Skip to content

Skip to table of contents

ਪ੍ਰਾਰਥਨਾ ਰਾਹੀਂ ਕਿਵੇਂ ਸਹਾਇਤਾ ਪ੍ਰਾਪਤ ਕਰਨਾ?

ਪ੍ਰਾਰਥਨਾ ਰਾਹੀਂ ਕਿਵੇਂ ਸਹਾਇਤਾ ਪ੍ਰਾਪਤ ਕਰਨਾ?

ਅਧਿਆਇ 27

ਪ੍ਰਾਰਥਨਾ ਰਾਹੀਂ ਕਿਵੇਂ ਸਹਾਇਤਾ ਪ੍ਰਾਪਤ ਕਰਨਾ?

1.ਸਾਨੂੰ ਪਰਮੇਸ਼ੁਰ ਤੋਂ ਕਿਸ ਸਹਾਇਤਾ ਦੀ ਜ਼ਰੂਰਤ ਹੈ, ਅਤੇ ਅਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰਦੇ ਹਾਂ?

ਇਸ ਦੁਨੀਆਂ ਦੇ ਦੁਸ਼ਟ ਪ੍ਰਭਾਵ ਤੋਂ ਬਚੇ ਰਹਿਣ ਲਈ, ਮਸੀਹੀਆਂ ਨੂੰ ਖ਼ਾਸ ਤੌਰ ਤੇ ਉਸ ਸਹਾਇਤਾ ਦੀ ਜ਼ਰੂਰਤ ਹੈ ਜਿਹੜੀ ਪ੍ਰਾਰਥਨਾ ਦੁਆਰਾ ਪ੍ਰਾਪਤ ਹੁੰਦੀ ਹੈ। ਯਿਸੂ ਨੇ ਆਖਿਆ: “ਉਹ ਸੁਰਗੀ ਪਿਤਾ . . . ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ।” (ਲੂਕਾ 11:13) ਸਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ, ਯਾ ਕ੍ਰਿਆਸ਼ੀਲ ਸ਼ਕਤੀ ਦੀ ਜ਼ਰੂਰਤ ਹੈ, ਜਿਸ ਤਰ੍ਹਾਂ ਸਾਨੂੰ ਉਸ ਦੇ ਸ਼ਬਦ ਦਾ ਅਧਿਐਨ ਕਰਨ ਅਤੇ ਉਸ ਦੇ ਸੰਗਠਨ ਨਾਲ ਸੰਗਤ ਕਰਨ ਦੀ ਵੀ ਜ਼ਰੂਰਤ ਹੈ। ਲੇਕਨ ਪਵਿੱਤਰ ਆਤਮਾ ਪ੍ਰਾਪਤ ਕਰਨ ਵਾਸਤੇ, ਸਾਨੂੰ ਉਸ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।

2.(ੳ)ਪ੍ਰਾਰਥਨਾ ਕੀ ਹੈ? (ਅ) ਪ੍ਰਾਰਥਨਾ ਦੇ ਕਿਹੜੇ ਵਿਭਿੰਨ ਰੂਪ ਹਨ? (ੲ) ਪ੍ਰਾਰਥਨਾ ਮਹੱਤਵਪੂਰਣ ਕਿਉਂ ਹੈ?

2 ਪ੍ਰਾਰਥਨਾ ਪਰਮੇਸ਼ੁਰ ਨਾਲ ਆਦਰਪੂਰਣ ਗੱਲ-ਬਾਤ ਕਰਨੀ ਹੈ। ਇਹ ਇਕ ਬੇਨਤੀ ਦੇ ਰੂਪ ਵਿਚ ਹੋ ਸਕਦੀ ਹੈ, ਜਿਸ ਤਰ੍ਹਾਂ ਜਦੋਂ ਪਰਮੇਸ਼ੁਰ ਤੋਂ ਚੀਜ਼ਾਂ ਮੰਗਦੇ ਸਮੇਂ। ਲੇਕਨ ਪ੍ਰਾਰਥਨਾ ਪਰਮੇਸ਼ੁਰ ਨੂੰ ਧੰਨਵਾਦ ਯਾ ਪ੍ਰਸ਼ੰਸਾ ਦੇ ਬਚਨ ਵੀ ਹੋ ਸਕਦੇ ਹਨ। (1 ਇਤਹਾਸ 29:10-13) ਆਪਣੇ ਸਵਰਗੀ ਪਿਤਾ ਦੇ ਨਾਲ ਅੱਛਾ ਰਿਸ਼ਤਾ ਕਾਇਮ ਰੱਖਣ ਦੇ ਲਈ, ਸਾਨੂੰ ਬਾਕਾਇਦਾ ਉਸ ਦੇ ਨਾਲ ਪ੍ਰਾਰਥਨਾ ਦੇ ਜ਼ਰੀਏ ਬੋਲਣਾ ਜ਼ਰੂਰੀ ਹੈ। (ਰੋਮੀਆਂ 12:12; ਅਫ਼ਸੀਆਂ 6:18) ਉਸ ਦੀ ਕ੍ਰਿਆਸ਼ੀਲ ਸ਼ਕਤੀ, ਜਿਹੜੀ ਸਾਨੂੰ ਮੰਗਣ ਤੇ ਹਾਸਲ ਹੁੰਦੀ ਹੈ, ਸ਼ਤਾਨ ਯਾ ਉਸ ਦੀ ਦੁਨੀਆਂ ਦੁਆਰਾ ਸਾਡੇ ਉੱਤੇ ਲਿਆਈ ਗਈ ਕੋਈ ਵੀ ਮੁਸ਼ਕਿਲ ਯਾ ਪਰਤਾਵੇ ਦੇ ਬਾਵਜੂਦ ਸਾਨੂੰ ਉਹ ਦੀ ਇੱਛਾ ਪੂਰੀ ਕਰਨ ਦੇ ਲਈ ਮਜ਼ਬੂਤ ਕਰ ਸਕਦੀ ਹੈ।—1 ਕੁਰਿੰਥੀਆਂ 10:13; ਅਫ਼ਸੀਆਂ 3:20.

3.(ੳ)ਅਸੀਂ ਪਰਮੇਸ਼ੁਰ ਤੋਂ ਕੀ ਸ਼ਕਤੀ ਹਾਸਲ ਕਰ ਸਕਦੇ ਹਾਂ? (ਅ) ਅਸੀਂ ਪਰਮੇਸ਼ੁਰ ਦੇ ਨਾਲ ਇਕ ਅੱਛਾ ਰਿਸ਼ਤਾ ਸਿਰਫ਼ ਕਿਵੇਂ ਕਾਇਮ ਰੱਖ ਸਕਦੇ ਹਾਂ?

3 ਤੁਸੀਂ ਸ਼ਾਇਦ ਕਿਸੇ ਅਜਿਹੀ ਆਦਤ ਯਾ ਅਭਿਆਸ ਨੂੰ ਛੱਡਣ ਲਈ ਵਾਸਤਵਿਕ ਸੰਘਰਸ਼ ਕਰ ਰਹੇ ਹੋਵੋ। ਅਗਰ ਇਸ ਤਰ੍ਹਾਂ ਹੈ, ਤਾਂ ਯਹੋਵਾਹ ਦੀ ਸਹਾਇਤਾ ਭਾਲੋ। ਪ੍ਰਾਰਥਨਾ ਵਿਚ ਉਸ ਕੋਲ ਜਾਓ। ਰਸੂਲ ਪੌਲੁਸ ਨੇ ਇਸ ਤਰ੍ਹਾਂ ਕੀਤਾ, ਅਤੇ ਉਸ ਨੇ ਲਿਖਿਆ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿੱਪੀਆਂ 4:13; ਜ਼ਬੂਰਾਂ ਦੀ ਪੋਥੀ 55:22; 121:1, 2) ਇਕ ਔਰਤ ਜਿਸ ਨੇ ਅਨੈਤਿਕ ਚਾਲ-ਚਲਣ ਤੋਂ ਛੁਟਕਾਰਾ ਪਾਇਆ, ਨੇ ਕਿਹਾ: “ਕੇਵਲ ਉਹ ਹੀ ਹੈ ਜਿਸ ਦੇ ਕੋਲ ਤੁਹਾਨੂੰ ਉਸ ਸਥਿਤੀ ਵਿਚੋਂ ਕੱਢਣ ਦੀ ਸ਼ਕਤੀ ਹੈ। ਤੁਹਾਨੂੰ ਯਹੋਵਾਹ ਦੇ ਨਾਲ ਉਹ ਨਿੱਜੀ ਰਿਸ਼ਤਾ ਰੱਖਣ ਦੀ ਜ਼ਰੂਰਤ ਹੈ, ਅਤੇ ਉਹ ਨਿੱਜੀ ਰਿਸ਼ਤਾ ਕਾਇਮ ਰੱਖਣ ਲਈ ਕੇਵਲ ਇਕੋ ਹੀ ਤਰੀਕਾ ਪ੍ਰਾਰਥਨਾ ਕਰਨਾ ਹੈ।”

4.ਇਕ ਮਨੁੱਖ ਨੂੰ ਧੂਮਰਪਾਨ ਦੀ ਆਦਤ ਤੋਂ ਛੁੱਟਣ ਦੀ ਸ਼ਕਤੀ ਕਿਸ ਤਰ੍ਹਾਂ ਮਿਲੀ ਸੀ?

4 ਪਰ ਫਿਰ ਇਕ ਵਿਅਕਤੀ ਸ਼ਾਇਦ ਆਖੇ: ‘ਮੈਂ ਪਰਮੇਸ਼ੁਰ ਦੀ ਸਹਾਇਤਾ ਲਈ ਕਈ ਵਾਰ ਪ੍ਰਾਰਥਨਾ ਕੀਤੀ ਹੈ, ਪਰ ਮੈਂ ਫਿਰ ਵੀ ਗ਼ਲਤ ਕੰਮ ਕਰਨ ਤੋਂ ਹੱਟ ਨਹੀਂ ਸਕਦਾ ਹਾਂ।’ ਉਹ ਵਿਅਕਤੀ ਜਿਹੜੇ ਧੂਮਰਪਾਨ ਕਰਦੇ ਹਨ ਇਹੋ ਆਖਦੇ ਹਨ। ਜਦੋਂ ਇਕ ਅਜਿਹੇ ਮਨੁੱਖ ਨੂੰ ਪੁੱਛਿਆ ਗਿਆ: “ਤੁਸੀਂ ਕਦੋਂ ਪ੍ਰਾਰਥਨਾ ਕਰਦੇ ਹੋ?” ਉਸ ਨੇ ਉੱਤਰ ਦਿੱਤਾ: “ਸ਼ਾਮ ਨੂੰ ਸੌਣ ਤੋਂ ਪਹਿਲਾਂ, ਸਵੇਰ ਨੂੰ ਉੱਠਦੇ ਸਮੇਂ, ਅਤੇ ਕਮਜ਼ੋਰ ਹੋਣ ਤੋਂ ਬਾਅਦ ਜਦੋਂ ਮੈਂ ਧੂਮਰਪਾਨ ਕਰ ਲੈਂਦਾ ਹਾਂ, ਮੈਂ ਯਹੋਵਾਹ ਨੂੰ ਦੱਸਦਾ ਹਾਂ ਕਿ ਮੈਂ ਜੋ ਕੀਤਾ ਹੈ ਉਸ ਲਈ ਤੋਬਾ ਕਰਦਾ ਹਾਂ।” ਉਸ ਦੇ ਮਿੱਤਰ ਨੇ ਆਖਿਆ: “ਤੁਹਾਨੂੰ ਵਾਸਤਵ ਵਿਚ ਉਸ ਸਮੇਂ ਪਰਮੇਸ਼ੁਰ ਦੀ ਸਹਾਇਤਾ ਦੀ ਲੋੜ ਹੈ ਜਿਸ ਪਲ ਤੁਸੀਂ ਧੂਮਰਪਾਨ ਕਰਨ ਹੀ ਲੱਗਦੇ ਹੋ, ਹੈ ਕਿ ਨਹੀਂ? ਉਸ ਸਮੇਂ ਤੁਹਾਨੂੰ ਯਹੋਵਾਹ ਨੂੰ ਸ਼ਕਤੀ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ।” ਜਦੋਂ ਇਸ ਮਨੁੱਖ ਨੇ ਇਹ ਕੀਤਾ, ਉਸ ਨੂੰ ਧੂਮਰਪਾਨ ਛੱਡਣ ਦੀ ਸਹਾਇਤਾ ਪ੍ਰਾਪਤ ਹੋਈ।

5.(ੳ)ਪਰਮੇਸ਼ੁਰ ਦੀ ਸੇਵਾ ਉਚਿਤ ਤਰੀਕੇ ਨਾਲ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਹੈ? (ਅ) ਕੀ ਸੰਕੇਤ ਕਰਦਾ ਹੈ ਕਿ ਕਿਸੇ ਪਾਪਪੂਰਣ ਕ੍ਰਿਆ ਤੋਂ ਪਰੇ ਹੱਟਣ ਵਿਚ ਕਸ਼ਟ ਸਹਿਣਾ ਸ਼ਾਮਲ ਹੁੰਦਾ ਹੈ?

5 ਇਸ ਦਾ ਇਹ ਕਹਿਣ ਦਾ ਅਰਥ ਨਹੀਂ ਹੈ ਕਿ ਪਰਮੇਸ਼ੁਰ ਦੇ ਸ਼ਬਦ ਦਾ ਅਧਿਐਨ ਅਤੇ ਉਸ ਦੇ ਦ੍ਰਿਸ਼ਟ ਸੰਗਠਨ ਨਾਲ ਸੰਗਤ ਕਰਨ ਦੇ ਨਾਲੋਂ-ਨਾਲ ਉਸ ਨੂੰ ਪ੍ਰਾਰਥਨਾ ਕਰਨਾ, ਤੁਹਾਡੇ ਲਈ ਸਹੀ ਕੰਮ ਕਰਨਾ ਸੌਖਾ ਕਰ ਦੇਵੇਗਾ। ਹਾਲੇ ਵੀ ਯਤਨ ਦੀ ਜ਼ਰੂਰਤ ਹੈ; ਹਾਂ, ਇਕ ਸਖ਼ਤ ਸੰਘਰਸ਼ ਦੀ ਜ਼ਰੂਰਤ ਹੈ, ਜਿਸ ਵਿਚ ਸ਼ਾਇਦ ਕਸ਼ਟ ਸਹਿਣਾ ਵੀ ਸ਼ਾਮਲ ਹੋਵੇ। (1 ਕੁਰਿੰਥੀਆਂ 9:27) ਬੁਰੀਆਂ ਆਦਤਾਂ ਦੇ ਕਾਰਨ ਬੁਰੇ ਕੰਮ ਕਰਨ ਲਈ ਬਹੁਤ ਤੀਬਰ ਇੱਛਾ ਪੈਦਾ ਹੋ ਸਕਦੀ ਹੈ। ਜਦੋਂ ਇਕ ਵਿਅਕਤੀ ਕਿਸੇ ਪਾਪਪੂਰਣ ਕ੍ਰਿਆ ਤੋਂ ਪਰੇ ਹੱਟਦਾ ਹੈ ਤਾਂ ਫਿਰ ਇਸ ਦਾ ਨਤੀਜਾ ਆਮ ਤੌਰ ਤੇ ਕਸ਼ਟ ਸਹਿਣਾ ਹੁੰਦਾ ਹੈ। ਕੀ ਤੁਸੀਂ ਉਹ ਕੰਮ ਕਰਨ ਲਈ ਜੋ ਸਹੀ ਹੈ ਕਸ਼ਟ ਸਹਿਣ ਲਈ ਰਜ਼ਾਮੰਦ ਹੋ?—1 ਪਤਰਸ 2:20, 21.

ਪ੍ਰਾਰਥਨਾਵਾਂ ਜਿਹੜੀਆਂ ਪਰਮੇਸ਼ੁਰ ਸੁਣਦਾ ਹੈ

6.(ੳ)ਅਨੇਕ ਵਿਅਕਤੀਆਂ ਨੂੰ ਪ੍ਰਾਰਥਨਾ ਕਰਨਾ ਕਿਉਂ ਮੁਸ਼ਕਲ ਲੱਗਦਾ ਹੈ? (ਅ) ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤਾਂਕਿ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣ?

6 ਅਨੇਕ ਵਿਅਕਤੀਆਂ ਨੂੰ ਪ੍ਰਾਰਥਨਾ ਕਰਨਾ ਮੁਸ਼ਕਲ ਲੱਗਦਾ ਹੈ। “ਮੈਨੂੰ ਅਜਿਹੇ ਵਿਅਕਤੀ ਨੂੰ ਪ੍ਰਾਰਥਨਾ ਕਰਨਾ ਜਿਸ ਨੂੰ ਮੈਂ ਦੇਖ ਨਹੀਂ ਸਕਦੀ ਹਾਂ ਮੁਸ਼ਕਲ ਲੱਗ ਰਿਹਾ ਹੈ,” ਇਕ ਜਵਾਨ ਔਰਤ ਨੇ ਕਬੂਲ ਕੀਤਾ। ਕਿਉਂਕਿ ਕਿਸੇ ਵੀ ਮਨੁੱਖ ਨੇ ਪਰਮੇਸ਼ੁਰ ਨੂੰ ਵੇਖਿਆ ਨਹੀਂ ਹੈ, ਇਸ ਲਈ ਪ੍ਰਾਰਥਨਾ ਕਰਨ ਲਈ ਅਤੇ ਪਰਮੇਸ਼ੁਰ ਵੱਲੋਂ ਸੁਣੇ ਜਾਣ ਲਈ ਸਾਨੂੰ ਵਿਸ਼ਵਾਸ ਦੀ ਜ਼ਰੂਰਤ ਹੈ। ਸਾਨੂੰ ਇਹ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਕਿ ਯਹੋਵਾਹ ਵਾਸਤਵ ਵਿਚ ਹੋਂਦ ਵਿਚ ਹੈ ਅਤੇ ਜੋ ਅਸੀਂ ਮੰਗੀਏ ਉਹ ਪੂਰਾ ਕਰ ਸਕਦਾ ਹੈ। (ਇਬਰਾਨੀਆਂ 11:6) ਅਗਰ ਅਸੀਂ ਇਸ ਪ੍ਰਕਾਰ ਦਾ ਵਿਸ਼ਵਾਸ ਰੱਖਦੇ ਹਾਂ, ਅਤੇ ਅਗਰ ਅਸੀਂ ਸੁਹਿਰਦ ਦਿਲ ਦੇ ਨਾਲ ਪਰਮੇਸ਼ੁਰ ਦੇ ਸਨਮੁਖ ਆਉਂਦੇ ਹਾਂ, ਤਾਂ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਉਹ ਸਾਡੀ ਸਹਾਇਤਾ ਕਰੇਗਾ। (ਮਰਕੁਸ 9:23) ਇਸ ਪ੍ਰਕਾਰ, ਭਾਵੇਂ ਉਸ ਸਮੇਂ ਰੋਮੀ ਫ਼ੌਜੀ ਅਫਸਰ ਕੁਰਨੇਲਿਯੁਸ ਪਰਮੇਸ਼ੁਰ ਦੇ ਸੰਗਠਨ ਦਾ ਹਿੱਸਾ ਨਹੀਂ ਸੀ, ਪਰ ਜਦੋਂ ਉਸ ਨੇ ਸੁਹਿਰਦਤਾ ਦੇ ਨਾਲ ਨਿਰਦੇਸ਼ਨ ਦੇ ਲਈ ਪ੍ਰਾਰਥਨਾ ਕੀਤੀ, ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣੀ।—ਰਸੂਲਾਂ ਦੇ ਕਰਤੱਬ 10:30-33.

7.(ੳ)ਪਰਮੇਸ਼ੁਰ ਨੂੰ ਕਿਸ ਪ੍ਰਕਾਰ ਦੀਆਂ ਪ੍ਰਾਰਥਨਾਵਾਂ ਪ੍ਰਸੰਨ ਕਰਦੀਆਂ ਹਨ? (ਅ) ਪਰਮੇਸ਼ੁਰ ਕਿਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣੇਗਾ?

7 ਕੁਝ ਵਿਅਕਤੀਆਂ ਨੂੰ ਆਪਣੀਆਂ ਗੱਲਾਂ ਸ਼ਬਦਾਂ ਵਿਚ ਪ੍ਰਗਟ ਕਰਨੀਆਂ ਮੁਸ਼ਕਲ ਲੱਗਦੀਆਂ ਹਨ। ਫਿਰ ਵੀ, ਇਸ ਚੀਜ਼ ਨੂੰ ਉਨ੍ਹਾਂ ਨੂੰ ਯਹੋਵਾਹ ਦੇ ਨਾਲ ਪ੍ਰਾਰਥਨਾ ਦੁਆਰਾ ਬੋਲਣ ਤੋਂ ਨਹੀਂ ਰੋਕਣਾ ਚਾਹੀਦਾ ਹੈ। ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਉਹ ਸਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ ਅਤੇ ਜੋ ਕੁਝ ਅਸੀਂ ਆਖਣਾ ਚਾਹੁੰਦੇ ਹਾਂ ਉਹ ਸਮਝ ਲਵੇਗਾ। (ਮੱਤੀ 6:8) ਇਸ ਬਾਰੇ ਵਿਚਾਰ ਕਰੋ: ਤੁਸੀਂ ਇਕ ਬੱਚੇ ਤੋਂ ਸੱਭ ਤੋਂ ਜ਼ਿਆਦਾ ਕਿਹੜੇ ਸ਼ਬਦ ਪਸੰਦ ਕਰਦੇ ਹੋ—ਉਹ ਦਾ ਆਪਣਾ ਹੀ ਸਾਧਾਰਣ, ਸੁਹਿਰਦ ਧੰਨਵਾਦ, ਯਾ ਕੋਈ ਵਿਸ਼ੇਸ਼ ਸ਼ਬਦ ਜੋ ਉਹ ਨੂੰ ਕਿਸੇ ਨੇ ਆਖਣ ਲਈ ਕਹੇ ਹੋਣ? ਇਸੇ ਹੀ ਤਰ੍ਹਾਂ ਸਵਰਗ ਵਿਚ ਸਾਡਾ ਪਿਤਾ ਸਾਡੇ ਤੋਂ ਸਾਧਾਰਣ, ਸੁਹਿਰਦ ਸ਼ਬਦ ਪਸੰਦ ਕਰਦਾ ਹੈ। (ਯਾਕੂਬ 4:6; ਲੂਕਾ 18:9-14) ਕਿਸੇ ਵਿਸ਼ੇਸ਼ ਸ਼ਬਦਾਂ ਯਾ ਧਾਰਮਿਕ ਭਾਸ਼ਾ ਦੀ ਜ਼ਰੂਰਤ ਨਹੀਂ ਹੈ। ਉਹ ਉਨ੍ਹਾਂ ਦੀ ਨਹੀਂ ਸੁਣੇਗਾ ਜਿਹੜੇ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਲਈ ਅਸਾਧਾਰਣ ਯਾ ਉੱਚ-ਬੋਲੀ ਦੀ ਭਾਸ਼ਾ ਵਿਚ ਪ੍ਰਾਰਥਨਾ ਕਰਦੇ ਹਨ, ਯਾ ਜਿਹੜੇ ਅਸੁਹਿਰਦ ਤਰੀਕੇ ਨਾਲ ਉਹੀ ਚੀਜ਼ਾਂ ਵਾਰ ਵਾਰ ਆਖੀ ਜਾਂਦੇ ਹਨ।—ਮੱਤੀ 6:5, 7.

8.(ੳ)ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਪਰਮੇਸ਼ੁਰ ਚੁੱਪ-ਚਾਪ ਆਖੀਆਂ ਗਈਆਂ ਪ੍ਰਾਰਥਨਾਵਾਂ ਵੀ ਸੁਣ ਸਕਦਾ ਹੈ? (ਅ) ਕੀ ਬਾਈਬਲ ਸੰਕੇਤ ਕਰਦੀ ਹੈ ਕਿ ਸਾਨੂੰ ਕਿਸੇ ਖ਼ਾਸ ਸਥਿਤੀ ਯਾ ਸਥਾਨ ਵਿਚ ਪ੍ਰਾਰਥਨਾ ਕਰਨੀ ਚਾਹੀਦੀ ਹੈ?

8 ਜਦੋਂ ਤੁਸੀਂ ਚੁੱਪ-ਚਾਪ ਵੀ ਪ੍ਰਾਰਥਨਾ ਕਰਦੇ ਹੋ, ਪਰਮੇਸ਼ੁਰ ਸੁਣ ਸਕਦਾ ਹੈ। ਜਦੋਂ ਨਹਮਯਾਹ ਨੇ ਇਸ ਤਰ੍ਹਾਂ ਕੀਤਾ, ਪਰਮੇਸ਼ੁਰ ਨੇ ਉਸ ਦੀ ਸੁਹਿਰਦ ਬੇਨਤੀ ਦੇ ਅਨੁਸਾਰ ਕਦਮ ਉਠਾਏ, ਅਤੇ ਇਸੇ ਹੀ ਤਰ੍ਹਾਂ ਹੰਨਾਹ ਦੇ ਨਾਲ ਵੀ ਹੋਇਆ। (ਨਹਮਯਾਹ 2:4-8; 1 ਸਮੂਏਲ 1:11-13, 19, 20) ਪ੍ਰਾਰਥਨਾ ਕਰਨ ਦੇ ਸਮੇਂ ਇਕ ਵਿਅਕਤੀ ਦੀ ਸਰੀਰਕ ਸਥਿਤੀ ਮਹੱਤਵਪੂਰਣ ਨਹੀਂ ਹੁੰਦੀ ਹੈ। ਤੁਸੀਂ ਕਿਸੇ ਵੀ ਸਥਿਤੀ ਵਿਚ, ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ, ਪ੍ਰਾਰਥਨਾ ਕਰ ਸਕਦੇ ਹੋ। ਫਿਰ ਵੀ, ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਨਿਮ੍ਰਤਾ ਦੀ ਸਥਿਤੀ, ਜਿਵੇਂ ਕਿ ਸਿਰ ਨਿਵਾਉਣਾ ਯਾ ਗੋਡਿਆਂ ਭਾਰ ਝੁਕਣਾ ਉਚਿਤ ਹੈ। (1 ਰਾਜਿਆਂ 8:54; ਨਹਮਯਾਹ 8:6; ਦਾਨੀਏਲ 6:10; ਮਰਕੁਸ 11:25; ਯੂਹੰਨਾ 11:41) ਅਤੇ ਯਿਸੂ ਨੇ ਸੰਕੇਤ ਕੀਤਾ ਕਿ ਜਦੋਂ ਨਿੱਜੀ ਪ੍ਰਾਰਥਨਾਵਾਂ ਇਕ ਏਕਾਂਤ ਦੇ ਸਥਾਨ ਵਿਚ, ਮਨੁੱਖਾਂ ਤੋਂ ਅਦਿੱਖ, ਆਖੀਆਂ ਜਾ ਸਕਣ ਤਾਂ ਇਹ ਇਕ ਅੱਛੀ ਗੱਲ ਹੈ।—ਮੱਤੀ 6:6.

9.(ੳ)ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਕਿਹ ਨੂੰ ਸੰਬੋਧਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਅਤੇ ਕਿਉਂ? (ਅ) ਸਾਡੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਨੂੰ ਪ੍ਰਵਾਨਯੋਗ ਹੋਣ ਲਈ ਕਿਸ ਦੇ ਨਾਂ ਦੁਆਰਾ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ?

9 ਪ੍ਰਾਰਥਨਾ ਸਾਡੀ ਉਪਾਸਨਾ ਦਾ ਇਕ ਹਿੱਸਾ ਹੈ। ਇਸ ਕਰਕੇ ਸਾਡੀਆਂ ਪ੍ਰਾਰਥਨਾਵਾਂ, ਕਿਸੇ ਹੋਰ ਨੂੰ ਨਹੀਂ, ਕੇਵਲ ਸਾਡੇ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਨੂੰ ਹੀ ਸੰਬੋਧਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। (ਮੱਤੀ 4:10) ਅਤੇ ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਮਸੀਹੀਆਂ ਨੂੰ ਯਿਸੂ ਦੇ ਜ਼ਰੀਏ ਹੀ, ਜਿਸ ਨੇ ਸਾਡੇ ਪਾਪਾਂ ਨੂੰ ਖ਼ਤਮ ਕਰਨ ਲਈ ਆਪਣੀ ਜਾਨ ਦਿੱਤੀ ਸੀ, ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਣਾ ਚਾਹੀਦਾ ਹੈ। ਇਸ ਦਾ ਅਰਥ ਹੈ ਕਿ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਯਿਸੂ ਦੇ ਨਾਂ ਦੁਆਰਾ ਕਰਨੀਆਂ ਚਾਹੀਦੀਆਂ ਹਨ।—ਯੂਹੰਨਾ 14:6, 14; 16:23; ਅਫ਼ਸੀਆਂ 5:20; 1 ਯੂਹੰਨਾ 2:1, 2.

10.(ੳ)ਕਿਨ੍ਹਾਂ ਦੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰਦੀਆਂ ਹਨ? (ਅ) ਅਗਰ ਸਾਡੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਦੁਆਰਾ ਸੁਣੀਆਂ ਜਾਣੀਆਂ ਹਨ ਤਾਂ ਸਾਨੂੰ ਕਿਹੜੀ ਮੂਲ ਜ਼ਰੂਰਤ ਪੂਰੀ ਕਰਨੀ ਚਾਹੀਦੀ ਹੈ?

10 ਪਰ, ਕੀ ਸਾਰੀਆਂ ਪ੍ਰਾਰਥਨਾਵਾਂ ਯਹੋਵਾਹ ਨੂੰ ਪ੍ਰਸੰਨ ਕਰਦੀਆਂ ਹਨ? ਬਾਈਬਲ ਆਖਦੀ ਹੈ: “ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਹੁੰਦੀ ਹੈ।” (ਕਹਾਉਤਾਂ 28:9; 15:29; ਯਸਾਯਾਹ 1:15) ਇਸ ਲਈ ਅਗਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਇਕ ਮੂਲ ਜ਼ਰੂਰਤ ਇਹ ਹੈ ਕਿ ਅਸੀਂ ਉਸ ਦੀ ਇੱਛਾ ਪੂਰੀ ਕਰੀਏ, ਕਿ ਅਸੀਂ ਉਸ ਦੇ ਨਿਯਮਾਂ ਦੀ ਪਾਲਣਾ ਕਰੀਏ। ਵਰਨਾ ਪਰਮੇਸ਼ੁਰ ਸਾਡੀ ਨਹੀਂ ਸੁਣੇਗਾ, ਜਿਸ ਤਰ੍ਹਾਂ ਇਕ ਖਰਾ ਵਿਅਕਤੀ ਇਕ ਅਜਿਹੇ ਰੇਡੀਓ ਪ੍ਰੋਗ੍ਰਾਮ ਨੂੰ ਨਹੀਂ ਸੁਣੇਗਾ ਜਿਸ ਨੂੰ ਉਹ ਅਨੈਤਿਕ ਸਮਝਦਾ ਹੈ। ਬਾਈਬਲ ਆਖਦੀ ਹੈ: “ਜੋ ਕੁਝ ਅਸੀਂ ਮੰਗਦੇ ਹਾਂ ਸੋ ਓਸ ਤੋਂ ਸਾਨੂੰ ਮਿਲਦਾ ਹੈ ਕਿਉਂ ਜੋ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਹੜੇ ਉਹ ਨੂੰ ਭਾਉਂਦੇ ਹਨ।” (ਟੇਢੇ ਟਾਈਪ ਸਾਡੇ)—1 ਯੂਹੰਨਾ 3:22.

11.ਇਸ ਦਾ ਕੀ ਅਰਥ ਹੈ ਕਿ ਜਿਸ ਚੀਜ਼ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਉਸ ਦੇ ਅਨੁਸਾਰ ਸਾਨੂੰ ਕੰਮ ਕਰਨਾ ਚਾਹੀਦਾ ਹੈ?

11 ਇਸ ਦਾ ਅਰਥ ਹੈ ਕਿ ਜਿਸ ਚੀਜ਼ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਉਸ ਦੇ ਅਨੁਸਾਰ ਸਾਨੂੰ ਕੰਮ ਕਰਨਾ ਚਾਹੀਦਾ ਹੈ। ਮਿਸਾਲ ਲਈ, ਇਕ ਵਿਅਕਤੀ ਲਈ ਇਹ ਗ਼ਲਤ ਹੋਵੇਗਾ ਕਿ ਉਹ ਪਰਮੇਸ਼ੁਰ ਤੋਂ ਤਮਾਖੂ ਯਾ ਮਾਰੀਯੂਆਨਾ ਦੇ ਇਸਤੇਮਾਲ ਤੋਂ ਹੱਟਣ ਲਈ ਉਸ ਦੀ ਸਹਾਇਤਾ ਮੰਗੇ ਅਤੇ ਫਿਰ ਬਾਹਰ ਜਾ ਕੇ ਇਨ੍ਹਾਂ ਪਦਾਰਥਾਂ ਨੂੰ ਖਰੀਦੇ। ਨਾ ਹੀ ਉਹ ਯਹੋਵਾਹ ਤੋਂ ਉਸ ਨੂੰ ਅਨੈਤਿਕਤਾ ਤੋਂ ਪਰੇ ਰਹਿਣ ਦੀ ਸਹਾਇਤਾ ਮੰਗ ਸਕਦਾ ਹੈ ਅਤੇ ਫਿਰ ਉਹ ਸਾਹਿਤ ਪੜ੍ਹੇ ਅਤੇ ਉਹ ਫਿਲਮਾਂ ਅਤੇ ਟੈਲੀਵਿਯਨ ਪ੍ਰੋਗ੍ਰਾਮ ਦੇਖੇ ਜਿਹੜੇ ਅਨੈਤਿਕਤਾ ਪੇਸ਼ ਕਰਦੇ ਹਨ। ਯਾ ਅਗਰ ਇਕ ਵਿਅਕਤੀ ਦੀ ਕਮਜ਼ੋਰੀ ਜੂਆਬਾਜ਼ੀ ਹੋਵੇ, ਤਾਂ ਉਹ ਪਰਮੇਸ਼ੁਰ ਨੂੰ ਉਸ ਤੋਂ ਹੱਟਣ ਦੀ ਸਹਾਇਤਾ ਲਈ ਪ੍ਰਾਰਥਨਾ ਨਹੀਂ ਕਰ ਸਕਦਾ ਹੈ ਅਤੇ ਫਿਰ ਘੋੜੇ ਦੌੜ ਮੈਦਾਨਾਂ ਯਾ ਹੋਰ ਅਜਿਹੇ ਸਥਾਨਾਂ ਵਿਚ ਜਾਵੇ ਜਿਥੇ ਜੂਆ ਖੇਡਿਆ ਜਾਂਦਾ ਹੈ। ਸਾਡੀਆਂ ਪ੍ਰਾਰਥਨਾਵਾਂ ਸੁਣੇ ਜਾਣ ਦੇ ਲਈ ਸਾਨੂੰ ਆਪਣੇ ਕੰਮਾਂ ਰਾਹੀਂ ਪ੍ਰਦਰਸ਼ਿਤ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਬਚਨ ਨਿਭਾਉਣੇ ਚਾਹੁੰਦੇ ਹਾਂ।

12.(ੳ)ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਸ਼ਾਮਲ ਕਰ ਸਕਦੇ ਹਾਂ? (ਅ) ਤਾਂਕਿ ਸਾਡੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਨੂੰ ਪ੍ਰਸੰਨ ਕਰਨ, ਸਾਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ?

12 ਤਾਂ ਫਿਰ, ਉਹ ਨਿੱਜੀ ਚੀਜ਼ਾਂ ਕੀ ਹਨ ਜਿਹੜੀਆਂ ਅਸੀਂ ਯਹੋਵਾਹ ਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਸ਼ਾਮਲ ਕਰ ਸਕਦੇ ਹਾਂ? ਅਸਲ ਵਿਚ ਕੋਈ ਵੀ ਗੱਲ ਜਿਹੜੀ ਪਰਮੇਸ਼ੁਰ ਦੇ ਨਾਲ ਸਾਡੇ ਰਿਸ਼ਤੇ ਉੱਤੇ ਪ੍ਰਭਾਵ ਪਾਵੇ ਪ੍ਰਾਰਥਨਾ ਦੇ ਵਿਸ਼ੇ ਲਈ ਉਚਿਤ ਹੈ, ਜਿਸ ਵਿਚ ਸਾਡੀ ਸਰੀਰਕ ਸਿਹਤ, ਨਾਲੇ ਬੱਚਿਆਂ ਦਾ ਪਾਲਣ-ਪੋਸਣ ਵੀ ਸ਼ਾਮਲ ਹੈ। (2 ਰਾਜਿਆਂ 20:1-3; ਨਿਆਈਆਂ 13:8) ਰਸੂਲ ਯੂਹੰਨਾ ਨੇ ਲਿਖਿਆ: “ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।” (1 ਯੂਹੰਨਾ 5:14, ਟੇਢੇ ਟਾਈਪ ਸਾਡੇ) ਸੋ ਮਹੱਤਵਪੂਰਣ ਗੱਲ ਇਹ ਹੈ ਕਿ ਸਾਡੀਆਂ ਬੇਨਤੀਆਂ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਹੋਣ। ਇਸ ਦਾ ਅਰਥ ਇਹ ਹੈ ਕਿ ਸਾਨੂੰ ਪਹਿਲਾਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਦੀ ਇੱਛਾ ਕੀ ਹੈ। (ਕਹਾਉਤਾਂ 3:5, 6) ਫਿਰ ਅਗਰ ਅਸੀਂ ਆਪਣੀਆਂ ਨਿੱਜੀ ਦਿਲਚਸਪੀਆਂ ਦੇ ਬਾਰੇ ਹੀ ਚਿੰਤਾ ਕਰਨ ਦੀ ਬਜਾਇ, ਪਰਮੇਸ਼ੁਰ ਦੀ ਇੱਛਾ ਅਤੇ ਮਕਸਦ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਾਰਥਨਾ ਕਰਦੇ ਹਾਂ, ਤਦ ਸਾਡੀਆਂ ਪ੍ਰਾਰਥਨਾਵਾਂ ਯਹੋਵਾਹ ਨੂੰ ਪ੍ਰਵਾਨਯੋਗ ਹੋਣਗੀਆਂ। ਇਹ ਉਚਿਤ ਹੈ ਕਿ ਅਸੀਂ ਉਨ੍ਹਾਂ ਅੱਛੀਆਂ ਚੀਜ਼ਾਂ ਵਾਸਤੇ ਜਿਨ੍ਹਾਂ ਦਾ ਯਹੋਵਾਹ ਪ੍ਰਬੰਧ ਕਰਦਾ ਹੈ ਹਰ ਰੋਜ਼ ਉਹ ਦਾ ਧੰਨਵਾਦ ਕਰੀਏ।—ਯੂਹੰਨਾ 6:11, 23; ਰਸੂਲਾਂ ਦੇ ਕਰਤੱਬ 14:16, 17.

13.(ੳ)ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਕਿ ਸਾਡੀਆਂ ਪ੍ਰਾਰਥਨਾਵਾਂ ਵਿਚ ਕਿਹੜੀਆਂ ਗੱਲਾਂ ਨੂੰ ਮਹੱਤਤਾ ਰੱਖਣਾ ਚਾਹੀਦਾ ਹੈ? (ਅ) ਸਾਨੂੰ ਦੂਜੇ ਦਰਜੇ ਦੀ ਮਹੱਤਤਾ ਦੀਆਂ ਕਿਹੜੀਆਂ ਚੀਜ਼ਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ?

13 ਯਿਸੂ ਨੇ ਆਪਣੇ ਅਨੁਯਾਈਆਂ ਨੂੰ ਨਿਰਦੇਸ਼ਨ ਦੇਣ ਲਈ ਕਿ ਪਰਮੇਸ਼ੁਰ ਕਿਸ ਤਰ੍ਹਾਂ ਦੀ ਪ੍ਰਾਰਥਨਾ ਸਵੀਕਾਰ ਕਰਦਾ ਹੈ, ਇਕ ਆਦਰਸ਼ ਪ੍ਰਾਰਥਨਾ ਦਿੱਤੀ ਸੀ। (ਮੱਤੀ 6:9-13) ਇਹ ਪ੍ਰਾਰਥਨਾ ਦਿਖਾਉਂਦੀ ਹੈ ਕਿ ਪਰਮੇਸ਼ੁਰ ਦਾ ਨਾਂ, ਉਸ ਦਾ ਰਾਜ, ਅਤੇ ਧਰਤੀ ਉੱਤੇ ਉਸ ਦੀ ਮਰਜ਼ੀ ਪੂਰੀ ਕਰਨਾ ਮਹੱਤਤਾ ਰੱਖਦੇ ਹਨ। ਉਸ ਦੇ ਮਗਰੋਂ, ਅਸੀਂ ਆਪਣੀਆਂ ਨਿੱਜੀ ਜ਼ਰੂਰਤਾਂ, ਜਿਵੇਂ ਕਿ ਸਾਡੀ ਰੋਜ਼ ਦੀ ਰੋਟੀ, ਪਾਪਾਂ ਦੀ ਮਾਫ਼ੀ, ਅਤੇ ਪਰਤਾਵੇ ਅਤੇ ਉਸ ਦੁਸ਼ਟ, ਸ਼ਤਾਨ ਅਰਥਾਤ ਇਬਲੀਸ ਤੋਂ ਬਚਾਏ ਜਾਣ ਲਈ ਆਖ ਸਕਦੇ ਹਾਂ।

ਦੂਸਰਿਆਂ ਦੀ ਸਹਾਇਤਾ ਕਰਨ ਲਈ ਪ੍ਰਾਰਥਨਾਵਾਂ

14.ਬਾਈਬਲ ਦੂਸਰਿਆਂ ਦੇ ਨਿਮਿੱਤ ਪ੍ਰਾਰਥਨਾ ਕਰਨ ਦੀ ਮਹੱਤਤਾ ਕਿਵੇਂ ਦਿਖਾਉਂਦੀ ਹੈ?

14 ਯਿਸੂ ਨੇ ਆਪਣੀ ਮਿਸਾਲ ਦੁਆਰਾ ਦੂਸਰਿਆਂ ਦੇ ਲਈ ਪ੍ਰਾਰਥਨਾ ਕਰਨ ਦੀ ਮਹੱਤਤਾ ਦਿਖਾਈ ਸੀ। (ਲੂਕਾ 22:32; 23:34; ਯੂਹੰਨਾ 17:20) ਰਸੂਲ ਪੌਲੁਸ ਅਜਿਹੀਆਂ ਪ੍ਰਾਰਥਨਾਵਾਂ ਦੀ ਕੀਮਤ ਜਾਣਦਾ ਸੀ ਅਤੇ ਅਕਸਰ ਦੂਸਰਿਆਂ ਨੂੰ ਆਪਣੇ ਨਿਮਿੱਤ ਪ੍ਰਾਰਥਨਾ ਕਰਨ ਵਾਸਤੇ ਆਖਦਾ ਸੀ। (1 ਥੱਸਲੁਨੀਕੀਆਂ 5:25; 2 ਥੱਸਲੁਨੀਕੀਆਂ 3:1; ਰੋਮੀਆਂ 15:30) ਜਦੋਂ ਉਹ ਕੈਦ ਵਿਚ ਸੀ ਉਸ ਨੇ ਲਿਖਿਆ: “ਮੈਨੂੰ ਆਸ ਹੈ ਭਈ ਤੁਹਾਡੀਆਂ ਪ੍ਰਾਰਥਨਾਂ ਦੇ ਦੁਆਰਾ . . . ਬਖ਼ਸ਼ਿਆ ਜਾਵਾਂਗਾ।” (ਫਿਲੇਮੋਨ 22; ਅਫ਼ਸੀਆਂ 6:18-20) ਪੌਲੁਸ ਦਾ ਜਲਦੀ ਹੀ ਕੈਦਖਾਨੇ ਵਿਚੋਂ ਛੁੱਟ ਜਾਣਾ ਉਨ੍ਹਾਂ ਪ੍ਰਾਰਥਨਾਵਾਂ ਦੇ ਲਾਭ ਨੂੰ ਸੰਕੇਤ ਕਰਦਾ ਹੈ ਜਿਹੜੀਆਂ ਉਹ ਦੇ ਲਈ ਆਖੀਆਂ ਗਈਆਂ ਸਨ।

15.ਉਨ੍ਹਾਂ ਵਿਅਕਤੀਆਂ ਦੇ ਸੰਬੰਧ ਵਿਚ ਜਿਨ੍ਹਾਂ ਨਾਲ ਅਸੀਂ ਪ੍ਰੇਮ ਰੱਖਦੇ ਹਾਂ, ਅਸੀਂ ਕਿਸ ਪ੍ਰਕਾਰ ਦੀਆਂ ਬੇਨਤੀਆਂ ਕਰ ਸਕਦੇ ਹਾਂ?

15 ਪੌਲੁਸ ਨੇ ਵੀ ਦੂਸਰਿਆਂ ਲਈ ਸਹਾਇਤਾਪੂਰਣ ਪ੍ਰਾਰਥਨਾਵਾਂ ਕੀਤੀਆਂ ਸਨ। “ਅਸੀਂ ਤੁਹਾਡੇ ਲਈ ਸਦਾ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਭਈ ਤੁਹਾਨੂੰ ਸਾਡਾ ਪਰਮੇਸ਼ੁਰ ਤੁਹਾਡੇ ਸੱਦੇ ਦੇ ਜੋਗ ਜਾਣੇ,” ਉਸ ਨੇ ਲਿਖਿਆ। (2 ਥੱਸਲੁਨੀਕੀਆਂ 1:11, ਟੇਢੇ ਟਾਈਪ ਸਾਡੇ) ਅਤੇ ਇਕ ਹੋਰ ਕਲੀਸਿਯਾ ਨੂੰ ਉਸ ਨੇ ਸਮਝਾਇਆ: “ਅਸੀਂ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਜੋ ਤੁਸੀਂ ਕੁਝ ਬੁਰਾ ਨਾ ਕਰੋ . . . ਇਸ ਲਈ ਜੋ ਤੁਸੀਂ ਭਲਾ ਕਰੋ।” (2 ਕੁਰਿੰਥੀਆਂ 13:7, ਟੇਢੇ ਟਾਈਪ ਸਾਡੇ) ਨਿਸ਼ਚੇ ਹੀ ਪੌਲੁਸ ਦੀ ਮਿਸਾਲ ਤੇ ਚੱਲਣਾ ਅਤੇ ਉਨ੍ਹਾਂ ਵਿਅਕਤੀਆਂ ਦੇ ਨਿਮਿੱਤ ਵਿਸ਼ੇਸ਼ ਬੇਨਤੀਆਂ ਕਰਨਾ ਜਿਨ੍ਹਾਂ ਨਾਲ ਅਸੀਂ ਪ੍ਰੇਮ ਰੱਖਦੇ ਹਾਂ ਅੱਛੀ ਗੱਲ ਹੈ। ਸੱਚ-ਮੁੱਚ ਹੀ, “ਧਰਮੀ ਪੁਰਖ ਦੀ ਬੇਨਤੀ [ਸੁਹਿਰਦ ਮਿੰਨਤ] ਤੋਂ ਬਹੁਤ ਅਸਰ ਹੁੰਦਾ ਹੈ।”—ਯਾਕੂਬ 5:13-16.

16.(ੳ)ਜ਼ਰੂਰੀ ਸਹਾਇਤਾ ਪ੍ਰਾਪਤ ਕਰਨ ਦੇ ਲਈ, ਸਾਨੂੰ ਕਦੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ? (ਅ) ਪ੍ਰਾਰਥਨਾ ਕਿਉਂ ਇਕ ਇੰਨਾ ਵੱਡਾ ਸਨਮਾਨ ਹੈ?

16 ਬਾਈਬਲ ਅਧਿਐਨ ਸੰਚਾਲਨ ਕਰਦੇ ਸਮੇਂ, ਇਕ ਸੇਵਕ ਅਕਸਰ ਪੁੱਛਦਾ ਹੈ: “ਕੀ ਤੁਸੀਂ ਆਪਣੇ ਹਫ਼ਤੇਵਾਰ ਬਾਈਬਲ ਅਧਿਐਨ ਦੇ ਅਵਸਰ ਤੋਂ ਅਤਿਰਿਕਤ ਕਿਸੇ ਹੋਰ ਸਮੇਂ ਵੀ ਪ੍ਰਾਰਥਨਾ ਕਰਦੇ ਹੋ?” ਉਹ ਸਹਾਇਤਾ ਪ੍ਰਾਪਤ ਕਰਨ ਵਾਸਤੇ ਜਿਸ ਦੀ ਸਾਨੂੰ ਜ਼ਰੂਰਤ ਹੈ, ਸਾਨੂੰ ਪਰਮੇਸ਼ੁਰ ਦੇ ਨਾਲ ਅਕਸਰ ਪ੍ਰਾਰਥਨਾ ਦੁਆਰਾ ਬੋਲਣਾ ਚਾਹੀਦਾ ਹੈ। (1 ਥੱਸਲੁਨੀਕੀਆਂ 5:17; ਲੂਕਾ 18:1-8) ਉਹ ਦੇ ਨਾਲ ਨਿਮ੍ਰਤਾ ਨਾਲ ਬੋਲਣਾ ਸਿੱਖੋ ਜਿਵੇਂ ਤੁਸੀਂ ਇਕ ਪਿਆਰੇ ਅਤੇ ਵਫ਼ਾਦਾਰ ਮਿੱਤਰ ਦੇ ਨਾਲ ਬੋਲਦੇ ਹੋ। ਸੱਚ-ਮੁੱਚ ਹੀ, ਇਸ ਵਿਸ਼ਵ-ਮੰਡਲ ਦੇ ਮਹਿਮਾਵਾਨ ਸ਼ਾਸਕ, ਪ੍ਰਾਰਥਨਾ ਦੇ ਸੁਣਨ ਵਾਲੇ ਨੂੰ ਸੰਬੋਧਨ ਕਰ ਸਕਣਾ ਅਤੇ ਇਹ ਜਾਣਨਾ ਕਿ ਉਹ ਤੁਹਾਡੀ ਸੁਣਦਾ ਹੈ, ਕਿੰਨਾ ਅਦਭੁਤ ਸਨਮਾਨ ਹੈ!—ਜ਼ਬੂਰਾਂ ਦੀ ਪੋਥੀ 65:⁠2.

[ਸਵਾਲ]

[ਸਫ਼ੇ 227 ਉੱਤੇ ਤਸਵੀਰ]

ਇਕ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਉਹ ਧੂਮਰਪਾਨ ਕਰਨ ਲਈ ਪਰਤਾਇਆ ਜਾਵੇ—ਸਹਾਇਤਾ ਲਈ ਪ੍ਰਾਰਥਨਾ ਕਰੇ ਯਾ ਹਾਰ ਮੰਨ ਲਵੇ?

[ਸਫ਼ੇ 229 ਉੱਤੇ ਤਸਵੀਰ]

ਕੀ ਤੁਸੀਂ ਸਹਾਇਤਾ ਲਈ ਪ੍ਰਾਰਥਨਾ ਕਰ ਕੇ ਫਿਰ ਅਜਿਹੀ ਕ੍ਰਿਆ ਵਿਚ ਸ਼ਾਮਲ ਹੁੰਦੇ ਹੋ ਜਿਹੜੀ ਗ਼ਲਤ ਕੰਮ ਵੱਲ ਲੈ ਜਾ ਸਕਦੀ ਹੈ?

[ਸਫ਼ੇ 230 ਉੱਤੇ ਤਸਵੀਰ]

ਕੀ ਤੁਸੀਂ ਏਕਾਂਤ ਵਿਚ ਪ੍ਰਾਰਥਨਾ ਕਰਦੇ ਹੋ ਯਾ ਕੇਵਲ ਉਦੋਂ ਹੀ ਜਦੋਂ ਦੂਸਰਿਆਂ ਦੇ ਨਾਲ ਹੁੰਦੇ ਹੋ?