Skip to content

Skip to table of contents

ਸਦਾ ਲਈ ਜੀਉਂਦੇ ਰਹਿਣਾ ਇਕ ਸੁਪਨਾ ਹੀ ਨਹੀਂ

ਸਦਾ ਲਈ ਜੀਉਂਦੇ ਰਹਿਣਾ ਇਕ ਸੁਪਨਾ ਹੀ ਨਹੀਂ

ਅਧਿਆਇ 1

ਸਦਾ ਲਈ ਜੀਉਂਦੇ ਰਹਿਣਾ ਇਕ ਸੁਪਨਾ ਹੀ ਨਹੀਂ

1, 2. ਇਹ ਵਿਸ਼ਵਾਸ ਕਰਨਾ ਕਿਉਂ ਮੁਸ਼ਕਲ ਹੈ ਕਿ ਲੋਕ ਸਦਾ ਦੇ ਲਈ ਧਰਤੀ ਉੱਤੇ ਖੁਸ਼ੀ ਨਾਲ ਰਹਿ ਸਕਦੇ ਹਨ?

ਧਰਤੀ ਉੱਤੇ ਖੁਸ਼ੀ—ਥੋੜ੍ਹੇ ਸਮੇਂ ਲਈ ਵੀ ਇਸ ਦਾ ਆਨੰਦ ਮਾਣਨਾ ਸੰਭਵ ਨਹੀਂ ਲੱਗਦਾ ਹੈ। ਬੀਮਾਰੀ, ਬੁੱਢਾਪਾ, ਭੁੱਖ, ਜੁਰਮ—ਇਹ ਥੋੜ੍ਹੀਆਂ ਜਿਹੀਆਂ ਹੀ ਸਮੱਸਿਆਵਾਂ—ਅਕਸਰ ਜੀਵਨ ਨੂੰ ਦੁੱਖਦਾਇਕ ਬਣਾ ਦਿੰਦੀਆਂ ਹਨ। ਇਸ ਲਈ, ਤੁਸੀਂ ਸ਼ਾਇਦ ਕਹੋਗੇ, ਧਰਤੀ ਉੱਤੇ ਸਦਾ ਲਈ ਪਰਾਦੀਸ ਵਿਚ ਜੀਉਂਦੇ ਰਹਿਣ ਬਾਰੇ ਗੱਲਾਂ ਕਰਨਾ ਤਾਂ ਸੱਚਾਈ ਨੂੰ ਅਣਡਿੱਠ ਕਰਨਾ ਹੈ। ਤੁਸੀਂ ਸ਼ਾਇਦ ਮਹਿਸੂਸ ਕਰੋ ਕਿ ਇਸ ਬਾਰੇ ਗੱਲਾਂ ਕਰਨਾ ਤਾਂ ਸਮਾਂ ਬਰਬਾਦ ਕਰਨ ਦੀ ਗੱਲ ਹੈ, ਕਿ ਸਦਾ ਲਈ ਜੀਉਂਦੇ ਰਹਿਣਾ ਇਕ ਸੁਪਨਾ ਹੀ ਹੈ।

2 ਕੋਈ ਸ਼ੱਕ ਨਹੀਂ ਹੈ ਕਿ ਜ਼ਿਆਦਾ ਲੋਕ ਤੁਹਾਡੇ ਨਾਲ ਸਹਿਮਤ ਹੋਣਗੇ। ਤਾਂ, ਫਿਰ, ਅਸੀਂ ਕਿਉਂ ਇੰਨੇ ਨਿਸ਼ਚਿਤ ਹੋ ਸਕਦੇ ਹਾਂ ਕਿ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ? ਅਸੀਂ ਕਿਉਂ ਵਿਸ਼ਵਾਸ ਕਰ ਸਕਦੇ ਹਾਂ ਕਿ ਸਦੀਪਕ ਜੀਵਨ ਇਕ ਸੁਪਨਾ ਹੀ ਨਹੀਂ ਹੈ?

ਅਸੀਂ ਕਿਉਂ ਵਿਸ਼ਵਾਸ ਕਰ ਸਕਦੇ ਹਾਂ

3. ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਪਰਮੇਸ਼ੁਰ ਮਨੁੱਖਾਂ ਨੂੰ ਧਰਤੀ ਉੱਤੇ ਖੁਸ਼ ਦੇਖਣਾ ਚਾਹੁੰਦਾ ਹੈ?

3 ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿਉਂਕਿ ਇਕ ਸਰਬੋਤਮ ਸ਼ਕਤੀ, ਸਰਬਸ਼ਕਤੀਮਾਨ ਪਰਮੇਸ਼ੁਰ ਨੇ ਇਸ ਧਰਤੀ ਨੂੰ ਹਰ ਚੀਜ਼ ਨਾਲ ਤਿਆਰ ਕੀਤਾ ਹੈ ਜੋ ਸਾਨੂੰ ਸੰਤੁਸ਼ਟ ਕਰਨ ਲਈ ਜ਼ਰੂਰੀ ਹੈ। ਉਸ ਨੇ ਇਹ ਧਰਤੀ ਸਾਡੇ ਲਈ ਬਿਲਕੁਲ ਸੰਪੂਰਣ ਬਣਾਈ! ਅਤੇ ਉਸ ਨੇ ਆਦਮੀ ਅਤੇ ਔਰਤ ਨੂੰ ਇਕ ਬਿਹਤਰੀਨ ਤਰੀਕੇ ਨਾਲ ਰਚਿਆ ਕਿ ਉਹ ਇਸ ਪਾਰਥਿਵ ਘਰ ਵਿਚ—ਸਦਾ ਦੇ ਲਈ ਜੀਵਨ ਦਾ ਪੂਰਾ ਆਨੰਦ ਮਾਣਨ।—ਜ਼ਬੂਰਾਂ ਦੀ ਪੋਥੀ 115:16.

4. ਵਿਗਿਆਨੀਆਂ ਨੇ ਮਾਨਵ ਸਰੀਰ ਬਾਰੇ ਕੀ ਸਿੱਖਿਆ ਹੈ ਜੋ ਦਿਖਾਉਂਦਾ ਹੈ ਕਿ ਇਹ ਸਦਾ ਜੀਉਣ ਲਈ ਬਣਾਇਆ ਗਿਆ ਸੀ?

4 ਵਿਗਿਆਨੀਆਂ ਨੂੰ ਬਹੁਤ ਸਮੇਂ ਤੋਂ ਮਾਨਵ ਸਰੀਰ ਦੀ ਆਪਣੇ ਆਪ ਨੂੰ ਨਵਿਆਉਣ ਦੀ ਸ਼ਕਤੀ ਬਾਰੇ ਪਤਾ ਹੈ। ਅਦਭੁਤ ਜ਼ਰੀਏ ਦੁਆਰਾ ਸਰੀਰ ਦੇ ਕੋਸ਼, ਜ਼ਰੂਰਤ ਦੇ ਅਨੁਸਾਰ, ਯਾ ਤਾਂ ਸਥਾਨ ਪੂਰਤੀ ਕੀਤੇ ਜਾਂਦੇ ਹਨ ਯਾ ਗੰਢੇ ਜਾਂਦੇ ਹਨ। ਅਤੇ ਲੱਗਦਾ ਹੈ ਕਿ ਇਹ ਸਵੈ-ਨਵਿਆਉਣ ਦੀ ਪ੍ਰਕ੍ਰਿਆ ਸਦਾ ਲਈ ਚੱਲਦੀ ਰਹਿਣੀ ਚਾਹੀਦੀ ਹੈ। ਪਰ ਇਹ ਨਹੀਂ ਚੱਲਦੀ ਹੈ, ਅਤੇ ਇਹ ਇਕ ਗੱਲ ਹੈ ਜਿਸ ਨੂੰ ਵਿਗਿਆਨੀ ਨਹੀਂ ਸਮਝਾ ਸਕਦੇ ਹਨ। ਉਹ ਹਾਲੇ ਵੀ ਪੂਰੀ ਤਰ੍ਹਾਂ ਨਹੀਂ ਸਮਝਦੇ ਹਨ ਕਿ ਲੋਕ ਕਿਉਂ ਬੁੱਢੇ ਹੋ ਜਾਂਦੇ ਹਨ। ਉਹ ਆਖਦੇ ਹਨ ਕਿ, ਸਹੀ ਹਾਲਤਾਂ ਦੇ ਅਧੀਨ, ਮਨੁੱਖਾਂ ਨੂੰ ਸਦਾ ਲਈ ਜੀਉਂਦੇ ਰਹਿ ਸਕਣਾ ਚਾਹੀਦਾ ਹੈ।—ਜ਼ਬੂਰਾਂ ਦੀ ਪੋਥੀ 139:14.

5. ਬਾਈਬਲ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਕੀ ਆਖਦੀ ਹੈ?

5 ਪਰ, ਕੀ ਇਹ ਸੱਚ- ਮੁੱਚ ਪਰਮੇਸ਼ੁਰ ਦਾ ਮਕਸਦ ਹੈ ਕਿ ਲੋਕ ਧਰਤੀ ਉੱਤੇ ਸਦਾ ਲਈ ਖੁਸ਼ੀ ਨਾਲ ਜੀਉਂਦੇ ਰਹਿਣ? ਅਗਰ ਇਹ ਹੈ, ਤਾਂ ਫਿਰ ਸਦੀਪਕ ਜੀਵਨ ਇਕ ਇੱਛਾ ਯਾ ਇਕ ਸੁਪਨਾ ਹੀ ਨਹੀਂ ਹੈ—ਇਹ ਜ਼ਰੂਰ ਆਵੇਗਾ! ਬਾਈਬਲ, ਉਹ ਕਿਤਾਬ ਜਿਹੜੀ ਪਰਮੇਸ਼ੁਰ ਦੇ ਮਕਸਦਾਂ ਬਾਰੇ ਦੱਸਦੀ ਹੈ, ਇਸ ਮਾਮਲੇ ਬਾਰੇ ਕੀ ਆਖਦੀ ਹੈ? ਉਹ ਆਖਦੀ ਹੈ ਕਿ ਪਰਮੇਸ਼ੁਰ ਨੇ “ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ,” ਅਤੇ ਅੱਗੇ ਆਖਦੀ ਹੈ: “ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ।” (ਟੇਢੇ ਟਾਈਪ ਸਾਡੇ)—ਯਸਾਯਾਹ 45:18.

6. (ੳ) ਅੱਜ ਧਰਤੀ ਉੱਤੇ ਹਾਲਤਾਂ ਕਿਸ ਤਰ੍ਹਾਂ ਦੀਆਂ ਹਨ? (ਅ) ਕੀ ਪਰਮੇਸ਼ੁਰ ਚਾਹੁੰਦਾ ਹੈ ਕਿ ਇਹ ਇਸ ਤਰ੍ਹਾਂ ਦੀਆਂ ਹੋਣ?

6 ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਇਹ ਧਰਤੀ ਉਸ ਤਰ੍ਹਾਂ ਵਸੀ ਹੋਈ ਹੈ ਜਿਸ ਤਰ੍ਹਾਂ ਪਰਮੇਸ਼ੁਰ ਚਾਹੁੰਦਾ ਸੀ? ਇਹ ਸੱਚ ਹੈ, ਲੋਕ ਲਗਭਗ ਧਰਤੀ ਦੇ ਸਾਰੇ ਹਿੱਸਿਆਂ ਵਿਚ ਰਹਿ ਰਹੇ ਹਨ। ਪਰ ਕੀ ਉਹ ਇਕ ਏਕਤਾਮਈ ਪਰਿਵਾਰ ਵਾਂਗ ਖੁਸ਼ੀ ਵਿਚ, ਉਸ ਅੱਛੇ ਤਰੀਕੇ ਨਾਲ ਇਕੱਠੇ ਰਹਿ ਰਹੇ ਹਨ ਜਿਵੇਂ ਉਨ੍ਹਾਂ ਦਾ ਸ੍ਰਿਸ਼ਟੀਕਰਤਾ ਉਨ੍ਹਾਂ ਲਈ ਚਾਹੁੰਦਾ ਸੀ? ਅੱਜ ਦੁਨੀਆਂ ਵਿਭਾਜਿਤ ਹੈ। ਇੱਥੇ ਨਫ਼ਰਤ ਹੈ। ਇੱਥੇ ਜੁਰਮ ਹੈ। ਇੱਥੇ ਯੁੱਧ ਹੈ। ਕਰੋੜਾਂ ਲੋਕ ਭੁੱਖੇ ਅਤੇ ਬੀਮਾਰ ਹਨ। ਹੋਰਾਂ ਨੂੰ ਘਰਾਂ, ਕੰਮਾਂ, ਅਤੇ ਖ਼ਰਚਿਆਂ ਬਾਰੇ ਰੋਜ਼ਾਨਾ ਫਿਕਰ ਹਨ। ਅਤੇ ਇਨ੍ਹਾਂ ਵਿਚੋਂ ਕੋਈ ਵੀ ਚੀਜ਼ ਪਰਮੇਸ਼ੁਰ ਨੂੰ ਮਾਣ ਨਹੀਂ ਲਿਆਉਂਦੀ ਹੈ। ਸਾਫ਼ ਤੌਰ ਤੇ, ਫਿਰ, ਇਸ ਧਰਤੀ ਨੂੰ ਉਸ ਤਰ੍ਹਾਂ ਨਹੀਂ ਵਸਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਸਰਬਸ਼ਕਤੀਮਾਨ ਪਰਮੇਸ਼ੁਰ ਮੁੱਢ ਵਿਚ ਚਾਹੁੰਦਾ ਸੀ।

7. ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਸੀ ਜਦੋਂ ਉਸ ਨੇ ਪਹਿਲੀ ਮਾਨਵ ਜੋੜੀ ਨੂੰ ਰਚਿਆ ਸੀ?

7 ਪਹਿਲੀ ਮਾਨਵ ਜੋੜੀ ਨੂੰ ਰਚਣ ਤੋਂ ਬਾਅਦ, ਪਰਮੇਸ਼ੁਰ ਨੇ ਉਨ੍ਹਾਂ ਨੂੰ ਪਾਰਥਿਵ ਪਰਾਦੀਸ ਵਿਚ ਰੱਖਿਆ। ਉਸ ਦੀ ਇੱਛਾ ਸੀ ਕਿ ਉਹ ਧਰਤੀ ਉੱਤੇ ਸਦਾ ਲਈ ਜੀਵਨ ਦਾ ਆਨੰਦ ਮਾਣਨ। ਉਸ ਦਾ ਉਨ੍ਹਾਂ ਲਈ ਇਹ ਮਕਸਦ ਸੀ ਕਿ ਉਹ ਆਪਣਾ ਪਰਾਦੀਸ ਸਾਰੀ ਧਰਤੀ ਉੱਤੇ ਫੈਲਾਉਣ। ਇਹ ਉਸ ਦੀਆਂ ਉਨ੍ਹਾਂ ਨੂੰ ਦਿੱਤੀਆਂ ਹੋਈਆਂ ਹਿਦਾਇਤਾਂ ਤੋਂ ਪਤਾ ਚੱਲਦਾ ਹੈ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” (ਉਤਪਤ 1:28) ਹਾਂ, ਪਰਮੇਸ਼ੁਰ ਦਾ ਮਕਸਦ ਸੀ, ਕਿ ਸਮੇਂ ਦੇ ਬੀਤਣ ਦੇ ਨਾਲ-ਨਾਲ, ਪੂਰੀ ਧਰਤੀ ਨੂੰ ਇਕ ਧਰਮੀ ਮਾਨਵ ਪਰਿਵਾਰ ਦੇ ਅਧੀਨ ਲਿਆਇਆ ਜਾਵੇ ਜਿਸ ਵਿਚ ਸਾਰੇ ਸ਼ਾਂਤੀ ਅਤੇ ਖੁਸ਼ੀ ਨਾਲ ਇਕੱਠੇ ਰਹਿਣ।

8. ਭਾਵੇਂ ਪਹਿਲੀ ਜੋੜੀ ਨੇ ਪਰਮੇਸ਼ੁਰ ਦੀ ਅਣਆਗਿਆ ਕੀਤੀ, ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਦਾ ਧਰਤੀ ਲਈ ਮਕਸਦ ਨਹੀਂ ਬਦਲਿਆ ਹੈ?

8 ਭਾਵੇਂ ਪਹਿਲੀ ਮਾਨਵ ਜੋੜੀ ਨੇ ਪਰਮੇਸ਼ੁਰ ਦੀ ਅਣਆਗਿਆ ਕੀਤੀ, ਅਤੇ ਇਉਂ ਸਦਾ ਜੀਉਣ ਦੇ ਅਯੋਗ ਸਾਬਤ ਹੋਏ, ਪਰਮੇਸ਼ੁਰ ਦਾ ਮੁੱਢਲਾ ਮਕਸਦ ਨਹੀਂ ਬਦਲਿਆ। ਇਹ ਜ਼ਰੂਰ ਪੂਰਾ ਹੋਵੇਗਾ! (ਯਸਾਯਾਹ 55:11) ਬਾਈਬਲ ਵਾਇਦਾ ਕਰਦੀ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰਾਂ ਦੀ ਪੋਥੀ 37:29, ਟੇਢੇ ਟਾਈਪ ਸਾਡੇ) ਅਕਸਰ ਬਾਈਬਲ ਮਨੁੱਖਾਂ ਨੂੰ ਪਰਮੇਸ਼ੁਰ ਦੇ ਉਸ ਸਦੀਪਕ ਜੀਵਨ ਦੇਣ ਵਾਲੇ ਇੰਤਜ਼ਾਮ ਬਾਰੇ ਦੱਸਦੀ ਹੈ ਜੋ ਉਸ ਦੀ ਸੇਵਾ ਕਰਦੇ ਹਨ।—ਯੂਹੰਨਾ 3:14-16, 36; ਯਸਾਯਾਹ 25:8; ਪਰਕਾਸ਼ ਦੀ ਪੋਥੀ 21:3, 4.

ਜੀਉਣ ਦੀ ਇੱਛਾ—ਕਿੱਥੇ?

9. (ੳ) ਆਮ ਤੌਰ ਤੇ ਲੋਕ ਕੀ ਇੱਛਾ ਰੱਖਦੇ ਹਨ? (ਅ) ਬਾਈਬਲ ਦਾ ਕੀ ਅਰਥ ਹੈ ਜਦੋਂ ਉਹ ਆਖਦੀ ਹੈ ਕਿ ‘ਪਰਮੇਸ਼ੁਰ ਨੇ ਓਹਨਾਂ ਦੇ ਮਨ ਵਿਚ ਸਦੀਪਕਾਲ ਟਿੱਕਾ ਦਿੱਤਾ ਹੈ’?

9 ਅਸੀਂ ਸੱਚ-ਮੁੱਚ ਖੁਸ਼ ਹੋ ਸਕਦੇ ਹਾਂ ਕਿ ਪਰਮੇਸ਼ੁਰ ਦਾ ਮਕਸਦ ਹੈ ਕਿ ਅਸੀਂ ਸਦਾ ਲਈ ਜੀਉਂਦੇ ਰਹੀਏ। ਜ਼ਰਾ ਸੋਚੋ: ਅਗਰ ਤੁਹਾਨੂੰ ਇਹ ਫ਼ੈਸਲਾ ਕਰਨਾ ਪਵੇ, ਤਾਂ ਤੁਸੀਂ ਮਰਨ ਲਈ ਕਿਹੜੀ ਤਾਰੀਖ ਨੂੰ ਚੁਣੋਗੇ? ਤੁਸੀਂ ਇਕ ਤਾਰੀਖ ਨਹੀਂ ਚੁਣ ਸਕਦੇ, ਹੈ ਨਾ? ਤੁਸੀਂ ਮਰਨਾ ਨਹੀਂ ਚਾਹੁੰਦੇ ਹੋ, ਅਤੇ ਨਾ ਹੀ ਕੋਈ ਹੋਰ ਆਮ ਵਿਅਕਤੀ ਮਰਨਾ ਚਾਹੇਗਾ ਜਿਹੜਾ ਕਿਸੇ ਹੱਦ ਤਕ ਤੰਦਰੁਸਤ ਹੈ। ਪਰਮੇਸ਼ੁਰ ਨੇ ਸਾਨੂੰ ਜੀਉਣ ਦੀ ਇੱਛਾ ਨਾਲ ਬਣਾਇਆ, ਨਾ ਕਿ ਮਰਨ ਦੀ ਇੱਛਾ ਨਾਲ। ਜਿਸ ਤਰੀਕੇ ਨਾਲ ਪਰਮੇਸ਼ੁਰ ਨੇ ਮਨੁੱਖਾਂ ਨੂੰ ਬਣਾਇਆ, ਬਾਈਬਲ ਆਖਦੀ ਹੈ: “ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ।” (ਉਪਦੇਸ਼ਕ ਦੀ ਪੋਥੀ 3:11) ਇਸ ਦਾ ਕੀ ਅਰਥ ਹੈ? ਇਸ ਦਾ ਅਰਥ ਇਹ ਹੈ ਕਿ ਆਮ ਤੌਰ ਤੇ ਲੋਕ ਮਰਨ ਤੋਂ ਬਗੈਰ, ਜੀਉਂਦੇ ਰਹਿਣਾ ਚਾਹੁੰਦੇ ਹਨ। ਬੇਅੰਤ ਭਵਿੱਖ ਲਈ ਇਸ ਇੱਛਾ ਦੇ ਕਾਰਨ, ਮਨੁੱਖਾਂ ਨੇ ਬਹੁਤ ਸਮੇਂ ਤੋਂ ਸਦਾ ਜਵਾਨ ਰਹਿਣ ਦੇ ਇਕ ਤਰੀਕੇ ਦੀ ਖੋਜ ਕੀਤੀ ਹੈ।

10. (ੳ) ਮਨੁੱਖ ਦੀ ਕਿੱਥੇ ਸਦਾ ਲਈ ਜੀਉਣ ਦੀ ਕੁਦਰਤੀ ਇੱਛਾ ਹੈ? (ਅ) ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਸਾਡੇ ਲਈ ਧਰਤੀ ਉੱਤੇ ਸਦਾ ਲਈ ਜੀਉਣਾ ਮੁਮਕਿਨ ਕਰੇਗਾ?

10 ਉਹ ਕਿਹੜੀ ਜਗ੍ਹਾ ਹੈ ਜਿੱਥੇ ਮਨੁੱਖ ਆਮ ਤੌਰ ਤੇ ਸਦਾ ਲਈ ਜੀਉਣਾ ਚਾਹੁੰਦੇ ਹਨ? ਇਹ ਉੱਥੇ ਹੈ ਜਿੱਥੇ ਉਹ ਰਹਿਣ ਦੇ ਆਦੀ ਹੋ ਗਏ ਹਨ, ਅਰਥਾਤ ਇਸ ਧਰਤੀ ਉੱਤੇ। ਮਨੁੱਖ ਧਰਤੀ ਲਈ ਬਣਾਇਆ ਗਿਆ ਸੀ, ਅਤੇ ਧਰਤੀ ਮਨੁੱਖ ਲਈ। (ਉਤਪਤ 2:8, 9, 15) ਬਾਈਬਲ ਆਖਦੀ ਹੈ: “ਤੈਂ [ਪਰਮੇਸ਼ੁਰ ਨੇ] ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।” (ਜ਼ਬੂਰਾਂ ਦੀ ਪੋਥੀ 104:5) ਕਿਉਂਕਿ ਧਰਤੀ ਸਦਾ ਅਟੱਲ ਰਹਿਣ ਲਈ ਬਣਾਈ ਗਈ ਸੀ, ਤਾਂ ਫਿਰ ਮਨੁੱਖ ਨੂੰ ਵੀ ਸਦਾ ਲਈ ਜੀਉਂਦੇ ਰਹਿਣਾ ਚਾਹੀਦਾ ਹੈ। ਨਿਸ਼ਚੇ ਹੀ ਇਕ ਪ੍ਰੇਮਪੂਰਣ ਪਰਮੇਸ਼ੁਰ ਮਨੁੱਖਾਂ ਨੂੰ ਸਦਾ ਜੀਉਣ ਦੀ ਇੱਛਾ ਨਾਲ ਨਾ ਰਚਦਾ ਅਤੇ ਫਿਰ ਜੇ ਉਹ ਉਨ੍ਹਾਂ ਲਈ ਇਸ ਇੱਛਾ ਨੂੰ ਪੂਰੀ ਕਰਨ ਲਈ ਮੁਮਕਿਨ ਨਾ ਕਰਦਾ!—1 ਯੂਹੰਨਾ 4:8; ਜ਼ਬੂਰਾਂ ਦੀ ਪੋਥੀ 133:3.

ਜਿਸ ਤਰ੍ਹਾਂ ਦਾ ਜੀਵਨ ਤੁਸੀਂ ਚਾਹੁੰਦੇ ਹੋ

11. ਬਾਈਬਲ ਇਹ ਦਿਖਾਉਣ ਲਈ ਕੀ ਆਖਦੀ ਹੈ ਕਿ ਲੋਕ ਸੰਪੂਰਣ ਸਿਹਤ ਵਿਚ ਸਦਾ ਲਈ ਜੀਉਂਦੇ ਰਹਿ ਸਕਦੇ ਹਨ?

11 ਅਗਲੇ ਸਫ਼ੇ ਵੱਲ ਵੇਖੋ। ਇਹ ਲੋਕ ਕਿਸ ਤਰ੍ਹਾਂ ਦੇ ਜੀਵਨ ਦਾ ਆਨੰਦ ਮਾਣ ਰਹੇ ਹਨ? ਕੀ ਤੁਸੀਂ ਇਨ੍ਹਾਂ ਵਿਚੋਂ ਇਕ ਹੋਣਾ ਚਾਹੁੰਦੇ ਹੋ? ਹਾਂ ਜ਼ਰੂਰ, ਤੁਸੀਂ ਆਖਦੇ ਹੋ! ਵੇਖੋ ਉਹ ਕਿੰਨੇ ਸਿਹਤਮੰਦ ਅਤੇ ਜਵਾਨ ਨਜ਼ਰ ਆਉਂਦੇ ਹਨ! ਅਗਰ ਤੁਹਾਨੂੰ ਦੱਸਿਆ ਜਾਵੇ ਕਿ ਇਹ ਲੋਕ ਹੁਣ ਤਕ ਹਜ਼ਾਰਾਂ ਸਾਲ ਜੀਉਂਦੇ ਰਹਿ ਚੁੱਕੇ ਹਨ, ਕੀ ਤੁਸੀਂ ਇਸ ਗੱਲ ਨੂੰ ਮੰਨੋਗੇ? ਬਾਈਬਲ ਆਖਦੀ ਹੈ ਕਿ ਬੁੱਢੇ ਫਿਰ ਜਵਾਨ ਹੋ ਜਾਣਗੇ, ਬੀਮਾਰ ਚੰਗੇ ਕੀਤੇ ਜਾਣਗੇ ਅਤੇ ਲੰਙਿਆਂ, ਅੰਨ੍ਹਿਆਂ, ਬੋਲਿਆਂ ਅਤੇ ਗੂੰਗਿਆਂ ਦੇ ਸਾਰੇ ਰੋਗ ਠੀਕ ਕੀਤੇ ਜਾਣਗੇ। ਜਦੋਂ ਯਿਸੂ ਮਸੀਹ ਧਰਤੀ ਉੱਤੇ ਸੀ ਉਸ ਨੇ ਬੀਮਾਰ ਲੋਕਾਂ ਨੂੰ ਤੰਦਰੁਸਤ ਕਰ ਕੇ ਕਈ ਚਮਤਕਾਰ ਕੀਤੇ ਸਨ। ਇਸ ਤਰ੍ਹਾਂ ਕਰ ਕੇ ਉਹ ਇਹ ਦਿਖਾ ਰਿਹਾ ਸੀ ਕਿ ਉਸ ਸ਼ਾਨਦਾਰ ਸਮੇਂ ਵਿਚ ਜੋ ਬਹੁਤ ਦੂਰ ਨਹੀਂ ਹੈ, ਕਿਸ ਤਰ੍ਹਾਂ ਸਾਰੇ ਜਿਹੜੇ ਜੀਉਂਦੇ ਹਨ ਸੰਪੂਰਣ ਸਿਹਤ ਵਿਚ ਮੁੜ ਬਹਾਲ ਕੀਤੇ ਜਾਣਗੇ।—ਅੱਯੂਬ 33:25; ਯਸਾਯਾਹ 33:24; 35:5, 6; ਮੱਤੀ 15:30, 31.

12. ਅਸੀਂ ਇਨ੍ਹਾਂ ਤਸਵੀਰਾਂ ਵਿਚ ਕਿਹੜੀਆਂ ਹਾਲਤਾਂ ਦੇਖਦੇ ਹਾਂ?

12 ਵੇਖੋ ਇਹ ਕਿੰਨਾ ਸੁੰਦਰ ਬਗ਼ੀਚਾ ਘਰ ਹੈ! ਜਿਵੇਂ ਮਸੀਹ ਨੇ ਵਾਇਦਾ ਕੀਤਾ ਸੀ, ਇਹ ਸੱਚ-ਮੁੱਚ ਇਕ ਪਰਾਦੀਸ ਹੈ, ਉਸੇ ਵਰਗਾ ਜਿਸ ਤਰ੍ਹਾਂ ਦਾ ਪਹਿਲੇ ਅਣਆਗਿਆਕਾਰ ਆਦਮੀ ਅਤੇ ਔਰਤ ਨੇ ਗੁਆ ਦਿੱਤਾ ਸੀ। (ਲੂਕਾ 23:43) ਅਤੇ ਉੱਥੇ ਜੋ ਸ਼ਾਂਤੀ ਅਤੇ ਮੇਲ ਮਿਲਾਪ ਹੈ ਉਸ ਉੱਤੇ ਧਿਆਨ ਦਿਓ। ਸਾਰੀਆਂ ਨਸਲਾਂ ਦੇ ਲੋਕ—ਕਾਲੇ, ਗੋਰੇ, ਪੀਲੇ—ਇਕ ਪਰਿਵਾਰ ਵਾਂਗ ਰਹਿ ਰਹੇ ਹਨ। ਪਸ਼ੂ ਵੀ ਸ਼ਾਂਤਮਈ ਹਨ। ਬੱਚੇ ਨੂੰ ਸ਼ੇਰ ਨਾਲ ਖੇਡਦੇ ਹੋਏ ਵੇਖੋ। ਪਰ ਡਰ ਦਾ ਕੋਈ ਕਾਰਨ ਨਹੀਂ ਹੈ। ਇਸ ਦੇ ਸੰਬੰਧ ਵਿਚ ਸ੍ਰਿਸ਼ਟੀਕਰਤਾ ਐਲਾਨ ਕਰਦਾ ਹੈ: “ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ। . . . ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ। ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ।”—ਯਸਾਯਾਹ 11:6-9.

13. ਧਰਤੀ ਉੱਤੋਂ ਕੀ ਖ਼ਤਮ ਹੋ ਜਾਵੇਗਾ ਜਦੋਂ ਪਰਮੇਸ਼ੁਰ ਦੇ ਮਕਸਦ ਪੂਰੇ ਕੀਤੇ ਜਾਣਗੇ?

13 ਉਸ ਪਰਾਦੀਸ ਵਿਚ ਜੋ ਪਰਮੇਸ਼ੁਰ ਮਨੁੱਖਾਂ ਲਈ ਚਾਹੁੰਦਾ ਹੈ, ਖੁਸ਼ ਹੋਣ ਦਾ ਹਰ ਕਾਰਨ ਹੋਵੇਗਾ। ਸਾਡੇ ਖਾਣ ਵਾਸਤੇ ਧਰਤੀ ਬਹੁਤ ਸਾਰੀਆਂ ਅੱਛੀਆਂ ਚੀਜ਼ਾਂ ਉਪਜਾਉਗੀ। ਕੋਈ ਵੀ ਫਿਰ ਕਦੇ ਭੁੱਖਾ ਨਹੀਂ ਰਹੇਗਾ। (ਜ਼ਬੂਰਾਂ ਦੀ ਪੋਥੀ 72:16; 67:6) ਯੁੱਧ, ਜੁਰਮ, ਹਿੰਸਾ, ਅਤੇ ਨਫ਼ਰਤ ਤੇ ਸਵਾਰਥ ਵੀ, ਭੂਤਕਾਲ ਦੀਆਂ ਚੀਜ਼ਾਂ ਹੋਣਗੀਆਂ। ਜੀ ਹਾਂ, ਇਹ ਹਮੇਸ਼ਾ ਲਈ ਖ਼ਤਮ ਹੋ ਜਾਣਗੀਆਂ! (ਜ਼ਬੂਰਾਂ ਦੀ ਪੋਥੀ 46:8, 9; 37:9-11) ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਸਭ ਕੁਝ ਮੁਮਕਿਨ ਹੈ?

14. ਤੁਹਾਨੂੰ ਕਿਹੜੀ ਚੀਜ਼ ਵਿਸ਼ਵਾਸ ਦਿਲਾਉਂਦੀ ਹੈ ਕਿ ਪਰਮੇਸ਼ੁਰ ਕਸ਼ਟਾਂ ਦਾ ਅੰਤ ਲਿਆਵੇਗਾ?

14 ਖ਼ੈਰ, ਵਿਚਾਰ ਕਰੋ: ਅਗਰ ਤੁਹਾਡੇ ਕੋਲ ਸ਼ਕਤੀ ਹੋਵੇ, ਤਾਂ ਕੀ ਤੁਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਖ਼ਤਮ ਕਰੋਗੇ ਜੋ ਮਾਨਵੀ ਕਸ਼ਟ ਲਿਆਉਂਦੀਆਂ ਹਨ? ਅਤੇ ਕੀ ਤੁਸੀਂ ਉਹ ਹਾਲਤਾਂ ਲਿਆਓਗੇ ਜਿਨ੍ਹਾਂ ਲਈ ਮਾਨਵ ਦਿਲ ਤਰਸਦਾ ਹੈ? ਨਿਸ਼ਚੇ ਹੀ ਤੁਸੀਂ ਲਿਆਓਗੇ। ਸਾਡਾ ਪ੍ਰੇਮਪੂਰਣ ਸਵਰਗੀ ਪਿਤਾ ਬਿਲਕੁਲ ਇਹੋ ਹੀ ਕਰੇਗਾ। ਉਹ ਸਾਡੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰੀਆਂ ਕਰੇਗਾ, ਕਿਉਂਕਿ ਜ਼ਬੂਰਾਂ ਦੀ ਪੋਥੀ 145:16 ਪਰਮੇਸ਼ੁਰ ਬਾਰੇ ਆਖਦੀ ਹੈ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” ਪਰ ਇਹ ਕਦੋਂ ਹੋਵੇਗਾ?

ਮਹਾਨ ਬਰਕਤਾਂ ਨਜ਼ਦੀਕ ਹਨ

15. (ੳ) ਧਰਤੀ ਲਈ ਸੰਸਾਰ ਦੇ ਅੰਤ ਦਾ ਕੀ ਅਰਥ ਹੋਵੇਗਾ? (ਅ) ਬੁਰੇ ਲੋਕਾਂ ਲਈ ਇਸ ਦਾ ਕੀ ਅਰਥ ਹੋਵੇਗਾ? (ੲ) ਉਨ੍ਹਾਂ ਲੋਕਾਂ ਲਈ ਇਸ ਦਾ ਕੀ ਅਰਥ ਹੋਵੇਗਾ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ?

15 ਧਰਤੀ ਉੱਤੇ ਇਨ੍ਹਾਂ ਸ਼ਾਨਦਾਰ ਬਰਕਤਾਂ ਨੂੰ ਮੁਮਕਿਨ ਕਰਨ ਵਾਸਤੇ, ਪਰਮੇਸ਼ੁਰ ਦੁਸ਼ਟਤਾ ਦਾ ਅਤੇ ਜਿਹੜੇ ਮਨੁੱਖ ਉਸ ਦਾ ਕਾਰਨ ਹਨ ਦੋਹਾਂ ਦਾ ਅੰਤ ਕਰਨ ਦਾ ਵਾਇਦਾ ਕਰਦਾ ਹੈ। ਅਤੇ ਇਸ ਦੇ ਨਾਲ ਹੀ, ਉਹ ਉਨ੍ਹਾਂ ਨੂੰ ਬਚਾਵੇਗਾ ਜੋ ਉਸ ਦੀ ਸੇਵਾ ਕਰਦੇ ਹਨ, ਕਿਉਂਕਿ ਬਾਈਬਲ ਆਖਦੀ ਹੈ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਇਹ ਕਿੰਨੀ ਵੱਡੀ ਤਬਦੀਲੀ ਹੋਵੇਗੀ! ਸੰਸਾਰ ਦੇ ਅੰਤ ਦਾ ਅਰਥ ਸਾਡੀ ਧਰਤੀ ਦਾ ਅੰਤ ਨਹੀਂ ਹੋਵੇਗਾ। ਸਗੋਂ, ਜਿਵੇਂ ਨੂਹ ਦੇ ਦਿਨਾਂ ਦੇ ਵਿਸ਼ਵ-ਵਿਆਪੀ ਜਲ-ਪਰਲੋ ਦੇ ਸਮੇਂ ਹੋਇਆ ਸੀ, ਇਸ ਦਾ ਅਰਥ ਸਿਰਫ਼ ਬੁਰੇ ਲੋਕਾਂ ਦਾ ਅਤੇ ਉਨ੍ਹਾਂ ਦੇ ਰਹਿਣ ਸਹਿਣ ਦਾ ਅੰਤ ਹੋਵੇਗਾ। ਪਰ ਜਿਹੜੇ ਵਿਅਕਤੀ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ ਉਹ ਅੰਤ ਵਿਚੋਂ ਬਚ ਨਿਕਲਣਗੇ। ਫਿਰ, ਸਾਫ਼ ਕੀਤੀ ਹੋਈ ਧਰਤੀ ਉੱਤੇ, ਉਹ ਉਨ੍ਹਾਂ ਲੋਕਾਂ ਤੋਂ ਜਿਹੜੇ ਉਨ੍ਹਾਂ ਨੂੰ ਦੁੱਖ ਪਹੁੰਚਾਉਣਾ ਅਤੇ ਦਬਾਉਣਾ ਚਾਹੁੰਦੇ ਹਨ, ਆਜ਼ਾਦੀ ਦਾ ਆਨੰਦ ਮਾਣਨਗੇ।—ਮੱਤੀ 24:3, 37-39; ਕਹਾਉਤਾਂ 2:21, 22.

16. “ਅੰਤ ਦਿਆਂ ਦਿਨਾਂ” ਲਈ ਕਿਹੜੀਆਂ ਘਟਨਾਵਾਂ ਦੀ ਭਵਿੱਖਬਾਣੀ ਕੀਤੀ ਗਈ ਸੀ?

16 ਪਰ ਸ਼ਾਇਦ ਕੋਈ ਆਖੇ: ‘ਹਾਲਤਾਂ ਬਿਹਤਰ ਨਹੀਂ, ਪਰ ਘਟੀਆ ਹੁੰਦੀਆਂ ਜਾ ਰਹੀਆਂ ਹਨ। ਅਸੀਂ ਕਿਵੇਂ ਨਿਸ਼ਚਿਤ ਹੋ ਸਕਦੇ ਹਾਂ ਕਿ ਇਹ ਮਹਾਨ ਤਬਦੀਲੀ ਨਜ਼ਦੀਕ ਹੈ?’ ਯਿਸੂ ਮਸੀਹ ਨੇ ਕਈਆਂ ਚੀਜ਼ਾਂ ਦੀ ਭਵਿੱਖਬਾਣੀ ਕੀਤੀ ਸੀ ਜਿਨ੍ਹਾਂ ਉੱਤੇ ਉਸ ਦੇ ਆਗਾਮੀ ਅਨੁਯਾਈਆਂ ਨੂੰ ਨਿਗਾਹ ਰੱਖਣੀ ਚਾਹੀਦੀ ਹੈ ਤਾਂਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਪਰਮੇਸ਼ੁਰ ਦਾ ਇਸ ਦੁਨੀਆਂ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਯਿਸੂ ਨੇ ਕਿਹਾ ਕਿ ਇਸ ਵਿਵਸਥਾ ਦੇ ਅੰਤ ਦੇ ਦਿਨ ਅਜਿਹੀਆਂ ਚੀਜ਼ਾਂ ਜਿਵੇਂ ਕਿ ਮਹਾਂ ਯੁੱਧ, ਕਾਲ, ਵੱਡੇ ਭੁਚਾਲ, ਵਧ ਰਹੇ ਕੁਧਰਮ ਅਤੇ ਪ੍ਰੇਮ ਦੇ ਘਾਟੇ ਨਾਲ ਚਿੰਨ੍ਹਿਤ ਹੋਣਗੇ। (ਮੱਤੀ 24:3-12) ਉਹ ਨੇ ਆਖਿਆ ਸੀ ਕਿ “ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ।” (ਲੂਕਾ 21:25) ਨਾਲੇ, ਬਾਈਬਲ ਅੱਗੇ ਆਖਦੀ ਹੈ: “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ।” (2 ਤਿਮੋਥਿਉਸ 3:1-5) ਕੀ ਇਹ ਅਜਿਹੀਆਂ ਹਾਲਤਾਂ ਨਹੀਂ ਹਨ ਜਿਹੜੀਆਂ ਅਸੀਂ ਹੁਣ ਅਨੁਭਵ ਕਰ ਰਹੇ ਹਾਂ?

17. ਸੋਚਵਾਨ ਵਿਅਕਤੀ ਅੱਜਕਲ੍ਹ ਦੀਆਂ ਹਾਲਤਾਂ ਬਾਰੇ ਕੀ ਆਖਦੇ ਹਨ?

17 ਅਨੇਕ ਵਿਅਕਤੀ ਜੋ ਦੁਨੀਆਂ ਦੀਆਂ ਘਟਨਾਵਾਂ ਦਾ ਅਧਿਐਨ ਕਰਦੇ ਹਨ ਆਖਦੇ ਹਨ ਕਿ ਇਕ ਵੱਡੀ ਤਬਦੀਲੀ ਆ ਰਹੀ ਹੈ। ਉਦਾਹਰਣ ਦੇ ਤੌਰ ਤੇ, ਮਾਏਆਮੀ, ਯੂ.ਐਸ.ਏ., ਹੈਰਲਡ, ਦੇ ਇਕ ਸੰਪਾਦਕ ਨੇ ਲਿਖਿਆ: “ਇਕ ਥੋੜ੍ਹੀ ਸਮਝ ਵਾਲਾ ਮਨੁੱਖ ਵੀ ਪਿੱਛਲੇ ਕੁਝ ਸਾਲਾਂ ਦੀਆਂ ਸੰਕਟਮਈ ਘਟਨਾਵਾਂ ਨੂੰ ਇਕੱਠੀਆਂ ਕਰ ਕੇ ਦੇਖ ਸਕਦਾ ਹੈ ਕਿ ਦੁਨੀਆਂ ਇਕ ਇਤਿਹਾਸਕ ਦੁਆਰ ਤੇ ਖੜ੍ਹੀ ਹੈ। . . . ਇਹ ਸਦਾ ਲਈ ਮਨੁੱਖ ਦੇ ਰਹਿਣ ਸਹਿਣ ਨੂੰ ਬਦਲ ਦੇਵੇਗਾ।” ਉਸੇ ਰੀਤ, ਅਮਰੀਕੀ ਲੇਖਕ ਲੂਇਸ ਮਮਫ਼ੋਰਡ ਨੇ ਆਖਿਆ: “ਸਭਿਅਤਾ ਬਰਬਾਦ ਹੋ ਰਹੀ ਹੈ। ਨਿਸ਼ਚੇ ਹੀ। . . . ਪਹਿਲਾਂ ਜਦੋਂ ਸਭਿਅਤਾਵਾਂ ਬਰਬਾਦ ਹੁੰਦੀਆਂ ਸਨ, ਉਹ ਸਾਪੇਖ ਤੌਰ ਤੇ ਸਥਾਨਕ ਘਟਨਾਵਾਂ ਹੁੰਦੀਆਂ ਸਨ। . . . ਹੁਣ, ਦੁਨੀਆਂ ਆਧੁਨਿਕ ਸਾਧਨਾਂ ਦੁਆਰਾ ਬਹੁਤ ਨਜ਼ਦੀਕ ਤੌਰ ਤੇ ਜੁੜੀ ਰਹਿਣ ਦੇ ਕਾਰਨ, ਜਦੋਂ ਸਭਿਅਤਾ ਬਰਬਾਦ ਹੁੰਦੀ ਹੈ, ਤਾਂ ਸਾਰਾ ਗ੍ਰਹਿ ਬਰਬਾਦ ਹੁੰਦਾ ਹੈ।”

18. (ੳ) ਦੁਨੀਆਂ ਦੀਆਂ ਹਾਲਤਾਂ ਭਵਿੱਖ ਬਾਰੇ ਕੀ ਦਿਖਾਉਂਦੀਆਂ ਹਨ? (ਅ) ਵਰਤਮਾਨ-ਦਿਨਾਂ ਦੀਆਂ ਸਰਕਾਰਾਂ ਦੀ ਥਾਂ ਤੇ ਕੀ ਆਵੇਗਾ?

18 ਅੱਜ ਦੁਨੀਆਂ ਦੀਆਂ ਅਸਲੀ ਹਾਲਤਾਂ ਦਿਖਾਉਂਦੀਆ ਹਨ ਕਿ ਅਸੀਂ ਹੁਣ ਉਸ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਇਸ ਸਾਰੀ ਰੀਤੀ-ਵਿਵਸਥਾ ਦਾ ਅੰਤ ਹੋਣ ਵਾਲਾ ਹੈ। ਜੀ ਹਾਂ, ਹੁਣ ਬਹੁਤ ਜਲਦੀ ਹੀ ਪਰਮੇਸ਼ੁਰ ਧਰਤੀ ਤੋਂ ਉਨ੍ਹਾਂ ਸਾਰਿਆਂ ਲੋਕਾਂ ਦੀ ਸਫ਼ਾਈ ਕਰੇਗਾ ਜਿਹੜੇ ਇਸ ਦਾ ਨਾਸ ਕਰਦੇ ਹਨ। (ਪਰਕਾਸ਼ ਦੀ ਪੋਥੀ 11:18) ਉਹ ਵਰਤਮਾਨ-ਦਿਨਾਂ ਦੀਆਂ ਸਰਕਾਰਾਂ ਨੂੰ ਹਟਾ ਕੇ ਇਸ ਸਾਰੀ ਧਰਤੀ ਉੱਤੇ ਰਾਜ ਕਰਨ ਲਈ ਆਪਣੀ ਧਰਮੀ ਸਰਕਾਰ ਲਈ ਰਾਹ ਖੋਲ੍ਹੇਗਾ। ਇਹ ਉਹ ਰਾਜ ਸਰਕਾਰ ਹੈ ਜਿਸ ਲਈ ਮਸੀਹ ਨੇ ਆਪਣੇ ਅਨੁਯਾਈਆਂ ਨੂੰ ਪ੍ਰਾਰਥਨਾ ਕਰਨ ਲਈ ਸਿਖਾਇਆ ਸੀ।—ਦਾਨੀਏਲ 2:44; ਮੱਤੀ 6:9, 10.

19. ਅਗਰ ਅਸੀਂ ਸਦਾ ਲਈ ਜੀਉਂਦੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

19 ਅਗਰ ਤੁਸੀਂ ਜੀਵਨ ਨਾਲ ਪ੍ਰੇਮ ਰੱਖਦੇ ਹੋ ਅਤੇ ਪਰਮੇਸ਼ੁਰ ਦੇ ਸ਼ਾਸਨ ਦੇ ਅਧੀਨ ਧਰਤੀ ਉੱਤੇ ਸਦਾ ਲਈ ਜੀਉਣਾ ਚਾਹੁੰਦੇ ਹੋ, ਤਾਂ ਫਿਰ ਤੁਹਾਨੂੰ ਪਰਮੇਸ਼ੁਰ, ਉਸ ਦੇ ਮਕਸਦਾਂ, ਅਤੇ ਉਸ ਦੀਆਂ ਲੋੜਾਂ ਬਾਰੇ ਜਲਦੀ ਨਾਲ ਯਥਾਰਥ ਗਿਆਨ ਲੈਣਾ ਚਾਹੀਦਾ ਹੈ। ਯਿਸੂ ਮਸੀਹ ਨੇ ਪਰਮੇਸ਼ੁਰ ਨੂੰ ਪ੍ਰਰਾਥਨਾ ਵਿਚ ਆਖਿਆ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਇਹ ਜਾਣਨਾ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਦਾ ਲਈ ਜੀਉਂਦੇ ਰਹਿ ਸਕਦੇ ਹਾਂ—ਕਿ ਇਹ ਇਕ ਸੁਪਨਾ ਹੀ ਨਹੀਂ ਹੈ! ਪਰ ਪਰਮੇਸ਼ੁਰ ਵੱਲੋਂ ਇਹ ਸ਼ਾਨਦਾਰ ਬਰਕਤ ਦਾ ਆਨੰਦ ਮਾਣਨ ਲਈ ਸਾਨੂੰ ਇਕ ਦੁਸ਼ਮਣ ਬਾਰੇ ਸਿੱਖਿਆ ਲੈਣ ਦੀ ਜ਼ਰੂਰਤ ਹੈ ਜਿਹੜਾ ਸਾਨੂੰ ਇਸ ਬਰਕਤ ਨੂੰ ਹਾਸਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।

[ਸਵਾਲ]

[ਸਫ਼ੇ 8, 9 ਉੱਤੇ ਤਸਵੀਰ]

ਕੀ ਪਰਮੇਸ਼ੁਰ ਇਹ ਇਰਾਦਾ ਕਰਦਾ ਸੀ ਕਿ ਦੁਨੀਆਂ ਇਸ ਤਰ੍ਹਾਂ ਦੀ ਹੋਵੇ?

[ਪੂਰੇ ਸਫ਼ੇ 11 ਉੱਤੇ ਤਸਵੀਰ]