ਕੁਲੁੱਸੀਆਂ 2:1-23
2 ਮੈਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਖ਼ਾਤਰ ਤੇ ਲਾਉਦਿਕੀਆ ਦੇ ਭਰਾਵਾਂ ਦੀ ਖ਼ਾਤਰ ਅਤੇ ਉਨ੍ਹਾਂ ਸਾਰਿਆਂ ਦੀ ਖ਼ਾਤਰ ਜਿਹੜੇ ਮੈਨੂੰ ਕਦੀ ਨਹੀਂ ਮਿਲੇ, ਬੜਾ ਸੰਘਰਸ਼ ਕਰ ਰਿਹਾ ਹਾਂ।
2 ਮੈਂ ਇਸ ਕਰਕੇ ਸੰਘਰਸ਼ ਕਰ ਰਿਹਾ ਹਾਂ ਤਾਂਕਿ ਉਨ੍ਹਾਂ ਦੇ ਦਿਲਾਂ ਨੂੰ ਦਿਲਾਸਾ ਮਿਲੇ ਅਤੇ ਉਹ ਪਿਆਰ ਨਾਲ ਇਕ ਹੋ ਕੇ ਰਹਿਣ ਅਤੇ ਉਨ੍ਹਾਂ ਨੂੰ ਸੱਚਾਈ ਦੀ ਸਹੀ ਅਤੇ ਸਪੱਸ਼ਟ ਸਮਝ ਦਾ ਬੇਸ਼ੁਮਾਰ ਖ਼ਜ਼ਾਨਾ ਅਤੇ ਪਰਮੇਸ਼ੁਰ ਦੇ ਭੇਤ ਯਾਨੀ ਮਸੀਹ ਦਾ ਸਹੀ ਗਿਆਨ ਮਿਲੇ।
3 ਉਸ ਵਿਚ ਬੁੱਧ ਅਤੇ ਗਿਆਨ ਦਾ ਖ਼ਜ਼ਾਨਾ ਧਿਆਨ ਨਾਲ ਲੁਕਾ ਕੇ ਰੱਖਿਆ ਗਿਆ ਹੈ।
4 ਮੈਂ ਇਹ ਇਸ ਕਰਕੇ ਕਹਿ ਰਿਹਾ ਹਾਂ ਤਾਂਕਿ ਕੋਈ ਤੁਹਾਨੂੰ ਆਪਣੀਆਂ ਕਾਇਲ ਕਰਨ ਵਾਲੀਆਂ ਦਲੀਲਾਂ ਨਾਲ ਭਰਮਾ ਨਾ ਲਵੇ।
5 ਭਾਵੇਂ ਮੈਂ ਤੁਹਾਡੇ ਨਾਲ ਨਹੀਂ ਹਾਂ, ਪਰ ਮੈਂ ਤੁਹਾਡੇ ਬਾਰੇ ਸੋਚ ਰਿਹਾ ਹਾਂ ਅਤੇ ਇਸ ਗੱਲੋਂ ਖ਼ੁਸ਼ ਹਾਂ ਕਿ ਤੁਸੀਂ ਸਲੀਕੇ ਨਾਲ ਚੱਲਦੇ ਹੋ ਅਤੇ ਮਸੀਹ ਉੱਤੇ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਿਆ ਹੋਇਆ ਹੈ।
6 ਸੋ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਤਾਂ ਕਰ ਲਿਆ ਹੈ, ਹੁਣ ਉਸ ਦੀ ਆਗਿਆਕਾਰੀ ਕਰਦੇ ਹੋਏ ਉਸ ਦੇ ਨਾਲ-ਨਾਲ ਚੱਲਦੇ ਰਹੋ।
7 ਜਿਵੇਂ ਤੁਹਾਨੂੰ ਸਿਖਾਇਆ ਗਿਆ ਸੀ, ਇਸ ਤਰ੍ਹਾਂ ਕਰਨ ਲਈ ਤੁਸੀਂ ਉਸ ਵਿਚ ਆਪਣੀਆਂ ਜੜ੍ਹਾਂ ਪੱਕੀਆਂ ਰੱਖੋ ਅਤੇ ਉਸ ਉੱਤੇ ਆਪਣੀ ਉਸਾਰੀ ਕਰਦੇ ਜਾਓ ਅਤੇ ਮਸੀਹੀ ਸਿੱਖਿਆਵਾਂ* ਉੱਤੇ ਪੱਕੇ ਰਹੋ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦਿਆਂ ਆਪਣੀ ਨਿਹਚਾ ਨੂੰ ਵਧਾਉਂਦੇ ਰਹੋ।
8 ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਵਿਚ ਫਸਾ ਨਾ ਲਵੇ। ਇਹ ਗਿਆਨ ਅਤੇ ਗੱਲਾਂ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ, ਨਾ ਕਿ ਮਸੀਹ ਦੀਆਂ ਸਿੱਖਿਆਵਾਂ ਉੱਤੇ।
9 ਕਿਉਂਕਿ ਮਸੀਹ ਪਰਮੇਸ਼ੁਰ ਦੇ ਸਾਰੇ ਗੁਣਾਂ ਨਾਲ ਭਰਪੂਰ ਹੈ।
10 ਅਤੇ ਉਹ ਸਾਰੀਆਂ ਸਰਕਾਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਦਾ ਮੁਖੀ ਹੈ ਤੇ ਉਸ ਕਰਕੇ ਤੁਹਾਡੇ ਕੋਲ ਸਭ ਕੁਝ ਹੈ।
11 ਉਸ ਨਾਲ ਰਿਸ਼ਤਾ ਹੋਣ ਕਰਕੇ ਤੁਹਾਡੀ ਸੁੰਨਤ ਵੀ ਕੀਤੀ ਗਈ, ਪਰ ਇਨਸਾਨੀ ਹੱਥਾਂ ਨਾਲ ਨਹੀਂ, ਸਗੋਂ ਪਾਪੀ ਸਰੀਰ ਦੇ ਕੰਮਾਂ ਦਾ ਤਿਆਗ ਕਰਨ ਨਾਲ ਤੁਹਾਡੀ ਸੁੰਨਤ ਹੋਈ, ਜਿਸ ਤਰ੍ਹਾਂ ਮਸੀਹ ਦੇ ਸੇਵਕਾਂ ਦੀ ਹੋਣੀ ਚਾਹੀਦੀ ਹੈ।
12 ਕਿਉਂਕਿ ਤੁਹਾਨੂੰ ਵੀ ਉਸ ਨਾਲ ਦਫ਼ਨਾਇਆ ਗਿਆ ਸੀ ਜਦੋਂ ਤੁਸੀਂ ਉਹੀ ਬਪਤਿਸਮਾ ਲਿਆ ਜੋ ਉਸ ਨੇ ਲਿਆ ਸੀ ਅਤੇ ਉਸ ਰਾਹੀਂ ਤੁਹਾਨੂੰ ਜੀਉਂਦਾ ਵੀ ਕੀਤਾ ਗਿਆ ਸੀ ਕਿਉਂਕਿ ਤੁਸੀਂ ਉਸ ਨੂੰ ਜੀਉਂਦਾ ਕਰਨ ਵਾਲੇ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਕੰਮਾਂ ਉੱਤੇ ਨਿਹਚਾ ਕੀਤੀ ਸੀ।
13 ਇਸ ਤੋਂ ਇਲਾਵਾ, ਭਾਵੇਂ ਤੁਸੀਂ ਆਪਣੇ ਪਾਪਾਂ ਕਰਕੇ ਮਰੇ ਹੋਏ ਸੀ ਅਤੇ ਤੁਹਾਡੇ ਸਰੀਰ ਦੀ ਸੁੰਨਤ ਨਹੀਂ ਹੋਈ ਸੀ, ਪਰ ਪਰਮੇਸ਼ੁਰ ਨੇ ਤੁਹਾਨੂੰ ਜੀਉਂਦਾ ਕਰ ਕੇ ਮਸੀਹ ਦੇ ਨਾਲ ਮਿਲਾਇਆ। ਪਰਮੇਸ਼ੁਰ ਨੇ ਦਇਆ ਕਰ ਕੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ
14 ਅਤੇ ਮੂਸਾ ਦੇ ਕਾਨੂੰਨ ਨੂੰ ਜੋ ਸਾਡੇ ਖ਼ਿਲਾਫ਼ ਸੀ, ਇਸ ਦੇ ਨਿਯਮਾਂ ਸਮੇਤ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ। ਉਸ ਨੇ ਇਸ ਕਾਨੂੰਨ ਨੂੰ ਤਸੀਹੇ ਦੀ ਸੂਲ਼ੀ ਉੱਤੇ ਮੇਖਾਂ ਨਾਲ ਠੋਕ ਕੇ ਖ਼ਤਮ ਕਰ ਦਿੱਤਾ।
15 ਉਸ ਨੇ ਸੂਲ਼ੀ ਦੇ ਜ਼ਰੀਏ ਸਰਕਾਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਨੂੰ ਹਰਾ ਦਿੱਤਾ ਅਤੇ ਜਿੱਤ ਦੇ ਜਲੂਸ ਵਿਚ ਉਨ੍ਹਾਂ ਦੀ ਨੁਮਾਇਸ਼ ਲਾਈ।
16 ਇਸ ਲਈ, ਕੋਈ ਵੀ ਇਨਸਾਨ ਤੁਹਾਡੇ ਉੱਤੇ ਖਾਣ-ਪੀਣ ਜਾਂ ਤਿਉਹਾਰ ਜਾਂ ਮੱਸਿਆ* ਜਾਂ ਸਬਤ ਮਨਾਉਣ ਦੇ ਸੰਬੰਧ ਵਿਚ ਦੋਸ਼ ਨਾ ਲਾਵੇ।
17 ਇਹ ਚੀਜ਼ਾਂ ਤਾਂ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹੀ ਹਨ, ਪਰ ਅਸਲੀਅਤ ਮਸੀਹ ਹੈ।
18 ਧਿਆਨ ਰੱਖੋ ਕਿ ਕੋਈ ਵੀ ਇਨਸਾਨ, ਜਿਹੜਾ ਨਿਮਰਤਾ ਦਾ ਦਿਖਾਵਾ ਕਰ ਕੇ ਅਤੇ ਦੂਤਾਂ ਦੀ ਭਗਤੀ ਕਰ ਕੇ ਖ਼ੁਸ਼ ਹੁੰਦਾ ਹੈ,* ਤੁਹਾਨੂੰ ਇਨਾਮ ਤੋਂ ਵਾਂਝਾ ਨਾ ਕਰ ਦੇਵੇ। ਇਹੋ ਜਿਹਾ ਇਨਸਾਨ ਆਪਣੇ ਹੀ ਦਰਸ਼ਣਾਂ ਉੱਤੇ ਅੜਿਆ ਰਹਿੰਦਾ ਹੈ ਅਤੇ ਆਪਣੀ ਇਨਸਾਨੀ ਸੋਚ ਕਰਕੇ ਬਿਨਾਂ ਵਜ੍ਹਾ ਘਮੰਡ ਨਾਲ ਫੁੱਲਿਆ ਰਹਿੰਦਾ ਹੈ
19 ਅਤੇ ਉਹ ਸਿਰ ਯਾਨੀ ਸਾਡੇ ਮੁਖੀ ਨਾਲ ਜੁੜਿਆ ਹੋਇਆ ਨਹੀਂ ਹੈ ਜਿਸ ਰਾਹੀਂ ਸਾਰੇ ਸਰੀਰ ਨੂੰ ਲੋੜੀਂਦੀਆਂ ਚੀਜ਼ਾਂ ਮਿਲਦੀਆਂ ਹਨ ਅਤੇ ਜੋ ਪੂਰੇ ਸਰੀਰ ਨੂੰ ਜੋੜਾਂ ਤੇ ਪੱਠਿਆਂ ਨਾਲ ਜੋੜੀ ਰੱਖਦਾ ਹੈ ਅਤੇ ਪਰਮੇਸ਼ੁਰ ਦੀ ਮਦਦ ਨਾਲ ਵਧਾਉਂਦਾ ਹੈ।
20 ਜੇ ਤੁਸੀਂ ਦੁਨੀਆਂ ਦੇ ਬੁਨਿਆਦੀ ਅਸੂਲਾਂ ਨੂੰ ਤਿਆਗ ਕੇ ਮਸੀਹ ਦੇ ਨਾਲ ਮਰ ਗਏ ਸੀ, ਤਾਂ ਫਿਰ ਤੁਸੀਂ ਕਿਉਂ ਅਜੇ ਵੀ ਦੁਨੀਆਂ ਵਾਂਗ ਆਪਣੀ ਜ਼ਿੰਦਗੀ ਜੀ ਰਹੇ ਹੋ ਅਤੇ ਇਨ੍ਹਾਂ ਫ਼ਰਮਾਨਾਂ ਉੱਤੇ ਚੱਲ ਰਹੇ ਹੋ:
21 “ਇਸ ਨੂੰ ਨਾ ਫੜੋ, ਨਾ ਚੱਖੋ ਤੇ ਨਾ ਹੀ ਹੱਥ ਲਾਓ”?
22 ਇਹ ਫ਼ਰਮਾਨ ਤਾਂ ਇਨਸਾਨਾਂ ਦੇ ਹੁਕਮਾਂ ਅਤੇ ਸਿੱਖਿਆਵਾਂ ਉੱਤੇ ਆਧਾਰਿਤ ਹਨ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੰਬੰਧ ਵਿਚ ਹਨ ਜਿਹੜੀਆਂ ਖਾਣ-ਪੀਣ ਤੋਂ ਬਾਅਦ ਖ਼ਤਮ ਹੋ ਜਾਂਦੀਆਂ ਹਨ।
23 ਭਾਵੇਂ ਕਿ ਆਪਣੀ ਮਰਜ਼ੀ ਮੁਤਾਬਕ ਭਗਤੀ ਕਰਨ ਵਾਲੇ ਅਤੇ ਨਿਮਰ ਹੋਣ ਦਾ ਦਿਖਾਵਾ ਕਰਨ ਵਾਲੇ ਅਤੇ ਆਪਣੇ ਸਰੀਰ ਨੂੰ ਦੁੱਖ ਦੇਣ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਫ਼ਰਮਾਨਾਂ ਉੱਤੇ ਚੱਲਣਾ ਬੁੱਧੀਮਾਨੀ ਹੈ, ਪਰ ਇਹ ਫ਼ਰਮਾਨ ਪਾਪੀ ਸਰੀਰ ਦੀਆਂ ਇੱਛਾਵਾਂ ਵਿਰੁੱਧ ਲੜਨ ਵਿਚ ਕੋਈ ਮਦਦ ਨਹੀਂ ਕਰਦੇ।