Skip to content

Skip to table of contents

ਸਦਾ ਦੇ ਲਈ ਜੀਉਣ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ

ਸਦਾ ਦੇ ਲਈ ਜੀਉਣ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ

ਅਧਿਆਇ 30

ਸਦਾ ਦੇ ਲਈ ਜੀਉਣ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ

1.(ੳ) ਤੁਹਾਡੇ ਲਈ ਕਿਹੜੇ ਦੋ ਰਾਹ ਖੁੱਲ੍ਹੇ ਹਨ? (ਅ) ਤੁਸੀਂ ਸਹੀ ਰਾਹ ਕਿਸ ਤਰ੍ਹਾਂ ਚੁਣ ਸਕਦੇ ਹੋ?

ਯਹੋਵਾਹ ਪਰਮੇਸ਼ੁਰ ਤੁਹਾਨੂੰ ਇਕ ਅਦਭੁਤ ਚੀਜ਼ ਪੇਸ਼ ਕਰਦਾ ਹੈ—ਆਪਣੀ ਧਾਰਮਿਕ ਨਵੀਂ ਰੀਤੀ-ਵਿਵਸਥਾ ਵਿਚ ਸਦੀਪਕ ਜੀਵਨ। (2 ਪਤਰਸ 3:13) ਪਰ ਉਦੋਂ ਜੀਉਂਦੇ ਰਹਿਣਾ, ਪਰਮੇਸ਼ੁਰ ਦੀ ਇੱਛਾ ਹੁਣ ਪੂਰੀ ਕਰਨ ਉੱਤੇ ਨਿਰਭਰ ਹੈ। ਇਹ ਦੁਸ਼ਟ ਵਰਤਮਾਨ ਦੁਨੀਆਂ, ਜਿਸ ਵਿਚ ਉਹ ਸਾਰੇ ਸ਼ਾਮਲ ਹਨ ਜਿਹੜੇ ਇਸ ਦਾ ਹਿੱਸਾ ਬਣੇ ਰਹਿੰਦੇ ਹਨ, ਹੁਣ ਸਮਾਪਤ ਹੋਣ ਵਾਲੀ ਹੈ, “ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਇਸ ਲਈ ਤੁਹਾਨੂੰ ਦੋਹਾਂ ਰਾਹਾਂ ਵਿਚੋਂ ਇਕ ਚੁਣਨਾ ਪਵੇਗਾ। ਇਕ ਮੌਤ ਨੂੰ ਅਤੇ ਦੂਸਰਾ ਸਦੀਪਕ ਜੀਵਨ ਨੂੰ ਲੈ ਜਾਂਦਾ ਹੈ। (ਬਿਵਸਥਾ ਸਾਰ 30:19, 20) ਤੁਸੀਂ ਕਿਹੜਾ ਚੁਣੋਗੇ?

2.(ੳ) ਅਗਰ ਤੁਹਾਡੇ ਕੋਲ ਸੱਚਾ ਵਿਸ਼ਵਾਸ ਹੈ, ਤਾਂ ਤੁਸੀਂ ਕਿਸ ਚੀਜ਼ ਬਾਰੇ ਨਿਸ਼ਚਿਤ ਹੋਵੋਗੇ? (ਅ) ਪਰਮੇਸ਼ੁਰ ਵਿਚ ਉਸ ਤਰ੍ਹਾਂ ਵਿਸ਼ਵਾਸ ਕਰਨਾ ਜਿਵੇਂ ਇਕ ਬੱਚਾ ਆਪਣੇ ਪ੍ਰੇਮਪੂਰਣ ਪਿਤਾ ਵਿਚ ਵਿਸ਼ਵਾਸ ਕਰਦਾ ਹੈ ਤੁਹਾਨੂੰ ਕਿਸ ਤਰ੍ਹਾਂ ਉਸ ਦੀ ਸੇਵਾ ਕਰਨ ਵਿਚ ਮਦਦ ਕਰੇਗਾ?

2 ਤੁਸੀਂ ਕਿਸ ਤਰ੍ਹਾਂ ਦਿਖਾਉਂਦੇ ਹੋ ਕਿ ਤੁਸੀਂ ਜੀਵਨ ਚੁਣ ਰਹੇ ਹੋ? ਸਭ ਤੋਂ ਪਹਿਲਾਂ, ਤੁਹਾਨੂੰ ਯਹੋਵਾਹ ਅਤੇ ਉਸ ਦੇ ਵਾਇਦਿਆਂ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ। ਕੀ ਤੁਸੀਂ ਦ੍ਰਿੜ੍ਹਤਾ ਨਾਲ ਨਿਸ਼ਚਿਤ ਹੋ ਕਿ ਪਰਮੇਸ਼ੁਰ ਹੋਂਦ ਵਿਚ ਹੈ, “ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ”? (ਇਬਰਾਨੀਆਂ 11:6, ਟੇਢੇ ਟਾਈਪ ਸਾਡੇ) ਤੁਹਾਨੂੰ ਇਸ ਤਰ੍ਹਾਂ ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਜਿਵੇਂ ਇਕ ਪੁੱਤਰ ਯਾ ਇਕ ਧੀ ਆਪਣੇ ਪ੍ਰੇਮਪੂਰਣ ਅਤੇ ਦਿਆਲੂ ਪਿਤਾ ਵਿਚ ਵਿਸ਼ਵਾਸ ਕਰਦੇ ਹਨ। (ਜ਼ਬੂਰਾਂ ਦੀ ਪੋਥੀ 103:13, 14; ਕਹਾਉਤਾਂ 3:11, 12) ਅਜਿਹਾ ਵਿਸ਼ਵਾਸ ਰੱਖਣ ਨਾਲ, ਤੁਸੀਂ ਇਹ ਸੰਦੇਹ ਨਹੀਂ ਕਰੋਗੇ ਕਿ ਉਸ ਦੀ ਸਲਾਹ ਸਿਆਣੀ ਹੈ ਯਾ ਉਸ ਦੇ ਰਾਹ ਸਹੀ ਹਨ, ਭਾਵੇਂ ਕਈ ਵਾਰ ਤੁਸੀਂ ਪੂਰੀ ਤਰ੍ਹਾਂ ਕੁਝ ਗੱਲਾਂ ਨਾ ਵੀ ਸਮਝੋ।

3.(ੳ) ਵਿਸ਼ਵਾਸ ਦੇ ਅਤਿਰਿਕਤ, ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ? (ਅ) ਇਹ ਦਿਖਾਉਣ ਲਈ ਕਿ ਤੁਸੀਂ ਜੀਵਨ ਚੁਣ ਰਹੇ ਹੋ ਕਿਹੜੇ ਕੰਮਾਂ ਦੀ ਜ਼ਰੂਰਤ ਹੈ?

3 ਫਿਰ ਵੀ, ਵਿਸ਼ਵਾਸ ਨਾਲੋਂ ਕੁਝ ਹੋਰ ਵੀ ਜ਼ਰੂਰੀ ਹੈ। ਇਹ ਪ੍ਰਦਰਸ਼ਿਤ ਕਰਨ ਲਈ ਕਿ ਯਹੋਵਾਹ ਬਾਰੇ ਤੁਹਾਡੀਆਂ ਸੱਚੀਆਂ ਭਾਵਨਾਵਾਂ ਕੀ ਹਨ, ਕੰਮਾਂ ਦੀ ਵੀ ਜ਼ਰੂਰਤ ਹੈ। (ਯਾਕੂਬ 2:20, 26) ਕੀ ਤੁਸੀਂ ਇਹ ਦਿਖਾਉਣ ਲਈ ਕਦਮ ਉਠਾਏ ਹਨ ਕਿ ਤੁਸੀਂ ਅਤੀਤ ਵਿਚ ਸਹੀ ਕੰਮ ਕਰਨ ਦੀ ਕਿਸੇ ਅਸਫ਼ਲਤਾ ਲਈ ਅਫ਼ਸੋਸ ਮਹਿਸੂਸ ਕਰਦੇ ਹੋ? ਕੀ ਤੁਸੀਂ ਆਪਣੇ ਜੀਵਨ ਦੇ ਚਾਲ-ਚਲਣ ਨੂੰ ਯਹੋਵਾਹ ਦੀ ਇੱਛਾ ਨਾਲ ਇਕਸਾਰਤਾ ਵਿਚ ਲਿਆਉਣ ਲਈ ਤੋਬਾ ਕਰਨ ਯਾ ਤਬਦੀਲੀਆਂ ਲਿਆਉਣ ਲਈ ਉਤੇਜਿਤ ਹੋਏ ਹੋ? ਕੀ ਤੁਸੀਂ ਮੁੜ ਪਏ ਹੋ, ਅਰਥਾਤ, ਕਿਸੇ ਵੀ ਗ਼ਲਤ ਚਾਲ-ਚਲਣ ਨੂੰ ਰੱਦ ਕੀਤਾ ਹੈ ਜਿਸ ਉੱਤੇ ਤੁਸੀਂ ਸ਼ਾਇਦ ਚਲ ਰਹੇ ਸੀ, ਅਤੇ ਕੀ ਤੁਸੀਂ ਉਹ ਕੰਮ ਕਰਨੇ ਆਰੰਭ ਕੀਤੇ ਹਨ ਜਿਹੜੇ ਪਰਮੇਸ਼ੁਰ ਲੋੜਦਾ ਹੈ? (ਰਸੂਲਾਂ ਦੇ ਕਰਤੱਬ 3:19; 17:30) ਅਜਿਹੇ ਕੰਮ ਦਿਖਾਉਣਗੇ ਕਿ ਤੁਸੀਂ ਜੀਵਨ ਨੂੰ ਚੁਣ ਰਹੇ ਹੋ।

ਸਮਰਪਣ ਅਤੇ ਬਪਤਿਸਮਾ

4.(ੳ) ਕਿਹੜੀ ਚੀਜ਼ ਨੂੰ ਤੁਹਾਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਉਤੇਜਿਤ ਕਰਨਾ ਚਾਹੀਦਾ ਹੈ? (ਅ) ਜਦੋਂ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਨਿਰਣਾ ਬਣਾਉਂਦੇ ਹੋ, ਤਦ ਕੀ ਕਰਨਾ ਉਚਿਤ ਹੈ?

4 ਪਰਮੇਸ਼ੁਰ ਦੀ ਇੱਛਾ ਪੂਰੀ ਕਰਕੇ ਜੀਵਨ ਨੂੰ ਚੁਣਨ ਵਾਸਤੇ ਤੁਹਾਨੂੰ ਕਿਹੜੀ ਚੀਜ਼ ਨੂੰ ਉਤੇਜਿਤ ਕਰਨਾ ਚਾਹੀਦਾ ਹੈ? ਕਦਰਦਾਨੀ ਨੂੰ ਤੁਹਾਨੂੰ ਉਤੇਜਿਤ ਕਰਨਾ ਚਾਹੀਦਾ ਹੈ। ਜ਼ਰਾ ਸੋਚੋ: ਯਹੋਵਾਹ ਨੇ ਤੁਹਾਡੇ ਲਈ ਸਾਰੀਆਂ ਬੀਮਾਰੀਆਂ, ਕਸ਼ਟ, ਅਤੇ ਇਥੋਂ ਤਕ ਕਿ ਮੌਤ ਤੋਂ ਵੀ ਛੁਟਕਾਰੇ ਨੂੰ ਸੰਭਵ ਕੀਤਾ ਹੈ! ਆਪਣੇ ਪੁੱਤਰ ਦੇ ਕੀਮਤੀ ਤੋਹਫ਼ੇ ਦੁਆਰਾ ਉਸ ਨੇ ਤੁਹਾਡੇ ਲਈ ਇਕ ਪਰਾਦੀਸ ਧਰਤੀ ਉੱਤੇ ਬੇਅੰਤ ਜੀਵਨ ਦਾ ਰਾਹ ਖੋਲ੍ਹਿਆ ਹੈ। (1 ਕੁਰਿੰਥੀਆਂ 6:19, 20; 7:23; ਯੂਹੰਨਾ 3:16) ਜਦੋਂ ਯਹੋਵਾਹ ਦਾ ਪ੍ਰੇਮ ਤੁਹਾਨੂੰ ਉਸ ਨੂੰ ਵਾਪਸ ਪ੍ਰੇਮ ਕਰਨ ਲਈ ਉਤੇਜਿਤ ਕਰਦਾ ਹੈ, ਤਦ ਤੁਹਾਨੂੰ ਕੀ ਕਰਨਾ ਚਾਹੀਦਾ ਹੈ? (1 ਯੂਹੰਨਾ 4:9, 10; 5:2, 3) ਤੁਹਾਨੂੰ ਯਿਸੂ ਦੇ ਨਾਂ ਵਿਚ ਪਰਮੇਸ਼ੁਰ ਦੇ ਸਨਮੁਖ ਆਉਣਾ ਚਾਹੀਦਾ ਹੈ ਅਤੇ ਪ੍ਰਾਰਥਨਾ ਰਾਹੀਂ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਉਸ ਦੇ ਸੇਵਕ ਬਣਨਾ ਚਾਹੁੰਦੇ ਹੋ, ਅਤੇ ਤੁਸੀਂ ਉਸ ਦੇ ਹੋਣਾ ਚਾਹੁੰਦੇ ਹੋ। ਇਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰਦੇ ਹੋ। ਇਹ ਇਕ ਵਿਅਕਤੀਗਤ, ਨਿੱਜੀ ਮਾਮਲਾ ਹੈ। ਕੋਈ ਵੀ ਹੋਰ ਤੁਹਾਡੇ ਲਈ ਇਹ ਨਹੀਂ ਕਰ ਸਕਦਾ ਹੈ।

5.(ੳ) ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰਨ ਤੋਂ ਬਾਅਦ, ਉਹ ਤੁਹਾਡੇ ਤੋਂ ਕੀ ਕਰਨ ਦੀ ਉਮੀਦ ਰੱਖਦਾ ਹੈ? (ਅ) ਆਪਣੇ ਸਮਰਪਣ ਦੇ ਅਨੁਸਾਰ ਜੀਵਨ ਬਤੀਤ ਕਰਨ ਲਈ ਤੁਹਾਡੇ ਵਾਸਤੇ ਕੀ ਮਦਦ ਉਪਲਬਧ ਹੈ?

5 ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਣ ਕਰਨ ਤੋਂ ਬਾਅਦ, ਉਹ ਉਮੀਦ ਰੱਖਦਾ ਹੈ ਕਿ ਤੁਸੀਂ ਇਸ ਦੇ ਅਨੁਸਾਰ ਜੀਵਨ ਬਤੀਤ ਕਰੋਗੇ। ਇਸ ਲਈ ਜਿੰਨਾ ਚਿਰ ਤੁਸੀਂ ਜੀਉਂਦੇ ਹੋ, ਇਹ ਨਿਰਣੇ, ਯਾ ਸਮਰਪਣ ਨਾਲ ਦ੍ਰਿੜ੍ਹ ਰਹਿਕੇ ਸਾਬਤ ਕਰੋ ਕਿ ਤੁਸੀਂ ਆਪਣੇ ਬਚਨ ਦੇ ਪੱਕੇ ਹੋ। (ਜ਼ਬੂਰਾਂ ਦੀ ਪੋਥੀ 50:14) ਅਗਰ ਤੁਸੀਂ ਪਰਮੇਸ਼ੁਰ ਦੇ ਦ੍ਰਿਸ਼ਟ ਸੰਗਠਨ ਦੇ ਨਜ਼ਦੀਕ ਰਹੋ, ਤਾਂ ਤੁਹਾਨੂੰ ਉਨ੍ਹਾਂ ਸਾਥੀ ਮਸੀਹੀਆਂ ਦੁਆਰਾ ਮਦਦ ਪ੍ਰਾਪਤ ਹੋ ਸਕਦੀ ਹੈ ਜਿਹੜੇ ਤੁਹਾਨੂੰ ਪ੍ਰੇਮਪੂਰਣ ਹੌਸਲਾ ਅਤੇ ਸਮਰਥਨ ਦੇਣ ਵਿਚ ਪ੍ਰਸੰਨ ਹੋਣਗੇ।—1 ਥੱਸਲੁਨੀਕੀਆਂ 5:11.

6.(ੳ) ਜਦੋਂ ਤੁਸੀਂ ਆਪਣਾ ਜੀਵਨ ਪਰਮੇਸ਼ੁਰ ਨੂੰ ਸਮਰਪਣ ਕਰਦੇ ਹੋ, ਤਦ ਕੀ ਕਦਮ ਲੈਣ ਦੀ ਜ਼ਰੂਰਤ ਹੈ? (ਅ) ਬਪਤਿਸਮਾ ਦਾ ਕੀ ਅਰਥ ਹੈ?

6 ਫਿਰ ਵੀ, ਨਿੱਜੀ ਤੌਰ ਤੇ ਯਹੋਵਾਹ ਨੂੰ ਇਹ ਦੱਸਣ ਤੋਂ ਇਲਾਵਾ ਕਿ ਤੁਸੀਂ ਉਸ ਦੇ ਹੋਣਾ ਚਾਹੁੰਦੇ ਹੋ, ਤੁਹਾਨੂੰ ਕੁਝ ਹੋਰ ਵੀ ਕਰਨਾ ਚਾਹੀਦਾ ਹੈ। ਤੁਹਾਨੂੰ ਦੂਸਰਿਆਂ ਦੇ ਸਾਮ੍ਹਣੇ ਇਹ ਦਿਖਾਉਣਾ ਜ਼ਰੂਰੀ ਹੈ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਲਈ ਸਮਰਪਿਤ ਹੋਏ ਹੋ। ਤੁਸੀਂ ਇਹ ਕਿਸ ਤਰ੍ਹਾਂ ਕਰਦੇ ਹੋ? ਪਾਣੀ ਵਿਚ ਬਪਤਿਸਮਾ ਲੈਕੇ। ਅਜਿਹਾ ਪਾਣੀ ਦਾ ਬਪਤਿਸਮਾ ਇਕ ਪਬਲਿਕ ਪ੍ਰਦਰਸ਼ਨ ਹੈ ਕਿ ਇਕ ਵਿਅਕਤੀ ਨੇ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਉਸ ਦੀ ਇੱਛਾ ਪੂਰੀ ਕਰਨ ਲਈ ਆਪਣੇ ਆਪ ਨੂੰ ਪ੍ਰਸਤੁਤ ਕਰ ਰਿਹਾ ਹੈ।

7.(ੳ) ਯਿਸੂ ਨੇ ਮਸੀਹੀਆਂ ਲਈ ਕੀ ਮਿਸਾਲ ਕਾਇਮ ਕੀਤੀ ਸੀ? (ਅ) ਯਿਸੂ ਦੁਆਰਾ ਬਪਤਿਸਮੇ ਦਾ ਹੁਕਮ ਨਿਆਣਿਆਂ ਲਈ ਕਿਉਂ ਨਹੀਂ ਹੈ?

7 ਯਿਸੂ ਮਸੀਹ ਦੀ ਮਿਸਾਲ ਤੋਂ ਦੇਖਿਆ ਜਾਂਦਾ ਹੈ ਕਿ ਪਾਣੀ ਦਾ ਬਪਤਿਸਮਾ ਇਕ ਮਹੱਤਵਪੂਰਣ ਜ਼ਰੂਰਤ ਹੈ। ਯਿਸੂ ਨੇ ਆਪਣੇ ਪਿਤਾ ਨੂੰ ਕੇਵਲ ਇਹ ਹੀ ਨਹੀਂ ਦੱਸਿਆ ਕਿ ਉਹ ਉਸ ਦੀ ਇੱਛਾ ਪੂਰੀ ਕਰਨ ਲਈ ਆਇਆ ਸੀ। (ਇਬਰਾਨੀਆਂ 10:7) ਜਦੋਂ ਉਹ ਪਰਮੇਸ਼ੁਰ ਦੇ ਰਾਜ ਦੇ ਇਕ ਪ੍ਰਚਾਰਕ ਦੇ ਤੌਰ ਤੇ ਆਪਣੀ ਸੇਵਾ ਆਰੰਭ ਹੀ ਕਰਨ ਲੱਗਾ ਸੀ, ਯਿਸੂ ਨੇ ਆਪਣੇ ਆਪ ਨੂੰ ਯਹੋਵਾਹ ਦੇ ਸਾਮ੍ਹਣੇ ਪ੍ਰਸਤੁਤ ਕੀਤਾ ਅਤੇ ਪਾਣੀ ਵਿਚ ਬਪਤਿਸਮਾ ਲਿਆ। (ਮੱਤੀ 3:13-17) ਇਹ ਵੇਖਦੇ ਹੋਏ ਕਿ ਯਿਸੂ ਨੇ ਇਹ ਨਮੂਨਾ ਕਾਇਮ ਕੀਤਾ ਸੀ, ਉਨ੍ਹਾਂ ਨੂੰ ਵੀ ਬਪਤਿਸਮਾ ਲੈਣਾ ਚਾਹੀਦਾ ਹੈ ਜਿਹੜੇ ਅੱਜ ਆਪਣੇ ਆਪ ਨੂੰ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸਮਰਪਿਤ ਕਰਦੇ ਹਨ। (1 ਪਤਰਸ 2:21; 3:21) ਅਸਲ ਵਿਚ, ਯਿਸੂ ਨੇ ਆਪਣੇ ਅਨੁਯਾਈਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ ਅਤੇ ਫਿਰ ਇਨ੍ਹਾਂ ਨਵੇਂ ਚੇਲਿਆਂ ਨੂੰ ਬਪਤਿਸਮਾ ਦੇਣ। ਇਹ ਨਿਆਣਿਆਂ ਦਾ ਬਪਤਿਸਮਾ ਨਹੀਂ ਹੈ। ਇਹ ਉਨ੍ਹਾਂ ਵਿਅਕਤੀਆਂ ਦਾ ਬਪਤਿਸਮਾ ਹੈ ਜਿਹੜੇ ਵਿਸ਼ਵਾਸੀ ਬਣਦੇ ਹਨ, ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨ ਲਈ ਆਪਣਾ ਮਨ ਬਣਾ ਲਿਆ ਹੈ।—ਮੱਤੀ 28:19; ਰਸੂਲਾਂ ਦੇ ਕਰਤੱਬ 8:12.

8.ਅਗਰ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਲੀਸਿਯਾ ਵਿਚ ਇਹ ਕਿਸ ਨੂੰ ਪ੍ਰਗਟ ਕਰਨਾ ਚਾਹੀਦਾ ਹੈ, ਅਤੇ ਕਿਉਂ?

8 ਅਗਰ ਤੁਸੀਂ ਯਹੋਵਾਹ ਦੀ ਸੇਵਾ ਕਰਨ ਲਈ ਆਪਣਾ ਮਨ ਬਣਾ ਲਿਆ ਹੈ ਅਤੇ ਬਪਤਿਸਮਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀ ਉਸ ਕਲੀਸਿਯਾ ਦੇ ਪ੍ਰਧਾਨ ਨਿਗਾਹਬਾਨ ਨੂੰ ਆਪਣੀ ਇੱਛਾ ਪ੍ਰਗਟ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਤੁਸੀਂ ਮੇਲ-ਜੋਲ ਕਰ ਰਹੇ ਹੋ। ਉਹ ਅਤੇ ਕਲੀਸਿਯਾ ਦੇ ਦੂਸਰੇ ਬਜ਼ੁਰਗ, ਖੁਸ਼ੀ ਨਾਲ ਤੁਹਾਡੇ ਨਾਲ ਉਸ ਜਾਣਕਾਰੀ ਦਾ ਪੁਨਰ-ਵਿਚਾਰ ਕਰਨਗੇ ਜਿਹੜੀ ਤੁਹਾਨੂੰ ਪ੍ਰਵਾਨਯੋਗ ਤਰੀਕੇ ਦੇ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਲਈ ਜਾਣਨੀ ਜ਼ਰੂਰੀ ਹੈ। ਫਿਰ ਤੁਹਾਨੂੰ ਬਪਤਿਸਮਾ ਦੇਣ ਦਾ ਬੰਦੋਬਸਤ ਕੀਤਾ ਜਾ ਸਕਦਾ ਹੈ।

ਅੱਜ ਤੁਹਾਡੇ ਲਈ ਪਰਮੇਸ਼ੁਰ ਦੀ ਇੱਛਾ

9.ਜਲ ਪਰਲੋ ਤੋਂ ਪਹਿਲਾਂ ਨੂਹ ਨੇ ਕੀ ਕੀਤਾ ਸੀ ਜੋ ਪਰਮੇਸ਼ੁਰ ਹੁਣ ਇੱਛਾ ਰੱਖਦਾ ਹੈ ਕਿ ਤੁਸੀਂ ਕਰੋ?

9 ਜਲ ਪਰਲੋ ਤੋਂ ਪਹਿਲਾਂ, ਯਹੋਵਾਹ ਨੇ “ਧਰਮ [ਦੇ] ਪਰਚਾਰਕ,” ਨੂਹ ਨੂੰ ਆਉਣ ਵਾਲੇ ਵਿਨਾਸ਼ ਦੀ ਚੇਤਾਵਨੀ ਦੇਣ ਲਈ ਅਤੇ ਸੁਰੱਖਿਆ ਦੇ ਕੇਵਲ ਇਕੋ ਹੀ ਸਥਾਨ, ਅਰਥਾਤ ਉਹ ਕਿਸ਼ਤੀ ਵੱਲ ਧਿਆਨ ਖਿੱਚਣ ਲਈ ਇਸਤੇਮਾਲ ਕੀਤਾ ਸੀ। (ਮੱਤੀ 24:37-39; 2 ਪਤਰਸ 2:5; ਇਬਰਾਨੀਆਂ 11:7) ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਉਹ ਦੇ ਸਮਾਨ ਹੁਣ ਪ੍ਰਚਾਰ ਦਾ ਕੰਮ ਕਰੋ। ਯਿਸੂ ਨੇ ਸਾਡੇ ਸਮੇਂ ਦੇ ਸੰਬੰਧ ਵਿਚ ਭਵਿੱਖਬਾਣੀ ਕੀਤੀ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਦੂਸਰਿਆਂ ਲਈ ਉਹ ਗੱਲਾਂ ਜਾਣਨੀਆਂ ਜ਼ਰੂਰੀ ਹੈ ਜਿਹੜੀਆਂ ਤੁਸੀਂ ਪਰਮੇਸ਼ੁਰ ਦੇ ਮਕਸਦਾਂ ਬਾਰੇ ਸਿੱਖੀਆਂ ਹਨ, ਅਗਰ ਉਨ੍ਹਾਂ ਨੇ ਇਸ ਵਿਵਸਥਾ ਦੇ ਅੰਤ ਤੋਂ ਬਚਣਾ ਅਤੇ ਸਦਾ ਲਈ ਜੀਉਣਾ ਹੈ। (ਯੂਹੰਨਾ 17:3) ਕੀ ਇਸ ਜੀਵਨ-ਦਿੱਤ ਗਿਆਨ ਨੂੰ ਦੂਸਰਿਆਂ ਨਾਲ ਵੰਡਣ ਵਿਚ ਹਿੱਸਾ ਲੈਣ ਲਈ ਤੁਹਾਡਾ ਦਿਲ ਉਤੇਜਿਤ ਨਹੀਂ ਹੁੰਦਾ ਹੈ?

10.(ੳ) ਲੋਕਾਂ ਲਈ ਪ੍ਰੇਮ ਸਾਨੂੰ ਯਿਸੂ ਦੀ ਕਿਹੜੀ ਮਿਸਾਲ ਦਾ ਅਨੁਕਰਣ ਕਰਨ ਲਈ ਉਤੇਜਿਤ ਕਰਨਾ ਚਾਹੀਦਾ ਹੈ? (ਅ) ਪ੍ਰਚਾਰ ਦਾ ਜ਼ਿਆਦਾ ਕੰਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ?

10 ਮਸੀਹ ਦੇ ਉਦਾਹਰਣ ਉੱਤੇ ਚਲੋ। ਉਹ ਲੋਕਾਂ ਲਈ ਉਡੀਕ ਨਹੀਂ ਕਰਦਾ ਸੀ ਕਿ ਉਹ ਉਸ ਦੇ ਕੋਲ ਆਉਣ, ਪਰ ਉਹ ਜਾਕੇ ਉਨ੍ਹਾਂ ਨੂੰ ਭਾਲਦਾ ਸੀ ਜਿਹੜੇ ਰਾਜ ਸੰਦੇਸ਼ ਨੂੰ ਸੁਣਨਗੇ। ਅਤੇ ਉਸ ਨੇ ਆਪਣੇ ਅਨੁਯਾਈਆਂ ਨੂੰ—ਉਨ੍ਹਾਂ ਸਾਰਿਆਂ ਨੂੰ—ਹਿਦਾਇਤ ਦਿੱਤੀ ਕਿ ਉਹ ਵੀ ਇਹੋ ਹੀ ਕਰਨ। (ਮੱਤੀ 28:19; ਰਸੂਲਾਂ ਦੇ ਕਰਤੱਬ 4:13; ਰੋਮੀਆਂ 10:10-15) ਮਸੀਹ ਦੀ ਹਿਦਾਇਤ ਅਤੇ ਮਿਸਾਲ ਉੱਤੇ ਚਲਦੇ ਹੋਏ, ਪਹਿਲੇ ਮਸੀਹੀ ਲੋਕਾਂ ਦੇ ਘਰਾਂ ਨੂੰ ਜਾਂਦੇ ਸਨ। ਉਹ ਰਾਜ ਸੰਦੇਸ਼ ਲੈਕੇ “ਘਰ ਘਰ” ਗਏ। (ਲੂਕਾ 10:1-6; ਰਸੂਲਾਂ ਦੇ ਕਰਤੱਬ 20:20) ਇਹ ਸਾਡੇ ਦਿਨਾਂ ਵਿਚ ਹਾਲੇ ਵੀ ਮੁੱਖ ਤਰੀਕਾ ਹੈ ਜਿਸ ਦੁਆਰਾ ਸੱਚੇ ਮਸੀਹੀ ਆਪਣੀ ਸੇਵਕਾਈ ਪੂਰੀ ਕਰਦੇ ਹਨ।

11.(ੳ) ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਲਈ ਹੌਸਲੇ ਦੀ ਜ਼ਰੂਰਤ ਕਿਉਂ ਹੁੰਦੀ ਹੈ, ਪਰ ਸਾਨੂੰ ਡਰਨ ਦੀ ਜ਼ਰੂਰਤ ਕਿਉਂ ਨਹੀਂ ਹੈ? (ਅ) ਯਹੋਵਾਹ ਦਾ ਉਸ ਕੰਮ ਬਾਰੇ ਕੀ ਵਿਚਾਰ ਹੈ ਜਿਹੜਾ ਅਸੀਂ ਕਰਦੇ ਹਾਂ?

11 ਇਹ ਕੰਮ ਕਰਨ ਲਈ ਹੌਸਲੇ ਦੀ ਜ਼ਰੂਰਤ ਹੈ। ਨਿਸ਼ਚੇ ਹੀ ਸ਼ਤਾਨ ਅਤੇ ਉਸ ਦੀ ਦੁਨੀਆਂ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਨਗੇ, ਜਿਵੇਂ ਉਨ੍ਹਾਂ ਨੇ ਮਸੀਹ ਦੇ ਪਹਿਲੇ ਅਨੁਯਾਈਆਂ ਨੂੰ ਵੀ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। (ਰਸੂਲਾਂ ਦੇ ਕਰਤੱਬ 4:17-21; 5:27-29, 40-42) ਲੇਕਨ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਜਿਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਪਹਿਲੇ ਮਸੀਹੀਆਂ ਨੂੰ ਸਮਰਥਨ ਦੇਕੇ ਮਜ਼ਬੂਤ ਕੀਤਾ, ਉਹ ਅੱਜ ਤੁਹਾਡੇ ਲਈ ਵੀ ਉਸੇ ਤਰ੍ਹਾਂ ਹੀ ਕਰੇਗਾ। (2 ਤਿਮੋਥਿਉਸ 4:17) ਇਸ ਲਈ ਹੌਸਲਾ ਰੱਖੋ! ਇਹ ਜਾਨ-ਬਚਾਊ ਪ੍ਰਚਾਰ ਅਤੇ ਸਿਖਲਾਈ ਕੰਮ ਵਿਚ ਪੂਰਾ ਹਿੱਸਾ ਲੈਕੇ ਸਾਬਤ ਕਰੋ ਕਿ ਤੁਸੀਂ ਯਹੋਵਾਹ ਅਤੇ ਸਾਥੀ ਮਨੁੱਖਾਂ ਦੇ ਨਾਲ ਵਾਸਤਵ ਵਿਚ ਪ੍ਰੇਮ ਰੱਖਦੇ ਹੋ। (1 ਕੁਰਿੰਥੀਆਂ 9:16; 1 ਤਿਮੋਥਿਉਸ 4:16) ਯਹੋਵਾਹ ਤੁਹਾਡੇ ਕੰਮ ਨੂੰ ਨਹੀਂ ਭੁਲੇਗਾ, ਲੇਕਨ ਪੂਰਾ ਪ੍ਰਤਿਫਲ ਦੇਵੇਗਾ।—ਇਬਰਾਨੀਆਂ 6:10-12; ਤੀਤੁਸ 1:2.

12.ਅਸੀਂ ਲੂਤ ਦੀ ਤੀਵੀਂ ਦੇ ਉਦਾਹਰਣ ਤੋਂ ਕੀ ਸਿੱਖ ਸਕਦੇ ਹਾਂ?

12 ਇਹ ਪੁਰਾਣੀ ਵਿਵਸਥਾ ਤੁਹਾਨੂੰ ਕੋਈ ਅਸਲੀ ਕੀਮਤ ਦੀ ਚੀਜ਼ ਪੇਸ਼ ਨਹੀਂ ਕਰ ਸਕਦੀ ਹੈ, ਇਸ ਲਈ ਇਹ ਕਦੇ ਵੀ ਨਾ ਸੋਚੋ ਕਿ ਉਸ ਉੱਤੇ ਪਿੱਠ ਕਰਕੇ ਤੁਸੀਂ ਕੁਝ ਖੋਹ ਰਹੇ ਹੋ। “ਲੂਤ ਦੀ ਤੀਵੀਂ ਨੂੰ ਚੇਤੇ ਰੱਖੋ,” ਯਿਸੂ ਨੇ ਆਖਿਆ ਸੀ। (ਲੂਕਾ 17:32) ਜਦੋਂ ਉਹ ਅਤੇ ਉਸ ਦਾ ਪਰਿਵਾਰ ਸਦੂਮ ਤੋਂ ਬੱਚ ਨਿੱਕਲੇ, ਉਸ ਨੇ ਲੋਚਦੇ ਹੋਏ ਉਨ੍ਹਾਂ ਚੀਜ਼ਾਂ ਵੱਲ ਮੁੜਕੇ ਵੇਖਿਆ ਜਿਹੜੀਆਂ ਉਨ੍ਹਾਂ ਨੇ ਪਿੱਛੇ ਛੱਡੀਆਂ ਸਨ। ਪਰਮੇਸ਼ੁਰ ਨੇ ਦੇਖਿਆ ਕਿ ਉਸ ਦਾ ਦਿਲ ਕਿੱਥੇ ਟਿਕਿਆ ਹੋਇਆ ਸੀ, ਅਤੇ ਉਹ ਲੂਣ ਦਾ ਥੰਮ੍ਹ ਬਣ ਗਈ। (ਉਤਪਤ 19:26) ਲੂਤ ਦੀ ਤੀਵੀਂ ਵਰਗੇ ਨਾ ਬਣੋ! ਆਪਣੀਆਂ ਨਜ਼ਰਾਂ ਅਗਾਹਾਂ ਨੂੰ ਪਰਮੇਸ਼ੁਰ ਦੀ ਧਾਰਮਿਕ ਨਵੀਂ ਦੁਨੀਆਂ ਵਿਚ “ਅਸਲ ਜੀਵਨ,” ਉੱਤੇ ਠਹਿਰਾਓ।—1 ਤਿਮੋਥਿਉਸ 6:19.

ਧਰਤੀ ਉੱਤੇ ਪਰਾਦੀਸ ਵਿਚ ਸਦੀਪਕ ਜੀਵਨ ਚੁਣੋ

13.ਯਿਸੂ ਨੇ ਉਹ ਚੋਣ ਕਿਸ ਤਰ੍ਹਾਂ ਪ੍ਰਸਤੁਤ ਕੀਤੀ ਜਿਹੜੀ ਸਾਨੂੰ ਸਾਰਿਆਂ ਨੂੰ ਕਰਨੀ ਜ਼ਰੂਰੀ ਹੈ?

13 ਵਾਸਤਵ ਵਿਚ, ਕੇਵਲ ਦੋ ਹੀ ਚੋਣਾਂ ਹਨ। ਮਸੀਹ ਨੇ ਦੋਹਾਂ ਮਾਰਗਾਂ ਵਿਚੋਂ ਇਕ ਦੀ ਚੋਣ ਨਾਲ ਇਸ ਦੀ ਤੁਲਨਾ ਕੀਤੀ ਸੀ। ਇਕ ਮਾਰਗ, ਉਸ ਨੇ ਆਖਿਆ, “ਮੋਕਲਾ . . . ਅਤੇ ਖੁੱਲ੍ਹਾ” ਹੈ। ਉਸ ਉੱਤੇ ਮੁਸਾਫ਼ਰਾਂ ਨੂੰ ਆਪਣੀ ਮਰਜ਼ੀ ਕਰਨ ਦੀ ਆਜ਼ਾਦੀ ਹੈ। ਪਰ, ਦੂਸਰਾ ਮਾਰਗ “ਭੀੜਾ” ਹੈ। ਹਾਂ, ਜਿਹੜੇ ਉਸ ਮਾਰਗ ਉੱਤੇ ਹਨ ਉਨ੍ਹਾਂ ਲਈ ਪਰਮੇਸ਼ੁਰ ਦੀਆਂ ਹਿਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਯਿਸੂ ਨੇ ਨੋਟ ਕੀਤਾ ਕਿ ਜ਼ਿਆਦਾ ਵਿਅਕਤੀ ਖੁੱਲ੍ਹਾ ਮਾਰਗ ਲੈ ਰਹੇ ਹਨ, ਕੇਵਲ ਥੋੜ੍ਹੇ ਹੀ ਹਨ ਜਿਹੜੇ ਭੀੜਾ ਮਾਰਗ ਲੈ ਰਹੇ ਹਨ। ਤੁਸੀਂ ਕਿਹੜਾ ਮਾਰਗ ਚੁਣੋਗੇ? ਆਪਣੀ ਚੋਣ ਕਰਦੇ ਸਮੇਂ, ਇਹ ਧਿਆਨ ਵਿਚ ਰਖੋ: ਖੁੱਲ੍ਹਾ ਮਾਰਗ ਅਚਾਨਕ ਹੀ—ਵਿਨਾਸ਼ ਵਿਚ ਖ਼ਤਮ ਹੋ ਜਾਵੇਗਾ! ਦੂਸਰੇ ਪਾਸੇ, ਭੀੜਾ ਮਾਰਗ ਤੁਹਾਨੂੰ ਪਰਮੇਸ਼ੁਰ ਦੀ ਨਵੀਂ ਵਿਵਸਥਾ ਵਿਚ ਸਿੱਧਾ ਲੈ ਜਾਵੇਗਾ। ਉਥੇ ਤੁਸੀਂ ਧਰਤੀ ਨੂੰ ਇਕ ਸ਼ਾਨਦਾਰ ਪਰਾਦੀਸ ਬਣਾਉਣ ਵਿਚ ਹਿੱਸਾ ਲੈ ਸਕਦੇ ਹੋ, ਜਿੱਥੇ ਤੁਸੀਂ ਸਦਾ ਲਈ ਖੁਸ਼ੀ ਵਿਚ ਰਹਿ ਸਕਦੇ ਹੋ।—ਮੱਤੀ 7:13, 14.

14.ਪਰਮੇਸ਼ੁਰ ਦੀ ਨਵੀਂ ਵਿਵਸਥਾ ਵਿਚ ਬੱਚਕੇ ਜਾਣ ਲਈ ਤੁਹਾਨੂੰ ਕਿਸ ਦਾ ਹਿੱਸਾ ਹੋਣਾ ਜ਼ਰੂਰੀ ਹੈ?

14 ਇਸ ਨਿਸ਼ਕਰਸ਼ ਉੱਤੇ ਨਾ ਪਹੁੰਚੋ ਕਿ ਪਰਮੇਸ਼ੁਰ ਦੀ ਨਵੀਂ ਵਿਵਸਥਾ ਵਿਚ ਜੀਵਨ ਪ੍ਰਾਪਤ ਕਰਨ ਲਈ ਵੱਖਰੇ ਵੱਖਰੇ ਮਾਰਗ, ਯਾ ਰਾਹ ਹਨ ਜਿਹੜੇ ਤੁਸੀਂ ਲੈ ਸਕਦੇ ਹੋ। ਕੇਵਲ ਇਕ ਹੀ ਹੈ। ਜਲ ਪਰਲੋ ਵਿਚ ਕੇਵਲ ਇਕ ਹੀ ਕਿਸ਼ਤੀ ਸੀ ਜਿਹੜੀ ਬਚੀ ਸੀ, ਨਾ ਕਿ ਅਨੇਕ ਨਾਵਾਂ। ਅਤੇ ਇਕ ਹੀ ਸੰਗਠਨ ਹੋਵੇਗਾ—ਪਰਮੇਸ਼ੁਰ ਦਾ ਦ੍ਰਿਸ਼ਟ ਸੰਗਠਨ—ਜਿਹੜਾ ਇਸ ਜਲਦੀ-ਆ-ਰਹੇ ‘ਵੱਡੇ ਕਸ਼ਟ’ ਵਿਚੋਂ ਬਚੇਗਾ। ਇਹ ਬਿਲਕੁਲ ਸੱਚ ਨਹੀਂ ਹੈ ਕਿ ਸਾਰੇ ਧਰਮ ਇਕ ਟੀਚੇ ਨੂੰ ਲੈ ਜਾਂਦੇ ਹਨ। (ਮੱਤੀ 7:21-23; 24:21) ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹੋਏ, ਤੁਹਾਡੇ ਲਈ ਯਹੋਵਾਹ ਦੇ ਸੰਗਠਨ ਦਾ ਹਿੱਸਾ ਹੋਣਾ ਜ਼ਰੂਰੀ ਹੈ, ਤਾਂਕਿ ਤੁਸੀਂ ਸਦੀਪਕ ਜੀਵਨ ਦੀ ਅਸੀਸ ਹਾਸਲ ਕਰ ਸਕੋ।—ਜ਼ਬੂਰਾਂ ਦੀ ਪੋਥੀ 133:1-3.

15.(ੳ) ਸਾਨੂੰ ਹਰ ਰੋਜ਼ ਕੀ ਕਰਨਾ ਜ਼ਰੂਰੀ ਹੈ? (ਅ) ਕਿਹੜੀ ਉਮੀਦ ਕੇਵਲ ਇਕ ਸੁਪਨਾ ਹੀ ਨਹੀਂ ਹੈ?

15 ਇਸ ਲਈ ਪਰਮੇਸ਼ੁਰ ਦੀ ਵਾਇਦਾ ਕੀਤੀ ਹੋਈ ਨਵੀਂ ਰੀਤੀ-ਵਿਵਸਥਾ ਦੀ ਤਸਵੀਰ ਨੂੰ ਆਪਣੇ ਮਨ ਅਤੇ ਦਿਲ ਵਿਚ ਉਜਵਲ ਰੱਖੋ। ਉਸ ਮਹਾਨ ਇਨਾਮ ਬਾਰੇ ਹਰ ਰੋਜ਼ ਵਿਚਾਰ ਕਰੋ ਜਿਹੜਾ ਯਹੋਵਾਹ ਪਰਮੇਸ਼ੁਰ ਤੁਹਾਡੇ ਸਾਮ੍ਹਣੇ ਰੱਖਦਾ ਹੈ—ਅਰਥਾਤ ਪਰਾਦੀਸ ਧਰਤੀ ਉੱਤੇ ਸਦਾ ਲਈ ਜੀਉਣਾ। ਇਹ ਕੋਈ ਸੁਪਨਾ ਨਹੀਂ ਹੈ। ਇਹ ਵਾਸਤਵਿਕ ਹੈ! ਕਿਉਂਕਿ ਬਾਈਬਲ ਦਾ ਵਾਇਦਾ ਨਿਸ਼ਚੇ ਹੀ ਪੂਰਾ ਹੋਣਾ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ। . . . ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਂਗਾ।”—ਜ਼ਬੂਰਾਂ ਦੀ ਪੋਥੀ 37:29, 34.

[ਸਵਾਲ]

[ਸਫ਼ੇ 251 ਉੱਤੇ ਤਸਵੀਰ]

ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕਰੋ . . . ਅਤੇ ਬਪਤਿਸਮਾ ਲਵੋ

[ਸਫ਼ੇ 253 ਉੱਤੇ ਤਸਵੀਰ]

“ਲੂਤ ਦੀ ਤੀਵੀਂ ਨੂੰ ਚੇਤੇ ਰੱਖੋ”

[ਸਫ਼ੇ 254 ਉੱਤੇ ਤਸਵੀਰਾਂ]

ਪਰਮੇਸ਼ੁਰ ਦੀ ਨਵੀਂ ਵਿਵਸਥਾ ਨੂੰ ਆਪਣੇ ਮਨ ਅਤੇ ਦਿਲ ਵਿਚ ਉਜਵਲ ਰਖੋ