Skip to content

Skip to table of contents

ਕੀ ਜੀਵਨ ਦਾ ਇਕ ਮਕਸਦ ਹੈ?

ਕੀ ਜੀਵਨ ਦਾ ਇਕ ਮਕਸਦ ਹੈ?

ਭਾਗ 1

ਕੀ ਜੀਵਨ ਦਾ ਇਕ ਮਕਸਦ ਹੈ?

1. ਜੀਵਨ ਦੇ ਮਕਸਦ ਬਾਰੇ ਅਕਸਰ ਕੀ ਪੁੱਛਿਆ ਜਾਂਦਾ ਹੈ, ਅਤੇ ਇਕ ਵਿਅਕਤੀ ਨੇ ਇਸ ਦੇ ਸੰਬੰਧ ਵਿਚ ਕਿਵੇਂ ਟਿੱਪਣੀ ਕੀਤੀ?

ਸੇ-ਨ-ਕਿਸੇ ਸਮੇਂ ਤੇ ਤਕਰੀਬਨ ਹਰੇਕ ਜਣਾ ਵਿਚਾਰ ਕਰਦਾ ਹੈ ਕਿ ਜੀਵਨ ਦਾ ਮਕਸਦ ਕੀ ਹੈ। ਕੀ ਇਹ ਮਕਸਦ ਆਪਣੇ ਜੀਉਣ ਦੀਆਂ ਹਾਲਤਾਂ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕਰਨਾ, ਆਪਣੇ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਸ਼ਾਇਦ 70 ਯਾ 80 ਸਾਲਾਂ ਤੋਂ ਬਾਅਦ ਮਰ ਜਾਣਾ, ਅਤੇ ਫਿਰ ਸਦਾ ਲਈ ਅਣਹੋਂਦ ਵਿਚ ਚਲ ਵਸਣਾ ਹੈ? ਅਜੇਹਾ ਮਹਿਸੂਸ ਕਰਦੇ ਹੋਏ ਇਕ ਨੌਜਵਾਨ ਵਿਅਕਤੀ ਨੇ ਆਖਿਆ ਕਿ ਜੀਵਨ ਦਾ ਹੋਰ ਕੋਈ ਮਕਸਦ ਨਹੀਂ ਹੈ ਸਿਵਾਏ ਇਸ ਦੇ ਕਿ “ਜੀਉਣਾ, ਬੱਚੇ ਪੈਦਾ ਕਰਨਾ, ਖੁਸ਼ ਰਹਿਣਾ ਅਤੇ ਫਿਰ ਮਰ ਜਾਣਾ।” ਲੇਕਨ ਕੀ ਇਹ ਸੱਚ ਹੈ? ਅਤੇ ਕੀ ਮੌਤ ਵਾਸਤਵ ਵਿਚ ਇਹ ਸਭ ਕੁਝ ਖ਼ਤਮ ਕਰ ਦਿੰਦੀ ਹੈ?

2, 3. ਭੌਤਿਕ ਦੌਲਤ ਨੂੰ ਪ੍ਰਾਪਤ ਕਰਨਾ ਜੀਵਨ ਵਿਚ ਇਕ ਚੋਖਾ ਮਕਸਦ ਕਿਉਂ ਨਹੀਂ ਹੈ?

2 ਪੂਰਬੀ ਅਤੇ ਪੱਛਮੀ ਦੇਸ਼ਾਂ ਦੋਵਾਂ ਵਿਚ ਅਨੇਕ ਵਿਅਕਤੀ ਇਹ ਮਹਿਸੂਸ ਕਰਦੇ ਹਨ ਕਿ ਜੀਵਨ ਦਾ ਖ਼ਾਸ ਮਕਸਦ ਭੌਤਿਕ ਦੌਲਤ ਨੂੰ ਪ੍ਰਾਪਤ ਕਰਨਾ ਹੈ। ਉਹ ਯਕੀਨ ਰੱਖਦੇ ਹਨ ਕਿ ਇਸ ਨਾਲ ਇਕ ਸੁਖੀ ਅਤੇ ਅਰਥਪੂਰਣ ਜੀਵਨ ਮਿਲ ਸਕਦਾ ਹੈ। ਪਰ ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਕੋਲ ਪਹਿਲਾਂ ਹੀ ਭੌਤਿਕ ਦੌਲਤ ਹੈ? ਕੈਨੇਡਾ ਦੇ ਇਕ ਲੇਖਕ ਹੈਰੀ ਬਰੂਸ ਨੇ ਆਖਿਆ: “ਹੈਰਾਨਕੁਨ ਗਿਣਤੀ ਦੇ ਧਨੀ ਲੋਕ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਉਹ ਖੁਸ਼ ਨਹੀਂ ਹਨ।” ਉਸ ਨੇ ਅੱਗੇ ਆਖਿਆ: “ਸਰਵੇਖਣ ਸੰਕੇਤ ਕਰਦੇ ਹਨ ਕਿ ਉੱਤਰੀ ਅਮਰੀਕਾ ਵਿਚ ਬਹੁਤ ਨਿਰਾਸ਼ਾਵਾਦ ਫੈਲ ਗਿਆ ਹੈ . . . ਕੀ ਇਸ ਦੁਨੀਆਂ ਵਿਚ ਕੋਈ ਵੀ ਵਿਅਕਤੀ ਖੁਸ਼ ਹੈ? ਅਗਰ ਹੈ, ਤਾਂ ਇਸ ਦਾ ਕੀ ਰਾਜ਼ ਹੈ?”

3 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਨੇ ਬਿਆਨ ਕੀਤਾ: “ਸਾਨੂੰ ਇਹ ਪਤਾ ਚੱਲਿਆ ਹੈ ਕਿ ਚੀਜ਼ਾਂ ਦਾ ਮਾਲਕ ਬਣਨਾ ਅਤੇ ਚੀਜ਼ਾਂ ਦਾ ਉਪਯੋਗ ਕਰਨਾ, ਸਾਡੀ ਅਰਥ ਭਾਲਣ ਦੀ ਖਾਹਸ਼ ਨੂੰ ਪੂਰਾ ਨਹੀਂ ਕਰਦਾ ਹੈ। . . . ਭੌਤਿਕ ਪਦਾਰਥਾਂ ਦੇ ਢੇਰਾਂ-ਦੇ-ਢੇਰ ਜਮ੍ਹਾਂ ਕਰਨਾ ਉਨ੍ਹਾਂ ਜੀਵਨਾਂ ਵਿਚ ਖਾਲੀਪਣ ਨੂੰ ਦੂਰ ਨਹੀਂ ਕਰ ਸਕਦਾ ਜਿਨ੍ਹਾਂ ਵਿਚ ਕੋਈ ਸਵੈ-ਵਿਸ਼ਵਾਸ ਯਾ ਮਕਸਦ ਨਹੀਂ ਹੈ।” ਇਕ ਹੋਰ ਰਾਜਨੀਤਿਕ ਆਗੂ ਨੇ ਆਖਿਆ: “ਮੈਂ ਹੁਣ ਕਈਆਂ ਸਾਲਾਂ ਤੋਂ ਆਪਣੇ ਬਾਰੇ ਅਤੇ ਆਪਣੇ ਜੀਵਨ ਬਾਰੇ ਸੱਚਾਈਆਂ ਦੀ ਤੀਬਰ ਖੋਜ ਵਿਚ ਲੱਗਾ ਹੋਇਆ ਹਾਂ; ਅਨੇਕ ਹੋਰ ਲੋਕ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਉਹ ਵੀ ਇਹੀ ਕਰ ਰਹੇ ਹਨ। ਅੱਗੇ ਨਾਲੋਂ ਕਿਤੇ ਹੀ ਜ਼ਿਆਦਾ ਲੋਕ ਆਖ ਰਹੇ ਹਨ, ‘ਅਸੀਂ ਕੌਣ ਹਾਂ? ਸਾਡਾ ਮਕਸਦ ਕੀ ਹੈ?’ ”

ਹਾਲਤਾਂ ਜ਼ਿਆਦਾ ਮੁਸ਼ਕਲ

4. ਕਈ ਇਹ ਸ਼ੱਕ ਕਿਉਂ ਕਰਦੇ ਹਨ ਕਿ ਜੀਵਨ ਦਾ ਕੋਈ ਮਕਸਦ ਹੈ?

4 ਅਨੇਕ ਲੋਕ ਇਸ ਗੱਲ ਉੱਤੇ ਸ਼ੱਕ ਕਰਦੇ ਹਨ ਕਿ ਜੀਵਨ ਦਾ ਇਕ ਮਕਸਦ ਹੈ ਜਦੋਂ ਉਹ ਵੇਖਦੇ ਹਨ ਕਿ ਜੀਉਣ ਦੀਆਂ ਹਾਲਤਾਂ ਜ਼ਿਆਦਾ ਮੁਸ਼ਕਲ ਹੋ ਗਈਆਂ ਹਨ। ਦੁਨੀਆਂ-ਭਰ ਇਕ ਅਰਬ ਤੋਂ ਵੀ ਜ਼ਿਆਦਾ ਲੋਕ ਗੰਭੀਰ ਤੌਰ ਤੇ ਬੀਮਾਰ ਹਨ ਯਾ ਪੂਰਣ ਖੁਰਾਕ ਰਹਿਤ ਹਨ, ਨਤੀਜੇ ਵਜੋਂ ਕੇਵਲ ਅਫ਼ਰੀਕਾ ਵਿਚ ਹੀ ਹਰ ਸਾਲ ਕੁਝ ਇਕ ਕਰੋੜ ਬੱਚਿਆਂ ਦੀ ਮੌਤ ਹੁੰਦੀ ਹੈ। ਧਰਤੀ ਦੀ ਜਨ-ਸੰਖਿਆ, ਜੋ 6 ਅਰਬ ਦੇ ਕਰੀਬ ਹੋ ਰਹੀ ਹੈ, ਹਰ ਸਾਲ 9 ਕਰੋੜ ਦੀ ਮਾਤਰਾ ਤੋਂ ਜ਼ਿਆਦਾ ਵਧਦੀ ਜਾਂਦੀ ਹੈ, ਇਸ ਵਿਚ 90 ਫੀ ਸਦੀ ਤੋਂ ਜ਼ਿਆਦਾ ਵਾਧਾ ਵਿਕਸਿਤ ਹੋ ਰਹੇ ਦੇਸ਼ਾਂ ਵਿਚ ਹੁੰਦਾ ਹੈ। ਇਹ ਨਿਰੰਤਰ ਵਧਦੀ ਜਨ-ਸੰਖਿਆ ਖੁਰਾਕ, ਰਿਹਾਇਸ਼, ਅਤੇ ਉਦਯੋਗ ਦੀ ਜ਼ਰੂਰਤ ਨੂੰ ਵਧਾਉਂਦੀ ਹੈ, ਜਿਹੜੀ ਉਦਯੋਗਿਕ ਅਤੇ ਦੂਸਰੇ ਪ੍ਰਦੂਸ਼ਣਾਂ ਦੇ ਕਾਰਨ ਜ਼ਮੀਨ, ਪਾਣੀ ਅਤੇ ਹਵਾ ਦਾ ਹੋਰ ਨੁਕਸਾਨ ਕਰਦੀ ਹੈ।

5. ਧਰਤੀ ਉੱਤੇ ਬਨਸਪਤੀ ਨੂੰ ਕੀ ਹੋ ਰਿਹਾ ਹੈ?

5 ਪ੍ਰਕਾਸ਼ਨ ਵਰਲਡ ਮਿਲਿਟੇਰੀ ਐਂਡ ਸੋਸ਼ਲ ਐਕਸਪੈਂਡੀਚਰਸ 1991 ਰਿਪੋਰਟ ਕਰਦਾ ਹੈ: “ਹਰ ਸਾਲ [ਗ੍ਰੇਟ ਬ੍ਰਿਟੇਨ] ਦੀ ਸਾਰੀ ਭੂਮੀ ਦੇ ਬਰਾਬਰ ਦੇ ਜੰਗਲ ਦਾ ਇਕ ਇਲਾਕਾ ਵਿਰਾਨ ਕੀਤਾ ਜਾਂਦਾ ਹੈ। (ਸਫ਼ਾਈ ਕਰਨ ਦੀ) ਇਸ ਵਰਤਮਾਨ ਰਫ਼ਤਾਰ ਨਾਲ, ਸੰਨ 2000 ਤਾਈਂ, ਅਸੀਂ ਊਸ਼ਣ ਕਟਿਬੰਧੀ ਇਲਾਕਿਆਂ ਦੇ 65 ਫੀ ਸਦੀ ਜੰਗਲ ਖਤਮ ਕਰ ਦਿੱਤੇ ਹੋਣਗੇ।” ਇਕ ਯੂ ਐੱਨ ਅਜੈਂਸੀ ਦੇ ਅਨੁਸਾਰ, ਇਨ੍ਹਾਂ ਇਲਾਕਿਆਂ ਵਿਚ ਬੀਜੇ ਗਏ ਹਰ 1 ਰੁੱਖ ਦੀ ਥਾਂ 10 ਰੁੱਖ ਵੱਢੇ ਜਾਂਦੇ ਹਨ; ਅਫ਼ਰੀਕਾ ਵਿਚ 1 ਲਈ 20 ਤੋਂ ਜ਼ਿਆਦਾ ਅਨੁਪਾਤ ਹੈ। ਸੋ ਰੇਗਿਸਤਾਨੀ ਇਲਾਕੇ ਵਧਦੇ ਹਨ, ਅਤੇ ਹਰ ਸਾਲ ਖੇਤੀਬਾੜੀ ਦੇ ਇਸਤੇਮਾਲ ਲਈ ਬੈਲਜੀਅਮ ਜਿੰਨਾ ਵੱਡਾ ਇਲਾਕਾ ਨਸ਼ਟ ਹੋ ਜਾਂਦਾ ਹੈ।

6, 7. ਕਿਹੜੀਆਂ ਕੁਝ ਸਮੱਸਿਆਵਾਂ ਨੂੰ ਮਾਨਵ ਆਗੂ ਨਹੀਂ ਸੁਲਝਾ ਸਕਦੇ ਹਨ, ਤਾਂ ਕਿਹੜੇ ਸਵਾਲਾਂ ਦੇ ਉੱਤਰ ਦੇਣ ਦੀ ਜ਼ਰੂਰਤ ਹੈ?

6 ਨਾਲੇ, ਇਸ 20ਵੀਂ ਸਦੀ ਵਿਚ ਯੁੱਧ ਦੇ ਕਾਰਨ, ਪਿਛਲੀਆਂ ਇਕੱਠੀਆਂ ਚਾਰ ਸਦੀਆਂ ਨਾਲੋਂ ਚਾਰ ਗੁਣਾ ਜ਼ਿਆਦਾ ਮੌਤਾਂ ਹੋਈਆਂ ਹਨ। ਹਰ ਪਾਸੇ ਅਪਰਾਧ ਵਿਚ ਵਾਧਾ ਹੋ ਰਿਹਾ ਹੈ, ਖ਼ਾਸ ਕਰਕੇ ਹਿੰਸਕ ਅਪਰਾਧ ਵਿਚ। ਪਰਿਵਾਰਕ ਵਿਗਾੜ, ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ, ਏਡਸ, ਲਿੰਗ ਸੰਚਾਰਿਤ ਰੋਗ, ਅਤੇ ਹੋਰ ਨਕਾਰਾਤਮਕ ਪਹਿਲੂ ਜੀਵਨ ਨੂੰ ਹੋਰ ਮੁਸ਼ਕਲ ਬਣਾ ਰਹੇ ਹਨ। ਅਤੇ ਦੁਨੀਆਂ ਦੇ ਆਗੂ ਮਾਨਵ ਪਰਿਵਾਰ ਨੂੰ ਪਰੇਸ਼ਾਨ ਕਰ ਰਹੀਆਂ ਅਨੇਕ ਸਮੱਸਿਆਵਾਂ ਦਾ ਸੁਲਝਾਊ ਨਹੀਂ ਕਰ ਸਕੇ ਹਨ। ਇਸ ਕਰਕੇ, ਇਹ ਸਮਝਣਯੋਗ ਗੱਲ ਹੈ ਕਿ ਲੋਕ ਕਿਉਂ ਪੁੱਛਦੇ ਹਨ, ਜੀਵਨ ਦਾ ਮਕਸਦ ਕੀ ਹੈ?

7 ਇਹ ਸਵਾਲ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਦੁਆਰਾ ਕਿਸ ਤਰ੍ਹਾਂ ਸੰਬੋਧਿਤ ਕੀਤਾ ਗਿਆ ਹੈ? ਇਨ੍ਹਾਂ ਕਈਆਂ ਸਾਰੀਆਂ ਸਦੀਆਂ ਤੋਂ ਬਾਅਦ, ਕੀ ਉਨ੍ਹਾਂ ਨੇ ਇਕ ਤਸੱਲੀਬਖ਼ਸ਼ ਉੱਤਰ ਦਿੱਤਾ ਹੈ?

ਉਹ ਕੀ ਆਖਦੇ ਹਨ

8, 9. (ੳ) ਇਕ ਚੀਨੀ ਵਿਦਵਾਨ ਨੇ ਜੀਵਨ ਦੇ ਮਕਸਦ ਬਾਰੇ ਕੀ ਆਖਿਆ ਸੀ? (ਅ) ਨਾਜ਼ੀ ਮੌਤ-ਕੈਂਪ ਵਿਚੋਂ ਇਕ ਬਚ ਨਿਕਲਣ ਵਾਲੇ ਵਿਅਕਤੀ ਨੇ ਕੀ ਬਿਆਨ ਕੀਤਾ ਸੀ?

8 ਕਨਫਿਊਸ਼ਨ ਵਿਦਵਾਨ ਡੂ ਵੇ-ਮਿੰਗ ਨੇ ਆਖਿਆ: “ਜੀਵਨ ਦਾ ਮੂਲ ਅਰਥ ਸਾਡੀ ਸਾਧਾਰਣ, ਮਾਨਵ ਹੋਂਦ ਵਿਚ ਪਾਇਆ ਜਾਂਦਾ ਹੈ।” ਇਸ ਵਿਚਾਰ ਦੇ ਅਨੁਸਾਰ, ਮਨੁੱਖ ਪੈਦਾ ਹੋਈ ਜਾਣਗੇ, ਜੀਵਨ ਲਈ ਸੰਘਰਸ਼ ਕਰੀ ਜਾਣਗੇ, ਅਤੇ ਮਰੀ ਜਾਣਗੇ। ਅਜੇਹੇ ਨਜ਼ਰੀਏ ਵਿਚ ਥੋੜ੍ਹੀ ਹੀ ਉਮੀਦ ਹੈ। ਅਤੇ ਕੀ ਇਹ ਸੱਚ ਵੀ ਹੈ?

9 ਏਲੀ ਵੀਜ਼ਲ, ਵਿਸ਼ਵ ਯੁੱਧ II ਵਿਚ ਨਾਜ਼ੀ ਮੌਤ-ਕੈਂਪ ਵਿਚੋਂ ਇਕ ਬਚ ਨਿਕਲਣ ਵਾਲੇ ਵਿਅਕਤੀ ਨੇ ਟਿੱਪਣੀ ਕੀਤੀ: “‘ਅਸੀਂ ਇੱਥੇ ਕਿਉਂ ਹਾਂ?’ ਇਹ ਸਭ ਤੋਂ ਮਹੱਤਵਪੂਰਣ ਸਵਾਲ ਹੈ ਜਿਸ ਦਾ ਇਕ ਮਨੁੱਖ ਨੂੰ ਸਾਮ੍ਹਣਾ ਕਰਨਾ ਪੈਂਦਾ ਹੈ। . . . ਉਸ ਅਰਥਹੀਣ ਮੌਤ ਦੇ ਬਾਵਜੂਦ ਵੀ ਜੋ ਮੈਂ ਦੇਖੀ ਹੈ, ਮੈਂ ਇਹ ਯਕੀਨ ਰੱਖਦਾ ਹਾਂ ਕਿ ਜੀਵਨ ਦਾ ਅਰਥ ਹੈ।” ਲੇਕਨ ਉਹ ਇਹ ਨਹੀਂ ਦੱਸ ਸਕਿਆ ਕਿ ਜੀਵਨ ਦਾ ਅਰਥ ਕੀ ਸੀ।

10, 11. (ੳ) ਇਕ ਸੰਪਾਦਕ ਨੇ ਕਿਸ ਤਰ੍ਹਾਂ ਦਿਖਾਇਆ ਕਿ ਮਨੁੱਖ ਕੋਲ ਉੱਤਰ ਨਹੀਂ ਹਨ? (ਅ) ਇਕ ਵਿਕਾਸਵਾਦੀ ਵਿਗਿਆਨੀ ਦਾ ਵਿਚਾਰ ਸੰਤੋਖਜਨਕ ਕਿਉਂ ਨਹੀਂ ਹੈ?

10 ਸੰਪਾਦਕ ਵਰਮੌਂਟ ਰੌਏਸਟਰ ਨੇ ਬਿਆਨ ਕੀਤਾ: “ਸਮਾਂ ਆਰੰਭ ਹੋਣ ਤੋਂ ਲੈਕੇ, ਅਸੀਂ ਮਨੁੱਖ ਦੇ ਬਾਰੇ, . . . ਇਸ ਵਿਸ਼ਵ-ਮੰਡਲ ਵਿਚ ਉਹ ਦੇ ਸਥਾਨ ਦੇ ਬਾਰੇ ਸਮਝਣ ਵਿਚ ਥੋੜ੍ਹੇ ਹੀ ਅੱਗੇ ਵਧੇ ਹਾਂ। ਸਾਡੇ ਕੋਲ ਹਾਲੇ ਵੀ ਇਹ ਸਵਾਲ ਹਨ ਕਿ ਅਸੀਂ ਕੌਣ ਹਾਂ ਅਤੇ ਕਿਉਂ ਹਾਂ ਅਤੇ ਕਿੱਥੇ ਜਾ ਰਹੇ ਹਾਂ।”

11 ਵਿਕਾਸਵਾਦੀ ਵਿਗਿਆਨੀ ਸਟੀਵਨ ਜੇ ਗੂਲਡ ਨੇ ਨੋਟ ਕੀਤਾ: “ਅਸੀਂ ਸ਼ਾਇਦ ‘ਉਚਤਰ’ ਉੱਤਰ ਲਈ ਖਾਹਸ਼ ਕਰੀਏ—ਪਰ ਕੋਈ ਵੀ ਉੱਤਰ ਨਹੀਂ ਹੈ।” ਅਜੇਹੇ ਵਿਕਾਸਵਾਦੀਆਂ ਦੇ ਵਿਚਾਰ ਵਿਚ, ਜੀਵਨ ਯੋਗਤਮ ਦੇ ਬਚਾਉ ਲਈ ਇਕ ਸੰਘਰਸ਼ ਹੈ, ਜਿਸ ਦਾ ਅੰਤ ਮੌਤ ਹੈ। ਇਸ ਦ੍ਰਿਸ਼ਟੀ ਵਿਚ ਵੀ ਕੋਈ ਉਮੀਦ ਨਹੀਂ ਹੈ। ਅਤੇ, ਫਿਰ, ਕੀ ਇਹ ਸੱਚ ਹੈ?

12, 13. ਗਿਰਜਿਆਂ ਦੇ ਆਗੂਆਂ ਦੇ ਕੀ ਵਿਚਾਰ ਹਨ, ਅਤੇ ਕੀ ਉਹ ਦੁਨਿਆਵੀ ਨਿਰੀਖਿਅਕਾਂ ਦੇ ਵਿਚਾਰਾਂ ਨਾਲੋਂ ਜ਼ਿਆਦਾ ਸੰਤੋਖਜਨਕ ਹਨ?

12 ਅਨੇਕ ਧਾਰਮਿਕ ਆਗੂ ਇਹ ਆਖਦੇ ਹਨ ਕਿ ਜੀਵਨ ਦਾ ਮਕਸਦ ਇਕ ਅੱਛੀ ਹੋਂਦ ਬਤੀਤ ਕਰਨਾ ਹੈ ਤਾਂਕਿ ਮੌਤ ਆਉਣ ਤੇ ਇਕ ਵਿਅਕਤੀ ਦਾ ਪ੍ਰਾਣ ਸਵਰਗ ਵਿਚ ਜਾਕੇ ਉੱਥੇ ਸਦੀਪਕ ਕਾਲ ਲਈ ਰਹੇ। ਬੁਰੇ ਲੋਕਾਂ ਲਈ ਜੋ ਵਿਕਲਪ ਪੇਸ਼ ਕੀਤਾ ਜਾਂਦਾ ਹੈ ਉਹ ਨਰਕ ਦੀ ਅੱਗ ਵਿਚ ਸਦੀਪਕ ਤਸੀਹਾ ਹੈ। ਪਰ ਫਿਰ, ਇਸ ਵਿਸ਼ਵਾਸ ਦੇ ਅਨੁਸਾਰ, ਇਸ ਧਰਤੀ ਉੱਤੇ ਉਹੀ ਅਸੰਤੋਖਜਨਕ ਹੋਂਦ ਜਾਰੀ ਰਹੇਗੀ ਜਿਹੜੀ ਸਾਰੇ ਇਤਿਹਾਸ ਵਿਚ ਪ੍ਰਬਲ ਰਹੀ ਹੈ। ਲੇਕਨ ਅਗਰ ਪਰਮੇਸ਼ੁਰ ਦਾ ਇਰਾਦਾ ਲੋਕਾਂ ਲਈ ਦੂਤਾਂ ਵਾਂਗ ਸਵਰਗ ਵਿਚ ਰਹਿਣ ਦਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਉਸੇ ਤਰ੍ਹਾਂ ਕਿਉਂ ਨਾ ਰਚਿਆ, ਜਿਵੇਂ ਉਸ ਨੇ ਦੂਤਾਂ ਨੂੰ ਰਚਿਆ ਸੀ?

13 ਪਾਦਰੀਆਂ ਨੂੰ ਵੀ ਅਜੇਹੇ ਵਿਚਾਰ ਮੁਸ਼ਕਲ ਲੱਗਦੇ ਹਨ। ਡਾ. ਡਬਲਯੂ. ਆਰ. ਇੰਗ, ਲੰਡਨ ਵਿਚ ਸੇਂਟ ਪੌਲਸ ਕਥੀਡਰਲ ਦੇ ਇਕ ਸਾਬਕਾ ਡੀਨ ਨੇ ਇਕ ਵਾਰ ਆਖਿਆ: “ਮੈਂ ਆਪਣੀ ਸਾਰੀ ਜ਼ਿੰਦਗੀ ਜੀਉਣ ਦੇ ਮਕਸਦ ਨੂੰ ਲੱਭਣ ਲਈ ਸੰਘਰਸ਼ ਕੀਤਾ ਹੈ। ਮੈਂ ਉਨ੍ਹਾਂ ਤਿੰਨਾਂ ਸਮੱਸਿਆਵਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਮੈਨੂੰ ਹਮੇਸ਼ਾਂ ਮੂਲ ਲੱਗੀਆਂ ਹਨ: ਅਮਰਤਾ ਦੀ ਸਮੱਸਿਆ; ਮਾਨਵ ਸ਼ਖ਼ਸਿਅਤ ਦੀ ਸਮੱਸਿਆ; ਅਤੇ ਦੁਸ਼ਟਤਾ ਦੀ ਸਮੱਸਿਆ। ਮੈਂ ਅਸਫ਼ਲ ਹੋ ਗਿਆ ਹਾਂ। ਮੈਂ ਇਨ੍ਹਾਂ ਵਿਚੋਂ ਕੋਈ ਵੀ ਨਹੀਂ ਸੁਲਝਾ ਸਕਿਆ ਹਾਂ।”

ਪ੍ਰਭਾਵ

14, 15. ਵਿਰੋਧੀ ਵਿਚਾਰ ਅਨੇਕ ਲੋਕਾਂ ਉੱਤੇ ਕੀ ਪ੍ਰਭਾਵ ਪਾਉਂਦੇ ਹਨ?

14 ਜੀਵਨ ਦੇ ਮਕਸਦ ਬਾਰੇ ਸਵਾਲ ਉੱਤੇ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਦੇ ਇੰਨੇ ਜ਼ਿਆਦਾ ਵੱਖਰੇ ਵਿਚਾਰਾਂ ਦਾ ਕੀ ਪ੍ਰਭਾਵ ਹੈ? ਕਈ ਇਸ ਬਜ਼ੁਰਗ ਮਨੁੱਖ ਵਾਂਗ ਉੱਤਰ ਦਿੰਦੇ ਹਨ ਜਿਸ ਨੇ ਆਖਿਆ: “ਮੈਂ ਆਪਣਾ ਸਾਰਾ ਜੀਵਨ ਪੁੱਛਦਾ ਰਿਹਾ ਹਾਂ ਕਿ ਮੈਂ ਇੱਥੇ ਕਿਉਂ ਹਾਂ। ਅਗਰ ਕੋਈ ਮਕਸਦ ਹੈ, ਮੈਨੂੰ ਹੁਣ ਕੋਈ ਪਰਵਾਹ ਨਹੀਂ ਹੈ।”

15 ਕਾਫ਼ੀ ਵਿਅਕਤੀ ਜੋ ਸੰਸਾਰ ਦੇ ਧਰਮਾਂ ਵਿਚ ਪਾਏ ਜਾਂਦੇ ਵਿਚਾਰਾਂ ਦੀ ਬਹੁਤਾਤ ਵੇਖਦੇ ਹਨ, ਇਹ ਸਿੱਟਾ ਕੱਢਦੇ ਹਨ ਕਿ ਵਾਸਤਵ ਵਿਚ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਇਕ ਜਣਾ ਕੀ ਵਿਸ਼ਵਾਸ ਰੱਖਦਾ ਹੈ। ਉਹ ਇਹ ਮਹਿਸੂਸ ਕਰਦੇ ਹਨ ਕਿ ਧਰਮ ਮਨ ਦੇ ਲਈ ਕੇਵਲ ਇਕ ਪਥ-ਬਦਲੀ ਹੀ ਹੈ, ਅਜੇਹੀ ਚੀਜ਼ ਜੋ ਥੋੜ੍ਹੀ ਬਹੁਤੀ ਮਨ ਦੀ ਸ਼ਾਂਤੀ ਅਤੇ ਆਰਾਮ ਦੇਵੇ ਤਾਂਕਿ ਇਕ ਵਿਅਕਤੀ ਜੀਵਨ ਦੀਆਂ ਸਮੱਸਿਆਵਾਂ ਨਾਲ ਮੁਕਾਬਲਾ ਕਰ ਸਕੇ। ਦੂਸਰੇ ਜਣੇ ਇਹ ਮਹਿਸੂਸ ਕਰਦੇ ਹਨ ਕਿ ਧਰਮ ਅੰਧਵਿਸ਼ਵਾਸ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਉਹ ਇਹ ਮਹਿਸੂਸ ਕਰਦੇ ਹਨ ਕਿ ਸਦੀਆਂ ਦੇ ਧਾਰਮਿਕ ਅਨੁਮਾਨ ਨੇ ਜੀਵਨ ਦੇ ਮਕਸਦ ਬਾਰੇ ਸਵਾਲ ਦਾ ਉੱਤਰ ਨਹੀਂ ਦਿੱਤਾ ਹੈ, ਨਾ ਹੀ ਆਮ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਹੈ। ਸੱਚ-ਮੁੱਚ, ਇਤਿਹਾਸ ਪ੍ਰਦਰਸ਼ਿਤ ਕਰਦਾ ਹੈ ਕਿ ਦੁਨੀਆਂ ਦੇ ਧਰਮਾਂ ਨੇ ਅਕਸਰ ਮਨੁੱਖਜਾਤੀ ਨੂੰ ਤਰੱਕੀ ਤੋਂ ਪਿੱਛੇ ਰੱਖਿਆ ਹੈ ਅਤੇ ਨਫ਼ਰਤ ਅਤੇ ਯੁੱਧਾਂ ਦੇ ਕਾਰਨ ਰਹੇ ਹਨ।

16. ਜੀਵਨ ਦੇ ਮਕਸਦ ਨੂੰ ਭਾਲਣਾ ਕਿੰਨਾ ਮਹੱਤਵਪੂਰਣ ਹੋ ਸਕਦਾ ਹੈ?

16 ਪਰ ਫਿਰ, ਕੀ ਜੀਵਨ ਦੇ ਮਕਸਦ ਬਾਰੇ ਸੱਚਾਈ ਨੂੰ ਭਾਲਣਾ ਮਹੱਤਵਪੂਰਣ ਹੈ ਵੀ? ਮਾਨਸਿਕ-ਸਿਹਤ ਦੇ ਪੇਸ਼ਾਵਰ ਵਿਕਟਰ ਫ੍ਰੈਂਕਲ ਨੇ ਉੱਤਰ ਦਿੱਤਾ: “ਆਪਣੇ ਜੀਵਨ ਵਿਚ ਇਕ ਅਰਥ ਲੱਭਣ ਦਾ ਯਤਨ ਕਰਨਾ ਮਨੁੱਖ ਵਿਚ ਇਕ ਮੂਲ ਪ੍ਰੇਰਣਾ ਦੀ ਸ਼ਕਤੀ ਹੈ। . . . ਮੈਂ ਇਹ ਆਖਣ ਦੀ ਹਿੰਮਤ ਕਰਦਾ ਹਾਂ ਕਿ ਇਸ ਦੁਨੀਆਂ ਵਿਚ ਹੋਰ ਕੋਈ ਅਜੇਹੀ ਚੀਜ਼ ਨਹੀਂ ਹੈ ਜਿਹੜੀ ਇੰਨੇ ਪ੍ਰਭਾਵਕਾਰੀ ਢੰਗ ਨਾਲ ਇਕ ਵਿਅਕਤੀ ਨੂੰ ਸਭ ਤੋਂ ਖ਼ਰਾਬ ਹਾਲਤਾਂ ਵਿਚੋਂ ਵੀ ਬਚਣ ਲਈ ਸਹਾਇਤਾ ਦੇਵੇਗੀ ਜਿੰਨਾ ਕਿ ਇਹ ਗਿਆਨ ਕਿ ਉਸ ਦੇ ਜੀਵਨ ਵਿਚ ਇਕ ਮਕਸਦ ਹੈ।”

17. ਸਾਨੂੰ ਹੁਣ ਕਿਹੜੇ ਸਵਾਲ ਪੁੱਛਣ ਦੀ ਜ਼ਰੂਰਤ ਹੈ?

17 ਇਹ ਵੇਖਦੇ ਹੋਏ ਕਿ ਮਾਨਵ ਫਲਸਫਿਆਂ ਅਤੇ ਧਰਮਾਂ ਨੇ ਸੰਤੁਸ਼ਟਤਾ ਨਾਲ ਵਿਆਖਿਆ ਨਹੀਂ ਕੀਤੀ ਹੈ ਕਿ ਜੀਵਨ ਦਾ ਮਕਸਦ ਕੀ ਹੈ, ਅਸੀਂ ਕਿੱਥੇ ਜਾਕੇ ਇਹ ਪਤਾ ਕਰ ਸਕਦੇ ਹਾਂ? ਕੀ ਉੱਤਮ ਬੁੱਧ ਦਾ ਕੋਈ ਸ੍ਰੋਤ ਹੈ ਜੋ ਸਾਨੂੰ ਇਸ ਮਾਮਲੇ ਦੀ ਸੱਚਾਈ ਬਾਰੇ ਦੱਸ ਸਕਦਾ ਹੈ?

[ਸਵਾਲ]

[ਸਫ਼ਾ 4 ਉੱਤੇ ਤਸਵੀਰ]

“ਹਰ ਸਾਲ [ਗ੍ਰੇਟ ਬ੍ਰਿਟੇਨ] ਦੀ ਸਾਰੀ ਭੂਮੀ ਦੇ ਬਰਾਬਰ ਦੇ ਜੰਗਲ ਦਾ ਇਕ ਇਲਾਕਾ ਵਿਰਾਨ ਕੀਤਾ ਜਾਂਦਾ ਹੈ”

[ਸਫ਼ਾ 5 ਉੱਤੇ ਤਸਵੀਰ]

“ਮੈਂ ਆਪਣਾ ਸਾਰਾ ਜੀਵਨ ਪੁੱਛਦਾ ਰਿਹਾ ਹਾਂ ਕਿ ਮੈਂ ਇੱਥੇ ਕਿਉਂ ਹਾਂ”