Skip to content

Skip to table of contents

ਉੱਤਮ ਬੁੱਧ ਦਾ ਇਕ ਵਿਲੱਖਣ ਸ੍ਰੋਤ

ਉੱਤਮ ਬੁੱਧ ਦਾ ਇਕ ਵਿਲੱਖਣ ਸ੍ਰੋਤ

ਭਾਗ 3

ਉੱਤਮ ਬੁੱਧ ਦਾ ਇਕ ਵਿਲੱਖਣ ਸ੍ਰੋਤ

1, 2. ਸਾਨੂੰ ਬਾਈਬਲ ਨੂੰ ਕਿਉਂ ਪਰਖਣਾ ਚਾਹੀਦਾ ਹੈ?

1 ਕੀ ਬਾਈਬਲ ਉਸ ਉੱਤਮ ਬੁੱਧ ਦਾ ਉਲੇਖ ਹੈ? ਕੀ ਇਹ ਉਨ੍ਹਾਂ ਮਹੱਤਵਪੂਰਣ ਸਵਾਲਾਂ ਦੇ ਸੱਚੇ ਉੱਤਰ ਦੇ ਸਕਦੀ ਹੈ ਜਿਹੜੇ ਜੀਵਨ ਦੇ ਮਕਸਦ ਨਾਲ ਸੰਬੰਧ ਰੱਖਦੇ ਹਨ?

2 ਨਿਸ਼ਚੇ ਹੀ ਬਾਈਬਲ ਸਾਡੇ ਪਰਖਣ ਦੇ ਯੋਗ ਹੈ। ਇਕ ਕਾਰਨ ਇਹ ਹੈ ਕਿ ਇਹ ਕਿਸੇ ਵੀ ਹੋਰ ਕਿਤਾਬ ਨਾਲੋਂ ਭਿੰਨ, ਸਭ ਤੋਂ ਅਨੋਖੀ ਇਕੱਤਰ ਕੀਤੀ ਗਈ ਕਿਤਾਬ ਹੈ। ਹੇਠਾਂ ਦਿੱਤੀਆਂ ਹਕੀਕਤਾਂ ਉੱਤੇ ਵਿਚਾਰ ਕਰੋ।

ਸਭ ਤੋਂ ਪੁਰਾਣੀ, ਸਭ ਤੋਂ ਵਿਆਪਕ ਰੂਪ ਵਿਚ ਵਿਤਰਤ ਕਿਤਾਬ

3, 4. ਬਾਈਬਲ ਕਿੰਨੀ ਪੁਰਾਣੀ ਹੈ?

3 ਅੱਜ ਤਕ ਲਿਖੀਆਂ ਗਈਆਂ ਕਿਤਾਬਾਂ ਵਿਚੋਂ ਬਾਈਬਲ ਸਭ ਤੋਂ ਪੁਰਾਣੀ ਕਿਤਾਬ ਹੈ, ਅਤੇ ਇਸ ਦੇ ਕੁਝ ਹਿੱਸੇ ਕੋਈ 3,500 ਸਾਲ ਪਹਿਲਾਂ ਕਲਮਬੰਦ ਕੀਤੇ ਗਏ ਸਨ। ਪਵਿੱਤਰ ਮੰਨੀਆਂ ਗਈਆਂ ਹੋਰਨਾਂ ਕਿਤਾਬਾਂ ਨਾਲੋਂ ਇਹ ਕਈ ਸਦੀਆਂ ਪੁਰਾਣੀ ਹੈ। ਇਸ ਵਿਚ ਪਾਈਆਂ ਗਈਆਂ 66 ਕਿਤਾਬਾਂ ਵਿਚੋਂ ਪਹਿਲੀ ਕਿਤਾਬ ਬੁੱਧ ਅਤੇ ਕਨਫਿਊਸ਼ਸ ਤੋਂ ਇਕ ਹਜ਼ਾਰ ਸਾਲ ਪਹਿਲਾਂ, ਅਤੇ ਮੁਹੰਮਦ ਤੋਂ ਕੁਝ ਦੋ ਹਜ਼ਾਰ ਸਾਲ ਪਹਿਲਾਂ ਲਿਖੀ ਗਈ ਸੀ।

4 ਬਾਈਬਲ ਵਿਚ ਉਲਿਖਤ ਇਤਿਹਾਸ ਮਾਨਵ ਪਰਿਵਾਰ ਦੇ ਆਰੰਭ ਤਕ ਪਹੁੰਚਦਾ ਹੈ ਅਤੇ ਵਿਆਖਿਆ ਕਰਦਾ ਹੈ ਕਿ ਅਸੀਂ ਇੱਥੇ ਧਰਤੀ ਉਪਰ ਕਿਸ ਤਰ੍ਹਾਂ ਆਏ। ਇਹ ਸਾਨੂੰ ਧਰਤੀ ਦੀ ਰਚਨਾ ਬਾਰੇ ਹਕੀਕਤਾਂ ਦੱਸਦੀ ਹੋਈ, ਮਨੁੱਖ ਦੀ ਸ੍ਰਿਸ਼ਟੀ ਤੋਂ ਪਹਿਲਾਂ ਦੇ ਸਮੇਂ ਤਕ ਵੀ ਲੈ ਜਾਂਦੀ ਹੈ।

5. ਪ੍ਰਾਚੀਨ ਧਰਮ-ਨਿਰਪੇਖ ਲਿਖਤਾਂ ਦੀ ਤੁਲਨਾ ਵਿਚ, ਬਾਈਬਲ ਦੀਆਂ ਕਿੰਨੀਆਂ ਪ੍ਰਾਚੀਨ ਹੱਥਲਿਖਤ ਕਾਪੀਆਂ ਹੋਂਦ ਵਿਚ ਹਨ?

5 ਹੋਰ ਧਾਰਮਿਕ ਕਿਤਾਬਾਂ ਦੀਆਂ, ਅਤੇ ਗੈਰ-ਧਾਰਮਿਕ ਕਿਤਾਬਾਂ ਦੀਆਂ ਵੀ ਕੁਝ ਹੀ ਪੁਰਾਣੀਆਂ ਹੱਥਲਿਖਤ ਕਾਪੀਆਂ ਹੋਂਦ ਵਿਚ ਰਹਿੰਦੀਆਂ ਹਨ। ਇਬਰਾਨੀ ਅਤੇ ਯੂਨਾਨੀ ਵਿਚ ਬਾਈਬਲ ਦੀਆਂ ਯਾ ਇਸ ਦੇ ਹਿੱਸਿਆਂ ਦੀਆਂ ਤਕਰੀਬਨ 11,000 ਹੱਥਲਿਖਤ ਕਾਪੀਆਂ ਹੋਂਦ ਵਿਚ ਹਨ, ਜਿਨ੍ਹਾਂ ਵਿਚੋਂ ਕਈਆਂ ਦੀ ਤਾਰੀਖ ਉਨ੍ਹਾਂ ਦੀ ਮੁੱਢਲੀ ਲਿਖਾਈ ਦੇ ਸਮੇਂ ਦੇ ਕਰੀਬ ਹੈ। ਇਹ ਫਿਰ ਵੀ ਬਚੀਆਂ ਹੋਈਆਂ ਹਨ ਭਾਵੇਂ ਬਾਈਬਲ ਦੇ ਉੱਤੇ ਸਭ ਤੋਂ ਸੰਕੇਂਦ੍ਰਿਤ ਕਲਪਨਾਯੋਗ ਹਮਲੇ ਹੋ ਚੁੱਕੇ ਹਨ।

6. ਬਾਈਬਲ ਕਿੰਨੇ ਵਿਆਪਕ ਰੂਪ ਵਿਚ ਵਿਤਰਤ ਕੀਤੀ ਜਾ ਚੁੱਕੀ ਹੈ?

6 ਨਾਲੇ, ਇਤਿਹਾਸ ਵਿਚ ਬਾਈਬਲ ਸਭ ਤੋਂ ਵਿਆਪਕ ਰੂਪ ਵਿਚ ਵਿਤਰਤ ਕਿਤਾਬ ਹੈ। ਤਕਰੀਬਨ ਤਿੰਨ ਅਰਬ ਬਾਈਬਲਾਂ ਯਾ ਇਸ ਦੇ ਹਿੱਸੇ ਕੁਝ ਦੋ ਹਜ਼ਾਰ ਭਾਸ਼ਾਵਾਂ ਵਿਚ ਵਿਤਰਤ ਕੀਤੇ ਜਾ ਚੁੱਕੇ ਹਨ। ਇਹ ਆਖਿਆ ਜਾਂਦਾ ਹੈ ਕਿ 98 ਫੀ ਸਦੀ ਮਾਨਵ ਪਰਿਵਾਰ ਨੂੰ ਆਪਣੀ ਭਾਸ਼ਾ ਵਿਚ ਬਾਈਬਲ ਉਪਲਬਧ ਹੈ। ਕੋਈ ਵੀ ਹੋਰ ਕਿਤਾਬ ਇਸ ਪ੍ਰਸਾਰ ਦੇ ਕਰੀਬ ਨਹੀਂ ਆਉਂਦੀ ਹੈ।

7. ਬਾਈਬਲ ਦੀ ਯਥਾਰਥਕਤਾ ਬਾਰੇ ਕੀ ਆਖਿਆ ਜਾ ਸਕਦਾ ਹੈ?

7 ਇਸ ਦੇ ਅਤਿਰਿਕਤ, ਕੋਈ ਵੀ ਹੋਰ ਪ੍ਰਾਚੀਨ ਕਿਤਾਬ ਯਥਾਰਥਕਤਾ ਦੇ ਸੰਬੰਧ ਵਿਚ ਬਾਈਬਲ ਦੇ ਨਾਲ ਤੁਲਨਾ ਨਹੀਂ ਕਰ ਕਰਦੀ ਹੈ। ਵਿਗਿਆਨੀ, ਇਤਿਹਾਸਕਾਰ, ਪੁਰਾਤੱਤਵ-ਵਿਗਿਆਨੀ, ਭੂਗੋਲਵੇਤਾ, ਭਾਸ਼ਾ ਵਿਸ਼ੇਸ਼ੱਗ, ਅਤੇ ਹੋਰ ਵਿਅਕਤੀ ਲਗਾਤਾਰ ਬਾਈਬਲ ਦੇ ਬਿਰਤਾਂਤਾਂ ਨੂੰ ਤਸਦੀਕ ਕਰਦੇ ਹਨ।

ਵਿਗਿਆਨਿਕ ਯਥਾਰਥਕਤਾ

8.ਵਿਗਿਆਨ ਦੇ ਮਾਮਲਿਆਂ ਵਿਚ ਬਾਈਬਲ ਕਿੰਨੀ ਸਹੀ ਹੈ?

8 ਮਿਸਾਲ ਲਈ, ਚਾਹੇ ਬਾਈਬਲ ਵਿਗਿਆਨਿਕ ਪਾਠ-ਪੁਸਤਕ ਦੇ ਤੌਰ ਤੇ ਨਹੀਂ ਲਿਖੀ ਗਈ ਸੀ, ਇਹ ਸੱਚੇ ਵਿਗਿਆਨ ਨਾਲ ਇਕਸਾਰ ਹੈ ਜਦੋਂ ਇਹ ਵਿਗਿਆਨਿਕ ਮਾਮਲਿਆਂ ਬਾਰੇ ਗੱਲਾਂ ਦੱਸਦੀ ਹੈ। ਮਗਰ ਦੂਸਰੀਆਂ ਪਵਿੱਤਰ ਮੰਨੀਆਂ ਗਈਆਂ ਪ੍ਰਾਚੀਨ ਕਿਤਾਬਾਂ ਵਿਚ ਵਿਗਿਆਨਿਕ ਕਾਲਪਨਿਕ ਕਥਾਵਾਂ, ਅਸ਼ੁੱਧਤਾਵਾਂ, ਅਤੇ ਸਰਾਸਰ ਝੂਠ ਪਾਏ ਜਾਂਦੇ ਹਨ। ਬਾਈਬਲ ਦੀ ਵਿਗਿਆਨਿਕ ਯਥਾਰਥਕਤਾ ਦੇ ਅਨੇਕ ਉਦਾਹਰਣਾਂ ਵਿਚੋਂ ਕੇਵਲ ਚਾਰ ਉੱਤੇ ਧਿਆਨ ਦਿਓ:

9, 10. ਆਪਣੇ ਸਮੇਂ ਦੇ ਗੈਰ-ਵਿਗਿਆਨਿਕ ਵਿਚਾਰਾਂ ਨੂੰ ਪ੍ਰਤਿਬਿੰਬਿਤ ਕਰਨ ਦੀ ਬਜਾਇ, ਬਾਈਬਲ ਨੇ ਧਰਤੀ ਦੇ ਸਹਾਰੇ ਬਾਰੇ ਕੀ ਆਖਿਆ ਸੀ?

9ਧਰਤੀ ਪੁਲਾੜ ਵਿਚ ਕਿਸ ਤਰ੍ਹਾਂ ਲਟਕਾਈ ਹੋਈ ਹੈ। ਪ੍ਰਾਚੀਨ ਸਮਿਆਂ ਵਿਚ ਜਦੋਂ ਬਾਈਬਲ ਲਿਖੀ ਜਾ ਰਹੀ ਸੀ, ਉਦੋਂ ਕਾਫ਼ੀ ਅਨੁਮਾਨ ਲਾਇਆ ਜਾਂਦਾ ਸੀ ਕਿ ਧਰਤੀ ਕਿਸ ਤਰ੍ਹਾਂ ਪੁਲਾੜ ਵਿਚ ਲਟਕਾਈ ਹੋਈ ਹੈ। ਕਈ ਮੰਨਦੇ ਸੀ ਕਿ ਸਾਡੀ ਧਰਤੀ ਇਕ ਵੱਡੇ ਸਮੁੰਦਰੀ ਕੱਛੂ ਉੱਤੇ ਖੜੋਤੇ ਚਾਰ ਹਾਥੀਆਂ ਉੱਤੇ ਟਿਕੀ ਹੋਈ ਹੈ। ਚੌਥੀ ਸਦੀ ਸਾ.ਯੁ.ਪੂ. ਦੇ ਇਕ ਯੂਨਾਨੀ ਫਿਲਾਸਫਰ ਅਤੇ ਵਿਗਿਆਨੀ, ਅਰਸਤੂ ਸਿੱਖਿਆ ਦਿੰਦਾ ਸੀ ਕਿ ਇਹ ਧਰਤੀ ਖਾਲੀ ਪੁਲਾੜ ਵਿਚ ਕਦੇ ਵੀ ਨਹੀਂ ਲਟਕ ਸਕਦੀ ਹੈ। ਇਸ ਦੀ ਬਜਾਇ, ਉਹ ਸਿਖਾਉਂਦਾ ਸੀ ਕਿ ਆਕਾਸ਼-ਪਿੰਡਾਂ ਮਜ਼ਬੂਤ, ਪਾਰਦਰਸ਼ੀ ਗੋਲਿਆਂ ਦੇ ਤਲ ਨਾਲ ਜੁੜੇ ਹੋਏ ਹਨ, ਅਤੇ ਹਰੇਕ ਗੋਲਾ ਇਕ ਦੂਸਰੇ ਗੋਲੇ ਦੇ ਵਿਚਕਾਰ ਧਰਿਆ ਹੋਇਆ ਹੈ। ਇਹ ਕਲਪਨਾ ਕੀਤੀ ਜਾਂਦੀ ਸੀ ਕਿ ਧਰਤੀ ਸਭ ਤੋਂ ਅੰਦਰਲੇ ਗੋਲੇ ਤੇ ਸੀ, ਅਤੇ ਸਭ ਤੋਂ ਬਾਹਰਲੇ ਗੋਲੇ ਵਿਚ ਤਾਰੇ ਵੱਸਦੇ ਸਨ।

10 ਫਿਰ ਵੀ, ਉਨ੍ਹਾਂ ਕਾਲਪਨਿਕ, ਗੈਰ-ਵਿਗਿਆਨਿਕ ਵਿਚਾਰਾਂ ਨੂੰ ਪ੍ਰਤਿਬਿੰਬਿਤ ਕਰਨ ਦੀ ਬਜਾਇ ਜਿਹੜੇ ਬਾਈਬਲ ਦੇ ਲਿਖੇ ਜਾਣ ਦੇ ਸਮੇਂ ਹੋਂਦ ਵਿਚ ਸਨ, ਬਾਈਬਲ ਨੇ (ਤਕਰੀਬਨ ਸੰਨ 1473 ਸਾ.ਯੁ.ਪੂ. ਵਿਚ) ਸਾਫ਼-ਸਾਫ਼ ਬਿਆਨ ਕੀਤਾ ਸੀ: “[ਪਰਮੇਸ਼ੁਰ] ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ!” (ਅੱਯੂਬ 26:7) ਮੁੱਢਲੀ ਇਬਰਾਨੀ ਭਾਸ਼ਾ ਵਿਚ, ਇੱਥੇ “ਬਿਨਾ ਸਹਾਰੇ” ਦੇ ਲਈ ਇਸਤੇਮਾਲ ਕੀਤੇ ਗਏ ਸ਼ਬਦ ਦਾ ਅਰਥ ਹੈ “ਕੋਈ ਚੀਜ਼ ਨਹੀਂ,” ਅਤੇ ਬਾਈਬਲ ਵਿਚ ਇਹੋ ਹੀ ਕੇਵਲ ਇਕ ਵਾਰ ਹੈ ਜਿੱਥੇ ਇਹ ਪਾਇਆ ਜਾਂਦਾ ਹੈ। ਧਰਤੀ ਦੇ ਆਲੇ-ਦੁਆਲੇ ਖਾਲੀ ਪੁਲਾੜ ਦੀ ਇਹ ਜੋ ਤਸਵੀਰ ਪੇਸ਼ ਕਰਦੀ ਹੈ, ਵਿਦਵਾਨਾਂ ਦੁਆਰਾ ਉਸ ਸਮੇਂ ਲਈ ਇਕ ਧਿਆਨਯੋਗ ਪੂਰਬਦ੍ਰਿਸ਼ਟੀ ਮੰਨੀ ਜਾਂਦੀ ਹੈ। ਥੀਉਲੌਜੀਕਲ ਵਰਡਬੁੱਕ ਆਫ਼ ਦੀ ਓਲਡ ਟੈਸਟਾਮੈਂਟ ਆਖਦੀ ਹੈ: “ਅੱਯੂਬ 26:7 ਪ੍ਰਭਾਵਸ਼ਾਲੀ ਢੰਗ ਨਾਲ ਪੁਲਾੜ ਵਿਚ ਲਟਕਾਈ ਹੋਈ ਉਸ ਸਮੇਂ ਦੀ ਗਿਆਤ ਦੁਨੀਆਂ ਦੀ ਤਸਵੀਰ ਦਿੰਦਾ ਹੈ, ਅਤੇ ਇਸ ਤਰ੍ਹਾਂ ਅਗਾਮੀ ਵਿਗਿਆਨਿਕ ਲੱਭਤ ਦਾ ਪੂਰਬਅਨੁਮਾਨ ਲਗਾਉਂਦਾ ਹੈ।”

11, 12. ਅੱਯੂਬ 26:7 ਦੀ ਸੱਚਾਈ ਨੂੰ ਮਨੁੱਖਾਂ ਨੇ ਕਦੋਂ ਸਮਝਿਆ?

11 ਬਾਈਬਲ ਦਾ ਸਹੀ ਬਿਆਨ ਅਰਸਤੂ ਤੋਂ 1,100 ਤੋਂ ਜ਼ਿਆਦਾ ਸਾਲਾਂ ਪਹਿਲਾਂ ਲਿਖਿਆ ਗਿਆ ਸੀ। ਪਰ ਫਿਰ ਵੀ, ਉਸ ਦੀ ਮੌਤ ਤੋਂ ਬਾਅਦ ਕੁਝ 2,000 ਸਾਲਾਂ ਲਈ, ਅਰਸਤੂ ਦੇ ਵਿਚਾਰ ਹਕੀਕਤ ਦੇ ਤੌਰ ਤੇ ਸਿਖਲਾਏ ਜਾਣੇ ਜਾਰੀ ਰਹੇ! ਆਖ਼ਰਕਾਰ, 1687 ਸਾ.ਯੁ. ਵਿਚ, ਸਰ ਆਈਜ਼ਕ ਨਿਊਟਨ ਨੇ ਆਪਣੀਆ ਲੱਭਤਾਂ ਪ੍ਰਕਾਸ਼ਿਤ ਕੀਤੀਆਂ ਕਿ ਧਰਤੀ ਦੂਸਰਿਆਂ ਆਕਾਸ਼-ਪਿੰਡਾਂ ਦੇ ਸੰਬੰਧ ਵਿਚ ਆਪਸੀ ਆਕਰਸ਼ਣ ਨਾਲ, ਅਰਥਾਤ, ਗੁਰੂਤਾ-ਖਿੱਚ ਨਾਲ ਪੁਲਾੜ ਵਿਚ ਟਿਕੀ ਹੋਈ ਸੀ। ਲੇਕਨ ਇਹ ਤਾਂ ਬਾਈਬਲ ਦੇ ਸ਼ਾਨਦਾਰ ਸਾਦਗੀ ਨਾਲ ਕੀਤੇ ਗਏ ਬਿਆਨ, ਕਿ ਧਰਤੀ “ਬਿਨਾ ਸਹਾਰੇ” ਲਟਕ ਰਹੀ ਹੈ, ਤੋਂ ਤਕਰੀਬਨ 3,200 ਸਾਲ ਬਾਅਦ ਹੋਇਆ।

12 ਹਾਂ, ਤਕਰੀਬਨ 3,500 ਸਾਲ ਪਹਿਲਾਂ, ਬਾਈਬਲ ਨੇ ਸਹੀ ਤਰ੍ਹਾਂ ਨੋਟ ਕੀਤਾ ਸੀ ਕਿ ਧਰਤੀ ਦਾ ਕੋਈ ਦ੍ਰਿਸ਼ਟ ਸਹਾਰਾ ਨਹੀਂ ਹੈ, ਇਕ ਹਕੀਕਤ ਜਿਹੜੀ ਗੁਰੂਤਾ-ਖਿੱਚ ਅਤੇ ਗਤੀ ਦੇ ਹਾਲ ਹੀ ਦੇ ਸਮਝੇ ਹੋਏ ਨਿਯਮਾਂ ਦੇ ਨਾਲ ਇਕਸਾਰਤਾ ਵਿਚ ਹੈ। “ਅੱਯੂਬ ਸੱਚਾਈ ਕਿਵੇਂ ਜਾਣਦਾ ਸੀ,” ਇਕ ਵਿਦਵਾਨ ਨੇ ਆਖਿਆ, “ਇਹ ਇਕ ਸਵਾਲ ਹੈ ਜੋ ਉਨ੍ਹਾਂ ਦੁਆਰਾ ਸੌਖੀ ਤਰ੍ਹਾਂ ਨਹੀਂ ਸੁਲਝਾਇਆ ਜਾਂਦਾ ਹੈ ਜਿਹੜੇ ਪਵਿੱਤਰ ਸ਼ਾਸਤਰਾਂ ਦੀ ਪ੍ਰੇਰਣਾ ਦਾ ਇਨਕਾਰ ਕਰਦੇ ਹਨ।”

13. ਸਦੀਆਂ ਪਹਿਲਾਂ ਲੋਕ ਧਰਤੀ ਦੇ ਆਕਾਰ ਨੂੰ ਕਿਸ ਤਰ੍ਹਾਂ ਸਮਝਦੇ ਸਨ, ਪਰ ਉਨ੍ਹਾਂ ਦੇ ਖ਼ਿਆਲ ਨੂੰ ਕਿਸ ਚੀਜ਼ ਨੇ ਬਦਲ ਦਿੱਤਾ?

13ਧਰਤੀ ਦਾ ਆਕਾਰ। ਦ ਐਨਸਾਈਕਲੋਪੀਡੀਆ ਅਮੈਰੀਕਾਨਾ ਨੇ ਆਖਿਆ: “ਧਰਤੀ ਬਾਰੇ ਮਨੁੱਖਾਂ ਦਾ ਸਭ ਤੋਂ ਪ੍ਰਾਚੀਨ ਗਿਆਤ ਖ਼ਿਆਲ ਇਹ ਸੀ ਕਿ ਇਹ ਵਿਸ਼ਵ-ਮੰਡਲ ਦੇ ਮੱਧ ਵਿਚ ਇਕ ਚਪਟੀ, ਮਜ਼ਬੂਤ ਪਲੇਟਫਾਰਮ ਹੈ। . . . ਇਕ ਗੋਲ ਧਰਤੀ ਦਾ ਵਿਚਾਰ ਵਿਆਪਕ ਰੂਪ ਵਿਚ ਪੁਨਰ-ਜਾਗ੍ਰਿਤੀ ਕਾਲ (Renaissance) ਤਕ ਸਵੀਕਾਰ ਨਹੀਂ ਕੀਤਾ ਗਿਆ ਸੀ।” ਪਹਿਲੇ ਸਮੇਂ ਦੇ ਕੁਝ ਨੌਚਾਲਕਾਂ ਨੂੰ ਇਹ ਵੀ ਡਰ ਸੀ ਕਿ ਉਹ ਚਪਟੀ ਧਰਤੀ ਦੇ ਕੰਢੇ ਤੋਂ ਡਿੱਗ ਪੈਣਗੇ। ਪਰ ਫਿਰ ਕੰਪਾਸ ਦੇ ਆਰੰਭ ਅਤੇ ਹੋਰ ਦੂਸਰੀਆਂ ਪ੍ਰਗਤੀਆਂ ਨੇ ਅੱਗੇ ਨਾਲੋਂ ਲੰਬੇ ਸਮੁੰਦਰੀ ਸਫ਼ਰ ਮੁਮਕਿਨ ਕਰ ਦਿੱਤੇ। ਇਕ ਹੋਰ ਐਨਸਾਈਕਲੋਪੀਡੀਆ ਵਿਆਖਿਆ ਕਰਦੀ ਹੈ, ਕਿ ਇਨ੍ਹਾਂ “ਲੱਭਤਾਂ ਵਾਲੇ ਸਮੁੰਦਰੀ ਸਫ਼ਰਾਂ ਨੇ ਵਿਖਾਇਆ ਕਿ ਦੁਨੀਆਂ ਗੋਲ ਹੈ, ਚਪਟੀ ਨਹੀਂ, ਜਿਵੇਂ ਜ਼ਿਆਦਾ ਲੋਕਾਂ ਨੇ ਵਿਸ਼ਵਾਸ ਕੀਤਾ ਸੀ।”

14. ਬਾਈਬਲ ਨੇ ਧਰਤੀ ਦੇ ਆਕਾਰ ਨੂੰ ਕਿਸ ਤਰ੍ਹਾਂ ਵਰਣਨ ਕੀਤਾ, ਅਤੇ ਕਦੋਂ?

14 ਪਰ ਫਿਰ, ਅਜੇਹਿਆਂ ਸਮੁੰਦਰੀ ਸਫ਼ਰਾਂ ਤੋਂ ਬਹੁਤ ਸਮਾਂ ਪਹਿਲਾਂ, ਤਕਰੀਬਨ 2,700 ਸਾਲ ਪਹਿਲਾਂ, ਬਾਈਬਲ ਨੇ ਆਖਿਆ ਸੀ: “ਉਹੋ ਹੈ ਜਿਹੜਾ ਧਰਤੀ ਦੇ ਕੁੰਡਲ ਉੱਪਰ ਬਹਿੰਦਾ ਹੈ।” (ਯਸਾਯਾਹ 40:22) ਇੱਥੇ “ਕੁੰਡਲ” ਤਰਜਮਾ ਕੀਤਾ ਗਿਆ ਇਬਰਾਨੀ ਸ਼ਬਦ ਦਾ ਅਰਥ “ਗੋਲਾ,” ਵੀ ਹੋ ਸਕਦਾ ਹੈ, ਜਿਸ ਤਰ੍ਹਾਂ ਵਿਭਿੰਨ ਪ੍ਰਸੰਗ ਕਿਰਤ ਵਿਖਾਉਂਦੇ ਹਨ। ਇਸ ਲਈ, ਬਾਈਬਲ ਦੇ ਹੋਰ ਤਰਜਮੇ ਆਖਦੇ ਹਨ, “ਧਰਤੀ ਦਾ ਗੋਲਾ” (ਡੂਏ ਵਰਯਨ) ਅਤੇ, “ਗੋਲ ਧਰਤੀ।”—ਮੌਫ਼ਟ।

15. ਬਾਈਬਲ ਧਰਤੀ ਬਾਰੇ ਗੈਰ-ਵਿਗਿਆਨਿਕ ਵਿਚਾਰਾਂ ਦੁਆਰਾ ਕਿਉਂ ਨਹੀਂ ਪ੍ਰਭਾਵਿਤ ਹੋਈ?

15 ਇਸ ਤਰ੍ਹਾਂ, ਧਰਤੀ ਦੇ ਸਹਾਰੇ ਅਤੇ ਇਸ ਦੇ ਆਕਾਰ ਦੇ ਸੰਬੰਧ ਵਿਚ ਬਾਈਬਲ ਉਸ ਸਮੇਂ ਦੇ ਗੈਰ-ਵਿਗਿਆਨਿਕ ਵਿਚਾਰਾਂ ਦੁਆਰਾ ਪ੍ਰਭਾਵਿਤ ਨਹੀਂ ਹੋਈ ਸੀ। ਇਸ ਦਾ ਕਾਰਨ ਸਾਧਾਰਣ ਹੈ: ਬਾਈਬਲ ਦਾ ਕਰਤਾ ਵਿਸ਼ਵ-ਮੰਡਲ ਦਾ ਕਰਤਾ ਹੈ। ਉਸ ਨੇ ਧਰਤੀ ਨੂੰ ਸ੍ਰਿਸ਼ਟ ਕੀਤਾ, ਇਸ ਲਈ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿਸ ਚੀਜ਼ ਤੇ ਲਟਕੀ ਹੋਈ ਹੈ ਅਤੇ ਇਸ ਦਾ ਆਕਾਰ ਕੀ ਹੈ। ਇਸ ਲਈ, ਜਦੋਂ ਉਸ ਨੇ ਬਾਈਬਲ ਨੂੰ ਪ੍ਰੇਰਿਤ ਕੀਤਾ, ਉਸ ਨੇ ਇਹ ਨਿਸ਼ਚਿਤ ਕੀਤਾ ਕਿ ਕੋਈ ਗੈਰ-ਵਿਗਿਆਨਿਕ ਵਿਚਾਰ ਇਸ ਵਿਚ ਨਾ ਰਲਾਏ ਜਾਣ, ਭਾਵੇਂ ਉਸ ਸਮੇਂ ਦੇ ਦੂਸਰੇ ਲੋਕ ਉਨ੍ਹਾਂ ਵਿਚਾਰਾਂ ਨੂੰ ਕਿੰਨਾ ਹੀ ਕਿਉਂ ਨਾ ਮੰਨਦੇ ਹੋਣ।

16. ਜੀਉਂਦੀਆਂ ਚੀਜ਼ਾਂ ਦੀ ਬਣਤਰ ਬਾਈਬਲ ਦੇ ਬਿਆਨ ਨਾਲ ਕਿਸ ਤਰ੍ਹਾਂ ਸਹਿਮਤ ਹੈ?

16ਜੀਉਂਦੀਆਂ ਚੀਜ਼ਾਂ ਦੀ ਬਣਤਰ। “ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ,” ਉਤਪਤ 2:7 ਬਿਆਨ ਕਰਦਾ ਹੈ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਆਖਦੀ ਹੈ: “ਸਾਰੇ ਰਸਾਇਣਿਕ ਤੱਤ ਜਿਨ੍ਹਾਂ ਨਾਲ ਜੀਉਂਦੀਆਂ ਚੀਜ਼ਾਂ ਬਣੀਆਂ ਹੁੰਦੀਆਂ ਹਨ ਨਿਰ-ਜੀਵ ਪਦਾਰਥਾਂ ਵਿਚ ਵੀ ਸ਼ਾਮਲ ਹਨ।” ਤਾਂ ਫਿਰ ਸਾਰੇ ਮੂਲ ਰਸਾਇਣ ਜਿਨ੍ਹਾਂ ਨਾਲ ਜੀਉਂਦੇ ਜੀਵ ਬਣੇ ਹੋਏ ਹਨ, ਜਿਸ ਵਿਚ ਮਨੁੱਖ ਵੀ ਸ਼ਾਮਲ ਹੈ, ਧਰਤੀ ਵਿਚ ਵੀ ਪਾਏ ਜਾਂਦੇ ਹਨ। ਇਹ ਬਾਈਬਲ ਦੇ ਉਸ ਬਿਆਨ ਨਾਲ ਇਕਸਾਰਤਾ ਵਿਚ ਹੈ ਜੋ ਉਸ ਪਦਾਰਥ ਦੀ ਪਛਾਣ ਦਿੰਦਾ ਹੈ ਜੋ ਪਰਮੇਸ਼ੁਰ ਨੇ ਮਨੁੱਖਾਂ ਅਤੇ ਹੋਰ ਦੂਸਰੀਆਂ ਜੀਉਂਦੀਆਂ ਚੀਜ਼ਾਂ ਨੂੰ ਸ੍ਰਿਸ਼ਟ ਕਰਨ ਵਿਚ ਇਸਤੇਮਾਲ ਕੀਤਾ ਸੀ।

17. ਜੀਉਂਦੀਆਂ ਚੀਜ਼ਾਂ ਹੋਂਦ ਵਿਚ ਕਿਵੇਂ ਆਈਆਂ, ਇਸ ਦੇ ਸੰਬੰਧ ਵਿਚ ਸੱਚਾਈ ਕੀ ਹੈ?

17“ਆਪੋ ਆਪਣੀ ਜਿਨਸ ਦੇ ਅਨੁਸਾਰ।” ਬਾਈਬਲ ਬਿਆਨ ਕਰਦੀ ਹੈ ਕਿ ਪਰਮੇਸ਼ੁਰ ਨੇ ਪਹਿਲੀ ਮਨੁੱਖੀ ਜੋੜੀ ਨੂੰ ਸ੍ਰਿਸ਼ਟ ਕੀਤਾ ਅਤੇ ਉਨ੍ਹਾਂ ਤੋਂ ਸਾਰੇ ਦੂਸਰੇ ਮਨੁੱਖ ਆਏ। (ਉਤਪਤ 1:26-28; 3:20) ਇਹ ਆਖਦੀ ਹੈ ਕਿ ਦੂਸਰੀਆਂ ਜੀਉਂਦੀਆਂ ਚੀਜ਼ਾਂ, ਜਿਵੇਂ ਕਿ ਮੱਛੀਆਂ, ਪੰਛੀ, ਅਤੇ ਥਣਧਾਰੀ ਜੀਵ ਵੀ ਇਸੇ ਤਰ੍ਹਾਂ, “ਆਪੋ ਆਪਣੀ ਜਿਨਸ ਦੇ ਅਨੁਸਾਰ” ਪੈਦਾ ਹੋਏ। (ਉਤਪਤ 1:11, 12, 21, 24, 25) ਇਹੀ ਚੀਜ਼ ਵਿਗਿਆਨੀਆਂ ਨੇ ਕੁਦਰਤੀ ਰਚਨਾ ਵਿਚ ਪਾਈ ਹੈ ਕਿ ਹਰ ਜੀਉਂਦੀ ਚੀਜ਼ ਆਪੋ ਆਪਣੇ ਜਿਨਸ ਦੇ ਮਾਂ-ਬਾਪ ਤੋਂ ਆਉਂਦੀ ਹੈ। ਕੋਈ ਅਪਵਾਦ ਨਹੀਂ ਹੈ। ਇਸ ਸੰਬੰਧ ਵਿਚ ਭੌਤਿਕ-ਵਿਗਿਆਨੀ ਰੇਮੋ ਆਖਦਾ ਹੈ: “ਜੀਵਨ ਜੀਵਨ ਨੂੰ ਬਣਾਉਂਦਾ ਹੈ; ਇਹ ਹਰ ਸਮੇਂ ਹਰ ਕੋਸ਼ ਵਿਚ ਹੁੰਦਾ ਹੈ। ਪਰ ਨਿਰਜੀਵ ਨੇ ਜੀਵਨ ਨੂੰ ਕਿਸ ਤਰ੍ਹਾਂ ਬਣਾਇਆ? ਜੀਵ-ਵਿਗਿਆਨ ਵਿਚ ਇਹ ਸਭ ਤੋਂ ਵੱਡਾ ਬੇਜਵਾਬ ਸਵਾਲ ਹੈ, ਅਤੇ ਹੁਣ ਤਕ ਜੀਵ-ਵਿਗਿਆਨੀ ਉਘੜ-ਦੁਘੜ ਅਨੁਮਾਨਾਂ ਤੋਂ ਜ਼ਿਆਦਾ ਕੁਝ ਪੇਸ਼ ਨਹੀਂ ਕਰ ਸਕਦੇ ਹਨ। ਕਿਸੇ-ਨ-ਕਿਸੇ ਤਰ੍ਹਾਂ ਨਿਰਜੀਵ ਸਾਮੱਗਰੀ ਨੇ ਆਪਣੇ ਆਪ ਨੂੰ ਇਕ ਜੀਵਤ ਰੀਤੀ ਵਿਚ ਵਿਵਸਥਿਤ ਕਰ ਲਿਆ। . . . ਆਖ਼ਰਕਾਰ, ਉਤਪਤ ਦਾ ਕਰਤਾ ਸ਼ਾਇਦ ਸਹੀ ਹੀ ਹੋਵੇ।”

ਇਤਿਹਾਸਿਕ ਯਥਾਰਥਕਤਾ

18. ਬਾਈਬਲ ਦੀ ਇਤਿਹਾਸਿਕ ਯਥਾਰਥਕਤਾ ਬਾਰੇ ਇਕ ਵਕੀਲ ਕੀ ਆਖਦਾ ਹੈ?

18 ਹੋਂਦ ਵਿਚ ਕਿਸੇ ਵੀ ਇਤਿਹਾਸ ਦੀ ਕਿਤਾਬ ਨਾਲੋਂ ਬਾਈਬਲ ਵਿਚ ਸਭ ਤੋਂ ਜ਼ਿਆਦਾ ਯਥਾਰਥਕ ਪ੍ਰਾਚੀਨ ਇਤਿਹਾਸ ਪਾਇਆ ਜਾਂਦਾ ਹੈ। ਏ ਲੌਯਰ ਐਗਜ਼ਾਮਿੰਜ਼ ਦ ਬਾਈਬਲ ਕਿਤਾਬ ਇਸ ਦੀ ਇਤਿਹਾਸਿਕ ਯਥਾਰਥਕਤਾ ਨੂੰ ਇਸ ਤਰ੍ਹਾਂ ਵਿਸ਼ੇਸ਼ਤਾ ਦਿੰਦੀ ਹੈ: “ਜਦੋਂ ਕਿ ਪ੍ਰੇਮ ਕਥਾਵਾਂ, ਲੋਕ ਕਥਾਵਾਂ ਅਤੇ ਝੂਠੇ ਪ੍ਰਮਾਣ ਕਿਸੇ ਦੂਰ ਸਥਾਨ ਅਤੇ ਕਿਸੇ ਅਸਪੱਸ਼ਟ ਸਮੇਂ ਵਿਚ ਆਪਣੀਆਂ ਦੱਸੀਆਂ ਘਟਨਾਵਾਂ ਨੂੰ ਧਰਨ ਵਾਸਤੇ ਸਾਵਧਾਨ ਹੁੰਦੇ ਹਨ, ਉਨ੍ਹਾਂ ਪਹਿਲੇ ਨਿਯਮਾਂ ਨੂੰ ਤੋੜਦੇ ਹੋਏ ਜਿਹੜੇ ਅਸੀਂ ਵਕੀਲ ਅੱਛੀ ਅਪੀਲ ਕਰਨ ਦੇ ਸੰਬੰਧ ਵਿਚ ਸਿੱਖਦੇ ਹਾਂ ਕਿ ‘ਘੋਸ਼ਣਾ ਨੂੰ ਸਮਾਂ ਅਤੇ ਸਥਾਨ ਦੱਸਣਾ ਚਾਹੀਦਾ ਹੈ,’ ਬਾਈਬਲ ਬਿਰਤਾਂਤ ਕਥਿਤ ਗੱਲਾਂ ਦੀ ਅਤਿਅੰਤ ਅਚੂਕਤਾ ਨਾਲ ਤਾਰੀਖ ਅਤੇ ਸਥਾਨ ਦੱਸਦੇ ਹਨ।”

19. ਬਾਈਬਲ ਦੇ ਇਤਿਹਾਸਿਕ ਵੇਰਵਿਆਂ ਬਾਰੇ ਇਕ ਸ੍ਰੋਤ ਕਿਸ ਤਰ੍ਹਾਂ ਟਿੱਪਣੀ ਕਰਦਾ ਹੈ?

19ਦ ਨਿਊ ਬਾਈਬਲ ਡਿਕਸ਼ਨਰੀ ਟਿੱਪਣੀ ਕਰਦੀ ਹੈ: “[ਰਸੂਲਾਂ ਦੇ ਕਰਤੱਬ ਦਾ ਲਿਖਾਰੀ] ਆਪਣੇ ਬਿਰਤਾਂਤ ਨੂੰ ਸਮਕਾਲੀਨ ਇਤਿਹਾਸ ਦੇ ਢਾਂਚੇ ਵਿਚ ਦੱਸਦਾ ਹੈ; ਉਹ ਦੇ ਸਫ਼ੇ ਸਿਟੀ ਮੈਜਿਸਟ੍ਰੇਟਾਂ, ਸੂਬੇਦਾਰਾਂ, ਪ੍ਰਾਧੀਨ ਰਾਜਿਆਂ, ਅਤੇ ਇਨ੍ਹਾਂ ਵਰਗਿਆਂ ਦੇ ਹਵਾਲਿਆਂ ਨਾਲ ਭਰਪੂਰ ਹਨ, ਅਤੇ ਇਹ ਹਵਾਲੇ ਵਾਰ-ਵਾਰ ਆਪਣੇ ਸਥਾਨ ਅਤੇ ਸਮੇਂ ਦੇ ਸੰਬੰਧ ਵਿਚ ਸਹੀ ਸਾਬਤ ਹੁੰਦੇ ਹਨ।”

20, 21. ਬਾਈਬਲ ਦਾ ਇਕ ਵਿਦਵਾਨ ਬਾਈਬਲ ਦੇ ਇਤਿਹਾਸ ਬਾਰੇ ਕੀ ਆਖਦਾ ਹੈ?

20ਦ ਯੂਨੀਅਨ ਬਾਈਬਲ ਕੰਪੈਨੀਅਨ ਵਿਚ ਲਿਖਦੇ ਹੋਏ, ਐੱਸ. ਔਸਟਿਨ ਐਲੀਬੋਨ ਆਖਦਾ ਹੈ: “ਸਰ ਆਈਜ਼ਕ ਨਿਊਟਨ . . . ਪ੍ਰਾਚੀਨ ਲਿਖਤਾਂ ਦੇ ਆਲੋਚਕ ਵਜੋਂ ਵੀ ਉੱਘਾ ਸੀ, ਅਤੇ ਪਵਿੱਤਰ ਸ਼ਾਸਤਰਾਂ ਨੂੰ ਬੜੇ ਧਿਆਨ ਨਾਲ ਪਰਖਿਆ। ਇਸ ਨੁਕਤੇ ਉੱਤੇ ਉਹ ਦਾ ਕੀ ਫ਼ੈਸਲਾ ਹੈ? ਉਹ ਆਖਦਾ ਹੈ, ‘ਮੈਨੂੰ ਕਿਸੇ ਵੀ ਦੁਨਿਆਵੀ ਇਤਿਹਾਸ ਨਾਲੋਂ ਨਵੇਂ ਨੇਮ ਵਿਚ ਪ੍ਰਮਾਣਿਕਤਾ ਦੇ ਜ਼ਿਆਦਾ ਨਿਸ਼ਚਿਤ ਨਿਸ਼ਾਨ ਲੱਭਦੇ ਹਨ।’ ਡਾ. ਜੌਨਸਨ ਆਖਦਾ ਹੈ ਕਿ ਸਾਡੇ ਕੋਲ ਜ਼ਿਆਦਾ ਸਬੂਤ ਹੈ ਕਿ ਯਿਸੂ ਮਸੀਹ ਕਾਲਵਰੀ ਉੱਤੇ ਮਰਿਆ ਸੀ, ਜਿਵੇਂ ਕਿ ਇੰਜੀਲ ਵਿਚ ਬਿਆਨ ਕੀਤਾ ਗਿਆ ਹੈ, ਉਸ ਨਾਲੋਂ ਕਿ ਜੂਲਿਅਸ ਸੀਜ਼ਰ ਕੈਪਿਟਲ ਵਿਚ ਮਰਿਆ ਸੀ। ਸੱਚ-ਮੁੱਚ ਹੀ, ਸਾਡੇ ਕੋਲ ਕਿਤੇ ਹੀ ਜ਼ਿਆਦਾ ਹੋਰ ਸਬੂਤ ਹੈ।”

21 ਇਹ ਸ੍ਰੋਤ ਅੱਗੇ ਆਖਦਾ ਹੈ: “ਜਿਹੜਾ ਵਿਅਕਤੀ ਇੰਜੀਲ ਦੇ ਇਤਿਹਾਸ ਦੀ ਸੱਚਾਈ ਉੱਤੇ ਸ਼ੱਕ ਕਰਨ ਦਾ ਦਾਅਵਾ ਕਰਦਾ ਹੈ ਉਸ ਨੂੰ ਪੁੱਛੋ ਕਿ ਉਹ ਦੇ ਕੋਲ ਇਹ ਯਕੀਨ ਕਰਨ ਦਾ ਕੀ ਕਾਰਨ ਹੈ ਕਿ ਸੀਜ਼ਰ ਕੈਪਿਟਲ ਵਿਚ ਮਰਿਆ ਸੀ, ਯਾ ਕਿ ਸਮਰਾਟ ਸ਼ਾਰਲਮੇਨ 800 ਵਿਚ ਪੋਪ ਲੀਓ III ਦੁਆਰਾ ਪੱਛਮ ਦਾ ਸਮਰਾਟ ਬਣਾਇਆ ਗਿਆ ਸੀ? . . . ਤੁਸੀਂ ਕਿਵੇਂ ਜਾਣਦੇ ਹੋ ਕਿ [ਇੰਗਲੈਂਡ ਦਾ] ਚਾਰਲਸ I ਵਰਗਾ ਮਨੁੱਖ ਕਦੇ ਵੀ ਜੀਉਂਦਾ ਸੀ, ਅਤੇ ਉਸ ਦਾ ਸਿਰ ਵੱਢਿਆ ਗਿਆ ਸੀ, ਅਤੇ ਉਹ ਦੀ ਥਾਂ ਤੇ ਓਲਿਵਰ ਕ੍ਰੌਮਵੈਲ ਸ਼ਾਸਕ ਬਣਿਆ ਸੀ? . . . ਗੁਰੂਤਾ-ਖਿੱਚ ਦੇ ਨਿਯਮ ਦੀ ਲੱਭਤ ਦੀ ਮਾਨਤਾ ਸਰ ਆਈਜ਼ਕ ਨਿਊਟਨ ਨੂੰ ਦਿੱਤੀ ਜਾਂਦੀ ਹੈ . . . ਇਨ੍ਹਾਂ ਮਨੁੱਖਾਂ ਦੇ ਸੰਬੰਧ ਵਿਚ ਇੱਥੇ ਦੱਸੇ ਗਏ ਸਾਰੇ ਦਾਅਵਿਆਂ ਤੇ ਅਸੀਂ ਯਕੀਨ ਕਰਦੇ ਹਾਂ; ਅਤੇ ਇਸ ਕਰਕੇ ਕਿਉਂਕਿ ਸਾਡੇ ਕੋਲ ਉਨ੍ਹਾਂ ਦੀ ਸੱਚਾਈ ਦਾ ਇਤਿਹਾਸਿਕ ਸਬੂਤ ਹੈ। . . . ਅਗਰ, ਇਸ ਤਰ੍ਹਾਂ ਦਾ ਸਬੂਤ ਦਿਖਾਉਣ ਤੇ ਵੀ ਕੋਈ ਜਣਾ ਯਕੀਨ ਕਰਨ ਤੋਂ ਇਨਕਾਰ ਕਰੇ, ਤਾਂ ਅਸੀਂ ਉਨ੍ਹਾਂ ਨੂੰ ਬੇਵਕੂਫ਼ਾਂ ਵਾਂਗ ਕੱਬੇ ਯਾ ਨਾਉਮੀਦੇ ਅਣਜਾਣ ਵਿਅਕਤੀ ਸਮਝਕੇ ਤਿਆਗ ਦਿੰਦੇ ਹਾਂ।”

22. ਕਈ ਵਿਅਕਤੀ ਬਾਈਬਲ ਦੀ ਪ੍ਰਮਾਣਿਕਤਾ ਨੂੰ ਸਵੀਕਾਰ ਕਰਨ ਤੋਂ ਕਿਉਂ ਇਨਕਾਰ ਕਰਦੇ ਹਨ?

22 ਫਿਰ ਇਹ ਸ੍ਰੋਤ ਸਿੱਟਾ ਕੱਢਦਾ ਹੈ: “ਤਾਂ ਫਿਰ, ਅਸੀਂ ਉਨ੍ਹਾਂ ਬਾਰੇ ਕੀ ਆਖੀਏ ਜਿਹੜੇ, ਪਵਿੱਤਰ ਸ਼ਾਸਤਰਾਂ ਦੀ ਪ੍ਰਮਾਣਿਕਤਾ ਦੇ ਹੁਣ ਪੈਦਾ ਕੀਤੇ ਗਏ ਇੰਨੇ ਸਬੂਤ ਹੋਣ ਦੇ ਬਾਵਜੂਦ ਵੀ, ਆਪਣੇ ਆਪ ਨੂੰ ਅਣਮੰਨੇ ਕਹਾਉਂਦੇ ਹਨ? . . . ਨਿਸ਼ਚੇ ਹੀ ਸਾਨੂੰ ਇਹ ਸਿੱਟਾ ਕੱਢਣ ਦਾ ਕਾਰਨ ਹੈ ਕਿ ਦਿਮਾਗ਼ ਦੀ ਬਜਾਇ ਉਨ੍ਹਾਂ ਦੇ ਦਿਲ ਵਿਚ ਨੁਕਸ ਹੈ;—ਕਿ ਉਹ ਉਸ ਚੀਜ਼ ਉੱਤੇ ਯਕੀਨ ਨਹੀਂ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਗ਼ਮਾਨ ਨੂੰ ਤੋੜੇ, ਅਤੇ ਉਨ੍ਹਾਂ ਨੂੰ ਵੱਖਰਾ ਜੀਵਨ ਬਤੀਤ ਕਰਨ ਲਈ ਮਜ਼ਬੂਰ ਕਰੇ।”

ਅੰਦਰੂਨੀ ਇਕਸਾਰਤਾ ਅਤੇ ਨਿਰਛਲਤਾ

23, 24. ਬਾਈਬਲ ਦੀ ਅੰਦਰੂਨੀ ਇਕਸਾਰਤਾ ਇੰਨੀ ਅਨੋਖੀ ਕਿਉਂ ਹੈ?

23 ਕਲਪਨਾ ਕਰੋ ਕਿ ਰੋਮੀ ਸਾਮਰਾਜ ਦੇ ਸਮੇਂ ਦੇ ਦੌਰਾਨ ਇਕ ਕਿਤਾਬ, ਜਿਸ ਦੀ ਲਿਖਾਈ ਵਿਚ ਵੱਖਰੇ-ਵੱਖਰੇ ਲਿਖਾਰੀਆਂ ਨੇ ਹਿੱਸਾ ਲਿਆ, ਲਿਖਣੀ ਸ਼ੁਰੂ ਹੋਈ, ਮੱਧਕਾਲ ਤਾਈਂ ਜਾਰੀ ਰਹੀ, ਅਤੇ ਇਸ 20ਵੀਂ ਸਦੀ ਵਿਚ ਪੂਰੀ ਕੀਤੀ ਗਈ। ਤੁਸੀਂ ਕਿਸ ਨਤੀਜੇ ਦੀ ਉਮੀਦ ਰੱਖੋਗੇ ਅਗਰ ਉਸ ਦੇ ਲਿਖਾਰੀ ਆਪਣੇ ਪੇਸ਼ਿਆਂ ਵਿਚ ਇੰਨੇ ਭਾਂਤ-ਭਾਂਤ ਦੇ ਹੋਣ ਜਿਵੇਂ ਕਿ ਸੈਨਿਕ, ਰਾਜੇ, ਜਾਜਕ, ਮੱਛਿਆਰੇ, ਚਰਵਾਹੇ, ਅਤੇ ਵੈਦ? ਕੀ ਤੁਸੀਂ ਉਮੀਦ ਕਰੋਗੇ ਕਿ ਉਹ ਕਿਤਾਬ ਇਕਸਾਰ ਅਤੇ ਸੁਮੇਲ ਹੋਵੇਗੀ? ‘ਕਦੇ ਵੀ ਨਹੀਂ!’ ਤੁਸੀਂ ਸ਼ਾਇਦ ਕਹੋ। ਖ਼ੈਰ, ਬਾਈਬਲ ਇਨ੍ਹਾਂ ਹਾਲਾਤਾਂ ਦੇ ਅਧੀਨ ਲਿਖੀ ਗਈ ਸੀ। ਫਿਰ ਵੀ, ਇਹ ਪੂਰੀ ਤਰ੍ਹਾਂ ਇਕਸਾਰ ਹੈ, ਕੇਵਲ ਸਮਸਤ ਵਿਚਾਰਾਂ ਵਿਚ ਹੀ ਨਹੀਂ ਪਰ ਛੋਟੇ ਤੋਂ ਛੋਟੇ ਵੇਰਵਿਆਂ ਵਿਚ ਵੀ।

24 ਬਾਈਬਲ ਕੁਝ 40 ਵੱਖਰੇ-ਵੱਖਰੇ ਲਿਖਾਰੀਆਂ ਦੁਆਰਾ ਲਿਖੀਆਂ ਗਈਆਂ 66 ਕਿਤਾਬਾਂ ਦਾ ਇਕ ਸੰਗ੍ਰਹਿ ਹੈ ਜੋ 1,600 ਸਾਲਾਂ ਦੇ ਸਮੇਂ ਦੇ ਦੌਰਾਨ 1513 ਸਾ.ਯੁ.ਪੂ. ਵਿਚ ਸ਼ੁਰੂ ਹੋਕੇ 98 ਸਾ.ਯੁ. ਵਿਚ ਪੂਰਾ ਹੋਇਆ। ਲਿਖਾਰੀ ਜੀਵਨ ਦੇ ਅਲਗ-ਅਲਗ ਪੇਸ਼ਿਆਂ ਤੋਂ ਸਨ, ਅਤੇ ਕਈਆਂ ਦਾ ਦੂਸਰਿਆਂ ਨਾਲ ਕੋਈ ਸੰਪਰਕ ਨਹੀਂ ਸੀ। ਪਰ ਫਿਰ ਵੀ, ਇਸ ਦੇ ਨਤੀਜੇ ਵਜੋਂ ਬਣੀ ਕਿਤਾਬ ਵਿਚ ਸ਼ੁਰੂ ਤੋਂ ਅੰਤ ਤਕ ਇਕ ਕੇਂਦਰੀ, ਸੁਮੇਲ ਵਿਸ਼ਾ ਪਾਇਆ ਜਾਂਦਾ ਹੈ, ਜਿਵੇਂ ਕਿ ਇਹ ਇਕ ਦਿਮਾਗ਼ ਦੁਆਰਾ ਉਤਪਨ ਕੀਤੀ ਗਈ ਹੋਵੇ। ਅਤੇ ਕਈਆਂ ਦੇ ਵਿਚਾਰ ਦੇ ਉਲਟ, ਬਾਈਬਲ ਪੱਛਮੀ ਸਭਿਅਤਾ ਦਾ ਇਕ ਉਤਪਾਦਨ ਨਹੀਂ ਹੈ, ਪਰੰਤੂ ਇਹ ਪੂਰਬੀ ਵਿਅਕਤੀਆਂ ਦੁਆਰਾ ਲਿਖੀ ਗਈ ਸੀ।

25. ਬਾਈਬਲ ਦੀ ਈਮਾਨਦਾਰੀ ਅਤੇ ਨਿਰਛਲਤਾ ਬਾਈਬਲ ਲਿਖਾਰੀਆਂ ਦੇ ਕਿਹੜੇ ਦਾਅਵੇ ਨੂੰ ਸਮਰਥਨ ਦਿੰਦੀ ਹੈ?

25 ਜਦੋਂ ਕਿ ਪ੍ਰਾਚੀਨ ਲਿਖਾਰੀਆਂ ਨੇ ਕੇਵਲ ਆਪਣੀਆਂ ਕਾਮਯਾਬੀਆਂ ਅਤੇ ਖੂਬੀਆਂ ਦਾ ਹੀ ਵਰਣਨ ਕੀਤਾ, ਬਾਈਬਲ ਦੇ ਲਿਖਾਰੀਆਂ ਨੇ ਖੁਲ੍ਹੀ ਤਰ੍ਹਾਂ ਆਪਣੀਆਂ, ਨਾਲੇ ਆਪਣੇ ਰਾਜਿਆਂ ਅਤੇ ਆਗੂਆਂ ਦੀਆਂ ਗ਼ਲਤੀਆਂ ਸਵੀਕਾਰ ਕੀਤੀਆਂ। ਗਿਣਤੀ 20:1-13 ਅਤੇ ਬਿਵਸਥਾ ਸਾਰ 32:50-52 ਮੂਸਾ ਦੀਆਂ ਅਸਫ਼ਲਤਾਵਾਂ ਨੂੰ ਦਰਜ ਕਰਦੇ ਹਨ, ਅਤੇ ਉਸ ਨੇ ਆਪ ਇਹ ਕਿਤਾਬਾਂ ਲਿਖੀਆਂ। ਯੂਨਾਹ 1:1-3 ਅਤੇ 4:1 ਵਿਚ ਯੂਨਾਹ ਦੀਆਂ ਅਸਫ਼ਲਤਾਵਾਂ ਦੀ ਸੂਚੀ ਦਿੱਤੀ ਗਈ ਹੈ, ਜਿਸ ਨੇ ਇਹ ਬਿਰਤਾਂਤ ਲਿਖੇ ਸਨ। ਮੱਤੀ 17:18-20; 18:1-6; 20:20-28; ਅਤੇ 26:56 ਯਿਸੂ ਦੇ ਚੇਲਿਆਂ ਦੀਆਂ ਕਮਜ਼ੋਰੀਆਂ ਦਰਜ ਕਰਦੇ ਹਨ। ਇਸ ਤਰ੍ਹਾਂ, ਬਾਈਬਲ ਦੇ ਲਿਖਾਰੀਆਂ ਦੀ ਈਮਾਨਦਾਰੀ ਅਤੇ ਨਿਰਛਲਤਾ ਉਨ੍ਹਾਂ ਦਾ ਪਰਮੇਸ਼ੁਰ ਦੁਆਰਾ ਪ੍ਰੇਰਿਤ ਹੋਣ ਦੇ ਦਾਅਵੇ ਨੂੰ ਸਮਰਥਨ ਦਿੰਦੇ ਹਨ।

ਇਹ ਦਾ ਸਭ ਤੋਂ ਵਿਸ਼ੇਸ਼ ਗੁਣ

26, 27. ਬਾਈਬਲ ਵਿਗਿਆਨਿਕ ਅਤੇ ਦੂਸਰਿਆਂ ਮਾਮਲਿਆਂ ਵਿਚ ਕਿਉਂ ਇੰਨੀ ਸਹੀ ਹੈ?

26 ਬਾਈਬਲ ਆਪ ਹੀ ਇਹ ਪ੍ਰਗਟ ਕਰਦੀ ਹੈ ਕਿ ਉਹ ਵਿਗਿਆਨਿਕ, ਇਤਿਹਾਸਿਕ, ਅਤੇ ਹੋਰ ਮਾਮਲਿਆਂ ਵਿਚ ਇੰਨੀ ਸਹੀ ਕਿਉਂ ਹੈ, ਅਤੇ ਇਹ ਕਿਉਂ ਇੰਨੀ ਇਕਸਾਰ ਅਤੇ ਈਮਾਨਦਾਰ ਹੈ। ਇਹ ਦਿਖਾਉਂਦੀ ਹੈ ਕਿ ਉਹ ਸਰਬੋਤਮ ਵਿਅਕਤੀ, ਅਰਥਾਤ ਸਰਬਸ਼ਕਤੀਮਾਨ ਪਰਮੇਸ਼ੁਰ, ਉਹ ਸ੍ਰਿਸ਼ਟੀਕਰਤਾ ਜਿਸ ਨੇ ਇਹ ਵਿਸ਼ਵ-ਮੰਡਲ ਰਚਿਆ, ਬਾਈਬਲ ਦਾ ਕਰਤਾ ਹੈ। ਉਸ ਨੇ ਮਨੁੱਖੀ ਬਾਈਬਲ ਲਿਖਾਰੀਆਂ ਨੂੰ ਕੇਵਲ ਲੇਖਕਾਂ ਵਾਂਗ ਹੀ ਇਸਤੇਮਾਲ ਕੀਤਾ, ਆਪਣੀ ਸ਼ਕਤੀਸ਼ਾਲੀ ਕ੍ਰਿਆਸ਼ੀਲ ਤਾਕਤ ਦੁਆਰਾ ਉਨ੍ਹਾਂ ਨੂੰ ਉਤੇਜਿਤ ਕਰਕੇ ਉਸ ਨੇ ਉਨ੍ਹਾਂ ਨੂੰ ਲਿਖਣ ਲਈ ਪ੍ਰੇਰਿਤ ਕੀਤਾ ਸੀ।

27 ਬਾਈਬਲ ਵਿਚ ਰਸੂਲ ਪੌਲੁਸ ਬਿਆਨ ਕਰਦਾ ਹੈ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” ਅਤੇ ਰਸੂਲ ਪੌਲੁਸ ਨੇ ਇਹ ਵੀ ਆਖਿਆ: “ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਥੋਂ ਮਿਲਿਆ ਤਾਂ ਉਹ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ।”—2 ਤਿਮੋਥਿਉਸ 3:16, 17; 1 ਥੱਸਲੁਨੀਕੀਆਂ 2:13.

28. ਤਾਂ ਫਿਰ, ਬਾਈਬਲ ਕਿੱਥੋਂ ਆਉਂਦੀ ਹੈ?

28 ਇਸ ਲਈ, ਬਾਈਬਲ ਇਕੋ ਕਰਤਾ—ਪਰਮੇਸ਼ੁਰ ਦੇ ਦਿਮਾਗ਼ ਤੋਂ ਆਉਂਦੀ ਹੈ। ਅਤੇ ਉਸ ਦੀ ਹੈਰਾਨਕੁਨ ਸ਼ਕਤੀ ਦੁਆਰਾ ਇਹ ਨਿਸ਼ਚਿਤ ਕਰਨਾ ਕਿ ਲਿਖੀਆਂ ਗਈਆਂ ਗੱਲਾਂ ਦੀ ਖਰਿਆਈ ਸਾਡੇ ਸਮਿਆਂ ਤਾਈਂ ਬਚੀ ਰਹੇ, ਉਸ ਦੇ ਲਈ ਇਕ ਸਾਧਾਰਣ ਕੰਮ ਸੀ। ਇਸ ਬਾਰੇ 1940 ਵਿਚ ਬਾਈਬਲ ਹੱਥਲਿਖਤਾਂ ਦੇ ਇਕ ਉੱਘੇ ਵਿਸ਼ੇਸ਼ੱਗ ਸਰ ਫਰੈਡਰਿਕ ਕੈਨਿਅਨ ਨੇ ਆਖਿਆ: “ਕਿਸੇ ਵੀ ਸ਼ੱਕ ਦੀ ਅੰਤਿਮ ਬੁਨਿਆਦ, ਹੁਣ ਦੂਰ ਕਰ ਦਿੱਤੀ ਗਈ ਹੈ ਕਿ ਮੂਲ ਰੂਪ ਵਿਚ ਸ਼ਾਸਤਰ ਸਾਡੇ ਕੋਲ ਉਸੇ ਤਰ੍ਹਾਂ ਪਹੁੰਚੇ ਹਨ ਜਿਵੇਂ ਲਿਖੇ ਗਏ ਸਨ।”

29. ਪਰਮੇਸ਼ੁਰ ਦੀ ਸੰਚਾਰ ਕਰਨ ਦੀ ਯੋਗਤਾ ਕਿਸ ਤਰ੍ਹਾਂ ਉਦਾਹਰਣ ਦੁਆਰਾ ਦਰਸਾਈ ਜਾ ਸਕਦੀ ਹੈ?

29 ਮਨੁੱਖਾਂ ਕੋਲ ਪੁਲਾੜ ਵਿਚੋਂ ਹਜ਼ਾਰਾਂ ਹੀ ਕਿਲੋਮੀਟਰ ਤੋਂ ਧਰਤੀ ਨੂੰ ਰੇਡੀਓ ਅਤੇ ਦੂਰਦਰਸ਼ਨ ਸਿਗਨਲ ਭੇਜਣ ਦੀ ਯੋਗਤਾ ਹੈ, ਇੱਥੋਂ ਤਕ ਕਿ ਚੰਨ ਤੋਂ ਵੀ। ਪੁਲਾੜੀ ਵਾਹਣਾਂ ਨੇ ਧਰਤੀ ਨੂੰ ਉਨ੍ਹਾਂ ਗ੍ਰਹਿਆਂ ਤੋਂ ਜਿਹੜੇ ਕਰੋੜਾਂ ਕਿਲੋਮੀਟਰ ਦੂਰ ਹਨ ਭੌਤਿਕ ਜਾਣਕਾਰੀ ਅਤੇ ਤਸਵੀਰਾਂ ਵਾਪਸ ਭੇਜੀਆਂ ਹਨ। ਨਿਸ਼ਚੇ ਹੀ ਮਨੁੱਖ ਦਾ ਸ੍ਰਿਸ਼ਟੀਕਰਤਾ, ਰੇਡੀਓ ਲਹਿਰਾਂ ਦਾ ਸ੍ਰਿਸ਼ਟੀਕਰਤਾ, ਘੱਟ ਤੋਂ ਘੱਟ ਇੰਨਾ ਤਾਂ ਕਰ ਸਕਦਾ ਹੋਵੇਗਾ। ਸੱਚ-ਮੁੱਚ ਹੀ, ਬਾਈਬਲ ਨੂੰ ਅਭਿਲੇਖਣ ਕਰਨ ਵਾਸਤੇ ਉਨ੍ਹਾਂ ਵਿਅਕਤੀਆਂ ਦੇ ਮਨਾਂ ਵਿਚ ਸ਼ਬਦ ਅਤੇ ਤਸਵੀਰਾਂ ਨੂੰ ਸੰਚਾਰ ਕਰਨ ਲਈ ਆਪਣੀ ਸਰਬਸ਼ਕਤੀਮਾਨ ਤਾਕਤ ਇਸਤੇਮਾਲ ਕਰਨਾ ਉਸ ਦੇ ਲਈ ਇਕ ਸਾਧਾਰਣ ਗੱਲ ਸੀ।

30. ਕੀ ਪਰਮੇਸ਼ੁਰ ਚਾਹੁੰਦਾ ਹੈ ਕਿ ਮਨੁੱਖਾਂ ਨੂੰ ਪਤਾ ਚਲੇ ਕਿ ਉਸ ਦਾ ਉਨ੍ਹਾਂ ਲਈ ਕੀ ਮਕਸਦ ਹੈ?

30 ਇਸ ਤੋਂ ਇਲਾਵਾ, ਧਰਤੀ ਅਤੇ ਇਸ ਉੱਤੇ ਜੀਵਨ ਬਾਰੇ ਅਨੇਕ ਗੱਲਾਂ ਹਨ ਜਿਹੜੀਆਂ ਮਨੁੱਖਜਾਤੀ ਵਿਚ ਪਰਮੇਸ਼ੁਰ ਦੀ ਦਿਲਚਸਪੀ ਦਾ ਸਬੂਤ ਦਿੰਦੀਆਂ ਹਨ। ਇਸ ਲਈ, ਇਹ ਸਮਝਣਯੋਗ ਹੈ ਕਿ ਉਹ ਇਨ੍ਹਾਂ ਗੱਲਾਂ ਨੂੰ ਸਾਫ਼-ਸਾਫ਼ ਤਰ੍ਹਾਂ ਇਕ ਕਿਤਾਬ—ਇਕ ਸਥਾਈ ਦਸਤਾਵੇਜ਼—ਵਿਚ ਪਰਗਟ ਕਰਕੇ, ਮਨੁੱਖਾਂ ਨੂੰ ਇਹ ਪਤਾ ਲਗਾਉਣ ਲਈ ਮਦਦ ਕਰਨ ਦੀ ਇੱਛਾ ਰੱਖੇਗਾ ਕਿ ਉਹ ਕੌਣ ਹੈ ਅਤੇ ਉਨ੍ਹਾਂ ਵਾਸਤੇ ਉਸ ਦਾ ਕੀ ਮਕਸਦ ਹੈ।

31. ਪ੍ਰੇਰਿਤ ਸੰਦੇਸ਼ ਜਿਹੜਾ ਰਿਕਾਰਡ ਕੀਤਾ ਜਾਂਦਾ ਹੈ, ਮੂੰਹਜ਼ਬਾਨੀ ਅੱਗੇ ਪਹੁੰਚਾਈ ਗਈ ਜਾਣਕਾਰੀ ਨਾਲੋਂ ਕਿਉਂ ਜ਼ਿਆਦਾ ਉੱਤਮ ਹੈ?

31 ਮਨੁੱਖਾਂ ਦੁਆਰਾ ਮੂੰਹਜ਼ਬਾਨੀ ਅੱਗੇ ਪਹੁੰਚਾਈ ਗਈ ਜਾਣਕਾਰੀ ਦੀ ਤੁਲਨਾ ਵਿਚ ਪਰਮੇਸ਼ੁਰ ਦੁਆਰਾ ਲਿਖੀ ਗਈ ਇਕ ਕਿਤਾਬ ਦੀ ਉੱਤਮਤਾ ਤੇ ਵੀ ਧਿਆਨ ਦਿਓ। ਮੂੰਹਜ਼ਬਾਨੀ ਸ਼ਬਦ ਭਰੋਸੇਯੋਗ ਨਹੀਂ ਹੋਣਗੇ, ਕਿਉਂਜੋ ਲੋਕ ਸੰਦੇਸ਼ ਨੂੰ ਸ਼ਬਦਾਰਥ ਕਰਨਗੇ, ਅਤੇ ਸਮਾਂ ਬੀਤਣ ਤੇ, ਉਸ ਦਾ ਅਰਥ ਗ਼ਲਤ-ਬਿਆਨੀ ਹੋ ਜਾਵੇਗਾ। ਉਹ ਮੂੰਹਜ਼ਬਾਨੀ ਸ਼ਬਦਾਂ ਦਾ ਆਪਣੇ ਹੀ ਦ੍ਰਿਸ਼ਟੀਕੋਣ ਦੇ ਅਨੁਸਾਰ ਅੱਗੇ ਜਾਣਕਾਰੀ ਦੱਸਣਗੇ। ਪਰ ਇਕ ਪਰਮੇਸ਼ੁਰ-ਪ੍ਰੇਰਿਤ, ਸਥਾਈ ਲਿਖਤ ਰਿਕਾਰਡ ਵਿਚ ਗਲਤੀਆਂ ਹੋਣ ਦੀ ਘੱਟ ਸੰਭਾਵਨਾ ਹੈ। ਨਾਲੇ, ਇਕ ਕਿਤਾਬ ਦੁਬਾਰਾ ਉਤਪੰਨ ਕੀਤੀ ਅਤੇ ਅਨੁਵਾਦ ਕੀਤੀ ਜਾ ਸਕਦੀ ਹੈ ਤਾਂਕਿ ਵਿਭਿੰਨ ਭਾਸ਼ਾਵਾਂ ਪੜ੍ਹਨ ਵਾਲੇ ਲੋਕ ਇਸ ਤੋਂ ਲਾਭ ਉਠਾ ਸਕਣ। ਸੋ ਕੀ ਇਹ ਮੁਨਾਸਬ ਨਹੀਂ ਹੈ ਕਿ ਸਾਡੇ ਸ੍ਰਿਸ਼ਟੀਕਰਤਾ ਨੇ ਜਾਣਕਾਰੀ ਪੇਸ਼ ਕਰਨ ਲਈ ਇਕ ਅਜੇਹਾ ਜ਼ਰੀਆ ਇਸਤੇਮਾਲ ਕੀਤਾ? ਬਿਲਕੁਲ ਹੀ, ਇਹ ਮੁਨਾਸਬ ਗੱਲ ਤੋਂ ਵੀ ਵੱਧ ਹੈ, ਇਹ ਵੇਖਦੇ ਹੋਏ ਕਿ ਸ੍ਰਿਸ਼ਟੀਕਰਤਾ ਕਹਿੰਦਾ ਹੈ ਕਿ ਉਸ ਨੇ ਇਹੋ ਹੀ ਕੀਤਾ।

ਪੂਰੀ ਹੋਈ ਭਵਿੱਖਬਾਣੀ

32-34. ਬਾਈਬਲ ਵਿਚ ਕਿਹੜੀ ਚੀਜ਼ ਪਾਈ ਜਾਂਦੀ ਹੈ ਜਿਹੜੀ ਕਿਸੇ ਹੋਰ ਕਿਤਾਬ ਵਿਚ ਨਹੀਂ ਹੈ?

32 ਇਸ ਦੇ ਅਤਿਰਿਕਤ, ਬਾਈਬਲ ਵਿਚ ਈਸ਼ਵਰੀ ਪ੍ਰੇਰਣਾ ਦੇ ਚਿੰਨ੍ਹ ਅਨੋਖੇ ਤੌਰ ਤੇ ਪ੍ਰਮੁੱਖ ਤਰੀਕੇ ਤੋਂ ਪ੍ਰਗਟ ਹਨ: ਇਹ ਭਵਿੱਖਬਾਣੀਆਂ ਦੀ ਕਿਤਾਬ ਹੈ ਜਿਨ੍ਹਾਂ ਦੀ ਅਚੂਕ ਪੂਰਣਤਾ ਹੋ ਚੁੱਕੀ ਹੈ ਅਤੇ ਹੋ ਰਹੀ ਹੈ।

33 ਮਿਸਾਲ ਦੇ ਲਈ, ਪ੍ਰਾਚੀਨ ਸੂਰ (Tyre) ਦਾ ਵਿਨਾਸ਼, ਬਾਬਲ ਦਾ ਪਤਨ, ਯਰੂਸ਼ਲਮ ਦੀ ਮੁੜ-ਉਸਾਰੀ, ਮਾਦਾ-ਫਾਰਸੀ ਅਤੇ ਯੂਨਾਨ ਦੇ ਰਾਜਿਆਂ ਦਾ ਉਤਾਰ-ਚੜ੍ਹਾਓ ਬਾਈਬਲ ਵਿਚ ਬਹੁਤ ਵੇਰਵਿਆਂ ਸਹਿਤ ਪਹਿਲਾਂ ਹੀ ਦੱਸੇ ਗਏ ਸਨ। ਉਹ ਭਵਿੱਖਬਾਣੀਆਂ ਇੰਨੀਆਂ ਸਹੀ ਸਨ ਕਿ ਕਈ ਆਲੋਚਕਾਂ ਨੇ, ਬਗੈਰ ਕਾਮਯਾਬੀ ਨਾਲ, ਇਹ ਆਖਣ ਦੀ ਕੋਸ਼ਿਸ਼ ਕੀਤੀ ਕਿ ਉਹ ਘਟਨਾਵਾਂ ਵਾਪਰਨ ਤੋਂ ਬਾਅਦ ਲਿਖੀਆਂ ਗਈਆਂ ਸਨ।—ਯਸਾਯਾਹ 13:17-19; 44:27–45:1; ਹਿਜ਼ਕੀਏਲ 26:3-6; ਦਾਨੀਏਲ 8:1-7, 20-22.

34 ਜੋ ਭਵਿੱਖਬਾਣੀਆਂ ਯਿਸੂ ਨੇ ਯਰੂਸ਼ਲਮ ਦੇ 70 ਸਾ.ਯੁ. ਵਿਚ ਵਿਨਾਸ਼ ਬਾਰੇ ਦਿੱਤੀਆਂ ਸਨ ਉਹ ਸਹੀ ਤਰ੍ਹਾਂ ਪੂਰੀਆਂ ਹੋਈਆਂ। (ਲੂਕਾ 19:41-44; 21:20, 21) ਨਾਲੇ ਯਿਸੂ ਅਤੇ ਪੌਲੁਸ ਦੁਆਰਾ “ਅੰਤ ਦਿਆਂ ਦਿਨਾਂ” ਬਾਰੇ ਦਿੱਤੀਆਂ ਗਈਆਂ ਭਵਿੱਖਬਾਣੀਆਂ ਸਾਡੇ ਆਪਣੇ ਹੀ ਸਮੇਂ ਵਿਚ ਵੇਰਵਿਆਂ ਸਹਿਤ ਪੂਰੀਆਂ ਹੋ ਰਹੀਆਂ ਹਨ।—2 ਤਿਮੋਥਿਉਸ 3:1-5, 13; ਮੱਤੀ 24; ਮਰਕੁਸ 13; ਲੂਕਾ 21.

35. ਬਾਈਬਲ ਦੀ ਭਵਿੱਖਬਾਣੀ ਸਿਰਫ਼ ਸ੍ਰਿਸ਼ਟੀਕਰਤਾ ਕੋਲੋਂ ਹੀ ਕਿਉਂ ਆ ਸਕਦੀ ਹੈ?

35 ਕੋਈ ਵੀ ਮਾਨਵ ਦਿਮਾਗ਼, ਚਾਹੇ ਕਿੰਨਾ ਹੀ ਬੁੱਧੀਮਾਨ ਕਿਉਂ ਨਾ ਹੋਵੇ, ਇੰਨੀ ਸਹੀ ਤਰ੍ਹਾਂ ਨਾਲ ਭਵਿੱਖ ਦੀਆਂ ਘਟਨਾਵਾਂ ਪਹਿਲਾਂ ਦੱਸ ਨਹੀਂ ਸਕਦਾ। ਕੇਵਲ ਵਿਸ਼ਵ ਦੇ ਸਰਬ-ਸ਼ਕਤੀਸ਼ਾਲੀ ਅਤੇ ਸਰਬ-ਬੁੱਧੀਮਾਨ ਸ੍ਰਿਸ਼ਟੀਕਰਤਾ ਦਾ ਦਿਮਾਗ਼ ਹੀ ਇਹ ਦੱਸ ਸਕਦਾ ਸੀ, ਜਿਵੇਂ 2 ਪਤਰਸ 1:20, 21 ਤੇ ਅਸੀਂ ਪੜ੍ਹਦੇ ਹਾਂ: “ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਜਤਨ ਨਾਲ ਨਹੀਂ ਹੁੰਦਾ। ਕਿਉਂਕਿ ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।”

ਇਹ ਉੱਤਰ ਦਿੰਦੀ ਹੈ

36. ਬਾਈਬਲ ਸਾਨੂੰ ਕੀ ਦੱਸਦੀ ਹੈ?

36 ਇਸ ਤਰ੍ਹਾਂ, ਕਈਆਂ ਤਰੀਕਿਆਂ ਵਿਚ, ਬਾਈਬਲ ਇਕ ਸਰਬੋਤਮ ਵਿਅਕਤੀ ਦਾ ਪ੍ਰੇਰਿਤ ਸ਼ਬਦ ਹੋਣ ਦਾ ਸਬੂਤ ਦਿਖਾਉਂਦੀ ਹੈ। ਇਸ ਵਜੋਂ, ਇਹ ਸਾਨੂੰ ਦੱਸਦੀ ਹੈ ਕਿ ਮਨੁੱਖ ਇਸ ਧਰਤੀ ਉੱਤੇ ਕਿਉਂ ਹਨ, ਇੰਨੇ ਕਸ਼ਟ ਕਿਉਂ ਹਨ, ਅਸੀਂ ਕਿੱਥੇ ਜਾ ਰਹੇ ਹਾਂ, ਅਤੇ ਕਿਵੇਂ ਹਾਲਤਾਂ ਬਿਹਤਰ ਹੋ ਜਾਣਗੀਆਂ। ਇਹ ਸਾਨੂੰ ਪ੍ਰਗਟ ਕਰਦੀ ਹੈ ਕਿ ਇਕ ਸਰਬੋਤਮ ਪਰਮੇਸ਼ੁਰ ਹੈ ਜਿਸ ਨੇ ਮਨੁੱਖਾਂ ਅਤੇ ਇਸ ਧਰਤੀ ਨੂੰ ਇਕ ਮਕਸਦ ਲਈ ਰਚਿਆ ਅਤੇ ਕਿ ਉਸ ਦਾ ਮਕਸਦ ਪੂਰਾ ਹੋਵੇਗਾ। (ਯਸਾਯਾਹ 14:24) ਬਾਈਬਲ ਸਾਨੂੰ ਇਹ ਵੀ ਪ੍ਰਗਟ ਕਰਦੀ ਹੈ ਕਿ ਸੱਚਾ ਧਰਮ ਕੀ ਹੈ ਅਤੇ ਅਸੀਂ ਉਸ ਨੂੰ ਕਿਵੇਂ ਲੱਭ ਸਕਦੇ ਹਾਂ। ਇਉਂ, ਇਹੋ ਉੱਤਮ ਬੁੱਧ ਦਾ ਕੇਵਲ ਇਕ ਸ੍ਰੋਤ ਹੈ ਜੋ ਜੀਵਨ ਦੇ ਸਾਰੇ ਮਹੱਤਵਪੂਰਣ ਸਵਾਲਾਂ ਦੀ ਸੱਚਾਈ ਬਾਰੇ ਦੱਸ ਸਕਦਾ ਹੈ।—ਜ਼ਬੂਰਾਂ ਦੀ ਪੋਥੀ 146:3; ਕਹਾਉਤਾਂ 3:5; ਯਸਾਯਾਹ 2:2-4.

37. ਮਸੀਹੀ ਜਗਤ ਬਾਰੇ ਕੀ ਪੁੱਛਿਆ ਜਾਣਾ ਚਾਹੀਦਾ ਹੈ?

37 ਜਦੋਂ ਕਿ ਬਾਈਬਲ ਦੀ ਪ੍ਰਮਾਣਿਕਤਾ ਅਤੇ ਸੱਚਾਈ ਦਾ ਅਤਿਅੰਤ ਸਬੂਤ ਹੈ, ਕੀ ਉਹ ਸਾਰੇ ਵਿਅਕਤੀ ਜਿਹੜੇ ਆਖਦੇ ਹਨ ਕਿ ਉਹ ਇਸ ਨੂੰ ਸਵੀਕਾਰ ਕਰਦੇ ਹਨ ਇਸ ਦੀਆਂ ਸਿੱਖਿਆਵਾਂ ਉੱਤੇ ਚਲਦੇ ਹਨ? ਮਿਸਾਲ ਲਈ, ਉਨ੍ਹਾਂ ਕੌਮਾਂ ਉੱਤੇ ਵਿਚਾਰ ਕਰੋ ਜਿਹੜੀਆਂ ਮਸੀਹੀਅਤ ਦਾ ਅਭਿਆਸ ਕਰਨ ਦਾ ਦਾਅਵਾ ਕਰਦੀਆਂ ਹਨ, ਅਰਥਾਤ ਮਸੀਹੀ ਜਗਤ। ਕਈਆਂ ਸਦੀਆਂ ਲਈ ਬਾਈਬਲ ਉਨ੍ਹਾਂ ਦੀ ਪਹੁੰਚ ਵਿਚ ਰਹੀ ਹੈ। ਪਰ ਕੀ ਉਨ੍ਹਾਂ ਦੇ ਸੋਚ ਵਿਚਾਰ ਅਤੇ ਕ੍ਰਿਆਵਾਂ ਪਰਮੇਸ਼ੁਰ ਦੀ ਉੱਤਮ ਬੁੱਧ ਨੂੰ ਅਸਲ ਵਿਚ ਪ੍ਰਤਿਬਿੰਬਿਤ ਕਰਦੇ ਹਨ?

[ਸਵਾਲ]

[ਸਫ਼ਾ 11 ਉੱਤੇ ਤਸਵੀਰਾਂ]

ਸਰ ਆਈਜ਼ਕ ਨਿਊਟਨ ਇਹ ਵਿਸ਼ਵਾਸ ਰੱਖਦਾ ਸੀ ਕਿ ਧਰਤੀ ਦੂਸਰੇ ਆਕਾਸ਼-ਪਿੰਡਾਂ ਦੇ ਸੰਬੰਧ ਵਿਚ ਗੁਰੂਤਾ-ਖਿੱਚ ਨਾਲ ਪੁਲਾੜ ਵਿਚ ਟਿਕੀ ਹੋਈ ਸੀ

ਬਾਈਬਲ ਧਰਤੀ ਦੇ ਆਲੇ-ਦੁਆਲੇ ਖਾਲੀ ਪੁਲਾੜ ਦੀ ਜੋ ਤਸਵੀਰ ਪੇਸ਼ ਕਰਦੀ ਹੈ, ਵਿਦਵਾਨਾਂ ਦੁਆਰਾ ਉਸ ਸਮੇਂ ਲਈ ਇਕ ਧਿਆਨਯੋਗ ਪੂਰਬਦ੍ਰਿਸ਼ਟੀ ਮੰਨੀ ਜਾਂਦੀ ਹੈ

[ਸਫ਼ਾ 12 ਉੱਤੇ ਤਸਵੀਰ]

ਪਹਿਲੇ ਸਮੇਂ ਦੇ ਕੁਝ ਨੌਚਾਲਕ ਚਪਟੀ ਧਰਤੀ ਦੇ ਕੰਢੇ ਤੋਂ ਡਿੱਗਣ ਤੋਂ ਵੀ ਡਰਦੇ ਸਨ

[ਸਫ਼ਾ 13 ਉੱਤੇ ਤਸਵੀਰ]

ਜੂਲਿਅਸ ਸੀਜ਼ਰ, ਸਮਰਾਟ ਸ਼ਾਰਲਮੇਨ, ਓਲਿਵਰ ਕ੍ਰੌਮਵੈਲ, ਯਾ ਪੋਪ ਲੀਓ III ਕਦੇ ਜੀਉਂਦੇ ਸਨ, ਇਸ ਨਾਲੋਂ ਜ਼ਿਆਦਾ ਸਬੂਤ ਹੈ ਕਿ ਯਿਸੂ ਮਸੀਹ ਹੋਂਦ ਵਿਚ ਸੀ

[ਸਫ਼ਾ 15 ਉੱਤੇ ਤਸਵੀਰ]

ਰੋਮ ਵਿਚ ਆਰਚ ਆੱਫ਼ ਟਾਈਟਸ ਯਰੂਸ਼ਲਮ ਦੇ 70 ਸਾ.ਯੁ. ਵਿਚ ਹੋਏ ਵਿਨਾਸ਼ ਬਾਰੇ ਯਿਸੂ ਦੀਆਂ ਦਿੱਤੀਆਂ ਭਵਿੱਖਬਾਣੀਆਂ ਦੀ ਪੂਰਣਤਾ ਨੂੰ ਤਸਦੀਕ ਕਰਦਾ ਹੈ