Skip to content

Skip to table of contents

ਤੁਸੀਂ ਇਕ ਅਤਿ ਮਹੱਤਵਪੂਰਣ ਵਾਦ-ਵਿਸ਼ੇ ਵਿਚ ਅੰਤਰਗ੍ਰਸਤ ਹੋ

ਤੁਸੀਂ ਇਕ ਅਤਿ ਮਹੱਤਵਪੂਰਣ ਵਾਦ-ਵਿਸ਼ੇ ਵਿਚ ਅੰਤਰਗ੍ਰਸਤ ਹੋ

ਅਧਿਆਇ 12

ਤੁਸੀਂ ਇਕ ਅਤਿ ਮਹੱਤਵਪੂਰਣ ਵਾਦ-ਵਿਸ਼ੇ ਵਿਚ ਅੰਤਰਗ੍ਰਸਤ ਹੋ

1, 2. (ੳ) ਤੁਸੀਂ ਜਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਹੋ ਇਹ ਤੁਹਾਡੇ ਲਈ ਕਿਉਂ ਵਾਸਤਵ ਵਿਚ ਮਹੱਤਤਾ ਰੱਖਦਾ ਹੈ? (ਅ) ਇਹ ਗੱਲ ਹੋਰ ਕਿਸ ਉੱਤੇ ਪ੍ਰਭਾਵ ਪਾਉਂਦੀ ਹੈ, ਅਤੇ ਕਿਉਂ?

ਜਿਸ ਤਰ੍ਹਾਂ ਤੁਸੀਂ ਆਪਣਾ ਜੀਵਨ ਬਤੀਤ ਕਰਦੇ ਹੋ ਇਹ ਵਾਸਤਵ ਵਿਚ ਮਹੱਤਤਾ ਰੱਖਦਾ ਹੈ। ਤੁਹਾਡੇ ਲਈ ਇਸ ਦਾ ਅਰਥ ਯਾ ਤਾਂ ਇਕ ਸੁਖੀ ਭਵਿੱਖ ਯਾ ਇਕ ਦੁੱਖੀ ਭਵਿੱਖ ਹੋਵੇਗਾ। ਆਖਰਕਾਰ ਇਹ ਨਿਰਧਾਰਣ ਕਰੇਗਾ ਕਿ ਤੁਸੀਂ ਇਸ ਦੁਨੀਆਂ ਦੇ ਨਾਲ ਬੀਤ ਜਾਓਗੇ ਯਾ ਇਸ ਦੇ ਅੰਤ ਤੋਂ ਬੱਚ ਕੇ ਪਰਮੇਸ਼ੁਰ ਦੀ ਧਾਰਮਿਕ ਨਵੀਂ ਦੁਨੀਆਂ ਵਿਚ ਜਾਓਗੇ ਜਿੱਥੇ ਤੁਸੀਂ ਸਦਾ ਲਈ ਜੀਉਂਦੇ ਰਹਿ ਸਕਦੇ ਹੋ।—1 ਯੂਹੰਨਾ 2:17; 2 ਪਤਰਸ 3:13.

2 ਪਰ ਜਿਸ ਤਰ੍ਹਾਂ ਤੁਸੀਂ ਆਪਣਾ ਜੀਵਨ ਬਤੀਤ ਕਰਦੇ ਹੋ ਇਹ ਤੁਹਾਡੇ ਤੋਂ ਇਲਾਵਾ ਹੋਰਨਾ ਉੱਤੇ ਵੀ ਪ੍ਰਭਾਵ ਪਾਉਂਦਾ ਹੈ। ਦੂਸਰੇ ਵਿਅਕਤੀ ਵੀ ਅੰਤਰਗ੍ਰਸਤ ਹਨ। ਤੁਸੀਂ ਜੋ ਕਰਦੇ ਹੋ ਇਹ ਉਨ੍ਹਾਂ ਉੱਤੇ ਵੀ ਪ੍ਰਭਾਵ ਪਾਉਂਦਾ ਹੈ। ਉਦਾਹਰਣ ਦੇ ਤੌਰ ਤੇ, ਅਗਰ ਤਹਾਡੇ ਮਾਂ-ਪਿਓ ਜੀਉਂਦੇ ਹਨ, ਤਾਂ ਤੁਸੀਂ ਜੋ ਵੀ ਕਰਦੇ ਹੋ ਇਹ ਉਨ੍ਹਾਂ ਲਈ ਯਾ ਤਾਂ ਮਾਣ ਯਾ ਸ਼ਰਮਿੰਦਗੀ ਲਿਆ ਸਕਦਾ ਹੈ। ਬਾਈਬਲ ਆਖਦੀ ਹੈ: “ਬੁੱਧਵਾਨ ਪੁੱਤ੍ਰ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਮੂਰਖ ਪੁੱਤ੍ਰ ਆਪਣੀ ਮਾਂ ਦੇ ਲਈ ਦੁਖ ਹੈ।” (ਕਹਾਉਤਾਂ 10:1) ਇਸ ਤੋਂ ਹੋਰ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਣਾ ਜੀਵਨ ਬਤੀਤ ਕਰਦੇ ਹੋ ਇਹ ਯਹੋਵਾਹ ਪਰਮੇਸ਼ੁਰ ਉੱਤੇ ਅਸਰ ਪਾਉਂਦਾ ਹੈ। ਇਹ ਯਾ ਤਾਂ ਉਸ ਨੂੰ ਆਨੰਦ ਕਰ ਸਕਦਾ ਹੈ ਯਾ ਉਸ ਨੂੰ ਉਦਾਸ ਕਰ ਸਕਦਾ ਹੈ। ਕਿਉਂ? ਇਕ ਅਤਿ ਮਹੱਤਵਪੂਰਣ ਵਾਦ-ਵਿਸ਼ੇ ਦੇ ਕਾਰਨ ਜਿਸ ਵਿਚ ਤੁਸੀਂ ਅੰਤਰਗ੍ਰਸਤ ਹੋ।

ਕੀ ਮਨੁੱਖ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਹੋਣਗੇ?

3. ਸ਼ਤਾਨ ਨੇ ਯਹੋਵਾਹ ਨੂੰ ਕੀ ਚੁਣੌਤੀ ਦਿੱਤੀ ਸੀ?

3 ਇਹ ਵਾਦ-ਵਿਸ਼ਾ ਸ਼ਤਾਨ ਅਰਥਾਤ ਇਬਲੀਸ ਨੇ ਪੈਦਾ ਕੀਤਾ ਸੀ। ਇਹ ਉਸ ਨੇ ਉਦੋਂ ਪੈਦਾ ਕੀਤਾ ਜਦੋਂ ਉਹ ਆਦਮ ਅਤੇ ਹੱਵਾਹ ਤੋਂ ਪਰਮੇਸ਼ੁਰ ਦਾ ਨਿਯਮ ਤੁੜਵਾਉਣ ਵਿਚ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਨ ਲਈ ਆਪਣੇ ਨਾਲ ਰਲਾਉਣ ਵਿਚ ਸਫ਼ਲ ਹੋਇਆ। (ਉਤਪਤ 3:1-6) ਇਸ ਦੇ ਕਾਰਨ ਸ਼ਤਾਨ ਨੇ ਮਹਿਸੂਸ ਕੀਤਾ ਕਿ ਉਸ ਨੂੰ ਯਹੋਵਾਹ ਨੂੰ ਇਹ ਚੁਣੌਤੀ ਦੇਣ ਦਾ ਆਧਾਰ ਮਿਲਿਆ: ‘ਲੋਕ ਤੇਰੀ ਸੇਵਾ ਕੇਵਲ ਆਪਣੇ ਮਤਲਬ ਲਈ ਹੀ ਕਰਦੇ ਹਨ। ਜ਼ਰਾ ਮੈਨੂੰ ਇਕ ਮੌਕਾ ਦੇ ਤਾਂ ਮੈਂ ਕਿਸੇ ਨੂੰ ਵੀ ਤੇਰੇ ਤੋਂ ਮੋੜ ਸਕਦਾ ਹਾਂ।’ ਭਾਵੇਂ ਇਹ ਸ਼ਬਦ ਅਸਲ ਵਿਚ ਬਾਈਬਲ ਵਿਚ ਨਹੀਂ ਪਾਏ ਜਾਂਦੇ ਹਨ, ਇਹ ਸਪੱਸ਼ਟ ਹੈ ਕਿ ਸ਼ਤਾਨ ਨੇ ਪਰਮੇਸ਼ੁਰ ਨੂੰ ਕੁਝ ਇਹੋ ਜਿਹਾ ਕਿਹਾ ਸੀ। ਇਹ ਬਾਈਬਲ ਦੀ ਅੱਯੂਬ ਨਾਂ ਦੀ ਕਿਤਾਬ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ।

4, 5. (ੳ) ਅੱਯੂਬ ਕੌਣ ਸੀ? (ਅ) ਅੱਯੂਬ ਦੇ ਦਿਨਾਂ ਵਿਚ ਸਵਰਗ ਵਿਚ ਕੀ ਹੋਇਆ?

4 ਅੱਯੂਬ ਇਕ ਮਨੁੱਖ ਸੀ ਜਿਹੜਾ ਅਦਨ ਦੇ ਬਾਗ਼ ਵਿਚ ਬਗਾਵਤ ਹੋਣ ਤੋਂ ਕਈ ਸਦੀਆਂ ਬਾਅਦ ਰਹਿੰਦਾ ਸੀ। ਉਹ ਪਰਮੇਸ਼ੁਰ ਦਾ ਇਕ ਧਰਮੀ ਅਤੇ ਵਫ਼ਾਦਾਰ ਸੇਵਕ ਸੀ। ਪਰ ਕੀ ਇਹ ਵਾਸਤਵ ਵਿਚ ਪਰਮੇਸ਼ੁਰ ਯਾ ਸ਼ਤਾਨ ਦੇ ਪ੍ਰਤੀ ਮਹੱਤਤਾ ਰੱਖਦਾ ਸੀ ਕਿ ਅੱਯੂਬ ਵਫ਼ਾਦਾਰ ਸੀ? ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਇਹ ਮਹੱਤਤਾ ਰੱਖਦਾ ਸੀ। ਇਹ ਸਾਨੂੰ ਸਵਰਗ ਦੇ ਦਰਬਾਰ ਵਿਚ ਸ਼ਤਾਨ ਦਾ ਯਹੋਵਾਹ ਦੇ ਸਨਮੁਖ ਆਉਣ ਬਾਰੇ ਦੱਸਦੀ ਹੈ। ਉਨ੍ਹਾਂ ਦੇ ਵਾਰਤਾਲਾਪ ਦੇ ਵਿਸ਼ੇ ਉੱਤੇ ਧਿਆਨ ਦਿਓ:

5 “ਇੱਕ ਦਿਨ ਇਉਂ ਹੋਇਆ ਕਿ ਪਰਮੇਸ਼ੁਰ ਦੇ ਪੁੱਤ੍ਰ ਆਏ ਭਈ ਯਹੋਵਾਹ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ ਤਾਂ ਸ਼ਤਾਨ ਵੀ ਉਨ੍ਹਾਂ ਦੇ ਵਿੱਚ ਆਇਆ। ਯਹੋਵਾਹ ਨੇ ਸ਼ਤਾਨ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈਂ? ਸ਼ਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ ਕਿ ਪਿਰਥਵੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਸੈਲ ਕਰ ਕੇ ਆਇਆ ਹਾਂ। ਤਾਂ ਯਹੋਵਾਹ ਨੇ ਸ਼ਤਾਨ ਨੂੰ ਆਖਿਆ, ਕੀ ਤੈਂ ਮੇਰੇ ਦਾਸ ਅੱਯੂਬ ਵੱਲ ਆਪਣੇ ਮਨ ਵਿੱਚ ਗੌਹ ਕੀਤਾ ਕਿਉਂਕਿ ਪਿਰਥਵੀ ਵਿੱਚ ਉਹ ਦੇ ਜਿਹਾ ਕੋਈ ਨਹੀਂ? ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।”—ਅੱਯੂਬ 1:6-8.

6.ਬਾਈਬਲ ਕਿਸ ਵਾਦ-ਵਿਸ਼ੇ ਬਾਰੇ ਦੱਸਦੀ ਹੈ ਜਿਹੜਾ ਅੱਯੂਬ ਦੇ ਦਿਨਾਂ ਵਿਚ ਪੇਸ਼ ਸੀ?

6 ਯਹੋਵਾਹ ਨੇ ਸ਼ਤਾਨ ਨੂੰ ਇਹ ਕਿਉਂ ਜ਼ਿਕਰ ਕੀਤਾ ਕਿ ਅੱਯੂਬ ਇਕ ਖਰਾ ਮਨੁੱਖ ਸੀ? ਸਪੱਸ਼ਟ ਤੌਰ ਤੇ, ਇਕ ਵਾਦ-ਵਿਸ਼ਾ ਖੜ੍ਹਾ ਸੀ ਕਿ ਅੱਯੂਬ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹੇਗਾ ਯਾ ਨਹੀਂ। ਪਰਮੇਸ਼ੁਰ ਦੇ ਇਸ ਸਵਾਲ ਉੱਤੇ ਕਿ, “ਤੂੰ ਕਿੱਥੋਂ ਆਇਆ ਹੈਂ?” ਅਤੇ ਸ਼ਤਾਨ ਦੇ ਇਸ ਜਵਾਬ ਉੱਤੇ ਕਿ, “ਪਿਰਥਵੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਸੈਲ ਕਰ ਕੇ ਆਇਆ ਹਾਂ,” ਵਿਚਾਰ ਕਰੋ। ਇਹ ਸਵਾਲ ਅਤੇ ਸ਼ਤਾਨ ਦੇ ਜਵਾਬ ਨੇ ਦਿਖਾਇਆ ਕਿ ਯਹੋਵਾਹ ਸ਼ਤਾਨ ਨੂੰ ਆਪਣੀ ਚੁਣੌਤੀ ਸਾਬਤ ਕਰਨ ਲਈ ਪੂਰੀ ਖੁਲ੍ਹ ਦੇ ਰਿਹਾ ਸੀ ਕਿ ਉਹ ਕਿਸੇ ਨੂੰ ਵੀ ਪਰਮੇਸ਼ੁਰ ਤੋਂ ਮੋੜ ਸਕਦਾ ਹੈ। ਭਲਾ, ਅੱਯੂਬ ਦੀ ਵਫ਼ਾਦਾਰੀ ਬਾਰੇ ਯਹੋਵਾਹ ਦੇ ਸਵਾਲ ਦਾ ਸ਼ਤਾਨ ਨੇ ਕੀ ਜਵਾਬ ਦਿੱਤਾ?

7, 8. (ੳ) ਸ਼ਤਾਨ ਦੇ ਕਹਿਣ ਮੁਤਾਬਕ ਉਹ ਕਿਹੜਾ ਕਾਰਨ ਹੈ ਜਿਸ ਕਰਕੇ ਅੱਯੂਬ ਪਰਮੇਸ਼ੁਰ ਦੀ ਸੇਵਾ ਕਰਦਾ ਸੀ? (ਅ) ਇਸ ਵਾਦ-ਵਿਸ਼ੇ ਦਾ ਫ਼ੈਸਲਾ ਕਰਨ ਲਈ ਯਹੋਵਾਹ ਨੇ ਕੀ ਕੀਤਾ?

7 “ਤਾਂ ਸ਼ਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ ਕਿ ਅੱਯੂਬ ਯਹੋਵਾਹ ਤੋਂ ਹਾੜੇ ਕੱਢੀ ਨਹੀਂ ਡਰਦਾ। ਕੀ ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ? ਤੈਂ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ ਸੋ ਉਸ ਦਾ ਮਾਲ ਧਰਤੀ ਵਿੱਚ ਵਧ ਗਿਆ ਹੈ। ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾਂ ਪਾਊਗਾ!”—ਅੱਯੂਬ 1:9-11.

8 ਆਪਣੇ ਜਵਾਬ ਦੁਆਰਾ ਸ਼ਤਾਨ ਪਰਮੇਸ਼ੁਰ ਦੇ ਪ੍ਰਤੀ ਅੱਯੂਬ ਦੀ ਵਫ਼ਾਦਾਰੀ ਲਈ ਇਕ ਬਹਾਨਾ ਬਣਾ ਰਿਹਾ ਸੀ। ‘ਅੱਯੂਬ ਤੇਰੀ ਸੇਵਾ,’ ਸ਼ਤਾਨ ਨੇ ਦਲੀਲ ਦਿੱਤੀ, ‘ਉਨ੍ਹਾਂ ਬਰਕਤਾਂ ਦੇ ਕਾਰਨ ਕਰਦਾ ਹੈ ਜਿਹੜੀਆਂ ਤੂੰ ਉਸ ਨੂੰ ਦਿੰਦਾ ਹੈਂ, ਨਾ ਕਿ ਤੇਰੇ ਲਈ ਪ੍ਰੇਮ ਵਜੋਂ।’ ਸ਼ਤਾਨ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਯਹੋਵਾਹ ਆਪਣੀ ਜ਼ਿਆਦਾ ਜ਼ਬਰਦਸਤ ਸ਼ਕਤੀ ਇਕ ਅਨਿਆਈ ਤਰੀਕੇ ਨਾਲ ਇਸਤੇਮਾਲ ਕਰ ਰਿਹਾ ਸੀ। ‘ਤੂੰ ਹਮੇਸ਼ਾਂ ਉਸ ਦੀ ਰੱਖਿਆ ਕੀਤੀ ਹੈ,’ ਉਸ ਨੇ ਆਖਿਆ। ਸੋ, ਇਸ ਵਾਦ-ਵਿਸ਼ੇ ਦਾ ਫ਼ੈਸਲਾ ਕਰਨ ਲਈ, ਯਹੋਵਾਹ ਨੇ ਜਵਾਬ ਦਿੱਤਾ: “ਵੇਖ, ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ। ਕੇਵਲ ਉਸ ਨੂੰ ਹੱਥ ਨਾ ਲਾਵੀਂ।”—ਅੱਯੂਬ 1:12.

9.ਸ਼ਤਾਨ ਨੇ ਅੱਯੂਬ ਉੱਤੇ ਕਿਹੜੇ ਕਸ਼ਟ ਲਿਆਂਦੇ, ਅਤੇ ਕਿਹੜੇ ਨਤੀਜਿਆਂ ਨਾਲ?

9 ਉਸੇ ਸਮੇਂ ਹੀ ਸ਼ਤਾਨ ਨੇ ਅੱਯੂਬ ਉੱਤੇ ਕਸ਼ਟ ਲਿਆਉਣੇ ਸ਼ੁਰੂ ਕਰ ਦਿੱਤੇ। ਉਸ ਨੇ ਉਹ ਦੇ ਸਾਰੇ ਪਸ਼ੂ ਚੋਰੀ ਕਰਵਾ ਦਿੱਤੇ ਯਾ ਮਰਵਾ ਦਿੱਤੇ। ਫਿਰ ਉਸ ਨੇ ਅੱਯੂਬ ਦੇ 10 ਬੱਚੇ ਵੀ ਮਰਵਾ ਦਿੱਤੇ। ਅੱਯੂਬ ਨੇ ਤਕਰੀਬਨ ਸਭ ਕੁਝ ਖੋਹ ਦਿੱਤਾ, ਪਰ ਫਿਰ ਵੀ ਉਹ ਯਹੋਵਾਹ ਦੇ ਪ੍ਰਤੀ ਵਫ਼ਾਦਾਰ ਰਿਹਾ। ਉਹ ਨੇ ਪਰਮੇਸ਼ੁਰ ਨੂੰ ਨਹੀਂ ਫਿਟਕਾਰਿਆ। (ਅੱਯੂਬ 1:2, 13-22) ਲੇਕਨ ਇਸ ਮਾਮਲੇ ਦਾ ਅੰਤ ਇੱਥੇ ਹੀ ਨਹੀਂ ਹੋਇਆ।

10. ਕੀ ਦਿਖਾਉਂਦਾ ਹੈ ਕਿ ਸ਼ਤਾਨ ਨੇ ਹਾਰ ਨਹੀਂ ਮੰਨੀ?

10 ਸ਼ਤਾਨ ਫਿਰ ਤੋਂ ਹੋਰ ਦੂਤਾਂ ਦੇ ਨਾਲ ਯਹੋਵਾਹ ਦੇ ਸਨਮੁਖ ਹਾਜ਼ਰ ਹੋਇਆ। ਫਿਰ ਇਕ ਵਾਰ ਯਹੋਵਾਹ ਨੇ ਸ਼ਤਾਨ ਨੂੰ ਪੁੱਛਿਆ ਕਿ ਕੀ ਉਸ ਨੇ ਅੱਯੂਬ ਦੀ ਵਫ਼ਾਦਾਰੀ ਦੇਖੀ ਹੈ ਅਤੇ ਆਖਿਆ: “ਅੱਜ ਤੀਕ ਉਸ ਨੇ ਆਪਣੀ ਖਰਿਆਈ ਨੂੰ ਤਕੜਾ ਕਰ ਦੇ ਫੜਿਆ ਹੋਇਆ ਹੈ।” ਇਸ ਗੱਲ ਤੇ ਸ਼ਤਾਨ ਨੇ ਜਵਾਬ ਦਿੱਤਾ: “ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੋਹ ਦੇਹ ਤਾਂ ਉਹ ਤੇਰਾ ਮੂੰਹ ਫਿਟਕਾਰੂਗਾ।”—ਅੱਯੂਬ 2:1-5.

11. (ੳ) ਸ਼ਤਾਨ ਨੇ ਅੱਯੂਬ ਲਈ ਹੋਰ ਕੀ ਕਸ਼ਟ ਪੈਦਾ ਕੀਤੇ? (ਅ) ਉਨ੍ਹਾਂ ਦਾ ਕੀ ਨਤੀਜਾ ਹੋਇਆ?

11 ਉਸ ਦੇ ਜਵਾਬ ਵਿਚ, ਯਹੋਵਾਹ ਨੇ ਸ਼ਤਾਨ ਨੂੰ ਅੱਯੂਬ ਦੇ ਨਾਲ ਜੋ ਵੀ ਉਹ ਕਰ ਸਕਦਾ ਸੀ ਉਹ ਕਰਨ ਦੀ ਇਜਾਜ਼ਤ ਦਿੱਤੀ, ਹਾਲਾਂਕਿ ਪਰਮੇਸ਼ੁਰ ਨੇ ਆਖਿਆ: ‘ਤੂੰ ਉਸ ਨੂੰ ਜਾਨੋਂ ਨਾ ਮਾਰੀਂ।’ (ਅੱਯੂਬ 2:6) ਇਸ ਲਈ ਸ਼ਤਾਨ ਨੇ ਅੱਯੂਬ ਉੱਤੇ ਇਕ ਬਹੁਤ ਭਿਆਨਕ ਬੀਮਾਰੀ ਲਿਆਂਦੀ। ਅੱਯੂਬ ਦਾ ਕਸ਼ਟ ਇੰਨਾ ਜ਼ਿਆਦਾ ਸੀ ਕਿ ਉਸ ਨੇ ਮਰ ਜਾਣ ਲਈ ਪ੍ਰਾਰਥਨਾ ਕੀਤੀ। (ਅੱਯੂਬ 2:7; 14:13, 14) ਉਸ ਦੀ ਆਪਣੀ ਪਤਨੀ ਉਹ ਦੇ ਵਿਰੁੱਧ ਹੋ ਗਈ, ਇਹ ਕਹਿੰਦੀ ਹੋਈ: “ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾਹ!” (ਅੱਯੂਬ 2:9) ਪਰ ਅੱਯੂਬ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ। “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ,” ਉਸ ਨੇ ਆਖਿਆ। (ਅੱਯੂਬ 27:5) ਅੱਯੂਬ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਿਹਾ। ਤਾਂ ਫਿਰ ਇਸ ਤੋਂ ਇਹ ਸਾਬਤ ਹੋਇਆ ਕਿ ਸ਼ਤਾਨ ਦੀ ਚੁਣੌਤੀ ਗ਼ਲਤ ਸੀ ਕਿ ਅੱਯੂਬ ਕੇਵਲ ਪਰਮੇਸ਼ੁਰ ਦੀ ਸੇਵਾ ਭੌਤਿਕ ਲਾਭ ਲਈ ਹੀ ਕਰਦਾ ਸੀ ਅਤੇ ਨਾ ਕਿ ਪ੍ਰੇਮ ਵਜੋਂ। ਇਹ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ ਕਿ ਸ਼ਤਾਨ ਹਰ ਇਕ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਨਹੀਂ ਮੋੜ ਸਕਦਾ ਸੀ।

12. (ੳ) ਅੱਯੂਬ ਨੇ ਪਰਮੇਸ਼ੁਰ ਨੂੰ ਸ਼ਤਾਨ ਦੀ ਚੁਣੌਤੀ ਦਾ ਕੀ ਜਵਾਬ ਦਿੱਤਾ? (ਅ) ਪਰਮੇਸ਼ੁਰ ਦੇ ਪ੍ਰਤੀ ਯਿਸੂ ਦੀ ਵਫ਼ਾਦਾਰੀ ਨੇ ਕੀ ਸਾਬਤ ਕੀਤਾ?

12 ਤੁਹਾਡਾ ਕੀ ਖ਼ਿਆਲ ਹੈ ਕਿ ਅੱਯੂਬ ਦੇ ਵਫ਼ਾਦਾਰ ਚਾਲ ਚਲਣ ਦੇ ਕਾਰਨ ਯਹੋਵਾਹ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ? ਇਸ ਨੇ ਉਹ ਨੂੰ ਬਹੁਤ ਆਨੰਦਿਤ ਕੀਤਾ! ਪਰਮੇਸ਼ੁਰ ਦਾ ਸ਼ਬਦ ਉਤੇਜਿਤ ਕਰਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾਉਤਾਂ 27:11) ਉਹ ਸ਼ਤਾਨ ਹੈ ਜਿਹੜਾ ਯਹੋਵਾਹ ਨੂੰ ਮੇਹਣਾ ਮਾਰਦਾ ਹੈ। ਅਤੇ ਅੱਯੂਬ ਨੇ ਆਪਣੇ ਵਫ਼ਾਦਾਰ ਚਾਲ ਚਲਣ ਦੁਆਰਾ ਪਰਮੇਸ਼ੁਰ ਦੇ ਜੀ ਨੂੰ ਅਨੰਦ ਕੀਤਾ। ਇਸ ਨੇ ਪਰਮੇਸ਼ੁਰ ਨੂੰ ਸ਼ਤਾਨ ਦੇ ਸ਼ੇਖੀ-ਭਰੇ ਮੇਹਣੇ ਯਾ ਚੁਣੌਤੀ ਦੇ ਸੰਬੰਧ ਵਿਚ ਕਿ ਮਨੁੱਖ ਪਰੀਖਿਆ ਦੇ ਅਧੀਨ ਉਹ ਦੀ ਸੇਵਾ ਨਹੀਂ ਕਰਨਗੇ ਜਵਾਬ ਦਿੱਤਾ। ਅਨੇਕ ਹੋਰਾਂ ਨੇ ਵੀ ਪਰਮੇਸ਼ੁਰ ਨੂੰ ਅਜਿਹਾ ਜਵਾਬ ਦਿੱਤਾ ਹੈ। ਸਭ ਤੋਂ ਮੁੱਖ ਮਿਸਾਲ ਉਸ ਸੰਪੂਰਣ ਮਨੁੱਖ ਯਿਸੂ ਦੀ ਸੀ। ਉਨ੍ਹਾਂ ਸਾਰੀਆਂ ਪਰੀਖਿਆਵਾਂ ਅਤੇ ਕਸ਼ਟਾਂ ਦੇ ਬਾਵਜੂਦ ਜਿਹੜੇ ਸ਼ਤਾਨ ਨੇ ਉਸ ਉੱਤੇ ਲਿਆਂਦੇ ਉਸ ਨੇ ਪਰਮੇਸ਼ੁਰ ਦੇ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖੀ। ਇਸ ਗੱਲ ਨੇ ਸਾਬਤ ਕੀਤਾ ਕਿ ਉਹ ਸੰਪੂਰਣ ਮਨੁੱਖ ਆਦਮ ਵੀ ਅਜਿਹਾ ਕਰ ਸਕਦਾ ਸੀ ਅਗਰ ਉਹ ਇਹ ਕਰਨਾ ਚਾਹੁੰਦਾ, ਅਤੇ ਕਿ ਪਰਮੇਸ਼ੁਰ ਉਸ ਤੋਂ ਪੂਰਣ ਆਗਿਆਪਾਲਣ ਮੰਗਣ ਵਿਚ ਅਨਿਆਂਪੂਰਣ ਨਹੀਂ ਸੀ।

ਤੁਹਾਡਾ ਕੀ ਨਿਰਣਾ ਹੈ?

13. (ੳ) ਜਿਸ ਤਰ੍ਹਾਂ ਤੁਸੀਂ ਆਪਣਾ ਜੀਵਨ ਬਤੀਤ ਕਰਦੇ ਹੋ ਇਸ ਦਾ ਉਸ ਵਾਦ-ਵਿਸ਼ੇ ਦੇ ਨਾਲ ਕੀ ਸੰਬੰਧ ਹੈ? (ਅ) ਅਸੀਂ ਪਰਮੇਸ਼ੁਰ ਨੂੰ ਕਿਸ ਤਰ੍ਹਾਂ ਪ੍ਰਸੰਨ ਕਰ ਸਕਦੇ ਹਾਂ ਯਾ ਉਸ ਨੂੰ ਦੁੱਖ ਪਹੁੰਚਾ ਸਕਦੇ ਹਾਂ?

13 ਤੁਹਾਡੇ ਜੀਵਨ ਬਾਰੇ ਕੀ? ਤੁਸੀਂ ਸ਼ਾਇਦ ਇਹ ਵਿਚਾਰ ਨਹੀਂ ਕਰਦੇ ਹੋਵੋ ਕਿ ਜਿਸ ਤਰ੍ਹਾਂ ਤੁਸੀਂ ਆਪਣਾ ਜੀਵਨ ਬਤੀਤ ਕਰਦੇ ਹੋ ਇਹ ਵਾਸਤਵ ਵਿਚ ਮਹੱਤਤਾ ਰੱਖਦਾ ਹੈ। ਪਰ ਇਹ ਮਹੱਤਤਾ ਰੱਖਦਾ ਹੈ। ਭਾਵੇਂ ਤੁਸੀਂ ਇਹ ਜਾਣਦੇ ਹੋ ਯਾ ਨਹੀਂ, ਇਹ ਯਾ ਤਾਂ ਪਰਮੇਸ਼ੁਰ ਦੀ ਤਰਫ਼ ਯਾ ਸ਼ਤਾਨ ਦੀ ਤਰਫ਼ ਦੇ ਵਾਦ-ਵਿਸ਼ੇ ਨੂੰ ਸਮਰਥਨ ਕਰਦਾ ਹੈ। ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ, ਅਤੇ ਉਹ ਇਹ ਦੇਖਣਾ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਸੇਵਾ ਕਰੋ ਅਤੇ ਪਰਾਦੀਸ ਧਰਤੀ ਉੱਤੇ ਸਦਾ ਲਈ ਜੀਉਂਦੇ ਰਹੋ। (ਯੂਹੰਨਾ 3:16) ਜਦੋਂ ਇਸਰਾਏਲੀ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਦੇ ਸਨ, ਉਸ ਨੂੰ ਚੋਟ ਲੱਗਦੀ ਸੀ ਯਾ ਉਹ ਦੁੱਖ ਮਹਿਸੂਸ ਕਰਦਾ ਸੀ। (ਜ਼ਬੂਰਾਂ ਦੀ ਪੋਥੀ 78:40, 41) ਕੀ ਤੁਹਾਡੇ ਜੀਵਨ ਦਾ ਚਾਲ-ਚਲਣ ਅਜਿਹਾ ਹੈ ਜਿਹੜਾ ਪਰਮੇਸ਼ੁਰ ਨੂੰ ਪ੍ਰਸੰਨ ਕਰ ਰਿਹਾ ਹੈ ਯਾ ਕੀ ਉਹ ਇਸ ਦੇ ਕਾਰਨ ਦੁੱਖ ਮਹਿਸੂਸ ਕਰਦਾ ਹੈ? ਨਿਸ਼ਚੇ ਹੀ, ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਤੁਹਾਨੂੰ ਉਸ ਦੇ ਨਿਯਮਾਂ ਬਾਰੇ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

14. (ੳ) ਸੰਭੋਗ ਦੇ ਵਿਸ਼ੇ ਵਿਚ, ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਸਾਨੂੰ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ? (ਅ) ਅਜਿਹੇ ਨਿਯਮਾਂ ਨੂੰ ਤੋੜਨਾ ਇਕ ਅਪਰਾਧ ਕਿਉਂ ਹੈ?

14 ਸ਼ਤਾਨ ਦਾ ਇਕ ਮੁੱਖ ਨਿਸ਼ਾਨਾ ਇਹ ਹੈ ਕਿ ਉਹ ਵਿਅਕਤੀਆਂ ਤੋਂ ਪਰਮੇਸ਼ੁਰ ਦੇ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਵਾਏ ਜਿਹੜੇ ਉਨ੍ਹਾਂ ਦੀਆਂ ਪ੍ਰਜਨਕ ਸ਼ਕਤੀਆਂ, ਅਤੇ ਵਿਆਹ ਅਤੇ ਪਰਿਵਾਰ ਦੇ ਇੰਤਜ਼ਾਮ ਨੂੰ ਨਿਯੰਤ੍ਰਣ ਕਰਦੇ ਹਨ। ਸਾਡੀ ਖੁਸ਼ੀ ਨੂੰ ਸੁਰੱਖਿਅਤ ਰੱਖਣ ਲਈ ਪਰਮੇਸ਼ੁਰ ਦਾ ਨਿਯਮ ਆਖਦਾ ਹੈ ਕਿ ਅਵਿਵਾਹਿਤ ਵਿਅਕਤੀਆਂ ਨੂੰ ਸੰਭੋਗ ਸੰਬੰਧ ਨਹੀਂ ਰੱਖਣਾ ਚਾਹੀਦਾ ਹੈ, ਅਤੇ ਵਿਵਾਹਿਤ ਵਿਅਕਤੀਆਂ ਨੂੰ ਆਪਣੇ ਵਿਆਹ ਦੇ ਸਾਥੀ ਦੇ ਸਿਵਾਏ ਹੋਰ ਕਿਸੇ ਨਾਲ ਸੰਭੋਗ ਨਹੀਂ ਕਰਨਾ ਚਾਹੀਦਾ ਹੈ। (1 ਥੱਸਲੁਨੀਕੀਆਂ 4:3-8; ਇਬਰਾਨੀਆਂ 13:4) ਜਦੋਂ ਪਰਮੇਸ਼ੁਰ ਦਾ ਨਿਯਮ ਤੋੜਿਆ ਜਾਂਦਾ ਹੈ, ਤਾਂ ਅਕਸਰ ਬੱਚੇ ਉਨ੍ਹਾਂ ਮਾਂ-ਪਿਉ ਤੋਂ ਬਗੈਰ ਪੈਦਾ ਹੁੰਦੇ ਹਨ ਜੋ ਉਨ੍ਹਾਂ ਨਾਲ ਪਿਆਰ ਕਰਦੇ ਅਤੇ ਉਨ੍ਹਾਂ ਨੂੰ ਚਾਹੁੰਦੇ ਹਨ। ਮਾਵਾਂ ਸ਼ਾਇਦ ਬੱਚਿਆਂ ਨੂੰ ਪੈਦਾ ਹੋ ਸਕਣ ਤੋਂ ਪਹਿਲਾਂ ਹੀ ਮਾਰਨ ਲਈ ਗਰਭਪਾਤ ਵੀ ਕਰਵਾਉਣ। ਇਸ ਦੇ ਅਤਿਰਿਕਤ, ਅਨੇਕਾਂ ਜਿਹੜੇ ਵਿਭਚਾਰ ਕਰਦੇ ਹਨ ਉਨ੍ਹਾਂ ਨੂੰ ਭਿਆਨਕ ਲਿੰਗੀ ਬੀਮਾਰੀਆਂ ਲੱਗ ਜਾਂਦੀਆਂ ਹਨ ਜੋ ਉਨ੍ਹਾਂ ਬੱਚਿਆਂ ਨੂੰ ਜਿਹੜੇ ਉਹ ਸ਼ਾਇਦ ਪੈਦਾ ਕਰਨ ਹਾਨੀ ਪਹੁੰਚਾ ਸਕਦੀਆਂ ਹਨ। ਉਸ ਵਿਅਕਤੀ ਨਾਲ ਸੰਭੋਗ ਕਰਨਾ ਜਿਸ ਦੇ ਨਾਲ ਤੁਸੀਂ ਵਿਆਹੇ ਨਹੀਂ ਹੋ, ਇਕ ਬੇਵਫ਼ਾਈ ਦਾ ਕੰਮ ਹੈ, ਪਰਮੇਸ਼ੁਰ ਦੇ ਵਿਰੁੱਧ ਇਕ ਅਪਰਾਧ ਹੈ। ਅੱਯੂਬ ਨੇ ਆਖਿਆ: “ਅਗਰ ਮੇਰਾ ਦਿਲ ਕਿਸੇ ਤੀਵੀਂ ਵੱਲ ਲੱਲਚਿਆ ਹੋਵੇ, ਅਤੇ ਮੈਂ ਆਪਣੇ ਗੁਆਂਢੀ ਦੇ ਦਰ ਤੇ ਚੋਰੀ-ਛਿਪੇ ਉਡੀਕ ਕੀਤੀ ਹੋਵੇ . . . ਇਹ ਘਿਣਾਉਣਾ ਹੋਵੇਗਾ, ਅਜਿਹੇ ਅਪਰਾਧ ਨੂੰ ਤਿਰਸਕਾਰ ਕੀਤਾ ਜਾਣਾ ਚਾਹੀਦਾ ਹੈ।”—ਅੱਯੂਬ 31:1, 9, 11, ਦ ਨਿਊ ਅਮੈਰੀਕਨ ਬਾਈਬਲ।

15. (ੳ) ਅਗਰ ਅਸੀਂ ਵਿਭਚਾਰ ਕਰਦੇ ਹਾਂ, ਤਾਂ ਅਸੀਂ ਕਿਸ ਨੂੰ ਪ੍ਰਸੰਨ ਕਰਦੇ ਹਾਂ? (ਅ) ਪਰਮੇਸ਼ੁਰ ਦੇ ਨਿਯਮਾਂ ਦੀ ਪਾਲਣਾ ਕਰਨਾ ਬੁੱਧੀਮਤਾ ਕਿਉਂ ਹੈ?

15 ਸਾਨੂੰ ਇਸ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ ਹੈ ਕਿ ਇਬਲੀਸ ਦੁਆਰਾ ਸ਼ਾਸਿਤ ਇਹ ਦੁਨੀਆਂ ਸਾਨੂੰ ਇਸ ਤਰ੍ਹਾਂ ਮਹਿਸੂਸ ਕਰਵਾਏਗੀ ਕਿ ਉਸ ਵਿਅਕਤੀ ਨਾਲ ਸੰਭੋਗ ਕਰਨਾ ਜਿਸ ਨਾਲ ਤੁਸੀਂ ਵਿਆਹੇ ਨਹੀਂ ਹੋ ਸਾਧਾਰਣ ਅਤੇ ਸਹੀ ਗੱਲ ਹੈ। ਲੇਕਨ ਅਗਰ ਤੁਸੀਂ ਇਸ ਤਰ੍ਹਾਂ ਕਰੋਗੇ, ਤੁਸੀਂ ਕਿਸ ਨੂੰ ਪ੍ਰਸੰਨ ਕਰ ਰਹੇ ਹੋ? ਸ਼ਤਾਨ ਨੂੰ, ਨਾ ਕਿ ਯਹੋਵਾਹ ਨੂੰ। ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ, ਇਹ ਲਾਜ਼ਮੀ ਹੈ ਕਿ ਤੁਸੀਂ “ਹਰਾਮਕਾਰੀ ਤੋਂ ਭੱਜੋ।” (1 ਕੁਰਿੰਥੀਆਂ 6:18) ਇਹ ਸੱਚ ਹੈ ਕਿ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿਣਾ ਹਮੇਸ਼ਾ ਸੌਖਾ ਨਹੀਂ ਹੁੰਦਾ ਹੈ। ਇਹ ਅੱਯੂਬ ਲਈ ਵੀ ਸੌਖਾ ਨਹੀਂ ਸੀ। ਪਰ ਯਾਦ ਰੱਖੋ, ਪਰਮੇਸ਼ੁਰ ਦੇ ਨਿਯਮਾਂ ਦੀ ਪਾਲਣਾ ਕਰਨਾ ਬੁੱਧੀਮਤਾ ਹੈ। ਤੁਸੀਂ ਪਹਿਲਾਂ ਨਾਲੋਂ ਹੁਣ ਹੋਰ ਖੁਸ਼ ਹੋਵੋਗੇ ਅਗਰ ਤੁਸੀਂ ਇਹ ਕਰੋਗੇ। ਲੇਕਨ, ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ, ਤੁਸੀਂ ਵਾਦ-ਵਿਸ਼ੇ ਦੇ ਸੰਬੰਧ ਵਿਚ ਪਰਮੇਸ਼ੁਰ ਦੇ ਪੱਖ ਨੂੰ ਸਮਰਥਨ ਕਰ ਰਹੇ ਹੋਵੋਗੇ ਅਤੇ ਉਹ ਨੂੰ ਪ੍ਰਸੰਨ ਕਰੋਗੇ। ਅਤੇ ਉਹ ਤੁਹਾਨੂੰ ਧਰਤੀ ਉੱਤੇ ਖੁਸ਼ੀ ਵਿਚ ਸਦੀਪਕ ਜੀਵਨ ਦੀ ਅਸੀਸ ਦੇਵੇਗਾ।

16. (ੳ) ਆਪਣੀ ਵਫ਼ਾਦਾਰੀ ਦੇ ਲਈ ਅੱਯੂਬ ਨੇ ਕਿਹੜੀਆਂ ਅਸੀਸਾਂ ਪ੍ਰਾਪਤ ਕੀਤੀਆਂ ਸੀ? (ਅ) ਉਸ ਹਾਨੀ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਸ਼ਤਾਨ ਲਿਆਉਂਦਾ ਹੈ, ਜਿਵੇਂ ਕਿ ਅੱਯੂਬ ਦੇ 10 ਬੱਚਿਆਂ ਦਾ ਮਾਰਿਆ ਜਾਣਾ?

16 ਇਹ ਸੱਚ ਹੈ ਕਿ ਸ਼ਤਾਨ ਅੱਯੂਬ ਨੂੰ ਕੰਗਾਲ ਬਣਾ ਸਕਿਆ ਅਤੇ ਉਸ ਦੇ 10 ਬੱਚਿਆਂ ਨੂੰ ਮਰਵਾ ਸਕਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਯੂਬ ਲਈ ਇਹ ਗਹਿਰਾ ਨੁਕਸਾਨ ਸੀ। ਪਰ ਜਦੋਂ ਅੱਯੂਬ ਵਫ਼ਾਦਾਰ ਸਾਬਤ ਹੋਇਆ, ਪਰਮੇਸ਼ੁਰ ਨੇ ਉਸ ਸਮੇਂ ਨਾਲੋਂ, ਜਦੋਂ ਉਹ ਨੇ ਸ਼ਤਾਨ ਨੂੰ ਉਹ ਨੂੰ ਪਰਖਣ ਦੀ ਇਜਾਜ਼ਤ ਦਿੱਤੀ ਸੀ, ਦੁਗਣੀਆਂ ਚੀਜ਼ਾਂ ਦੀ ਅਸੀਸ ਦਿੱਤੀ। ਅੱਯੂਬ 10 ਹੋਰ ਬੱਚਿਆਂ ਦਾ ਵੀ ਪਿਤਾ ਬਣਿਆ। (ਅੱਯੂਬ 42:10-17) ਇਸ ਦੇ ਅਤਿਰਿਕਤ, ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਅੱਯੂਬ ਦੇ 10 ਬੱਚੇ ਜਿਹੜੇ ਸ਼ਤਾਨ ਦੁਆਰਾ ਮਾਰੇ ਗਏ ਸਨ, ਮਰੇ ਹੋਇਆਂ ਦੇ ਪੁਨਰ-ਉਥਾਨ ਵਿਚ ਜੀਉਂਦੇ ਕੀਤੇ ਜਾਣਗੇ। ਇਹ ਸੱਚ ਹੈ, ਅਜਿਹਾ ਕੋਈ ਨੁਕਸਾਨ ਯਾ ਦੁੱਖ ਨਹੀਂ ਜਿਹੜਾ ਸ਼ਤਾਨ ਨੂੰ ਕਰਨ ਯਾ ਦੇਣ ਦੀ ਇਜਾਜ਼ਤ ਮਿਲੀ ਹੈ ਜਿਹੜਾ ਸਾਡਾ ਪ੍ਰੇਮਪੂਰਣ ਪਿਤਾ, ਯਹੋਵਾਹ ਆਪਣੇ ਹੀ ਉਚਿਤ ਸਮੇਂ ਵਿਚ ਨਹੀਂ ਸੁਧਾਰੇਗਾ।

17. ਜਿਸ ਤਰ੍ਹਾਂ ਅਸੀਂ ਆਪਣਾ ਜੀਵਨ ਬਤੀਤ ਕਰਦੇ ਹਾਂ ਇਹ ਕਿਉਂ ਵਾਸਤਵ ਵਿਚ ਮਹੱਤਤਾ ਰੱਖਦਾ ਹੈ?

17 ਸੋ ਤੁਹਾਨੂੰ ਹਮੇਸ਼ਾ ਇਹ ਗੱਲ ਆਪਣੇ ਮਨ ਵਿਚ ਰੱਖਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਣਾ ਜੀਵਨ ਬਤੀਤ ਕਰਦੇ ਹੋ ਇਹ ਵਾਸਤਵ ਵਿਚ ਮਹੱਤਤਾ ਰੱਖਦਾ ਹੈ। ਵਿਸ਼ੇਸ਼ ਤੌਰ ਤੇ ਇਹ ਯਹੋਵਾਹ ਪਰਮੇਸ਼ੁਰ ਅਤੇ ਸ਼ਤਾਨ ਅਰਥਾਤ ਇਬਲੀਸ ਦੇ ਲਈ ਮਹੱਤਤਾ ਰੱਖਦਾ ਹੈ। ਇਹ ਇਸ ਕਰਕੇ ਹੈ ਕਿਉਂਕਿ ਤੁਸੀਂ ਉਸ ਵਾਦ-ਵਿਸ਼ੇ ਵਿਚ ਅੰਤਰਗ੍ਰਸਤ ਹੋ ਕਿ ਕੀ ਮਨੁੱਖ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿਣਗੇ ਯਾ ਨਹੀਂ।

[ਸਵਾਲ]

[ਸਫ਼ੇ 106 ਉੱਤੇ ਤਸਵੀਰ]

ਅੱਯੂਬ ਨੇ ਸ਼ਤਾਨ ਦੀ ਚੁਣੌਤੀ ਦਾ ਸਾਮ੍ਹਣਾ ਕੀਤਾ ਕਿ ਪਰੀਖਿਆ ਦੇ ਅਧੀਨ ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ

[ਸਫ਼ੇ 110 ਉੱਤੇ ਤਸਵੀਰ]

ਉਸ ਵਿਅਕਤੀ ਦੇ ਨਾਲ ਸੰਭੋਗ ਕਰਨਾ ਜਿਸ ਦੇ ਨਾਲ ਤੁਸੀਂ ਵਿਆਹੇ ਨਹੀਂ ਹੋ ਪਰਮੇਸ਼ੁਰ ਦੇ ਵਿਰੁੱਧ ਇਕ ਅਪਰਾਧ ਹੈ

[ਸਫ਼ੇ 111 ਉੱਤੇ ਤਸਵੀਰ]

ਯਹੋਵਾਹ ਨੇ ਅੱਯੂਬ ਦੀ ਵਫ਼ਾਦਾਰੀ ਦੇ ਲਈ ਜੋ ਕੁਝ ਉਸ ਕੋਲ ਪਹਿਲਾਂ ਸੀ ਉਸ ਨਾਲੋਂ ਕਿਤੇ ਜ਼ਿਆਦਾ ਹੋਰ ਚੀਜ਼ਾਂ ਦੀ ਅਸੀਸ ਦਿੱਤੀ