ਤੀਤੁਸ 2:1-15

2  ਪਰ ਤੂੰ ਉਹੀ ਗੱਲਾਂ ਦੱਸੀਂ ਜਿਹੜੀਆਂ ਸਹੀ ਸਿੱਖਿਆ ਦੇ ਮੁਤਾਬਕ ਹਨ।  ਸਿਆਣੀ ਉਮਰ ਦੇ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਹਰ ਗੱਲ ਵਿਚ ਸੰਜਮ ਰੱਖਣ, ਗੰਭੀਰ ਹੋਣ, ਸਮਝਦਾਰ ਬਣਨ, ਆਪਣੀ ਨਿਹਚਾ, ਪਿਆਰ ਅਤੇ ਧੀਰਜ ਨੂੰ ਮਜ਼ਬੂਤ ਰੱਖਣ।  ਇਸੇ ਤਰ੍ਹਾਂ, ਸਿਆਣੀ ਉਮਰ ਦੀਆਂ ਭੈਣਾਂ ਦਾ ਚਾਲ-ਚਲਣ ਸ਼ੁੱਧ ਹੋਵੇ ਅਤੇ ਉਹ ਦੂਸਰਿਆਂ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਨਾ ਕਰਨ, ਹੱਦੋਂ ਵੱਧ ਸ਼ਰਾਬ ਨਾ ਪੀਣ ਅਤੇ ਦੂਜਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ;  ਤਾਂਕਿ ਉਹ ਜਵਾਨ ਭੈਣਾਂ ਨੂੰ ਚੰਗੀ ਮੱਤ ਦੇਣ ਕਿ ਉਹ ਆਪਣੇ ਪਤੀਆਂ ਅਤੇ ਆਪਣੇ ਬੱਚਿਆਂ ਨਾਲ ਪਿਆਰ ਕਰਨ,  ਸਮਝਦਾਰ ਬਣਨ, ਸ਼ੁੱਧ ਰਹਿਣ, ਘਰ-ਬਾਰ ­ਸੰਭਾਲਣ, ਨੇਕ ਰਹਿਣ ਅਤੇ ਆਪਣੇ ਪਤੀਆਂ ਦੇ ਅਧੀਨ ਰਹਿਣ ਤਾਂਕਿ ਪਰਮੇਸ਼ੁਰ ਦੇ ਬਚਨ ਦੀ ਨਿੰਦਿਆ ਨਾ ਹੋਵੇ।  ਇਸੇ ਤਰ੍ਹਾਂ, ਨੌਜਵਾਨ ਭਰਾਵਾਂ ਨੂੰ ਤਾਕੀਦ ਕਰਦਾ ਰਹਿ ਕਿ ਉਹ ਸਮਝਦਾਰ ਬਣਨ।  ਤੂੰ ਹਰ ਤਰ੍ਹਾਂ ਦੇ ਚੰਗੇ ਕੰਮਾਂ ਵਿਚ ਮਿਸਾਲ ਬਣ। ਪੂਰੀ ਗੰਭੀਰਤਾ ਨਾਲ ਸਹੀ ਸਿੱਖਿਆ ਦੇ।  ਸਿੱਖਿਆ ਦੇਣ ਵੇਲੇ ਚੰਗੀ ਤੇ ਆਦਰਯੋਗ ਬੋਲੀ ਵਰਤ ਜਿਸ ਵਿਚ ਕੋਈ ਨੁਕਸ ਨਾ ਕੱਢ ਸਕੇ, ਤਾਂਕਿ ਵਿਰੋਧ ਕਰਨ ਵਾਲੇ ਲੋਕ ਸ਼ਰਮਿੰਦੇ ਹੋਣ ਅਤੇ ਉਨ੍ਹਾਂ ਕੋਲ ਸਾਡੇ ਬਾਰੇ ਬੁਰੀਆਂ ਗੱਲਾਂ ਕਹਿਣ ਦਾ ਕੋਈ ਕਾਰਨ ਨਾ ਹੋਵੇ।  ਗ਼ੁਲਾਮ ਸਾਰੀਆਂ ਗੱਲਾਂ ਵਿਚ ਆਪਣੇ ਮਾਲਕਾਂ ਦੇ ਅਧੀਨ ਰਹਿਣ, ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਨ ਅਤੇ ਬਦਤਮੀਜ਼ੀ ਨਾਲ ਜਵਾਬ ਨਾ ਦੇਣ, 10  ਨਾ ਹੀ ਉਹ ਆਪਣੇ ਮਾਲਕਾਂ ਦੀ ਕੋਈ ਚੀਜ਼ ਚੋਰੀ ਕਰਨ, ਪਰ ਆਪਣੇ ਆਪ ਨੂੰ ਪੂਰੇ ਭਰੋਸੇ ਦੇ ਲਾਇਕ ਸਾਬਤ ਕਰਨ ਤਾਂਕਿ ਉਹ ਹਰ ਗੱਲ ਵਿਚ ਸਾਡੇ ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧਾਉਣ। 11  ਪਰਮੇਸ਼ੁਰ ਨੇ ਆਪਣੀ ਅਪਾਰ ਕਿਰਪਾ ਜ਼ਾਹਰ ਕੀਤੀ ਹੈ ਜਿਸ ਰਾਹੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਮੁਕਤੀ ਮਿਲਦੀ ਹੈ। 12  ਇਹ ਅਪਾਰ ਕਿਰਪਾ ਸਾਨੂੰ ਬੁਰਾਈ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗਣਾ ਅਤੇ ਇਸ ਦੁਨੀਆਂ ਵਿਚ ਸਮਝਦਾਰੀ, ਨੇਕੀ ਤੇ ਭਗਤੀ ਨਾਲ ਜੀਵਨ ਗੁਜ਼ਾਰਨਾ ਸਿਖਾਉਂਦੀ ਹੈ। 13  ਇਹ ਸਭ ਕੁਝ ਸਾਨੂੰ ਉਸ ਸਮੇਂ ਦੀ ਉਡੀਕ ਕਰਦੇ ਹੋਏ ਕਰਨਾ ਚਾਹੀਦਾ ਹੈ ਜਦੋਂ ਵਧੀਆ ਉਮੀਦ ਪੂਰੀ ਹੋਵੇਗੀ ਅਤੇ ਮਹਾਨ ਪਰਮੇਸ਼ੁਰ ਅਤੇ ਸਾਡਾ ਮੁਕਤੀਦਾਤਾ ਯਿਸੂ ਮਸੀਹ ਪ੍ਰਗਟ ਹੋਣਗੇ। 14  ਯਿਸੂ ਮਸੀਹ ਨੇ ਸਾਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਛੁਡਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਤਾਂਕਿ ਉਹ ਸਾਨੂੰ ਆਪਣੇ ਲਈ ਸ਼ੁੱਧ ਕਰੇ ਅਤੇ ਅਸੀਂ ਉਸ ਦੇ ਖ਼ਾਸ ਲੋਕ ਬਣੀਏ ਤੇ ਚੰਗੇ ਕੰਮ ਜੋਸ਼ ਨਾਲ ਕਰੀਏ। 15  ਇਹ ਗੱਲਾਂ ਸਿਖਾਉਂਦਾ ਰਹਿ, ਨਸੀਹਤਾਂ ਦਿੰਦਾ ਰਹਿ ਅਤੇ ਪੂਰੇ ਅਧਿਕਾਰ ਨਾਲ ਤਾੜਨਾ ਦਿੰਦਾ ਰਹਿ। ਧਿਆਨ ਰੱਖ ਕਿ ਕੋਈ ਤੈਨੂੰ ਐਵੇਂ ਨਾ ਸਮਝੇ।

ਫੁਟਨੋਟ