Skip to content

Skip to table of contents

ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨਾ

ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨਾ

ਅਧਿਆਇ 15

ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨਾ

1, 2. ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨ ਲਈ ਕਿਸ ਚੀਜ਼ ਦੀ ਜ਼ਰੂਰਤ ਹੈ?

ਕੀ ਤੁਸੀਂ ਸਦਾ ਲਈ ਪਰਮੇਸ਼ੁਰ ਦੀ ਸਰਕਾਰ ਦੇ ਅਧੀਨ ਰਹਿਣਾ ਚਾਹੁੰਦੇ ਹੋ? ਕੋਈ ਵੀ ਵਿਅਕਤੀ ਜਿਸ ਦਾ ਦਿਮਾਗ਼ ਸਹੀ ਸਲਾਮਤ ਹੋਵੇ ਉਹ ਉੱਤਰ ਦੇਵੇਗਾ, ਹਾਂ! ਅਦਭੁਤ ਲਾਭ ਉਠਾਏ ਜਾਣਗੇ। ਲੇਕਨ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਤੁਸੀਂ ਕੇਵਲ ਆਪਣਾ ਹੱਥ ਉੱਚਾ ਕਰ ਕੇ ਹੀ ਨਹੀਂ ਇਹ ਆਖ ਸਕਦੇ ਹੋ ਕਿ: ‘ਮੈਂ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨਾ ਚਾਹੁੰਦਾ ਹਾਂ।’ ਹੋਰ ਚੀਜ਼ਾਂ ਦੀ ਵੀ ਲੋੜ ਹੈ।

2 ਉਦਾਹਰਣ ਦੇ ਤੌਰ ਤੇ, ਫ਼ਰਜ਼ ਕਰੋ ਕਿ ਤੁਸੀਂ ਕਿਸੇ ਹੋਰ ਦੇਸ਼ ਦੇ ਨਾਗਰਿਕ ਬਣਨਾ ਚਾਹੁੰਦੇ ਹੋ। ਇਸ ਤਰ੍ਹਾਂ ਕਰਨ ਲਈ, ਤੁਹਾਨੂੰ ਉਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨਾ ਪਵੇਗਾ ਜਿਹੜੀਆਂ ਉਸ ਦੇਸ਼ ਦੀ ਸਰਕਾਰ ਦੇ ਸ਼ਾਸਕਾਂ ਨੇ ਸਥਾਪਿਤ ਕੀਤੀਆਂ ਹਨ। ਪਰ ਇਸ ਤੋਂ ਪਹਿਲਾਂ ਕਿ ਤੁਸੀਂ ਇਹ ਪੂਰੀਆਂ ਕਰ ਸਕੋ, ਤੁਹਾਨੂੰ ਇਹ ਸਿੱਖਿਆ ਲੈਣੀ ਪਵੇਗੀ ਕਿ ਉਹ ਜ਼ਰੂਰਤਾਂ ਕੀ ਹਨ। ਇਸੇ ਹੀ ਤਰੀਕੇ ਨਾਲ, ਤੁਹਾਨੂੰ ਇਹ ਸਿੱਖਣ ਦੀ ਜ਼ਰੂਰਤ ਹੈ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਜਿਹੜੇ ਉਹ ਦੀ ਸਰਕਾਰ ਦੀ ਪਰਜਾ ਬਣਨਾ ਚਾਹੁੰਦੇ ਹਨ। ਅਤੇ ਫਿਰ ਤੁਹਾਨੂੰ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਲੋੜ ਹੈ।

ਗਿਆਨ ਦੀ ਜ਼ਰੂਰਤ

3. ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨ ਲਈ ਇਕ ਜ਼ਰੂਰਤ ਕੀ ਹੈ?

3 ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨ ਲਈ ਇਕ ਬਹੁਤ ਹੀ ਮਹੱਤਵਪੂਰਣ ਜ਼ਰੂਰਤ ਉਸ ਦੀ “ਭਾਸ਼ਾ” ਦਾ ਗਿਆਨ ਲੈਣਾ ਹੈ। ਨਿਸ਼ਚੇ ਹੀ ਇਹ ਇਕ ਮੁਨਾਸਬ ਗੱਲ ਹੈ। ਕਈ ਮਾਨਵ ਸਰਕਾਰਾਂ ਵੀ ਇਹ ਮੰਗ ਕਰਦੀਆਂ ਹਨ ਕਿ ਨਵੇਂ ਨਾਗਰਿਕ ਉਨ੍ਹਾਂ ਦੇ ਦੇਸ਼ ਦੀ ਭਾਸ਼ਾ ਬੋਲ ਸਕਣ। ਭਲਾ, ਫਿਰ, ਉਨ੍ਹਾਂ ਨੂੰ ਕਿਹੜੀ “ਭਾਸ਼ਾ” ਸਿੱਖਣੀ ਚਾਹੀਦੀ ਹੈ ਜਿਨ੍ਹਾਂ ਨੇ ਪਰਮੇਸ਼ੁਰ ਦੀ ਸਰਕਾਰ ਦੇ ਅਧੀਨ ਜੀਵਨ ਪ੍ਰਾਪਤ ਕਰਨਾ ਹੈ?

4. ਪਰਮੇਸ਼ੁਰ ਦੇ ਲੋਕਾਂ ਨੂੰ ਕਿਹੜੀ “ਸ਼ੁੱਧ ਭਾਸ਼ਾ” ਸਿੱਖਣੀ ਚਾਹੀਦੀ ਹੈ?

4 ਇਸ ਉੱਤੇ ਧਿਆਨ ਦਿਓ ਕਿ ਯਹੋਵਾਹ ਆਪਣੇ ਸ਼ਬਦ, ਬਾਈਬਲ, ਵਿਚ ਇਸ ਦੇ ਬਾਰੇ ਕੀ ਆਖਦਾ ਹੈ: “ਤਦ ਮੈਂ ਸਾਫ਼ ਬੁੱਲ੍ਹਾਂ [“ਸ਼ੁੱਧ ਭਾਸ਼ਾ,” “ਨਿਵ”] ਦੇ ਲੋਕਾਂ ਵੱਲ ਮੁੜਾਂਗਾ, ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਂਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।” (ਸਫ਼ਨਯਾਹ 3:9) ਇਹ “ਸ਼ੁੱਧ ਭਾਸ਼ਾ” ਬਾਈਬਲ ਵਿਚ ਪਾਈ ਗਈ ਪਰਮੇਸ਼ੁਰ ਦੀ ਸੱਚਾਈ ਹੈ। ਵਿਸ਼ੇਸ਼ ਤੌਰ ਤੇ, ਇਹ ਪਰਮੇਸ਼ੁਰ ਦੀ ਰਾਜ ਸਰਕਾਰ ਦੇ ਬਾਰੇ ਸੱਚਾਈ ਹੈ। ਇਸ ਲਈ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨ ਲਈ, ਤੁਹਾਨੂੰ ਯਹੋਵਾਹ ਅਤੇ ਉਸ ਦੇ ਰਾਜ ਪ੍ਰਬੰਧ ਦੇ ਬਾਰੇ ਗਿਆਨ ਲੈਣ ਦੇ ਦੁਆਰਾ ਇਹ “ਭਾਸ਼ਾ” ਸਿੱਖਣੀ ਚਾਹੀਦੀ ਹੈ।—ਕੁਲੁੱਸੀਆਂ 1:9, 10; ਕਹਾਉਤਾਂ 2:1-5.

5. (ੳ) ਸਾਨੂੰ ਪਰਮੇਸ਼ੁਰ ਦੀ ਸਰਕਾਰ ਬਾਰੇ ਕੀ ਜਾਣਨਾ ਚਾਹੀਦਾ ਹੈ? (ਅ) ਸਦੀਪਕ ਜੀਵਨ ਪ੍ਰਾਪਤ ਕਰਨ ਲਈ ਸਾਨੂੰ ਕਿਹੜੇ ਗਿਆਨ ਦੀ ਜ਼ਰੂਰਤ ਹੈ?

5 ਅੱਜਕਲ੍ਹ ਕਈ ਮਾਨਵ ਸਰਕਾਰਾਂ ਮੰਗ ਕਰਦੀਆਂ ਹਨ ਕਿ ਜਿਹੜੇ ਨਾਗਰਿਕਤਾ ਪ੍ਰਾਪਤ ਕਰਦੇ ਹਨ ਉਹ ਉਨ੍ਹਾਂ ਦੀ ਸਰਕਾਰ ਦੇ ਇਤਿਹਾਸ ਬਾਰੇ, ਅਤੇ ਨਾਲ ਹੀ ਉਸ ਦੀਆਂ ਕਾਰਵਾਈਆਂ ਬਾਰੇ ਕੁਝ ਹਕੀਕਤਾਂ ਜਾਣਦੇ ਹੋਣ। ਇਸੇ ਹੀ ਤਰ੍ਹਾਂ, ਅਗਰ ਤੁਸੀਂ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨਾ ਹੈ, ਤਾਂ ਤੁਹਾਨੂੰ ਉਸ ਦੇ ਸੰਬੰਧ ਵਿਚ ਅਜਿਹੀਆਂ ਗੱਲਾਂ ਜਾਣਨੀਆਂ ਚਾਹੀਦੀਆਂ ਹਨ। ਇਹ ਗਿਆਨ ਸਦੀਪਕ ਜੀਵਨ ਵੱਲ ਲੈ ਜਾ ਸਕਦਾ ਹੈ। ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਆਖਿਆ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.

6. (ੳ) ਉਹ ਕਿਹੜੇ ਕੁਝ-ਕੁ ਸਵਾਲ ਹਨ ਜਿਨ੍ਹਾਂ ਦਾ ਜਵਾਬ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਨੂੰ ਦੇ ਸਕਣਾ ਚਾਹੀਦਾ ਹੈ? (ਅ) ਕੀ ਤੁਸੀਂ ਉਨ੍ਹਾਂ ਦੇ ਜਵਾਬ ਦੇ ਸਕਦੇ ਹੋ?

6 ਅਗਰ ਤੁਸੀਂ ਇਸ ਕਿਤਾਬ ਦੇ ਪਹਿਲੇ ਅਧਿਆਵਾਂ ਦਾ ਅਧਿਐਨ ਕੀਤਾ ਹੈ, ਤਾਂ ਤੁਹਾਨੂੰ ਹੁਣ ਤਕ ਇਹ ਸਰਬ-ਮਹੱਤਵਪੂਰਣ ਗਿਆਨ ਕਾਫ਼ੀ ਹੱਦ ਤਕ ਲੈ ਚੁੱਕੇ ਹੋਣਾ ਚਾਹੀਦਾ ਹੈ। ਕੀ ਤੁਸੀਂ ਅਜਿਹਾ ਕੀਤਾ ਹੈ? ਕੀ ਤੁਸੀਂ ਇਸ ਤਰ੍ਹਾਂ ਦੇ ਨਿਮਨਲਿਖਤ ਸਵਾਲਾਂ ਦੇ ਜਵਾਬ ਦੇ ਕੇ, ਇਹ ਦਿਖਾ ਸਕਦੇ ਹੋ ਕਿ ਤੁਸੀਂ ਅਜਿਹਾ ਕੀਤਾ ਹੈ: ਪਰਮੇਸ਼ੁਰ ਨੇ ਪਹਿਲਾਂ ਪਹਿਲ ਕਦੋਂ ਇਕ ਰਾਜ ਸਰਕਾਰ ਦੇ ਲਈ ਆਪਣੇ ਮਕਸਦ ਦਾ ਜ਼ਿਕਰ ਕੀਤਾ ਸੀ? ਪਰਮੇਸ਼ੁਰ ਦੇ ਕੁਝ-ਕੁ ਸੇਵਕ ਕੌਣ ਸਨ ਜਿਹੜੇ ਇਸ ਦੀ ਪਾਰਥਿਵ ਪਰਜਾ ਬਣਨ ਦੀ ਉਮੀਦ ਰੱਖਦੇ ਸੀ? ਪਰਮੇਸ਼ੁਰ ਦੀ ਸਰਕਾਰ ਵਿਚ ਕਿੰਨੇ ਸ਼ਾਸਕ, ਯਾ ਰਾਜੇ ਹੋਣਗੇ? ਇਹ ਰਾਜੇ ਕਿੱਥੋਂ ਰਾਜ ਕਰਨਗੇ? ਉਹ ਪਹਿਲੇ ਵਿਅਕਤੀ ਕੌਣ ਸਨ ਜਿਨ੍ਹਾਂ ਨੂੰ ਪਰਮੇਸ਼ੁਰ ਦੀ ਸਰਕਾਰ ਵਿਚ ਰਾਜੇ ਹੋਣ ਲਈ ਚੁਣਿਆ ਗਿਆ ਸੀ? ਯਿਸੂ ਨੇ ਕਿਸ ਤਰ੍ਹਾਂ ਇਹ ਸਾਬਤ ਕੀਤਾ ਕਿ ਉਹ ਇਕ ਅੱਛਾ ਰਾਜਾ ਹੋਵੇਗਾ? ਫਿਰ ਵੀ, ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨ ਲਈ, ਇਸ ਦੇ ਸੰਬੰਧ ਵਿਚ ਕੇਵਲ ਗਿਆਨ ਪ੍ਰਾਪਤ ਕਰਨ ਨਾਲੋਂ ਕੁਝ ਜ਼ਿਆਦਾ ਚਾਹੀਦਾ ਹੈ।

ਧਰਮੀ ਆਚਰਣ ਜ਼ਰੂਰੀ

7. ਮਾਨਵ ਸਰਕਾਰਾਂ ਦੇ ਸੰਬੰਧ ਵਿਚ, ਕਿਸ ਤਰ੍ਹਾਂ ਨਾਗਰਿਕਤਾ ਦੀਆਂ ਜ਼ਰੂਰਤਾਂ ਭਿੰਨ ਹਨ?

7 ਅੱਜਕਲ੍ਹ ਸਰਕਾਰਾਂ ਮੰਗ ਕਰਦੀਆਂ ਹਨ ਕਿ ਉਨ੍ਹਾਂ ਦੇ ਨਵੇਂ ਨਾਗਰਿਕ ਆਚਰਣ ਦੇ ਖ਼ਾਸ ਆਦਰਸ਼ ਪੂਰੇ ਕਰਨ। ਮਿਸਾਲ ਲਈ, ਉਹ ਸ਼ਾਇਦ ਕਹਿਣ ਕਿ ਇਕ ਆਦਮੀ ਦੀ ਕੇਵਲ ਇਕੋ ਹੀ ਪਤਨੀ ਹੋਣੀ ਚਾਹੀਦੀ ਹੈ ਅਤੇ ਇਕ ਔਰਤ ਦਾ ਇਕੋ ਹੀ ਪਤੀ। ਪਰ ਫਿਰ ਕਈ ਹੋਰ ਸਰਕਾਰਾਂ ਦੇ ਭਿੰਨ ਨਿਯਮ ਹੁੰਦੇ ਹਨ। ਉਹ ਆਪਣੇ ਨਾਗਰਿਕਾਂ ਨੂੰ ਇਕ ਤੋਂ ਜ਼ਿਆਦਾ ਵਿਆਹ ਸਾਥੀ ਦੀ ਇਜਾਜ਼ਤ ਦਿੰਦੀਆਂ ਹਨ। ਜਿਹੜੇ ਵਿਅਕਤੀ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨਾ ਚਾਹੁੰਦੇ ਹਨ, ਉਨ੍ਹਾਂ ਤੋਂ ਕਿਸ ਤਰ੍ਹਾਂ ਦੇ ਆਚਰਣ ਦੀ ਉਮੀਦ ਰੱਖੀ ਜਾਂਦੀ ਹੈ? ਪਰਮੇਸ਼ੁਰ ਵਿਆਹ ਦੇ ਸੰਬੰਧ ਵਿਚ ਕਿਸ ਚੀਜ਼ ਨੂੰ ਸਹੀ ਆਖਦਾ ਹੈ?

8. (ੳ) ਵਿਆਹ ਦੇ ਸੰਬੰਧ ਵਿਚ ਪਰਮੇਸ਼ੁਰ ਦਾ ਕੀ ਆਦਰਸ਼ ਹੈ? (ਅ) ਜ਼ਨਾਹ ਕੀ ਹੈ, ਅਤੇ ਇਸ ਬਾਰੇ ਪਰਮੇਸ਼ੁਰ ਕੀ ਆਖਦਾ ਹੈ?

8 ਸ਼ੁਰੂ ਵਿਚ ਯਹੋਵਾਹ ਨੇ ਵਿਆਹ ਦੇ ਸੰਬੰਧ ਵਿਚ ਆਦਰਸ਼ ਕਾਇਮ ਕੀਤਾ ਜਦੋਂ ਉਸ ਨੇ ਆਦਮ ਨੂੰ ਕੇਵਲ ਇਕੋ ਹੀ ਪਤਨੀ ਦਿੱਤੀ। ਪਰਮੇਸ਼ੁਰ ਨੇ ਆਖਿਆ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਉਤਪਤ 2:21-24) ਯਿਸੂ ਨੇ ਵਿਆਖਿਆ ਕੀਤੀ ਕਿ ਮਸੀਹੀਆਂ ਲਈ ਇਹੋ ਹੀ ਸਹੀ ਆਦਰਸ਼ ਹੈ। (ਮੱਤੀ 19:4-6) ਕਿਉਂਕਿ ਵਿਆਹ ਸਾਥੀ “ਇਕ ਸਰੀਰ” ਬਣ ਚੁੱਕੇ ਹਨ, ਉਹ ਵਿਆਹ ਦਾ ਨਿਰਾਦਰ ਕਰਦੇ ਹਨ ਅਗਰ ਉਹ ਕਿਸੇ ਹੋਰ ਵਿਅਕਤੀ ਨਾਲ ਸੰਭੋਗ ਕਰਨ। ਇਹ ਕੰਮ ਨੂੰ ਜ਼ਨਾਹ ਆਖਿਆ ਜਾਂਦਾ ਹੈ, ਅਤੇ ਪਰਮੇਸ਼ੁਰ ਆਖਦਾ ਹੈ ਕਿ ਉਹ ਜ਼ਨਾਹਕਾਰੀਆਂ ਨੂੰ ਸਜ਼ਾ ਦੇਵੇਗਾ।—ਇਬਰਾਨੀਆਂ 13:4; ਮਲਾਕੀ 3:5.

9. (ੳ) ਵਿਆਹ ਦੇ ਬਗੈਰ ਸੰਭੋਗ ਕਰ ਰਹੇ ਵਿਅਕਤੀਆਂ ਬਾਰੇ ਪਰਮੇਸ਼ੁਰ ਦਾ ਕੀ ਵਿਚਾਰ ਹੈ? (ਅ) ਵਿਭਚਾਰ ਕੀ ਹੈ?

9 ਦੂਸਰੇ ਪਾਸੇ, ਅਨੇਕ ਜੋੜੇ ਇਕੱਠੇ ਰਹਿੰਦੇ ਹਨ ਅਤੇ ਸੰਭੋਗ ਕਰਦੇ ਹਨ, ਪਰ ਉਹ ਵਿਆਹ ਨਹੀਂ ਕਰਦੇ। ਪਰ, ਪਰਮੇਸ਼ੁਰ ਨੇ ਆਦਮੀ ਅਤੇ ਔਰਤ ਦੇ ਦਰਮਿਆਨ ਇਸ ਨਜ਼ਦੀਕ ਰਿਸ਼ਤੇ ਨੂੰ ਤਜਰਬੇ ਦੇ ਲਈ ਨਹੀਂ ਬਣਾਇਆ ਸੀ। ਇਸ ਲਈ ਵਿਆਹ ਕਰਨ ਤੋਂ ਬਿਨਾਂ ਇਕੱਠੇ ਰਹਿਣਾ, ਪਰਮੇਸ਼ੁਰ ਦੇ ਵਿਰੁੱਧ, ਜਿਸ ਨੇ ਵਿਆਹ ਦਾ ਪ੍ਰਬੰਧ ਬਣਾਇਆ ਸੀ, ਇਕ ਪਾਪ ਹੈ। ਇਸ ਨੂੰ ਵਿਭਚਾਰ ਆਖਿਆ ਜਾਂਦਾ ਹੈ। ਵਿਭਚਾਰ ਕਿਸੇ ਵੀ ਵਿਅਕਤੀ ਦੇ ਨਾਲ ਸੰਭੋਗ ਕਰਨ ਨੂੰ ਆਖਿਆ ਜਾਂਦਾ ਹੈ ਜਿਸ ਦੇ ਨਾਲ ਤੁਸੀਂ ਵਿਆਹੇ ਹੋਏ ਨਹੀਂ ਹੋ। ਅਤੇ ਬਾਈਬਲ ਆਖਦੀ ਹੈ: “ਪਰਮੇਸ਼ੁਰ ਦੀ ਇੱਛਿਆ . . . ਹੈ ਭਈ ਤੁਸੀਂ ਹਰਾਮਕਾਰੀ [“ਵਿਭਚਾਰ,” ਨਿਵ] ਤੋਂ ਬਚੇ ਰਹੋ।” (1 ਥੱਸਲੁਨੀਕੀਆਂ 4:3-5) ਤਾਂ, ਫਿਰ, ਇਕ ਕੁਆਰੇ ਵਿਅਕਤੀ ਦੇ ਲਈ ਕਿਸੇ ਨਾਲ ਵੀ ਸੰਭੋਗ ਕਰਨਾ ਗ਼ਲਤ ਹੈ।

10. ਹੋਰ ਕਿਹੜੇ ਸੰਭੋਗ ਅਭਿਆਸ ਪਰਮੇਸ਼ੁਰ ਦੇ ਨਿਯਮ ਦੇ ਵਿਰੁੱਧ ਹਨ?

10 ਅੱਜਕਲ੍ਹ ਆਦਮੀ ਅਤੇ ਔਰਤਾਂ ਆਪਣੇ ਹੀ ਜਿਨਸ ਦੇ ਲੋਕਾਂ ਨਾਲ ਸੰਭੋਗ ਕਰਦੇ ਹਨ—ਆਦਮੀ ਆਦਮੀਆਂ ਦੇ ਨਾਲ ਅਤੇ ਔਰਤਾਂ ਔਰਤਾਂ ਦੇ ਨਾਲ। ਅਜਿਹੇ ਵਿਅਕਤੀਆਂ ਨੂੰ ਸਮਲਿੰਗਕਾਮੀ ਆਖਿਆ ਜਾਂਦਾ ਹੈ। ਕਈ ਵਾਰ ਸਮਲਿੰਗਕਾਮੀ ਔਰਤਾਂ ਨੂੰ ਸਮਲਿੰਗ ਭੋਗੀ ਔਰਤਾਂ (lesbians) ਆਖਿਆ ਜਾਂਦਾ ਹੈ। ਪਰ ਪਰਮੇਸ਼ੁਰ ਦਾ ਸ਼ਬਦ ਆਖਦਾ ਹੈ ਕਿ ਜੋ ਉਹ ਕਰਦੇ ਹਨ ਉਹ ਗ਼ਲਤ ਹੈ, ਮਤਲਬ ਕਿ ਇਹ “ਮੁਕਾਲਕ” ਹੈ। (ਰੋਮੀਆਂ 1:26, 27) ਇਸ ਦੇ ਇਲਾਵਾ, ਇਕ ਵਿਅਕਤੀ ਲਈ ਕਿਸੇ ਪਸ਼ੂ ਦੇ ਨਾਲ ਲਿੰਗੀ ਸੰਬੰਧ ਰੱਖਣਾ ਵੀ ਪਰਮੇਸ਼ੁਰ ਦੇ ਨਿਯਮ ਦੇ ਵਿਰੁੱਧ ਹੈ। (ਲੇਵੀਆਂ 18:23) ਜਿਹੜਾ ਵਿਅਕਤੀ ਪਰਮੇਸ਼ੁਰ ਦੀ ਸਰਕਾਰ ਦੇ ਅਧੀਨ ਰਹਿਣਾ ਚਾਹੁੰਦਾ ਹੈ, ਉਸ ਨੂੰ ਇਨ੍ਹਾਂ ਅਨੈਤਿਕ ਅਭਿਆਸਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

11. (ੳ) ਸ਼ਰਾਬ ਦੇ ਪਦਾਰਥਾਂ ਦੇ ਇਸਤੇਮਾਲ ਬਾਰੇ ਪਰਮੇਸ਼ੁਰ ਦੀ ਕੀ ਦ੍ਰਿਸ਼ਟੀ ਹੈ? (ਅ) ਜਿਹੜੇ ਲੋਕ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨਾ ਚਾਹੁੰਦੇ ਹਨ ਉਨ੍ਹਾਂ ਨੂੰ ਕਿਹੜੇ ਅਭਿਆਸਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਸਿਹਤ ਲਈ ਨੁਕਸਾਨਦਾਰ ਹਨ?

11 ਸੰਜਮ ਨਾਲ ਮੈ, ਬੀਅਰ ਅਤੇ ਸ਼ਰਾਬ ਦਾ ਪੀਣਾ ਪਰਮੇਸ਼ੁਰ ਦੇ ਨਿਯਮ ਦੇ ਵਿਰੁੱਧ ਨਹੀਂ ਹੈ। ਅਸਲ ਵਿਚ, ਬਾਈਬਲ ਦਿਖਾਉਂਦੀ ਹੈ ਕਿ ਥੋੜ੍ਹੀ ਜਿਹੀ ਮੈ ਇਕ ਵਿਅਕਤੀ ਦੀ ਸਿਹਤ ਲਈ ਅੱਛੀ ਹੋ ਸਕਦੀ ਹੈ। (ਜ਼ਬੂਰਾਂ ਦੀ ਪੋਥੀ 104:15; 1 ਤਿਮੋਥਿਉਸ 5:23) ਪਰ ਸ਼ਰਾਬੀ ਹੋਣਾ ਯਾ ਮਤਵਾਲੀਆਂ ਪਾਰਟੀਆਂ ਵਿਚ ਹਿੱਸਾ ਲੈਣਾ ਜਿੱਥੇ ਲੋਕ ਅਨੈਤਿਕ ਆਚਰਣ ਵਾਲੇ ਕੰਮ ਕਰਦੇ ਹਨ, ਪਰਮੇਸ਼ੁਰ ਦੇ ਨਿਯਮ ਦੇ ਵਿਰੁੱਧ ਹੈ। (ਅਫ਼ਸੀਆਂ 5:18; 1 ਪਤਰਸ 4:3, 4) ਮਤਵਾਲੇ ਹੋਣ ਯਾ “ਨਸ਼ਾ” ਕਰਨ ਦੇ ਲਈ ਸ਼ਰਾਬ ਦੇ ਪਦਾਰਥ ਇਸਤੇਮਾਲ ਕਰਨ ਦੇ ਅਤਿਰਿਕਤ, ਕਈ ਵਿਅਕਤੀ ਇਹੋ ਹੀ ਮਕਸਦ ਪੂਰਾ ਕਰਨ ਲਈ ਅੱਜਕਲ੍ਹ ਵਿਵਿਧ ਨਸ਼ੀਲੀਆਂ ਦਵਾਈਆਂ ਦਾ ਪ੍ਰਯੋਗ ਕਰਦੇ ਹਨ। ਇਸ ਦੇ ਇਲਾਵਾ, ਆਪਣੇ ਆਨੰਦ ਲਈ ਉਹ ਸ਼ਾਇਦ ਮਾਰੀਯੁਆਨਾ ਯਾ ਤਮਾਖੂ ਪੀਣ, ਜਦ ਕਿ ਦੂਸਰੇ ਜਣੇ ਸ਼ਾਇਦ ਸੁਪਾਰੀ ਯਾ ਕੋਕਾ ਦੇ ਪੱਤਿਆਂ ਨੂੰ ਚਬਾਉਣ। ਪਰ ਇਹ ਚੀਜ਼ਾਂ ਉਨ੍ਹਾਂ ਦੇ ਸਰੀਰਾਂ ਨੂੰ ਅਸ਼ੁੱਧ ਬਣਾਉਂਦੀਆਂ ਹਨ ਅਤੇ ਉਨ੍ਹਾਂ ਦੀ ਸਿਹਤ ਦਾ ਨੁਕਸਾਨ ਕਰਦੀਆਂ ਹਨ। ਇਸ ਲਈ ਅਗਰ ਤੁਸੀਂ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨਾ ਚਾਹੁੰਦੇ ਹੋ, ਇਹ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਨੁਕਸਾਨਦਾਰ ਚੀਜ਼ਾਂ ਤੋਂ ਦੂਰ ਰਹੋ।—2 ਕੁਰਿੰਥੀਆਂ 7:1.

12. (ੳ) ਕੁਝ-ਕੁ ਬੇਈਮਾਨ ਅਭਿਆਸ ਕੀ ਹਨ ਜਿਹੜੇ ਪਰਮੇਸ਼ੁਰ ਦੇ ਨਿਯਮਾਂ ਦੇ ਵਿਰੁੱਧ ਹਨ? (ਅ) ਇਕ ਵਿਅਕਤੀ ਜਿਹੜਾ ਇਨ੍ਹਾਂ ਅਭਿਆਸਾਂ ਵਿਚ ਹਿੱਸਾ ਲੈਂਦਾ ਹੈ ਕਿਸ ਤਰ੍ਹਾਂ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰ ਸਕਦਾ ਹੈ?

12 ਇਹ ਸਪੱਸ਼ਟ ਹੈ ਕਿ ਮਾਨਵ ਸਰਕਾਰਾਂ ਅਪਰਾਧੀਆਂ ਨੂੰ ਨਵੇਂ ਨਾਗਰਿਕਾਂ ਦੇ ਤੌਰ ਤੇ ਨਹੀਂ ਚਾਹੁੰਦੀਆਂ ਹਨ। ਅਤੇ ਯਹੋਵਾਹ ਦੇ ਇਸ ਤੋਂ ਵੀ ਹੋਰ ਉੱਚੇ ਆਦਰਸ਼ ਹਨ। ਉਹ ਮੰਗ ਕਰਦਾ ਹੈ ਕਿ ਅਸੀਂ “ਸਾਰੀਆਂ ਗੱਲਾਂ ਵਿੱਚ ਨੇਕੀ ਨਾਲ” ਵਰਤਾਓ ਕਰੀਏ। (ਇਬਰਾਨੀਆਂ 13:18) ਅਗਰ ਵਿਅਕਤੀ ਪਰਮੇਸ਼ੁਰ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ, ਉਨ੍ਹਾਂ ਨੂੰ ਉਹ ਦੇ ਰਾਜ ਵਿਚ ਰਹਿਣ ਦੀ ਇਜਾਜ਼ਤ ਨਹੀਂ ਮਿਲੇਗੀ। ਅੱਜਕਲ੍ਹ ਲੋਕ ਅਕਸਰ ਈਮਾਨਦਾਰ ਹੋਣ ਦਾ ਢੌਂਗ ਕਰਦੇ ਹਨ, ਪਰ ਉਹ ਅਨੇਕ ਨਿਯਮ ਤੋੜਦੇ ਹਨ। ਪਰ, ਪਰਮੇਸ਼ੁਰ ਸਭ ਕੁਝ ਦੇਖ ਸਕਦਾ ਹੈ। ਉਹ ਨੂੰ ਕੋਈ ਵੀ ਮੂਰਖ ਨਹੀਂ ਬਣਾ ਸਕਦਾ ਹੈ। (ਇਬਰਾਨੀਆਂ 4:13; ਕਹਾਉਤਾਂ 15:3; ਗਲਾਤੀਆਂ 6:7, 8) ਇਸ ਲਈ ਯਹੋਵਾਹ ਇਹ ਨਿਸ਼ਚਿਤ ਕਰੇਗਾ ਕਿ ਉਹ ਵਿਅਕਤੀ ਜਿਹੜੇ ਉਸ ਦੇ ਨਿਯਮ ਤੋੜਦੇ ਹਨ, ਜਿਵੇਂ ਕਿ ਝੂਠ ਬੋਲਣ ਅਤੇ ਚੋਰੀ ਕਰਨ ਦੇ ਵਿਰੁੱਧ ਨਿਯਮ, ਉਹ ਉਸ ਦੀ ਸਰਕਾਰ ਦੀ ਪਰਜਾ ਨਹੀਂ ਬਣਨਗੇ। (ਅਫ਼ਸੀਆਂ 4:25, 28; ਪਰਕਾਸ਼ ਦੀ ਪੋਥੀ 21:8) ਫਿਰ ਭੀ ਪਰਮੇਸ਼ੁਰ ਧੀਰਜਵਾਨ ਅਤੇ ਖਿਮਾਸ਼ੀਲ ਹੈ। ਇਸ ਲਈ ਅਗਰ ਇਕ ਗ਼ਲਤੀ ਕਰਨ ਵਾਲਾ ਵਿਅਕਤੀ ਆਪਣੇ ਬੁਰੇ ਕੰਮਾਂ ਤੋਂ ਹੱਟ ਜਾਂਦਾ ਹੈ ਅਤੇ ਅੱਛੇ ਕੰਮਾਂ ਵੱਲ ਮੁੜ ਆਉਂਦਾ ਹੈ, ਪਰਮੇਸ਼ੁਰ ਉਸ ਨੂੰ ਸਵੀਕਾਰ ਕਰ ਲਵੇਗਾ।—ਯਸਾਯਾਹ 55:7.

13. ਮਾਨਵ ਸਰਕਾਰਾਂ ਦੇ ਨਿਯਮਾਂ ਦੇ ਪ੍ਰਤੀ ਪਰਮੇਸ਼ੁਰ ਦੇ ਸੇਵਕਾਂ ਦੀ ਕੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ?

13 ਪਰ ਮਾਨਵ ਸਰਕਾਰਾਂ ਦੇ ਨਿਯਮਾਂ ਦੀ ਪਾਲਣਾ ਦੇ ਸੰਬੰਧ ਵਿਚ ਕੀ? ਜਿੰਨਾ ਚਿਰ ਮਨੁੱਖਾਂ ਦੀਆਂ ਸਰਕਾਰਾਂ ਹੋਂਦ ਵਿਚ ਰਹਿਣ, ਪਰਮੇਸ਼ੁਰ ਮੰਗ ਕਰਦਾ ਹੈ ਕਿ ਉਹ ਦੇ ਸੇਵਕ ਇਨ੍ਹਾਂ “[ਉਚ] ਹਕੂਮਤਾਂ” ਦੇ ਅਧੀਨ ਰਹਿਣ। ਉਨ੍ਹਾਂ ਨੂੰ ਕਰ ਜ਼ਰੂਰ ਭਰਨੇ ਚਾਹੀਦੇ ਹਨ, ਭਾਵੇਂ ਇਹ ਕਰ ਭਾਰੇ ਹੋਣ ਅਤੇ ਇਕ ਵਿਅਕਤੀ ਉਸ ਚੀਜ਼ ਨਾਲ ਸਹਿਮਤ ਵੀ ਨਾ ਹੋਵੇ ਜਿਸ ਤਰੀਕੇ ਵਿਚ ਇਹ ਕਰ ਦਾ ਪੈਸਾ ਖਰਚਿਆ ਜਾਂਦਾ ਹੈ। ਨਾਲ ਹੀ, ਸਰਕਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। (ਰੋਮੀਆਂ 13:1, 7; ਤੀਤੁਸ 3:1) ਇਸ ਵਿਚ ਕੇਵਲ ਇਕ ਅਪਵਾਦ ਇਹ ਹੋਵੇਗਾ ਕਿ ਜਦੋਂ ਇਕ ਨਿਯਮ ਦੀ ਪਾਲਣਾ ਕਰਨਾ ਇਕ ਵਿਅਕਤੀ ਤੋਂ ਪਰਮੇਸ਼ੁਰ ਦੇ ਨਿਯਮ ਦੀ ਅਣਆਗਿਆ ਕਰਵਾਏ। ਇਸ ਸਥਿਤੀ ਵਿਚ, ਜਿਸ ਤਰ੍ਹਾਂ ਪਤਰਸ ਅਤੇ ਦੂਸਰੇ ਰਸੂਲਾਂ ਨੇ ਆਖਿਆ, “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜ਼ਰੂਰੀ ਹੈ।”—ਰਸੂਲਾਂ ਦੇ ਕਰਤੱਬ 5:29.

14. ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਜੀਵਨ ਦੀ ਕੀਮਤ ਦੇ ਸੰਬੰਧ ਵਿਚ ਪਰਮੇਸ਼ੁਰ ਦੀ ਦ੍ਰਿਸ਼ਟੀ ਨਾਲ ਸਹਿਮਤ ਹਾਂ?

14 ਪਰਮੇਸ਼ੁਰ ਜੀਵਨ ਨੂੰ ਬਹੁਤ ਕੀਮਤੀ ਸਮਝਦਾ ਹੈ। ਜਿਹੜੇ ਉਹ ਦੀ ਸਰਕਾਰ ਦੀ ਪਰਜਾ ਬਣਨਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਗੱਲ ਸਮਝਣਾ ਜ਼ਰੂਰੀ ਹੈ। ਇਹ ਸਪੱਸ਼ਟ ਹੈ ਕਿ ਕਤਲ ਪਰਮੇਸ਼ੁਰ ਦੇ ਨਿਯਮ ਦੇ ਵਿਰੁੱਧ ਹੈ। ਪਰ ਨਫ਼ਰਤ ਅਕਸਰ ਕਤਲ ਕਰਵਾਉਂਦੀ ਹੈ, ਅਤੇ ਅਗਰ ਇਕ ਵਿਅਕਤੀ ਆਪਣੇ ਸਾਥੀ ਮਨੁੱਖ ਨਾਲ ਨਫ਼ਰਤ ਜਾਰੀ ਰੱਖੇ, ਉਹ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਨਹੀਂ ਬਣ ਸਕਦਾ ਹੈ। (1 ਯੂਹੰਨਾ 3:15) ਇਸ ਦੇ ਕਾਰਨ, ਇਹ ਅਤਿ-ਆਵੱਸ਼ਕ ਹੈ ਕਿ ਜੋ ਬਾਈਬਲ ਵਿਚ ਯਸਾਯਾਹ 2:4 ਤੇ ਆਪਣੇ ਗੁਆਂਢੀ ਨੂੰ ਮਾਰਨ ਦੇ ਲਈ ਹਥਿਆਰ ਨਾ ਚੁੱਕਣ ਦੇ ਸੰਬੰਧ ਵਿਚ ਕਿਹਾ ਗਿਆ ਹੈ, ਉਸ ਨੂੰ ਲਾਗੂ ਕੀਤਾ ਜਾਵੇ। ਪਰਮੇਸ਼ੁਰ ਦਾ ਸ਼ਬਦ ਇਹ ਪ੍ਰਦਰਸ਼ਿਤ ਕਰਦਾ ਹੈ ਕਿ ਆਪਣੀ ਮਾਂ ਦੀ ਕੁਖ ਵਿਚ ਇਕ ਅਣਜੰਮੇ ਬੱਚੇ ਦਾ ਜੀਵਨ ਵੀ ਯਹੋਵਾਹ ਨੂੰ ਕੀਮਤੀ ਹੈ। (ਕੂਚ 21:22, 23; ਜ਼ਬੂਰਾਂ ਦੀ ਪੋਥੀ 127:3) ਅਤੇ ਫਿਰ ਭੀ ਹਰ ਸਾਲ ਲੱਖਾਂ ਹੀ ਗਰਭਪਾਤ ਕੀਤੇ ਜਾਂਦੇ ਹਨ। ਇਹ ਜੀਵਨ ਦਾ ਵਿਨਾਸ਼ ਪਰਮੇਸ਼ੁਰ ਦੇ ਨਿਯਮ ਦੇ ਵਿਰੁੱਧ ਹੈ, ਕਿਉਂਕਿ ਉਹ ਮਾਨਵ ਆਪਣੀ ਮਾਂ ਦੇ ਅੰਦਰ ਇਕ ਜੀਵਿਤ ਵਿਅਕਤੀ ਹੈ ਅਤੇ ਵਿਨਾਸ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।

15. ਰਾਜ ਦੀ ਸਾਰੀ ਪਰਜਾ ਨੂੰ ਪਰਮੇਸ਼ੁਰ ਦੇ ਰਾਜੇ ਦੇ ਕਿਹੜੇ ਹੁਕਮ ਮੰਨਣੇ ਚਾਹੀਦੇ ਹਨ?

15 ਫਿਰ ਭੀ, ਜਿਹੜੇ ਲੋਕ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨਗੇ, ਉਨ੍ਹਾਂ ਨੂੰ ਕੇਵਲ ਗ਼ਲਤ ਯਾ ਅਨੈਤਿਕ ਕੰਮ ਹੀ ਨਾ ਕਰਨ ਤੋਂ ਕੁਝ ਜ਼ਿਆਦਾ ਲਾਜ਼ਮੀ ਹੈ। ਉਨ੍ਹਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਦੂਸਰਿਆਂ ਲਈ ਦਿਆਲੂ ਅਤੇ ਨਿਰਸਵਾਰਥੀ ਕੰਮ ਕਰਨ ਵਿਚ ਸੱਚ-ਮੁੱਚ ਯਤਨ ਕਰਨ। ਉਨ੍ਹਾਂ ਦੇ ਵਾਸਤੇ, ਰਾਜਾ ਯਿਸੂ ਮਸੀਹ ਦੁਆਰਾ ਦਿੱਤੇ ਹੋਏ ਈਸ਼ਵਰੀ ਨਿਯਮ ਦੀ ਪਾਲਣਾ ਕਰਨਾ ਜ਼ਰੂਰੀ ਹੈ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਮਸੀਹ ਨੇ ਦੂਸਰਿਆਂ ਲਈ ਪਿਆਰ ਦਿਖਾਉਣ ਵਿਚ ਨਮੂਨਾ ਕਾਇਮ ਕੀਤਾ ਸੀ। ਉਸ ਨੇ ਮਨੁੱਖਜਾਤੀ ਲਈ ਆਪਣਾ ਜੀਵਨ ਵੀ ਬਲੀਦਾਨ ਕਰ ਦਿੱਤਾ, ਅਤੇ ਆਪਣੇ ਅਨੁਯਾਈਆਂ ਨੂੰ ਹੁਕਮ ਦਿੱਤਾ: “ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ।” (ਯੂਹੰਨਾ 13:34; 1 ਯੂਹੰਨਾ 3:16) ਇਹ ਇਸ ਤਰ੍ਹਾਂ ਦਾ ਨਿਰਸਵਾਰਥੀ ਪਿਆਰ ਅਤੇ ਦੂਸਰਿਆਂ ਦੇ ਲਈ ਖਿਆਲ ਹੈ ਜਿਹੜਾ ਪਰਮੇਸ਼ੁਰ ਦੇ ਰਾਜ ਦੇ ਅਧੀਨ ਜੀਉਣਾ ਸੱਚ-ਮੁੱਚ ਇਕ ਖੁਸ਼ੀ ਦੀ ਗੱਲ ਬਣਾ ਦੇਵੇਗਾ।—ਯਾਕੂਬ 2:8.

16, 17. (ੳ) ਪਰਮੇਸ਼ੁਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਆਪਣੇ ਜੀਵਨ ਵਿਚ ਤਬਦੀਲੀਆਂ ਲਿਆਉਣ ਲਈ ਕਿਹੜੇ ਅੱਛੇ ਕਾਰਨ ਹਨ? (ਅ) ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਅਸੀਂ ਕੋਈ ਵੀ ਲੋੜੀਂਦੀਆਂ ਤਬਦੀਲੀਆਂ ਲਿਆ ਸਕਦੇ ਹਾਂ?

16 ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਵਿਅਕਤੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਜੀਵਨ ਵਿਚ ਤਬਦੀਲੀਆਂ ਲਿਆਉਣ ਤਾਂ ਕਿ ਉਹ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਨ ਲਈ ਉਸ ਦੀਆਂ ਲੋੜਾਂ ਪੂਰੀਆਂ ਕਰ ਸਕਣ। (ਅਫ਼ਸੀਆਂ 4:20-24) ਕੀ ਤੁਸੀਂ ਇਹ ਤਬਦੀਲੀਆਂ ਲਿਆਉਣ ਲਈ ਯਤਨ ਕਰ ਰਹੇ ਹੋ? ਨਿਸ਼ਚੇ ਹੀ, ਇਸ ਤਰ੍ਹਾਂ ਕਰਨਾ ਕਿਸੇ ਵੀ ਯਤਨ ਦੇ ਯੋਗ ਹੈ! ਇਸ ਤਰ੍ਹਾਂ ਕਿਉਂ? ਇਸ ਦਾ ਅਰਥ ਇਹ ਨਹੀਂ ਹੋਵੇਗਾ ਕਿ ਤੁਸੀਂ ਕਿਸੇ ਮਾਨਵ ਸਰਕਾਰ ਦੇ ਅਧੀਨ ਕੇਵਲ ਕੁਝ ਸਾਲਾਂ ਲਈ ਹੀ ਬਿਹਤਰ ਜੀਵਨ ਬਤੀਤ ਕਰੋਗੇ। ਨਹੀਂ, ਤੁਸੀਂ ਪਰਮੇਸ਼ੁਰ ਦੁਆਰਾ ਸ਼ਾਸਿਤ ਸਰਕਾਰ ਦੇ ਅਧੀਨ ਪਰਾਦੀਸ ਧਰਤੀ ਉੱਤੇ ਪੂਰਣ ਸਿਹਤ ਵਿਚ ਸਦੀਪਕ ਜੀਵਨ ਪ੍ਰਾਪਤ ਕਰੋਗੇ!

17 ਹੁਣ ਵੀ, ਪਰਮੇਸ਼ੁਰ ਦੀਆਂ ਲੋੜਾਂ ਪੂਰੀਆਂ ਕਰ ਕੇ, ਤੁਸੀਂ ਜ਼ਿਆਦਾ ਖੁਸ਼ੀ ਵਾਲੇ ਜੀਵਨ ਦਾ ਆਨੰਦ ਮਾਣੋਗੇ। ਪਰ ਸ਼ਾਇਦ ਤੁਹਾਨੂੰ ਤਬਦੀਲੀਆਂ ਲਿਆਉਣ ਦੀ ਜ਼ਰੂਰਤ ਹੋਵੇ। ਭਲਾ, ਅਨੇਕ ਵਿਅਕਤੀ ਜਿਹੜੇ ਨਫ਼ਰਤ-ਭਰੇ ਯਾ ਲਾਲਚੀ ਸਨ ਤਬਦੀਲ ਹੋ ਗਏ ਹਨ। ਨਾਲੇ, ਵਿਭਚਾਰੀਆਂ, ਜ਼ਨਾਹਕਾਰਾਂ, ਸਮਲਿੰਗਕਾਮੀਆਂ, ਸ਼ਰਾਬੀਆਂ, ਖੂਨੀਆਂ, ਚੋਰਾਂ, ਨਸ਼ੀਲੀਆਂ ਦਵਾਈਆਂ ਦੇ ਨਸ਼ਈਆਂ ਅਤੇ ਤਮਾਖੂ ਨੂੰ ਇਸਤੇਮਾਲ ਕਰਨ ਵਾਲਿਆਂ ਨੇ ਆਪਣੇ ਜੀਵਨ ਦੇ ਢੰਗ ਨੂੰ ਤਬਦੀਲ ਕਰ ਲਿਆ ਹੈ। ਉਨ੍ਹਾਂ ਨੇ ਵਾਸਤਵਿਕ ਯਤਨ ਨਾਲ ਅਤੇ ਪਰਮੇਸ਼ੁਰ ਦੀ ਸਹਾਇਤਾ ਨਾਲ ਇਹ ਕੀਤਾ ਹੈ। (1 ਕੁਰਿੰਥੀਆਂ 6:9-11; ਕੁਲੁੱਸੀਆਂ 3:5-9) ਇਸ ਲਈ ਅਗਰ ਤੁਹਾਡੇ ਸਾਮ੍ਹਣੇ ਪਰਮੇਸ਼ੁਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਔਖੀਆਂ ਤਬਦੀਲੀਆਂ ਪੇਸ਼ ਹਨ, ਤਾਂ ਯਤਨ ਕਰਨਾ ਨਾ ਛੱਡਿਓ। ਤੁਸੀਂ ਇਹ ਕਰ ਸਕਦੇ ਹੋ!

ਪਰਮੇਸ਼ੁਰ ਦੀ ਸਰਕਾਰ ਦੇ ਪ੍ਰਤੀ ਵਫ਼ਾਦਾਰੀ

18. ਪਰਮੇਸ਼ੁਰ ਕਿਸ ਵਿਸ਼ੇਸ਼ ਤਰੀਕੇ ਨਾਲ ਸਾਡੇ ਤੋਂ ਉਮੀਦ ਰੱਖਦਾ ਹੈ ਕਿ ਅਸੀਂ ਉਸ ਦੇ ਰਾਜ ਲਈ ਵਫ਼ਾਦਾਰ ਸਮਰਥਨ ਦਿਖਾਈਏ?

18 ਇਹ ਹੈਰਾਨਗੀ ਦੀ ਗੱਲ ਨਹੀਂ ਸਮਝੀ ਜਾਣੀ ਚਾਹੀਦੀ ਹੈ ਕਿ ਯਹੋਵਾਹ ਪਰਮੇਸ਼ੁਰ ਆਪਣੀ ਪਰਜਾ ਤੋਂ ਆਪਣੀ ਰਾਜ ਸਰਕਾਰ ਦੇ ਪ੍ਰਤੀ ਵਫ਼ਾਦਾਰੀ ਦੀ ਮੰਗ ਕਰੇਗਾ। ਮਨੁੱਖਾਂ ਦੀਆਂ ਸਰਕਾਰਾਂ ਵੀ ਆਪਣੇ ਨਾਗਰਿਕਾਂ ਤੋਂ ਇਹੋ ਹੀ ਚੀਜ਼ ਦੀ ਮੰਗ ਕਰਦੀਆਂ ਹਨ। ਪਰ ਪਰਮੇਸ਼ੁਰ ਕਿਸ ਵਿਸ਼ੇਸ਼ ਤਰੀਕੇ ਨਾਲ ਉਮੀਦ ਰੱਖਦਾ ਹੈ ਕਿ ਵਫ਼ਾਦਾਰ ਸਮਰਥਨ ਦਿੱਤਾ ਜਾਵੇ? ਕੀ ਉਸ ਦੀ ਪਰਜਾ ਦੁਆਰਾ ਉਹ ਦੇ ਰਾਜ ਵਾਸਤੇ ਹਥਿਆਰ ਚੁੱਕ ਕੇ ਲੜਾਈ ਕਰਨ ਨਾਲ? ਨਹੀਂ। ਇਸ ਦੀ ਬਜਾਇ, ਯਿਸੂ ਮਸੀਹ ਅਤੇ ਉਸ ਦੇ ਪਹਿਲੇ ਅਨੁਯਾਈਆਂ ਦੇ ਵਾਂਗ, ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਵਫ਼ਾਦਾਰ ਪ੍ਰਵਕਤਾ ਯਾ ਘੋਸ਼ਨਾ ਕਰਨ ਵਾਲੇ ਹੋਣਾ ਚਾਹੀਦਾ ਹੈ। (ਮੱਤੀ 4:17; 10:5-7; 24:14) ਇਹ ਯਹੋਵਾਹ ਦੀ ਇੱਛਾ ਹੈ ਕਿ ਹਰ ਇਕ ਵਿਅਕਤੀ ਜਾਣੇ ਕਿ ਉਸ ਦਾ ਰਾਜ ਕੀ ਹੈ ਅਤੇ ਇਹ ਕਿਸ ਤਰ੍ਹਾਂ ਮਨੁੱਖਜਾਤੀ ਦੀਆਂ ਸਮੱਸਿਆਵਾਂ ਨੂੰ ਸੁਲਝਾਵੇਗਾ। ਕੀ ਤੁਸੀਂ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਅਤੇ ਹੋਰਾਂ ਨਾਲ ਇਸ ਬਾਰੇ ਗੱਲਾਂ ਕੀਤੀਆਂ ਹਨ ਜਿਹੜੀਆਂ ਤੁਸੀਂ ਪਰਮੇਸ਼ੁਰ ਦੇ ਸ਼ਬਦ ਤੋਂ ਸਿੱਖੀਆਂ ਹਨ? ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਇਹ ਕਰੋ।—ਰੋਮੀਆਂ 10:10; 1 ਪਤਰਸ 3:15.

19. (ੳ) ਅਸੀਂ ਕਿਉਂ ਵਿਰੋਧਤਾ ਦੀ ਉਮੀਦ ਕਰ ਸਕਦੇ ਹਾਂ ਜਦੋਂ ਅਸੀਂ ਦੂਸਰਿਆਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਕਰਦੇ ਹਾਂ? (ਅ) ਤੁਹਾਨੂੰ ਕਿਹੜੇ ਸਵਾਲਾਂ ਦੇ ਜਵਾਬ ਦੇਣਾ ਜ਼ਰੂਰੀ ਹੈ?

19 ਦੂਸਰਿਆਂ ਨਾਲ ਰਾਜ ਬਾਰੇ ਗੱਲਾਂ ਕਰਨ ਲਈ ਮਸੀਹ ਅਤੇ ਉਸ ਦੇ ਪਹਿਲੇ ਅਨੁਯਾਈਆਂ ਨੂੰ ਹੌਸਲੇ ਦੀ ਜ਼ਰੂਰਤ ਸੀ, ਕਿਉਂਕਿ ਅਕਸਰ ਉਨ੍ਹਾਂ ਦੀ ਵਿਰੋਧਤਾ ਕੀਤੀ ਜਾਂਦੀ ਸੀ। (ਰਸੂਲਾਂ ਦੇ ਕਰਤੱਬ 5:41, 42) ਅੱਜ ਵੀ ਇਸੇ ਤਰ੍ਹਾਂ ਹੀ ਹੈ। ਇਹ ਇਬਲੀਸ-ਸ਼ਾਸਿਤ ਸੰਸਾਰ ਨਹੀਂ ਚਾਹੁੰਦਾ ਹੈ ਕਿ ਰਾਜ ਦੀ ਖੁਸ਼ ਖ਼ਬਰੀ ਦਾ ਪਰਚਾਰ ਕੀਤਾ ਜਾਵੇ। ਇਸ ਲਈ ਸਵਾਲ ਪੈਦਾ ਹੁੰਦੇ ਹਨ: ਤੁਹਾਡੀ ਕੀ ਸਥਿਤੀ ਹੈ? ਕੀ ਤੁਸੀਂ ਪਰਮੇਸ਼ੁਰ ਦੇ ਰਾਜ ਨੂੰ ਵਫ਼ਾਦਾਰ ਸਮਰਥਨ ਦੇਵੋਗੇ? ਉਸ ਦੀ ਇੱਛਾ ਇਹ ਹੈ ਕਿ ਅੰਤ ਆਉਣ ਤੋਂ ਪਹਿਲਾਂ ਰਾਜ ਦੇ ਸੰਬੰਧ ਵਿਚ ਬਹੁਤ ਵੱਡੀ ਗਵਾਹੀ ਦਿੱਤੀ ਜਾਵੇ। ਕੀ ਤੁਸੀਂ ਇਹ ਦੇਣ ਵਿਚ ਹਿੱਸਾ ਲਵੋਗੇ?

[ਸਵਾਲ]

[ਸਫ਼ੇ 128 ਉੱਤੇ ਤਸਵੀਰ]

ਜਿਹੜੇ ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਬਣਦੇ ਹਨ ਉਨ੍ਹਾਂ ਨੂੰ ਉਸ ਬਾਰੇ ਗਿਆਨ ਹੋਣਾ ਚਾਹੀਦਾ ਹੈ

[ਸਫ਼ੇ 131 ਉੱਤੇ ਤਸਵੀਰਾਂ]

ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਨੂੰ ਪਰਮੇਸ਼ੁਰ ਦੁਆਰਾ ਰੱਦ ਕੀਤੀਆਂ ਹੋਈਆਂ ਕ੍ਰਿਆਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ

[ਸਫ਼ੇ 133 ਉੱਤੇ ਤਸਵੀਰ]

ਪਰਮੇਸ਼ੁਰ ਦੀ ਸਰਕਾਰ ਦੀ ਪਰਜਾ ਲਈ ਦੂਸਰਿਆਂ ਨੂੰ ਉਸ ਬਾਰੇ ਦੱਸਣਾ ਜ਼ਰੂਰੀ ਹੈ