Skip to content

Skip to table of contents

ਪਰਮੇਸ਼ੁਰ ਦਾ ਦ੍ਰਿਸ਼ਟ ਸੰਗਠਨ

ਪਰਮੇਸ਼ੁਰ ਦਾ ਦ੍ਰਿਸ਼ਟ ਸੰਗਠਨ

ਅਧਿਆਇ 23

ਪਰਮੇਸ਼ੁਰ ਦਾ ਦ੍ਰਿਸ਼ਟ ਸੰਗਠਨ

1. ਬਾਈਬਲ ਪਰਮੇਸ਼ੁਰ ਦੇ ਅਦ੍ਰਿਸ਼ਟ ਸੰਗਠਨ ਬਾਰੇ ਕੀ ਆਖਦੀ ਹੈ?

ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਦਾ ਇਕ ਦ੍ਰਿਸ਼ਟ ਸੰਗਠਨ ਹੈ? ਇਕ ਕਾਰਨ ਇਹ ਹੈ ਕਿ ਉਸ ਦਾ ਇਕ ਅਦ੍ਰਿਸ਼ਟ ਸੰਗਠਨ ਹੈ। ਯਹੋਵਾਹ ਨੇ ਸਵਰਗ ਵਿਚ ਆਪਣੀ ਇੱਛਾ ਪੂਰੀ ਕਰਨ ਲਈ ਕਰੂਬੀਮ, ਸਰਾਫ਼ੀਮ ਅਤੇ ਅਨੇਕ ਹੋਰ ਦੂਤ ਸ੍ਰਿਸ਼ਟ ਕੀਤੇ ਸਨ। (ਉਤਪਤ 3:24; ਯਸਾਯਾਹ 6:2, 3; ਜ਼ਬੂਰਾਂ ਦੀ ਪੋਥੀ 103:20) ਇਨ੍ਹਾਂ ਸਾਰਿਆਂ ਦੇ ਉਪਰ ਯਿਸੂ ਮਸੀਹ ਇਕ ਮਹਾਂ ਦੂਤ ਹੈ। (1 ਥੱਸਲੁਨੀਕੀਆਂ 4:16; ਯਹੂਦਾਹ 9; ਪਰਕਾਸ਼ ਦੀ ਪੋਥੀ 12:7) ਬਾਈਬਲ ਦੂਤਾਂ ਨੂੰ ‘ਸਿੰਘਾਸਣ ਯਾ ਰਿਆਸਤਾਂ ਯਾ ਹਕੂਮਤਾਂ ਯਾ ਇਖਤਿਆਰ,’ ਦੇ ਰੂਪ ਵਿਚ ਸੰਗਠਿਤ ਕੀਤੇ ਹੋਏ ਵਰਣਨ ਕਰਦੀ ਹੈ। (ਕੁਲੁੱਸੀਆਂ 1:16; ਅਫ਼ਸੀਆਂ 1:21) ਇਹ ਸਾਰੇ ਸੰਯੁਕਤ ਹੋ ਕੇ ਯਹੋਵਾਹ ਦੇ ਹੁਕਮ ਦੇ ਅਧੀਨ ਸੇਵਾ ਕਰਦੇ ਹਨ, ਅਤੇ ਉਹ ਕੰਮ ਕਰਦੇ ਹਨ ਜਿਹੜਾ ਉਹ ਨੇ ਉਨ੍ਹਾਂ ਲਈ ਠਹਿਰਾਇਆ ਹੈ।—ਦਾਨੀਏਲ 7:9, 10; ਅੱਯੂਬ 1:6; 2:1.

2. ਜਿਸ ਤਰੀਕੇ ਨਾਲ ਪਰਮੇਸ਼ੁਰ ਨੇ ਸਾਡਾ ਭੌਤਿਕ ਵਿਸ਼ਵ-ਮੰਡਲ ਰਚਿਆ ਹੈ ਇਹ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਉਹ ਸੰਗਠਨ ਨੂੰ ਬਹੁਤ ਮਹੱਤਵਪੂਰਣ ਸਮਝਦਾ ਹੈ?

2 ਜਦੋਂ ਅਸੀਂ ਉਸ ਦੀਆਂ ਭੌਤਿਕ ਰਚਨਾਵਾਂ ਬਾਰੇ ਵਿਚਾਰ ਕਰਦੇ ਹਾਂ, ਤਦ ਵੀ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸੰਗਠਨ ਨੂੰ ਕਿੰਨਾ ਮਹੱਤਵਪੂਰਣ ਸਮਝਦਾ ਹੈ। ਮਿਸਾਲ ਦੇ ਤੌਰ ਤੇ, ਵਿਸ਼ਵ-ਮੰਡਲ ਵਿਚ ਕਈ ਅਰਬਾਂ ਹੀ ਤਾਰੇ ਹਨ ਜਿਨ੍ਹਾਂ ਨੂੰ ਵੱਡੇ ਸਮੂਹਾਂ ਵਿਚ ਵਿਵਸਥਿਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਰਤਨ-ਮੰਡਲ ਆਖਿਆ ਜਾਂਦਾ ਹੈ। ਇਹ ਰਤਨ-ਮੰਡਲ ਪੁਲਾੜ ਵਿਚ ਵਿਵਸਥਿਤ ਤਰੀਕੇ ਨਾਲ ਚੱਲਦੇ ਹਨ, ਅਤੇ ਇਨ੍ਹਾਂ ਰਤਨ-ਮੰਡਲਾਂ ਵਿਚ ਵਿਅਕਤੀਗਤ ਤਾਰੇ ਅਤੇ ਗ੍ਰਹਿ ਵੀ ਇਸੇ ਤਰ੍ਹਾਂ ਚੱਲਦੇ ਹਨ। ਉਦਾਹਰਣ ਦੇ ਤੌਰ ਤੇ, ਸਾਡੀ ਧਰਤੀ ਦਾ ਗ੍ਰਹਿ, ਸੂਰਜ ਦੇ ਦੁਆਲੇ, ਜਿਹੜਾ ਸਾਡਾ ਸਭ ਤੋਂ ਨੇੜੇ ਦਾ ਤਾਰਾ ਹੈ, 365 ਦਿਨਾਂ, 5 ਘੰਟਿਆਂ, 48 ਮਿੰਟਾਂ ਅਤੇ 45.51 ਸਕਿੰਟਾਂ ਵਿਚ ਹਰ ਸਾਲ ਇਕ ਚੱਕਰ ਕੱਢਦਾ ਹੈ। ਹਾਂ, ਇਹ ਭੌਤਿਕ ਵਿਸ਼ਵ-ਮੰਡਲ ਅਤਿਅੰਤ ਵਿਵਸਥਿਤ ਹੈ!

3. ਪਰਮੇਸ਼ੁਰ ਦੀਆਂ ਅਦ੍ਰਿਸ਼ਟ ਰਚਨਾਵਾਂ ਅਤੇ ਉਸ ਦੇ ਭੌਤਿਕ ਵਿਸ਼ਵ-ਮੰਡਲ ਵਿਚ ਅੱਛੇ ਸੰਗਠਨ ਤੋਂ ਸਾਨੂੰ ਕੀ ਸਬਕ ਮਿਲਦਾ ਹੈ?

3 ਕੀ ਪਰਮੇਸ਼ੁਰ ਦੀ ਅਦ੍ਰਿਸ਼ਟ ਰਚਨਾ ਅਤੇ ਉਸ ਦੇ ਭੌਤਿਕ ਵਿਸ਼ਵ-ਮੰਡਲ ਵਿਚ ਇਹ ਸ਼ਾਨਦਾਰ ਸੰਗਠਨ ਸਾਨੂੰ ਕੁਝ ਸਬਕ ਸਿਖਾਉਂਦਾ ਹੈ? ਹਾਂ, ਇਹ ਸਾਨੂੰ ਸਿਖਾਉਂਦਾ ਹੈ ਕਿ ਯਹੋਵਾਹ ਇਕ ਸੰਗਠਨ ਵਾਲਾ ਪਰਮੇਸ਼ੁਰ ਹੈ। ਨਿਸ਼ਚੇ ਹੀ, ਫਿਰ, ਇਕ ਅਜਿਹਾ ਪਰਮੇਸ਼ੁਰ ਉਨ੍ਹਾਂ ਮਨੁੱਖਾਂ ਨੂੰ ਧਰਤੀ ਉਪਰ ਨਿਰਦੇਸ਼ਨ ਅਤੇ ਸੰਗਠਨ ਤੋਂ ਬਗੈਰ ਨਹੀਂ ਛੱਡੇਗਾ ਜੋ ਉਸ ਨਾਲ ਸੱਚ-ਮੁੱਚ ਪ੍ਰੇਮ ਰੱਖਦੇ ਹਨ।

ਪਰਮੇਸ਼ੁਰ ਦਾ ਦ੍ਰਿਸ਼ਟ ਸੰਗਠਨ—ਭੂਤਕਾਲ ਅਤੇ ਵਰਤਮਾਨ

4, 5. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਅਬਰਾਹਾਮ ਅਤੇ ਇਸਰਾਏਲ ਦੀ ਕੌਮ ਦੇ ਸਮਿਆਂ ਵਿਚ ਆਪਣੇ ਲੋਕਾਂ ਨੂੰ ਇਕ ਵਿਵਸਥਿਤ ਤਰੀਕੇ ਨਾਲ ਅਗਵਾਈ ਦਿੱਤੀ ਸੀ?

4 ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਹਮੇਸ਼ਾ ਹੀ ਆਪਣੇ ਸੇਵਕਾਂ ਨੂੰ ਇਕ ਵਿਵਸਥਿਤ ਤਰੀਕੇ ਨਾਲ ਅਗਵਾਈ ਦਿੱਤੀ ਹੈ। ਮਿਸਾਲ ਲਈ, ਅਬਰਾਹਾਮ ਵਰਗੇ ਵਿਸ਼ਵਾਸ ਵਾਲੇ ਮਨੁੱਖਾਂ ਨੇ ਆਪਣੇ ਪਰਿਵਾਰਾਂ ਅਤੇ ਨੌਕਰਾਂ ਨੂੰ ਯਹੋਵਾਹ ਦੀ ਉਪਾਸਨਾ ਕਰਨ ਵਿਚ ਅਗਵਾਈ ਦਿੱਤੀ ਸੀ। ਯਹੋਵਾਹ ਨੇ ਅਬਰਾਹਾਮ ਦੇ ਨਾਲ ਗੱਲ ਕਰ ਕੇ ਉਹ ਦੇ ਲਈ ਆਪਣੀ ਇੱਛਾ ਪ੍ਰਗਟ ਕੀਤੀ ਸੀ। (ਉਤਪਤ 12:1) ਅਤੇ ਪਰਮੇਸ਼ੁਰ ਨੇ ਉਸ ਨੂੰ ਇਹ ਆਖਦੇ ਹੋਏ, ਇਹ ਜਾਣਕਾਰੀ ਦੂਸਰਿਆਂ ਤਾਈਂ ਪਹੁੰਚਾਉਣ ਲਈ ਹਿਦਾਇਤ ਦਿੱਤੀ ਸੀ: “ਮੈਂ [ਅਬਰਾਹਾਮ] ਨੂੰ ਜਾਣ ਲਿਆ ਹੈ ਤਾਂਜੋ ਉਹ ਆਪਣੇ ਪੁੱਤ੍ਰਾਂ ਨੂੰ ਅਰ ਆਪਣੇ ਘਰਾਣੇ ਨੂੰ ਆਪਣੇ ਪਿੱਛੇ ਆਗਿਆ ਦੇਵੇ ਅਤੇ ਉਹ . . . ਯਹੋਵਾਹ ਦੇ ਰਾਹ ਦੀ ਪਾਲਨਾ ਕਰਨ।” (ਉਤਪਤ 18:19) ਲੋਕਾਂ ਦੇ ਇਕ ਸਮੂਹ ਲਈ ਯਹੋਵਾਹ ਦੀ ਉਚਿਤ ਤਰ੍ਹਾਂ ਨਾਲ ਉਪਾਸਨਾ ਕਰਨ ਵਾਸਤੇ ਇਹ ਹੀ ਇਕ ਵਿਵਸਥਿਤ ਪ੍ਰਬੰਧ ਸੀ।

5 ਬਾਅਦ ਵਿਚ, ਜਦੋਂ ਇਸਰਾਏਲੀ ਗਿਣਤੀ ਵਿਚ ਵਧ ਕੇ ਲੱਖਾਂ ਹੀ ਹੋ ਗਏ, ਯਹੋਵਾਹ ਨੇ ਉਨ੍ਹਾਂ ਹਰੇਕ ਨੂੰ ਆਪੋ ਆਪਣੇ ਤਰੀਕੇ ਨਾਲ, ਵਿਵਸਥਿਤ ਪ੍ਰਬੰਧ ਤੋਂ ਅਲੱਗ ਉਪਾਸਨਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਨਹੀਂ, ਇਸਰਾਏਲੀਆਂ ਨੂੰ ਇਕ ਵਿਵਸਥਿਤ ਉਪਾਸਕਾਂ ਦੀ ਕੌਮ ਬਣਾਇਆ ਗਿਆ ਸੀ। ਇਸਰਾਏਲ ਦੀ ਕੌਮ ਨੂੰ “ਯਹੋਵਾਹ ਦੀ ਸਭਾ” ਆਖਿਆ ਜਾਂਦਾ ਸੀ। (ਗਿਣਤੀ 20:4; 1 ਇਤਹਾਸ 28:8) ਅਗਰ ਤੁਸੀਂ ਉਨ੍ਹਾਂ ਸਮਿਆਂ ਵਿਚ ਯਹੋਵਾਹ ਦੇ ਸੱਚੇ ਉਪਾਸਕ ਹੁੰਦੇ, ਤਾਂ ਤੁਹਾਨੂੰ ਉਪਾਸਕਾਂ ਦੀ ਉਸ ਸਭਾ ਦਾ ਹਿੱਸਾ ਬਣਨਾ ਪੈਂਦਾ, ਨਾ ਕਿ ਉਸ ਤੋਂ ਅਲੱਗ ਰਹਿ ਸਕਦੇ ਸੀ।—ਜ਼ਬੂਰਾਂ ਦੀ ਪੋਥੀ 147:19, 20.

6. (ੳ) ਪਰਮੇਸ਼ੁਰ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਸ ਦੀ ਕਿਰਪਾ ਮਸੀਹ ਦੇ ਅਨੁਯਾਈਆਂ ਉਪਰ ਸੀ? (ਅ) ਕੀ ਸਬੂਤ ਹੈ ਕਿ ਉਪਾਸਨਾ ਦੇ ਲਈ ਮਸੀਹੀ ਸੰਗਠਿਤ ਕੀਤੇ ਗਏ ਸਨ?

6 ਪਹਿਲੀ ਸਦੀ ਵਿਚ ਕੀ ਸਥਿਤੀ ਸੀ? ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਯਹੋਵਾਹ ਦੀ ਕਿਰਪਾ ਉਸ ਦੇ ਆਪਣੇ ਪੁੱਤਰ ਯਿਸੂ ਮਸੀਹ ਦੇ ਅਨੁਯਾਈਆਂ ਉੱਤੇ ਸੀ। ਯਹੋਵਾਹ ਨੇ ਉਨ੍ਹਾਂ ਉਪਰ ਆਪਣੀ ਪਵਿੱਤਰ ਆਤਮਾ ਪਾਈ ਸੀ। ਇਹ ਦਿਖਾਉਣ ਲਈ ਕਿ ਇਸਰਾਏਲ ਦੀ ਕੌਮ ਦੀ ਬਜਾਇ, ਉਹ ਹੁਣ ਇਸ ਮਸੀਹੀ ਸੰਗਠਨ ਨੂੰ ਇਸਤੇਮਾਲ ਕਰ ਰਿਹਾ ਸੀ, ਉਸ ਨੇ ਕੁਝ ਪਹਿਲੇ ਮਸੀਹੀਆਂ ਨੂੰ ਬੀਮਾਰਾਂ ਨੂੰ ਰਾਜ਼ੀ ਕਰਨ ਲਈ, ਮਰੇ ਹੋਇਆਂ ਨੂੰ ਜੀ ਉਠਾਉਣ ਲਈ ਅਤੇ ਹੋਰ ਚਮਤਕਾਰ ਕਰਨ ਲਈ ਸ਼ਕਤੀ ਦਿੱਤੀ। ਤੁਸੀਂ ਇਸ ਹਕੀਕਤ ਤੋਂ ਪ੍ਰਭਾਵਿਤ ਹੋਏ ਬਿਨਾਂ ਮਸੀਹੀ ਯੂਨਾਨੀ ਸ਼ਾਸਤਰ ਨਹੀਂ ਪੜ੍ਹ ਸਕਦੇ ਹੋ ਕਿ ਉਪਾਸਨਾ ਲਈ ਮਸੀਹੀ ਸੰਗਠਿਤ ਕੀਤੇ ਗਏ ਸਨ। ਅਸਲ ਵਿਚ, ਉਨ੍ਹਾਂ ਨੂੰ ਹੁਕਮ ਸੀ ਕਿ ਉਹ ਇਸ ਮਕਸਦ ਲਈ ਇਕੱਠੇ ਹੋਣ। (ਇਬਰਾਨੀਆਂ 10:24, 25) ਇਸ ਲਈ ਅਗਰ ਤੁਸੀਂ ਪਹਿਲੀ ਸਦੀ ਵਿਚ ਯਹੋਵਾਹ ਦੇ ਸੱਚੇ ਉਪਾਸਕ ਹੁੰਦੇ, ਤਾਂ ਤੁਹਾਨੂੰ ਉਹ ਦੇ ਮਸੀਹੀ ਸੰਗਠਨ ਦਾ ਇਕ ਹਿੱਸਾ ਬਣਨਾ ਪੈਂਦਾ।

7. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਨੇ ਕਿਸੇ ਵੀ ਵਿਸ਼ਿਸ਼ਟ ਸਮੇਂ ਵਿਚ ਇਕ ਤੋਂ ਜ਼ਿਆਦਾ ਸੰਗਠਨ ਦਾ ਇਸਤੇਮਾਲ ਨਹੀਂ ਕੀਤਾ?

7 ਕੀ ਯਹੋਵਾਹ ਨੇ ਕਿਸੇ ਵੀ ਸਮੇਂ ਦੇ ਦੌਰਾਨ ਇਕ ਤੋਂ ਜ਼ਿਆਦਾ ਸੰਗਠਨ ਦਾ ਇਸਤੇਮਾਲ ਕੀਤਾ ਸੀ? ਨੂਹ ਦੇ ਦਿਨਾਂ ਵਿਚ ਕੇਵਲ ਨੂਹ, ਅਤੇ ਜਿਹੜੇ ਉਸ ਦੇ ਨਾਲ ਕਸ਼ਤੀ ਵਿਚ ਸਨ ਉਨ੍ਹਾਂ ਨੂੰ ਹੀ ਪਰਮੇਸ਼ੁਰ ਦੀ ਰੱਖਿਆ ਪ੍ਰਾਪਤ ਹੋਈ ਅਤੇ ਜਲ ਪਰਲੋ ਦੇ ਪਾਣੀਆਂ ਤੋਂ ਬਚੇ। (1 ਪਤਰਸ 3:20) ਅਤੇ ਪਹਿਲੀ ਸਦੀ ਵਿਚ ਦੋ ਯਾ ਉਸ ਤੋਂ ਜ਼ਿਆਦਾ ਮਸੀਹੀ ਸੰਗਠਨ ਨਹੀਂ ਸਨ। ਪਰਮੇਸ਼ੁਰ ਨੇ ਇਕ ਨਾਲ ਹੀ ਸੰਬੰਧ ਰੱਖਿਆ। ਉਦੋਂ “ਇੱਕੋ ਪ੍ਰਭੁ, ਇੱਕੋ ਨਿਹਚਾ, ਇੱਕੋ ਬਪਤਿਸਮਾ” ਸੀ। (ਅਫ਼ਸੀਆਂ 4:5, ਟੇਢੇ ਟਾਈਪ ਸਾਡੇ) ਇਸੇ ਹੀ ਤਰ੍ਹਾਂ ਯਿਸੂ ਮਸੀਹ ਨੇ ਪਹਿਲਾਂ ਦੱਸਿਆ ਸੀ ਕਿ ਸਾਡੇ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਲਈ ਅਧਿਆਤਮਿਕ ਹਿਦਾਇਤਾਂ ਵਾਸਤੇ ਕੇਵਲ ਇਕੋ ਹੀ ਸ੍ਰੋਤ ਹੋਵੇਗਾ।

8. ਯਿਸੂ ਨੇ ਇਹ ਕਿਸ ਤਰ੍ਹਾਂ ਦਿਖਾਇਆ ਕਿ ਸਾਡੇ ਸਮਿਆਂ ਵਿਚ ਧਰਤੀ ਉੱਤੇ ਪਰਮੇਸ਼ੁਰ ਦਾ ਕੇਵਲ ਇਕੋ ਹੀ ਦ੍ਰਿਸ਼ਟ ਸੰਗਠਨ ਹੋਵੇਗਾ?

8 ਰਾਜ ਸੱਤਾ ਵਿਚ ਆਪਣੀ ਮੌਜੂਦਗੀ ਦੇ ਬਾਰੇ ਦੱਸਦੇ ਹੋਏ, ਯਿਸੂ ਨੇ ਆਖਿਆ: “ਉਪਰੰਤ ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਨੌਕਰਾਂ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ? ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।” (ਮੱਤੀ 24:45-47) ਸੰਨ 1914 ਵਿਚ, ਰਾਜ ਸੱਤਾ ਵਿਚ ਆਪਣੀ ਵਾਪਸੀ ਤੇ, ਕੀ ਮਸੀਹ ਨੇ ਇਕ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਅਧਿਆਤਮਿਕ “ਭੋਜਨ” ਯਾ ਜਾਣਕਾਰੀ ਦਿੰਦੇ ਹੋਏ ਪਾਇਆ? ਹਾਂ, ਉਸ ਨੇ ਅਜਿਹਾ “ਨੌਕਰ” ਪਾਇਆ ਜਿਹੜਾ ਧਰਤੀ ਉੱਤੇ ਉਸ ਦੇ 1,44,000 “ਭਰਾਵਾਂ” ਦੇ ਬਾਕੀ ਰਹਿੰਦੇ ਹੋਏ ਵਿਅਕਤੀਆਂ ਦਾ ਬਣਿਆ ਹੋਇਆ ਸੀ। (ਪਰਕਾਸ਼ ਦੀ ਪੋਥੀ 12:10; 14:1, 3) ਅਤੇ 1914 ਤੋਂ ਲੈ ਕੇ ਲੱਖਾਂ ਹੀ ਵਿਅਕਤੀਆਂ ਨੇ ਇਹ “ਭੋਜਨ” ਸਵੀਕਾਰ ਕੀਤਾ ਹੈ ਜਿਸ ਦਾ ਉਹ ਪ੍ਰਬੰਧ ਕਰਦੇ ਹਨ, ਅਤੇ ਉਨ੍ਹਾਂ ਦੇ ਨਾਲ ਸੱਚੇ ਧਰਮ ਦਾ ਅਭਿਆਸ ਕਰਨ ਲੱਗ ਪਏ ਹਨ। ਪਰਮੇਸ਼ੁਰ ਦੇ ਸੇਵਕਾਂ ਦਾ ਇਹ ਸੰਗਠਨ ਯਹੋਵਾਹ ਦੇ ਗਵਾਹਾਂ ਦੇ ਤੌਰ ਤੇ ਜਾਣਿਆ ਜਾਂਦਾ ਹੈ।

9. (ੳ) ਪਰਮੇਸ਼ੁਰ ਦੇ ਸੇਵਕਾਂ ਦਾ ਨਾਂ ਯਹੋਵਾਹ ਦੇ ਗਵਾਹ ਕਿਉਂ ਹੈ? (ਅ) ਉਹ ਆਪਣੇ ਉਪਾਸਨਾ ਦੇ ਸਥਾਨਾਂ ਨੂੰ ਰਾਜ ਗ੍ਰਹਿ ਕਿਉਂ ਆਖਦੇ ਹਨ?

9 ਯਹੋਵਾਹ ਦੇ ਗਵਾਹ ਜੋ ਕੁਝ ਵੀ ਕਰਦੇ ਹਨ ਉਹ ਨਿਰਦੇਸ਼ਨ ਵਾਸਤੇ ਪਰਮੇਸ਼ੁਰ ਅਤੇ ਉਸ ਦੇ ਸ਼ਬਦ ਵੱਲ ਦੇਖਦੇ ਹਨ। ਉਨ੍ਹਾਂ ਦਾ ਐਨ ਨਾਂ ਯਹੋਵਾਹ ਦੇ ਗਵਾਹ ਇਹ ਦਿਖਾਉਂਦਾ ਹੈ ਕਿ ਉਨ੍ਹਾਂ ਦਾ ਮੁੱਖ ਕੰਮ ਯਹੋਵਾਹ ਪਰਮੇਸ਼ੁਰ ਦੇ ਨਾਂ ਅਤੇ ਉਸ ਦੇ ਰਾਜ ਬਾਰੇ ਗਵਾਹੀ ਦੇਣਾ ਹੈ, ਜਿਵੇਂ ਮਸੀਹ ਨੇ ਵੀ ਦਿੱਤੀ ਸੀ। (ਯੂਹੰਨਾ 17:6; ਪਰਕਾਸ਼ ਦੀ ਪੋਥੀ 1:5) ਨਾਲੇ, ਕਿਉਂਜੋ ਪੂਰੀ ਬਾਈਬਲ ਦਾ ਵਿਸ਼ਾ ਮਸੀਹਾ, ਯਾ ਮਸੀਹ ਦੇ ਰਾਹੀਂ ਪਰਮੇਸ਼ੁਰ ਦਾ ਰਾਜ ਹੈ, ਜਿਸ ਸਥਾਨ ਵਿਚ ਉਪਾਸਨਾ ਲਈ ਉਹ ਇਕੱਠੇ ਮਿਲਦੇ ਹਨ ਉਹ ਉਸ ਨੂੰ ਰਾਜ ਗ੍ਰਹਿ ਆਖਦੇ ਹਨ। ਕਿਉਂਜੋ ਇਹ ਸਪੱਸ਼ਟ ਹੈ ਕਿ ਪਹਿਲੀ-ਸਦੀ ਦੀ ਮਸੀਹੀਅਤ ਪਰਮੇਸ਼ੁਰ ਨੂੰ ਸਵੀਕਾਰ ਸੀ, ਯਹੋਵਾਹ ਦੇ ਗਵਾਹ ਆਪਣੇ ਸੰਗਠਨ ਦਾ ਨਮੂਨਾ ਉਸ ਤੋਂ ਉਤਾਰਦੇ ਹਨ। ਆਓ ਆਪਾਂ ਸੰਖੇਪ ਵਿਚ ਉਸ ਪਹਿਲੇ ਮਸੀਹੀ ਸੰਗਠਨ ਉੱਤੇ ਨਜ਼ਰ ਮਾਰੀਏ ਅਤੇ ਪਰਮੇਸ਼ੁਰ ਦੇ ਅੱਜ ਦੇ ਦ੍ਰਿਸ਼ਟ ਸੰਗਠਨ ਨਾਲ ਸਮਾਨਤਾਵਾਂ ਦੇਖੀਏ।

ਪਹਿਲੀ-ਸਦੀ ਦਾ ਨਮੂਨਾ

10. ਪਹਿਲੀ-ਸਦੀ ਦੇ ਮਸੀਹੀ ਸੰਗਠਨ ਦੇ ਕੁਝ ਪਹਿਲੂ ਕੀ ਸਨ?

10 ਪਹਿਲੀ ਸਦੀ ਵਿਚ ਜਿੱਥੇ ਮਰਜ਼ੀ ਮਸੀਹੀ ਪਾਏ ਜਾਂਦੇ ਸਨ, ਉਹ ਉਪਾਸਨਾ ਲਈ ਸਮੂਹਾਂ ਵਿਚ ਇਕੱਠੇ ਮਿਲਦੇ ਸਨ। ਇਹ ਕਲੀਸਿਯਾਵਾਂ ਬਾਕਾਇਦਾ ਸੰਗਤ ਅਤੇ ਅਧਿਐਨ ਲਈ ਇਕੱਠੀਆਂ ਹੁੰਦੀਆਂ ਸਨ। (ਇਬਰਾਨੀਆਂ 10:24, 25) ਉਨ੍ਹਾਂ ਦਾ ਮੁੱਖ ਕੰਮ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨਾ ਅਤੇ ਸਿੱਖਿਆ ਦੇਣਾ ਸੀ, ਜਿਵੇਂ ਮਸੀਹ ਨੇ ਵੀ ਕੀਤਾ ਸੀ। (ਮੱਤੀ 4:17; 28:19, 20) ਅਗਰ ਕਲੀਸਿਯਾ ਦਾ ਇਕ ਸਦੱਸ ਜੀਵਨ ਦੇ ਕਿਸੇ ਬੁਰੇ ਪਾਸੇ ਲੱਗ ਜਾਂਦਾ ਸੀ, ਉਹ ਕਲੀਸਿਯਾ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ।—1 ਕੁਰਿੰਥੀਆਂ 5:9-13; 2 ਯੂਹੰਨਾ 10, 11.

11, 12. (ੳ) ਕੀ ਸਾਬਤ ਕਰਦਾ ਹੈ ਕਿ ਪਹਿਲੀ ਮਸੀਹੀ ਕਲੀਸਿਯਾ ਨੂੰ ਯਰੂਸ਼ਲਮ ਦੇ ਰਸੂਲਾਂ ਅਤੇ “ਬਜ਼ੁਰਗਾਂ” ਤੋਂ ਅਗਵਾਈ ਅਤੇ ਨਿਰਦੇਸ਼ਨ ਪ੍ਰਾਪਤ ਹੋਏ? (ਅ) “ਦੈਵ-ਸ਼ਾਸਕੀ” ਨਿਰਦੇਸ਼ਨ ਦਾ ਕੀ ਅਰਥ ਹੈ? (ੲ) ਅਜਿਹੇ ਨਿਰਦੇਸ਼ਨ ਨੂੰ ਸਵੀਕਾਰ ਕਰਨ ਤੇ ਕਲੀਸਿਯਾਵਾਂ ਉਪਰ ਕੀ ਅਸਰ ਹੋਇਆ?

11 ਕੀ ਪਹਿਲੀ ਸਦੀ ਦੀਆਂ ਉਹ ਮਸੀਹੀ ਕਲੀਸਿਯਾਵਾਂ, ਹਰੇਕ ਆਪੋ ਆਪਣੇ ਮਾਮਲਿਆਂ ਉੱਤੇ ਆਪ ਹੀ ਸਲਾਹਾਂ ਬਣਾਉਂਦੀਆਂ ਹੋਈਆਂ, ਇਕ ਦੂਸਰੇ ਤੋਂ ਆਜ਼ਾਦ ਸਨ? ਨਹੀਂ, ਬਾਈਬਲ ਦਿਖਾਉਂਦੀ ਹੈ ਕਿ ਉਹ ਇਕੋ ਹੀ ਮਸੀਹੀ ਵਿਸ਼ਵਾਸ ਵਿਚ ਸੰਯੂਕਤ ਸਨ। ਸਾਰੀਆਂ ਕਲੀਸਿਯਾਵਾਂ ਨੂੰ ਇਕੋ ਹੀ ਸ੍ਰੋਤ ਤੋਂ ਅਗਵਾਈ ਅਤੇ ਨਿਰਦੇਸ਼ਨ ਮਿਲਦਾ ਸੀ। ਇਸ ਕਰਕੇ, ਜਦੋਂ ਸੁੰਨਤ ਦੇ ਸੰਬੰਧ ਵਿਚ ਵਿਵਾਦ ਪੈਦਾ ਹੋਇਆ, ਤਦ ਕਲੀਸਿਯਾਵਾਂ ਯਾ ਇਕੱਲੇ ਵਿਅਕਤੀਆਂ ਨੇ ਆਪਣੇ ਆਪ ਲਈ ਫ਼ੈਸਲਾ ਨਹੀਂ ਕੀਤਾ ਕਿ ਕੀ ਕੀਤਾ ਜਾਵੇ। ਨਹੀਂ, ਪਰ ਇਸ ਦੀ ਬਜਾਇ, ਰਸੂਲ ਪੌਲੁਸ, ਬਰਨਬਾਸ ਅਤੇ ਹੋਰ ਮਨੁੱਖਾਂ ਨੂੰ ਨਿਰਦੇਸ਼ਨ ਕੀਤਾ ਗਿਆ ਕਿ “ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ।” ਪਰਮੇਸ਼ੁਰ ਦੇ ਸ਼ਬਦ ਅਤੇ ਉਸ ਦੀ “ਪਵਿੱਤਰ ਆਤਮਾ” ਦੀ ਮਦਦ ਨਾਲ, ਜਦੋਂ ਇਨ੍ਹਾਂ ਸਿਆਣੇ ਮਨੁੱਖਾਂ ਨੇ ਆਪਣਾ ਫ਼ੈਸਲਾ ਬਣਾਇਆ, ਤਾਂ ਉਨ੍ਹਾਂ ਨੇ ਕਲੀਸਿਯਾਵਾਂ ਨੂੰ ਸੂਚਿਤ ਕਰਨ ਲਈ ਵਫ਼ਾਦਾਰ ਮਨੁੱਖਾਂ ਨੂੰ ਘਲਿਆ।—ਰਸੂਲਾਂ ਦੇ ਕਰਤੱਬ 15:2, 27-29.

12 ਇਸ ਦੈਵ-ਸ਼ਾਸਕੀ, ਯਾ ਪਰਮੇਸ਼ੁਰ-ਦਿਤ ਅਗਵਾਈ ਅਤੇ ਨਿਰਦੇਸ਼ਨ ਪ੍ਰਾਪਤ ਹੋਣ ਤੇ ਕਲੀਸਿਯਾਵਾਂ ਉਪਰ ਕੀ ਅਸਰ ਹੋਇਆ? ਬਾਈਬਲ ਆਖਦੀ ਹੈ: “ਓਹ [ਰਸੂਲ ਪੌਲੁਸ ਅਤੇ ਉਸ ਦੇ ਸਾਥੀ] ਨਗਰ ਨਗਰ ਫਿਰਦਿਆਂ ਹੋਇਆਂ ਓਹ ਹੁਕਮ ਜਿਹੜੇ ਯਰੂਸ਼ਲਮ ਵਿੱਚਲਿਆਂ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ ਮੰਨਣ ਲਈ ਓਹਨਾਂ ਨੂੰ ਸੌਂਪਦੇ ਗਏ। ਸੋ ਕਲੀਸਿਯਾਂ ਨਿਹਚਾ ਵਿੱਚ ਤਕੜੀਆਂ ਹੁੰਦਿਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।” (ਰਸੂਲਾਂ ਦੇ ਕਰਤੱਬ 16:4, 5) ਹਾਂ, ਸਾਰੀਆਂ ਕਲੀਸਿਯਾਵਾਂ ਨੇ ਉਸ ਨੂੰ ਸਹਿਯੋਗ ਦਿੱਤਾ ਜੋ ਯਰੂਸ਼ਲਮ ਵਿਚ ਬਜ਼ੁਰਗ ਮਨੁੱਖਾਂ ਦੇ ਸਮੂਹ ਨੇ ਸਲਾਹ ਬਣਾਈ, ਅਤੇ ਉਹ ਨਿਹਚਾ ਵਿਚ ਤਕੜੀਆਂ ਹੋਈਆਂ।

ਅੱਜ ਦੈਵ-ਸ਼ਾਸਕੀ ਨਿਰਦੇਸ਼ਨ

13. (ੳ) ਅੱਜ ਧਰਤੀ ਦੇ ਕਿਹੜੇ ਸਥਾਨ ਤੋਂ ਅਤੇ ਮਨੁੱਖਾਂ ਦੇ ਕਿਹੜੇ ਸਮੂਹ ਰਾਹੀਂ ਪਰਮੇਸ਼ੁਰ ਦੇ ਦ੍ਰਿਸ਼ਟ ਸੰਗਠਨ ਨੂੰ ਅਗਵਾਈ ਪ੍ਰਾਪਤ ਹੁੰਦੀ ਹੈ? (ਅ) ਪ੍ਰਬੰਧਕ ਸਭਾ ਦਾ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਨਾਲ ਕੀ ਸੰਬੰਧ ਹੈ?

13 ਪਰਮੇਸ਼ੁਰ ਦੇ ਦ੍ਰਿਸ਼ਟ ਸੰਗਠਨ ਨੂੰ ਅੱਜ ਵੀ ਦੈਵ-ਸ਼ਾਸਕੀ ਅਗਵਾਈ ਅਤੇ ਨਿਰਦੇਸ਼ਨ ਮਿਲਦਾ ਹੈ। ਬਰੁਕਲਿਨ, ਨਿਊ ਯੌਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਸੰਸਾਰ ਦੇ ਵਿਭਿੰਨ ਹਿੱਸਿਆਂ ਤੋਂ ਆਏ ਹੋਏ ਪ੍ਰੌੜ੍ਹ ਮਸੀਹੀ ਮਨੁੱਖਾਂ ਦੀ ਇਕ ਪ੍ਰਬੰਧਕ ਸਭਾ ਹੈ ਜੋ ਪਰਮੇਸ਼ੁਰ ਦੇ ਲੋਕਾਂ ਦੀਆਂ ਵਿਸ਼ਵ-ਵਿਆਪੀ ਕ੍ਰਿਆਵਾਂ ਉਪਰ ਜ਼ਰੂਰੀ ਨਿਗਾਹਬਾਨੀ ਕਰਦੀ ਹੈ। ਇਹ ਪ੍ਰਬੰਧਕ ਸਭਾ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਸਦੱਸਾਂ ਦੀ ਬਣੀ ਹੋਈ ਹੈ। ਇਹ ਉਸ ਮਾਤਬਰ “ਨੌਕਰ” ਲਈ ਇਕ ਪ੍ਰਵਕਤਾ ਦੇ ਰੂਪ ਵਿਚ ਸੇਵਾ ਕਰਦੀ ਹੈ।

14. ਪਰਮੇਸ਼ੁਰ ਦੇ ਲੋਕਾਂ ਦੀ ਪ੍ਰਬੰਧਕ ਸਭਾ ਆਪਣੇ ਨਿਰਣੇ ਬਣਾਉਣ ਵਾਸਤੇ ਕਿਸ ਚੀਜ਼ ਉੱਤੇ ਨਿਰਭਰ ਹੁੰਦੀ ਹੈ?

14 ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ ਵਾਂਗੂ, ਇਸ ਪ੍ਰਬੰਧਕ ਸਭਾ ਦੇ ਮਨੁੱਖਾਂ ਕੋਲ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਕਈ ਸਾਲਾਂ ਦਾ ਤਜਰਬਾ ਹੈ। ਪਰ ਨਿਰਣੇ ਬਣਾਉਣ ਲਈ ਉਹ ਮਾਨਵ ਬੁੱਧ ਉੱਤੇ ਨਿਰਭਰ ਨਹੀਂ ਹੁੰਦੇ ਹਨ। ਨਹੀਂ, ਦੈਵ-ਸ਼ਾਸਕੀ ਤੌਰ ਤੇ ਨਿਯੰਤ੍ਰਣ ਹੋਣ ਕਰਕੇ, ਉਹ ਯਰੂਸ਼ਲਮ ਦੀ ਪਹਿਲੀ ਪ੍ਰਬੰਧਕ ਸਭਾ ਦੇ ਉਦਾਹਰਣ ਉੱਤੇ ਚੱਲਦੇ ਹਨ, ਜਿਸ ਦੇ ਨਿਰਣੇ ਪਰਮੇਸ਼ੁਰ ਦੇ ਸ਼ਬਦ ਉੱਤੇ ਆਧਾਰਿਤ ਸਨ ਅਤੇ ਪਵਿੱਤਰ ਆਤਮਾ ਦੇ ਨਿਰਦੇਸ਼ਨ ਦੇ ਅਧੀਨ ਬਣਾਏ ਜਾਂਦੇ ਸਨ।—ਰਸੂਲਾਂ ਦੇ ਕਰਤੱਬ 15:13-17, 28, 29.

ਇਕ ਵਿਸ਼ਵ-ਵਿਆਪੀ ਸੰਗਠਨ ਨੂੰ ਨਿਰਦੇਸ਼ਨ ਕਰਨਾ

15. ਮੱਤੀ 24:14 ਤੇ ਯਿਸੂ ਦੇ ਸ਼ਬਦ ਇਹ ਕਿਉਂ ਦਿਖਾਉਂਦੇ ਹਨ ਕਿ ਅੰਤ ਦੇ ਸਮੇਂ ਦੇ ਦੌਰਾਨ ਧਰਤੀ ਉੱਤੇ ਪਰਮੇਸ਼ੁਰ ਦਾ ਇਕ ਵੱਡਾ ਸੰਗਠਨ ਹੋਵੇਗਾ?

15 ਯਿਸੂ ਮਸੀਹ ਨੇ ਇਸ ਅੰਤ ਦੇ ਸਮੇਂ ਦੇ ਦੌਰਾਨ ਧਰਤੀ ਉੱਤੇ ਪਰਮੇਸ਼ੁਰ ਦੇ ਸੰਗਠਨ ਦੇ ਵਿਸਤਾਰ ਬਾਰੇ ਕੁਝ ਅੰਦਾਜ਼ਾ ਦਿੱਤਾ ਸੀ ਜਦੋਂ ਉਸ ਨੇ ਆਖਿਆ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14, ਟੇਢੇ ਟਾਈਪ ਸਾਡੇ) ਉਸ ਵੱਡੀ ਮਾਤਰਾ ਦੇ ਕੰਮ ਬਾਰੇ ਸੋਚੋ ਜੋ ਧਰਤੀ ਦੇ ਕਈ ਕਰੋੜਾਂ ਲੋਕਾਂ ਨੂੰ ਪਰਮੇਸ਼ੁਰ ਦੇ ਸਥਾਪਿਤ ਰਾਜ ਬਾਰੇ ਦੱਸਣ ਲਈ ਜ਼ਰੂਰੀ ਹੈ। ਕੀ ਇਹ ਵਰਤਮਾਨ ਦਿਨਾਂ ਦਾ ਸੰਗਠਨ, ਜਿਹੜਾ ਅਗਵਾਈ ਅਤੇ ਨਿਰਦੇਸ਼ਨ ਲਈ ਆਪਣੀ ਪ੍ਰਬੰਧਕ ਸਭਾ ਵੱਲ ਦੇਖਦਾ ਹੈ, ਇਹ ਮਹਾਨ ਕੰਮ ਕਰਨ ਲਈ ਸੁਸੱਜਿਤ ਹੈ?

16. (ੳ) ਯਹੋਵਾਹ ਦੇ ਗਵਾਹਾਂ ਨੇ ਅਨੇਕ ਵੱਡੇ ਛਪਾਈ ਕਾਰਖਾਨੇ ਕਿਉਂ ਸਥਾਪਿਤ ਕੀਤੇ ਹਨ? (ਅ) ਇਨ੍ਹਾਂ ਕਾਰਖਾਨਿਆਂ ਵਿਚ ਕੀ ਉਤਪੰਨ ਕੀਤਾ ਜਾਂਦਾ ਹੈ?

16 ਯਹੋਵਾਹ ਦੇ ਗਵਾਹ ਹੁਣ ਸਾਰੀ ਧਰਤੀ ਦੇ 200 ਤੋਂ ਵਧ ਦੇਸ਼ਾਂ ਅਤੇ ਸਮੁੰਦਰਾਂ ਦੇ ਟਾਪੂਆਂ ਵਿਚ ਰਾਜ ਸੰਦੇਸ਼ ਦਾ ਪ੍ਰਚਾਰ ਕਰ ਰਹੇ ਹਨ। (1993 ਵਿਚ) 47,09,889 ਤੋਂ ਜ਼ਿਆਦਾ ਰਾਜ ਪ੍ਰਕਾਸ਼ਕਾਂ ਨੂੰ ਇਹ ਕੰਮ ਪੂਰਾ ਕਰਨ ਦੀ ਸਹਾਇਤਾ ਕਰਨ ਲਈ, ਅਨੇਕ ਦੇਸ਼ਾਂ ਵਿਚ ਵੱਡੇ ਛਪਾਈ ਕਾਰਖਾਨੇ ਸਥਾਪਿਤ ਕੀਤੇ ਗਏ ਹਨ। ਇੱਥੇ ਬਾਈਬਲਾਂ ਅਤੇ ਬਾਈਬਲ ਸਾਹਿਤ ਬਹੁਤ ਵੱਡੀ ਮਾਤਰਾ ਵਿਚ ਉਤਪੰਨ ਕੀਤੇ ਜਾਂਦੇ ਹਨ। ਔਸਤ ਤੌਰ ਤੇ, ਇਨ੍ਹਾਂ ਕਾਰਖਾਨਿਆਂ ਵਿਚ ਹਰੇਕ ਕੰਮ ਵਾਲੇ ਦਿਨ ਤੇ ਵੀਹ ਲੱਖ ਤੋਂ ਉਪਰ ਵਾਚਟਾਵਰ ਅਤੇ ਅਵੇਕ! ਰਸਾਲੇ ਛਾਪੇ ਅਤੇ ਬਾਹਰ ਭੇਜੇ ਜਾਂਦੇ ਹਨ।

17. (ੳ) ਇਹ ਬਾਈਬਲ ਸਾਹਿਤ ਕਿਉਂ ਤਿਆਰ ਕੀਤਾ ਜਾਂਦਾ ਹੈ? (ਅ) ਤੁਹਾਨੂੰ ਕੀ ਕਰਨ ਲਈ ਨਿਮੰਤ੍ਰਣ ਦਿੱਤਾ ਜਾਂਦਾ ਹੈ?

17 ਇਹ ਸਾਰਾ ਬਾਈਬਲ ਸਾਹਿਤ ਵਿਅਕਤੀਆਂ ਨੂੰ ਯਹੋਵਾਹ ਦੇ ਸ਼ਾਨਦਾਰ ਮਕਸਦਾਂ ਦੇ ਗਿਆਨ ਵਿਚ ਵਧਣ ਦੀ ਸਹਾਇਤਾ ਲਈ ਤਿਆਰ ਕੀਤਾ ਜਾਂਦਾ ਹੈ। ਅਸਲ ਵਿਚ, ਇਹ ਸ਼ਬਦ “ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ” ਦ ਵਾਚਟਾਵਰ ਰਸਾਲੇ ਦੇ ਸਿਰਲੇਖ ਦਾ ਹਿੱਸਾ ਹਨ। ਤੁਹਾਨੂੰ ਇਹ ਬਾਈਬਲ ਸਾਹਿਤ ਵਿਤਰਣ ਕਰਨ ਅਤੇ ਦੂਸਰਿਆਂ ਨੂੰ ਇਸ ਵਿਚ ਪਾਈਆਂ ਜਾਂਦੀਆਂ ਬਾਈਬਲ ਸੱਚਾਈਆਂ ਸਮਝਾਉਣ ਲਈ ਨਿਮੰਤ੍ਰਣ ਦਿੱਤਾ ਜਾਂਦਾ ਹੈ। ਮਿਸਾਲ ਲਈ, ਕੀ ਕੋਈ ਐਸਾ ਵਿਅਕਤੀ ਹੈ ਜਿਸ ਨੂੰ ਤੁਸੀਂ ਇਹ ਅਤਿ ਆਵਸ਼ੱਕ ਜਾਣਕਾਰੀ ਦੇ ਸਕਦੇ ਹੋ ਜੋ ਤੁਸੀਂ ਇਸ ਕਿਤਾਬ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਤੋਂ ਸਿੱਖੀ ਹੈ?

18. (ੳ) ਪਰਮੇਸ਼ੁਰ ਦਾ ਸੰਗਠਨ ਅੱਜ ਕਿਸ ਤਰ੍ਹਾਂ ਦਾ ਸੰਗਠਨ ਹੈ? (ਅ) ਪਰਮੇਸ਼ੁਰ ਦੇ ਲੋਕਾਂ ਨੂੰ ਹੁਣ ਜ਼ਿਆਦਾ ਹੌਸਲਾ-ਅਫ਼ਜ਼ਾਈ ਦੀ ਲੋੜ ਕਿਉਂ ਹੈ?

18 ਜਿਵੇਂ ਪਹਿਲੀ ਸਦੀ ਵਿਚ ਸੀ, ਅੱਜ ਵੀ ਪਰਮੇਸ਼ੁਰ ਦਾ ਸੰਗਠਨ ਸਮਰਪਿਤ ਅਤੇ ਬਪਤਿਸਮਾ ਪ੍ਰਾਪਤ ਰਾਜ ਪ੍ਰਚਾਰਕਾਂ ਦਾ ਸੰਗਠਨ ਹੈ। ਅਤੇ ਇਹ ਉਸ ਦੇ ਸਾਰੇ ਸਦੱਸਾਂ ਨੂੰ ਇਸ ਪ੍ਰਚਾਰ ਦੀ ਕ੍ਰਿਆ ਵਿਚ ਹਿੱਸਾ ਲੈਣ ਲਈ ਸਹਾਇਤਾ ਦੇਣ ਵਾਸਤੇ ਸਥਾਪਿਤ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਨੂੰ ਬਹੁਤ ਜ਼ਿਆਦਾ ਹੌਸਲਾ-ਅਫ਼ਜ਼ਾਈ ਅਤੇ ਅਧਿਆਤਮਿਕ ਮਜ਼ਬੂਤੀ ਦੀ ਜ਼ਰੂਰਤ ਹੈ, ਕਿਉਂਕਿ ਸ਼ਤਾਨ ਅਤੇ ਜਿਨ੍ਹਾਂ ਉਪਰ ਉਹ ਪ੍ਰਭਾਵ ਪਾ ਸਕਦਾ ਹੈ ਉਸ ਰਾਜ ਸੰਦੇਸ਼ ਦਾ ਵਿਰੋਧ ਕਰਦੇ ਹਨ। ਅਜਿਹੇ ਵਿਰੋਧ ਕਰਨ ਵਾਲਿਆਂ ਨੇ ਯਿਸੂ ਨੂੰ ਇਸ ਬਾਰੇ ਪ੍ਰਚਾਰ ਕਰਨ ਵਾਸਤੇ ਮਰਵਾਇਆ ਸੀ, ਅਤੇ ਬਾਈਬਲ ਚੇਤਾਵਨੀ ਦਿੰਦੀ ਹੈ ਕਿ ਉਸ ਦੇ ਅਨੁਯਾਈਆਂ ਨੂੰ ਵੀ ਸਤਾਇਆ ਜਾਵੇਗਾ।—ਯੂਹੰਨਾ 15:19, 20; 2 ਤਿਮੋਥਿਉਸ 3:12.

19. (ੳ) ਪਰਮੇਸ਼ੁਰ ਦੇ ਲੋਕਾਂ ਨੂੰ ਮਦਦ ਦੇਣ ਅਤੇ ਮਜ਼ਬੂਤ ਕਰਨ ਲਈ ਹੁਣ ਕਿਨ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ? (ਅ) ਕਲੀਸਿਯਾ ਕਿਸ ਤਰ੍ਹਾਂ ਉਨ੍ਹਾਂ ਬੁਰੇ ਪ੍ਰਭਾਵਾਂ ਤੋਂ ਸੁਰੱਖਿਅਤ ਰੱਖੀ ਜਾਂਦੀ ਹੈ ਜਿਹੜੇ ਇਸ ਨੂੰ ਭ੍ਰਿਸ਼ਟ ਕਰ ਸਕਦੇ ਹਨ?

19 ਜਿਵੇਂ ਪਹਿਲੀ ਸਦੀ ਵਿਚ ਸੀ ਉਵੇਂ ਹੀ ਅੱਜਕਲ੍ਹ ‘ਬਜ਼ੁਰਗਾਂ,’ ਯਾ ਨਿਗਾਹਬਾਨਾਂ ਨੂੰ ਹਰੇਕ ਕਲੀਸਿਯਾ ਦੀ ਸਹਾਇਤਾ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ। ਉਹ ਤੁਹਾਨੂੰ ਵੀ ਬਾਈਬਲ ਸਲਾਹ ਦੇ ਨਾਲ ਵਿਭਿੰਨ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਸਹਾਇਤਾ ਕਰ ਸਕਦੇ ਹਨ। ਇਹ ਬਜ਼ੁਰਗ ‘ਪਰਮੇਸ਼ੁਰ ਦੇ ਇੱਜੜ’ ਦੀ ਰੱਖਿਆ ਵੀ ਕਰਦੇ ਹਨ। ਇਸ ਕਰਕੇ, ਅਗਰ ਕਲੀਸਿਯਾ ਦਾ ਇਕ ਸਦੱਸ ਜੀਵਨ ਦੇ ਕਿਸੇ ਬੁਰੇ ਕੰਮ ਵੱਲ ਮੁੜ ਪਵੇ ਅਤੇ ਬਦਲਣ ਨੂੰ ਇਨਕਾਰ ਕਰੇ, ਤਾਂ “ਬਜ਼ੁਰਗ” ਇਸ ਗੱਲ ਦੀ ਨਿਗਰਾਨੀ ਕਰਦੇ ਹਨ ਕਿ ਅਜਿਹਾ ਵਿਅਕਤੀ ਕਲੀਸਿਯਾ ਵਿਚੋਂ ਬਾਹਰ ਕੱਢਿਆ ਜਾਵੇ, ਯਾ ਛੇਕਿਆ ਜਾਵੇ। ਇਹ ਕਰਨ ਨਾਲ ਇਕ ਸਿਹਤਮੰਦ ਕਲੀਸਿਯਾ ਕਾਇਮ ਰਹਿੰਦੀ ਹੈ।—ਤੀਤੁਸ 1:5; 1 ਪਤਰਸ 5:1-3; ਯਸਾਯਾਹ 32:1, 2; 1 ਕੁਰਿੰਥੀਆਂ 5:13.

20. (ੳ) ਪਹਿਲੀ ਸਦੀ ਵਿਚ ਯਰੂਸ਼ਲਮ ਦੀ ਪ੍ਰਬੰਧਕ ਸਭਾ ਰਾਹੀਂ ਕੌਣ ਭੇਜੇ ਗਏ ਸਨ ਅਤੇ ਕਿਸ ਕਾਰਨ ਲਈ? (ਅ) ਪ੍ਰਬੰਧਕ ਸਭਾ ਰਾਹੀਂ ਅੱਜ ਕੌਣ ਭੇਜੇ ਜਾਂਦੇ ਹਨ?

20 ਜਿਵੇਂ ਯਰੂਸ਼ਲਮ ਵਿਚ ਪ੍ਰਬੰਧਕ ਸਭਾ ਪਰਮੇਸ਼ੁਰ ਦੇ ਲੋਕਾਂ ਨੂੰ ਹਿਦਾਇਤਾਂ ਅਤੇ ਉਤਸ਼ਾਹ ਦੇਣ ਵਾਸਤੇ ਪੌਲੁਸ ਅਤੇ ਸੀਲਾਸ ਵਰਗੇ ਖ਼ਾਸ ਪ੍ਰਤੀਨਿਧਾਂ ਨੂੰ ਬਾਹਰ ਭੇਜਦੀ ਸੀ, ਇਸ ਅੰਤ ਦੇ ਸਮੇਂ ਵਿਚ ਅੱਜ ਦੀ ਪ੍ਰਬੰਧਕ ਸਭਾ ਵੀ ਇਸੇ ਹੀ ਤਰ੍ਹਾਂ ਕਰਦੀ ਹੈ। (ਰਸੂਲਾਂ ਦੇ ਕਰਤੱਬ 15:24-27, 30-32) ਸਾਲ ਵਿਚ ਤਕਰੀਬਨ ਦੋ ਵਾਰ ਇਕ ਤਜਰਬੇਕਾਰ ਸੇਵਕ, ਜਿਸ ਨੂੰ ਸਰਕਟ ਨਿਗਾਹਬਾਨ ਆਖਿਆ ਜਾਂਦਾ ਹੈ, ਆਪਣੇ ਸਰਕਟ ਵਿਚ ਹਰੇਕ ਕਲੀਸਿਯਾ ਨਾਲ ਇਕ ਹਫ਼ਤਾ ਬਤੀਤ ਕਰਨ ਲਈ ਭੇਜਿਆ ਜਾਂਦਾ ਹੈ।

21. ਸਰਕਟ ਨਿਗਾਹਬਾਨ ਪਰਮੇਸ਼ੁਰ ਦੇ ਲੋਕਾਂ ਦੀਆਂ ਕਲੀਸਿਯਾਵਾਂ ਦੀ ਕਿਸ ਤਰ੍ਹਾਂ ਮਦਦ ਕਰਦਾ ਹੈ?

21 ਸਾਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਦੀਆਂ 73,070 ਤੋਂ ਜ਼ਿਆਦਾ ਕਲੀਸਿਯਾਵਾਂ ਹਨ, ਅਤੇ ਇਹ ਸਰਕਟਾਂ ਵਿਚ ਵੰਡੀਆਂ ਜਾਂਦੀਆਂ ਹਨ ਅਤੇ ਹਰੇਕ ਸਰਕਟ ਵਿਚ ਤਕਰੀਬਨ 20 ਕਲੀਸਿਯਾਵਾਂ ਹੁੰਦੀਆਂ ਹਨ। ਜਦੋਂ ਉਹ ਆਪਣੇ ਸਰਕਟ ਵਿਚ ਕਲੀਸਿਯਾਵਾਂ ਨੂੰ ਮਿਲਣ ਜਾਂਦਾ ਹੈ, ਤਦ ਸਰਕਟ ਨਿਗਾਹਬਾਨ ਰਾਜ ਗਵਾਹਾਂ ਦੇ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਉਨ੍ਹਾਂ ਦੇ ਨਾਲ ਜਾ ਕੇ ਉਨ੍ਹਾਂ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੂੰ ਇਸ ਤਰੀਕੇ ਨਾਲ ਉਤੇਜਿਤ ਕਰਨ ਦੇ ਇਲਾਵਾ, ਉਹ ਉਨ੍ਹਾਂ ਨੂੰ ਆਪਣੀ ਸੇਵਕਾਈ ਬਿਹਤਰ ਕਰਨ ਲਈ ਸੁਝਾਵਾਂ ਵੀ ਦਿੰਦਾ ਹੈ।—ਰਸੂਲਾਂ ਦੇ ਕਰਤੱਬ 20:20, 21.

22. (ੳ) ਪਰਮੇਸ਼ੁਰ ਦੇ ਲੋਕਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਲ ਵਿਚ ਦੋ ਵਾਰੀ ਹੋਰ ਕੀ ਪ੍ਰਬੰਧ ਕੀਤਾ ਜਾਂਦਾ ਹੈ? (ਅ) ਤੁਹਾਨੂੰ ਕੀ ਨਿਮੰਤ੍ਰਣ ਦਿੱਤਾ ਜਾਂਦਾ ਹੈ?

22 ਹੋਰ ਉਤਸ਼ਾਹ ਅਤੇ ਮਜ਼ਬੂਤੀ ਲਈ, ਆਮ ਤੌਰ ਤੇ ਸਾਲ ਵਿਚ ਦੋ ਵਾਰ, ਹਰੇਕ ਸਰਕਟ ਦੀਆਂ ਕਲੀਸਿਯਾਵਾਂ ਇਕ- ਯਾ ਦੋ-ਦਿਨ ਦੇ ਸੰਮੇਲਨ ਲਈ ਇਕੱਠੀਆਂ ਹੁੰਦੀਆਂ ਹਨ। ਇਨ੍ਹਾਂ ਅਵਸਰਾਂ ਤੇ ਕੁਝ ਦੋ ਯਾ ਤਿੰਨ ਸੌ ਤੋਂ ਲੈ ਕੇ 2,000 ਯਾ ਉਸ ਤੋਂ ਵੀ ਜ਼ਿਆਦਾ ਵਿਅਕਤੀ ਹਾਜ਼ਰ ਹੋ ਸਕਦੇ ਹਨ। ਤੁਹਾਨੂੰ ਤੁਹਾਡੇ ਇਲਾਕੇ ਵਿਚ ਅਗਲੇ ਸੰਮੇਲਨ ਤੇ ਹਾਜ਼ਰ ਹੋਣ ਲਈ ਨਿਮੰਤ੍ਰਣ ਦਿੱਤਾ ਜਾਂਦਾ ਹੈ। ਅਸੀਂ ਨਿਸ਼ਚਿਤ ਮਹਿਸੂਸ ਕਰਦੇ ਹਾਂ ਕਿ ਉਹ ਸੰਮੇਲਨ ਤੁਹਾਨੂੰ ਅਧਿਆਤਮਿਕ ਤਾਜ਼ਗੀ ਅਤੇ ਨਿੱਜੀ ਤੌਰ ਤੇ ਲਾਭ ਦੇਵੇਗਾ।

23. (ੳ) ਹੋਰ ਕਿਹੜੇ ਇਕੱਠ ਸਾਲ ਵਿਚ ਇਕ ਵਾਰ ਹੁੰਦੇ ਹਨ? (ਅ) ਇਨ੍ਹਾਂ ਮਹਾਂ-ਸੰਮੇਲਨਾਂ ਵਿਚੋਂ ਇਕ ਸੰਮੇਲਨ ਕਿੰਨਾ ਵੱਡਾ ਸੀ?

23 ਫਿਰ, ਸ਼ਾਇਦ ਸਾਲ ਵਿਚ ਇਕ ਵਾਰ, ਕੁਝ ਦਿਨਾਂ ਲਈ ਇਕ ਜ਼ਿਆਦਾ ਵੱਡੇ ਇਕੱਠ ਦਾ ਪ੍ਰਬੰਧ ਕੀਤਾ ਜਾਵੇ, ਜਿਸ ਨੂੰ ਜ਼ਿਲ੍ਹਾ ਮਹਾਂ ਸੰਮੇਲਨ ਆਖਿਆ ਜਾਂਦਾ ਹੈ। ਕਿਉਂ ਨਾ ਇੱਥੇ ਹਾਜ਼ਰ ਹੋਣ ਲਈ ਵਾਸਤਵਿਕ ਯਤਨ ਕਰੋ ਅਤੇ ਆਪਣੇ ਆਪ ਵਾਸਤੇ ਇਹ ਦੇਖੋ ਕਿ ਅਜਿਹਾ ਸੰਮੇਲਨ ਕਿੰਨਾ ਆਨੰਦਦਾਇਕ ਹੋ ਸਕਦਾ ਹੈ ਅਤੇ ਅਧਿਆਤਮਿਕ ਪ੍ਰਤਿਫਲ ਦੇ ਸਕਦਾ ਹੈ? ਕਈ ਸਾਲ, ਜ਼ਿਲ੍ਹਾ ਮਹਾਂ ਸੰਮੇਲਨ ਦੀ ਬਜਾਇ, ਇਨ੍ਹਾਂ ਤੋਂ ਵੱਡੇ ਰਾਸ਼ਟਰੀ ਯਾ ਅੰਤਰਰਾਸ਼ਟਰੀ ਮਹਾਂ ਸੰਮੇਲਨ ਵੀ ਹੋਏ ਹਨ। ਇਕ ਜਗ੍ਹਾ ਵਿਚ ਸਭ ਤੋਂ ਵੱਡਾ ਸੰਮੇਲਨ 1958 ਵਿਚ ਅੱਠਾਂ ਦਿਨਾਂ ਲਈ ਨਿਊ ਯੌਰਕ ਸਿਟੀ ਦੇ ਯੈਂਕੀ ਸਟੇਡੀਅਮ ਅਤੇ ਪੋਲੋ ਗ੍ਰਾਉਂਡਜ਼ ਵਿਚ ਹੋਇਆ ਸੀ। ਉਸ ਅਵਸਰ ਤੇ “ਪਰਮੇਸ਼ੁਰ ਦਾ ਰਾਜ ਸ਼ਾਸਨ ਕਰਦਾ ਹੈ—ਕੀ ਸੰਸਾਰ ਦਾ ਅੰਤ ਨਜ਼ਦੀਕ ਹੈ?” ਨਾਮਕ ਪਬਲਿਕ ਭਾਸ਼ਣ ਲਈ 2,53,922 ਵਿਅਕਤੀ ਹਾਜ਼ਰ ਸਨ। ਉਦੋਂ ਤੋਂ ਲੈ ਕੇ ਕੋਈ ਵੀ ਜਗ੍ਹਾ ਇੰਨੀ ਵੱਡੀ ਨਹੀਂ ਹੈ ਜੋ ਅਜਿਹੀ ਵੱਡੀ ਭੀੜ ਨੂੰ ਸੰਭਾਲ ਸਕੇ, ਇਸ ਕਰਕੇ ਵੱਡੇ ਸੰਮੇਲਨਾਂ ਦੇ ਇਸਤੇਮਾਲ ਲਈ ਅਨੇਕ ਮੁੱਖ ਸ਼ਹਿਰਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਕਲੀਸਿਯਾਵਾਂ ਵਿਚ ਸਭਾਵਾਂ

24. ਪਰਮੇਸ਼ੁਰ ਦੇ ਲੋਕਾਂ ਦੀਆਂ ਕਲੀਸਿਯਾਵਾਂ ਦੁਆਰਾ ਕਿਹੜੀਆਂ ਪੰਜ ਹਫ਼ਤੇਵਾਰ ਸਭਾਵਾਂ ਸੰਚਾਲਨ ਕੀਤੀਆਂ ਜਾਂਦੀਆਂ ਹਨ?

24 ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਬਾਈਬਲ ਹਿਦਾਇਤਾਂ ਦੇ ਇਕਰੂਪ ਪ੍ਰੋਗ੍ਰਾਮ ਦਾ ਪ੍ਰਬੰਧ ਵੀ ਕਰਦੀ ਹੈ ਜਿਹੜਾ ਯਹੋਵਾਹ ਦੇ ਲੋਕਾਂ ਦੀਆਂ ਸਾਰੀਆਂ ਕਲੀਸਿਯਾਵਾਂ ਵਿਚ ਸੰਚਾਲਨ ਕੀਤਾ ਜਾਂਦਾ ਹੈ। ਹਰੇਕ ਕਲੀਸਿਯਾ ਵਿਚ ਹਫ਼ਤੇ ਵਿਚ ਪੰਜ ਸਭਾਵਾਂ ਹੁੰਦੀਆਂ ਹਨ। ਇਹ ਦੈਵ-ਸ਼ਾਸਕੀ ਸੇਵਕਾਈ ਸਕੂਲ, ਸੇਵਾ ਸਭਾ, ਪਬਲਿਕ ਸਭਾ, ਵਾਚਟਾਵਰ ਅਧਿਐਨ ਅਤੇ ਕਲੀਸਿਯਾ ਪੁਸਤਕ ਅਧਿਐਨ ਹਨ। ਕਿਉਂਕਿ ਤੁਸੀਂ ਸ਼ਾਇਦ ਇਨ੍ਹਾਂ ਸਭਾਵਾਂ ਦੇ ਨਾਲ ਹਾਲੇ ਪਰਿਚਿਤ ਨਾ ਹੋਵੋ, ਅਸੀਂ ਇਨ੍ਹਾਂ ਦਾ ਸੰਖੇਪ ਵਿਚ ਵਰਣਨ ਕਰਾਂਗੇ।

25, 26. ਦੈਵ-ਸ਼ਾਸਕੀ ਸੇਵਕਾਈ ਸਕੂਲ ਅਤੇ ਸੇਵਾ ਸਭਾ ਦਾ ਕੀ ਮਕਸਦ ਹੈ?

25 ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਦਿਆਰਥੀਆਂ ਨੂੰ ਦੂਸਰਿਆਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਕਰਨ ਵਿਚ ਜ਼ਿਆਦਾ ਪ੍ਰਭਾਵਕ ਹੋਣ ਲਈ ਸਹਾਇਤਾ ਦੇਣ ਵਾਸਤੇ ਬਣਾਇਆ ਗਿਆ ਹੈ। ਸਮੇਂ-ਸਮੇਂ ਤੇ, ਦਰਜ ਹੋਏ ਵਿਅਕਤੀ ਸਾਰੇ ਸਮੂਹ ਨੂੰ ਬਾਈਬਲ ਵਿਸ਼ਿਆਂ ਤੇ ਛੋਟੇ ਭਾਸ਼ਣ ਦਿੰਦੇ ਹਨ। ਫਿਰ ਇਕ ਤਜਰਬੇਕਾਰ ਬਜ਼ੁਰਗ ਬਿਹਤਰੀ ਕਰਨ ਲਈ ਸੁਝਾਵਾਂ ਦਿੰਦਾ ਹੈ।

26 ਆਮ ਤੌਰ ਤੇ ਉਸੇ ਹੀ ਸ਼ਾਮ ਨੂੰ ਇਕ ਸੇਵਾ ਸਭਾ ਵੀ ਸੰਚਾਲਨ ਕੀਤੀ ਜਾਂਦੀ ਹੈ। ਇਸ ਸਭਾ ਦੀ ਰੂਪ-ਰੇਖਾ ਆਵਰ ਕਿੰਗਡਮ ਮਿਨਿਸਟ੍ਰੀ ਵਿਚ ਪ੍ਰਕਾਸ਼ਿਤ ਕੀਤੀ ਜਾਂਦੀ ਹੈ, ਜਿਹੜੀ ਪ੍ਰਬੰਧਕ ਸਭਾ ਦੁਆਰਾ ਸੰਪਾਦਿਤ ਦੋ ਯਾ ਹੋਰ ਸਫ਼ਿਆਂ ਦੀ ਇਕ ਮਾਸਿਕ ਪ੍ਰਕਾਸ਼ਨ ਹੈ। ਇਸ ਸਭਾ ਦੇ ਦੌਰਾਨ ਦੂਸਰਿਆਂ ਦੇ ਨਾਲ ਰਾਜ ਸੰਦੇਸ਼ ਦੇ ਬਾਰੇ ਪ੍ਰਭਾਵਕ ਤਰੀਕਿਆਂ ਨਾਲ ਗੱਲਾਂ ਕਰਨ ਲਈ ਵਿਹਾਰਕ ਸੁਝਾਵਾਂ ਅਤੇ ਪ੍ਰਦਰਸ਼ਨ ਪੇਸ਼ ਕੀਤੇ ਜਾਂਦੇ ਹਨ। ਇਸੇ ਹੀ ਤਰੀਕੇ ਨਾਲ, ਮਸੀਹ ਨੇ ਆਪਣੇ ਅਨੁਯਾਈਆਂ ਨੂੰ ਹੌਸਲਾ ਦਿੱਤਾ ਅਤੇ ਹਿਦਾਇਤਾਂ ਦਿੱਤੀਆਂ ਕਿ ਉਹ ਆਪਣੀ ਸੇਵਕਾਈ ਕਿਸ ਤਰ੍ਹਾਂ ਪੂਰੀ ਕਰਨ।—ਯੂਹੰਨਾ 21:15-17; ਮੱਤੀ 10:5-14.

27, 28. ਪਬਲਿਕ ਸਭਾ, ਵਾਚਟਾਵਰ ਅਧਿਐਨ ਅਤੇ ਕਲੀਸਿਯਾ ਪੁਸਤਕ ਅਧਿਐਨ ਕਿਸ ਤਰ੍ਹਾਂ ਦੀਆਂ ਸਭਾਵਾਂ ਹਨ?

27 ਪਬਲਿਕ ਸਭਾ ਅਤੇ ਨਾਲ ਹੀ ਵਾਚਟਾਵਰ ਅਧਿਐਨ ਆਮ ਤੌਰ ਤੇ ਐਤਵਾਰ ਨੂੰ ਸੰਚਾਲਨ ਕੀਤੇ ਜਾਂਦੇ ਹਨ। ਦਿਲਚਸਪੀ ਲੈਣ ਵਾਲੇ ਨਵੇਂ ਵਿਅਕਤੀਆਂ ਨੂੰ ਪਬਲਿਕ ਸਭਾ ਲਈ, ਜੋ ਇਕ ਕਾਬਲ ਸੇਵਕ ਦੁਆਰਾ ਦਿੱਤਾ ਗਿਆ ਇਕ ਬਾਈਬਲ ਭਾਸ਼ਣ ਹੁੰਦਾ ਹੈ, ਨਿਮੰਤ੍ਰਣ ਦੇਣ ਲਈ ਖ਼ਾਸ ਯਤਨ ਕੀਤੇ ਜਾਂਦੇ ਹਨ। ਵਾਚਟਾਵਰ ਅਧਿਐਨ ਵਾਚਟਾਵਰ ਰਸਾਲੇ ਦੇ ਹਾਲ ਦੇ ਇਕ ਅੰਕ ਵਿਚੋਂ ਪੇਸ਼ ਕੀਤੇ ਹੋਏ ਇਕ ਬਾਈਬਲ ਲੇਖ ਦਾ ਸਵਾਲ-ਅਤੇ-ਜਵਾਬ ਚਰਚਾ ਹੈ।

28 ਜਦ ਕਿ ਸਾਰੀ ਕਲੀਸਿਯਾ ਸ਼ਾਇਦ ਉਨ੍ਹਾਂ ਸਭਾਵਾਂ ਲਈ ਜਿਹੜੀਆਂ ਉਪਰ ਦੱਸੀਆਂ ਗਈਆਂ ਹਨ, ਰਾਜ ਗ੍ਰਹਿ ਵਿਚ ਇਕੱਠੀ ਮਿਲੇ, ਛੋਟੇ ਸਮੂਹ ਹਫ਼ਤੇਵਾਰ ਕਲੀਸਿਯਾ ਪੁਸਤਕ ਅਧਿਐਨ ਲਈ ਨਿੱਜੀ ਘਰਾਂ ਵਿਚ ਇਕੱਠੇ ਹੁੰਦੇ ਹਨ। ਉਸ ਬਾਈਬਲ ਚਰਚੇ ਦੇ ਆਧਾਰ ਦੇ ਤੌਰ ਤੇ, ਜਿਹੜਾ ਇਕ ਘੰਟੇ ਲਈ ਜਾਰੀ ਰਹਿ ਸਕਦਾ ਹੈ, ਇਕ ਬਾਈਬਲ ਅਧਿਐਨ ਮਦਦਗਾਰ, ਜਿਵੇਂ ਕਿ ਅਜਿਹੀ ਕਿਤਾਬ ਜਿਹੜੀ ਤੁਸੀਂ ਪੜ੍ਹ ਰਹੇ ਹੋ, ਇਸਤੇਮਾਲ ਕੀਤੀ ਜਾਂਦੀ ਹੈ।

29. (ੳ) ਸੱਚੇ ਮਸੀਹੀ ਕਿਹੜੇ ਸਮਾਰਕ ਨੂੰ ਹਰ ਸਾਲ ਮਨਾਉਂਦੇ ਹਨ? (ਅ) ਕੌਣ ਉਚਿਤ ਤੌਰ ਤੇ ਰੋਟੀ ਅਤੇ ਦਾਖ ਰਸ ਲੈਂਦੇ ਹਨ?

29 ਇਨ੍ਹਾਂ ਬਾਕਾਇਦਾ ਸਭਾਵਾਂ ਤੋਂ ਅਤਿਰਿਕਤ, ਯਹੋਵਾਹ ਦੇ ਗਵਾਹ ਹਰ ਸਾਲ ਯਿਸੂ ਦੀ ਮੌਤ ਦੀ ਬਰਸੀ ਤੇ ਇਕ ਖ਼ਾਸ ਸਭਾ ਸੰਚਾਲਨ ਕਰਦੇ ਹਨ। ਆਪਣੀ ਮੌਤ ਦੇ ਇਸ ਸਮਾਰਕ ਲਈ ਪਹਿਲੀ ਵਾਰ ਪ੍ਰਬੰਧ ਕਰਨ ਦੇ ਸਮੇਂ, ਯਿਸੂ ਨੇ ਆਖਿਆ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19, 20) ਇਕ ਸਾਦੀ ਰਸਮ ਦੇ ਦੌਰਾਨ ਯਿਸੂ ਨੇ ਉਸ ਜੀਵਨ ਦੇ ਲਈ ਜਿਹੜਾ ਉਹ ਮਨੁੱਖਜਾਤੀ ਲਈ ਬਲੀਦਾਨ ਕਰਨ ਵਾਲਾ ਸੀ, ਦਾਖ ਰਸ ਅਤੇ ਬੇਖ਼ਮੀਰੀ ਰੋਟੀ ਪ੍ਰਤੀਕ ਦੇ ਤੌਰ ਤੇ ਇਸਤੇਮਾਲ ਕੀਤੇ। ਤਾਂ ਫਿਰ ਇਸ ਸਾਲਾਨਾ ਸਮਾਰਕ ਭੋਜਨ ਤੇ ਮਸੀਹ ਦੇ ਮਸਹ ਕੀਤੇ ਹੋਏ 1,44,000 ਵਿਚੋਂ ਬਾਕੀ ਦੇ ਧਰਤੀ ਉੱਤੇ ਰਹਿੰਦੇ ਅਨੁਯਾਈ ਇਹ ਰੋਟੀ ਅਤੇ ਦਾਖ ਰਸ ਲੈ ਕੇ ਆਪਣੀ ਸਵਰਗੀ ਉਮੀਦ ਸਾਰਿਆਂ ਸਾਮ੍ਹਣੇ ਪ੍ਰਗਟ ਕਰਦੇ ਹਨ।

30. (ੳ) ਉਚਿਤ ਤੌਰ ਤੇ ਹੋਰ ਕੌਣ ਸਮਾਰਕ ਤੇ ਹਾਜ਼ਰ ਹੁੰਦੇ ਹਨ, ਅਤੇ ਉਨ੍ਹਾਂ ਦਾ ਕੀ ਭਵਿੱਖ ਹੈ? (ਅ) ਯਿਸੂ ਅਜਿਹੇ ਵਿਅਕਤੀਆਂ ਦਾ ਕਿਵੇਂ ਵਰਣਨ ਕਰਦਾ ਹੈ?

30 ਲੱਖਾਂ ਹੀ ਹੋਰ ਜੋ ਸਾਰੀ ਧਰਤੀ ਦੇ ਰਾਜ ਗ੍ਰਹਿ ਵਿਚ ਇਹ ਸਮਾਰਕ ਤੇ ਹਾਜ਼ਰ ਹੁੰਦੇ ਹਨ ਦਰਸ਼ਕ ਹੋਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਵੀ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੇ ਉਨ੍ਹਾਂ ਲਈ ਪਾਪ ਅਤੇ ਮੌਤ ਤੋਂ ਛੁਟਕਾਰਾ ਸੰਭਵ ਕਰਨ ਵਾਸਤੇ ਕੀ ਕੀਤਾ ਸੀ। ਲੇਕਨ ਸਵਰਗੀ ਜੀਵਨ ਦੀ ਉਮੀਦ ਰੱਖਣ ਦੀ ਬਜਾਇ, ਉਹ ਇਸ ਧਰਤੀ ਉੱਤੇ ਪਰਾਦੀਸ ਵਿਚ ਸਦਾ ਲਈ ਜੀਵਨ ਬਤੀਤ ਕਰਨ ਦੇ ਭਵਿੱਖ ਤੇ ਖੁਸ਼ ਹੁੰਦੇ ਹਨ। ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਵਾਂਗ ਹਨ, ਜਿਹ ਨੇ ਆਪਣੇ ਆਪ ਨੂੰ, ਮਸੀਹ ਦੀ 1,44,000 ਸਦੱਸਾਂ ਦੀ ਸੰਯੁਕਤ ਲਾੜੀ ਦਾ ਹਿੱਸਾ ਹੋਣ ਦੀ ਬਜਾਇ, “ਲਾੜੇ ਦਾ ਮਿੱਤਰ” ਜ਼ਿਕਰ ਕੀਤਾ ਸੀ। (ਯੂਹੰਨਾ 3:29) ਇਹ ਲੱਖਾਂ ਹੀ ਵਿਅਕਤੀ ਉਨ੍ਹਾਂ “ਹੋਰ . . . ਭੇਡਾਂ” ਦਾ ਹਿੱਸਾ ਹਨ ਜਿਨ੍ਹਾਂ ਬਾਰੇ ਯਿਸੂ ਨੇ ਜ਼ਿਕਰ ਕੀਤਾ ਸੀ। ਉਹ “ਛੋਟੇ ਝੁੰਡ” ਦੇ ਸਦੱਸ ਨਹੀਂ ਹਨ। ਪਰ ਫਿਰ ਵੀ, ਜਿਵੇਂ ਯਿਸੂ ਨੇ ਆਖਿਆ ਸੀ, ਉਹ ਉਨ੍ਹਾਂ “ਛੋਟੇ ਝੁੰਡ” ਦਿਆਂ ਵਿਅਕਤੀਆਂ ਦੇ ਨਾਲ ਏਕਤਾ ਵਿਚ ਸੇਵਾ ਕਰਦੇ ਹਨ, ਤਾਂਕਿ ਸਾਰੇ “ਇੱਕੋ ਇੱਜੜ” ਬਣਨ।—ਯੂਹੰਨਾ 10:16; ਲੂਕਾ 12:32.

ਉਸ ਦੇ ਸੰਗਠਨ ਨਾਲ ਪਰਮੇਸ਼ੁਰ ਦੀ ਸੇਵਾ ਕਰਨਾ

31. ਕੀ ਸਬੂਤ ਹੈ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਵੀਕਾਰ ਨਹੀਂ ਕਰਦਾ ਹੈ ਜਿਹੜੇ ਝੂਠੇ ਧਰਮ ਨਾਲ ਸੰਬੰਧ ਰੱਖਦੇ ਹਨ ਅਤੇ ਨਾਲੋਂ ਨਾਲ ਉਸ ਦੇ ਸੰਗਠਨ ਦਾ ਵੀ ਹਿੱਸਾ ਬਣਨ ਦੀ ਕੋਸ਼ਿਸ਼ ਕਰਦੇ ਹਨ?

31 ਇਹ ਕਿੰਨਾ ਸਪੱਸ਼ਟ ਹੈ ਕਿ ਜਿਵੇਂ ਬੀਤਿਆਂ ਸਮਿਆਂ ਵਿਚ, ਉਵੇਂ ਹੀ ਅੱਜ ਯਹੋਵਾਹ ਪਰਮੇਸ਼ੁਰ ਦਾ ਇਕ ਦ੍ਰਿਸ਼ਟ ਸੰਗਠਨ ਹੈ! ਉਹ ਇਹ ਨੂੰ ਲੋਕਾਂ ਨੂੰ ਉਸ ਦੀ ਧਾਰਮਿਕ ਨਵੀਂ ਵਿਵਸਥਾ ਵਿਚ ਜੀਵਨ ਲਈ ਸਿੱਖਿਆ ਦੇਣ ਵਾਸਤੇ ਹੁਣ ਇਸਤੇਮਾਲ ਕਰ ਰਿਹਾ ਹੈ। ਪਰ ਫਿਰ, ਅਸੀਂ ਪਰਮੇਸ਼ੁਰ ਦੇ ਸੰਗਠਨ ਦਾ ਹਿੱਸਾ ਅਤੇ, ਨਾਲ ਹੀ ਝੂਠੇ ਧਰਮ ਦਾ ਹਿੱਸਾ ਨਹੀਂ ਹੋ ਸਕਦੇ ਹਾਂ। ਪਰਮੇਸ਼ੁਰ ਦਾ ਸ਼ਬਦ ਆਖਦਾ ਹੈ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਯਾ ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ? . . . ਅਥਵਾ ਪਰਤੀਤਵਾਨ ਦਾ ਬੇਪਰਤੀਤੇ ਨਾਲ ਕੀ ਹਿੱਸਾ ਹੈ?” ਇਸ ਲਈ ਪਰਮੇਸ਼ੁਰ ਹੁਕਮ ਦਿੰਦਾ ਹੈ: “ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ।”—2 ਕੁਰਿੰਥੀਆਂ 6:14-17.

32. (ੳ) ਅਗਰ ਸਾਨੂੰ “ਉਨ੍ਹਾਂ ਵਿੱਚੋਂ ਨਿੱਕਲ” ਆਉਣਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) ਅਸੀਂ ਕੀ ਬਰਕਤ ਪ੍ਰਾਪਤ ਕਰਾਂਗੇ ਅਗਰ ਅਸੀਂ ਪਰਮੇਸ਼ੁਰ ਦੇ ਦ੍ਰਿਸ਼ਟ ਦੈਵ-ਸ਼ਾਸਕੀ ਸੰਗਠਨ ਦੇ ਨਾਲ ਉਹ ਦੀ ਸੇਵਾ ਕਰਨ ਲਈ ਸਕਾਰਾਤਮਕ ਕਦਮ ਉਠਾਈਏ?

32 “ਉਨ੍ਹਾਂ ਵਿੱਚੋਂ ਨਿੱਕਲ ਆਓ” ਦਾ ਕੀ ਅਰਥ ਹੈ? ਅਸੀਂ ਇਸ ਹੁਕਮ ਦੀ ਪਾਲਣਾ ਨਹੀਂ ਕਰ ਰਹੇ ਹੋਵਾਂਗੇ ਜੇ ਅਸੀਂ ਯਹੋਵਾਹ ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤੇ ਜਾ ਰਹੇ ਸੰਗਠਨ ਦੇ ਇਲਾਵਾ ਹੋਰ ਕਿਸੇ ਧਾਰਮਿਕ ਸੰਗਠਨ ਦਾ ਹਿੱਸਾ ਰਹੀਏ, ਯਾ ਉਸ ਨੂੰ ਸਮਰਥਨ ਦੇਈਏ। ਇਸ ਲਈ ਅਗਰ ਸਾਡੇ ਵਿਚੋਂ ਕੋਈ ਵੀ ਕਿਸੇ ਅਜਿਹੇ ਸੰਗਠਨ ਦਾ ਸਦੱਸ ਹੈ, ਤਾਂ ਸਾਨੂੰ ਉਨ੍ਹਾਂ ਨੂੰ ਸੂਚਨਾ ਦੇ ਦੇਣੀ ਚਾਹੀਦੀ ਹੈ ਕਿ ਅਸੀਂ ਉਸ ਵਿਚੋਂ ਅੱਡ ਹੋ ਰਹੇ ਹਾਂ। ਅਗਰ ਅਸੀਂ ਉਨ੍ਹਾਂ ਲੋਕਾਂ ਵਿਚੋਂ ਨਿੱਕਲ ਜਾਈਏ ਜਿਹੜੇ ਝੂਠੇ ਧਰਮ ਦਾ ਅਭਿਆਸ ਕਰਦੇ ਹਨ ਅਤੇ ਪਰਮੇਸ਼ੁਰ ਦੇ ਦ੍ਰਿਸ਼ਟ ਦੈਵ-ਸ਼ਾਸਕੀ ਸੰਗਠਨ ਦੇ ਨਾਲ ਉਹ ਦੀ ਸੇਵਾ ਕਰਨ ਵਾਸਤੇ ਸਕਾਰਾਤਮਕ ਕਦਮ ਉਠਾਈਏ, ਤਾਂ ਅਸੀਂ ਉਨ੍ਹਾਂ ਵਿਚੋਂ ਹੋਵਾਂਗੇ ਜਿਨ੍ਹਾਂ ਬਾਰੇ ਪਰਮੇਸ਼ੁਰ ਆਖਦਾ ਹੈ: “ਮੈਂ ਓਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ, ਅਤੇ ਉਹ ਮੇਰੀ ਪਰਜਾ ਹੋਣਗੇ।”—2 ਕੁਰਿੰਥੀਆਂ 6:⁠16.

[ਸਵਾਲ]

[ਸਫ਼ੇ 192 ਉੱਤੇ ਤਸਵੀਰ]

ਜਲ ਪਰਲੋ ਦੇ ਸਮੇਂ ਤੇ, ਕੀ ਪਰਮੇਸ਼ੁਰ ਦਾ ਇਕ ਤੋਂ ਜ਼ਿਆਦਾ ਸੰਗਠਨ ਸੀ?

[ਸਫ਼ੇ 196 ਉੱਤੇ ਤਸਵੀਰਾਂ]

ਯਹੋਵਾਹ ਦੇ ਗਵਾਹਾਂ ਦਾ ਵਿਸ਼ਵ ਮੁੱਖ ਦਫ਼ਤਰ

ਕਾਰਜਕਾਰੀ ਦਫ਼ਤਰ

ਕੰਪਿਊਟਰ ਪ੍ਰਣਾਲੀ

ਬਰੁਕਲਿਨ ਛਾਪਾਖਾਨਾ

ਰੋਟਰੀ ਛਪਾਈ

ਕਿਤਾਬ ਬੰਧਨਸ਼ਾਲਾ

ਜਹਾਜ਼ਰਾਨੀ

[ਸਫ਼ੇ 197 ਉੱਤੇ ਤਸਵੀਰਾਂ]

ਅਨੇਕ ਹੋਰ ਵਾਚ ਟਾਵਰ ਛਾਪੇਖਾਨਿਆਂ ਵਿਚੋਂ ਕੁਝ

ਬ੍ਰਾਜ਼ੀਲ

ਇੰਗਲੈਂਡ

ਦੱਖਣੀ ਅਫ਼ਰੀਕਾ

ਵੌਲਕਿਲ, ਨਿਊ ਯੌਰਕ

ਕੈਨੇਡਾ

[ਸਫ਼ੇ 198 ਉੱਤੇ ਤਸਵੀਰਾਂ]

ਨਿਊ ਯੌਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਮਹਾਂ ਸੰਮੇਲਨ ਤੇ 2,53,922 ਹਾਜ਼ਰ ਲੋਕਾਂ ਵਿਚੋਂ ਕੁਝ

ਪੋਲੋ ਗ੍ਰਾਉਂਡਜ਼

ਯੈਂਕੀ ਸਟੇਡੀਅਮ

[ਸਫ਼ੇ 201 ਉੱਤੇ ਤਸਵੀਰ]

ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਬਾਈਬਲ ਹਿਦਾਇਤ ਦੇ ਪ੍ਰੋਗਰਾਮ ਦਾ ਆਨੰਦ ਮਾਣਿਆ ਜਾਂਦਾ ਹੈ