Skip to content

Skip to table of contents

ਕੀ ਅਸੀਂ ਦਸ ਹੁਕਮਾਂ ਦੇ ਅਧੀਨ ਹਾਂ?

ਕੀ ਅਸੀਂ ਦਸ ਹੁਕਮਾਂ ਦੇ ਅਧੀਨ ਹਾਂ?

ਅਧਿਆਇ 24

ਕੀ ਅਸੀਂ ਦਸ ਹੁਕਮਾਂ ਦੇ ਅਧੀਨ ਹਾਂ?

1. ਮੂਸਾ ਨੇ ਲੋਕਾਂ ਤਾਈਂ ਕਿਹੜੀ ਬਿਵਸਥਾ ਪਹੁੰਚਾਈ ਸੀ?

ਯਹੋਵਾਹ ਪਰਮੇਸ਼ੁਰ ਸਾਡੇ ਤੋਂ ਕਿਨ੍ਹਾਂ ਨਿਯਮਾਂ ਦੀ ਆਗਿਆਪਾਲਣਾ ਚਾਹੁੰਦਾ ਹੈ? ਕੀ ਸਾਡੇ ਲਈ ਉਨ੍ਹਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ ਜਿਨ੍ਹਾਂ ਨੂੰ ਬਾਈਬਲ “ਮੂਸਾ ਦੀ ਬਿਵਸਥਾ” ਯਾ, ਕਦੇ ਕਦੇ, “ਸ਼ਰਾਂ” ਵੀ ਆਖਦੀ ਹੈ? (1 ਰਾਜਿਆਂ 2:3; ਤੀਤੁਸ 3:9) ਇਸ ਨੂੰ “ਯਹੋਵਾਹ ਦੀ ਬਿਵਸਥਾ” ਵੀ ਆਖਿਆ ਜਾਂਦਾ ਹੈ ਕਿਉਂਕਿ ਉਹ ਨੇ ਹੀ ਇਹ ਦਿੱਤੀ ਸੀ। (1 ਇਤਹਾਸ 16:40) ਮੂਸਾ ਨੇ ਕੇਵਲ ਲੋਕਾਂ ਤਾਈਂ ਸ਼ਰਾ ਪਹੁੰਚਾਈ ਸੀ।

2. ਇਸ ਬਿਵਸਥਾ ਵਿਚ ਕੀ ਸ਼ਾਮਲ ਹੈ?

2 ਮੂਸਾ ਦੀ ਬਿਵਸਥਾ ਵਿਚ 600 ਤੋਂ ਜ਼ਿਆਦਾ ਵਿਸ਼ੇਸ਼ ਨਿਯਮ ਯਾ ਹੁਕਮ ਪਾਏ ਜਾਂਦੇ ਹਨ, ਜਿਨ੍ਹਾਂ ਵਿਚ 10 ਮੁੱਖ ਹੁਕਮ ਸ਼ਾਮਲ ਹਨ। ਜਿਵੇਂ ਮੂਸਾ ਨੇ ਆਖਿਆ: “ਉਸ [ਯਹੋਵਾਹ] ਨੇ ਤੁਹਾਨੂੰ ਦਸ ਹੁਕਮ ਪੂਰੇ ਕਰਨ ਲਈ ਹੁਕਮ ਦਿੱਤਾ; ਅਤੇ ਉਹ ਨੇ ਉਨ੍ਹਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖਿਆ।” (ਬਿਵਸਥਾ ਸਾਰ 4:13; ਕੂਚ 31:18, ਕਿੰਗ ਜੇਮਜ਼ ਵਰਯਨ) ਪਰ ਯਹੋਵਾਹ ਨੇ ਕਿਸ ਨੂੰ ਸ਼ਰਾ ਦਿੱਤੀ ਸੀ, ਜਿਸ ਵਿਚ ਦਸ ਹੁਕਮ ਸ਼ਾਮਲ ਸਨ? ਕੀ ਉਸ ਨੇ ਇਹ ਸਾਰੀ ਮਨੁੱਖਜਾਤੀ ਨੂੰ ਦਿੱਤੀ ਸੀ? ਸ਼ਰਾ ਦਾ ਕੀ ਮਕਸਦ ਸੀ?

ਇਸਰਾਏਲ ਨੂੰ ਇਕ ਵਿਸ਼ੇਸ਼ ਮਕਸਦ ਵਾਸਤੇ

3. ਅਸੀਂ ਕਿਵੇਂ ਜਾਣਦੇ ਹਾਂ ਕਿ ਸ਼ਰਾ ਕੇਵਲ ਇਸਰਾਏਲ ਨੂੰ ਹੀ ਦਿੱਤੀ ਗਈ ਸੀ?

3 ਉਹ ਸ਼ਰਾ ਸਾਰੀ ਮਨੁੱਖਜਾਤੀ ਨੂੰ ਨਹੀਂ ਦਿੱਤੀ ਗਈ ਸੀ। ਯਹੋਵਾਹ ਨੇ ਇਕ ਨੇਮ, ਯਾ ਰਾਜ਼ੀਨਾਮਾ ਯਾਕੂਬ ਦੀ ਅੰਸ ਦੇ ਨਾਲ ਬੰਨ੍ਹਿਆਂ ਸੀ, ਜੋ ਇਸਰਾਏਲ ਦੀ ਕੌਮ ਬਣੀ। ਯਹੋਵਾਹ ਨੇ ਆਪਣੇ ਨਿਯਮ ਕੇਵਲ ਇਸ ਕੌਮ ਨੂੰ ਹੀ ਦਿੱਤੇ ਸਨ। ਬਾਈਬਲ ਇਹ ਗੱਲ ਬਿਵਸਥਾ ਸਾਰ 5:1-3 ਅਤੇ ਜ਼ਬੂਰਾਂ ਦੀ ਪੋਥੀ 147:19, 20 ਤੇ ਸਪੱਸ਼ਟ ਕਰਦੀ ਹੈ।

4. ਸ਼ਰਾ ਇਸਰਾਏਲ ਦੀ ਕੌਮ ਨੂੰ ਕਿਉਂ ਦਿੱਤੀ ਗਈ ਸੀ?

4 ਰਸੂਲ ਪੌਲੁਸ ਨੇ ਇਹ ਸਵਾਲ ਪੁੱਛਿਆ: “ਸ਼ਰਾ, ਫਿਰ, ਕਾਹਦੇ ਵਾਸਤੇ?” ਹਾਂ, ਯਹੋਵਾਹ ਨੇ ਕਿਸ ਕਾਰਨ ਲਈ ਆਪਣੀ ਸ਼ਰਾ ਇਸਰਾਏਲ ਨੂੰ ਦਿੱਤੀ ਸੀ? ਪੌਲੁਸ ਉੱਤਰ ਦਿੰਦਾ ਹੈ: “ਅਪਰਾਧਾਂ ਨੂੰ ਪਰਗਟ ਕਰਨ ਵਾਸਤੇ, ਉਦੋਂ ਤਕ ਜਦੋਂ ਉਹ ਅੰਸ ਨਾ ਆਵੇ ਜਿਸ ਨੂੰ ਇਹ ਵਾਅਦਾ ਦਿੱਤਾ ਗਿਆ ਸੀ . . . ਇਸ ਲਈ ਸ਼ਰਾ ਸਾਡੀ ਅਧਿਆਪਕ [ਯਾ, ਉਸਤਾਦ] ਬਣ ਗਈ ਹੈ ਜਿਹੜੀ ਮਸੀਹ ਕੋਲ ਪਹੁੰਚਾਉਂਦੀ ਹੈ।” (ਗਲਾਤੀਆਂ 3:19-24, ਨਿਵ) ਸ਼ਰਾ ਦਾ ਖ਼ਾਸ ਮਕਸਦ ਇਸਰਾਏਲ ਦੀ ਕੌਮ ਨੂੰ ਸੁਰੱਖਿਅਤ ਰੱਖਣਾ ਅਤੇ ਅਗਵਾਈ ਦੇਣਾ ਸੀ ਤਾਂ ਕਿ ਜਦੋਂ ਮਸੀਹ ਆਉਂਦਾ ਉਹ ਉਸ ਨੂੰ ਸਵੀਕਾਰ ਕਰਨ ਲਈ ਤਿਆਰ ਹੁੰਦੇ। ਉਹ ਅਨੇਕ ਬਲੀਦਾਨ ਜਿਹੜੇ ਸ਼ਰਾ ਲੋੜਦੀ ਸੀ, ਇਸਰਾਏਲੀਆਂ ਨੂੰ ਯਾਦ ਦਿਲਾਉਂਦੇ ਸਨ ਕਿ ਉਹ ਪਾਪੀ ਸਨ ਅਤੇ ਉਨ੍ਹਾਂ ਨੂੰ ਇਕ ਮੁਕਤੀਦਾਤੇ ਦੀ ਜ਼ਰੂਰਤ ਸੀ।—ਇਬਰਾਨੀਆਂ 10:1-4.

“ਮਸੀਹ . . . ਸ਼ਰਾ ਦਾ ਅੰਤ ਹੈ”

5. ਜਦੋਂ ਮਸੀਹ ਆ ਕੇ ਸਾਡੇ ਵਾਸਤੇ ਮਰਿਆ, ਤਦ ਸ਼ਰਾ ਨੂੰ ਕੀ ਹੋਇਆ?

5 ਨਿਸ਼ਚੇ ਹੀ, ਉਹ ਵਾਇਦਾ ਕੀਤਾ ਹੋਇਆ ਮੁਕਤੀਦਾਤਾ ਯਿਸੂ ਮਸੀਹ ਸੀ, ਜਿਸ ਤਰ੍ਹਾਂ ਇਕ ਦੂਤ ਨੇ ਉਸ ਦੇ ਜਨਮ ਤੇ ਐਲਾਨ ਕੀਤਾ ਸੀ। (ਲੂਕਾ 2:8-14) ਤਾਂ ਫਿਰ ਜਦੋਂ ਮਸੀਹ ਨੇ ਆ ਕੇ ਆਪਣੀ ਸੰਪੂਰਣ ਜਾਨ ਇਕ ਬਲੀਦਾਨ ਦੇ ਰੂਪ ਵਿਚ ਦਿੱਤੀ, ਤਦ ਸ਼ਰਾ ਨੂੰ ਕੀ ਹੋਇਆ? ਉਹ ਖ਼ਤਮ ਕੀਤੀ ਗਈ ਸੀ। “ਅਸੀਂ ਅਗਾਹਾਂ ਤੋਂ ਅਧਿਆਪਕ ਦੇ ਅਧੀਨ ਨਹੀਂ ਹਾਂ,” ਪੌਲੁਸ ਨੇ ਵਿਆਖਿਆ ਕੀਤੀ। (ਗਲਾਤੀਆਂ 3:25, ਨਿਵ) ਇਸਰਾਏਲੀਆਂ ਵਾਸਤੇ ਸ਼ਰਾ ਦਾ ਖ਼ਾਤਮਾ ਇਕ ਛੁਟਕਾਰਾ ਸੀ। ਇਸ ਨੇ ਉਨ੍ਹਾਂ ਨੂੰ ਪਾਪੀ ਪ੍ਰਦਰਸ਼ਿਤ ਕੀਤਾ, ਕਿਉਂਕਿ ਉਹ ਸਾਰੇ ਉਸ ਸ਼ਰਾ ਦੀ ਪਾਲਣਾ ਪੂਰਣ ਤੌਰ ਤੇ ਕਰਨ ਵਿਚ ਨਾਕਾਮਯਾਬ ਹੋਏ ਸਨ। “ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾ ਦੇ ਸਰਾਪ ਤੋਂ ਛੁਡਾਇਆ,” ਪੌਲੁਸ ਨੇ ਆਖਿਆ। (ਗਲਾਤੀਆਂ 3:10-14) ਇਸ ਕਰਕੇ ਬਾਈਬਲ ਇਹ ਵੀ ਆਖਦੀ ਹੈ: “ਮਸੀਹ . . . ਸ਼ਰਾ ਦਾ ਅੰਤ ਹੈ।”—ਰੋਮੀਆਂ 10:4; 6:14.

6. (ੳ) ਇਸਰਾਏਲੀਆਂ ਅਤੇ ਗੈਰ-ਇਸਰਾਏਲੀਆਂ ਉੱਤੇ ਕੀ ਪ੍ਰਭਾਵ ਪਿਆ ਜਦੋਂ ਸ਼ਰਾ ਦਾ ਅੰਤ ਹੋਇਆ, ਅਤੇ ਇਹ ਕਿਉਂ? (ਅ) ਸ਼ਰਾ ਦੇ ਪ੍ਰਤੀ ਯਹੋਵਾਹ ਨੇ ਕਿਹੜਾ ਕਦਮ ਚੁੱਕਿਆ?

6 ਅਸਲ ਵਿਚ, ਸ਼ਰਾ ਇਸਰਾਏਲੀਆਂ ਅਤੇ ਦੂਸਰੇ ਲੋਕਾਂ ਦੇ ਦਰਮਿਆਨ ਜਿਹੜੇ ਉਸ ਦੇ ਅਧੀਨ ਨਹੀਂ ਸਨ, ਇਕ ਅੜਿੱਕਾ ਯਾ “ਕੰਧ” ਦਾ ਰੂਪ ਸਾਬਤ ਹੋਈ। ਪਰ ਫਿਰ, ਆਪਣੇ ਜੀਵਨ ਦੇ ਬਲੀਦਾਨ ਦੁਆਰਾ, ਮਸੀਹ ਨੇ “ਸ਼ਰਾ ਨੂੰ ਬਿਧੀਆਂ ਅਤੇ ਕਨੂੰਨਾਂ ਸਣੇ ਅਕਾਰਥ ਕਰ ਦਿੱਤਾ ਤਾਂ ਜੋ ਦੋਹਾਂ [ਇਸਰਾਏਲੀਆਂ ਅਤੇ ਗੈਰ-ਇਸਰਾਏਲੀਆਂ] ਤੋਂ ਆਪ ਵਿੱਚ ਇੱਕ ਨਵਾਂ ਇਨਸਾਨ ਰਚ ਕੇ ਮੇਲ ਕਰਾਵੇ।” (ਅਫ਼ਸੀਆਂ 2:11-18) ਉਸ ਕਦਮ ਦੇ ਸੰਬੰਧ ਵਿਚ ਜਿਹੜਾ ਯਹੋਵਾਹ ਪਰਮੇਸ਼ੁਰ ਨੇ ਆਪ ਮੂਸਾ ਦੀ ਬਿਵਸਥਾ ਦੇ ਪ੍ਰਤੀ ਚੁੱਕਿਆ, ਅਸੀਂ ਇਹ ਪੜ੍ਹਦੇ ਹਾਂ: “ਉਸ ਨੇ ਸਾਡੇ ਸਾਰੇ ਅਪਰਾਧ ਸਾਨੂੰ ਮਾਫ਼ ਕੀਤੇ। ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ [ਜਿਨ੍ਹਾਂ ਵਿਚ ਦਸ ਹੁਕਮ ਸ਼ਾਮਲ ਸਨ] ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ [ਕਿਉਂਕਿ ਇਸਰਾਏਲੀਆਂ ਨੂੰ ਪਾਪੀ ਠਹਿਰਾਉਂਦੀ ਸੀ] ਉਸ ਨੇ ਮੇਸ ਦਿੱਤਾ ਅਤੇ ਉਹ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ।” (ਕੁਲੁੱਸੀਆਂ 2:13, 14) ਇਸ ਲਈ, ਮਸੀਹ ਦੇ ਸੰਪੂਰਣ ਬਲੀਦਾਨ ਦੁਆਰਾ, ਸ਼ਰਾ ਖ਼ਤਮ ਕੀਤੀ ਗਈ।

7, 8. ਕਿਹੜੀ ਚੀਜ਼ ਸਾਬਤ ਕਰਦੀ ਹੈ ਕਿ ਸ਼ਰਾ ਦੋ ਹਿੱਸਿਆਂ ਵਿਚ ਨਹੀਂ ਵੰਡੀ ਹੋਈ ਸੀ?

7 ਫਿਰ ਭੀ, ਕਈ ਵਿਅਕਤੀ ਆਖਦੇ ਹਨ ਕਿ ਸ਼ਰਾ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ: ਦਸ ਹੁਕਮ, ਅਤੇ ਬਾਕੀ ਦੇ ਨਿਯਮ। ਉਹ ਆਖਦੇ ਹਨ ਕਿ ਬਾਕੀ ਦੇ ਨਿਯਮਾਂ ਦਾ ਤਾਂ ਅੰਤ ਹੋਇਆ ਸੀ, ਪਰ ਦਸ ਹੁਕਮ ਰਹਿੰਦੇ ਹਨ। ਪਰ ਇਹ ਸੱਚ ਨਹੀਂ ਹੈ। ਆਪਣੇ ਪਹਾੜੀ ਉਪਦੇਸ਼ ਵਿਚ, ਯਿਸੂ ਨੇ ਦਸ ਹੁਕਮਾਂ ਵਿਚੋਂ ਨਾਲੇ ਸ਼ਰਾ ਦੇ ਹੋਰ ਹਿੱਸਿਆਂ ਵਿਚੋਂ ਵੀ ਉਤਕਥਨ ਕੀਤਾ, ਅਤੇ ਉਨ੍ਹਾਂ ਵਿਚ ਕੋਈ ਫ਼ਰਕ ਨਹੀਂ ਦਿਖਾਇਆ। ਇਸ ਤਰ੍ਹਾਂ ਯਿਸੂ ਨੇ ਇਹ ਪ੍ਰਦਰਸ਼ਿਤ ਕੀਤਾ ਕਿ ਮੂਸਾ ਦੀ ਬਿਵਸਥਾ ਦੋ ਹਿੱਸਿਆਂ ਵਿਚ ਨਹੀਂ ਵੰਡੀ ਹੋਈ ਸੀ।—ਮੱਤੀ 5:21-42.

8 ਇਸ ਗੱਲ ਉੱਤੇ ਵੀ ਧਿਆਨ ਦਿਓ ਕਿ ਰਸੂਲ ਪੌਲੁਸ ਪਰਮੇਸ਼ੁਰ ਦੁਆਰਾ ਕੀ ਲਿਖਣ ਵਾਸਤੇ ਪ੍ਰੇਰਿਤ ਕੀਤਾ ਗਿਆ ਸੀ: “ਅਸੀਂ . . . ਸ਼ਰਾ ਤੋਂ ਹੁਣ ਛੁੱਟ ਗਏ ਹਾਂ।” ਕੀ ਯਹੂਦੀ ਦਸ ਹੁਕਮਾਂ ਤੋਂ ਇਲਾਵਾ, ਕੇਵਲ ਹੋਰ ਨਿਯਮਾਂ ਤੋਂ ਹੀ ਛੁੱਟੇ ਸਨ? ਨਹੀਂ, ਕਿਉਂਕਿ ਪੌਲੁਸ ਅਗਾਹਾਂ ਆਖਦਾ ਹੈ: “ਸਗੋਂ ਸ਼ਰਾ ਤੋਂ ਬਿਨਾ ਮੈਂ ਪਾਪ ਨੂੰ ਨਾ ਪਛਾਣਦਾ ਕਿਉਂਕਿ ਜੇ ਸ਼ਰਾ ਨਾ ਕਹਿੰਦੀ ਭਈ ਲੋਭ ਨਾ ਕਰ ਤਾਂ ਮੈਂ ਲੋਭ ਨੂੰ ਨਾ ਜਾਣਦਾ।” (ਰੋਮੀਆਂ 7:6, 7; ਕੂਚ 20:17) ਕਿਉਂਕਿ “ਲੋਭ ਨਾ ਕਰ,” ਦਸ ਹੁਕਮਾਂ ਦਾ ਆਖਰੀ ਹੁਕਮ ਹੈ, ਇਸ ਦਾ ਅਰਥ ਹੈ ਕਿ ਇਸਰਾਏਲੀ ਦਸ ਹੁਕਮਾਂ ਤੋਂ ਵੀ ਛੁੱਟ ਗਏ ਸਨ।

9. ਕਿਹੜੀ ਗੱਲ ਪ੍ਰਦਰਸ਼ਿਤ ਕਰਦੀ ਹੈ ਕਿ ਸਪਤਾਹਕ ਸਬਤ ਦਾ ਨਿਯਮ ਵੀ ਖ਼ਤਮ ਕੀਤਾ ਗਿਆ ਸੀ?

9 ਕੀ ਇਸ ਦਾ ਇਹ ਅਰਥ ਹੈ ਕਿ ਸਪਤਾਹਕ ਸਬਤ ਦਾ ਰੱਖਣਾ ਵੀ, ਜਿਹੜਾ ਦਸ ਹੁਕਮਾਂ ਦਾ ਚੌਥਾ ਹੁਕਮ ਹੈ, ਖ਼ਤਮ ਹੋ ਗਿਆ ਸੀ? ਹਾਂ, ਇਸ ਦਾ ਇਹੀ ਅਰਥ ਹੈ। ਬਾਈਬਲ ਜੋ ਗਲਾਤੀਆਂ 4:8-11 ਅਤੇ ਕੁਲੁੱਸੀਆਂ 2:16, 17 ਵਿਚ ਆਖਦੀ ਹੈ, ਉਹ ਦਿਖਾਉਂਦਾ ਹੈ ਕਿ ਮਸੀਹੀ ਇਸਰਾਏਲੀਆਂ ਨੂੰ ਦਿੱਤੇ ਹੋਏ ਪਰਮੇਸ਼ੁਰ ਦੇ ਨਿਯਮ ਦੇ ਅਧੀਨ ਨਹੀਂ ਹਨ, ਜਿਸ ਵਿਚ ਸਪਤਾਹਕ ਸਬਤ ਅਤੇ ਸਾਲ ਵਿਚ ਹੋਰ ਵਿਸ਼ੇਸ਼ ਦਿਨਾਂ ਨੂੰ ਮੰਨਣ ਦੀ ਆਵੱਸ਼ਕਤਾ ਸੀ। ਇਹ ਰੋਮੀਆਂ 14:5 ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਸਪਤਾਹਕ ਸਬਤ ਰੱਖਣਾ ਇਕ ਮਸੀਹੀ ਆਵੱਸ਼ਕਤਾ ਨਹੀਂ ਹੈ।

ਨਿਯਮ ਜਿਹੜੇ ਮਸੀਹੀਆਂ ਉੱਤੇ ਲਾਗੂ ਹੁੰਦੇ ਹਨ

10. (ੳ) ਮਸੀਹੀ ਕਿਹੜੇ ਨਿਯਮਾਂ ਦੇ ਅਧੀਨ ਹਨ? (ਅ) ਇਨ੍ਹਾਂ ਨਿਯਮਾਂ ਵਿਚੋਂ ਅਨੇਕ ਨਿਯਮ ਕਿੱਥੋਂ ਲਏ ਗਏ ਸਨ, ਅਤੇ ਇਹ ਗੱਲ ਕਿਉਂ ਮੁਨਾਸਬ ਹੈ ਕਿ ਇਹ ਉਥੋਂ ਲਏ ਗਏ ਸਨ?

10 ਕੀ ਇਸ ਦਾ ਇਹ ਅਰਥ ਹੈ ਕਿ, ਕਿਉਂਜੋ ਮਸੀਹੀ ਦਸ ਹੁਕਮਾਂ ਦੇ ਅਧੀਨ ਨਹੀਂ ਹਨ, ਉਨ੍ਹਾਂ ਨੂੰ ਕਿਸੇ ਵੀ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ ਹੈ? ਬਿਲਕੁਲ ਨਹੀਂ। ਯਿਸੂ ਨੇ ਆਪਣੇ ਸੰਪੂਰਣ ਮਾਨਵ ਜੀਵਨ ਦੇ ਬਿਹਤਰ ਬਲੀਦਾਨ ਉੱਤੇ ਆਧਾਰਿਤ, ਇਕ “ਨਵਾਂ ਨੇਮ” ਸ਼ੁਰੂ ਕੀਤਾ। ਮਸੀਹੀ ਇਸ ਨਵੇਂ ਨੇਮ ਦੇ ਹੇਠ ਆਉਂਦੇ ਹਨ ਅਤੇ ਮਸੀਹੀ ਨਿਯਮਾਂ ਦੇ ਅਧੀਨ ਹਨ। (ਇਬਰਾਨੀਆਂ 8:7-13; ਲੂਕਾ 22:20) ਇਨ੍ਹਾਂ ਵਿਚੋਂ ਕਈ ਨਿਯਮ ਮੂਸਾ ਦੀ ਬਿਵਸਥਾ ਤੋਂ ਲਏ ਗਏ ਹਨ। ਇਹ ਕੋਈ ਹੈਰਾਨਗੀ ਵਾਲੀ ਯਾ ਅਨੋਖੀ ਗੱਲ ਨਹੀਂ ਹੈ। ਜਦੋਂ ਇਕ ਨਵੀਂ ਸਰਕਾਰ ਇਕ ਦੇਸ਼ ਉੱਤੇ ਸ਼ਾਸਨ ਕਰਨ ਲੱਗਦੀ ਹੈ, ਅਕਸਰ ਇੰਜ ਹੀ ਹੁੰਦਾ ਹੈ। ਪੁਰਾਣੀ ਸਰਕਾਰ ਦਾ ਸੰਵਿਧਾਨ ਸ਼ਾਇਦ ਰੱਦ ਕੀਤਾ ਜਾਵੇ ਅਤੇ ਉਸ ਦੀ ਜਗ੍ਹਾ ਤੇ ਹੋਰ ਲਿਆਇਆ ਜਾਵੇ, ਪਰ ਨਵਾਂ ਸੰਵਿਧਾਨ ਪੁਰਾਣੇ ਸੰਵਿਧਾਨ ਦੇ ਵਿਚੋਂ ਸ਼ਾਇਦ ਅਨੇਕ ਨਿਯਮਾਂ ਨੂੰ ਅਪਣਾ ਲਵੇ। ਇਸੇ ਹੀ ਤਰ੍ਹਾਂ, ਬਿਵਸਥਾ ਦਾ ਨੇਮ ਖ਼ਤਮ ਹੋਇਆ, ਪਰ ਉਸ ਦੇ ਅਨੇਕ ਮੂਲ ਨਿਯਮ ਅਤੇ ਸਿਧਾਂਤ ਮਸੀਹੀਅਤ ਵਿਚ ਅਪਣਾਏ ਗਏ ਸਨ।

11. ਮਸੀਹੀਆਂ ਨੂੰ ਦਿੱਤੇ ਗਏ ਕਿਹੜੇ ਨਿਯਮ ਯਾ ਸਿੱਖਿਆਵਾਂ ਦਸ ਹੁਕਮਾਂ ਦੇ ਕਾਫ਼ੀ ਸਮਾਨ ਹਨ?

11 ਇਸ ਗੱਲ ਉੱਤੇ ਧਿਆਨ ਦਿਓ ਕਿ ਇਹ ਕਿਸ ਤਰ੍ਹਾਂ ਹੈ ਜਦੋਂ ਤੁਸੀਂ ਸਫ਼ੇ 203 ਤੇ ਦਿੱਤੇ ਹੋਏ ਦਸ ਹੁਕਮ ਪੜ੍ਹਦੇ ਹੋ, ਅਤੇ ਫਿਰ ਨਿਮਨਲਿਖਿਤ ਮਸੀਹੀ ਨਿਯਮਾਂ ਅਤੇ ਸਿੱਖਿਆਵਾਂ ਨਾਲ ਉਨ੍ਹਾਂ ਦੀ ਤੁਲਨਾ ਕਰੋ: “ਤੂੰ ਪ੍ਰਭੁ [“ਯਹੋਵਾਹ,” ਨਿਵ] ਆਪਣੇ ਪਰਮੇਸ਼ੁਰ . . . ਦੀ ਉਪਾਸਨਾ ਕਰ।” (ਮੱਤੀ 4:10; 1 ਕੁਰਿੰਥੀਆਂ 10:20-22) “ਤੁਸੀਂ ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।” (1 ਯੂਹੰਨਾ 5:21; 1 ਕੁਰਿੰਥੀਆਂ 10:14) “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ [ਵਿਯਰਥ ਤਰੀਕੇ ਨਾਲ ਇਸਤੇਮਾਲ ਨਾ ਕੀਤਾ ਜਾਵੇ]।” (ਮੱਤੀ 6:9) “ਹੇ ਬਾਲਕੋ, ਤੁਸੀਂ . . . ਆਪਣੇ ਮਾਪਿਆਂ ਦੇ ਆਗਿਆਕਾਰ ਰਹੋ।” (ਅਫ਼ਸੀਆਂ 6:1, 2) ਅਤੇ ਬਾਈਬਲ ਇਹ ਸਪੱਸ਼ਟ ਕਰਦੀ ਹੈ ਕਿ ਕਤਲ, ਜ਼ਨਾਹ ਕਰਨਾ, ਚੋਰੀ ਕਰਨਾ, ਝੂਠ ਬੋਲਣਾ ਅਤੇ ਲੋਭ ਕਰਨਾ ਵੀ ਮਸੀਹੀਆਂ ਲਈ ਨਿਯਮਾਂ ਦੇ ਵਿਰੁੱਧ ਹੈ।—ਪਰਕਾਸ਼ ਦੀ ਪੋਥੀ 21:8; 1 ਯੂਹੰਨਾ 3:15; ਇਬਰਾਨੀਆਂ 13:4; 1 ਥੱਸਲੁਨੀਕੀਆਂ 4:3-7; ਅਫ਼ਸੀਆਂ 4:25, 28; 1 ਕੁਰਿੰਥੀਆਂ 6:9-11; ਲੂਕਾ 12:15; ਕੁਲੁੱਸੀਆਂ 3:5.

12. ਸਬਤ ਦੇ ਨਿਯਮ ਦਾ ਸਿਧਾਂਤ ਕਿਸ ਤਰ੍ਹਾਂ ਮਸੀਹੀ ਪ੍ਰਬੰਧ ਵਿਚ ਲਿਆਇਆ ਜਾਂਦਾ ਹੈ?

12 ਭਾਵੇਂ ਮਸੀਹੀਆਂ ਨੂੰ ਸਪਤਾਹਕ ਸਬਤ ਰੱਖਣ ਦਾ ਹੁਕਮ ਨਹੀਂ ਦਿੱਤਾ ਗਿਆ ਹੈ, ਅਸੀਂ ਉਸ ਪ੍ਰਬੰਧ ਤੋਂ ਕੁਝ ਸਿੱਖਦੇ ਹਾਂ। ਇਸਰਾਏਲੀ ਸ਼ਾਬਦਿਕ ਤੌਰ ਤੇ ਆਰਾਮ ਕਰਦੇ ਸਨ, ਪਰ ਮਸੀਹੀਆਂ ਨੂੰ ਅਧਿਆਤਮਿਕ ਤੌਰ ਤੇ ਆਰਾਮ ਕਰਨਾ ਚਾਹੀਦਾ ਹੈ। ਕਿਵੇਂ? ਵਿਸ਼ਵਾਸ ਅਤੇ ਆਗਿਆਪਾਲਣਾ ਦੇ ਕਾਰਨ ਸੱਚੇ ਮਸੀਹੀ ਸਵਾਰਥੀ ਕੰਮ ਕਰਨਾ ਛੱਡ ਦਿੰਦੇ ਹਨ। ਇਨ੍ਹਾਂ ਸਵਾਰਥੀ ਕੰਮਾਂ ਵਿਚ ਆਪਣੀ ਹੀ ਧਾਰਮਿਕਤਾ ਸਥਾਪਿਤ ਕਰਨ ਦੇ ਯਤਨ ਵੀ ਸ਼ਾਮਲ ਹਨ। (ਇਬਰਾਨੀਆਂ 4:10) ਇਹ ਅਧਿਆਤਮਿਕ ਆਰਾਮ ਕੇਵਲ ਹਫ਼ਤੇ ਵਿਚ ਇਕ ਦਿਨ ਹੀ ਨਹੀਂ ਪਰ ਸਾਰੇ ਸੱਤ ਦਿਨ ਕੀਤਾ ਜਾਂਦਾ ਹੈ। ਸ਼ਾਬਦਿਕ ਸਬਤ ਦੇ ਨਿਯਮ ਦੀ ਇਹ ਲੋੜ ਕਿ ਇਕ ਦਿਨ ਅਧਿਆਤਮਿਕ ਰੂਚੀਆਂ ਵਾਸਤੇ ਰੱਖਿਆ ਜਾਵੇ, ਇਸਰਾਏਲੀਆਂ ਨੂੰ ਆਪਣਾ ਸਾਰਾ ਸਮਾਂ ਆਪਣੇ ਹੀ ਭੌਤਿਕ ਮਤਲਬਾਂ ਲਈ ਇਸਤੇਮਾਲ ਕਰਨ ਤੋਂ ਸੁਰੱਖਿਅਤ ਰੱਖਦੀ ਸੀ। ਹਰ ਰੋਜ਼ ਇਸ ਸਿਧਾਂਤ ਨੂੰ ਅਧਿਆਤਮਿਕ ਤੌਰ ਤੇ ਲਾਗੂ ਕਰਨਾ, ਭੌਤਿਕਵਾਦ ਦੇ ਵਿਰੁੱਧ ਇਕ ਹੋਰ ਵੀ ਪ੍ਰਭਾਵਕ ਸੁਰੱਖਿਆ ਹੈ।

13. (ੳ) ਮਸੀਹੀਆਂ ਨੂੰ ਕਿਹੜਾ ਨਿਯਮ ਪੂਰਾ ਕਰਨ ਲਈ ਉਤੇਜਿਤ ਕੀਤਾ ਜਾਂਦਾ ਹੈ, ਅਤੇ ਉਹ ਕਿਸ ਤਰ੍ਹਾਂ ਇਹ ਪੂਰਾ ਕਰਦੇ ਹਨ? (ਅ) ਯਿਸੂ ਨੇ ਕਿਸ ਨਿਯਮ ਉੱਤੇ ਜ਼ੋਰ ਦਿੱਤਾ? (ੲ) ਕਿਹੜਾ ਨਿਯਮ ਮੂਸਾ ਦੀ ਸਾਰੀ ਬਿਵਸਥਾ ਦਾ ਆਧਾਰ ਹੈ?

13 ਇਸ ਲਈ ਦਸ ਹੁਕਮਾਂ ਨੂੰ ਪੂਰੇ ਕਰਨ ਦੀ ਬਜਾਇ, ਮਸੀਹੀਆਂ ਨੂੰ ‘ਮਸੀਹ ਦੀ ਸ਼ਰਾ ਨੂੰ ਪੂਰੀ ਕਰਨ’ ਲਈ ਉਤੇਜਿਤ ਕੀਤਾ ਜਾਂਦਾ ਹੈ। (ਗਲਾਤੀਆਂ 6:2) ਯਿਸੂ ਨੇ ਅਨੇਕ ਹੁਕਮ ਅਤੇ ਹਿਦਾਇਤਾਂ ਦਿੱਤੀਆਂ ਸਨ, ਅਤੇ ਇਨ੍ਹਾਂ ਦੀ ਪਾਲਣਾ ਕਰਨ ਨਾਲ ਅਸੀਂ ਉਸ ਦੀ ਸ਼ਰਾ ਨੂੰ ਰੱਖ ਰਹੇ ਯਾ ਪੂਰੀ ਕਰ ਰਹੇ ਹਾਂ। ਖ਼ਾਸ ਕਰਕੇ, ਯਿਸੂ ਨੇ ਪ੍ਰੇਮ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਸੀ। (ਮੱਤੀ 22:36-40; ਯੂਹੰਨਾ 13:34, 35) ਹਾਂ, ਦੂਸਰਿਆਂ ਨਾਲ ਪ੍ਰੇਮ ਰੱਖਣਾ ਇਕ ਮਸੀਹੀ ਨਿਯਮ ਹੈ। ਇਹ ਮੂਸਾ ਦੀ ਸਾਰੀ ਬਿਵਸਥਾ ਦਾ ਆਧਾਰ ਹੈ, ਜਿਵੇਂ ਬਾਈਬਲ ਆਖਦੀ ਹੈ: “ਸਾਰੀ ਸ਼ਰਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਭਈ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।”—ਗਲਾਤੀਆਂ 5:13, 14; ਰੋਮੀਆਂ 13:8-10.

14. (ੳ) ਮੂਸਾ ਦੀ ਬਿਵਸਥਾ ਦੇ ਸਿਧਾਂਤਾਂ ਦਾ ਅਧਿਐਨ ਕਰਨਾ ਅਤੇ ਉਸ ਨੂੰ ਲਾਗੂ ਕਰਨਾ ਸਾਡੇ ਵਾਸਤੇ ਕੀ ਲਾਭ ਲਿਆਵੇਗਾ? (ਅ) ਪ੍ਰੇਮ ਸਾਨੂੰ ਕੀ ਕਰਨ ਲਈ ਉਤੇਜਿਤ ਕਰੇਗਾ?

14 ਮੂਸਾ ਦੁਆਰਾ ਦਿੱਤੀ ਗਈ ਬਿਵਸਥਾ, ਆਪਣੇ ਦਸਾਂ ਹੁਕਮਾਂ ਸਮੇਤ, ਪਰਮੇਸ਼ੁਰ ਵੱਲੋਂ ਨਿਯਮਾਂ ਦਾ ਇਕ ਧਾਰਮਿਕ ਸੰਗ੍ਰਹਿ ਸੀ। ਅਤੇ ਭਾਵੇਂ ਅਸੀਂ ਅੱਜ ਉਸ ਬਿਵਸਥਾ ਦੇ ਅਧੀਨ ਨਹੀਂ ਹਾਂ, ਉਸ ਵਿਚ ਪਾਏ ਜਾਂਦੇ ਈਸ਼ਵਰੀ ਸਿਧਾਂਤ ਸਾਡੇ ਵਾਸਤੇ ਹਾਲੇ ਵੀ ਕਾਫ਼ੀ ਮਹੱਤਵ ਰੱਖਦੇ ਹਨ। ਉਨ੍ਹਾਂ ਦਾ ਅਧਿਐਨ ਕਰ ਕੇ ਅਤੇ ਉਨ੍ਹਾਂ ਨੂੰ ਲਾਗੂ ਕਰ ਕੇ, ਅਸੀਂ ਉਸ ਮਹਾਨ ਨਿਯਮਦਾਤਾ ਯਹੋਵਾਹ ਪਰਮੇਸ਼ੁਰ ਦੀ ਕਦਰਦਾਨੀ ਵਿਚ ਵਧਾਂਗੇ। ਪਰ ਵਿਸ਼ੇਸ਼ ਤੌਰ ਤੇ, ਸਾਨੂੰ ਆਪਣੇ ਜੀਵਨਾਂ ਵਿਚ ਮਸੀਹੀ ਨਿਯਮ ਅਤੇ ਸਿੱਖਿਆਵਾਂ ਦਾ ਅਧਿਐਨ ਕਰਨਾ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਯਹੋਵਾਹ ਲਈ ਪ੍ਰੇਮ ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਲਈ ਉਤੇਜਿਤ ਕਰੇਗਾ ਜਿਹੜੀਆਂ ਉਹ ਹੁਣ ਸਾਡੇ ਤੋਂ ਲੋੜਦਾ ਹੈ।—1 ਯੂਹੰਨਾ 5:⁠3.

[ਸਵਾਲ]

[ਸਫ਼ੇ 203 ਉੱਤੇ ਡੱਬੀ]

ਦਸ ਹੁਕਮ

1. “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ . . . ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।

2. “ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ . . .

3. “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ . . .

4. ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ। ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ। ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ, ਨਾ ਤੂੰ ਨਾ ਤੇਰਾ ਪੁੱਤ੍ਰ ਨਾ ਤੇਰੀ ਧੀ . . .

5. “ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਲੰਮੇ ਹੋਣ।

6. “ਤੂੰ ਖ਼ੂਨ ਨਾ ਕਰ।

7. “ਤੂੰ ਜ਼ਨਾਹ ਨਾ ਕਰ।

8. “ਤੂੰ ਚੋਰੀ ਨਾ ਕਰ।

9. “ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇਹ।

10. “ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ [ਲਾਲਚ] ਨਾ ਕਰ। ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ [ਲਾਲਚ] ਨਾ ਕਰ, ਨਾ ਉਸ ਦੇ ਗੋੱਲੇ ਦਾ, ਨਾ ਉਸ ਦੀ ਗੋੱਲੇ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ ਦਾ ਜਿਹੜੀ ਤੇਰੇ ਗਵਾਂਢੀ ਦੀ ਹੈ।

[ਸਫ਼ੇ 204, 205 ਉੱਤੇ ਤਸਵੀਰਾਂ]

ਸ਼ਰਾ ਇਸਰਾਏਲੀਆਂ ਅਤੇ ਦੂਸਰੇ ਲੋਕਾਂ ਦੇ ਦਰਮਿਆਨ ਇਕ ਕੰਧ ਦਾ ਰੂਪ ਸਾਬਤ ਹੋਈ