ਸਾਨੂੰ ਕੌਣ ਦੱਸ ਸਕਦਾ ਹੈ?
ਭਾਗ 2
ਸਾਨੂੰ ਕੌਣ ਦੱਸ ਸਕਦਾ ਹੈ?
1, 2. ਇਕ ਰੂਪਾਂਕਿਤ ਕੀਤੀ ਹੋਈ ਚੀਜ਼ ਦੇ ਮਕਸਦ ਬਾਰੇ ਪਤਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?
1 ਸਾਨੂੰ ਕੌਣ ਦੱਸ ਸਕਦਾ ਹੈ ਕਿ ਜੀਵਨ ਦਾ ਮਕਸਦ ਅਸਲ ਵਿਚ ਕੀ ਹੈ? ਭਲਾ, ਅਗਰ ਤੁਸੀਂ ਇਕ ਮਸ਼ੀਨ ਦੇ ਰੂਪਾਂਕਣਕਾਰ ਕੋਲ ਜਾਵੋ ਅਤੇ ਉਸ ਨੂੰ ਮਸ਼ੀਨਰੀ ਦੇ ਇਕ ਜਟਿਲ ਹਿੱਸੇ ਉੱਤੇ ਕੰਮ ਕਰਦੇ ਵੇਖੋ ਜੋ ਤੁਸੀਂ ਨਾ ਪਛਾਣਦੇ ਹੋਵੋ, ਤਾਂ ਤੁਸੀਂ ਕਿਸ ਤਰ੍ਹਾਂ ਪਤਾ ਕਰ ਸਕਦੇ ਹੋ ਕਿ ਉਹ ਕਿਸ ਮਕਸਦ ਲਈ ਹੈ? ਤੁਹਾਡੇ ਲਈ ਸਭ ਤੋਂ ਵਧੀਆ ਤਰੀਕਾ ਹੋਵੇਗਾ ਉਸ ਰੂਪਾਂਕਣਕਾਰ ਨੂੰ ਪੁੱਛਣਾ।
2 ਤਾਂ ਫਿਰ, ਉਸ ਆਲੀਸ਼ਾਨ ਡੀਜ਼ਾਈਨ ਬਾਰੇ ਕੀ ਜਿਹੜਾ ਅਸੀਂ ਆਪਣੇ ਚਾਰੇ ਪਾਸੇ ਧਰਤੀ ਉੱਤੇ ਵੇਖਦੇ ਹਾਂ, ਜਿਵੇਂ ਕਿ ਉਹ ਡੀਜ਼ਾਈਨ ਜੋ ਸਾਰੀਆਂ ਜੀਉਂਦੀਆਂ ਚੀਜ਼ਾਂ ਵਿਚ, ਛੋਟੇ ਤੋਂ ਛੋਟੇ ਕੋਸ਼ ਵਿਚ ਵੀ ਪਾਇਆ ਜਾਂਦਾ ਹੈ? ਕੋਸ਼ ਵਿਚ ਇਸ ਤੋਂ ਕਿਤੇ ਅਧਿਕ ਛੋਟੇ ਅਣੂ ਅਤੇ ਪਰਮਾਣੂ ਵੀ ਅਦਭੁਤ ਤੌਰ ਤੇ ਰੂਪਾਂਕਿਤ ਅਤੇ ਵਿਵਸਥਿਤ ਹਨ। ਤਾਂ ਫਿਰ, ਇੰਨੇ ਅਦਭੁਤ ਤਰੀਕੇ ਨਾਲ ਰੂਪਾਂਕਿਤ ਕੀਤੇ ਹੋਏ ਮਾਨਵ ਦਿਮਾਗ਼ ਬਾਰੇ ਵੀ ਕੀ? ਅਤੇ ਸਾਡੇ ਸੂਰਜ-ਮੰਡਲ, ਸਾਡੀ ਆਕਾਸ਼-ਗੰਗਾ, ਅਤੇ ਵਿਸ਼ਵ-ਮੰਡਲ ਬਾਰੇ ਕੀ? ਕੀ ਇੰਨਾ ਸਾਰਿਆਂ ਹੈਰਾਨਕੁਨ ਡੀਜ਼ਾਈਨਾਂ ਲਈ ਇਕ ਰੂਪਾਂਕਣਕਾਰ ਦੀ ਲੋੜ ਨਹੀਂ ਸੀ? ਨਿਸ਼ਚੇ ਹੀ ਉਹ ਸਾਨੂੰ ਇਹ ਦੱਸ ਸਕਦਾ ਹੈ ਕਿ ਉਸ ਨੇ ਅਜੇਹੀਆਂ ਚੀਜ਼ਾਂ ਕਿਉਂ ਬਣਾਈਆਂ ਸਨ।
ਕੀ ਜੀਵਨ ਸਬੱਬ ਨਾਲ ਸ਼ੁਰੂ ਹੋਇਆ ਸੀ?
3, 4. ਕੀ ਸੰਭਾਵਨਾ ਹੈ ਕਿ ਜੀਵਨ ਸਬੱਬ ਨਾਲ ਬਣਿਆ ਸੀ?
3ਦ ਐਨਸਾਈਕਲੋਪੀਡੀਆ ਅਮੈਰੀਕਾਨਾ ਨੇ “ਜੀਉਂਦੇ ਜੀਵਾਂ ਵਿਚ ਜਟਿਲਤਾ ਅਤੇ ਸੰਗਠਨ ਦੀ ਅਸਾਧਾਰਣ ਹੱਦ” ਨੂੰ ਨੋਟ ਕਰਕੇ ਬਿਆਨ ਕੀਤਾ: “ਫੁੱਲਾਂ, ਕੀੜਿਆਂ, ਯਾ ਥਣਧਾਰੀਆਂ ਦੀ ਨੇੜਿਓਂ ਜਾਂਚ ਉਨ੍ਹਾਂ ਦੇ ਹਿੱਸਿਆਂ ਵਿਚ ਤਕਰੀਬਨ ਅਸੰਭਾਵੀ ਇਕ ਅਚੂਕ ਪ੍ਰਬੰਧ ਦਿਖਾਉਂਦੀ ਹੈ।” ਜੀਉਂਦੇ ਜੀਵ ਦੀ ਰਸਾਇਣਿਕ ਬਣਤਰ ਦਾ ਜ਼ਿਕਰ ਕਰਦੇ ਹੋਏ, ਬਰਤਾਨਵੀ ਖਗੋਲ-ਵਿਗਿਆਨੀ ਸਰ ਬਰਨਾਰਡ ਲਵੈਲ ਨੇ ਲਿਖਿਆ: “ਇਕ ਸਬੱਬੀ ਘਟਨਾ ਦੇ ਕਾਰਨ ਇਕ ਅਤਿਅਲਪ ਪ੍ਰੋਟੀਨ ਅਣੂ ਦੇ ਬਣ ਜਾਣ ਦੀ ਸੰਭਾਵਨਾ . . . ਇੰਨੀ ਛੋਟੀ ਹੈ ਕਿ ਸੋਚ ਤੋਂ ਬਾਹਰ ਹੈ। . . . ਇਸ ਦੀ ਸੰਭਾਵਨਾ ਅਸਲ ਵਿਚ ਸਿਫ਼ਰ ਹੈ।”
4 ਇਸੇ ਸਮਾਨ, ਖਗੋਲ-ਵਿਗਿਆਨੀ ਫ੍ਰੈਡ ਹੋਏਲ ਨੇ ਆਖਿਆ: “ਪੁਰਾਣੇ ਜੀਵ-ਵਿਗਿਆਨ ਦਾ ਸਾਰਾ ਢਾਂਚਾ ਹਾਲੇ ਵੀ ਇਹ ਆਖਦਾ ਹੈ ਕਿ ਜੀਵਨ ਬਿਨ-ਵਿਓਂਤੋਂ ਹੀ ਬਣ ਗਿਆ। ਪਰ ਫਿਰ ਜਿਵੇਂ ਜੀਵ-ਰਸਾਇਣ ਵਿਗਿਆਨੀ, ਜੀਵਨ ਦੀ ਹੈਰਾਨਕੁਨ ਜਟਿਲਤਾ ਬਾਰੇ ਹੋਰ ਤੋਂ ਹੋਰ ਗੱਲਾਂ ਸਿਖਦੇ ਹਨ, ਇਹ ਸਪੱਸ਼ਟ ਹੈ ਕਿ ਸਬੱਬ ਨਾਲ ਇਸ ਦੇ ਸ਼ੁਰੂ ਹੋਣ ਦੀ ਸੰਭਾਵਨਾ ਇੰਨੀ ਥੋੜ੍ਹੀ ਹੈ ਕਿ ਇਹ ਬਿਲਕੁਲ ਰੱਦ ਕੀਤੀ ਜਾ ਸਕਦੀ ਹੈ। ਜੀਵਨ ਸਬੱਬ ਨਾਲ ਨਹੀਂ ਬਣ ਸਕਦਾ ਸੀ।”
5-7. ਆਣਵਿਕ ਜੀਵ-ਵਿਗਿਆਨ ਕਿਸ ਤਰ੍ਹਾਂ ਸਪੱਸ਼ਟ ਕਰਦਾ ਹੈ ਕਿ ਜੀਉਂਦੀਆਂ ਚੀਜ਼ਾਂ ਸਬੱਬ ਨਾਲ ਨਹੀਂ ਬਣ ਸਕਦੀਆਂ ਹਨ?
5 ਆਣਵਿਕ ਜੀਵ-ਵਿਗਿਆਨ, ਜੋ ਹਾਲ ਹੀ ਦਾ ਇਕ ਵਿਗਿਆਨ ਖੇਤਰ ਹੈ, ਜੀਵਾਂ, ਅਣੂਆਂ, ਅਤੇ ਪਰਮਾਣੂਆਂ, ਦੇ ਦਰਜੇ ਤੇ ਜੀਉਂਦੀਆਂ ਚੀਜ਼ਾਂ ਦਾ ਅਧਿਐਨ ਹੈ। ਜੋ ਲੱਭਿਆ ਹੈ, ਉਸ ਉੱਤੇ ਆਣਵਿਕ ਜੀਵ-ਵਿਗਿਆਨੀ ਮਾਈਕਲ ਡੈਂਟਨ ਟਿੱਪਣੀ ਕਰਦਾ ਹੈ: “ਸਭ ਤੋਂ ਸਰਲ ਕਿਸਮ ਦੇ ਗਿਆਤ ਕੋਸ਼ ਦੀ ਜਟਿਲਤਾ ਇੰਨੀ ਜ਼ਿਆਦਾ ਹੈ ਕਿ ਇਹ ਸਵੀਕਾਰ ਕਰਨਾ ਕਿ ਅਜੇਹੀ ਚੀਜ਼ ਕਿਸੇ ਪ੍ਰਕਾਰ ਦੀ ਅਜੀਬ, ਵਿਸ਼ਾਲ ਰੂਪ ਵਿਚ ਅਸੰਭਾਵਿਤ ਘਟਨਾ ਦੁਆਰਾ ਅਚਾਨਕ ਬਣ ਗਈ ਸੀ ਨਾਮੁਮਕਿਨ ਹੈ।” “ਪਰ ਇਹ ਸਿਰਫ਼ ਜੀਉਂਦੀਆਂ ਵਿਵਸਥਾਵਾਂ ਦੀ ਜਟਿਲਤਾ ਹੀ ਨਹੀਂ ਹੈ ਜੋ ਇੰਨੀ ਜ਼ਿਆਦਾ ਚੁਨੌਤੀ ਪੇਸ਼ ਕਰਦੀ ਹੈ, ਪਰ ਇਨ੍ਹਾਂ ਦੇ ਡੀਜ਼ਾਈਨ ਵਿਚ ਹੈਰਾਨਕੁਨ ਬੁੱਧ ਵੀ ਹੈ ਜੋ ਅਕਸਰ ਜ਼ਾਹਿਰ ਹੁੰਦੀ ਹੈ।” “ਆਣਵਿਕ ਦਰਜੇ ਤੇ ਹੀ . . . ਜੀਵ ਸੰਬੰਧੀ ਡੀਜ਼ਾਈਨ ਦੀ ਬੁੱਧ ਅਤੇ ਪ੍ਰਾਪਤ ਟੀਚਿਆਂ ਦੀ ਸੰਪੂਰਣਤਾ ਸਭ ਤੋਂ ਜ਼ਿਆਦਾ ਦਿਖਾਈ ਦਿੰਦੀ ਹੈ।”
6 ਡੈਂਟਨ ਅੱਗੇ ਬਿਆਨ ਕਰਦਾ ਹੈ: “ਜਿੱਥੇ ਵੀ ਅਸੀਂ ਦੇਖਦੇ ਹਾਂ, ਜਿੰਨੀ ਵੀ ਡੁੰਘਿਆਈ ਤਾਈਂ ਦੇਖਦੇ ਹਾਂ, ਸਾਨੂੰ ਇਕ ਬਿਲਕੁਲ ਉੱਚ ਕੋਟੀ ਦੀ ਸੁੰਦਰਤਾ ਅਤੇ ਬੁੱਧ ਨਜ਼ਰ ਆਉਂਦੀ ਹੈ, ਜਿਹੜੀ ਸਬੱਬ ਦੇ ਵਿਚਾਰ ਨੂੰ ਇੰਨਾ ਕਮਜ਼ੋਰ ਕਰ ਦਿੰਦੀ ਹੈ। ਕੀ ਇਹ ਸੱਚ-ਮੁੱਚ ਮੰਨਣ ਯੋਗ ਹੈ ਕਿ ਉਘੜ-ਦੁਘੜ ਪ੍ਰਕ੍ਰਿਆਵਾਂ ਨੇ ਇਕ ਵਾਸਤਵਿਕਤਾ ਨੂੰ ਬਣਾਇਆ ਹੋਵੇ, ਜਿਸ ਦਾ ਸਭ ਤੋਂ ਛੋਟਾ ਤੱਤ—ਇਕ ਕ੍ਰਿਆਸ਼ੀਲ ਪ੍ਰੋਟੀਨ ਯਾ ਜੀਨ—ਇੰਨਾ ਜਟਿਲ ਹੈ ਕਿ ਸਾਡੀਆਂ ਆਪਣੀਆਂ ਰਚਨਾਤਮਕ ਯੋਗਤਾਵਾਂ ਤੋਂ ਬਾਹਰ ਹੈ, ਅਜੇਹੀ ਵਾਸਤਵਿਕਤਾ ਜਿਹੜੀ ਸਬੱਬ ਦੇ ਬਿਲਕੁਲ ਉਲਟ ਹੈ, ਜਿਹੜੀ ਹਰ ਸਮਝ ਵਿਚ ਮਨੁੱਖ ਦੀ ਬੁੱਧ ਦੁਆਰਾ ਬਣਾਈ ਹੋਈ ਕਿਸੇ ਵੀ ਚੀਜ਼ ਤੋਂ ਉੱਤਮ ਹੈ?” ਉਹ ਇਹ ਵੀ ਬਿਆਨ ਕਰਦਾ ਹੈ: “ਇਕ ਜੀਉਂਦੇ ਕੋਸ਼ ਅਤੇ ਸਭ ਤੋਂ ਜ਼ਿਆਦਾ ਵਿਵਸਥਿਤ ਗੈਰ-ਜੀਵ-ਵਿਗਿਆਨਿਕ ਸੰਗਠਨ, ਜਿਵੇਂ ਕਿ ਇਕ ਬਲੋਰ ਯਾ ਬਰਫ਼ ਦਾ ਇਕ ਗੋੜ੍ਹਾ, ਦੇ ਵਿਚਕਾਰ ਇੰਨਾ ਵਿਸ਼ਾਲ ਅਤੇ ਸੰਪੂਰਣ ਫ਼ਰਕ ਹੈ ਜਿੰਨਾ ਕਿ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ।” ਅਤੇ ਭੌਤਿਕ-ਵਿਗਿਆਨ ਦਾ ਇਕ ਪ੍ਰੋਫ਼ੈਸਰ ਚੈਟ ਰੇਮੋ ਬਿਆਨ ਕਰਦਾ ਹੈ: “ਮੈਂ ਅਤਿ ਹੈਰਾਨ ਹਾਂ . . . ਇਸ ਤਰ੍ਹਾਂ ਜਾਪਦਾ ਹੈ ਕਿ ਹਰੇਕ ਅਣੂ ਆਪਣੇ ਕੰਮ ਵਾਸਤੇ ਚਮਤਕਾਰੀ ਢੰਗ ਨਾਲ ਬਣਾਇਆ ਗਿਆ ਹੈ।”
7 ਆਣਵਿਕ ਜੀਵ-ਵਿਗਿਆਨੀ ਡੈਂਟਨ ਸਿੱਟਾ ਕੱਢਦਾ ਹੈ ਕਿ “ਉਹ ਜਿਹੜੇ ਅਜੇ ਵੀ ਕੱਟੜਤਾ ਨਾਲ ਇਸ ਵਿਸ਼ਵਾਸ ਨੂੰ ਸਮਰਥਨ ਦਿੰਦੇ ਹਨ ਕਿ ਇਹ ਸਾਰੀ ਨਵੀਂ ਵਾਸਤਵਿਕਤਾ ਨਿਰੇ ਸਬੱਬ ਦਾ ਹੀ ਨਤੀਜਾ ਹੈ” ਇਕ ਝੂਠ ਮੰਨ ਰਹੇ ਹਨ। ਅਸਲ ਵਿਚ, ਜੀਉਂਦੀਆਂ ਚੀਜ਼ਾਂ ਦਾ ਸਬੱਬ ਦੁਆਰਾ ਆਉਣ ਦੇ ਸੰਬੰਧ ਵਿਚ ਉਹ ਡਾਰਵਿਨੀ ਵਿਸ਼ਵਾਸ ਨੂੰ “ਵੀਹਵੀਂ ਸਦੀ ਦਾ ਸ੍ਰਿਸ਼ਟੀ-ਸੰਬੰਧਿਤ ਮਹਾਂ ਝੂਠ” ਆਖਦਾ ਹੈ।
ਡੀਜ਼ਾਈਨ ਲਈ ਇਕ ਰੂਪਾਂਕਣਕਾਰ ਦੀ ਲੋੜ ਹੁੰਦੀ ਹੈ
8, 9. ਇਹ ਦਿਖਾਉਣ ਲਈ ਇਕ ਮਿਸਾਲ ਦਿਓ ਕਿ ਹਰੇਕ ਰੂਪਾਂਕਿਤ ਕੀਤੀ ਗਈ ਚੀਜ਼ ਦਾ ਇਕ ਰੂਪਾਂਕਣਕਾਰ ਹੋਣਾ ਜ਼ਰੂਰੀ ਹੈ।
8 ਇਹ ਸੰਭਾਵਨਾ ਕਿ ਨਿਰਜੀਵ ਚੀਜ਼ਾਂ ਸਬੱਬ ਨਾਲ, ਕਿਸੇ ਉਘੜ-ਦੁਘੜ ਇਤਫ਼ਾਕ ਦੁਆਰਾ ਜੀਉਂਦੀਆਂ ਹੋ ਸਕਦੀਆਂ ਹਨ, ਇੰਨੀ ਥੋੜ੍ਹੀ ਹੈ ਕਿ ਇਹ ਨਾਮੁਮਕਨ ਹੈ। ਨਹੀਂ, ਧਰਤੀ ਉੱਤੇ ਆਲੀਸ਼ਾਨ ਢੰਗ ਨਾਲ ਰੂਪਾਂਕਿਤ ਕੀਤੀਆਂ ਹੋਈਆਂ ਸਾਰੀਆਂ ਚੀਜ਼ਾਂ ਇਤਫ਼ਾਕ ਨਾਲ ਨਹੀਂ ਆ ਸਕਦੀਆਂ ਸਨ, ਕਿਉਂਕਿ ਹਰੇਕ ਚੀਜ਼ ਜਿਹੜੀ ਰੂਪਾਂਕਿਤ ਕੀਤੀ ਗਈ ਹੈ ਉਸ ਲਈ ਇਕ ਰੂਪਾਂਕਣਕਾਰ ਦੀ ਜ਼ਰੂਰਤ ਹੁੰਦੀ ਹੈ। ਕੀ ਤੁਸੀਂ ਕਿਸੇ ਵੀ ਅਪਵਾਦ ਬਾਰੇ ਜਾਣਦੇ ਹੋ? ਕੋਈ ਹੈ ਹੀ ਨਹੀਂ। ਅਤੇ ਇਕ ਡੀਜ਼ਾਈਨ ਜਿੰਨਾ ਜ਼ਿਆਦਾ ਜਟਿਲ ਹੋਵੇ, ਉਸ ਦੇ ਰੂਪਾਂਕਣਕਾਰ ਨੂੰ ਉੱਨਾ ਹੀ ਜ਼ਿਆਦਾ ਕਾਬਲ ਹੋਣਾ ਜ਼ਰੂਰੀ ਹੈ।
9 ਅਸੀਂ ਇਸ ਗੱਲ ਨੂੰ ਇਸ ਤਰ੍ਹਾਂ ਵੀ ਦਰਸਾ ਸਕਦੇ ਹਾਂ: ਜਦੋਂ ਅਸੀਂ ਇਕ ਤਸਵੀਰ ਦੇਖਦੇ ਹਾਂ, ਅਸੀਂ ਉਸ ਨੂੰ ਇਸ ਗੱਲ ਦਾ ਸਬੂਤ ਸਵੀਕਾਰ ਕਰਦੇ ਹਾਂ ਕਿ ਇਕ ਚਿੱਤਰਕਾਰ ਹੋਂਦ ਵਿਚ ਹੈ। ਜਦੋਂ ਅਸੀਂ ਇਕ ਕਿਤਾਬ ਪੜ੍ਹਦੇ ਹਾਂ, ਅਸੀਂ ਸਵੀਕਾਰ ਕਰਦੇ ਹਾਂ ਕਿ ਇਕ ਲੇਖਕ ਹੋਂਦ ਵਿਚ ਹੈ। ਜਦੋਂ ਅਸੀਂ ਇਕ ਘਰ ਦੇਖਦੇ ਹਾਂ, ਅਸੀਂ ਸਵੀਕਾਰ ਕਰਦੇ ਹਾਂ ਕਿ ਇਕ ਰਾਜਗੀਰ ਹੋਂਦ ਵਿਚ ਹੈ। ਜਦੋਂ ਅਸੀਂ ਟ੍ਰੈਫ਼ਿਕ-ਲਾਈਟ ਦੇਖਦੇ ਹਾਂ, ਅਸੀਂ ਜਾਣਦੇ ਹਾਂ ਕਿ ਇਕ ਨਿਯਮ-ਬਣਾਉਣ ਵਾਲਾ ਸਮੂਹ ਹੋਂਦ ਵਿਚ ਹੈ। ਇਹ ਸਾਰੀਆਂ ਚੀਜ਼ਾਂ ਆਪਣੇ ਬਣਾਉਣ ਵਾਲਿਆਂ ਦੁਆਰਾ ਇਕ ਮਕਸਦ ਲਈ ਬਣਾਈਆਂ ਗਈਆਂ ਸਨ। ਅਤੇ ਭਾਵੇਂ ਸ਼ਾਇਦ ਅਸੀਂ ਉਨ੍ਹਾਂ ਲੋਕਾਂ ਬਾਰੇ ਹਰੇਕ ਚੀਜ਼ ਨਾ ਸਮਝੀਏ ਜਿਨ੍ਹਾਂ ਨੇ ਉਨ੍ਹਾਂ ਨੂੰ ਰੂਪਾਂਕਿਤ ਕੀਤਾ ਸੀ, ਅਸੀਂ ਇਸ ਗੱਲ ਉੱਤੇ ਸ਼ੱਕ ਨਹੀਂ ਕਰਦੇ ਹਾਂ ਕਿ ਉਹ ਲੋਕ ਹੋਂਦ ਵਿਚ ਹਨ।
10. ਇਕ ਸਰਬੋਤਮ ਰੂਪਾਂਕਣਕਾਰ ਦਾ ਕੀ ਸਬੂਤ ਦੇਖਿਆ ਜਾ ਸਕਦਾ ਹੈ?
10 ਇਸੇ ਤਰ੍ਹਾਂ, ਧਰਤੀ ਉੱਤੇ ਜੀਉਂਦੀਆਂ ਚੀਜ਼ਾਂ ਦੇ ਡੀਜ਼ਾਈਨ, ਉਨ੍ਹਾਂ ਦੀ ਵਿਵਸਥਾ, ਅਤੇ ਜਟਿਲਤਾ ਵਿਚ ਇਕ ਸਰਬੋਤਮ ਰੂਪਾਂਕਣਕਾਰ ਦੀ ਹੋਂਦ ਦਾ ਸਬੂਤ ਦੇਖਿਆ ਜਾ ਸਕਦਾ ਹੈ। ਉਨ੍ਹਾਂ ਸਾਰਿਆਂ ਵਿਚ ਇਕ ਸਰਬੋਤਮ ਬੁੱਧ ਦੇ ਚਿੰਨ੍ਹ ਹਨ। ਇਹ ਗੱਲ ਸਾਡੇ ਵਿਸ਼ਵ-ਮੰਡਲ ਦੇ ਡੀਜ਼ਾਈਨ, ਉਹ ਦੀ ਵਿਵਸਥਾ, ਅਤੇ ਜਟਿਲਤਾ ਬਾਰੇ ਵੀ ਸੱਚ ਹੈ, ਜਿਸ ਦੀਆਂ ਅਰਬਾਂ ਹੀ ਆਕਾਸ਼ ਗੰਗਾ ਹਨ, ਜਿੱਥੇ ਹਰੇਕ ਵਿਚ ਅਰਬਾਂ ਹੀ ਤਾਰੇ ਪਾਏ ਜਾਂਦੇ ਹਨ। ਅਤੇ ਸਾਰੇ ਗ੍ਰਹਿ ਅਚੂਕ ਨਿਯਮਾਂ ਨਾਲ ਨਿਯੰਤ੍ਰਿਤ ਕੀਤੇ ਜਾਂਦੇ ਹਨ, ਜਿਵੇਂ ਕਿ ਗਤੀ, ਗਰਮੀ, ਰੌਸ਼ਨੀ, ਆਵਾਜ਼, ਬਿਜਲ-ਚੁੰਬਕਤਾ, ਅਤੇ ਗੁਰੂਤਾ ਲਈ ਨਿਯਮ। ਕੀ ਇਕ ਨਿਯਮ ਬਣਾਉਣ ਵਾਲੇ ਤੋਂ ਬਿਨਾਂ ਨਿਯਮ ਹੋ ਸਕਦੇ ਹਨ? ਰਾਕਟ ਵਿਗਿਆਨੀ ਡਾ. ਵਰਨਰ ਫ਼ੌਨ ਬ੍ਰਾਉਨ ਨੇ ਬਿਆਨ ਕੀਤਾ: “ਵਿਸ਼ਵ-ਮੰਡਲ ਦੇ ਕੁਦਰਤੀ ਨਿਯਮ ਇੰਨੇ ਅਚੂਕ ਹਨ ਕਿ ਸਾਨੂੰ ਚੰਨ ਤਕ ਭੇਜਣ ਲਈ ਇਕ ਪੁਲਾੜ-ਜਹਾਜ਼ ਬਣਾਉਣ ਵਿਚ ਕੋਈ ਮੁਸ਼ਕਲ ਨਹੀਂ ਹੁੰਦੀ ਹੈ ਅਤੇ ਇਕ ਸਕਿੰਟ ਦੇ ਛੋਟੇ ਹਿੱਸੇ ਦੀ ਅਚੂਕਤਾ ਨਾਲ ਉਡਾਨ ਦੇ ਸਮੇਂ ਨੂੰ ਨਿਸ਼ਚਿਤ ਕਰ ਸਕਦੇ ਹਾਂ। ਇਹ ਨਿਯਮ ਜ਼ਰੂਰ ਕਿਸੇ ਨੇ ਕਾਇਮ ਕੀਤੇ ਹੋਣੇ ਹਨ।”
11. ਸਾਨੂੰ ਇਕ ਸਰਬੋਤਮ ਰੂਪਾਂਕਣਕਾਰ ਦੀ ਹੋਂਦ ਨੂੰ ਕਿਉਂ ਇਨਕਾਰ ਨਹੀਂ ਕਰਨਾ ਚਾਹੀਦਾ ਹੈ ਸਿਰਫ਼ ਇਸ ਲਈ ਕਿ ਅਸੀਂ ਉਸ ਨੂੰ ਵੇਖ ਨਹੀਂ ਸਕਦੇ ਹਾਂ?
11 ਇਹ ਸੱਚ ਹੈ ਕਿ ਅਸੀਂ ਆਪਣੀਆਂ ਸ਼ਾਬਦਿਕ ਅੱਖਾਂ ਨਾਲ ਉਸ ਸਰਬੋਤਮ ਰੂਪਾਂਕਣਕਾਰ ਅਤੇ ਨਿਯਮ-ਦਾਤੇ ਨੂੰ ਦੇਖ ਨਹੀਂ ਸਕਦੇ ਹਾਂ। ਲੇਕਨ ਕੀ ਅਸੀਂ ਅਜੇਹੀਆਂ ਚੀਜ਼ਾਂ ਜਿਵੇਂ ਕਿ ਗੁਰੂਤਾ, ਚੁੰਬਕਤਾ, ਬਿਜਲੀ, ਯਾ ਰੇਡੀਓ ਤਰੰਗਾਂ ਦੀ ਹੋਂਦ ਨੂੰ ਇਨਕਾਰ ਕਰਦੇ ਹਾਂ ਸਿਰਫ਼ ਕਿਉਂਕਿ ਅਸੀਂ ਉਨ੍ਹਾਂ ਨੂੰ ਦੇਖ ਨਹੀਂ ਸਕਦੇ ਹਾਂ? ਨਹੀਂ, ਅਸੀਂ ਨਹੀਂ ਇਨਕਾਰ ਕਰਦੇ ਹਾਂ, ਕਿਉਂਜੋ ਅਸੀਂ ਉਨ੍ਹਾਂ ਦੇ ਪ੍ਰਭਾਵਾਂ ਨੂੰ ਦੇਖ ਸਕਦੇ ਹਾਂ। ਤਾਂ ਫਿਰ ਅਸੀਂ ਇਕ ਸਰਬੋਤਮ ਰੂਪਾਂਕਣਕਾਰ ਅਤੇ ਨਿਯਮ-ਦਾਤੇ ਦਾ ਇਨਕਾਰ ਕਿਉਂ ਕਰੀਏ ਸਿਰਫ਼ ਇਸ ਲਈ ਕਿ ਅਸੀਂ ਉਸ ਨੂੰ ਵੇਖ ਨਹੀਂ ਸਕਦੇ ਹਾਂ, ਜਦੋਂ ਕਿ ਅਸੀਂ ਉਸ ਦੇ ਹੈਰਾਨਕੁਨ ਦਸਤਕਾਰੀ ਦੇ ਨਤੀਜਿਆਂ ਨੂੰ ਦੇਖ ਸਕਦੇ ਹਾਂ?
12, 13. ਸ੍ਰਿਸ਼ਟੀਕਰਤਾ ਦੀ ਹੋਂਦ ਬਾਰੇ ਸਬੂਤ ਕੀ ਆਖਦਾ ਹੈ?
12 ਭੌਤਿਕ-ਵਿਗਿਆਨ ਦਾ ਪ੍ਰੋਫ਼ੈਸਰ, ਪੌਲ ਡੇਵਿਸ ਸਿੱਟਾ ਕੱਢਦਾ ਹੈ ਕਿ ਮਨੁੱਖ ਦੀ ਹੋਂਦ ਕੇਵਲ ਕਿਸਮਤ ਦੀ ਹੀ ਇਕ ਘਟਨਾ ਨਹੀਂ ਹੈ। ਉਹ ਬਿਆਨ ਕਰਦਾ ਹੈ: “ਅਸੀਂ ਸੱਚ-ਮੁੱਚ ਹੀ ਇੱਥੇ ਰਹਿਣ ਲਈ ਬਣਾਏ ਗਏ ਹਾਂ।” ਅਤੇ ਉਹ ਵਿਸ਼ਵ-ਮੰਡਲ ਦੇ ਸੰਬੰਧ ਵਿਚ ਆਖਦਾ ਹੈ: “ਆਪਣੇ ਵਿਗਿਆਨਿਕ ਕੰਮ ਦੁਆਰਾ, ਮੈਂ ਹੋਰ ਤੋਂ ਹੋਰ ਜ਼ਿਆਦਾ ਮਜ਼ਬੂਤ ਵਿਸ਼ਵਾਸ ਕਰਨ ਲੱਗਾ ਹਾਂ ਕਿ ਸਾਡਾ ਭੌਤਿਕ ਵਿਸ਼ਵ-ਮੰਡਲ ਇਕ ਇੰਨੀ ਹੈਰਾਨਕੁਨ ਬੁੱਧ ਨਾਲ ਬਣਾਇਆ ਗਿਆ ਹੈ ਕਿ ਮੈਂ ਇਸ ਨੂੰ ਕੇਵਲ ਇਕ ਨਿਰਬੁੱਧ ਘਟਨਾ ਨਹੀਂ ਸਵੀਕਾਰ ਕਰ ਸਕਦਾ ਹਾਂ। ਮੈਨੂੰ ਲੱਗਦਾ ਹੈ ਕਿ ਜ਼ਰੂਰ ਇਸ ਦਾ ਇਕ ਅਧਿਕ ਗਹਿਰੇ ਦਰਜੇ ਦਾ ਸਪੱਸ਼ਟੀਕਰਨ ਹੋਵੇਗਾ।”
13 ਉਪਰੰਤ, ਸਬੂਤ ਸਾਨੂੰ ਦੱਸਦਾ ਹੈ ਕਿ ਵਿਸ਼ਵ-ਮੰਡਲ, ਧਰਤੀ, ਅਤੇ ਧਰਤੀ ਉੱਤੇ ਦੀਆਂ ਜੀਉਂਦੀਆਂ ਚੀਜ਼ਾਂ ਸਬੱਬ ਨਾਲ ਹੀ ਨਹੀਂ ਆ ਸਕਦੀਆਂ ਸਨ। ਇਹ ਸਾਰੀਆਂ ਚੀਜ਼ਾਂ ਇਕ ਅਤਿਅੰਤ ਬੁੱਧੀਮਾਨ, ਸ਼ਕਤੀਸ਼ਾਲੀ ਸ੍ਰਿਸ਼ਟੀਕਰਤਾ ਦਾ ਮੂਕ ਪ੍ਰਮਾਣ ਦਿੰਦੀਆਂ ਹਨ।
ਬਾਈਬਲ ਕੀ ਆਖਦੀ ਹੈ
14. ਬਾਈਬਲ ਸ੍ਰਿਸ਼ਟੀਕਰਤਾ ਬਾਰੇ ਕੀ ਸਿੱਟਾ ਕੱਢਦੀ ਹੈ?
14 ਮਨੁੱਖਜਾਤੀ ਦੀ ਸਭ ਤੋਂ ਪੁਰਾਣੀ ਕਿਤਾਬ, ਬਾਈਬਲ ਇਹੋ ਹੀ ਸਿੱਟਾ ਕੱਢਦੀ ਹੈ। ਉਦਾਹਰਣ ਦੇ ਲਈ, ਰਸੂਲ ਪੌਲੁਸ ਦੁਆਰਾ ਲਿਖੀ ਗਈ ਬਾਈਬਲ ਦੀ ਇਬਰਾਨੀਆਂ ਦੀ ਕਿਤਾਬ ਵਿਚ ਸਾਨੂੰ ਦੱਸਿਆ ਜਾਂਦਾ ਹੈ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਰਸੂਲ ਯੂਹੰਨਾ ਦੁਆਰਾ ਲਿਖੀ ਗਈ, ਬਾਈਬਲ ਦੀ ਆਖਰੀ ਕਿਤਾਬ ਵੀ ਆਖਦੀ ਹੈ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!”—ਪਰਕਾਸ਼ ਦੀ ਪੋਥੀ 4:11.
15. ਅਸੀਂ ਪਰਮੇਸ਼ੁਰ ਦੇ ਕੁਝ ਗੁਣ ਕਿਸ ਤਰ੍ਹਾਂ ਦੇਖ ਸਕਦੇ ਹਾਂ?
15 ਬਾਈਬਲ ਦਿਖਾਉਂਦੀ ਹੈ ਕਿ ਜਦੋਂ ਕਿ ਪਰਮੇਸ਼ੁਰ ਦੇਖਿਆ ਨਹੀਂ ਜਾ ਸਕਦਾ ਹੈ, ਜਿਸ ਪ੍ਰਕਾਰ ਦਾ ਪਰਮੇਸ਼ੁਰ ਉਹ ਹੈ ਇਹ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੁਆਰਾ ਦੇਖਿਆ ਜਾ ਸਕਦਾ ਹੈ। ਇਹ ਬਿਆਨ ਕਰਦੀ ਹੈ: “ਜਦੋਂ ਤੋਂ ਸੰਸਾਰ ਆਰੰਭ ਹੋਇਆ, [ਸ੍ਰਿਸ਼ਟੀਕਰਤਾ ਦੇ] ਅਦਿੱਖ ਗੁਣ, ਅਰਥਾਤ ਉਸ ਦੀ ਸਦੀਪਕ ਸ਼ਕਤੀ ਅਤੇ ਦੇਵਤਾਈ, ਤਰਕ ਦੀਆਂ ਅੱਖਾਂ ਵਿਚ ਉਸ ਦੀਆਂ ਬਣਾਈਆਂ ਚੀਜ਼ਾਂ ਵਿਚ ਦ੍ਰਿਸ਼ਟ ਰਹੇ ਹਨ।”—ਰੋਮੀਆਂ 1:20, ਦ ਨਿਊ ਇੰਗਲਿਸ਼ ਬਾਈਬਲ।
16. ਸਾਨੂੰ ਕਿਉਂ ਖੁਸ਼ ਹੋਣਾ ਚਾਹੀਦਾ ਹੈ ਕਿ ਮਨੁੱਖ ਪਰਮੇਸ਼ੁਰ ਨੂੰ ਵੇਖ ਨਹੀਂ ਸਕਦੇ ਹਨ?
16 ਸੋ ਬਾਈਬਲ ਸਾਨੂੰ ਕਾਰਨ ਤੋਂ ਲੈਕੇ ਪ੍ਰਭਾਵ (cause to effect) ਤਾਈਂ ਲੈ ਜਾਂਦੀ ਹੈ। ਉਹ ਪ੍ਰਭਾਵ—ਬਣਾਈਆਂ ਹੋਈਆਂ ਉਹ ਹੈਰਾਨਕੁਨ ਚੀਜ਼ਾਂ—ਇਕ ਬੁੱਧੀਮਾਨ, ਸ਼ਕਤੀਸ਼ਾਲੀ ਕਾਰਨ ਦਾ ਸਬੂਤ ਕੂਚ 33:20.
ਹੈ: ਪਰਮੇਸ਼ੁਰ। ਨਾਲੇ, ਅਸੀਂ ਧੰਨਵਾਦੀ ਹੋ ਸਕਦੇ ਹਾਂ ਕਿ ਉਹ ਅਦਿੱਖ ਹੈ, ਕਿਉਂਕਿ ਪੂਰੇ ਵਿਸ਼ਵ-ਮੰਡਲ ਦਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਕੋਈ ਸ਼ੱਕ ਨਹੀਂ ਹੈ ਕਿ ਉਸ ਦੇ ਕੋਲ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਮਾਸ ਅਤੇ ਲਹੂ ਦੇ ਮਨੁੱਖ ਉਸ ਨੂੰ ਵੇਖਕੇ ਜੀਉਂਦੇ ਰਹਿਣ ਦੀ ਉਮੀਦ ਨਹੀਂ ਰੱਖ ਸਕਦੇ ਹਨ। ਅਤੇ ਇਹੋ ਹੀ ਗੱਲ ਬਾਈਬਲ ਆਖਦੀ ਹੈ: “ਕੋਈ ਆਦਮੀ [ਪਰਮੇਸ਼ੁਰ ਨੂੰ] ਵੇਖ ਕੇ ਜੀ ਨਹੀਂ ਸੱਕਦਾ।”—17, 18. ਇਕ ਸ੍ਰਿਸ਼ਟੀਕਰਤਾ ਹੈ, ਇਹ ਧਾਰਣਾ ਸਾਡੇ ਲਈ ਕਿਉਂ ਮਹੱਤਵਪੂਰਣ ਹੋਣੀ ਚਾਹੀਦੀ ਹੈ?
17 ਇਕ ਮਹਾਨ ਰੂਪਾਂਕਣਕਾਰ, ਇਕ ਸਰਬੋਤਮ ਵਿਅਕਤੀ—ਪਰਮੇਸ਼ੁਰ—ਹੈ, ਇਹ ਧਾਰਣਾ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਣ ਹੋਣੀ ਚਾਹੀਦੀ ਹੈ। ਅਗਰ ਅਸੀਂ ਇਕ ਸ੍ਰਿਸ਼ਟੀਕਰਤਾ ਦੁਆਰਾ ਬਣਾਏ ਗਏ ਸੀ, ਤਾਂ ਨਿਸ਼ਚੇ ਹੀ ਸਾਨੂੰ ਸ੍ਰਿਸ਼ਟ ਕਰਨ ਵਿਚ ਉਸ ਦਾ ਇਕ ਕਾਰਨ, ਇਕ ਮਕਸਦ ਹੋਣਾ ਸੀ। ਅਗਰ ਅਸੀਂ ਜੀਵਨ ਵਿਚ ਇਕ ਮਕਸਦ ਲਈ ਸ੍ਰਿਸ਼ਟ ਕੀਤੇ ਗਏ ਸੀ, ਫਿਰ ਇਹ ਉਮੀਦ ਰੱਖਣ ਲਈ ਕਾਰਨ ਹੈ ਕਿ ਭਵਿੱਖ ਵਿਚ ਹਾਲਤਾਂ ਬਿਹਤਰ ਹੋਣਗੀਆਂ। ਵਰਨਾ, ਅਸੀਂ ਇਵੇਂ ਹੀ ਬੇਉਮੀਦ ਜੀਵਾਂਗੇ ਅਤੇ ਮਰਾਂਗੇ। ਸੋ ਇਹ ਬਹੁਤ ਮਹੱਤਵਪੂਰਣ ਹੈ ਕਿ ਅਸੀਂ ਆਪਣੇ ਵਾਸਤੇ ਪਰਮੇਸ਼ੁਰ ਦਾ ਮਕਸਦ ਪਤਾ ਕਰੀਏ। ਫਿਰ ਅਸੀਂ ਚੋਣ ਕਰ ਸਕਦੇ ਹਾਂ ਕਿ ਅਸੀਂ ਇਸ ਮਕਸਦ ਦੇ ਇਕਸਾਰ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਕਿ ਨਹੀਂ।
18 ਨਾਲੇ, ਬਾਈਬਲ ਬਿਆਨ ਕਰਦੀ ਹੈ ਕਿ ਸ੍ਰਿਸ਼ਟੀਕਰਤਾ ਇਕ ਪ੍ਰੇਮਪੂਰਣ ਪਰਮੇਸ਼ੁਰ ਹੈ ਜੋ ਸਾਡੀ ਬਹੁਤ ਪਰਵਾਹ ਕਰਦਾ ਹੈ। ਰਸੂਲ ਪਤਰਸ ਨੇ ਬਿਆਨ ਕੀਤਾ: “ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7; ਨਾਲੇ ਯੂਹੰਨਾ 3:16 ਅਤੇ 1 ਯੂਹੰਨਾ 4:8, 16 ਵੀ ਦੇਖੋ) ਉਸ ਨੇ ਜਿਸ ਅਦਭੁਤ ਢੰਗ ਨਾਲ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਬਣਾਇਆ ਹੈ, ਉਸ ਉੱਤੇ ਵਿਚਾਰ ਕਰਨਾ ਇਕ ਤਰੀਕਾ ਹੈ ਜਿਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਕਿੰਨੀ ਪਰਵਾਹ ਕਰਦਾ ਹੈ।
“ਅਦਭੁਤ ਢੰਗ ਨਾਲ ਬਣਾਇਆ”
19. ਜ਼ਬੂਰਾਂ ਦਾ ਲਿਖਾਰੀ ਦਾਊਦ ਸਾਡਾ ਧਿਆਨ ਕਿਹੜੀ ਸੱਚਾਈ ਵੱਲ ਖਿੱਚਦਾ ਹੈ?
19 ਬਾਈਬਲ ਵਿਚ ਜ਼ਬੂਰਾਂ ਦੇ ਲਿਖਾਰੀ ਨੇ ਸਵੀਕਾਰ ਕੀਤਾ: “ਭੈ-ਪ੍ਰੇਰਕ ਰੀਤੀ ਵਿਚ ਮੈਂ ਅਦਭੁਤ ਢੰਗ ਨਾਲ ਬਣਾਇਆ ਹੋਇਆ ਹਾਂ।” (ਜ਼ਬੂਰਾਂ ਦੀ ਪੋਥੀ 139:14, ਨਿ ਵ) ਨਿਸ਼ਚੇ ਹੀ ਇਹ ਸੱਚ ਹੈ, ਕਿਉਂਕਿ ਮਾਨਵ ਦਿਮਾਗ਼ ਅਤੇ ਸਰੀਰ ਇਕ ਸਰਬੋਤਮ ਰੂਪਾਂਕਣਕਾਰ ਦੁਆਰਾ ਅਚਰਜ ਰੀਤੀ ਨਾਲ ਰੂਪਾਂਕਿਤ ਕੀਤੇ ਗਏ ਸਨ।
20. ਇਕ ਐਨਸਾਈਕਲੋਪੀਡੀਆ ਮਾਨਵ ਦਿਮਾਗ਼ ਬਾਰੇ ਕਿਸ ਤਰ੍ਹਾਂ ਵਰਣਨ ਕਰਦਾ ਹੈ?
20 ਮਿਸਾਲ ਲਈ, ਤੁਹਾਡਾ ਦਿਮਾਗ਼ ਕਿਸੇ ਵੀ ਕੰਪਿਊਟਰ ਨਾਲੋਂ ਕਿਤੇ ਹੀ ਜ਼ਿਆਦਾ ਜਟਿਲ ਹੈ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਨੋਟ ਕਰਦਾ ਹੈ: “ਤੰਤੂ-ਪ੍ਰਬੰਧ ਦੇ ਅੰਦਰ ਜਾਣਕਾਰੀ ਦਾ ਸੰਚਾਰ ਸਭ ਤੋਂ ਵੱਡੀਆਂ ਟੈਲੀਫ਼ੋਨ ਐਕਸਚੇਂਜਾਂ ਨਾਲੋਂ ਜ਼ਿਆਦਾ ਜਟਿਲ ਹੈ; ਮਾਨਵ ਦਿਮਾਗ਼ ਦੁਆਰਾ ਸਮੱਸਿਆਵਾਂ ਦਾ ਸੁਲਝਾਉਣਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰਾਂ ਦੀ ਯੋਗਤਾ ਨਾਲੋਂ ਕਿਤੇ ਹੀ ਵਧੇਰੇ ਹੈ।”
21. ਜਦੋਂ ਅਸੀਂ ਦੇਖਦੇ ਹਾਂ ਕਿ ਦਿਮਾਗ਼ ਕੀ ਕੰਮ ਕਰਦਾ ਹੈ, ਸਾਨੂੰ ਕੀ ਸਿੱਟਾ ਕੱਢਣਾ ਚਾਹੀਦਾ ਹੈ?
21 ਤੁਹਾਡੇ ਦਿਮਾਗ਼ ਵਿਚ ਕਰੋੜਾਂ ਹਕੀਕਤਾਂ ਅਤੇ ਮਾਨਸਿਕ ਤਸਵੀਰਾਂ ਭਰੀਆਂ ਜਾਂਦੀਆਂ ਹਨ, ਲੇਕਨ ਇਹ ਕੇਵਲ ਇਕ ਹਕੀਕਤਾਂ ਦਾ ਗੁਦਾਮ ਹੀ ਨਹੀਂ ਹੈ। ਉਸ ਦੁਆਰਾ ਤੁਸੀਂ ਸੀਟੀ ਮਾਰਨੀ, ਰੋਟੀ ਬਣਾਉਣੀ, ਵਿਦੇਸ਼ੀ ਭਾਸ਼ਾਵਾਂ ਬੋਲਣੀਆਂ, ਕੰਪਿਊਟਰ ਦਾ ਇਸਤੇਮਾਲ ਕਰਨਾ, ਯਾ ਇਕ ਹਵਾਈ ਜਹਾਜ਼ ਉਡਾਉਣਾ ਸਿੱਖ ਸਕਦੇ ਹੋ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਛੁੱਟੀਆਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਯਾ ਇਕ ਫਲ ਕਿੰਨਾ ਸੁਆਦਲਾ ਹੋਵੇਗਾ। ਤੁਸੀਂ ਵਿਸ਼ਲੇਸ਼ਣ ਕਰਕੇ ਚੀਜ਼ਾਂ ਬਣਾ ਸਕਦੇ ਹੋ। ਤੁਸੀਂ ਯੋਜਨਾਵਾਂ ਬਣਾ ਸਕਦੇ ਹੋ, ਸ਼ੁਕਰਗੁਜ਼ਾਰ ਹੋ ਸਕਦੇ ਹੋ, ਪਿਆਰ ਕਰ ਸਕਦੇ ਹੋ, ਅਤੇ ਭੂਤਕਾਲ, ਵਰਤਮਾਨ, ਅਤੇ ਭਵਿੱਖ ਨਾਲ ਆਪਣੇ ਖ਼ਿਆਲਾਂ ਦਾ ਸੰਬੰਧ ਮਿਲਾ ਸਕਦੇ ਹੋ। ਇਹ ਵੇਖਦੇ ਹੋਏ ਕਿ ਅਸੀਂ ਮਨੁੱਖ ਇਕ ਹੈਰਾਨਕੁਨ ਮਾਨਵ ਦਿਮਾਗ਼ ਵਰਗੀ ਕਿਸੇ ਚੀਜ਼ ਨੂੰ ਨਹੀਂ ਰੂਪਾਂਕਿਤ ਕਰ ਸਕਦੇ ਹਾਂ, ਇਹ ਸਪੱਸ਼ਟ ਹੈ ਕਿ ਜਿਸ ਨੇ ਇਸ ਨੂੰ ਰੂਪਾਂਕਿਤ ਕੀਤਾ ਹੈ ਉਸ ਦੀ ਬੁੱਧ ਅਤੇ ਯੋਗਤਾ ਕਿਸੇ ਵੀ ਮਨੁੱਖ ਨਾਲੋਂ ਕਿਤੇ ਹੀ ਜ਼ਿਆਦਾ ਹੈ।
22. ਮਾਨਵ ਦਿਮਾਗ਼ ਦੇ ਸੰਬੰਧ ਵਿਚ ਵਿਗਿਆਨੀ ਕੀ ਸਵੀਕਾਰ ਕਰਦੇ ਹਨ?
22 ਦਿਮਾਗ਼ ਦੇ ਸੰਬੰਧ ਵਿਚ, ਵਿਗਿਆਨੀ ਸਵੀਕਾਰ ਕਰਦੇ ਹਨ: “ਇਸ ਆਲੀਸ਼ਾਨ ਰੀਤੀ ਤੋਂ ਬਣਾਈ ਹੋਈ, ਵਿਵਸਥਿਤ ਅਤੇ ਵਿਲੱਖਣ ਤੌਰ ਤੇ ਜਟਿਲ ਮਸ਼ੀਨਰੀ ਦੁਆਰਾ ਕਿਵੇਂ ਇਹ ਕੰਮ-ਕਾਰ ਪੂਰੇ ਕੀਤੇ ਜਾਂਦੇ ਹਨ, ਸੱਚ-ਮੁੱਚ ਹੀ ਅਸਪੱਸ਼ਟ ਹੈ। . . . ਮਨੁੱਖ ਸ਼ਾਇਦ ਕਦੀ ਵੀ ਉਨ੍ਹਾਂ ਸਾਰੀਆਂ ਵੱਖਰੀਆਂ-ਵੱਖਰੀਆਂ ਵਿਸ਼ੇਸ਼ ਬੁਝਾਰਤਾਂ ਨੂੰ ਨਾ ਸੁਲਝਾ ਸਕਣ ਜਿਹੜੀਆਂ ਦਿਮਾਗ਼ ਪੇਸ਼ ਕਰਦਾ ਹੈ।” (ਸਾਇੰਟੀਫਿਕ ਅਮੈਰੀਕਨ) ਅਤੇ ਭੌਤਿਕ-ਵਿਗਿਆਨ ਦਾ ਪ੍ਰੋਫ਼ੈਸਰ ਰੇਮੋ
ਆਖਦਾ ਹੈ: “ਅਗਰ ਸੱਚ ਦੱਸਿਆ ਜਾਵੇ, ਤਾਂ ਅਸੀਂ ਅਜੇ ਵੀ ਇਸ ਗੱਲ ਬਾਰੇ ਬਹੁਤ ਕੁਝ ਨਹੀਂ ਜਾਣਦੇ ਕਿ ਮਾਨਵ ਦਿਮਾਗ਼ ਕਿਸ ਤਰ੍ਹਾਂ ਜਾਣਕਾਰੀ ਨੂੰ ਜਮ੍ਹਾ ਕਰਦਾ ਹੈ, ਯਾ ਇਹ ਕਿਸ ਤਰ੍ਹਾਂ ਮਰਜ਼ੀ ਅਨੁਸਾਰ ਯਾਦਾਂ ਨੂੰ ਮੁੜਕੇ ਚੇਤੇ ਕਰਨ ਦੇ ਯੋਗ ਹੈ। . . . ਮਾਨਵ ਦਿਮਾਗ਼ ਵਿਚ ਇਕ ਖਰਬ ਜਿੰਨੇ ਤੰਤੂ ਕੋਸ਼ ਹਨ। ਹਰ ਕੋਸ਼, ਦਰਖ਼ਤ ਵਰਗੀਆਂ ਖੀੜੀਆਂ ਹੋਈਆਂ ਸੂਤਰੀ-ਸੰਯੋਜਨਾਂ (synapses) ਦੁਆਰਾ ਹਜ਼ਾਰਾਂ ਹੀ ਦੂਸਰਿਆਂ ਕੋਸ਼ਾਂ ਨਾਲ ਸੰਚਾਰ ਕਰਦਾ ਹੈ। ਅੰਤਰ-ਸੰਬੰਧ ਦੀਆਂ ਸੰਭਾਵਨਾਵਾਂ ਹੈਰਾਨਕੁਨ ਤੌਰ ਤੇ ਜਟਿਲ ਹਨ।”23, 24. ਸਰੀਰ ਦੇ ਅਦਭੁਤ ਢੰਗ ਨਾਲ ਰੂਪਾਂਕਿਤ ਕੀਤੇ ਹੋਏ ਕੁਝ ਹਿੱਸਿਆਂ ਦੇ ਨਾਂ ਦੱਸੋ, ਅਤੇ ਇਕ ਇੰਜਨੀਅਰ ਨੇ ਕੀ ਟਿੱਪਣੀ ਕੀਤੀ ਸੀ?
23 ਤੁਹਾਡੀਆਂ ਅੱਖਾਂ ਕਿਸੇ ਵੀ ਕੈਮਰੇ ਨਾਲੋਂ ਜ਼ਿਆਦਾ ਅਚੂਕ ਅਤੇ ਅਨੁਕੂਲਣਯੋਗ ਹਨ; ਅਸਲ ਵਿਚ, ਇਹ ਪੂਰੀ ਤਰ੍ਹਾਂ ਸਵੈ-ਚਲਿਤ, ਸਵੈ-ਫੋਕਸ ਕਰਨ ਵਾਲੇ, ਰੰਗੀਨ ਫ਼ਿਲਮ ਕੈਮਰੇ ਹਨ। ਤੁਹਾਡੇ ਕੰਨ ਵਿਭਿੰਨ ਤਰ੍ਹਾਂ ਦੀਆਂ ਆਵਾਜਾਂ ਨੂੰ ਪਛਾਣ ਸਕਦੇ ਹਨ ਅਤੇ ਤੁਹਾਨੂੰ ਦਿਸ਼ਾ ਅਤੇ ਸੰਤੁਲਨ ਦੀ ਸੋਝੀ ਦਿੰਦੇ ਹਨ। ਤੁਹਾਡਾ ਦਿਲ ਅਜੇਹੀਆਂ ਯੋਗਤਾਵਾਂ ਵਾਲਾ ਇਕ ਪੰਪ ਹੈ ਜਿਸ ਨੂੰ ਸਭ ਤੋਂ ਵਧੀਆ ਇੰਜਨੀਅਰ ਵੀ ਦੁਹਰਾਉਣ ਦੇ ਕਾਬਲ ਨਹੀਂ ਹੋਏ ਹਨ। ਨਾਲੇ ਸਰੀਰ ਦੇ ਹੋਰ ਹਿੱਸੇ ਵੀ ਸ਼ਾਨਦਾਰ ਹਨ, ਜਿਨ੍ਹਾਂ ਵਿਚੋਂ ਕੁਝ ਹਨ: ਤੁਹਾਡਾ ਨੱਕ, ਜ਼ਬਾਨ, ਅਤੇ ਹੱਥ, ਨਾਲੇ ਤੁਹਾਡੇ ਖੂਨ ਦੇ ਦੌਰੇ ਅਤੇ ਪਾਚਨ ਦੀਆਂ ਪ੍ਰਣਾਲੀਆਂ।
24 ਇਸ ਕਰਕੇ, ਇਕ ਇੰਜਨੀਅਰ ਨੇ ਜਿਹ ਨੂੰ ਇਕ ਵੱਡਾ ਕੰਪਿਊਟਰ ਬਣਾਉਣ ਲਈ ਮਜ਼ਦੂਰੀ ਤੇ ਲਿਆ ਗਿਆ ਸੀ, ਤਰਕ ਕੀਤਾ: “ਅਗਰ ਮੇਰੇ ਕੰਪਿਊਟਰ ਲਈ ਇਕ ਰੂਪਾਂਕਣਕਾਰ ਦੀ ਲੋੜ ਸੀ, ਤਾਂ ਉਸ ਜਟਿਲ ਭੌਤਿਕ-ਰਸਾਇਣਿਕ-ਜੀਵ-ਵਿਗਿਆਨਿਕ ਮਸ਼ੀਨ ਲਈ, ਜਿਹੜਾ ਮੇਰਾ ਮਾਨਵ ਸਰੀਰ ਹੈ, ਇਕ ਰੂਪਾਂਕਣਕਾਰ ਦੀ ਕਿੰਨੀ ਵਧੇਰੇ ਲੋੜ ਸੀ—ਜਿਹੜਾ ਵਾਰੀ ਸਿਰ ਤਕਰੀਬਨ ਅਸੀਮ ਵਿਸ਼ਵ-ਮੰਡਲ ਦਾ ਕੇਵਲ ਇਕ ਬਹੁਤ ਛੋਟਾ ਹਿੱਸਾ ਹੈ?”
25, 26. ਮਹਾਨ ਰੂਪਾਂਕਣਕਾਰ ਨੂੰ ਸਾਨੂੰ ਕੀ ਦੱਸ ਸਕਣਾ ਚਾਹੀਦਾ ਹੈ?
25 ਜਿਸ ਤਰ੍ਹਾਂ ਉਨ੍ਹਾਂ ਲੋਕਾਂ ਦੇ ਦਿਮਾਗ਼ ਵਿਚ ਇਕ ਮਕਸਦ ਹੁੰਦਾ ਹੈ ਜਦੋਂ ਉਹ ਹਵਾਈ ਜਹਾਜ਼, ਕੰਪਿਊਟਰ, ਸਾਈਕਲ, ਅਤੇ ਹੋਰ ਯੰਤਰ ਬਣਾਉਂਦੇ ਹਨ, ਇਸੇ ਤਰ੍ਹਾਂ ਸਾਨੂੰ ਰੂਪਾਂਕਿਤ ਕਰਨ ਵਿਚ ਮਨੁੱਖਾਂ ਦੇ ਦਿਮਾਗ਼ ਅਤੇ ਸਰੀਰ ਦੇ ਰੂਪਾਂਕਣਕਾਰ ਦਾ ਵੀ ਇਕ ਮਕਸਦ ਜ਼ਰੂਰ ਹੋਣਾ ਸੀ। ਅਤੇ ਇਸ ਰੂਪਾਂਕਣਕਾਰ ਕੋਲ ਮਨੁੱਖਾਂ ਦੀ ਬੁੱਧ ਨਾਲੋਂ ਉੱਚ ਬੁੱਧ ਹੋਣੀ ਚਾਹੀਦਾ ਹੈ, ਇਹ ਵੇਖਦੇ ਹੋਏ ਕਿ ਸਾਡੇ ਵਿਚੋਂ ਕੋਈ ਵੀ ਉਸ ਦੇ ਡੀਜ਼ਾਈਨਾਂ ਨੂੰ ਦੁਹਰਾ ਨਹੀਂ ਸਕਦਾ ਹੈ। ਫਿਰ, ਇਹ ਤਰਕਪੂਰਣ ਹੈ ਕਿ ਉਹੀ ਸਾਨੂੰ ਦੱਸ ਸਕਦਾ ਹੈ ਕਿ ਉਸ ਨੇ ਸਾਨੂੰ ਕਿਉਂ ਰੂਪਾਂਕਿਤ ਕੀਤਾ, ਸਾਨੂੰ ਧਰਤੀ ਉੱਤੇ ਕਿਉਂ ਰੱਖਿਆ, ਅਤੇ ਅਸੀਂ ਕਿੱਥੇ ਜਾ ਰਹੇ ਹਾਂ।
26 ਜਦੋਂ ਅਸੀਂ ਇਹ ਚੀਜ਼ਾਂ ਸਿੱਖਦੇ ਹਾਂ, ਤਦ ਇਹ ਅਦਭੁਤ ਦਿਮਾਗ਼ ਅਤੇ ਸਰੀਰ ਜਿਹੜੇ ਪਰਮੇਸ਼ੁਰ ਨੇ ਸਾਨੂੰ ਦਿੱਤੇ ਹਨ ਜੀਵਨ ਵਿਚ ਸਾਡੇ ਮਕਸਦ ਨੂੰ ਪੂਰਾ ਕਰਨ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ। ਲੇਕਨ ਉਸ ਦੇ ਮਕਸਦ ਅਸੀਂ ਕਿੱਥੋਂ ਸਿੱਖ ਸਕਦੇ ਹਾਂ? ਉਹ ਸਾਨੂੰ ਇਹ ਜਾਣਕਾਰੀ ਕਿੱਥੇ ਦਿੰਦਾ ਹੈ?
[ਸਵਾਲ]
[ਸਫ਼ਾ 7 ਉੱਤੇ ਤਸਵੀਰ]
ਇਹ ਪਤਾ ਕਰਨ ਲਈ ਕਿ ਇਕ ਚੀਜ਼ ਕਿਉਂ ਰੂਪਾਂਕਿਤ ਕੀਤੀ ਗਈ ਸੀ, ਸਭ ਤੋਂ ਵਧੀਆ ਤਰੀਕਾ ਉਸ ਦੇ ਰੂਪਾਂਕਣਕਾਰ ਨੂੰ ਪੁੱਛਣਾ ਹੈ
[ਸਫ਼ਾ 8 ਉੱਤੇ ਤਸਵੀਰ]
ਜੀਉਂਦੀਆਂ ਚੀਜ਼ਾਂ ਦੀ ਜਟਿਲਤਾ ਅਤੇ ਉਨ੍ਹਾਂ ਦਾ ਡੀਜ਼ਾਈਨ ਡੀ ਐਨ ਏ ਅਣੂ ਵਿਚ ਦੇਖਿਆ ਜਾ ਸਕਦਾ ਹੈ
[ਸਫ਼ਾ 9 ਉੱਤੇ ਤਸਵੀਰ]
“ਮਾਨਵ ਦਿਮਾਗ਼ ਦੁਆਰਾ ਸਮੱਸਿਆਵਾਂ ਦਾ ਸੁਲਝਾਉਣਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰਾਂ ਦੀ ਯੋਗਤਾ ਨਾਲੋਂ ਕਿਤੇ ਹੀ ਵਧੇਰੇ ਹੈ”