ਕੁਲੁੱਸੀਆਂ 1:1-29

1  ਮੈਂ ਪੌਲੁਸ, ਪਰਮੇਸ਼ੁਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਸਾਡੇ ਭਰਾ ਤਿਮੋਥਿਉਸ ਨਾਲ ਮਿਲ ਕੇ  ਕੁਲੁੱਸੈ ਵਿਚ ਮਸੀਹ ਦੇ ਪਵਿੱਤਰ ਤੇ ਵਫ਼ਾਦਾਰ ਭਰਾਵਾਂ ਨੂੰ ਲਿਖ ਰਿਹਾ ਹਾਂ: ਸਾਡਾ ਪਿਤਾ ਪਰਮੇਸ਼ੁਰ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ੇ।  ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹੋਏ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ  ਕਿਉਂਕਿ ਅਸੀਂ ਮਸੀਹ ਯਿਸੂ ਉੱਤੇ ਤੁਹਾਡੀ ਨਿਹਚਾ ਅਤੇ ਸਾਰੇ ਪਵਿੱਤਰ ਸੇਵਕਾਂ ਲਈ ਤੁਹਾਡੇ ਪਿਆਰ ਬਾਰੇ ਸੁਣਿਆ ਹੈ  ਜੋ ਪਿਆਰ ਤੁਸੀਂ ਉਸ ਉਮੀਦ ਕਾਰਨ ਕਰਦੇ ਹੋ ਜੋ ਸਵਰਗ ਵਿਚ ਤੁਹਾਡੇ ਲਈ ਰੱਖੀ ਗਈ ਹੈ। ਤੁਸੀਂ ਇਸ ਉਮੀਦ ਬਾਰੇ ਉਦੋਂ ਸੁਣਿਆ ਸੀ ਜਦੋਂ ਤੁਹਾਨੂੰ ਸੱਚਾਈ ਦਾ ਸੰਦੇਸ਼ ਯਾਨੀ ਖ਼ੁਸ਼ ਖ਼ਬਰੀ ਸੁਣਾਈ ਗਈ ਸੀ।  ਜਿਵੇਂ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਫੈਲ ਰਹੀ ਹੈ ਤੇ ਇਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ, ਤੁਹਾਡੇ ਵਿਚ ਵੀ ਉਸੇ ਦਿਨ ਤੋਂ ਇਸੇ ਤਰ੍ਹਾਂ ਹੋ ਰਿਹਾ ਹੈ ਜਿਸ ਦਿਨ ਤੋਂ ਤੁਸੀਂ ਸੁਣਿਆ ਅਤੇ ਸਹੀ-ਸਹੀ ਜਾਣਿਆ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਅਸਲ ਵਿਚ ਕੀ ਹੈ।  ਇਸੇ ਬਾਰੇ ਤੁਸੀਂ ਪਿਆਰੇ ਭਰਾ ਇਪਫ੍ਰਾਸ ਤੋਂ ਸਿੱਖਿਆ ਹੈ ਜਿਹੜਾ ਸਾਡੇ ਨਾਲ ਮਸੀਹ ਦਾ ਵਫ਼ਾਦਾਰ ਸੇਵਕ ਅਤੇ ਦਾਸ ਹੈ ਅਤੇ ਸਾਡੀ ਜਗ੍ਹਾ ਤੁਹਾਡੀ ਮਦਦ ਕਰਦਾ ਹੈ।  ਉਸ ਨੇ ਸਾਨੂੰ ਤੁਹਾਡੇ ਪਿਆਰ ਬਾਰੇ ਵੀ ਦੱਸਿਆ ਹੈ ਜੋ ਤੁਹਾਡੇ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਪੈਦਾ ਹੋਇਆ ਹੈ।  ਇਸੇ ਕਰਕੇ ਜਿਸ ਦਿਨ ਤੋਂ ਅਸੀਂ ਤੁਹਾਡੀ ਨਿਹਚਾ ਅਤੇ ਤੁਹਾਡੇ ਪਿਆਰ ਬਾਰੇ ਸੁਣਿਆ ਹੈ, ਅਸੀਂ ਤੁਹਾਡੇ ਲਈ ਇਹ ਪ੍ਰਾਰਥਨਾ ਕਰਨੋਂ ਨਹੀਂ ਹਟੇ ਕਿ ਤੁਹਾਨੂੰ ਉਸ ਦੀ ਇੱਛਾ ਦੇ ਸਹੀ ਗਿਆਨ ਦੇ ਨਾਲ-ਨਾਲ ਪੂਰੀ ਬੁੱਧ ਅਤੇ ਸਮਝ ਮਿਲੇ ਜੋ ਪਵਿੱਤਰ ਸ਼ਕਤੀ ਰਾਹੀਂ ਮਿਲਦੀ ਹੈ, 10  ਤਾਂਕਿ ਤੁਹਾਡਾ ਚਾਲ-ਚਲਣ ਅਜਿਹਾ ਹੋਵੇ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੋਣਾ ਚਾਹੀਦਾ ਹੈ ਤੇ ਜਿਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ, ਨਾਲੇ ਹਰ ਚੰਗੇ ਕੰਮ ਦੇ ਵਧੀਆ ਨਤੀਜੇ ਹਾਸਲ ਕਰਦੇ ਰਹੋ ਅਤੇ ਪਰਮੇਸ਼ੁਰ ਬਾਰੇ ਆਪਣੇ ਸਹੀ ਗਿਆਨ ਨੂੰ ਵਧਾਉਂਦੇ ਰਹੋ। 11  ਸਾਡੀ ਇਹੀ ਦੁਆ ਹੈ ਕਿ ਤੁਸੀਂ ਉਸ ਦੀ ਸ਼ਾਨਦਾਰ ਤਾਕਤ ਦੀ ਮਦਦ ਨਾਲ ਤਕੜੇ ਹੋ ਕੇ ਧੀਰਜ ਅਤੇ ਖ਼ੁਸ਼ੀ ਨਾਲ ਸਾਰੀਆਂ ਗੱਲਾਂ ਸਹਿ ਸਕੋ, 12  ਅਤੇ ਪਿਤਾ ਦਾ ਧੰਨਵਾਦ ਕਰੋ ਜਿਸ ਨੇ ਤੁਹਾਨੂੰ ਉਸ ਵਿਰਾਸਤ ਦੇ ਹਿੱਸੇਦਾਰ ਬਣਨ ਦੇ ਯੋਗ ਬਣਾਇਆ ਹੈ ਜੋ ਚਾਨਣ ਵਿਚ ਚੱਲ ਰਹੇ ਪਵਿੱਤਰ ਸੇਵਕਾਂ ਨੂੰ ਮਿਲੇਗੀ। 13  ਉਸ ਨੇ ਸਾਨੂੰ ਹਨੇਰੇ ਦੇ ਅਧਿਕਾਰ ਤੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਲਿਆਂਦਾ ਹੈ, 14  ਅਤੇ ਆਪਣੇ ਪੁੱਤਰ ਰਾਹੀਂ ਰਿਹਾਈ ਦੀ ਕੀਮਤ ਅਦਾ ਕਰ ਕੇ ਸਾਨੂੰ ਛੁਡਾਇਆ ਹੈ ਯਾਨੀ ਸਾਡੇ ਪਾਪ ਮਾਫ਼ ਕੀਤੇ ਹਨ। 15  ਪੁੱਤਰ ਹੂ-ਬਹੂ ਅਦਿੱਖ ਪਰਮੇਸ਼ੁਰ ਵਰਗਾ ਹੈ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ; 16  ਕਿਉਂਕਿ ਉਸ ਰਾਹੀਂ ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ ਦਿਸਣ ਤੇ ਨਾ ਦਿਸਣ ਵਾਲੀਆਂ ਚੀਜ਼ਾਂ ਸਿਰਜੀਆਂ ਗਈਆਂ ਸਨ, ਚਾਹੇ ਉਹ ਸਿੰਘਾਸਣ ਹੋਣ ਜਾਂ ਹਕੂਮਤਾਂ ਜਾਂ ਸਰਕਾਰਾਂ ਜਾਂ ਅਧਿਕਾਰ ਰੱਖਣ ਵਾਲੇ। ਬਾਕੀ ਸਾਰੀਆਂ ਚੀਜ਼ਾਂ ਉਸ ਰਾਹੀਂ ਅਤੇ ਉਸੇ ਲਈ ਸਿਰਜੀਆਂ ਗਈਆਂ ਹਨ। 17  ਨਾਲੇ, ਉਹ ਬਾਕੀ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਹੋਂਦ ਵਿਚ ਸੀ ਅਤੇ ਉਸੇ ਰਾਹੀਂ ਬਾਕੀ ਸਾਰੀਆਂ ਚੀਜ਼ਾਂ ਹੋਂਦ ਵਿਚ ਆਈਆਂ ਸਨ 18  ਅਤੇ ਉਹ ਸਰੀਰ ਯਾਨੀ ਮੰਡਲੀ ਦਾ ਮੁਖੀ ਹੈ। ਉਹ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੈ ਅਤੇ ਉਸ ਨੂੰ ਮਰੇ ਹੋਇਆਂ ਵਿੱਚੋਂ ਸਾਰਿਆਂ ਤੋਂ ਪਹਿਲਾਂ ਜੀਉਂਦਾ ਕੀਤਾ ਗਿਆ ਸੀ, ਇਸ ਤਰ੍ਹਾਂ ਉਹੀ ਹਰ ਗੱਲ ਵਿਚ ਪਹਿਲਾ ਹੈ; 19  ਕਿਉਂਕਿ ਪਰਮੇਸ਼ੁਰ ਨੂੰ ਇਹ ਚੰਗਾ ਲੱਗਾ ਕਿ ਉਸ ਦਾ ਪੁੱਤਰ ਸਾਰੀਆਂ ਗੱਲਾਂ ਵਿਚ ਪੂਰਾ ਹੋਵੇ * 20  ਅਤੇ ਉਸ ਰਾਹੀਂ, ਹਾਂ ਤਸੀਹੇ ਦੀ ਸੂਲ਼ੀ ਉੱਤੇ ਵਹਾਏ ਉਸ ਦੇ ਲਹੂ ਰਾਹੀਂ ਧਰਤੀ ਉਤਲੀਆਂ ਅਤੇ ਸਵਰਗ ਵਿਚਲੀਆਂ ਬਾਕੀ ਸਾਰੀਆਂ ਚੀਜ਼ਾਂ ਨਾਲ ਸੁਲ੍ਹਾ ਕਰੇ ਅਤੇ ਸ਼ਾਂਤੀ ਕਾਇਮ ਕਰੇ। 21  ਹਾਂ, ਤੁਸੀਂ ਪਹਿਲਾਂ ਪਰਮੇਸ਼ੁਰ ਤੋਂ ਦੂਰ ਸੀ ਅਤੇ ਉਸ ਦੇ ਦੁਸ਼ਮਣ ਸੀ ਕਿਉਂਕਿ ਤੁਹਾਡੇ ਮਨ ਬੁਰੇ ਕੰਮਾਂ ਵੱਲ ਲੱਗੇ ਹੋਏ ਸਨ, 22  ਹੁਣ ਪਰਮੇਸ਼ੁਰ ਨੇ ਉਸ* ਦੀ ਮੌਤ ਦੇ ਰਾਹੀਂ ਸੁਲ੍ਹਾ ਕਰ ਲਈ ਹੈ ਜਿਸ ਨੇ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ ਸੀ, ਤਾਂਕਿ ਪਰਮੇਸ਼ੁਰ ਤੁਹਾਨੂੰ ਆਪਣੇ ਸਾਮ੍ਹਣੇ ਪਵਿੱਤਰ, ਬੇਦਾਗ਼ ਅਤੇ ਨਿਰਦੋਸ਼ ਖੜ੍ਹਾ ਕਰ ਸਕੇ। 23  ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਮਸੀਹੀ ਸਿੱਖਿਆਵਾਂ ਉੱਤੇ ਚੱਲਦੇ ਰਹੋ ਅਤੇ ਇਨ੍ਹਾਂ ਸਿੱਖਿਆਵਾਂ ਦੀ ਨੀਂਹ ਉੱਤੇ ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਉਹ ਉਮੀਦ ਨਾ ਛੱਡੋ ਜਿਹੜੀ ਤੁਹਾਨੂੰ ਖ਼ੁਸ਼ ਖ਼ਬਰੀ ਸੁਣ ਕੇ ਮਿਲੀ ਸੀ ਅਤੇ ਜਿਸ ਦਾ ਪ੍ਰਚਾਰ ਆਕਾਸ਼ ਹੇਠ ਪੂਰੀ ਦੁਨੀਆਂ ਵਿਚ ਕੀਤਾ ਗਿਆ ਸੀ। ਮੈਂ ਪੌਲੁਸ ਇਸੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲਾ ਸੇਵਕ ਬਣਿਆ। 24  ਮੈਨੂੰ ਤੁਹਾਡੀ ਖ਼ਾਤਰ ਦੁੱਖ ਝੱਲ ਕੇ ਖ਼ੁਸ਼ੀ ਹੁੰਦੀ ਹੈ ਅਤੇ ਮਸੀਹ ਕਰਕੇ ਮੈਂ ਉਸ ਦੇ ਸਰੀਰ ਯਾਨੀ ਮੰਡਲੀ ਦੀ ਖ਼ਾਤਰ ਅਜੇ ਆਪਣੇ ਸਰੀਰ ਵਿਚ ਹੋਰ ਦੁੱਖ ਝੱਲਣੇ ਹਨ। 25  ਮੈਂ ਇਸ ਮੰਡਲੀ ਦਾ ਸੇਵਕ ਇਸ ਲਈ ਬਣਿਆ ਹਾਂ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਫ਼ਾਇਦੇ ਲਈ ਆਪਣੇ ਬਚਨ ਦਾ ਪੂਰੀ ਤਰ੍ਹਾਂ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ 26  ਯਾਨੀ ਪਰਮੇਸ਼ੁਰ ਦੇ ਭੇਤ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਜੋ ਬੀਤ ਚੁੱਕੇ ਜ਼ਮਾਨਿਆਂ ਤੋਂ ਅਤੇ ਪੀੜ੍ਹੀਆਂ ਤੋਂ ਲੁਕਾ ਕੇ ਰੱਖਿਆ ਗਿਆ ਸੀ। ਪਰ ਹੁਣ ਇਹ ਭੇਤ ਪਵਿੱਤਰ ਸੇਵਕਾਂ ਨੂੰ ਦੱਸਿਆ ਗਿਆ ਹੈ; 27  ਇਨ੍ਹਾਂ ਸੇਵਕਾਂ ਨੂੰ ਇਸ ਭੇਤ ਦੇ ਸ਼ਾਨਦਾਰ ਖ਼ਜ਼ਾਨੇ ਬਾਰੇ ਦੱਸ ਕੇ ਪਰਮੇਸ਼ੁਰ ਨੂੰ ਖ਼ੁਸ਼ੀ ਹੋਈ ਹੈ ਅਤੇ ਇਸ ਬਾਰੇ ਗ਼ੈਰ-ਯਹੂਦੀ ਕੌਮਾਂ ਨੂੰ ਦੱਸਿਆ ਜਾ ਰਿਹਾ ਹੈ। ਇਹ ਭੇਤ ਮਸੀਹ ਨਾਲ ਤੁਹਾਡੀ ਏਕਤਾ ਹੈ ਯਾਨੀ ਤੁਹਾਡੇ ਕੋਲ ਉਸ ਨਾਲ ਮਹਿਮਾ ਪਾਉਣ ਦੀ ਉਮੀਦ ਹੈ। 28  ਅਸੀਂ ਸਾਰਿਆਂ ਨੂੰ ਉਪਦੇਸ਼ ਤੇ ਪੂਰੀ ਬੁੱਧੀਮਾਨੀ ਨਾਲ ਸਿੱਖਿਆ ਦੇ ਕੇ ਉਸ ਦਾ ਪ੍ਰਚਾਰ ਕਰ ਰਹੇ ਹਾਂ, ਤਾਂਕਿ ਅਸੀਂ ਸਾਰਿਆਂ ਨੂੰ ਮਸੀਹ ਦੇ ਸਮਝਦਾਰ ਚੇਲਿਆਂ ਵਜੋਂ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼ ਕਰ ਸਕੀਏ। 29  ਇਸੇ ਕਰਕੇ ਮੈਂ ਉਸ ਦੀ ਤਾਕਤ ਦੇ ਸਹਾਰੇ, ਜੋ ਮੈਨੂੰ ਤਕੜਾ ਕਰਦੀ ਹੈ, ਆਪਣੀ ਪੂਰੀ ਵਾਹ ਲਾ ਕੇ ਸਖ਼ਤ ਮਿਹਨਤ ਕਰਦਾ ਹਾਂ।

ਫੁਟਨੋਟ

ਕੁਲੁ 2:9 ਦੇਖੋ।
ਯਾਨੀ, ਯਿਸੂ।