Skip to content

Skip to table of contents

ਸ਼ਤਾਨ ਦੀ ਦੁਨੀਆਂ ਦੇ ਪੱਖ, ਯਾ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ?

ਸ਼ਤਾਨ ਦੀ ਦੁਨੀਆਂ ਦੇ ਪੱਖ, ਯਾ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ?

ਅਧਿਆਇ 25

ਸ਼ਤਾਨ ਦੀ ਦੁਨੀਆਂ ਦੇ ਪੱਖ, ਯਾ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ?

1. ਵਾਸਤਵ ਵਿਚ ਕਿਹੜੀ ਚੀਜ਼ ਸਾਬਤ ਕਰਦੀ ਹੈ ਕਿ ਤੁਸੀਂ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ ਹੋ?

ਕੀ ਤੁਸੀਂ ਪਰਮੇਸ਼ੁਰ ਦੀ ਧਾਰਮਿਕ ਨਵੀਂ ਵਿਵਸਥਾ ਦੇ ਪੱਖ ਵਿਚ ਹੋ, ਅਤੇ ਕੀ ਤੁਸੀਂ ਚਾਹੁੰਦੇ ਹੋ ਕਿ ਇਹ ਆਵੇ? ਕੀ ਤੁਸੀਂ ਸ਼ਤਾਨ ਦੇ ਵਿਰੁੱਧ ਹੋ, ਅਤੇ ਕੀ ਤੁਸੀਂ ਚਾਹੁੰਦੇ ਹੋ ਕਿ ਉਸ ਦੀ ਦੁਨੀਆਂ ਦਾ ਅੰਤ ਹੋਵੇ? ਤੁਸੀਂ ਸ਼ਾਇਦ ਦੋਵੇਂ ਸਵਾਲਾਂ ਦਾ ਜਵਾਬ ਹਾਂ ਆਖੋ। ਪਰ ਕੀ ਇਹ ਕਾਫ਼ੀ ਹੈ? ਇਕ ਪੁਰਾਣੀ ਕਹਾਵਤ ਹੈ ਕਿ ਗੱਲਾਂ ਨਾਲੋਂ ਕੰਮ ਜ਼ਿਆਦਾ ਸ਼ਕਤੀ ਰੱਖਦੇ ਹਨ। ਅਗਰ ਤੁਸੀਂ ਪਰਮੇਸ਼ੁਰ ਦੀ ਨਵੀਂ ਵਿਵਸਥਾ ਵਿਚ ਵਿਸ਼ਵਾਸ ਰੱਖਦੇ ਹੋ, ਤਾਂ ਜਿਸ ਤਰ੍ਹਾਂ ਤੁਸੀਂ ਆਪਣਾ ਜੀਵਨ ਬਤੀਤ ਕਰਦੇ ਹੋ ਉਹ ਵਾਸਤਵ ਵਿਚ ਇਸ ਨੂੰ ਸਾਬਤ ਕਰੇਗਾ।—ਮੱਤੀ 7:21-23; 15:7, 8.

2. (ੳ) ਉਹ ਦੋ ਮਾਲਕ ਕੌਣ ਹਨ ਜਿਨ੍ਹਾਂ ਦੀ ਅਸੀਂ ਸੇਵਾ ਕਰ ਸਕਦੇ ਹਾਂ? (ਅ) ਕੀ ਦਿਖਾਉਂਦਾ ਹੈ ਕਿ ਅਸੀਂ ਕਿਸ ਦੇ ਦਾਸ, ਯਾ ਸੇਵਕ ਹਾਂ?

2 ਹਕੀਕਤ ਇਹ ਹੈ ਕਿ ਤੁਹਾਡਾ ਜੀਵਨ ਦੋਹਾਂ ਮਾਲਕਾਂ ਵਿਚੋਂ ਕੇਵਲ ਇਕ ਨੂੰ ਹੀ ਪ੍ਰਸੰਨ ਕਰ ਸਕਦਾ ਹੈ। ਯਾ ਤਾਂ ਤੁਸੀਂ ਯਹੋਵਾਹ ਪਰਮੇਸ਼ੁਰ ਦੀ ਯਾ ਤੁਸੀਂ ਸ਼ਤਾਨ ਅਰਥਾਤ ਇਬਲੀਸ ਦੀ ਸੇਵਾ ਕਰ ਰਹੇ ਹੋ। ਬਾਈਬਲ ਵਿਚ ਪਾਇਆ ਗਿਆ ਇਕ ਸਿਧਾਂਤ ਸਾਨੂੰ ਇਹ ਸਮਝਣ ਵਿਚ ਮਦਦ ਕਰਦਾ ਹੈ। ਉਹ ਆਖਦਾ ਹੈ: “ਤੁਸੀਂ ਨਹੀਂ ਜਾਣਦੇ ਹੋ ਭਈ ਆਗਿਆ ਮੰਨਣ ਲਈ ਜਿਹ ਦੇ ਹੱਥ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਜਿਹ ਦੀ ਆਗਿਆ ਮੰਨਦੇ ਹੋ।” (ਰੋਮੀਆਂ 6:16) ਤੁਸੀਂ ਕਿਸ ਦੀ ਆਗਿਆ ਮੰਨਦੇ ਹੋ? ਤੁਸੀਂ ਕਿਸ ਦੀ ਇੱਛਾ ਪੂਰੀ ਕਰਦੇ ਹੋ? ਤੁਹਾਡਾ ਜਵਾਬ ਚਾਹੇ ਜੋ ਵੀ ਹੋਵੇ, ਅਗਰ ਤੁਸੀਂ ਇਸ ਦੁਨੀਆਂ ਦੇ ਅਧਰਮੀ ਰਾਹਾਂ ਉੱਤੇ ਚੱਲਦੇ ਹੋ ਤਾਂ ਤੁਸੀਂ ਸੱਚੇ ਪਰਮੇਸ਼ੁਰ, ਯਹੋਵਾਹ ਦੀ ਸੇਵਾ ਨਹੀਂ ਕਰ ਰਹੇ ਹੋਵੋਗੇ।

ਸ਼ਤਾਨ ਦੀ ਦੁਨੀਆਂ—ਉਹ ਕੀ ਹੈ?

3. (ੳ) ਬਾਈਬਲ ਕਿਸ ਨੂੰ ਇਸ ਦੁਨੀਆਂ ਦਾ ਸ਼ਾਸਕ ਦਿਖਾਉਂਦੀ ਹੈ? (ਅ) ਪ੍ਰਾਰਥਨਾ ਵਿਚ, ਯਿਸੂ ਨੇ ਕਿਵੇਂ ਦੁਨੀਆਂ ਅਤੇ ਉਸ ਦੇ ਚੇਲਿਆਂ ਵਿਚ ਫ਼ਰਕ ਦਿਖਾਇਆ ਸੀ?

3 ਯਿਸੂ ਨੇ ਸ਼ਤਾਨ ਨੂੰ “ਇਸ ਜਗਤ ਦਾ ਸਰਦਾਰ” ਆਖਿਆ ਸੀ। ਅਤੇ ਰਸੂਲ ਯੂਹੰਨਾ ਨੇ ਆਖਿਆ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (ਯੂਹੰਨਾ 12:31; 1 ਯੂਹੰਨਾ 5:19) ਇਸ ਗੱਲ ਉੱਤੇ ਧਿਆਨ ਦਿਓ ਕਿ ਯਿਸੂ ਨੇ ਪਰਮੇਸ਼ੁਰ ਨੂੰ ਆਪਣੀ ਪ੍ਰਾਰਥਨਾ ਵਿਚ ਆਪਣੇ ਚੇਲਿਆਂ ਨੂੰ ਸ਼ਤਾਨ ਦੀ ਦੁਨੀਆਂ ਦੇ ਹਿੱਸੇ ਦੇ ਤੌਰ ਤੇ ਸ਼ਾਮਲ ਨਹੀਂ ਕੀਤਾ ਸੀ। ਉਸ ਨੇ ਆਖਿਆ: “ਮੈਂ ਜਗਤ ਦੇ ਲਈ ਨਹੀਂ ਪਰ ਉਹਨਾਂ [ਉਸ ਦੇ ਚੇਲਿਆਂ] ਲਈ ਬੇਨਤੀ ਕਰਦਾ ਹਾਂ . . . ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰਨਾ 17:9, 16, ਟੇਢੇ ਟਾਈਪ ਸਾਡੇ; 15:18, 19) ਇਸ ਤੋਂ ਸਪੱਸ਼ਟ ਹੈ ਕਿ ਸੱਚੇ ਮਸੀਹੀਆਂ ਨੂੰ ਇਸ ਦੁਨੀਆਂ ਤੋਂ ਅਲੱਗ ਰਹਿਣਾ ਜ਼ਰੂਰੀ ਹੈ।

4. (ੳ) ਯੂਹੰਨਾ 3:16 ਤੇ, ਇਹ ਸ਼ਬਦ “ਜਗਤ” ਕਿਸ ਚੀਜ਼ ਨੂੰ ਜ਼ਿਕਰ ਕਰਦਾ ਹੈ? (ਅ) ਉਹ “ਦੁਨੀਆਂ” ਕੀ ਹੈ ਜਿਸ ਤੋਂ ਮਸੀਹ ਦੇ ਅਨੁਯਾਈਆਂ ਨੂੰ ਅਲੱਗ ਰਹਿਣਾ ਚਾਹੀਦਾ ਹੈ?

4 ਲੇਕਨ ਜਦੋਂ ਯਿਸੂ ਨੇ “ਜਗਤ” ਆਖਿਆ, ਉਹ ਕਿਸ ਚੀਜ਼ ਨੂੰ ਜ਼ਿਕਰ ਕਰ ਰਿਹਾ ਸੀ? ਬਾਈਬਲ ਵਿਚ “ਜਗਤ” ਸ਼ਬਦ ਦਾ ਅਰਥ ਕਈ ਵਾਰ ਕੇਵਲ ਆਮ ਮਨੁੱਖਜਾਤੀ ਹੀ ਹੁੰਦਾ ਹੈ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਮਨੁੱਖਜਾਤੀ ਦੇ ਇਸ ਜਗਤ ਲਈ ਆਪਣਾ ਜੀਵਨ ਰਿਹਾਈ-ਕੀਮਤ ਦੇ ਰੂਪ ਵਿਚ ਦੇਣ ਲਈ ਘਲਿਆ ਸੀ। (ਯੂਹੰਨਾ 3:16) ਫਿਰ ਵੀ ਸ਼ਤਾਨ ਨੇ ਤਕਰੀਬਨ ਸਾਰੀ ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਵਿਰੁੱਧ ਸੰਗਠਿਤ ਕੀਤਾ ਹੈ। ਇਸ ਲਈ ਸ਼ਤਾਨ ਦੀ ਦੁਨੀਆਂ ਇਹ ਸੰਗਠਿਤ ਮਾਨਵ ਸਮਾਜ ਹੈ ਜਿਹੜਾ ਪਰਮੇਸ਼ੁਰ ਦੇ ਦ੍ਰਿਸ਼ਟ ਸੰਗਠਨ ਤੋਂ ਅਲੱਗ ਯਾ ਬਾਹਰ ਵਸਦਾ ਹੈ। ਇਹ ਉਹ ਦੁਨੀਆਂ ਹੈ ਜਿਸ ਤੋਂ ਮਸੀਹੀਆਂ ਨੂੰ ਅਲੱਗ ਰਹਿਣਾ ਚਾਹੀਦਾ ਹੈ।—ਯਾਕੂਬ 1:27.

5. ਇਸ ਦੁਨੀਆਂ ਦਾ ਇਕ ਮਹੱਤਵਪੂਰਣ ਹਿੱਸਾ ਕੀ ਹੈ, ਅਤੇ ਇਹ ਬਾਈਬਲ ਵਿਚ ਕਿਸ ਤਰ੍ਹਾਂ ਦਰਸਾਇਆ ਗਿਆ ਹੈ?

5 ਸ਼ਤਾਨ ਦੀ ਦੁਨੀਆਂ—ਉਸ ਦਾ ਸੰਗਠਿਤ ਮਾਨਵ ਸਮਾਜ—ਨਜ਼ਦੀਕੀ ਤੌਰ ਤੇ ਸੰਬੰਧਿਤ ਵਿਭਿੰਨ ਹਿੱਸਿਆਂ ਦਾ ਬਣਿਆ ਹੋਇਆ ਹੈ। ਇਕ ਮਹੱਤਵਪੂਰਣ ਹਿੱਸਾ ਝੂਠਾ ਧਰਮ ਹੈ। ਬਾਈਬਲ ਵਿਚ ਝੂਠੇ ਧਰਮ ਨੂੰ ਇਕ “ਵੱਡੀ ਕੰਜਰੀ,” ਯਾ ਵੇਸਵਾ ਦੇ ਰੂਪ ਵਿਚ ਦਰਸਾਇਆ ਗਿਆ ਹੈ ਜਿਸ ਦਾ ਨਾਂ “ਬਾਬੁਲ ਉਹ ਵੱਡੀ ਨਗਰੀ” ਹੈ। ਉਹ ਇਕ ਵਿਸ਼ਵ ਸਾਮਰਾਜ ਹੈ, ਜਿਹੜੀ ਗੱਲ ਇਸ ਹਕੀਕਤ ਦੁਆਰਾ ਦਿਖਾਈ ਗਈ ਹੈ ਕਿ ਉਹ “ਧਰਤੀ ਦਿਆਂ ਰਾਜਿਆਂ ਉੱਤੇ ਰਾਜ ਕਰਦੀ ਹੈ।” (ਪਰਕਾਸ਼ ਦੀ ਪੋਥੀ 17:1, 5, 18) ਪਰ ਕਿਹੜੀ ਚੀਜ਼ ਸਾਬਤ ਕਰਦੀ ਹੈ ਕਿ ਵੱਡੀ ਬਾਬੁਲ ਇਕ ਧਾਰਮਿਕ ਵਿਸ਼ਵ ਸਾਮਰਾਜ ਹੈ?

6, 7. (ੳ) ਕੀ ਸਾਬਤ ਕਰਦਾ ਹੈ ਕਿ ਵੱਡੀ ਬਾਬੁਲ ਇਕ ਧਾਰਮਿਕ ਸਾਮਰਾਜ ਹੈ? (ਅ) ਝੂਠੇ ਧਰਮ ਦਾ ਰਾਜਨੀਤਿਕ ਸਰਕਾਰਾਂ ਦੇ ਨਾਲ ਕੀ ਸੰਬੰਧ ਰਿਹਾ ਹੈ?

6 ਇਹ ਵੇਖਦੇ ਹੋਏ ਕਿ ‘ਧਰਤੀ ਦੇ ਰਾਜੇ’ ਉਸ ਦੇ ਨਾਲ ‘ਹਰਾਮਕਾਰੀ ਕਰਦੇ ਹਨ,’ ਵੱਡੀ ਬਾਬੁਲ ਇਕ ਰਾਜਨੀਤਿਕ ਵਿਸ਼ਵ ਸਾਮਰਾਜ ਨਹੀਂ ਹੋ ਸਕਦੀ ਹੈ। ਅਤੇ ਕਿਉਂਜੋ ਇਸ ਧਰਤੀ ਦਿਆਂ “ਵਸਤਾਂ ਦੇ ਬੁਪਾਰੀ” ਦੂਰ ਖਲੋ ਕੇ ਉਸ ਦੇ ਵਿਨਾਸ਼ ਤੇ ਰੋਂਦੇ ਕੁਰਲਾਉਂਦੇ ਹਨ, ਉਹ ਇਕ ਵਪਾਰਕ ਵਿਸ਼ਵ ਸਾਮਰਾਜ ਨਹੀਂ ਹੈ। (ਪਰਕਾਸ਼ ਦੀ ਪੋਥੀ 17:2; 18:15) ਪਰ, ਇਹ ਗੱਲ ਕਿ ਉਹ ਵਾਸਤਵ ਵਿਚ ਇਕ ਧਾਰਮਿਕ ਸਾਮਰਾਜ ਹੈ ਬਾਈਬਲ ਦੇ ਇਸ ਕਥਨ ਦੁਆਰਾ ਦਿਖਾਇਆ ਗਿਆ ਹੈ ਕਿ ਉਹ ਦੇ ਰਾਹੀਂ “ਸਾਰੀਆਂ ਕੌਮਾਂ [ਉਹ ਦੀ] ਜਾਦੂਗਰੀ ਨਾਲ ਭਰਮਾਈਆਂ ਗਈਆਂ” ਸਨ।—ਪਰਕਾਸ਼ ਦੀ ਪੋਥੀ 18:23.

7 ਇਕ ‘ਦਰਿੰਦੇ’ ਦੇ ਨਾਲ ਉਸ ਦਾ ਰਿਸ਼ਤਾ ਵੀ ਇਹ ਸਾਬਤ ਕਰਦਾ ਹੈ ਕਿ ਵੱਡੀ ਬਾਬੁਲ ਇਕ ਧਾਰਮਿਕ ਸਾਮਰਾਜ ਹੈ। ਬਾਈਬਲ ਵਿਚ ਅਜਿਹੇ ਦਰਿੰਦੇ ਰਾਜਨੀਤਿਕ ਸਰਕਾਰਾਂ ਨੂੰ ਦਰਸਾਉਂਦੇ ਹਨ। (ਦਾਨੀਏਲ 8:20, 21) ਵੱਡੀ ਬਾਬੁਲ “ਕਿਰਮਚੀ ਰੰਗ ਦੇ ਇਕ ਦਰਿੰਦੇ ਉੱਤੇ . . . ਜਿਹ ਦੇ ਸੱਤ ਸਿੱਰ ਅਤੇ ਦਸ ਸਿੰਙ ਸਨ ਬੈਠੇ” ਵਰਣਨ ਕੀਤੀ ਗਈ ਹੈ। ਇਸ ਤਰ੍ਹਾਂ ਉਹ ਇਸ ‘ਦਰਿੰਦੇ,’ ਯਾ ਵਿਸ਼ਵ ਸਰਕਾਰ ਉੱਤੇ ਪ੍ਰਭਾਵ ਪਾਉਣ ਦਾ ਯਤਨ ਕਰ ਰਹੀ ਹੈ। (ਪਰਕਾਸ਼ ਦੀ ਪੋਥੀ 17:3) ਅਤੇ ਇਹ ਇਕ ਹਕੀਕਤ ਹੈ ਕਿ ਧਰਮ ਸਾਰੇ ਇਤਿਹਾਸ ਦੇ ਦੌਰਾਨ ਅਕਸਰ ਸਰਕਾਰਾਂ ਨੂੰ ਸਲਾਹਾਂ ਦਿੰਦੇ ਹੋਏ, ਰਾਜਨੀਤੀ ਦੇ ਨਾਲ ਰਲਿਆ ਮਿਲਿਆ ਰਿਹਾ ਹੈ। ਉਸ ਨੇ ਵਾਸਤਵ ਵਿਚ “ਧਰਤੀ ਦਿਆਂ ਰਾਜਿਆਂ ਉੱਤੇ ਰਾਜ” ਕੀਤਾ ਹੈ।—ਪਰਕਾਸ਼ ਦੀ ਪੋਥੀ 17:18.

8. ਸ਼ਤਾਨ ਦੀ ਦੁਨੀਆਂ ਦਾ ਇਕ ਹੋਰ ਮਹੱਤਵਪੂਰਣ ਹਿੱਸਾ ਕੀ ਹੈ, ਅਤੇ ਬਾਈਬਲ ਵਿਚ ਉਹ ਕਿਵੇਂ ਦਰਸਾਏ ਗਏ ਹਨ?

8 ਇਹ ਰਾਜਨੀਤਿਕ ਸਰਕਾਰਾਂ ਸ਼ਤਾਨ ਦੀ ਦੁਨੀਆਂ ਦਾ ਇਕ ਹੋਰ ਮਹੱਤਵਪੂਰਣ ਹਿੱਸਾ ਬਣਦੀਆਂ ਹਨ। ਜਿਵੇਂ ਅਸੀਂ ਪਹਿਲਾਂ ਹੀ ਦੇਖਿਆ ਹੈ, ਉਹ ਬਾਈਬਲ ਵਿਚ ਦਰਿੰਦਿਆਂ ਦੇ ਰੂਪ ਵਿਚ ਦਰਸਾਈਆਂ ਗਈਆਂ ਹਨ। (ਦਾਨੀਏਲ 7:1-8, 17, 23) ਇਹ ਗੱਲ ਕਿ ਇਨ੍ਹਾਂ ਦਰਿੰਦੇ ਵਰਗੀਆਂ ਸਰਕਾਰਾਂ ਨੂੰ ਸ਼ਤਾਨ ਵੱਲੋਂ ਸ਼ਕਤੀ ਹਾਸਲ ਹੁੰਦੀ ਹੈ ਰਸੂਲ ਯੂਹੰਨਾ ਦੁਆਰਾ ਲਿੱਖੇ ਗਏ ਇਕ ਦ੍ਰਿਸ਼ ਤੋਂ ਦਿਖਾਇਆ ਜਾਂਦਾ ਹੈ: “ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿਚੋਂ ਨਿੱਕਲਦਿਆਂ ਡਿੱਠਾ ਜਿਹ ਦੇ ਦਸ ਸਿੰਙ ਅਤੇ ਸੱਤ ਸਿਰ ਸਨ . . . ਅਤੇ ਅਜਗਰ ਨੇ ਆਪਣੀ ਸਮਰੱਥਾ . . . ਉਹ ਨੂੰ ਦੇ [ਦਿੱਤੀ]।” (ਪਰਕਾਸ਼ ਦੀ ਪੋਥੀ 13:1, 2; 12:9) ਹੋਰ ਸਬੂਤ ਕਿ ਇਹ ਪਾਤਸ਼ਾਹੀਆਂ, ਯਾ ਸਰਕਾਰਾਂ, ਸ਼ਤਾਨ ਦੀ ਦੁਨੀਆਂ ਦਾ ਹਿੱਸਾ ਹਨ, ਇਹ ਹਕੀਕਤ ਹੈ ਕਿ ਸ਼ਤਾਨ ਨੇ ਯਿਸੂ ਨੂੰ ਇਹ ਪਾਤਸ਼ਾਹੀਆਂ ਪੇਸ਼ ਕਰ ਕੇ ਪਰਤਾਇਆ ਸੀ। ਸ਼ਤਾਨ ਇਹ ਨਹੀਂ ਕਰ ਸਕਦਾ ਸੀ ਅਗਰ ਉਹ ਇਨ੍ਹਾਂ ਦਾ ਸ਼ਾਸਕ ਨਾ ਹੁੰਦਾ।—ਮੱਤੀ 4:8, 9.

9. (ੳ) ਸ਼ਤਾਨ ਦੀ ਦੁਨੀਆਂ ਦਾ ਇਕ ਹੋਰ ਹਿੱਸਾ ਪਰਕਾਸ਼ ਦੀ ਪੋਥੀ 18:11 ਤੇ ਕਿਸ ਤਰ੍ਹਾਂ ਵਰਣਨ ਕੀਤਾ ਗਿਆ ਹੈ? (ਅ) ਇਹ ਸਾਬਤ ਕਰਦੇ ਹੋਏ ਕਿ ਸ਼ਤਾਨ ਇਸ ਦੇ ਪਿੱਛੇ ਹੈ, ਉਹ ਕੀ ਕਰਦੀ ਅਤੇ ਕਿਸ ਗੱਲ ਨੂੰ ਉਤੇਜਿਤ ਕਰਦੀ ਹੈ?

9 ਸ਼ਤਾਨ ਦੀ ਦੁਨੀਆਂ ਦਾ ਹਾਲੇ ਇਕ ਹੋਰ ਮੁੱਖ ਹਿੱਸਾ ਇਹ ਲਾਲਚੀ ਅਤੇ ਅਤਿਆਚਾਰਪੂਰਣ ਵਪਾਰਕ ਵਿਵਸਥਾ ਹੈ, ਜਿਸ ਨੂੰ ਪਰਕਾਸ਼ ਦੀ ਪੋਥੀ 18:11 ਵਿਚ “ਬੁਪਾਰੀ” ਜ਼ਿਕਰ ਕੀਤਾ ਗਿਆ ਹੈ। ਇਹ ਵਪਾਰਕ ਵਿਵਸਥਾ ਲੋਕਾਂ ਵਿਚ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਇਕ ਸਵਾਰਥੀ ਲਾਲਚ ਪੈਦਾ ਕਰਦੀ ਹੈ ਜਿਹੜੀਆਂ ਉਹ ਬਣਾਉਂਦੀ ਹੈ, ਭਾਵੇਂ ਉਨ੍ਹਾਂ ਨੂੰ ਸ਼ਾਇਦ ਉਨ੍ਹਾਂ ਦੀ ਲੋੜ ਵੀ ਨਾ ਹੋਵੇ ਅਤੇ ਇੱਥੋਂ ਤਕ ਕਿ ਉਹ ਸ਼ਾਇਦ ਉਨ੍ਹਾਂ ਤੋਂ ਬਿਨਾਂ ਬਿਹਤਰ ਹੋਣ। ਨਾਲ ਹੀ ਇਹ ਲਾਲਚੀ ਵਪਾਰਕ ਵਿਵਸਥਾ ਆਪਣੇ ਗੁਦਾਮਾਂ ਵਿਚ ਅਨਾਜ ਜਮ੍ਹਾ ਕਰ ਰੱਖਦੀ ਹੈ ਪਰ ਲੱਖਾਂ ਹੀ ਲੋਕਾਂ ਨੂੰ ਭੁੱਖੇ ਮਰਨ ਦਿੰਦੀ ਹੈ ਕਿਉਂਕਿ ਉਹ ਅਨਾਜ ਖ਼ਰੀਦ ਨਹੀਂ ਸਕਦੇ ਹਨ। ਦੂਸਰੇ ਪਾਸੇ, ਫੌਜੀ-ਹਥਿਆਰ ਉਤਪੰਨ ਕੀਤੇ ਅਤੇ ਨਫ਼ੇ ਲਈ ਵੇਚੇ ਜਾਂਦੇ ਹਨ ਜਿਹੜੇ ਸਾਰੇ ਮਾਨਵ ਪਰਿਵਾਰ ਨੂੰ ਨਾਸ਼ ਕਰਨ ਦੇ ਕਾਬਲ ਹਨ। ਇਸ ਤਰ੍ਹਾਂ ਸ਼ਤਾਨ ਦੀ ਇਹ ਵਪਾਰਕ ਵਿਵਸਥਾ, ਝੂਠੇ ਧਰਮ ਅਤੇ ਰਾਜਨੀਤਿਕ ਸਰਕਾਰਾਂ ਦੇ ਸਮੇਤ, ਸਵਾਰਥ, ਅਪਰਾਧ ਅਤੇ ਖ਼ੌਫ਼ਨਾਕ ਯੁੱਧਾਂ ਨੂੰ ਉਤੇਜਿਤ ਕਰਦੀ ਹੈ।

10, 11. (ੳ) ਸ਼ਤਾਨ ਦੀ ਦੁਨੀਆਂ ਦੀ ਇਕ ਹੋਰ ਵਿਸ਼ੇਸ਼ਤਾ ਕੀ ਹੈ? (ਅ) ਇਸ ਵਿਸ਼ੇਸ਼ਤਾ ਵਿਚ ਅੰਤਰਗ੍ਰਸਤ ਹੋਣ ਦੇ ਵਿਰੁੱਧ ਕਿਹੜੀਆਂ ਬਾਈਬਲ ਚੇਤਾਵਨੀਆਂ ਹਨ?

10 ਸ਼ਤਾਨ ਅਰਥਾਤ ਇਬਲੀਸ ਦੇ ਅਧੀਨ ਇਹ ਸੰਗਠਿਤ ਮਾਨਵ ਸਮਾਜ ਸੱਚ-ਮੁੱਚ ਹੀ ਦੁਸ਼ਟ ਅਤੇ ਭ੍ਰਿਸ਼ਟ ਹੈ। ਇਹ ਪਰਮੇਸ਼ੁਰ ਦੇ ਧਾਰਮਿਕ ਨਿਯਮਾਂ ਦੇ ਵਿਰੁੱਧ ਹੈ, ਅਤੇ ਹਰ ਪ੍ਰਕਾਰ ਦੀਆਂ ਅਨੈਤਿਕ ਅਭਿਆਸਾਂ ਨਾਲ ਭਰਿਆ ਹੋਇਆ ਹੈ। ਤਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਸ਼ਤਾਨ ਦੀ ਦੁਨੀਆਂ ਦੀ ਇਕ ਹੋਰ ਵਿਸ਼ੇਸ਼ਤਾ ਉਸ ਦੀ ਅਵਾਰਾ ਜੀਵਨ-ਸ਼ੈਲੀ, ਉਸ ਦੇ ਅਨੈਤਿਕ ਤਰੀਕੇ ਹਨ। ਇਸ ਕਾਰਨ ਪੌਲੁਸ ਅਤੇ ਪਤਰਸ ਦੋਵੇਂ ਰਸੂਲਾਂ ਨੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਕੌਮਾਂ ਦੇ ਲੋਕਾਂ ਦੇ ਬੁਰੇ ਅਭਿਆਸਾਂ ਤੋਂ ਪਰੇ ਰਹਿਣ।—ਅਫ਼ਸੀਆਂ 2:1-3; 4:17-19; 1 ਪਤਰਸ 4:3, 4.

11 ਰਸੂਲ ਯੂਹੰਨਾ ਨੇ ਵੀ ਮਸੀਹੀਆਂ ਨੂੰ ਇਸ ਸੰਸਾਰ ਦੀਆਂ ਗ਼ਲਤ ਇੱਛਾਵਾਂ ਅਤੇ ਉਸ ਦੇ ਅਨੈਤਿਕ ਤਰੀਕਿਆਂ ਤੋਂ ਬਚੇ ਰਹਿਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਸੀ। ਉਸ ਨੇ ਲਿਖਿਆ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੋ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।” (1 ਯੂਹੰਨਾ 2:15, 16, ਟੇਢੇ ਟਾਈਪ ਸਾਡੇ) ਚੇਲੇ ਯਾਕੂਬ ਨੇ ਆਖਿਆ ਸੀ ਕਿ ‘ਅਗਰ ਕੋਈ ਜਣਾ ਸੰਸਾਰ ਦਾ ਮਿੱਤਰ ਬਣਨਾ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।’—ਯਾਕੂਬ 4:4.

ਇਸ ਦੁਨੀਆਂ ਦਾ ਹਿੱਸਾ ਬਣਨ ਤੋਂ ਕਿਵੇਂ ਪਰੇ ਰਹਿਣਾ

12, 13. (ੳ) ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਮਸੀਹੀਆਂ ਨੂੰ ਇਸ ਦੁਨੀਆਂ ਵਿਚ ਰਹਿਣਾ ਪੈਣਾ ਹੈ? (ਅ) ਇਹ ਕਿਸ ਤਰ੍ਹਾਂ ਸੰਭਵ ਹੈ ਕਿ ਇਸ ਦੁਨੀਆਂ ਵਿਚ ਰਹੀਏ ਪਰ ਉਸ ਦਾ ਕੋਈ ਹਿੱਸਾ ਨਾ ਹੋਈਏ?

12 ਜਿਨ੍ਹਾਂ ਚਿਰ ਸ਼ਤਾਨ ਦੀ ਦੁਨੀਆਂ ਕਾਇਮ ਹੈ, ਮਸੀਹੀਆਂ ਨੂੰ ਇਸ ਵਿਚ ਰਹਿਣਾ ਪੈਣਾ ਹੈ। ਯਿਸੂ ਨੇ ਇਹ ਵਿਖਾਇਆ ਸੀ ਜਦੋਂ ਉਸ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ ਸੀ: “ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ।” ਪਰ ਫਿਰ ਯਿਸੂ ਨੇ ਆਪਣੇ ਅਨੁਯਾਈਆਂ ਦੇ ਸੰਬੰਧ ਵਿਚ ਅੱਗੇ ਆਖਿਆ: “ਓਹ ਜਗਤ ਦੇ ਨਹੀਂ ਹਨ।” (ਯੂਹੰਨਾ 17:15, 16) ਇਹ ਕਿਸ ਤਰ੍ਹਾਂ ਸੰਭਵ ਹੈ ਕਿ ਸ਼ਤਾਨ ਦੀ ਦੁਨੀਆਂ ਵਿਚ ਰਹੀਏ ਪਰ ਫਿਰ ਵੀ ਉਸ ਦਾ ਕੋਈ ਹਿੱਸਾ ਨਾ ਹੋਈਏ?

13 ਖੈਰ, ਤੁਸੀਂ ਉਨ੍ਹਾਂ ਲੋਕਾਂ ਵਿਚ ਵਸਦੇ ਹੋ ਜਿਹੜੇ ਅੱਜਕਲ੍ਹ ਦੇ ਸੰਗਠਿਤ ਮਾਨਵ ਸਮਾਜ ਦਾ ਹਿੱਸਾ ਹਨ। ਇਨ੍ਹਾਂ ਲੋਕਾਂ ਵਿਚ ਵਿਭਚਾਰੀ, ਲਾਲਚੀ ਅਤੇ ਹੋਰ ਵਿਅਕਤੀ ਸ਼ਾਮਲ ਹਨ ਜਿਹੜੇ ਦੁਸ਼ਟ ਕੰਮ ਕਰਦੇ ਹਨ। ਤੁਸੀਂ ਉਨ੍ਹਾਂ ਦੇ ਨਾਲ ਸ਼ਾਇਦ ਕੰਮ ਕਰੋ, ਸਕੂਲ ਨੂੰ ਜਾਵੋ, ਭੋਜਨ ਖਾਵੋ, ਅਤੇ ਉਨ੍ਹਾਂ ਨਾਲ ਹੋਰ ਅਜਿਹੀਆਂ ਕ੍ਰਿਆਵਾਂ ਵਿਚ ਹਿੱਸਾ ਲਵੋ। (1 ਕੁਰਿੰਥੀਆਂ 5:9, 10) ਤੁਹਾਨੂੰ ਉਨ੍ਹਾਂ ਦੇ ਨਾਲ ਪ੍ਰੇਮ ਵੀ ਰੱਖਣਾ ਚਾਹੀਦਾ ਹੈ, ਜਿਵੇਂ ਪਰਮੇਸ਼ੁਰ ਰੱਖਦਾ ਹੈ। (ਯੂਹੰਨਾ 3:16) ਪਰ ਇਕ ਸੱਚਾ ਮਸੀਹੀ ਉਨ੍ਹਾਂ ਦੁਸ਼ਟ ਕੰਮਾਂ ਨੂੰ ਪਸੰਦ ਨਹੀਂ ਕਰਦਾ ਹੈ ਜਿਹੜੇ ਉਹ ਲੋਕ ਕਰਦੇ ਹਨ। ਉਹ ਉਨ੍ਹਾਂ ਦੇ ਜੀਵਨ ਦੇ ਰਵੱਈਏ, ਕ੍ਰਿਆਵਾਂ ਯਾ ਟੀਚਿਆਂ ਨੂੰ ਨਹੀਂ ਅਪਣਾਉਂਦਾ ਹੈ। ਉਹ ਉਨ੍ਹਾਂ ਦੇ ਭ੍ਰਿਸ਼ਟ ਧਰਮ ਅਤੇ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦਾ ਹੈ। ਅਤੇ ਹਾਲਾਂਕਿ ਰੋਜ਼ੀ ਕਮਾਉਣ ਵਾਸਤੇ ਉਹ ਨੂੰ ਇਸ ਵਪਾਰਕ ਦੁਨੀਆਂ ਵਿਚ ਅਕਸਰ ਕੰਮ ਕਰਨਾ ਪੈਂਦਾ ਹੈ, ਉਹ ਬੇਈਮਾਨ ਵਪਾਰਕ ਅਭਿਆਸਾਂ ਵਿਚ ਹਿੱਸਾ ਨਹੀਂ ਲੈਂਦਾ ਹੈ; ਨਾ ਹੀ ਭੌਤਿਕ ਚੀਜ਼ਾਂ ਨੂੰ ਪ੍ਰਾਪਤ ਕਰਨਾ ਉਸ ਦੇ ਜੀਵਨ ਦਾ ਮੁੱਖ ਟੀਚਾ ਹੈ। ਕਿਉਂਕਿ ਉਹ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ ਹੈ, ਉਹ ਉਨ੍ਹਾਂ ਦੀ ਬੁਰੀ ਸੰਗਤ ਤੋਂ ਪਰੇ ਰਹਿੰਦਾ ਹੈ ਜਿਹੜੇ ਸ਼ਤਾਨ ਦੀ ਦੁਨੀਆਂ ਲਈ ਜੀਉਂਦੇ ਹਨ। (1 ਕੁਰਿੰਥੀਆਂ 15:33; ਜ਼ਬੂਰਾਂ ਦੀ ਪੋਥੀ 1:1; 26:3-6, 9, 10) ਨਤੀਜੇ ਵਜੋਂ, ਉਹ ਸ਼ਤਾਨ ਦੀ ਦੁਨੀਆਂ ਵਿਚ ਹੈ ਪਰ ਫਿਰ ਵੀ ਉਸ ਦਾ ਕੋਈ ਹਿੱਸਾ ਨਹੀਂ ਹੈ।

14. ਅਗਰ ਤੁਸੀਂ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ ਹੋ, ਤਾਂ ਤੁਸੀਂ ਬਾਈਬਲ ਦੇ ਕਿਹੜੇ ਹੁਕਮ ਦੀ ਪਾਲਣਾ ਕਰੋਗੇ?

14 ਤੁਹਾਡੇ ਬਾਰੇ ਕੀ? ਕੀ ਤੁਸੀਂ ਸ਼ਤਾਨ ਦੀ ਦੁਨੀਆਂ ਦਾ ਹਿੱਸਾ ਬਣਨਾ ਚਾਹੁੰਦੇ ਹੋ? ਯਾ ਕੀ ਤੁਸੀਂ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ ਹੋ? ਅਗਰ ਤੁਸੀਂ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ ਹੋ, ਤਾਂ ਤੁਸੀਂ ਇਸ ਦੁਨੀਆਂ ਤੋਂ, ਅਤੇ ਉਸ ਦੇ ਝੂਠੇ ਧਰਮ ਦੇ ਸਮੇਤ ਅਲੱਗ ਹੋਵੋਗੇ। ਤੁਸੀਂ ਇਸ ਹੁਕਮ ਦੀ ਪਾਲਣਾ ਕਰੋਗੇ: “ਹੇ ਮੇਰੀ ਪਰਜਾ, ਉਹ [ਵੱਡੀ ਬਾਬੁਲ] ਦੇ ਵਿੱਚੋਂ ਨਿੱਕਲ ਆਓ!” (ਪਰਕਾਸ਼ ਦੀ ਪੋਥੀ 18:4) ਪਰ ਫਿਰ, ਵੱਡੀ ਬਾਬੁਲ, ਉਹ ਝੂਠੇ ਧਰਮ ਦੇ ਸਾਮਰਾਜ ਵਿਚੋਂ ਨਿੱਕਲਣ ਵਿਚ ਕੇਵਲ ਝੂਠੇ ਧਾਰਮਿਕ ਸੰਗਠਨਾਂ ਨਾਲ ਸੰਬੰਧ ਤੋੜਨ ਨਾਲੋਂ ਕੁਝ ਜ਼ਿਆਦਾ ਸ਼ਾਮਲ ਹੈ। ਇਸ ਦਾ ਇਹ ਵੀ ਅਰਥ ਹੈ ਕਿ ਦੁਨੀਆਂ ਦੇ ਧਾਰਮਿਕ ਉਤਸਵਾਂ ਨਾਲ ਕੋਈ ਵੀ ਸੰਬੰਧ ਨਹੀਂ ਰੱਖਣਾ।—2 ਕੁਰਿੰਥੀਆਂ 6:14-18.

15. (ੳ) ਯਿਸੂ ਦੇ ਜਨਮ ਦੀ ਬਜਾਇ, ਮਸੀਹੀਆਂ ਨੂੰ ਕੀ ਮਨਾਉਣ ਲਈ ਹੁਕਮ ਦਿੱਤਾ ਗਿਆ ਸੀ? (ਅ) ਕੀ ਦਿਖਾਉਂਦਾ ਹੈ ਕਿ ਯਿਸੂ ਸਰਦੀਆਂ ਦੀ ਠੰਡ ਵਿਚ ਪੈਦਾ ਨਹੀਂ ਹੋ ਸਕਦਾ ਸੀ? (ੲ) ਯਿਸੂ ਦਾ ਜਨਮ ਮਨਾਉਣ ਲਈ 25 ਦਸੰਬਰ ਤਾਰੀਖ਼ ਕਿਉਂ ਚੁਣੀ ਗਈ ਸੀ?

15 ਕ੍ਰਿਸਮਸ ਅੱਜਕਲ੍ਹ ਇਕ ਪ੍ਰਸਿੱਧ ਧਾਰਮਿਕ ਦਿਨ-ਦਿਹਾਰ ਹੈ। ਪਰ ਇਤਿਹਾਸ ਪ੍ਰਦਰਸ਼ਿਤ ਕਰਦਾ ਹੈ ਕਿ ਇਹ ਉਤਸਵ ਸਭ ਤੋਂ ਪਹਿਲੇ ਮਸੀਹੀਆਂ ਦੁਆਰਾ ਨਹੀਂ ਮਨਾਇਆ ਜਾਂਦਾ ਸੀ। ਯਿਸੂ ਨੇ ਆਪਣੇ ਅਨੁਯਾਈਆਂ ਨੂੰ ਉਸ ਦੇ ਜਨਮ ਦੀ ਨਹੀਂ, ਬਲਕਿ ਉਸ ਦੀ ਮੌਤ ਦਾ ਸਮਾਰਕ ਮਨਾਉਣ ਲਈ ਆਖਿਆ ਸੀ। (1 ਕੁਰਿੰਥੀਆਂ 11:24-26) ਹਕੀਕਤ ਇਹ ਹੈ ਕਿ 25 ਦਸੰਬਰ ਯਿਸੂ ਦੇ ਜਨਮ ਦੀ ਤਾਰੀਖ਼ ਨਹੀਂ ਹੈ। ਇਹ ਨਹੀਂ ਹੋ ਸਕਦੀ ਸੀ, ਕਿਉਂਕਿ ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਉਸ ਦੇ ਜਨਮ ਦੇ ਸਮੇਂ ਰਾਤ ਨੂੰ ਚਰਵਾਹੇ ਹਾਲੇ ਵੀ ਖੇਤਾਂ ਵਿਚ ਸਨ। ਉਹ ਸਰਦੀ ਦੇ ਠੰਡੇ, ਬਰਸਾਤੀ ਮੌਸਮ ਵਿਚ ਉੱਥੇ ਨਹੀਂ ਹੁੰਦੇ। (ਲੂਕਾ 2:8-12) ਅਸਲ ਵਿਚ 25 ਦਸੰਬਰ ਯਿਸੂ ਦੇ ਜਨਮ ਨੂੰ ਮਨਾਉਣ ਦੀ ਤਾਰੀਖ਼ ਇਸ ਲਈ ਚੁਣੀ ਗਈ ਸੀ, ਕਿਉਂਕਿ ਜਿਸ ਤਰ੍ਹਾਂ ਦ ਵਰਲਡ ਬੁੱਕ ਐਨਸਾਇਕਲੋਪੀਡਿਆ ਵਿਆਖਿਆ ਕਰਦੀ ਹੈ: “ਰੋਮ ਦੇ ਲੋਕ ਸੂਰਜ ਦਾ ਜਨਮ ਮਨਾਉਂਦੇ ਹੋਏ, ਇਸ ਨੂੰ ਪਹਿਲਾਂ ਹੀ ਸੈਟਰਨ ਦਾ ਤਿਉਹਾਰ ਮਨਾਉਂਦੇ ਸਨ।”

16. (ੳ) ਹੋਰ ਕਿਹੜਿਆਂ ਪ੍ਰਸਿੱਧ ਧਾਰਮਿਕ ਦਿਨ-ਦਿਹਾਰਾਂ ਦੇ ਆਰੰਭ ਗੈਰ-ਮਸੀਹੀ ਸਨ? (ਅ) ਮਸੀਹੀ ਕਿਨ੍ਹਾਂ ਅੱਛੇ ਕਾਰਨਾਂ ਕਰਕੇ ਕ੍ਰਿਸਮਸ ਅਤੇ ਈਸਟਰ ਨਹੀਂ ਮਨਾਉਂਦੇ ਹਨ?

16 ਈਸਟਰ ਇਕ ਹੋਰ ਪ੍ਰਸਿੱਧ ਧਾਰਮਿਕ ਦਿਨ-ਦਿਹਾਰ ਹੈ। ਕਈ ਲਾਤੀਨੀ-ਅਮਰੀਕਨ ਦੇਸ਼ਾਂ ਵਿਚ ਪਵਿੱਤਰ ਸਪਤਾਹ (ਹੋਲੀ ਵੀਕ) ਵੀ ਅਜਿਹਾ ਹੀ ਹੈ। ਮਗਰ ਈਸਟਰ ਵੀ ਪਹਿਲੇ ਮਸੀਹੀਆਂ ਦੁਆਰਾ ਨਹੀਂ ਮਨਾਇਆ ਜਾਂਦਾ ਸੀ। ਇਸ ਦਾ ਮੁੱਢ ਵੀ ਗੈਰ-ਮਸੀਹੀ ਉਤਸਵਾਂ ਵਿਚੋਂ ਸੀ। ਦ ਐਨਸਾਇਕਲੋਪੀਡਿਆ ਬ੍ਰਿਟੈਨਿਕਾ ਆਖਦੀ ਹੈ: “ਨਵੇਂ ਨੇਮ ਵਿਚ ਈਸਟਰ ਉਤਸਵ ਦੇ ਮਨਾਉਣ ਦਾ ਕੋਈ ਸੰਕੇਤ ਨਹੀਂ ਪਾਇਆ ਜਾਂਦਾ ਹੈ।” ਪਰ ਕੀ ਇਹ ਵਾਸਤਵ ਵਿਚ ਮਹੱਤਤਾ ਰੱਖਦਾ ਹੈ ਕਿ ਕ੍ਰਿਸਮਸ ਅਤੇ ਈਸਟਰ ਮਸੀਹੀ ਉਤਸਵ ਨਹੀਂ ਹਨ ਪਰ ਅਸਲ ਵਿਚ ਇਨ੍ਹਾਂ ਦਾ ਮੁੱਢ ਝੂਠੇ ਈਸ਼ਵਰਾਂ ਦੇ ਉਪਾਸਕਾਂ ਤੋਂ ਆਰੰਭ ਹੋਇਆ ਹੈ? ਰਸੂਲ ਪੌਲੁਸ ਨੇ ਇਹ ਆਖਦੇ ਹੋਏ ਝੂਠ ਅਤੇ ਸੱਚ ਨੂੰ ਮਿਲਾਉਣ ਦੇ ਵਿਰੁੱਧ ਚੇਤਾਵਨੀ ਦਿੱਤੀ ਸੀ ਕਿ, “ਥੋੜਾ ਜਿਹਾ ਖਮੀਰ [ਵੀ] ਸਾਰੀ ਤੌਣ ਨੂੰ ਖਮੀਰਿਆਂ ਕਰ ਦਿੰਦਾ ਹੈ।” (ਗਲਾਤੀਆਂ 5:9) ਉਹ ਨੇ ਕੁਝ ਪਹਿਲੇ ਮਸੀਹੀਆਂ ਨੂੰ ਆਖਿਆ ਸੀ ਕਿ ਉਨ੍ਹਾਂ ਲਈ ਉਹ ਦਿਨ ਮਨਾਉਣੇ ਗ਼ਲਤ ਹਨ ਜਿਹੜੇ ਮੂਸਾ ਦੀ ਬਿਵਸਥਾ ਦੇ ਅਧੀਨ ਮਨਾਏ ਜਾਂਦੇ ਸਨ ਪਰ ਮਸੀਹੀਆਂ ਲਈ ਪਰਮੇਸ਼ੁਰ ਰੱਦ ਕਰ ਚੁੱਕਾ ਸੀ। (ਗਲਾਤੀਆਂ 4:10, 11) ਸੱਚੇ ਮਸੀਹੀਆਂ ਲਈ ਕਿੰਨਾ ਜ਼ਿਆਦਾ ਹੋਰ ਮਹੱਤਵਪੂਰਣ ਹੈ ਕਿ ਉਹ ਉਨ੍ਹਾਂ ਉਤਸਵਾਂ ਤੋਂ ਪਰੇ ਰਹਿਣ ਜਿਹੜੇ ਪਰਮੇਸ਼ੁਰ ਨੇ ਕਦੇ ਵੀ ਮਨਾਉਣ ਲਈ ਨਹੀਂ ਆਖਿਆ ਸੀ ਅਤੇ ਜਿਹੜੇ ਝੂਠੇ ਧਰਮ ਤੋਂ ਆਰੰਭ ਹੋਏ ਸਨ!

17. (ੳ) ਉਨ੍ਹਾਂ ਦਿਨ-ਦਿਹਾਰਾਂ ਵਿਚ ਕੀ ਗ਼ਲਤ ਹੈ ਜਿਹੜੇ ਪ੍ਰਸਿੱਧ ਮਨੁੱਖਾਂ ਯਾ ਕੌਮਾਂ ਨੂੰ ਆਦਰ ਦਿੰਦੇ ਹਨ? (ਅ) ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਮਸੀਹੀਆਂ ਨੂੰ ਕਿਹੜਾ ਰਾਹ ਲੈਣਾ ਚਾਹੀਦਾ ਹੈ?

17 ਦੁਨੀਆਂ ਦੇ ਹੋਰ ਉਤਸਵ ਪ੍ਰਸਿੱਧ ਮਨੁੱਖਾਂ ਨੂੰ ਆਦਰ ਦਿੰਦੇ ਹਨ। ਹੋਰ ਵੀ ਅਜਿਹੇ ਹਨ ਜੋ ਕੌਮਾਂ ਯਾ ਦੁਨਿਆਵੀ ਸੰਗਠਨਾਂ ਨੂੰ ਆਦਰ ਦਿੰਦੇ ਅਤੇ ਉੱਚਾ ਕਰਦੇ ਹਨ। ਪਰ ਬਾਈਬਲ ਮਨੁੱਖਾਂ ਨੂੰ ਉਪਾਸਨਾਪੂਰਣ ਆਦਰ ਦੇਣ ਦੇ ਵਿਰੁੱਧ ਯਾ ਉਨ੍ਹਾਂ ਚੀਜ਼ਾਂ ਨੂੰ ਪੂਰਾ ਕਰਨ ਲਈ ਮਾਨਵ ਸੰਗਠਨਾਂ ਵਿਚ ਵਿਸ਼ਵਾਸ ਰੱਖਣ ਦੇ ਵਿਰੁੱਧ ਚੇਤਾਵਨੀ ਦਿੰਦੀ ਹੈ ਜਿਹੜੀਆਂ ਕੇਵਲ ਪਰਮੇਸ਼ੁਰ ਹੀ ਕਰ ਸਕਦਾ ਹੈ। (ਰਸੂਲਾਂ ਦੇ ਕਰਤੱਬ 10:25, 26; 12:21-23; ਪਰਕਾਸ਼ ਦੀ ਪੋਥੀ 19:10; ਯਿਰਮਿਯਾਹ 17:5-7) ਤਾਂ ਫਿਰ ਉਹ ਉਤਸਵ ਜਿਹੜੇ ਇਕ ਮਨੁੱਖ ਯਾ ਕਿਸੇ ਮਾਨਵ ਸੰਗਠਨ ਨੂੰ ਉੱਚਾ ਕਰਨ ਵੱਲ ਝੁਕਾਉ ਹਨ ਪਰਮੇਸ਼ੁਰ ਦੀ ਇੱਛਾ ਦੇ ਨਾਲ ਇਕਸਾਰ ਨਹੀਂ ਹਨ, ਅਤੇ ਸੱਚੇ ਮਸੀਹੀ ਉਨ੍ਹਾਂ ਵਿਚ ਹਿੱਸਾ ਨਹੀਂ ਲੈਣਗੇ।—ਰੋਮੀਆਂ 12:2.

18. (ੳ) ਮਨੁੱਖਾਂ ਨੇ ਆਦਰ ਦੇਣ ਯਾ ਉਪਾਸਨਾ ਕਰਨ ਲਈ ਕਿਹੜੀਆਂ ਚੀਜ਼ਾਂ ਬਣਾਈਆਂ ਹਨ? (ਅ) ਇਕ ਵਸਤੂ ਨੂੰ ਉਪਾਸਨਾਪੂਰਣ ਆਦਰ ਦੇਣ ਬਾਰੇ ਪਰਮੇਸ਼ੁਰ ਦਾ ਨਿਯਮ ਕੀ ਆਖਦਾ ਹੈ?

18 ਮਨੁੱਖਾਂ ਦੁਆਰਾ ਅਨੇਕ ਵਸਤੂਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਦਾ ਆਦਰ ਯਾ ਜਿਨ੍ਹਾਂ ਦੀ ਉਪਾਸਨਾ ਕਰਨ ਲਈ ਲੋਕਾਂ ਨੂੰ ਆਖਿਆ ਜਾਂਦਾ ਹੈ। ਇਨ੍ਹਾਂ ਵਿਚੋਂ ਕਈ ਧਾਤ ਯਾ ਲੱਕੜੀ ਦੀਆਂ ਬਣੀਆਂ ਹੁੰਦੀਆਂ ਹਨ। ਦੂਸਰੀਆਂ ਕੱਪੜੇ ਦੀਆਂ ਬਣੀਆਂ ਹੁੰਦੀਆਂ ਹਨ ਅਤੇ ਸ਼ਾਇਦ ਉਨ੍ਹਾਂ ਉੱਤੇ ਕੱਢਾਈ ਕੀਤੇ ਹੋਏ ਯਾ ਰੰਗੇ ਹੋਏ ਸਵਰਗ ਯਾ ਧਰਤੀ ਦੀ ਕਿਸੇ ਚੀਜ਼ ਦੇ ਚਿੱਤਰ ਹੁੰਦੇ ਹਨ। ਇਕ ਕੌਮ ਸ਼ਾਇਦ ਇਕ ਅਜਿਹਾ ਨਿਯਮ ਬਣਾਵੇ ਜਿਹੜਾ ਹਰੇਕ ਨੂੰ ਆਖੇ ਕਿ ਉਸ ਨੂੰ ਕਿਸੇ ਅਜਿਹੀ ਵਸਤੂ ਨੂੰ ਪੂਜਨੀਕ ਆਦਰ ਦੇਣਾ ਚਾਹੀਦਾ ਹੈ। ਪਰ ਪਰਮੇਸ਼ੁਰ ਦਾ ਨਿਯਮ ਆਖਦਾ ਹੈ ਕਿ ਉਸ ਦੇ ਸੇਵਕਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ। (ਕੂਚ 20:4, 5; ਮੱਤੀ 4:10) ਇਸ ਤਰ੍ਹਾਂ ਦੀ ਸਥਿਤੀ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕੀ ਕੀਤਾ ਹੈ?

19. (ੳ) ਬਾਬੁਲ ਦੇ ਰਾਜੇ ਨੇ ਹਰੇਕ ਨੂੰ ਕੀ ਕਰਨ ਦਾ ਹੁਕਮ ਦਿੱਤਾ ਸੀ? (ਅ) ਕਿਸ ਦੇ ਨਮੂਨੇ ਉੱਤੇ ਚਲਣ ਵਿਚ ਮਸੀਹੀਆਂ ਦਾ ਭਲਾ ਹੋਵੇਗਾ?

19 ਪ੍ਰਾਚੀਨ ਬਾਬੁਲ ਵਿਚ ਰਾਜਾ ਨਬੂਕਦਨੱਸਰ ਨੇ ਇਕ ਵਿਸ਼ਾਲ ਮੂਰਤ ਬਣਾਈ ਅਤੇ ਹੁਕਮ ਦਿੱਤਾ ਕਿ ਹਰ ਇਕ ਉਸ ਦੇ ਸਾਮ੍ਹਣੇ ਮੱਥਾ ਟੇਕੇ। ‘ਜਿਹੜਾ ਨਹੀਂ ਟੇਕੇਗਾ,’ ਉਸ ਨੇ ਆਖਿਆ, ‘ਉਹ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ।’ ਬਾਈਬਲ ਆਖਦੀ ਹੈ ਕਿ ਸ਼ਦਰਕ, ਮੇਸ਼ਕ ਅਤੇ ਅਬਦਨਗੋ ਤਿੰਨ ਜਵਾਨ ਇਬਰਾਨੀਆਂ ਨੇ ਉਸ ਗੱਲ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਜੋ ਰਾਜੇ ਨੇ ਹੁਕਮ ਦਿੱਤਾ ਸੀ। ਕਿਉਂ? ਕਿਉਂਕਿ ਇਸ ਵਿਚ ਉਪਾਸਨਾ ਸ਼ਾਮਲ ਸੀ, ਅਤੇ ਉਨ੍ਹਾਂ ਦੀ ਉਪਾਸਨਾ ਕੇਵਲ ਯਹੋਵਾਹ ਲਈ ਹੀ ਸੀ। ਜੋ ਉਨ੍ਹਾਂ ਨੇ ਕੀਤਾ ਪਰਮੇਸ਼ੁਰ ਨੇ ਉਸ ਨੂੰ ਮਨਜ਼ੂਰ ਕਰ ਕੇ ਉਨ੍ਹਾਂ ਨੂੰ ਰਾਜੇ ਦੇ ਕ੍ਰੋਧ ਤੋਂ ਬਚਾਇਆ। ਅਸਲ ਵਿਚ, ਨਬੂਕਦਨੱਸਰ ਨੇ ਇਹ ਵੇਖਿਆ ਕਿ ਯਹੋਵਾਹ ਦੇ ਇਹ ਸੇਵਕ ਰਾਜ ਦੇ ਪ੍ਰਤੀ ਕੋਈ ਖ਼ਤਰਾ ਨਹੀਂ ਪੇਸ਼ ਕਰਦੇ ਸਨ, ਇਸ ਲਈ ਉਸ ਨੇ ਉਨ੍ਹਾਂ ਦੀ ਆਜ਼ਾਦੀ ਨੂੰ ਸੁਰੱਖਿਅਤ ਰੱਖਣ ਲਈ ਇਕ ਨਿਯਮ ਬਣਾਇਆ। (ਦਾਨੀਏਲ 3:1-30) ਕੀ ਤੁਸੀਂ ਇਨ੍ਹਾਂ ਜਵਾਨ ਮਨੁੱਖਾਂ ਦੀ ਵਫ਼ਾਦਾਰੀ ਦੀ ਪ੍ਰਸ਼ੰਸਾ ਨਹੀਂ ਕਰਦੇ ਹੋ? ਕੀ ਤੁਸੀਂ ਪਰਮੇਸ਼ੁਰ ਦੇ ਸਾਰੇ ਨਿਯਮਾਂ ਦੀ ਪਾਲਣਾ ਕਰ ਕੇ ਇਹ ਦਿਖਾਓਗੇ ਕਿ ਤੁਸੀਂ ਵਾਸਤਵ ਵਿਚ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ ਹੋ?—ਰਸੂਲਾਂ ਦੇ ਕਰਤੱਬ 5:29.

20. ਕਿਹੜੇ ਵਿਭਿੰਨ ਸਾਧਨ ਹਨ ਜਿਨ੍ਹਾਂ ਦੁਆਰਾ ਸ਼ਤਾਨ ਸਾਡੇ ਤੋਂ ਪਰਮੇਸ਼ੁਰ ਦੇ ਲਿੰਗੀ ਨੈਤਿਕਤਾ ਦੇ ਨਿਯਮ ਤੁੜਵਾਉਣ ਦੀ ਕੋਸ਼ਿਸ਼ ਕਰਦਾ ਹੈ?

20 ਨਿਰਸੰਦੇਹ, ਸ਼ਤਾਨ ਨਹੀਂ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਰੀਏ। ਉਹ ਚਾਹੁੰਦਾ ਹੈ ਕਿ ਅਸੀਂ ਉਹ ਦੀ ਸੇਵਾ ਕਰੀਏ। ਇਸ ਲਈ ਉਹ ਸਾਡੇ ਤੋਂ ਆਪਣੀ ਮਰਜ਼ੀ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਜਿਸ ਦੀ ਆਗਿਆਪਾਲਣਾ ਕਰਦੇ ਹਾਂ, ਅਸੀਂ ਉਸ ਦੇ ਦਾਸ, ਯਾ ਸੇਵਕ ਬਣ ਜਾਂਦੇ ਹਾਂ। (ਰੋਮੀਆਂ 6:16) ਵਿਭਿੰਨ ਸਾਧਨਾਂ ਦੁਆਰਾ, ਜਿਨ੍ਹਾਂ ਵਿਚ ਟੈਲੀਵਿਯਨ, ਫਿਲਮਾਂ, ਵਿਸ਼ੇਸ਼ ਪ੍ਰਕਾਰ ਦੇ ਨਾਚ ਅਤੇ ਅਨੈਤਿਕ ਸਾਹਿਤ ਸ਼ਾਮਲ ਹਨ, ਸ਼ਤਾਨ ਅਣਵਿਵਾਹਿਤ ਵਿਅਕਤੀਆਂ ਨੂੰ ਲਿੰਗੀ ਸੰਬੰਧ, ਨਾਲੇ ਜ਼ਨਾਹ ਵੀ ਕਰਨ ਲਈ ਉਤਸ਼ਾਹਿਤ ਕਰਦਾ ਹੈ। ਅਜਿਹਾ ਆਚਰਣ ਮਨਜ਼ੂਰਯੋਗ, ਇੱਥੋਂ ਤਕ ਕਿ ਸਹੀ ਵੀ ਦਿਖਾਇਆ ਜਾਂਦਾ ਹੈ। ਮਗਰ, ਇਹ ਪਰਮੇਸ਼ੁਰ ਦੇ ਨਿਯਮਾਂ ਦੇ ਵਿਰੁੱਧ ਹੈ। (ਇਬਰਾਨੀਆਂ 13:4; ਅਫ਼ਸੀਆਂ 5:3-5) ਅਤੇ ਇਕ ਵਿਅਕਤੀ ਜਿਹੜਾ ਅਜਿਹੇ ਆਚਰਣ ਵਿਚ ਹਿੱਸਾ ਲੈਂਦਾ ਹੈ ਉਹ ਅਸਲ ਵਿਚ ਦਿਖਾ ਰਿਹਾ ਹੈ ਕਿ ਉਹ ਸ਼ਤਾਨ ਦੀ ਦੁਨੀਆਂ ਦੇ ਪੱਖ ਵਿਚ ਹੈ।

21. ਹੋਰ ਕਿਹੜੇ ਅਭਿਆਸ ਹਨ ਜਿਹੜੇ, ਅਗਰ ਇਕ ਵਿਅਕਤੀ ਉਨ੍ਹਾਂ ਵਿਚ ਹਿੱਸਾ ਲਵੇ, ਉਹ ਦਿਖਾਵੇਗੇ ਕਿ ਉਹ ਸ਼ਤਾਨ ਦੀ ਦੁਨੀਆਂ ਦੇ ਪੱਖ ਵਿਚ ਹੈ?

21 ਹੋਰ ਵੀ ਅਭਿਆਸ ਹਨ ਜਿਹੜੇ ਸ਼ਤਾਨ ਦੀ ਦੁਨੀਆਂ ਨੇ ਮਸ਼ਹੂਰ ਕੀਤੇ ਹਨ ਪਰ ਜਿਹੜੇ ਪਰਮੇਸ਼ੁਰ ਦੇ ਨਿਯਮਾਂ ਦੇ ਵਿਰੁੱਧ ਹਨ। ਸ਼ਰਾਬ ਦੇ ਪਦਾਰਥਾਂ ਨਾਲ ਨਸ਼ਈ ਹੋਣਾ ਇਨ੍ਹਾਂ ਵਿਚੋਂ ਇਕ ਹੈ। (1 ਕੁਰਿੰਥੀਆਂ 6:9, 10) ਦਿਲਪਰਚਾਵੇ ਲਈ ਇਕ ਹੋਰ ਅਭਿਆਸ ਹੈ ਮਾਰੀਯੂਆਨਾ ਅਤੇ ਹੈਰੋਇਨ ਵਰਗੀਆਂ ਨਸ਼ੀਲੀਆਂ ਦਵਾਈਆਂ ਦਾ ਇਸਤੇਮਾਲ ਕਰਨਾ, ਨਾਲੇ ਤਮਾਖੂ ਦੀ ਵਰਤੋਂ ਵੀ। ਇਹ ਚੀਜ਼ਾਂ ਸਰੀਰ ਲਈ ਨੁਕਸਾਨਦਾਰ ਹਨ ਅਤੇ ਅਸ਼ੁੱਧ ਹਨ। ਸਪੱਸ਼ਟ ਤੌਰ ਤੇ ਇਨ੍ਹਾਂ ਦਾ ਇਸਤੇਮਾਲ ਪਰਮੇਸ਼ੁਰ ਦੀ ਇਸ ਹਿਦਾਇਤ ਦੇ ਵਿਰੁੱਧ ਹੈ ਕਿ “ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ” ਕਰੀਏ। (2 ਕੁਰਿੰਥੀਆਂ 7:1) ਤਮਾਖੂ ਪੀਣਾ ਉਨ੍ਹਾਂ ਨਜ਼ਦੀਕ ਜਣਿਆਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਜਿਨ੍ਹਾਂ ਨੂੰ ਸਾਹ ਲੈਣ ਦੇ ਦੁਆਰਾ ਉਸ ਦਾ ਧੂੰਆਂ ਅੰਦਰ ਲੈਣਾ ਪੈਂਦਾ ਹੈ, ਇਸ ਲਈ ਤਮਾਖੂ ਪੀਣ ਵਾਲਾ ਵਿਅਕਤੀ ਪਰਮੇਸ਼ੁਰ ਦਾ ਉਹ ਨਿਯਮ ਤੋੜ ਰਿਹਾ ਹੈ ਜਿਹੜਾ ਬਿਆਨ ਕਰਦਾ ਹੈ ਕਿ ਇਕ ਮਸੀਹੀ ਨੂੰ ਆਪਣੇ ਗੁਆਂਢੀ ਨਾਲ ਪ੍ਰੇਮ ਰੱਖਣਾ ਚਾਹੀਦਾ ਹੈ।—ਮੱਤੀ 22:39.

22. (ੳ) ਬਾਈਬਲ ਲਹੂ ਬਾਰੇ ਕੀ ਆਖਦੀ ਹੈ? (ਅ) ਰਕਤ-ਆਧਾਨ ਲੈਣਾ ਵਾਸਤਵ ਵਿਚ ਲਹੂ “ਛਕਣ” ਤੋਂ ਕਿਉਂ ਫ਼ਰਕ ਨਹੀਂ ਹੈ? (ੲ) ਕੀ ਦਿਖਾਉਂਦਾ ਹੈ ਕਿ ‘ਲਹੂ ਤੋਂ ਬਚਣ’ ਦਾ ਅਰਥ ਇਹ ਹੈ ਕਿ ਉਸ ਨੂੰ ਆਪਣੇ ਸਰੀਰ ਵਿਚ ਬਿਲਕੁਲ ਹੀ ਨਹੀਂ ਲੈਣਾ?

22 ਦੁਨੀਆਂ ਦੇ ਵਿਭਿੰਨ ਹਿੱਸਿਆਂ ਵਿਚ ਇਕ ਹੋਰ ਆਮ ਅਭਿਆਸ ਲਹੂ ਦਾ ਛਕਣਾ ਹੈ। ਇਉਂ ਅੱਛੀ ਤਰ੍ਹਾਂ ਨਾਲ ਲਹੂ ਨਾ ਵਹਾਏ ਹੋਏ ਪਸ਼ੂ ਖਾਧੇ ਜਾਂਦੇ ਹਨ ਯਾ ਉਨ੍ਹਾਂ ਦਾ ਲਹੂ ਵਹਾ ਕੇ ਖਾਣੇ ਦੇ ਤੌਰ ਤੇ ਭੋਜਨ ਵਿਚ ਵਰਤਿਆ ਜਾਂਦਾ ਹੈ। ਪਰ ਪਰਮੇਸ਼ੁਰ ਦਾ ਬਚਨ ਲਹੂ ਦੇ ਛਕਣ ਨੂੰ ਮਨ੍ਹਾ ਕਰਦਾ ਹੈ। (ਉਤਪਤ 9:3, 4; ਲੇਵੀਆਂ 17:10) ਫਿਰ, ਰਕਤ-ਆਧਾਨ ਲੈਣ ਦੇ ਬਾਰੇ ਕੀ? ਕਈ ਵਿਅਕਤੀ ਸ਼ਾਇਦ ਇਹ ਤਰਕ ਕਰਨ ਕਿ ਰਕਤ-ਆਧਾਨ ਲੈਣਾ ਵਾਸਤਵ ਵਿਚ “ਛਕਣਾ” ਨਹੀਂ ਹੈ। ਮਗਰ ਕੀ ਇਹ ਸੱਚ ਨਹੀਂ ਹੈ ਕਿ ਜਦੋਂ ਇਕ ਮਰੀਜ਼ ਆਪਣੇ ਮੂੰਹ ਰਾਹੀਂ ਭੋਜਨ ਨਹੀਂ ਖਾ ਸਕਦਾ ਹੈ, ਤਾਂ ਡਾਕਟਰ ਅਕਸਰ ਉਸੇ ਹੀ ਤਰੀਕੇ ਨਾਲ ਉਸ ਨੂੰ ਖੁਆਉਣ ਦੀ ਸਲਾਹ ਦਿੰਦੇ ਹਨ ਜਿਸ ਤਰੀਕੇ ਨਾਲ ਰਕਤ-ਆਧਾਨ ਦਿੱਤਾ ਜਾਂਦਾ ਹੈ? ਬਾਈਬਲ ਸਾਨੂੰ “ਲਹੂ ਤੋਂ ਬਚੇ ਰਹਿਣ” ਲਈ ਆਖਦੀ ਹੈ। (ਰਸੂਲਾਂ ਦੇ ਕਰਤੱਬ 15:20, 29, ਟੇਢੇ ਟਾਈਪ ਸਾਡੇ) ਇਸ ਦਾ ਕੀ ਅਰਥ ਹੈ? ਅਗਰ ਇਕ ਡਾਕਟਰ ਤੁਹਾਨੂੰ ਸ਼ਰਾਬ ਤੋਂ ਬਚੇ ਰਹਿਣ ਲਈ ਆਖੇ, ਕੀ ਇਸ ਦਾ ਕੇਵਲ ਇਹ ਅਰਥ ਹੋਵੇਗਾ ਕਿ ਤੁਹਾਨੂੰ ਉਹ ਮੂੰਹ ਰਾਹੀਂ ਨਹੀਂ ਪੀਣੀ ਚਾਹੀਦੀ ਹੈ ਪਰ ਤੁਸੀਂ ਉਸ ਨੂੰ ਸਿੱਧੇ ਤੌਰ ਤੇ ਆਪਣੀਆਂ ਨਾੜੀਆਂ ਵਿਚ ਚੜਾ ਸਕਦੇ ਹੋ? ਬਿਲਕੁਲ ਨਹੀਂ! ਇਸੇ ਹੀ ਤਰ੍ਹਾਂ, ‘ਲਹੂ ਤੋਂ ਬਚੇ ਰਹਿਣ’ ਦਾ ਇਹ ਅਰਥ ਹੈ ਕਿ ਉਸ ਨੂੰ ਆਪਣੇ ਸਰੀਰ ਵਿਚ ਬਿਲਕੁਲ ਹੀ ਨਹੀਂ ਲੈਣਾ।

23. (ੳ) ਤੁਹਾਨੂੰ ਕੀ ਨਿਰਣਾ ਬਣਾਉਣ ਦੀ ਜ਼ਰੂਰਤ ਹੈ? (ਅ) ਕਿਹੜੀ ਚੀਜ਼ ਤੁਹਾਡੇ ਬਣਾਏ ਹੋਏ ਨਿਰਣੇ ਨੂੰ ਦਿਖਾਏਗੀ?

23 ਤੁਹਾਨੂੰ ਯਹੋਵਾਹ ਪਰਮੇਸ਼ੁਰ ਨੂੰ ਦਿਖਾਉਣ ਦੀ ਜ਼ਰੂਰਤ ਹੈ ਕਿ ਤੁਸੀਂ ਉਸ ਦੀ ਨਵੀਂ ਵਿਵਸਥਾ ਦੇ ਪੱਖ ਵਿਚ ਹੋ ਅਤੇ ਇਸ ਦੁਨੀਆਂ ਦਾ ਕੋਈ ਹਿੱਸਾ ਨਹੀਂ ਹੋ। ਇਸ ਲਈ ਇਕ ਨਿਰਣੇ ਦੀ ਲੋੜ ਹੈ। ਜਿਹੜਾ ਨਿਰਣਾ ਤੁਹਾਨੂੰ ਬਣਾਉਣ ਦੀ ਜ਼ਰੂਰਤ ਹੈ ਉਹ ਯਹੋਵਾਹ ਦੀ ਸੇਵਾ, ਉਸ ਦੀ ਇੱਛਾ ਪੂਰੀ ਕਰਨਾ ਹੈ। ਤੁਸੀਂ ਅਨਿਰਣਾਇਕ ਨਹੀਂ ਹੋ ਸਕਦੇ ਹੋ, ਜਿਵੇਂ ਪ੍ਰਾਚੀਨ ਸਮਿਆਂ ਵਿਚ ਕੁਝ ਇਸਰਾਏਲੀ ਸਨ। (1 ਰਾਜਿਆਂ 18:21) ਕਿਉਂਕਿ ਯਾਦ ਰੱਖੋ, ਅਗਰ ਤੁਸੀਂ ਯਹੋਵਾਹ ਦੀ ਸੇਵਾ ਨਹੀਂ ਕਰ ਰਹੇ ਹੋ, ਫਿਰ ਤੁਸੀਂ ਸ਼ਤਾਨ ਦੀ ਸੇਵਾ ਕਰ ਰਹੇ ਹੋ। ਤੁਸੀਂ ਸ਼ਾਇਦ ਇਹ ਆਖੋ ਕਿ ਤੁਸੀਂ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ ਹੋ, ਪਰ ਤੁਹਾਡਾ ਆਚਰਣ ਕੀ ਆਖ ਰਿਹਾ ਹੈ? ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ ਪੱਖ ਵਿਚ ਹੋਣ ਦਾ ਅਰਥ ਹੈ ਉਨ੍ਹਾਂ ਸਾਰਿਆਂ ਅਭਿਆਸਾਂ ਤੋਂ ਪਰੇ ਰਹਿਣਾ ਜਿਨ੍ਹਾਂ ਨੂੰ ਪਰਮੇਸ਼ੁਰ ਰਦ ਕਰਦਾ ਹੈ ਅਤੇ ਜਿਹੜੇ ਉਸ ਦੀ ਧਾਰਮਿਕ ਨਵੀਂ ਵਿਵਸਥਾ ਵਿਚ ਨਹੀਂ ਹੋਣਗੇ।

[ਸਵਾਲ]

[ਸਫ਼ੇ 209 ਉੱਤੇ ਤਸਵੀਰ]

ਉਹ ਜਗਤ ਕੀ ਹੈ ਜਿਸ ਲਈ ਯਿਸੂ ਪ੍ਰਾਰਥਨਾ ਨਹੀਂ ਕਰਦਾ ਸੀ ਅਤੇ ਜਿਸ ਦਾ ਹਿੱਸਾ ਉਸ ਦੇ ਚੇਲੇ ਨਹੀਂ ਹਨ?

[ਸਫ਼ੇ 211 ਉੱਤੇ ਤਸਵੀਰਾਂ]

ਬਾਈਬਲ ਵਿਚ ਝੂਠਾ ਧਰਮ ਇਕ ਸ਼ਰਾਬੀ ਕੰਜਰੀ ਦੇ ਰੂਪ ਵਿਚ ਦਰਸਾਇਆ ਗਿਆ ਹੈ, ਅਤੇ ਵਿਸ਼ਵ ਸਰਕਾਰ ਇਕ ਦਰਿੰਦੇ ਦੇ ਰੂਪ ਵਿਚ ਜਿਸ ਉੱਤੇ ਉਹ ਸਵਾਰ ਹੈ

ਅਵਾਰਾ ਜੀਵਨ-ਸ਼ੈਲੀ ਸ਼ਤਾਨ ਦੀ ਦੁਨੀਆਂ ਦੀ ਇਕ ਵਿਸ਼ੇਸ਼ਤਾ ਹੈ। ਲਾਲਚੀ ਵਪਾਰੀ ਵਿਵਸਥਾ ਵੀ ਇਕ ਪ੍ਰਮੁੱਖ ਹਿੱਸਾ ਹੈ

[ਸਫ਼ੇ 213 ਉੱਤੇ ਤਸਵੀਰ]

ਕਿਉਂਕਿ ਯਿਸੂ ਦੇ ਜਨਮ ਤੇ ਚਰਵਾਹੇ ਹਾਲੇ ਵੀ ਰਾਤ ਨੂੰ ਆਪਣੇ ਇੱਜੜਾਂ ਦੇ ਨਾਲ ਖੇਤਾਂ ਵਿਚ ਸਨ, ਉਹ 25 ਦਸੰਬਰ ਨੂੰ ਪੈਦਾ ਨਹੀਂ ਹੋ ਸਕਦਾ ਸੀ

[ਸਫ਼ੇ 214 ਉੱਤੇ ਤਸਵੀਰ]

ਪਰਮੇਸ਼ੁਰ ਦੇ ਸੇਵਕਾਂ ਨੇ ਇਕ ਰਾਜੇ ਦੁਆਰਾ ਖੜ੍ਹੀ ਕੀਤੀ ਹੋਈ ਮੂਰਤ ਨੂੰ ਮੱਥਾ ਟੇਕਣ ਤੋਂ ਇਨਕਾਰ ਕੀਤਾ। ਤੁਸੀਂ ਇਸ ਸਮਾਨ ਸਥਿਤੀ ਵਿਚ ਕੀ ਕਰੋਗੇ?