Skip to content

Skip to table of contents

ਤੁਹਾਡਾ ਧਰਮ ਵਾਸਤਵ ਵਿਚ ਮਹੱਤਤਾ ਰੱਖਦਾ ਹੈ

ਤੁਹਾਡਾ ਧਰਮ ਵਾਸਤਵ ਵਿਚ ਮਹੱਤਤਾ ਰੱਖਦਾ ਹੈ

ਅਧਿਆਇ 3

ਤੁਹਾਡਾ ਧਰਮ ਵਾਸਤਵ ਵਿਚ ਮਹੱਤਤਾ ਰੱਖਦਾ ਹੈ

1.ਕਈ ਵਿਅਕਤੀ ਧਰਮ ਬਾਰੇ ਕੀ ਵਿਸ਼ਵਾਸ ਕਰਦੇ ਹਨ?

‘ਸਾਰੇ ਧਰਮ ਅੱਛੇ ਹਨ,’ ਕਈ ਲੋਕ ਆਖਦੇ ਹਨ। ‘ਇਹ ਕੇਵਲ ਇਕੋ ਥਾਂ ਜਾਣ ਵਾਲੇ ਵੱਖਰੇ ਵੱਖਰੇ ਰਸਤੇ ਹਨ।’ ਅਗਰ ਇਹ ਸੱਚ ਹੋਵੇ, ਤਾਂ ਤੁਹਾਡਾ ਧਰਮ ਵਾਸਤਵ ਵਿਚ ਮਹੱਤਤਾ ਨਹੀਂ ਰੱਖੇਗਾ, ਕਿਉਂਕਿ ਇਸ ਦਾ ਮਤਲਬ ਹੋਵੇਗਾ ਕਿ ਪਰਮੇਸ਼ੁਰ ਨੂੰ ਸਾਰੇ ਧਰਮ ਸਵੀਕਾਰ ਹਨ। ਪਰ ਕੀ ਇਸ ਤਰ੍ਹਾਂ ਹੈ?

2.(ੳ) ਫ਼ਰੀਸੀਆਂ ਨੇ ਯਿਸੂ ਨਾਲ ਕੀ ਸਲੂਕ ਕੀਤਾ? (ਅ) ਫ਼ਰੀਸੀ ਕਿਹ ਨੂੰ ਆਪਣੇ ਪਿਤਾ ਹੋਣ ਦਾ ਦਾਅਵਾ ਕਰਦੇ ਸਨ?

2 ਜਦੋਂ ਯਿਸੂ ਮਸੀਹ ਧਰਤੀ ਉੱਤੇ ਸੀ, ਉਦੋਂ ਫ਼ਰੀਸੀ ਨਾਂ ਦਾ ਇਕ ਧਾਰਮਿਕ ਸਮੂਹ ਹੁੰਦਾ ਸੀ। ਉਨ੍ਹਾਂ ਨੇ ਉਪਾਸਨਾ ਦੀ ਇਕ ਵਿਵਸਥਾ ਬਣਾਈ ਹੋਈ ਸੀ ਅਤੇ ਉਹ ਵਿਸ਼ਵਾਸ ਕਰਦੇ ਸਨ ਕਿ ਇਹ ਪਰਮੇਸ਼ੁਰ ਨੂੰ ਮਨਜ਼ੂਰ ਹੈ। ਪਰ, ਨਾਲ ਹੀ, ਫ਼ਰੀਸੀ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ! ਇਸ ਲਈ ਯਿਸੂ ਨੇ ਉਨ੍ਹਾਂ ਨੂੰ ਆਖਿਆ: “ਤੁਸੀਂ ਆਪਣੇ ਪਿਉ ਜਿਹੇ ਕੰਮ ਕਰਦੇ ਹੋ।” ਉਨ੍ਹਾਂ ਨੇ ਉੱਤਰ ਦਿੱਤਾ: “ਸਾਡਾ ਪਿਤਾ ਇੱਕ ਉਹ ਪਰਮੇਸ਼ੁਰ ਹੈ।”—ਯੂਹੰਨਾ 8:41.

3.ਯਿਸੂ ਨੇ ਫ਼ਰੀਸੀਆਂ ਦੇ ਪਿਤਾ ਬਾਰੇ ਕੀ ਆਖਿਆ?

3 ਕੀ ਪਰਮੇਸ਼ੁਰ ਵਾਸਤਵ ਵਿਚ ਉਨ੍ਹਾਂ ਦਾ ਪਿਤਾ ਸੀ? ਕੀ ਪਰਮੇਸ਼ੁਰ ਉਨ੍ਹਾਂ ਦੇ ਧਰਮ ਦੀ ਰੀਤ ਨੂੰ ਸਵੀਕਾਰ ਕਰਦਾ ਸੀ? ਬਿਲਕੁਲ ਹੀ ਨਹੀਂ! ਭਾਵੇਂ ਫ਼ਰੀਸੀਆਂ ਕੋਲ ਸ਼ਾਸਤਰ ਸਨ ਅਤੇ ਉਹ ਸੋਚਦੇ ਸੀ ਕਿ ਉਹ ਉਨ੍ਹਾਂ ਦੀ ਪੈਰਵੀ ਕਰ ਰਹੇ ਸਨ, ਉਹ ਇਬਲੀਸ ਦੁਆਰਾ ਭਰਮਾਏ ਹੋਏ ਸਨ। ਅਤੇ ਯਿਸੂ ਨੇ ਉਨ੍ਹਾਂ ਨੂੰ ਇਹ ਆਖਦਿਆਂ ਹੋਇਆਂ ਦੱਸਿਆ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ, . . . ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।”—ਯੂਹੰਨਾ 8:44.

4.ਯਿਸੂ ਫ਼ਰੀਸੀਆਂ ਦੇ ਧਰਮ ਨੂੰ ਕਿਸ ਦ੍ਰਿਸ਼ਟੀ ਨਾਲ ਵੇਖਦਾ ਸੀ?

4 ਸਪੱਸ਼ਟ ਤੌਰ ਤੇ, ਫ਼ਰੀਸੀਆਂ ਦਾ ਧਰਮ ਝੂਠਾ ਸੀ। ਉਹ ਇਬਲੀਸ ਦੇ ਹਿੱਤਾਂ ਨੂੰ, ਨਾ ਕਿ ਪਰਮੇਸ਼ੁਰ ਦੇ ਹਿੱਤਾਂ ਨੂੰ ਪੂਰਾ ਕਰਦਾ ਸੀ। ਇਸ ਲਈ ਉਨ੍ਹਾਂ ਦੇ ਧਰਮ ਨੂੰ ਅੱਛਾ ਸਮਝਣ ਦੀ ਬਜਾਇ, ਯਿਸੂ ਨੇ ਉਸ ਨੂੰ ਗ਼ਲਤ ਠਹਿਰਾਇਆ। ਉਹ ਨੇ ਉਨ੍ਹਾਂ ਧਾਰਮਿਕ ਫ਼ਰੀਸੀਆਂ ਨੂੰ ਆਖਿਆ: “ਤੁਸੀਂ ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ। ਕਿਉਂ ਜੋ ਉਸ ਵਿੱਚ ਨਾ ਆਪ ਵੜਦੇ ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ।” (ਮੱਤੀ 23:13) ਉਨ੍ਹਾਂ ਦੇ ਝੂਠੇ ਧਰਮ ਦੇ ਕਾਰਨ, ਯਿਸੂ ਨੇ ਉਨ੍ਹਾਂ ਫ਼ਰੀਸੀਆਂ ਨੂੰ ਕਪਟੀ ਅਤੇ ਜ਼ਹਿਰੀਲੇ ਸੱਪ ਸੱਦਿਆ। ਉਨ੍ਹਾਂ ਦੇ ਬੁਰੇ ਚਾਲ-ਚਲਨ ਦੇ ਕਾਰਨ, ਉਹ ਨੇ ਕਿਹਾ ਕਿ ਉਹ ਵਿਨਾਸ਼ ਦੇ ਰਾਹ ਵਿਚ ਪਏ ਹੋਏ ਸਨ।—ਮੱਤੀ 23:25-33.

5.ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਕਿ ਅਨੇਕ ਧਰਮ ਸਿਰਫ਼ ਇਕੋ ਹੀ ਥਾਂ ਜਾਣ ਵਾਲੇ ਵੱਖਰੇ ਵੱਖਰੇ ਰਾਹ ਨਹੀਂ ਹਨ?

5 ਤਾਂ ਫਿਰ ਯਿਸੂ ਮਸੀਹ ਨੇ ਇਹ ਸਿੱਖਿਆ ਨਹੀਂ ਦਿੱਤੀ ਸੀ ਕਿ ਸਾਰੇ ਧਰਮ ਕੇਵਲ ਇਕੋ ਮੁਕਤੀ ਦੀ ਥਾਂ ਜਾਣ ਵਾਲੇ ਵੱਖਰੇ ਵੱਖਰੇ ਰਸਤੇ ਹਨ। ਆਪਣੇ ਪ੍ਰਸਿੱਧ ਪਹਾੜੀ ਉਪਦੇਸ਼ ਵਿਚ, ਯਿਸੂ ਨੇ ਆਖਿਆ: “ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ, ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।” (ਮੱਤੀ 7:13, 14) ਕਿਉਂਕਿ ਉਹ ਸਹੀ ਤਰੀਕੇ ਨਾਲ ਪਰਮੇਸ਼ੁਰ ਦੀ ਉਪਾਸਨਾ ਨਹੀਂ ਕਰਦੇ ਹਨ, ਜ਼ਿਆਦਾ ਵਿਅਕਤੀ ਵਿਨਾਸ਼ ਦੇ ਰਾਹ ਵਿਚ ਪਏ ਹੋਏ ਹਨ। ਜੀਵਨ ਦੇ ਵੱਲ ਲੈ ਜਾਣ ਵਾਲੇ ਉਸ ਰਾਹ ਉੱਤੇ ਕੇਵਲ ਥੋੜ੍ਹੇ ਹੀ ਹਨ।

6.ਇਸਰਾਏਲ ਕੌਮ ਦੀ ਉਪਾਸਨਾ ਉੱਤੇ ਵਿਚਾਰ ਕਰਨ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

6 ਜਿਸ ਤਰੀਕੇ ਨਾਲ ਪਰਮੇਸ਼ੁਰ ਨੇ ਇਸਰਾਏਲ ਦੀ ਕੌਮ ਨਾਲ ਵਰਤਾਉ ਕੀਤਾ, ਉਸ ਉੱਤੇ ਵਿਚਾਰ ਕਰਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਰਮੇਸ਼ੁਰ ਦੀ ਉਪਾਸਨਾ ਉਸ ਤਰੀਕੇ ਨਾਲ ਕਰਨਾ ਕਿੰਨਾ ਮਹੱਤਵਪੂਰਣ ਹੈ ਜਿਸ ਤਰ੍ਹਾਂ ਉਸ ਨੂੰ ਮਨਜ਼ੂਰ ਹੈ। ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਇਰਦ-ਗਿਰਦ ਦੀਆਂ ਕੌਮਾਂ ਦੇ ਝੂਠੇ ਧਰਮਾਂ ਤੋਂ ਪਰੇ ਰਹਿਣ ਲਈ ਚੇਤਾਵਨੀ ਦਿੱਤੀ ਸੀ। (ਬਿਵਸਥਾ ਸਾਰ 7:25) ਇਹ ਲੋਕ ਆਪਣੇ ਈਸ਼ਵਰਾਂ ਨੂੰ ਆਪਣੇ ਬੱਚਿਆਂ ਦਾ ਬਲੀਦਾਨ ਦਿੰਦੇ ਸਨ, ਅਤੇ ਗੰਦੇ ਸੰਭੋਗ ਅਭਿਆਸਾਂ ਵਿਚ ਹਿੱਸਾ ਲੈਂਦੇ ਸਨ, ਜਿਨ੍ਹਾਂ ਵਿਚ ਸਮਲਿੰਗਕਾਮੁਕਤਾ ਵੀ ਸ਼ਾਮਲ ਸੀ। (ਲੇਵੀਆਂ 18:20-30) ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਇਨ੍ਹਾਂ ਅਭਿਆਸਾਂ ਤੋਂ ਪਰੇ ਰਹਿਣ ਲਈ ਹੁਕਮ ਦਿੱਤਾ ਸੀ। ਜਦੋਂ ਉਨ੍ਹਾਂ ਨੇ ਅਣਆਗਿਆ ਕਰਕੇ ਦੂਸਰੇ ਈਸ਼ਵਰਾਂ ਦੀ ਉਪਾਸਨਾ ਕੀਤੀ, ਤਦ ਉਹ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ। (ਯਹੋਸ਼ੁਆ 24:20; ਯਸਾਯਾਹ 63:10) ਸੋ ਉਨ੍ਹਾਂ ਦਾ ਧਰਮ ਵਾਸਤਵ ਵਿਚ ਹੀ ਮਹੱਤਤਾ ਰੱਖਦਾ ਸੀ।

ਅੱਜ ਦਾ ਝੂਠਾ ਧਰਮ?

7, 8.(ੳ) ਵਿਸ਼ਵ ਯੁੱਧਾਂ ਦੇ ਦੌਰਾਨ ਧਰਮ ਨੇ ਕੀ ਸਥਿਤੀ ਗ੍ਰਹਿਣ ਕੀਤੀ ਸੀ? (ਅ) ਤੁਹਾਡੇ ਖਿਆਲ ਵਿਚ ਪਰਮੇਸ਼ੁਰ ਉਸ ਬਾਰੇ ਕੀ ਮਹਿਸੂਸ ਕਰਦਾ ਹੈ ਜੋ ਧਰਮ ਨੇ ਯੁੱਧ ਦੇ ਸਮੇਂ ਦੇ ਦੌਰਾਨ ਕੀਤਾ ਹੈ?

7 ਅੱਜ ਦੇ ਸੈਂਕੜੇ ਹੀ ਝੂਠੇ ਧਰਮਾਂ ਬਾਰੇ ਕੀ? ਇਹ ਸੰਭਵ ਹੈ ਕਿ ਤੁਸੀਂ ਸਹਿਮਤ ਹੋਵੋ ਕਿ ਅਨੇਕ ਗੱਲਾਂ ਜਿਹੜੀਆਂ ਧਰਮ ਦੇ ਨਾਂ ਵਿਚ ਕੀਤੀਆਂ ਜਾਂਦੀਆਂ ਹਨ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹਨ। ਹਾਲ ਹੀ ਦਿਆਂ ਵਿਸ਼ਵ ਯੁੱਧਾਂ ਦੇ ਦੌਰਾਨ, ਜਿਨ੍ਹਾਂ ਵਿਚੋਂ ਲੱਖਾਂ ਲੋਕ ਹੁਣ ਜੀਉਂਦੇ ਬਚੇ ਸਨ, ਦੋਹਾਂ ਪਾਸਿਆਂ ਦੇ ਧਰਮਾਂ ਨੇ ਆਪਣੇ ਲੋਕਾਂ ਨੂੰ ਮਾਰਨ ਲਈ ਉਤਸ਼ਾਹਿਤ ਕੀਤਾ। “ਜਰਮਨਾਂ ਨੂੰ ਮਾਰ ਦਿਓ—ਉਨ੍ਹਾਂ ਨੂੰ ਜ਼ਰੂਰ ਮਾਰ ਦਿਓ,” ਲੰਡਨ ਦੇ ਬਿਸ਼ਪ ਨੇ ਆਖਿਆ। ਅਤੇ, ਦੂਸਰੇ ਪਾਸੇ, ਕਲੋਨ ਦੇ ਆਰਚਬਿਸ਼ਪ ਨੇ ਜਰਮਨਾਂ ਨੂੰ ਆਖਿਆ: “ਪਰਮੇਸ਼ੁਰ ਦੇ ਨਾਂ ਵਿਚ ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ, ਇਸ ਦੇਸ਼ ਦੀ ਮਾਨ-ਸ਼ਾਨ ਦੇ ਲਈ ਆਪਣੇ ਲਹੂ ਦੇ ਅਖੀਰਲੇ ਤੁਪਕੇ ਤਾਈਂ ਲੜੋ।”

8 ਤਾਂ ਕੈਥੋਲਿਕਾਂ ਨੇ ਕੈਥੋਲਿਕਾਂ ਨੂੰ ਆਪਣੇ ਧਾਰਮਿਕ ਆਗੂਆਂ ਦੀ ਪ੍ਰਵਾਨਗੀ ਨਾਲ ਮਾਰਿਆ, ਅਤੇ ਪ੍ਰੋਟੈਸਟੈਂਟਾਂ ਨੇ ਵੀ ਅਜਿਹਾ ਹੀ ਕੀਤਾ। ਪਾਦਰੀ ਹੈਰੀ ਐਮਰਸਨ ਫ਼ੌਸਡਿਕ ਨੇ ਸਵੀਕਾਰ ਕੀਤਾ: “ਆਪਣੇ ਗਿਰਜਿਆਂ ਵਿਚ ਵੀ ਅਸੀਂ ਲੜਾਈ ਦੇ ਝੰਡੇ ਲਾਏ ਹੋਏ ਹਨ . . . ਇਕ ਪਾਸੇ ਤਾਂ ਅਸੀਂ ਆਪਣੇ ਮੂੰਹ ਨਾਲ ਸ਼ਾਂਤੀ ਦੇ ਰਾਜਕੁਮਾਰ ਦੀ ਉਸਤਤ ਕੀਤੀ ਹੈ ਅਤੇ ਦੂਸਰੇ ਪਾਸੇ ਉਹੋ ਮੂੰਹ ਨਾਲ ਅਸੀਂ ਯੁੱਧ ਦੀ ਮਹਿਮਾ ਕੀਤੀ ਹੈ।” ਤੁਹਾਡੇ ਖਿਆਲ ਵਿਚ ਪਰਮੇਸ਼ੁਰ ਉਸ ਧਰਮ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਜੋ ਉਸ ਦੀ ਮਰਜ਼ੀ ਪੂਰੀ ਕਰਨ ਦਾ ਦਾਅਵਾ ਕਰਦਾ ਹੈ ਪਰ ਯੁੱਧ ਦੀ ਮਹਿਮਾ ਕਰਦਾ ਹੈ?

9.(ੳ) ਅਨੇਕ ਲੋਕਾਂ ਨੇ ਵੱਖਰੇ ਵੱਖਰੇ ਧਰਮਾਂ ਦੇ ਸਦੱਸਾਂ ਦੁਆਰਾ ਕੀਤੇ ਗਏ ਜੁਰਮਾਂ ਬਾਰੇ ਕੀ ਮਹਿਸੂਸ ਕੀਤਾ ਹੈ? (ਅ) ਜਦੋਂ ਧਰਮ ਆਪਣੇ ਆਪ ਨੂੰ ਦੁਨੀਆਂ ਦਾ ਇਕ ਹਿੱਸਾ ਬਣਾਉਂਦਾ ਹੈ, ਸਾਨੂੰ ਕੀ ਸਿੱਟਾ ਕੱਢਣਾ ਚਾਹੀਦਾ ਹੈ?

9 ਇਤਿਹਾਸ ਦੇ ਦੌਰਾਨ ਕਈ ਵੱਖਰੇ ਵੱਖਰੇ ਧਰਮਾਂ ਦੇ ਸਦੱਸਾਂ ਦੁਆਰਾ ਪਰਮੇਸ਼ੁਰ ਦੇ ਨਾਂ ਵਿਚ ਜੁਰਮ ਕਰਨ ਦੇ ਕਾਰਨ, ਅੱਜ ਲੱਖਾਂ ਵਿਅਕਤੀਆਂ ਨੇ ਪਰਮੇਸ਼ੁਰ ਅਤੇ ਮਸੀਹ ਤੋਂ ਮੂੰਹ ਮੋੜ ਲਿਆ ਹੈ। ਉਹ ਪਰਮੇਸ਼ੁਰ ਉੱਤੇ ਭੈੜੇ ਧਾਰਮਿਕ ਯੁੱਧਾਂ ਦਾ ਦੋਸ਼ ਲਾਉਂਦੇ ਹਨ, ਜਿਵੇਂ ਕਿ ਕੈਥੋਲਿਕਾਂ ਅਤੇ ਮੁਸਲਮਾਨਾਂ ਦੇ ਦਰਮਿਆਨ ਯੁੱਧ, ਜਿਨ੍ਹਾਂ ਨੂੰ ਕਰੂਸ-ਯੁੱਧ ਆਖਿਆ ਜਾਂਦਾ ਹੈ, ਮੁਸਲਮਾਨਾਂ ਅਤੇ ਹਿੰਦੂਆਂ ਦੇ ਦਰਮਿਆਨ ਯੁੱਧ, ਅਤੇ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਦੇ ਦਰਮਿਆਨ ਯੁੱਧ। ਉਹ ਯਿਸੂ ਦੇ ਨਾਂ ਵਿਚ ਯਹੂਦੀਆਂ ਦੇ ਕਤਲ, ਅਤੇ ਕਰੂਰ ਕੈਥੋਲਿਕ ਧਰਮ-ਅਧਿਕਰਣਾਂ ਵੱਲ ਇਸ਼ਾਰਾ ਕਰਦੇ ਹਨ। ਪਰ, ਭਾਵੇਂ ਉਹ ਧਾਰਮਿਕ ਆਗੂ ਜਿਹੜੇ ਇੰਨੇ ਜ਼ੁਲਮੀ ਅਪਰਾਧਾਂ ਦੇ ਜ਼ਿੰਮੇਵਾਰ ਸਨ, ਪਰਮੇਸ਼ੁਰ ਨੂੰ ਆਪਣਾ ਪਿਤਾ ਹੋਣ ਦਾ ਦਾਅਵਾ ਕਰਦੇ ਸਨ, ਕੀ ਉਹ ਉੱਨੇ ਹੀ ਇਬਲੀਸ ਦੀ ਔਲਾਦ ਨਹੀਂ ਜਿੰਨੇ ਕਿ ਫ਼ਰੀਸੀ ਸਨ ਜਿਨ੍ਹਾਂ ਨੂੰ ਯਿਸੂ ਨੇ ਦੋਸ਼ੀ ਠਹਿਰਾਇਆ ਸੀ? ਜਦ ਕਿ ਸ਼ਤਾਨ ਇਸ ਦੁਨੀਆਂ ਦਾ ਈਸ਼ਵਰ ਹੈ, ਕੀ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਹੈ ਕਿ ਉਹ ਹੀ ਉਨ੍ਹਾਂ ਧਰਮਾਂ ਨੂੰ ਨਿਯੰਤ੍ਰਣ ਕਰਦਾ ਹੈ ਜਿਨ੍ਹਾਂ ਦਾ ਦੁਨੀਆਂ ਦੇ ਲੋਕ ਅਭਿਆਸ ਕਰਦੇ ਹਨ?—2 ਕੁਰਿੰਥੀਆਂ 4:4; ਪਰਕਾਸ਼ ਦੀ ਪੋਥੀ 12:9.

10.ਧਰਮ ਦੇ ਨਾਂ ਵਿਚ ਕੀਤੀਆਂ ਜਾਂਦੀਆਂ ਕੁਝ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਮਨਜ਼ੂਰ ਨਹੀਂ ਕਰਦੇ ਹੋ?

10 ਕੋਈ ਸ਼ੱਕ ਨਹੀਂ ਹੈ ਕਿ ਅੱਜ ਧਰਮ ਦੇ ਨਾਂ ਵਿਚ ਕਈ ਚੀਜ਼ਾਂ ਕੀਤੀਆਂ ਜਾਂਦੀਆਂ ਹਨ ਜਿਹੜੀਆਂ ਤੁਸੀਂ ਸੋਚਦੇ ਹੋ ਕਿ ਸਹੀ ਨਹੀਂ ਹਨ। ਸ਼ਾਇਦ ਤੁਸੀਂ ਅਕਸਰ ਲੋਕਾਂ ਬਾਰੇ ਸੁਣੋਗੇ ਜਿਨ੍ਹਾਂ ਦੀਆਂ ਜੀਵਨ ਸ਼ੈਲੀਆਂ ਬਹੁਤ ਅਨੈਤਿਕ ਹਨ, ਪਰ ਉਹ ਗਿਰਜਿਆਂ ਦੇ ਸਤਿਕਾਰਯੋਗ ਸਦੱਸ ਹਨ। ਤੁਸੀਂ ਸ਼ਾਇਦ ਉਨ੍ਹਾਂ ਧਾਰਮਿਕ ਆਗੂਆਂ ਬਾਰੇ ਵੀ ਜਾਣਦੇ ਹੋਵੋਗੇ ਜਿਨ੍ਹਾਂ ਦੀ ਜੀਵਨ ਸ਼ੈਲੀ ਬਹੁਤ ਖ਼ਰਾਬ ਹੈ, ਪਰ ਜਿਨ੍ਹਾਂ ਨੂੰ ਫ਼ਿਰ ਵੀ ਆਪਣੇ ਗਿਰਜਿਆਂ ਵਿਚ ਅੱਛੇ ਧਾਰਮਿਕ ਆਗੂ ਮਨਜ਼ੂਰ ਕੀਤਾ ਜਾਂਦਾ ਹੈ। ਕਈ ਧਾਰਮਿਕ ਆਗੂਆਂ ਨੇ ਕਿਹਾ ਹੈ ਕਿ ਸਮਲਿੰਗਕਾਮੁਕਤਾ ਅਤੇ ਸ਼ਾਦੀ ਤੋਂ ਬਗੈਰ ਸੰਭੋਗ ਕਰਨਾ ਗ਼ਲਤ ਨਹੀਂ ਹੈ। ਪਰ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਬਾਈਬਲ ਇਹ ਨਹੀਂ ਆਖਦੀ ਹੈ। ਅਸਲ ਵਿਚ, ਪਰਮੇਸ਼ੁਰ ਨੇ ਆਪਣੇ ਇਸਰਾਏਲੀ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ ਕਿਉਂਕਿ ਉਹ ਅਜਿਹੀਆਂ ਚੀਜ਼ਾਂ ਦਾ ਅਭਿਆਸ ਕਰਦੇ ਸਨ। ਇਸੇ ਕਾਰਨ ਹੀ ਉਸ ਨੇ ਸਦੂਮ ਅਤੇ ਅਮੂਰਾਹ ਨੂੰ ਨਾਸ ਕੀਤਾ ਸੀ। (ਯਹੂਦਾਹ 7) ਜਲਦੀ ਹੀ ਉਹ ਆਧੁਨਿਕ-ਦਿਨਾਂ ਦੇ ਸਾਰੇ ਝੂਠੇ ਧਰਮ ਨੂੰ ਉਸੇ ਤਰ੍ਹਾਂ ਹੀ ਨਾਸ ਕਰੇਗਾ। ਬਾਈਬਲ ਵਿਚ, ਅਜਿਹੇ ਧਰਮ ਨੂੰ “ਧਰਤੀ ਦੇ ਰਾਜਿਆਂ” ਨਾਲ ਉਹ ਦੇ ਅਨੈਤਿਕ ਰਿਸ਼ਤਿਆਂ ਦੇ ਕਾਰਨ, ਇਕ ਕੰਜਰੀ ਦੇ ਰੂਪ ਵਿਚ ਦਰਸਾਇਆ ਜਾਂਦਾ ਹੈ।—ਪਰਕਾਸ਼ ਦੀ ਪੋਥੀ 17:1, 2, 16.

ਉਪਾਸਨਾ ਜਿਹੜੀ ਪਰਮੇਸ਼ੁਰ ਮਨਜ਼ੂਰ ਕਰਦਾ ਹੈ

11.ਅਗਰ ਸਾਡੀ ਉਪਾਸਨਾ ਪਰਮੇਸ਼ੁਰ ਨੂੰ ਪ੍ਰਵਾਨਯੋਗ ਹੋਣੀ ਹੈ ਤਾਂ ਕਿਹੜੀ ਚੀਜ਼ ਜ਼ਰੂਰੀ ਹੈ?

11 ਕਿਉਂਕਿ ਪਰਮੇਸ਼ੁਰ ਸਾਰਿਆਂ ਧਰਮਾਂ ਨੂੰ ਮਨਜ਼ੂਰ ਨਹੀਂ ਕਰਦਾ ਹੈ, ਸਾਨੂੰ ਪੁੱਛਣਾ ਜ਼ਰੂਰੀ ਹੈ: ‘ਕੀ ਮੈਂ ਪਰਮੇਸ਼ੁਰ ਦੀ ਉਪਾਸਨਾ ਉਸ ਤਰੀਕੇ ਨਾਲ ਕਰ ਰਿਹਾ ਹਾਂ ਜਿਸ ਤਰ੍ਹਾਂ ਉਸ ਨੂੰ ਮਨਜ਼ੂਰ ਹੈ?’ ਅਸੀਂ ਇਹ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਅਸੀਂ ਇਹ ਕਰ ਰਹੇ ਹਾਂ? ਉਹ ਕੋਈ ਮਨੁੱਖ ਨਹੀਂ, ਪਰ ਪਰਮੇਸ਼ੁਰ ਹੈ, ਜੋ ਇਸ ਦਾ ਨਿਆਂਕਾਰ ਹੈ ਕਿ ਸੱਚੀ ਉਪਾਸਨਾ ਕੀ ਹੈ। ਇਸ ਲਈ ਅਗਰ ਸਾਡੀ ਉਪਾਸਨਾ ਪਰਮੇਸ਼ੁਰ ਨੂੰ ਪ੍ਰਵਾਨਯੋਗ ਹੋਣੀ ਹੈ, ਤਾਂ ਉਸ ਨੂੰ ਪਰਮੇਸ਼ੁਰ ਦੇ ਸੱਚਾਈ ਦੇ ਬਚਨ, ਬਾਈਬਲ ਉੱਤੇ ਦ੍ਰਿੜ੍ਹਤਾ ਨਾਲ ਆਧਾਰਿਤ ਹੋਣਾ ਚਾਹੀਦਾ ਹੈ। ਸਾਨੂੰ ਉਸ ਬਾਈਬਲ ਲਿਖਾਰੀ ਵਾਂਗ ਮਹਿਸੂਸ ਕਰਨਾ ਚਾਹੀਦਾ ਹੈ ਜਿਸ ਨੇ ਆਖਿਆ ਸੀ: “ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ।”—ਰੋਮੀਆਂ 3:3, 4.

12.ਯਿਸੂ ਨੇ ਇਹ ਕਿਉਂ ਕਿਹਾ ਸੀ ਕਿ ਫ਼ਰੀਸੀਆਂ ਦੀ ਉਪਾਸਨਾ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਸੀ?

12 ਪਹਿਲੀ ਸਦੀ ਦੇ ਫ਼ਰੀਸੀ ਇਸ ਤਰ੍ਹਾਂ ਨਹੀਂ ਮਹਿਸੂਸ ਕਰਦੇ ਸਨ। ਉਨ੍ਹਾਂ ਨੇ ਆਪਣੇ ਹੀ ਵਿਸ਼ਵਾਸ ਅਤੇ ਰੀਤਾਂ ਬਣਾਈਆਂ ਅਤੇ ਪਰਮੇਸ਼ੁਰ ਦੇ ਬਚਨ ਦੀ ਬਜਾਇ ਇਨ੍ਹਾਂ ਦੀ ਪੈਰਵੀ ਕੀਤੀ। ਨਤੀਜਾ ਕੀ ਹੋਇਆ? ਯਿਸੂ ਨੇ ਉਨ੍ਹਾਂ ਨੂੰ ਆਖਿਆ: “ਐਉਂ ਤੁਸੀਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ। ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ ਏਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ। ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ।” (ਮੱਤੀ 15:1-9; ਯਸਾਯਾਹ 29:13) ਇਸ ਲਈ ਅਗਰ ਅਸੀਂ ਪਰਮੇਸ਼ੁਰ ਦੀ ਪ੍ਰਵਾਨਗੀ ਚਾਹੁੰਦੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਨਿਸ਼ਚਿਤ ਕਰੀਏ ਕਿ ਜੋ ਅਸੀਂ ਵਿਸ਼ਵਾਸ ਕਰਦੇ ਹਾਂ ਉਹ ਬਾਈਬਲ ਦੀਆਂ ਸਿੱਖਿਆਵਾਂ ਦੇ ਨਾਲ ਸਹਿਮਤ ਹੈ।

13.ਯਿਸੂ ਦੇ ਅਨੁਸਾਰ ਸਾਨੂੰ ਪਰਮੇਸ਼ੁਰ ਵੱਲੋਂ ਮਨਜ਼ੂਰ ਹੋਣ ਲਈ ਕੀ ਕਰਨਾ ਚਾਹੀਦਾ ਹੈ?

13 ਸਾਡੇ ਲਈ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ਅਸੀਂ ਮਸੀਹ ਉੱਤੇ ਵਿਸ਼ਵਾਸ ਕਰਦੇ ਹਾਂ ਅਤੇ ਫਿਰ ਉਹ ਕਰੀਏ ਜੋ ਸਾਨੂੰ ਸਹੀ ਲੱਗਦਾ ਹੈ। ਇਹ ਬਿਲਕੁਲ ਜ਼ਰੂਰੀ ਹੈ ਕਿ ਅਸੀਂ ਇਸ ਮਾਮਲੇ ਦੇ ਸੰਬੰਧ ਵਿਚ ਪਤਾ ਕਰੀਏ ਕਿ ਪਰਮੇਸ਼ੁਰ ਦੀ ਕੀ ਇੱਛਾ ਹੈ। ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਇਹ ਪ੍ਰਦਰਸ਼ਿਤ ਕੀਤਾ ਸੀ ਜਦੋਂ ਉਸ ਨੇ ਆਖਿਆ: “ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।” (ਟੇਢੇ ਟਾਈਪ ਸਾਡੇ)—ਮੱਤੀ 7:21.

14.ਭਾਵੇਂ ਅਸੀਂ “ਅੱਛੇ ਕੰਮ” ਕਰ ਰਹੇ ਹੋਈਏ, ਯਿਸੂ ਸ਼ਾਇਦ ਸਾਨੂੰ ਕਿਉਂ ‘ਬੁਰਿਆਰੇ’ ਠਹਿਰਾਏ?

14 ਅਸੀਂ ਭਾਵੇਂ ਉਹ ਕਰਦੇ ਹੋਈਏ ਜਿਨ੍ਹਾਂ ਨੂੰ ਅਸੀਂ “ਅੱਛੇ ਕੰਮ” ਸਮਝਦੇ ਹਾਂ, ਅਤੇ ਇਹ ਮਸੀਹ ਦੇ ਨਾਂ ਵਿਚ ਵੀ ਕਰਦੇ ਹੋਈਏ। ਪਰ ਇਹ ਸਭ ਕਿਸੇ ਕੀਮਤ ਦੇ ਨਹੀਂ ਹੋਣਗੇ ਅਗਰ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ ਅਸਫ਼ਲ ਹੋਈਏ। ਅਸੀਂ ਉਨ੍ਹਾਂ ਲੋਕਾਂ ਵਰਗੀ ਸਥਿਤੀ ਵਿਚ ਹੋਵਾਂਗੇ ਜਿਨ੍ਹਾਂ ਦਾ ਜ਼ਿਕਰ ਮਸੀਹ ਅੱਗੇ ਕਰਦਾ ਹੈ: “ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? ਅਤੇ ਤੇਰਾ ਨਾਮ ਲੈਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!” (ਮੱਤੀ 7:22, 23) ਜੀ ਹਾਂ, ਅਸੀਂ ਸ਼ਾਇਦ ਉਹ ਚੀਜ਼ਾਂ ਕਰਦੇ ਹੋਈਏ ਜਿਹੜੀਆਂ ਅਸੀਂ ਸੋਚਦੇ ਹਾਂ ਕਿ ਅੱਛੀਆਂ ਹਨ—ਅਤੇ ਜਿਨ੍ਹਾਂ ਲਈ ਦੂਸਰੇ ਮਨੁੱਖ ਸ਼ਾਇਦ ਸਾਡਾ ਧੰਨਵਾਦ ਕਰਨ ਅਤੇ ਸਾਡੀ ਉਸਤਤ ਵੀ ਕਰਨ—ਪਰ ਅਗਰ ਅਸੀਂ ਉਹ ਚੀਜ਼ ਕਰਨ ਵਿਚ ਅਸਫ਼ਲ ਹੋਈਏ ਜੋ ਪਰਮੇਸ਼ੁਰ ਆਖਦਾ ਹੈ ਕਿ ਸਹੀ ਹੈ, ਤਾਂ ਅਸੀਂ ਯਿਸੂ ਮਸੀਹ ਵੱਲੋਂ ‘ਬੁਰਿਆਰੇ’ ਗਿਣੇ ਜਾਵਾਂਗੇ।

15.ਪ੍ਰਾਚੀਨ ਬਰਿਯਾ ਦੇ ਲੋਕਾਂ ਦੇ ਚਲਨ ਦੀ ਪੈਰਵੀ ਕਰਨਾ ਸਾਡੇ ਲਈ ਬੁੱਧੀਮਤਾ ਦੀ ਗੱਲ ਕਿਉਂ ਹੈ?

15 ਕਿਉਂਕਿ ਅੱਜ ਬਹੁਤ ਧਰਮ ਪਰਮੇਸ਼ੁਰ ਦੀ ਮਰਜ਼ੀ ਪੂਰੀ ਨਹੀਂ ਕਰ ਰਹੇ ਹਨ, ਅਸੀਂ ਕੇਵਲ ਇਹ ਫਰਜ਼ ਨਹੀਂ ਕਰ ਸਕਦੇ ਹਾਂ ਕਿ ਜਿਹੜੇ ਧਾਰਮਿਕ ਸੰਗਠਨ ਨਾਲ ਅਸੀਂ ਮੇਲ-ਜੋਲ ਰੱਖਦੇ ਹਾਂ ਉਸ ਦੀਆਂ ਸਿੱਖਿਆਵਾਂ ਪਰਮੇਸ਼ੁਰ ਦੇ ਬਚਨ ਨਾਲ ਸਹਿਮਤ ਹਨ। ਇਹ ਨਿਰੀ ਹਕੀਕਤ ਕਿ ਇਕ ਧਰਮ ਵਿਚ ਬਾਈਬਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਸਾਬਤ ਨਹੀਂ ਕਰਦਾ ਹੈ ਕਿ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਉਹ ਸਿੱਖਿਆ ਦਿੰਦਾ ਹੈ ਅਤੇ ਅਭਿਆਸ ਕਰਦਾ ਹੈ ਉਹ ਬਾਈਬਲ ਵਿਚੋਂ ਹਨ। ਇਹ ਮਹੱਤਵਪੂਰਣ ਹੈ ਕਿ ਅਸੀਂ ਆਪਣੇ ਆਪ ਜਾਂਚ ਪੜਤਾਲ ਕਰੀਏ ਕਿ ਉਹ ਉਸ ਵਿਚੋਂ ਹਨ ਯਾ ਨਹੀਂ। ਬਰਿਯਾ ਦੇ ਵਿਅਕਤੀਆਂ ਦੀ ਪ੍ਰਸ਼ੰਸਾ ਕੀਤੀ ਗਈ ਸੀ ਕਿਉਂਕਿ, ਮਸੀਹੀ ਰਸੂਲ ਪੌਲੁਸ ਦੇ ਪ੍ਰਚਾਰ ਕਰਨ ਤੋਂ ਬਾਅਦ, ਉਨ੍ਹਾਂ ਨੇ ਇਹ ਨਿਸ਼ਚਿਤ ਕਰਨ ਲਈ ਸ਼ਾਸਤਰਾਂ ਨੂੰ ਪਰਖਿਆ ਕਿ ਜਿਹੜੀਆਂ ਚੀਜ਼ਾਂ ਉਹ ਉਨ੍ਹਾਂ ਨੂੰ ਦੱਸ ਰਿਹਾ ਸੀ ਉਹ ਸੱਚੀਆਂ ਸਨ। (ਰਸੂਲਾਂ ਦੇ ਕਰਤੱਬ 17:10, 11) ਜਿਹੜਾ ਧਰਮ ਪਰਮੇਸ਼ੁਰ ਨੂੰ ਮਨਜ਼ੂਰ ਹੈ, ਉਸ ਨੂੰ ਹਰ ਤਰ੍ਹਾਂ ਬਾਈਬਲ ਦੇ ਨਾਲ ਸਹਿਮਤ ਹੋਣਾ ਚਾਹੀਦਾ ਹੈ; ਉਹ ਬਾਈਬਲ ਦੇ ਕੁਝ ਹੀ ਹਿੱਸਿਆਂ ਨੂੰ ਸਵੀਕਾਰ ਕਰ ਕੇ ਦੂਸਰੇ ਹਿੱਸਿਆਂ ਨੂੰ ਰੱਦ ਨਹੀਂ ਕਰੇਗਾ।—2 ਤਿਮੋਥਿਉਸ 3:16.

ਸੁਹਿਰਦਤਾ ਇਕੱਲੀ ਕਾਫ਼ੀ ਨਹੀਂ

16.ਯਿਸੂ ਨੇ ਇਹ ਦਿਖਾਉਣ ਲਈ ਕੀ ਕਿਹਾ ਸੀ ਕਿ ਪਰਮੇਸ਼ੁਰ ਨੂੰ ਮਨਜ਼ੂਰ ਹੋਣ ਵਾਸਤੇ ਇਕ ਵਿਅਕਤੀ ਲਈ ਸੁਹਿਰਦਤਾ ਇਕੱਲੀ ਕਾਫ਼ੀ ਨਹੀਂ ਹੈ?

16 ਪਰ ਸ਼ਾਇਦ ਕੋਈ ਪੁੱਛੇ: ‘ਅਗਰ ਇਕ ਵਿਅਕਤੀ ਆਪਣੇ ਵਿਸ਼ਵਾਸਾਂ ਵਿਚ ਸੁਹਿਰਦ ਹੋਵੇ, ਕੀ ਪਰਮੇਸ਼ੁਰ ਉਸ ਨੂੰ ਮਨਜ਼ੂਰ ਨਹੀਂ ਕਰੇਗਾ ਭਾਵੇਂ ਉਸ ਦਾ ਧਰਮ ਗ਼ਲਤ ਹੀ ਹੋਵੇ?’ ਖ਼ੈਰ, ਯਿਸੂ ਨੇ ਕਿਹਾ ਸੀ ਕਿ ਉਹ ‘ਬੁਰਿਆਰਿਆਂ’ ਨੂੰ ਮਨਜ਼ੂਰ ਨਹੀਂ ਕਰੇਗਾ ਭਾਵੇਂ ਉਹ ਇਹ ਯਕੀਨ ਕਰਦੇ ਹੋਣ ਕਿ ਉਹ ਜੋ ਕਰ ਰਹੇ ਹਨ ਸਹੀ ਹੈ। (ਮੱਤੀ 7:22, 23) ਇਸ ਲਈ ਸੁਹਿਰਦਤਾ ਇਕੱਲੀ ਵੀ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹੈ। ਇਕ ਵਾਰ ਯਿਸੂ ਨੇ ਆਪਣੇ ਅਨੁਯਾਈਆਂ ਨੂੰ ਆਖਿਆ ਸੀ: “ਉਹ ਸਮਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ।” (ਯੂਹੰਨਾ 16:2) ਮਸੀਹੀਆਂ ਨੂੰ ਅਜਿਹੇ ਮਾਰਨ ਵਾਲੇ ਵਿਅਕਤੀ ਸ਼ਾਇਦ ਸੁਹਿਰਦਤਾ ਨਾਲ ਵਿਸ਼ਵਾਸ ਕਰਦੇ ਹੋਣ ਕਿ ਉਹ ਇਸ ਤਰ੍ਹਾਂ ਪਰਮੇਸ਼ੁਰ ਦੀ ਸੇਵਾ ਕਰ ਰਹੇ ਸਨ, ਪਰ ਜ਼ਾਹਰ ਹੈ ਕਿ ਉਹ ਇਹ ਨਹੀਂ ਕਰ ਰਹੇ ਸਨ। ਜੋ ਉਨ੍ਹਾਂ ਨੇ ਕੀਤਾ ਪਰਮੇਸ਼ੁਰ ਉਸ ਨੂੰ ਮਨਜ਼ੂਰ ਨਹੀਂ ਕਰਦਾ ਹੈ।

17.ਭਾਵੇਂ ਪੌਲੁਸ ਸੁਹਿਰਦ ਸੀ, ਉਸ ਨੇ ਮਸੀਹੀ ਬਣਨ ਤੋਂ ਪਹਿਲਾਂ ਕੀ ਕੀਤਾ ਸੀ?

17 ਉਸ ਦੇ ਮਸੀਹੀ ਬਣਨ ਤੋਂ ਪਹਿਲਾਂ, ਰਸੂਲ ਪੌਲੁਸ ਨੇ ਇਸਤੀਫ਼ਾਨ ਦੇ ਕਤਲ ਹੋਣ ਵਿਚ ਸਹਾਇਤਾ ਕੀਤੀ ਸੀ। ਬਾਅਦ ਵਿਚ, ਉਸ ਨੇ ਹੋਰ ਮਸੀਹੀਆਂ ਨੂੰ ਮਾਰਨ ਲਈ ਤਰੀਕੇ ਭਾਲੇ। (ਰਸੂਲਾਂ ਦੇ ਕਰਤੱਬ 8:1; 9:1, 2) ਪੌਲੁਸ ਨੇ ਵਿਆਖਿਆ ਕੀਤੀ: “ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਹੱਦੋਂ ਬਾਹਰ ਸਤਾਉਂਦਾ ਅਤੇ ਉਹ ਨੂੰ ਬਰਬਾਦ ਕਰਦਾ ਸਾਂ। ਅਤੇ ਆਪਣਿਆਂ ਵੱਡਿਆਂ ਦੀਆਂ ਰੀਤਾਂ ਲਈ ਡਾਢਾ ਅਣਖੀ ਹੋ ਕੇ ਮੈਂ ਯਹੂਦੀਆਂ ਦੇ ਮਤ ਵਿੱਚ ਆਪਣੀ ਕੌਮ ਦੇ ਬਾਹਲੇ ਹਾਣੀਆਂ ਨਾਲੋਂ ਸਿਰ ਕੱਢ ਸਾਂ।” (ਗਲਾਤੀਆਂ 1:13, 14) ਹਾਂ, ਪੌਲੁਸ ਸੁਹਿਰਦ ਸੀ, ਪਰ ਇਸ ਗੱਲ ਨੇ ਉਸ ਦੇ ਧਰਮ ਨੂੰ ਸਹੀ ਨਹੀਂ ਬਣਾ ਦਿੱਤਾ।

18.(ੳ) ਜਦੋਂ ਪੌਲੁਸ ਮਸੀਹੀਆਂ ਨੂੰ ਸਤਾਉਂਦਾ ਸੀ ਉਦੋਂ ਉਹ ਦਾ ਧਰਮ ਕੀ ਸੀ? (ਅ) ਪੌਲੁਸ ਅਤੇ ਉਸ ਸਮੇਂ ਦੇ ਹੋਰਾਂ ਨੂੰ ਆਪਣਾ ਧਰਮ ਬਦਲਣ ਦੀ ਕਿਉਂ ਜ਼ਰੂਰਤ ਸੀ?

18 ਉਸ ਸਮੇਂ, ਪੌਲੁਸ ਉਸ ਯਹੂਦੀ ਧਾਰਮਿਕ ਵਿਵਸਥਾ ਦਾ ਇਕ ਸਦੱਸ ਸੀ, ਜਿਹੜੀ ਯਿਸੂ ਮਸੀਹ ਨੂੰ ਰੱਦ ਕਰ ਚੁੱਕੀ ਸੀ, ਅਤੇ ਕ੍ਰਮਵਾਰ, ਆਪ ਹੀ ਪਰਮੇਸ਼ੁਰ ਵੱਲੋਂ ਰੱਦ ਕੀਤੀ ਗਈ ਸੀ। (ਰਸੂਲਾਂ ਦੇ ਕਰਤੱਬ 2:36, 40; ਕਹਾਉਤਾਂ 14:12) ਇਸ ਲਈ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰਨ ਲਈ ਪੌਲੁਸ ਨੂੰ ਆਪਣਾ ਧਰਮ ਬਦਲਣ ਦੀ ਜ਼ਰੂਰਤ ਸੀ। ਉਹ ਨੇ ਹੋਰਾਂ ਬਾਰੇ ਵੀ ਲਿਖਿਆ ਜਿਨ੍ਹਾਂ ਨੂੰ “ਪਰਮੇਸ਼ੁਰ ਲਈ ਅਣਖ” ਸੀ—ਜਿਹੜੇ ਸੁਹਿਰਦ ਸਨ ਪਰ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਧਰਮ ਪਰਮੇਸ਼ੁਰ ਦੇ ਮਕਸਦਾਂ ਦੇ ਯਥਾਰਥ ਗਿਆਨ ਉੱਤੇ ਆਧਾਰਿਤ ਨਹੀਂ ਸੀ।—ਰੋਮੀਆਂ 10:2, 3.

19.ਕੀ ਦਿਖਾਉਂਦਾ ਹੈ ਕਿ ਸੱਚਾਈ ਭਿੰਨ ਪ੍ਰਕਾਰ ਦੇ ਧਾਰਮਿਕ ਸਿਧਾਂਤਾਂ ਨੂੰ ਪ੍ਰਵਾਨ ਨਹੀਂ ਕਰੇਗੀ?

19 ਸੱਚਾਈ ਦੁਨੀਆਂ ਦੇ ਸਾਰੇ ਭਿੰਨ ਪ੍ਰਕਾਰ ਦੇ ਧਾਰਮਿਕ ਸਿਧਾਂਤਾਂ ਨੂੰ ਪ੍ਰਵਾਨ ਨਹੀਂ ਕਰੇਗੀ। ਉਦਾਹਰਣ ਦੇ ਤੌਰ ਤੇ, ਯਾ ਤਾਂ ਮਨੁੱਖਾਂ ਵਿਚ ਇਕ ਪ੍ਰਾਣ ਹੁੰਦਾ ਹੈ ਜੋ ਸਰੀਰ ਦੀ ਮੌਤ ਹੋਣ ਤੋਂ ਬਾਅਦ ਬਚ ਜਾਂਦਾ ਹੈ, ਯਾ ਨਹੀਂ ਹੈ। ਯਾ ਤਾਂ ਧਰਤੀ ਸਦਾ ਲਈ ਸਥਿਰ ਰਹੇਗੀ ਯਾ ਨਹੀਂ ਰਹੇਗੀ। ਯਾ ਤਾਂ ਪਰਮੇਸ਼ੁਰ ਦੁਸ਼ਟਤਾ ਦਾ ਅੰਤ ਕਰੇਗਾ ਯਾ ਉਹ ਨਹੀਂ ਕਰੇਗਾ। ਇਹ ਅਤੇ ਹੋਰ ਅਨੇਕ ਵਿਸ਼ਵਾਸ ਯਾ ਤਾਂ ਉਹ ਸਹੀ ਹਨ ਯਾ ਗ਼ਲਤ ਹਨ। ਸੱਚਾਈ ਦੇ ਦੋ ਵਰਗ ਨਹੀਂ ਹੋ ਸਕਦੇ ਹਨ ਜਦ ਕਿ ਇਕ ਵਰਗ ਦੂਸਰੇ ਦੇ ਨਾਲ ਸਹਿਮਤ ਨਹੀਂ ਹੈ। ਇਕ ਯਾ ਦੂਸਰਾ ਸੱਚ ਹੈ, ਪਰ ਦੋਵੇਂ ਸੱਚ ਨਹੀਂ ਹਨ। ਸੁਹਿਰਦਤਾ ਨਾਲ ਕਿਸੇ ਚੀਜ਼ ਉੱਤੇ ਵਿਸ਼ਵਾਸ ਕਰਨਾ, ਅਤੇ ਉਸ ਵਿਸ਼ਵਾਸ ਦਾ ਅਭਿਆਸ ਕਰਨਾ, ਉਹ ਨੂੰ ਸਹੀ ਨਹੀਂ ਬਣਾ ਦੇਵੇਗਾ ਅਗਰ ਉਹ ਵਾਸਤਵ ਵਿਚ ਹੀ ਗ਼ਲਤ ਹੈ।

20.ਧਰਮ ਦੇ ਸੰਬੰਧ ਵਿਚ, ਅਸੀਂ ਸਹੀ “ਸੜਕ ਦੇ ਨਕਸ਼ੇ” ਦਾ ਅਨੁਸਰਣ ਕਿਸ ਤਰ੍ਹਾਂ ਕਰ ਸਕਦੇ ਹਾਂ?

20 ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ ਅਗਰ ਅਜਿਹਾ ਸਬੂਤ ਦਿੱਤਾ ਜਾਵੇ ਕਿ ਜੋ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਗ਼ਲਤ ਹੈ? ਉਦਾਹਰਣ ਦੇ ਤੌਰ ਤੇ, ਫਰਜ਼ ਕਰੋ ਕਿ ਤੁਸੀਂ ਇਕ ਗੱਡੀ ਵਿਚ, ਪਹਿਲੀ ਵਾਰ ਕਿਸੇ ਖ਼ਾਸ ਜਗ੍ਹਾ ਨੂੰ ਸਫ਼ਰ ਕਰ ਰਹੇ ਹੋ। ਤੁਹਾਡੇ ਕੋਲ ਸੜਕ ਦਾ ਨਕਸ਼ਾ ਹੈ, ਪਰ ਤੁਸੀਂ ਉਸ ਨੂੰ ਧਿਆਨ ਨਾਲ ਜਾਂਚਣ ਲਈ ਸਮਾਂ ਨਹੀਂ ਲਾਇਆ ਹੈ। ਕਿਸੇ ਨੇ ਤੁਹਾਨੂੰ ਇਕ ਸੜਕ ਲੈਣ ਲਈ ਦੱਸਿਆ। ਸੁਹਿਰਦਤਾ ਨਾਲ ਇਹ ਵਿਸ਼ਵਾਸ ਕਰਦੇ ਹੋਏ ਕਿ ਜਿਹੜਾ ਰਾਹ ਉਸ ਨੇ ਤੁਹਾਨੂੰ ਦੱਸਿਆ ਹੈ ਉਹ ਸਹੀ ਹੈ, ਤੁਸੀਂ ਉਸ ਉੱਤੇ ਭਰੋਸਾ ਕਰਦੇ ਹੋ। ਪਰ ਫਰਜ਼ ਕਰੋ ਕਿ ਇਹ ਸਹੀ ਨਹੀਂ ਹੈ। ਕੀ ਅਗਰ ਕੋਈ ਵਿਅਕਤੀ ਤੁਹਾਡੀ ਗ਼ਲਤੀ ਵੱਲ ਧਿਆਨ ਦਿਲਾਵੇ? ਕੀ ਅਗਰ ਉਹ ਤੁਹਾਡੇ ਆਪਣੇ ਨਕਸ਼ੇ ਤੋਂ ਦਿਖਾਵੇ ਕਿ ਤੁਸੀਂ ਗ਼ਲਤ ਸੜਕ ਉੱਤੇ ਹੋ? ਕੀ ਘਮੰਡ ਯਾ ਜ਼ਿੱਦਪੁਣਾ ਤੁਹਾਨੂੰ ਇਹ ਸਵੀਕਾਰ ਕਰਨ ਤੋਂ ਰੋਕੇਗਾ ਕਿ ਤੁਸੀਂ ਗ਼ਲਤ ਸੜਕ ਉੱਤੇ ਪਏ ਹੋ? ਤਾਂ, ਫਿਰ, ਅਗਰ ਤੁਹਾਨੂੰ ਬਾਈਬਲ ਦੀ ਆਪਣੀ ਜਾਂਚ ਤੋਂ ਇਹ ਪਤਾ ਲੱਗੇ ਕਿ ਤੁਸੀਂ ਗ਼ਲਤ ਧਾਰਮਿਕ ਸੜਕ ਉੱਤੇ ਸਫ਼ਰ ਕਰ ਰਹੇ ਹੋ, ਤਾਂ ਬਦਲਣ ਲਈ ਰਜ਼ਾਮੰਦ ਹੋਵੋ। ਬਰਬਾਦੀ ਦੇ ਖੁੱਲ੍ਹੇ ਰਾਹ ਤੋਂ ਪਰੇ ਰਹੋ; ਜੀਵਨ ਦੇ ਭੀੜੇ ਰਾਹ ਉੱਤੇ ਆ ਜਾਓ!

ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨਾ ਆਵੱਸ਼ਕ

21.(ੳ) ਸੱਚਾਈ ਨੂੰ ਜਾਣਨ ਦੇ ਅਤਿਰਿਕਤ, ਕੀ ਆਵੱਸ਼ਕ ਹੈ? (ਅ) ਤੁਸੀਂ ਕੀ ਕਰੋਗੇ ਅਗਰ ਤੁਹਾਨੂੰ ਇਹ ਪਤਾ ਚੱਲੇ ਕਿ ਕੁਝ ਚੀਜ਼ਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਉਹ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹਨ?

21 ਬਾਈਬਲ ਦੀਆਂ ਸੱਚਾਈਆਂ ਨੂੰ ਜਾਣਨਾ ਮਹੱਤਵਪੂਰਣ ਹੈ। ਪਰ ਇਹ ਗਿਆਨ ਵਿਅਰਥ ਹੈ ਅਗਰ ਤੁਸੀਂ ਪਰਮੇਸ਼ੁਰ ਦੀ ਉਪਾਸਨਾ ਸੱਚਾਈ ਨਾਲ ਨਹੀਂ ਕਰਦੇ ਹੋ। (ਯੂਹੰਨਾ 4:24) ਸੱਚਾਈ ਦਾ ਅਭਿਆਸ ਕਰਨਾ, ਅਰਥਾਤ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨਾ, ਮਹੱਤਤਾ ਰੱਖਦਾ ਹੈ। ਬਾਈਬਲ ਆਖਦੀ ਹੈ ਕਿ “ਆਤਮਾ ਬਾਝੋਂ ਸਰੀਰ ਮੁਰਦਾ ਹੈ।” (ਯਾਕੂਬ 2:26) ਤਾਂ ਫਿਰ, ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਤੁਹਾਡੇ ਧਰਮ ਨੂੰ ਕੇਵਲ ਬਾਈਬਲ ਨਾਲ ਪੂਰੀ ਸਹਿਮਤੀ ਵਿਚ ਹੀ ਨਹੀਂ ਹੋਣਾ ਚਾਹੀਦਾ ਹੈ, ਪਰ ਉਹ ਨੂੰ ਜੀਵਨ ਦੇ ਹਰ ਕੰਮ-ਕਾਰ ਵਿਚ ਵੀ ਲਾਗੂ ਕਰਨਾ ਚਾਹੀਦਾ ਹੈ। ਇਸ ਲਈ, ਅਗਰ ਤੁਹਾਨੂੰ ਇਹ ਪਤਾ ਚੱਲੇ ਕਿ ਤੁਸੀਂ ਉਹ ਚੀਜ਼ਾਂ ਕਰ ਰਹੇ ਹੋ ਜੋ ਪਰਮੇਸ਼ੁਰ ਦੇ ਮੁਤਾਬਕ ਗ਼ਲਤ ਹਨ, ਕੀ ਤੁਸੀਂ ਬਦਲਣ ਲਈ ਰਜ਼ਾਮੰਦ ਹੋਵੋਗੇ?

22.ਅਗਰ ਅਸੀਂ ਸੱਚੇ ਧਰਮ ਦਾ ਅਭਿਆਸ ਕਰੀਏ, ਤਾਂ ਅਸੀਂ ਹੁਣ ਅਤੇ ਭਵਿੱਖ ਵਿਚ ਕਿਹੜੇ ਫ਼ਾਇਦਿਆਂ ਦਾ ਆਨੰਦ ਮਾਣ ਸਕਦੇ ਹਾਂ?

22 ਅਗਰ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋ ਤੁਹਾਡੇ ਸਾਮ੍ਹਣੇ ਮਹਾਨ ਬਰਕਤਾਂ ਹਨ। ਤੁਸੀਂ ਹੁਣ ਵੀ ਫ਼ਾਇਦਾ ਉਠਾਉਗੇ। ਸੱਚੇ ਧਰਮ ਦਾ ਅਭਿਆਸ ਕਰਨਾ ਤੁਹਾਨੂੰ ਇਕ ਬਿਹਤਰ ਵਿਅਕਤੀ—ਇਕ ਬਿਹਤਰ ਆਦਮੀ, ਪਤੀ ਯਾ ਪਿਤਾ, ਇਕ ਬਿਹਤਰ ਔਰਤ, ਪਤਨੀ ਯਾ ਮਾਂ, ਇਕ ਬਿਹਤਰ ਪੁੱਤਰ ਯਾ ਧੀ ਬਣਾਵੇਗਾ। ਇਹ ਤੁਹਾਡੇ ਵਿਚ ਈਸ਼ਵਰੀ ਗੁਣ ਪੈਦਾ ਕਰੇਗਾ ਜਿਨ੍ਹਾਂ ਦੇ ਕਾਰਨ ਤੁਸੀਂ ਦੂਸਰਿਆਂ ਨਾਲੋਂ ਅਲੱਗ ਵੇਖੇ ਜਾਵੋਗੇ ਕਿਉਂਕਿ ਤੁਸੀਂ ਉਹ ਕਰਦੇ ਹੋ ਜੋ ਸਹੀ ਹੈ। ਪਰ ਇਸ ਤੋਂ ਵੀ ਜ਼ਿਆਦਾ, ਇਸ ਦਾ ਮਤਲਬ ਇਹ ਹੋਵੇਗਾ ਕਿ ਤੁਸੀਂ ਪਰਮੇਸ਼ੁਰ ਦੀ ਨਵੀਂ ਪਰਾਦੀਸ ਧਰਤੀ ਉੱਤੇ ਖੁਸ਼ੀ ਅਤੇ ਸੰਪੂਰਣ ਸਿਹਤ ਵਿਚ ਸਦੀਪਕ ਜੀਵਨ ਦੀ ਬਰਕਤ ਲੈਣ ਦੇ ਲਾਇਕ ਹੋਵੋਗੇ। (2 ਪਤਰਸ 3:13) ਇਸ ਵਿਚ ਕੋਈ ਸ਼ੱਕ ਨਹੀਂ ਹੈ—ਤੁਹਾਡਾ ਧਰਮ ਵਾਸਤਵ ਵਿਚ ਮਹੱਤਤਾ ਰੱਖਦਾ ਹੈ!

[ਸਵਾਲ]

[ਸਫ਼ੇ 25 ਉੱਤੇ ਤਸਵੀਰ]

ਕੀ ਉਹ ਧਾਰਮਿਕ ਆਗੂ ਜਿਹੜੇ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰਮੇਸ਼ੁਰ ਦੀ ਸੇਵਾ ਕਰ ਰਹੇ ਸੀ?

[ਸਫ਼ੇ 26, 27 ਉੱਤੇ ਤਸਵੀਰਾਂ]

ਜ਼ਿਆਦਾ ਵਿਅਕਤੀ ਵਿਨਾਸ਼ ਦੇ ਖੁੱਲ੍ਹੇ ਰਾਹ ਉੱਤੇ ਹਨ, ਯਿਸੂ ਨੇ ਆਖਿਆ। ਕੇਵਲ ਥੋੜ੍ਹੇ ਲੋਕ ਹੀ ਜੀਵਨ ਦੇ ਭੀੜੇ ਰਾਹ ਉੱਤੇ ਹਨ

[ਸਫ਼ੇ 28, 29 ਉੱਤੇ ਤਸਵੀਰ]

“ਓਹ ਆਖਦੇ ਹਨ ਭਈ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ।”—ਤੀਤੁਸ 1:⁠16.

ਸ਼ਬਦਾਂ ਵਿਚ

ਕਰਨੀਆਂ ਵਿਚ

[ਸਫ਼ੇ 30 ਉੱਤੇ ਤਸਵੀਰ]

ਧਰਮ ਵਿਚ ਫ਼ਰਕ ਹੋਣ ਦੇ ਕਾਰਨ, ਪੌਲੁਸ ਨੇ ਮਸੀਹ ਦੇ ਚੇਲੇ ਇਸਤੀਫ਼ਾਨ ਦੇ ਪਥਰਾਊ ਵਿਚ ਹਿੱਸਾ ਲਿਆ

[ਸਫ਼ੇ 33 ਉੱਤੇ ਤਸਵੀਰ]

ਅਗਰ ਤੁਸੀਂ ਗ਼ਲਤ ਸੜਕ ਉੱਤੇ ਪਏ ਹੋਵੋ, ਤਾਂ ਕੀ ਘਮੰਡ ਯਾ ਜ਼ਿੱਦਪੁਣਾ ਤੁਹਾਨੂੰ ਇਹ ਸਵੀਕਾਰ ਕਰਨ ਤੋਂ ਰੋਕੇਗਾ?