨਵ ਤਜਰਬੇ ਨੂੰ ਦ੍ਰਿਸ਼ਟੀ ਵਿਚ ਰੱਖਦੇ ਹੋਏ, ਕਿਹੜੇ ਸਵਾਲ ਪੁੱਛੇ ਜਾ ਸਕਦੇ ਹਨ?

1 ਪਰ ਫਿਰ, ਅਗਰ ਉਸ ਸਰਬੋਤਮ ਵਿਅਕਤੀ ਦਾ ਮਕਸਦ ਸੀ ਕਿ ਸੰਪੂਰਣ ਲੋਕ ਪਰਾਦੀਸ ਹਾਲਤਾਂ ਵਿਚ ਧਰਤੀ ਉੱਤੇ ਸਦਾ ਲਈ ਜੀਉਣ ਅਤੇ ਅਗਰ ਹਾਲੇ ਵੀ ਉਸ ਦਾ ਇਹ ਮਕਸਦ ਹੈ, ਤਾਂ ਹੁਣ ਪਰਾਦੀਸ ਕਿਉਂ ਨਹੀਂ ਕਾਇਮ ਹੈ? ਇਸ ਦੀ ਬਜਾਇ, ਮਨੁੱਖਜਾਤੀ ਨੇ ਇੰਨੀਆਂ ਸਦੀਆਂ ਲਈ ਕਸ਼ਟ ਅਤੇ ਬੇਇਨਸਾਫ਼ੀਆਂ ਕਿਉਂ ਅਨੁਭਵ ਕੀਤੀਆਂ ਹਨ?

2 ਬਿਨਾਂ ਕਿਸੇ ਸ਼ੱਕ, ਮਾਨਵ ਇਤਿਹਾਸ ਯੁੱਧ, ਸਾਮਰਾਜਵਾਦੀ ਕਬਜ਼ਿਆਂ, ਸ਼ੋਸ਼ਣ, ਬੇਇਨਸਾਫ਼ੀ, ਗ਼ਰੀਬੀ, ਤਬਾਹੀ, ਬੀਮਾਰੀ, ਅਤੇ ਮੌਤ ਦੁਆਰਾ ਉਤਪੰਨ ਹੋਏ ਦੁੱਖਾਂ ਨਾਲ ਭਰਿਆ ਹੋਇਆ ਹੈ। ਇੰਨੇ ਜ਼ਿਆਦਾ ਬੇਗੁਨਾਹ ਵਿਅਕਤੀਆਂ ਨਾਲ ਇੰਨੀਆਂ ਜ਼ਿਆਦਾ ਬੁਰੀਆਂ ਚੀਜ਼ਾਂ ਕਿਉਂ ਹੋਈਆਂ ਹਨ? ਅਗਰ ਪਰਮੇਸ਼ੁਰ ਸਰਬ-ਸ਼ਕਤੀਸ਼ਾਲੀ ਹੈ, ਤਾਂ ਫਿਰ ਉਸ ਨੇ ਹਜ਼ਾਰਾਂ ਸਾਲਾਂ ਲਈ ਇੰਨੇ ਅਤਿਅੰਤ ਕਸ਼ਟਾਂ ਨੂੰ ਕਿਉਂ ਇਜਾਜ਼ਤ ਦਿੱਤੀ ਹੈ? ਇਹ ਵੇਖਦੇ ਹੋਏ ਕਿ ਪਰਮੇਸ਼ੁਰ ਨੇ ਵਿਸ਼ਵ-ਮੰਡਲ ਨੂੰ ਇੰਨੀ ਅੱਛੀ ਤਰ੍ਹਾਂ ਰੂਪਾਂਕਿਤ ਅਤੇ ਵਿਵਸਥਿਤ ਕੀਤਾ, ਉਹ ਇਸ ਧਰਤੀ ਉੱਤੇ ਅਵਿਵਸਥਾ ਅਤੇ ਵਿਨਾਸ਼ ਨੂੰ ਕਿਉਂ ਇਜਾਜ਼ਤ ਦੇਵੇਗਾ?

ਇਕ ਮਿਸਾਲ

3-5 (ੳ) ਕਿਹੜੀ ਮਿਸਾਲ ਸਾਨੂੰ ਇਹ ਸਮਝਣ ਵਿਚ ਸਹਾਇਤਾ ਦੇ ਸਕਦੀ ਹੈ ਕਿ ਵਿਵਸਥਾ ਦਾ ਇਕ ਪਰਮੇਸ਼ੁਰ ਧਰਤੀ ਉੱਤੇ ਅਵਿਵਸਥਾ ਨੂੰ ਇਜਾਜ਼ਤ ਕਿਉਂ ਦੇਵੇਗਾ? (ਅ) ਇੰਨੇ ਵਿਕਲਪਾਂ ਵਿਚੋਂ ਕਿਹੜਾ ਵਿਕਲਪ ਧਰਤੀ ਦੀ ਸਥਿਤੀ ਦੇ ਸੰਬੰਧ ਵਿਚ ਢੁਕਵਾਂ ਹੈ?

3 ਆਓ ਆਪਾਂ ਇਕ ਮਿਸਾਲ ਦੁਆਰਾ ਦੇਖੀਏ ਕਿ ਇਕ ਵਿਵਸਥਾ ਵਾਲਾ ਪਰਮੇਸ਼ੁਰ ਇਸ ਧਰਤੀ ਉੱਤੇ ਅਵਿਵਸਥਾ ਨੂੰ ਕਿਉਂ ਇਜਾਜ਼ਤ ਦੇਵੇਗਾ। ਮਿਹਰਬਾਨੀ ਨਾਲ ਕਲਪਨਾ ਕਰੋ ਕਿ ਤੁਸੀਂ ਇਕ ਜੰਗਲ ਵਿਚ ਜਾਂਦੇ ਹੋਏ ਇਕ ਘਰ ਤੇ ਅਪੜਦੇ ਹੋ। ਜਿਉਂ-ਜਿਉਂ ਤੁਸੀਂ ਘਰ ਨੂੰ ਜਾਂਚਦੇ ਹੋ, ਤੁਸੀਂ ਵੇਖਦੇ ਹੋ ਕਿ ਇਹ ਅਵਿਵਸਥਾ ਵਿਚ ਪਿਆ ਹੋਇਆ ਹੈ। ਖਿੜਕੀਆਂ ਟੁੱਟੀਆਂ ਹੋਈਆਂ ਹਨ, ਛੱਤ ਵਿਚ ਕਾਫ਼ੀ ਵਿਗਾੜ ਆਇਆ ਹੋਇਆ ਹੈ, ਲਕੜੀ ਦਾ ਵਰਾਂਡਾ ਗਲਿਆ ਹੋਇਆ ਹੈ, ਦਰਵਾਜਾ ਇਕ ਕਬਜ਼ੇ ਨਾਲ ਲਟਕ ਰਿਹਾ ਹੈ, ਅਤੇ ਨਲਸਾਜ਼ ਕੰਮ ਨਹੀਂ ਕਰਦਾ ਹੈ।

4 ਇਨ੍ਹਾਂ ਸਾਰਿਆਂ ਨੁਕਸਾਂ ਨੂੰ ਸਾਮ੍ਹਣੇ ਰੱਖਦੇ ਹੋਏ, ਕੀ ਤੁਸੀਂ ਇਸ ਸਿੱਟੇ ਤੇ ਪਹੁੰਚੋਗੇ ਕਿ ਇਹ ਸੰਭਵ ਨਹੀਂ ਹੋ ਸਕਦਾ ਹੈ ਕਿ ਕਿਸੇ ਬੁੱਧੀਮਾਨ ਰੂਪਾਂਕਣਕਾਰ ਨੇ ਉਸ ਘਰ ਨੂੰ ਰੂਪਾਂਕਿਤ ਕੀਤਾ ਹੋਵੇ? ਕੀ ਉਸ ਦੀ ਅਵਿਵਸਥਾ ਤੁਹਾਨੂੰ ਇਹ ਯਕੀਨ ਦਿਲਾਵੇਗੀ ਕਿ ਇਹ ਘਰ ਕੇਵਲ ਸਬੱਬ ਨਾਲ ਬਣਿਆ ਹੋਇਆ ਹੋਵੇਗਾ? ਯਾ ਅਗਰ ਤੁਸੀਂ ਇਸ ਸਿੱਟੇ ਤੇ ਪਹੁੰਚਦੇ ਹੋ ਕਿ ਇਕ ਵਿਅਕਤੀ ਨੇ ਜ਼ਰੂਰ ਇਸ ਨੂੰ ਰੂਪਾਂਕਿਤ ਕਰਕੇ ਬਣਾਇਆ ਸੀ, ਤਾਂ ਕੀ ਤੁਸੀਂ ਇਹ ਮਹਿਸੂਸ ਕਰੋਗੇ ਕਿ ਉਹ ਵਿਅਕਤੀ ਮਾਹਰ ਅਤੇ ਸੋਚਵਾਨ ਨਹੀਂ ਸੀ?

5 ਜਦੋਂ ਤੁਸੀਂ ਉਸ ਦੇ ਢਾਂਚੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰਦੇ ਹੋ, ਤੁਸੀਂ ਵੇਖਦੇ ਹੋ ਕਿ ਮੁੱਢ ਵਿਚ ਇਹ ਕਾਫ਼ੀ ਅੱਛੀ ਤਰ੍ਹਾਂ ਨਾਲ ਬਣਾਇਆ ਗਿਆ ਸੀ ਅਤੇ ਇਹ ਬਹੁਤ ਸੋਚ-ਵਿਚਾਰ ਦਾ ਸਬੂਤ ਦਿੰਦਾ ਹੈ। ਲੇਕਨ ਹੁਣ ਇਹ ਕੇਵਲ ਭੈੜੀ ਹਾਲਤ ਵਿਚ ਹੈ ਅਤੇ ਨਾਸ ਹੋ ਰਿਹਾ ਹੈ। ਉਸ ਵਿਚ ਨੁਕਸ ਅਤੇ ਸਮੱਸਿਆਵਾਂ ਕੀ ਸੰਕੇਤ ਕਰਦੀਆਂ ਹਨ? ਉਹ ਸੰਕੇਤ ਦੇ ਸਕਦੀਆਂ ਹਨ ਕਿ (1) ਮਾਲਕ-ਮਕਾਨ ਮਰ ਗਿਆ; (2) ਉਹ ਮਾਹਰ ਰਾਜਗੀਰ ਹੈ ਪਰ ਹੁਣ ਉਸ ਘਰ ਵਿਚ ਦਿਲਚਸਪੀ ਨਹੀਂ ਲੈਂਦਾ ਹੈ; ਯਾ (3) ਉਸ ਨੇ ਅਸਥਿਰ ਸਮੇਂ ਲਈ ਆਪਣੀ ਜਾਇਦਾਦ ਠੇਕੇ ਤੇ ਬੇ-ਕਦਰੇ ਕਿਰਾਏਦਾਰਾਂ ਨੂੰ ਦੇ ਦਿੱਤੀ। ਇਹ ਅਖੀਰਲੀ ਗੱਲ ਉਸ ਸਥਿਤੀ ਦੇ ਸਮਾਨ ਹੈ ਜੋ ਇਸ ਧਰਤੀ ਦੇ ਸੰਬੰਧ ਵਿਚ ਹਾਲਤ ਹੈ।

ਕੀ ਗ਼ਲਤ ਹੋਇਆ

6, 7. ਆਦਮ ਅਤੇ ਹੱਵਾਹ ਨੂੰ ਕੀ ਹੋਇਆ ਜਦੋਂ ਉਨ੍ਹਾਂ ਨੇ ਪਰਮੇਸ਼ੁਰ ਦਾ ਨਿਯਮ ਤੋੜਿਆ?

6 ਬਾਈਬਲ ਦੇ ਮੁੱਢਲੇ ਉਲੇਖ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਇਹ ਪਰਮੇਸ਼ੁਰ ਦਾ ਮਕਸਦ ਨਹੀਂ ਸੀ ਕਿ ਲੋਕ ਕਸ਼ਟ ਪਾਉਣ ਯਾ ਮਰਨ। ਸਾਡੇ ਪਹਿਲੇ ਮਾਂ-ਬਾਪ, ਆਦਮ ਅਤੇ ਹੱਵਾਹ ਸਿਰਫ਼ ਇਸ ਕਰਕੇ ਮਰੇ ਕਿਉਂਕਿ ਉਹ ਪਰਮੇਸ਼ੁਰ ਦੇ ਅਣਆਗਿਆਕਾਰ ਹੋਏ। (ਉਤਪਤ, ਅਧਿਆਇ 2 ਅਤੇ 3) ਜਦੋਂ ਉਹ ਅਣਆਗਿਆਕਾਰ ਹੋਏ, ਉਹ ਉਸ ਸਮੇਂ ਤੋਂ ਪਰਮੇਸ਼ੁਰ ਦੀ ਇੱਛਾ ਨਹੀਂ ਪੂਰੀ ਕਰ ਰਹੇ ਸਨ। ਉਹ ਪਰਮੇਸ਼ੁਰ ਦੀ ਦੇਖ-ਭਾਲ ਤੋਂ ਪਰੇ ਹੋ ਗਏ। ਅਸਲ ਵਿਚ, ਉਨ੍ਹਾਂ ਨੇ ਆਪਣੇ ਆਪ ਨੂੰ ‘ਜੀਉਣ ਦੇ ਚਸ਼ਮੇ,’ ਪਰਮੇਸ਼ੁਰ ਤੋਂ ਅਲੱਗ ਕਰ ਲਿਆ।—ਜ਼ਬੂਰਾਂ ਦੀ ਪੋਥੀ 36:9.

7 ਜਿਵੇਂ ਇਕ ਮਸ਼ੀਨ ਆਪਣੀ ਸ਼ਕਤੀ ਦੇ ਸ੍ਰੋਤ ਤੋਂ ਅਲੱਗ ਕੀਤੇ ਜਾਣ ਤੇ ਹੌਲੀ-ਹੌਲੀ ਰੁੱਕ ਜਾਂਦੀ ਹੈ, ਉਸੇ ਤਰ੍ਹਾਂ ਉਨ੍ਹਾਂ ਦੇ ਸਰੀਰ ਅਤੇ ਦਿਮਾਗ਼ ਪਤਿਤ ਹੋ ਗਏ। ਨਤੀਜੇ ਵਜੋਂ, ਆਦਮ ਅਤੇ ਹੱਵਾਹ ਦੇ ਸਰੀਰ ਵਿਚ ਨਿਘਾਰ ਆਇਆ, ਉਹ ਬੁੱਢੇ ਹੋਕੇ ਆਖਰਕਾਰ ਮਰ ਗਏ। ਫਿਰ ਕੀ ਹੋਇਆ? ਉਹ ਉੱਥੇ ਵਾਪਸ ਮੁੱੜ ਗਏ ਜਿੱਥੋਂ ਉਹ ਆਏ ਸਨ: “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” ਪਰਮੇਸ਼ੁਰ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਦੇ ਨਿਯਮਾਂ ਦੇ ਪ੍ਰਤੀ ਅਣਆਗਿਆਕਾਰ ਹੋਣ ਦਾ ਨਤੀਜਾ ਮੌਤ ਹੋਵੇਗਾ: “ਤੂੰ ਜ਼ਰੂਰ ਮਰੇਂਗਾ।”—ਉਤਪਤ 2:17; 3:19.

8. ਸਾਡੇ ਪਹਿਲੇ ਮਾਂ-ਬਾਪ ਦੇ ਪਾਪ ਨੇ ਮਾਨਵ ਪਰਿਵਾਰ ਉੱਤੇ ਕਿਵੇਂ ਪ੍ਰਭਾਵ ਪਾਇਆ?

8 ਸਿਰਫ਼ ਸਾਡੇ ਪਹਿਲੇ ਮਾਂ-ਬਾਪ ਹੀ ਨਹੀਂ ਮਰੇ, ਲੇਕਨ ਉਨ੍ਹਾਂ ਦੀ ਸਾਰੀ ਸੰਤਾਨ, ਅਰਥਾਤ ਸਾਰੀ ਮਨੁੱਖਜਾਤੀ ਵੀ ਮੌਤ ਦੇ ਅਧੀਨ ਕੀਤੀ ਗਈ ਹੈ। ਕਿਉਂ? ਕਿਉਂਕਿ ਉਤਪੱਤੀ-ਵਿਗਿਆਨ ਦੇ ਨਿਯਮਾਂ ਦੇ ਅਨੁਸਾਰ, ਵਿਰਸੇ ਵਿਚ ਬੱਚੇ ਆਪਣੇ ਮਾਂ-ਬਾਪ ਦੀਆਂ ਵਿਸ਼ੇਸ਼ਤਾਵਾਂ ਨੂੰ ਹਾਸਲ ਕਰਦੇ ਹਨ। ਅਤੇ ਸਾਡੇ ਪਹਿਲੇ ਮਾਂ-ਬਾਪ ਦੇ ਬੱਚਿਆਂ ਨੂੰ ਜੋ ਵਿਰਸੇ ਵਿਚ ਹਾਸਲ ਹੋਇਆ ਉਹ ਅਪੂਰਣਤਾ ਅਤੇ ਮੌਤ ਸੀ। ਰੋਮੀਆਂ 5:12 ਸਾਨੂੰ ਦੱਸਦਾ ਹੈ: “ਇੱਕ ਮਨੁੱਖ [ਆਦਮ, ਮਨੁੱਖਜਾਤੀ ਦੇ ਵਡੇਰੇ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ [ਵਿਰਸੇ ਵਿਚ ਅਪੂਰਣਤਾ, ਅਰਥਾਤ, ਪਾਪੀ ਝੁਕਾਉ ਹਾਸਲ ਕਰਕੇ] ਪਾਪ ਕੀਤਾ।” ਅਤੇ ਇਹ ਵੇਖਦੇ ਹੋਏ ਕਿ ਲੋਕ ਸਿਰਫ਼ ਪਾਪ, ਅਪੂਰਣਤਾ, ਅਤੇ ਮੌਤ ਵਰਗੀਆਂ ਚੀਜ਼ਾਂ ਨੂੰ ਹੀ ਜਾਣਦੇ ਹਨ, ਕਈ ਇਨ੍ਹਾਂ ਨੂੰ ਕੁਦਰਤੀ ਅਤੇ ਅਟੱਲ ਸਮਝਦੇ ਹਨ। ਪਰ, ਮੁੱਢਲੇ ਇਨਸਾਨ ਸਦਾ ਦੇ ਲਈ ਜੀਉਣ ਦੀ ਯੋਗਤਾ ਅਤੇ ਇੱਛਾ ਨਾਲ ਸ੍ਰਿਸ਼ਟ ਕੀਤੇ ਗਏ ਸਨ। ਇਹ ਕਾਰਨ ਹੈ ਕਿ ਕਿਉਂ ਜ਼ਿਆਦਾ ਲੋਕਾਂ ਨੂੰ ਇਹ ਸੰਭਾਵਨਾ ਇੰਨੀ ਨਿਰਾਸ਼ਾ ਪੇਸ਼ ਕਰਦੀ ਹੈ ਕਿ ਮੌਤ ਦੁਆਰਾ ਉਨ੍ਹਾਂ ਦਾ ਜੀਵਨ ਖ਼ਤਮ ਹੋ ਜਾਵੇਗਾ।

ਇੰਨਾ ਸਮਾਂ ਕਿਉਂ?

9. ਪਰਮੇਸ਼ੁਰ ਨੇ ਕਸ਼ਟਾਂ ਨੂੰ ਇੰਨੇ ਸਮੇਂ ਲਈ ਜਾਰੀ ਰਹਿਣ ਦੀ ਇਜਾਜ਼ਤ ਕਿਉਂ ਦਿੱਤੀ ਹੈ?

9 ਪਰਮੇਸ਼ੁਰ ਨੇ ਮਨੁੱਖਾਂ ਨੂੰ ਇੰਨੇ ਸਮੇਂ ਲਈ ਆਪਣੀ ਮਰਜ਼ੀ ਕਿਉਂ ਕਰਨ ਦੀ ਇਜਾਜ਼ਤ ਦਿੱਤੀ ਹੈ? ਇਨ੍ਹਾਂ ਸਾਰੀਆਂ ਸਦੀਆਂ ਲਈ ਉਸ ਨੇ ਕਸ਼ਟਾਂ ਨੂੰ ਹੋਂਦ ਵਿਚ ਕਿਉਂ ਰਹਿਣ ਦਿੱਤਾ ਹੈ? ਇਕ ਜ਼ਬਰਦਸਤ ਕਾਰਨ ਇਹ ਹੈ ਕਿ ਇਕ ਅਤਿ ਮਹੱਤਵਪੂਰਣ ਵਾਦ-ਵਿਸ਼ਾ ਪੈਦਾ ਹੋਇਆ ਸੀ: ਸ਼ਾਸਨ ਕਰਨ ਦਾ ਹੱਕ ਕਿਹਦਾ ਹੈ? ਕੀ ਪਰਮੇਸ਼ੁਰ ਨੂੰ ਮਨੁੱਖਾਂ ਦਾ ਸ਼ਾਸਕ ਹੋਣਾ ਚਾਹੀਦਾ ਹੈ, ਯਾ ਕੀ ਉਹ ਉਸ ਤੋਂ ਬਿਨਾਂ ਆਪਣੇ ਆਪ ਉੱਤੇ ਸਫ਼ਲਤਾਪੂਰਵਕ ਸ਼ਾਸਨ ਕਰ ਸਕਦੇ ਹਨ?

10. ਮਨੁੱਖਾਂ ਨੂੰ ਕਿਹੜੀ ਯੋਗਤਾ ਦਿੱਤੀ ਗਈ ਸੀ, ਅਤੇ ਕਿਸ ਜ਼ਿੰਮੇਵਾਰੀ ਦੇ ਨਾਲ?

10 ਮਨੁੱਖ ਸੁਤੰਤਰ ਇੱਛਾ ਨਾਲ, ਅਰਥਾਤ, ਚੁਣਨ ਦੀ ਯੋਗਤਾ ਦੇ ਨਾਲ ਸ੍ਰਿਸ਼ਟ ਕੀਤੇ ਗਏ ਸਨ। ਉਹ ਰੋਬੋਟ ਯਾ ਪਸ਼ੂਆਂ ਵਾਂਗ ਨਹੀਂ ਬਣਾਏ ਗਏ ਸਨ, ਜੋ ਮੁੱਖ ਤੌਰ ਤੇ ਅੰਤਰਪ੍ਰੇਰਣਾ ਨਾਲ ਨਿਰਦੇਸ਼ਿਤ ਹੁੰਦੇ ਹਨ। ਸੋ ਮਨੁੱਖ ਚੁਣ ਸਕਦੇ ਹਨ ਕਿ ਉਹ ਕਿਹਦੀ ਸੇਵਾ ਕਰਨਗੇ। (ਬਿਵਸਥਾ ਸਾਰ 30:19; 2 ਕੁਰਿੰਥੀਆਂ 3:17) ਇਸ ਲਈ, ਪਰਮੇਸ਼ੁਰ ਦਾ ਸ਼ਬਦ ਸਲਾਹ ਦਿੰਦਾ ਹੈ: “ਤੁਸੀਂ ਅਜ਼ਾਦ ਹੋ ਕੇ ਆਪਣੀ ਅਜ਼ਾਦੀ ਨੂੰ ਬੁਰਿਆਈ ਦਾ ਪੜਦਾ ਨਾ ਬਣਾਓ ਸਗੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਗੁਲਾਮ ਜਾਣੋ।” (1 ਪਤਰਸ 2:16) ਪਰ ਫਿਰ ਵੀ, ਜਦੋਂ ਕਿ ਮਨੁੱਖਾਂ ਕੋਲ ਸੁਤੰਤਰ ਇੱਛਾ ਦਾ ਇਹ ਅਦਭੁਤ ਤੋਹਫ਼ਾ ਹੈ, ਉਨ੍ਹਾਂ ਨੂੰ ਆਪਣੇ ਚੁਣੇ ਹੋਏ ਮਾਰਗ ਦੇ ਨਤੀਜਿਆਂ ਨੂੰ ਸਵੀਕਾਰ ਕਰਨਾ ਪਵੇਗਾ।

11. ਇਹ ਪਤਾ ਕਰਨ ਦਾ ਕੇਵਲ ਇਕੋ ਤਰੀਕਾ ਕੀ ਹੋਵੇਗਾ ਕਿ ਪਰਮੇਸ਼ੁਰ ਤੋਂ ਆਜ਼ਾਦ ਮਾਰਗ ਕਾਮਯਾਬ ਹੋ ਸਕਦਾ ਹੈ ਯਾ ਨਹੀਂ?

11 ਸਾਡੇ ਪਹਿਲੇ ਮਾਂ-ਬਾਪ ਨੇ ਗ਼ਲਤ ਚੋਣ ਕੀਤੀ। ਉਨ੍ਹਾਂ ਨੇ ਪਰਮੇਸ਼ੁਰ ਤੋਂ ਆਜ਼ਾਦੀ ਦਾ ਮਾਰਗ ਚੁਣਿਆ। ਇਹ ਗੱਲ ਸੱਚ ਹੈ ਕਿ ਸੁਤੰਤਰ ਇੱਛਾ ਦੀ ਕੁਵਰਤੋਂ ਕਰਨ ਤੋਂ ਤੁਰੰਤ ਬਾਅਦ, ਪਰਮੇਸ਼ੁਰ ਉਸ ਵਿਦਰੋਹੀ ਜੋੜੀ ਨੂੰ ਫੌਰਨ ਮਾਰ ਸਕਦਾ ਸੀ। ਪਰ ਇੰਜ ਕਰਨ ਨਾਲ ਪਰਮੇਸ਼ੁਰ ਦਾ ਮਨੁੱਖਾਂ ਉੱਤੇ ਰਾਜ ਕਰਨ ਦੇ ਹੱਕ ਬਾਰੇ ਸਵਾਲ ਦਾ ਉੱਤਰ ਨਹੀਂ ਮਿਲਣਾ ਸੀ। ਇਹ ਵੇਖਦੇ ਹੋਏ ਕਿ ਪਹਿਲੀ ਜੋੜੀ ਪਰਮੇਸ਼ੁਰ ਤੋਂ ਆਜ਼ਾਦੀ ਚਾਹੁੰਦੀ ਸੀ, ਇਹ ਸਵਾਲ ਦਾ ਉੱਤਰ ਦੇਣਾ ਜ਼ਰੂਰੀ ਹੈ: ਕੀ ਉਹ ਮਾਰਗ ਚੁਣਨ ਦਾ ਨਤੀਜਾ ਇਕ ਖੁਸ਼, ਕਾਮਯਾਬ ਜੀਵਨ ਹੋ ਸਕਦਾ ਸੀ? ਇਹ ਪਤਾ ਕਰਨ ਦਾ ਕੇਵਲ ਇਕੋ ਹੀ ਤਰੀਕਾ ਸੀ ਕਿ ਸਾਡੇ ਪਹਿਲੇ ਮਾਂ-ਬਾਪ ਅਤੇ ਉਨ੍ਹਾਂ ਦੀ ਸੰਤਾਨ ਨੂੰ ਆਪਣੀ ਹੀ ਮਰਜ਼ੀ ਕਰ ਲੈਣ ਦਿੱਤੀ ਜਾਵੇ, ਕਿਉਂਜੋ ਇਹੋ ਉਨ੍ਹਾਂ ਦੀ ਇੱਛਾ ਸੀ। ਸਮਾਂ ਹੀ ਦਿਖਾਵੇਗਾ ਕਿ ਮਨੁੱਖ ਆਪਣੇ ਸ੍ਰਿਸ਼ਟੀਕਰਤਾ ਤੋਂ ਆਜ਼ਾਦ ਆਪਣੇ ਉਪਰ ਆਪ ਸ਼ਾਸਨ ਕਰਨ ਵਿਚ ਕਾਮਯਾਬ ਹੋਣ ਲਈ ਸ੍ਰਿਸ਼ਟ ਕੀਤੇ ਗਏ ਸਨ ਯਾ ਨਹੀਂ।

12. ਯਿਰਮਿਯਾਹ ਨੇ ਮਾਨਵ ਸ਼ਾਸਨ ਦਾ ਕੀ ਸਿੱਟਾ ਕੱਢਿਆ, ਅਤੇ ਇਹ ਇਸ ਤਰ੍ਹਾਂ ਕਿਉਂ ਹੈ?

12 ਬਾਈਬਲ ਦਾ ਲਿਖਾਰੀ ਯਿਰਮਿਯਾਹ ਜਾਣਦਾ ਸੀ ਕਿ ਨਤੀਜਾ ਕੀ ਹੋਵੇਗਾ। ਪਰਮੇਸ਼ੁਰ ਦੀ ਸ਼ਕਤੀਸ਼ਾਲੀ ਪਵਿੱਤਰ ਆਤਮਾ, ਯਾ ਕ੍ਰਿਆਸ਼ੀਲ ਸ਼ਕਤੀ ਦੁਆਰਾ ਨਿਰਦੇਸ਼ਿਤ ਹੋਕੇ, ਉਸ ਨੇ ਸੱਚ-ਸੱਚ ਲਿਖਿਆ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। ਹੇ ਯਹੋਵਾਹ, ਮੇਰਾ ਸੁਧਾਰ ਕਰ।” (ਯਿਰਮਿਯਾਹ 10:23, 24) ਉਹ ਜਾਣਦਾ ਸੀ ਕਿ ਮਨੁੱਖਾਂ ਲਈ ਪਰਮੇਸ਼ੁਰ ਦੀ ਸਵਰਗੀ ਬੁੱਧ ਦੀ ਅਗਵਾਈ ਜ਼ਰੂਰੀ ਹੈ। ਕਿਉਂ? ਕਿਉਂਕਿ ਸਪੱਸ਼ਟ ਤੌਰ ਤੇ ਪਰਮੇਸ਼ੁਰ ਨੇ ਮਨੁੱਖਾਂ ਨੂੰ ਆਪਣੀ ਅਗਵਾਈ ਤੋਂ ਬਿਨਾਂ ਸਫ਼ਲ ਹੋਣ ਲਈ ਸ੍ਰਿਸ਼ਟ ਨਹੀਂ ਕੀਤਾ ਸੀ।

13. ਹਜ਼ਾਰਾਂ ਹੀ ਵਰਿਆਂ ਦੇ ਮਾਨਵ ਸ਼ਾਸਨ ਦੇ ਨਤੀਜਿਆਂ ਨੇ, ਬਿਨਾਂ ਸ਼ੱਕ ਕੀ ਦਿਖਾਇਆ ਹੈ?

13 ਮਾਨਵ ਸ਼ਾਸਨ ਦੇ ਹਜ਼ਾਰਾਂ ਹੀ ਵਰਿਆਂ ਦੇ ਨਤੀਜੇ, ਬਿਨਾਂ ਕਿਸੇ ਸ਼ੱਕ ਦੇ ਇਹ ਦਿਖਾਉਂਦੇ ਹਨ ਕਿ ਪਰਮੇਸ਼ੁਰ ਤੋਂ ਬਗੈਰ ਆਪਣੇ ਕੰਮਾਂ-ਕਾਰਾਂ ਨੂੰ ਚਲਾਉਣ ਦੀ ਯੋਗਤਾ ਮਨੁੱਖਾਂ ਵਿਚ ਨਹੀਂ ਹੈ। ਇਸ ਦੀ ਕੋਸ਼ਿਸ਼ ਕਰਕੇ, ਉਹ ਆਪਣੇ ਆਪ ਨੂੰ ਹੀ ਤਬਾਹਕੁਨ ਨਤੀਜਿਆਂ ਲਈ ਦੋਸ਼ ਦੇ ਸਕਦੇ ਹਨ। ਬਾਈਬਲ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ: “ਉਹ [ਪਰਮੇਸ਼ੁਰ] ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ। ਓਹ ਵਿਗੜ ਗਏ ਹਨ, ਓਹ ਉਸ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹਨ।”—ਬਿਵਸਥਾ ਸਾਰ 32:4, 5.

ਪਰਮੇਸ਼ੁਰ ਜਲਦੀ ਹੀ ਦਖ਼ਲ-ਅੰਦਾਜ਼ੀ ਕਰੇਗਾ

14. ਪਰਮੇਸ਼ੁਰ ਮਾਨਵ ਕੰਮਾਂ-ਕਾਰਾਂ ਵਿਚ ਹੁਣ ਦਖ਼ਲ-ਅੰਦਾਜ਼ੀ ਕਰਨ ਤੋਂ ਕਿਉਂ ਨਹੀਂ ਦੇਰ ਕਰੇਗਾ?

14 ਸਦੀਆਂ ਦੇ ਸਮੇਂ ਦੌਰਾਨ, ਮਾਨਵ ਸ਼ਾਸਨ ਦੀ ਅਸਫ਼ਲਤਾ ਦੇ ਚੋਖੇ ਪ੍ਰਦਰਸ਼ਨ ਨੂੰ ਇਜਾਜ਼ਤ ਦੇਣ ਤੋਂ ਬਾਅਦ, ਪਰਮੇਸ਼ੁਰ ਹੁਣ ਮਨੁੱਖਾਂ ਦੇ ਕੰਮਾਂ-ਕਾਰਾਂ ਵਿਚ ਦਖ਼ਲ-ਅੰਦਾਜ਼ੀ ਕਰਨ ਲਈ ਕਦਮ ਉਠਾ ਸਕਦਾ ਹੈ ਅਤੇ ਕਸ਼ਟਾਂ, ਗ਼ਮ, ਬੀਮਾਰੀ, ਅਤੇ ਮੌਤ ਨੂੰ ਖ਼ਤਮ ਕਰ ਸਕਦਾ ਹੈ। ਮਨੁੱਖਾਂ ਨੂੰ ਵਿਗਿਆਨ, ਉਦਯੋਗ, ਚਿਕਿਤਸਾ, ਅਤੇ ਦੂਸਰੇ ਖੇਤਰਾਂ ਵਿਚ ਆਪਣੀ ਕਾਮਯਾਬੀ ਦੇ ਸਿਖਰ ਉੱਤੇ ਪਹੁੰਚਣ ਤਾਈਂ ਸਮੇਂ ਦੀ ਇਜਾਜ਼ਤ ਦੇਣ ਤੋਂ ਬਾਅਦ, ਹੁਣ ਕੋਈ ਜ਼ਰੂਰਤ ਨਹੀਂ ਹੈ ਕਿ ਪਰਮੇਸ਼ੁਰ ਮਨੁੱਖਾਂ ਨੂੰ ਇਹ ਦਿਖਾਉਣ ਲਈ ਸਦੀਆਂ ਦਾ ਹੋਰ ਸਮਾਂ ਦੇਵੇ ਕਿ ਉਹ ਆਪਣੇ ਸ੍ਰਿਸ਼ਟੀਕਰਤਾ ਤੋਂ ਆਜ਼ਾਦ ਇਕ ਸ਼ਾਂਤੀਪੂਰਣ, ਪਰਾਦੀਸੀ ਦੁਨੀਆਂ ਲਿਆ ਸਕਦੇ ਹਨ ਯਾ ਨਹੀਂ। ਉਨ੍ਹਾਂ ਨੇ ਇਹ ਨਹੀਂ ਲਿਆਂਦੀ ਹੈ ਅਤੇ ਨਾ ਹੀ ਲਿਆ ਸਕਦੇ ਹਨ। ਪਰਮੇਸ਼ੁਰ ਤੋਂ ਆਜ਼ਾਦੀ ਦਾ ਨਤੀਜਾ ਇਕ ਬਹੁਤ ਘਿਣਾਉਣੀ, ਨਫ਼ਰਤ­ਭਰੀ, ਘਾਤਕ ਦੁਨੀਆਂ ਹੋਇਆ ਹੈ।

15. ਬਾਈਬਲ ਦੀ ਕਿਹੜੀ ਸਲਾਹ ਸਾਨੂੰ ਮੰਨਣੀ ਚਾਹੀਦੀ ਹੈ?

15 ਜਦੋਂ ਕਿ ਅਜੇਹੇ ਸੁਹਿਰਦ ਸ਼ਾਸਕ ਹੋਏ ਹਨ ਜਿਨ੍ਹਾਂ ਨੇ ਮਨੁੱਖਜਾਤੀ ਦੀ ਸਹਾਇਤਾ ਕਰਨ ਦੀ ਇੱਛਾ ਰੱਖੀ ਹੈ, ਉਨ੍ਹਾਂ ਦੇ ਯਤਨ ਕਾਮਯਾਬ ਨਹੀਂ ਹੋਏ ਹਨ। ਅੱਜ ਹਰ ਪਾਸੇ ਮਾਨਵ ਸ਼ਾਸਨ ਦੇ ਵਿਗਾੜ ਦਾ ਸਬੂਤ ਹੈ। ਇਸ ਕਰਕੇ ਬਾਈਬਲ ਸਲਾਹ ਦਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।”—ਜ਼ਬੂਰਾਂ ਦੀ ਪੋਥੀ 146:3.

[ਸਵਾਲ]

[ਸਫ਼ੇ 24, 25 ਉੱਤੇ ਤਸਵੀਰ]

ਸੁਹਿਰਦ ਵਿਸ਼ਵ ਸ਼ਾਸਕ ਵੀ ਇਕ ਸ਼ਾਂਤੀਪੂਰਣ, ਪਰਾਦੀਸੀ ਦੁਨੀਆਂ ਨਹੀਂ ਲਿਆ ਸਕੇ ਹਨ