ਤੀਤੁਸ 3:1-15

3  ਉਨ੍ਹਾਂ ਨੂੰ ਯਾਦ ਕਰਾਉਂਦਾ ਰਹਿ ਕਿ ਉਹ ਸਰਕਾਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਦੇ ਅਧੀਨ ਰਹਿਣ ਅਤੇ ਉਨ੍ਹਾਂ ਦਾ ਕਹਿਣਾ ਮੰਨਣ ਅਤੇ ਹਰ ਚੰਗੇ ਕੰਮ ਲਈ ਤਿਆਰ ਰਹਿਣ,  ਕਿਸੇ ਬਾਰੇ ਬੁਰਾ-ਭਲਾ ਨਾ ਕਹਿਣ, ਲੜਾਈ-ਝਗੜੇ ਨਾ ਕਰਨ, ਅੜਬ ਨਾ ਹੋਣ ਅਤੇ ਸਾਰਿਆਂ ਨਾਲ ਨਰਮਾਈ ਨਾਲ ਪੇਸ਼ ਆਉਣ।  ਕਿਉਂਕਿ ਪਹਿਲਾਂ ਅਸੀਂ ਵੀ ਨਾਸਮਝ ਤੇ ਅਣਆਗਿਆਕਾਰ ਸਾਂ ਅਤੇ ਦੂਜਿਆਂ ਨੇ ਸਾਨੂੰ ਗੁਮਰਾਹ ਕੀਤਾ ਸੀ, ਅਸੀਂ ਕਈ ਤਰ੍ਹਾਂ ਦੀਆਂ ਇੱਛਾਵਾਂ ਅਤੇ ਐਸ਼ਪਰਸਤੀ ਦੇ ਗ਼ੁਲਾਮ ਸਾਂ ਅਤੇ ਜ਼ਿੰਦਗੀ ਵਿਚ ਸਿਰਫ਼ ਬੁਰਾਈ ਤੇ ਈਰਖਾ ਕਰਦੇ ਸਾਂ, ਅਸੀਂ ਨੀਚ ਇਨਸਾਨ ਸਾਂ ਅਤੇ ਇਕ-ਦੂਜੇ ਨਾਲ ਨਫ਼ਰਤ ਕਰਦੇ ਸਾਂ।  ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਨੇ ਇਨਸਾਨਾਂ ਲਈ ਆਪਣੀ ਦਇਆ ਅਤੇ ਪਿਆਰ ਜ਼ਾਹਰ ਕੀਤਾ,  (ਉਸ ਨੇ ਇਹ ਸਾਡੇ ਨੇਕ ਕੰਮਾਂ ਕਰਕੇ ਨਹੀਂ, ਸਗੋਂ ਆਪਣੀ ਰਹਿਮਦਿਲੀ ਕਰਕੇ ਕੀਤਾ) ਤਾਂ ਉਸ ਨੇ ਸਾਨੂੰ ਸ਼ੁੱਧ* ਕਰ ਕੇ ਨਵੀਂ ਜ਼ਿੰਦਗੀ ਦਿੱਤੀ ਅਤੇ ਆਪਣੀ ਪਵਿੱਤਰ ਸ਼ਕਤੀ* ਰਾਹੀਂ ਨਵਾਂ ਬਣਾਇਆ। ਇਸ ਤਰ੍ਹਾਂ ਉਸ ਨੇ ਸਾਨੂੰ ਬਚਾਇਆ।  ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਰਾਹੀਂ ਦਿਲ ਖੋਲ੍ਹ ਕੇ ਸਾਨੂੰ ਇਹ ਸ਼ਕਤੀ ਦਿੱਤੀ ਹੈ,  ਤਾਂਕਿ ਉਸ ਦੀ ਅਪਾਰ ਕਿਰਪਾ ਕਰਕੇ ਧਰਮੀ ਠਹਿਰਾਏ ਜਾਣ ਤੋਂ ਬਾਅਦ ਅਸੀਂ ਆਪਣੀ ਉਮੀਦ ਅਨੁਸਾਰ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣੀਏ।  ਇਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਮਾਮਲਿਆਂ ਉੱਤੇ ਜ਼ੋਰ ਦਿੰਦਾ ਰਹੇਂ ਤਾਂਕਿ ਜਿਹੜੇ ਇਨਸਾਨ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦੇ ਹਨ, ਉਹ ਚੰਗੇ ਕੰਮ ਕਰਨ ਉੱਤੇ ਆਪਣਾ ਧਿਆਨ ਲਾਈ ਰੱਖਣ। ਇਹ ਗੱਲਾਂ ਚੰਗੀਆਂ ਅਤੇ ਇਨਸਾਨਾਂ ਲਈ ਫ਼ਾਇਦੇਮੰਦ ਹਨ।  ਪਰ ਫ਼ਜ਼ੂਲ ਦੀ ਬਹਿਸਬਾਜ਼ੀ ਵਿਚ ਪੈਣ, ਵੰਸ਼ਾਵਲੀਆਂ ਦੀ ਖੋਜਬੀਨ ਕਰਨ, ਲੜਾਈ-ਝਗੜਿਆਂ ਅਤੇ ਮੂਸਾ ਦੇ ਕਾਨੂੰਨ ਬਾਰੇ ਵਾਦ-ਵਿਵਾਦ ਵਿਚ ਪੈਣ ਤੋਂ ਦੂਰ ਰਹਿ। 10  ਜਿਹੜਾ ਆਦਮੀ ਗ਼ਲਤ ਸਿੱਖਿਆ ਦਿੰਦਾ ਹੈ, ਉਸ ਨੂੰ ਦੋ ਵਾਰ ਚੇਤਾਵਨੀ ਦੇਣ ਤੋਂ ਬਾਅਦ ਉਸ ਨਾਲ ਮਿਲਣਾ-ਗਿਲਣਾ ਛੱਡ ਦੇ 11  ਕਿਉਂਕਿ ਅਜਿਹੇ ਇਨਸਾਨ ਨੇ ਸਹੀ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ ਅਤੇ ਉਹ ਪਾਪ ਕਰ ਕੇ ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ। 12  ਜਦੋਂ ਮੈਂ ਅਰਤਿਮਾਸ ਜਾਂ ਤੁਖੀਕੁਸ ਨੂੰ ਤੇਰੇ ਕੋਲ ਘੱਲਾਂ, ਤਾਂ ਤੂੰ ਮੇਰੇ ਕੋਲ ਨਿਕੁ­ਪੁਲਿਸ ਵਿਚ ਆਉਣ ਦੀ ਪੂਰੀ ਕੋਸ਼ਿਸ਼ ਕਰੀਂ ਕਿਉਂਕਿ ਮੈਂ ਸਰਦੀਆਂ ਉੱਥੇ ਕੱਟਣ ਦਾ ਫ਼ੈਸਲਾ ਕੀਤਾ ਹੈ। 13  ਜ਼ੇਨਸ, ਜੋ ਮੂਸਾ ਦੇ ਕਾਨੂੰਨ ਦਾ ਮਾਹਰ ਹੈ, ਅਤੇ ਅਪੁੱਲੋਸ ਨੂੰ ਸਫ਼ਰ ਵਾਸਤੇ ਜਿਨ੍ਹਾਂ ਚੀਜ਼ਾਂ ਦੀ ਲੋੜ ਹੈ, ਉਨ੍ਹਾਂ ਨੂੰ ਉਹ ਸਾਰੀਆਂ ਚੀਜ਼ਾਂ ਦੇਣ ਦਾ ਧਿਆਨ ਰੱਖੀਂ। 14  ਪਰ ਸਾਡੇ ਭਰਾਵਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਕਿ ਉਹ ਚੰਗੇ ਕੰਮਾਂ ਵਿਚ ਲੱਗੇ ਰਹਿਣ ਤਾਂਕਿ ਭੈਣਾਂ-ਭਰਾਵਾਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਹੋਣ ਤੇ ਉਹ ਆਪਣੀ ਸੇਵਾ ਵਿਚ ਅਸਫ਼ਲ ਨਾ ਹੋਣ। 15  ਮੇਰੇ ਨਾਲ ਜਿਹੜੇ ਵੀ ਭੈਣ-ਭਰਾ ਹਨ, ਉਨ੍ਹਾਂ ਸਾਰਿਆਂ ਵੱਲੋਂ ਤੈਨੂੰ ਨਮਸਕਾਰ। ਮੇਰੇ ਵੱਲੋਂ ਸਾਰੇ ਪਿਆਰੇ ਮਸੀਹੀ ਭੈਣਾਂ-ਭਰਾਵਾਂ ਨੂੰ ਨਮਸਕਾਰ। ਤੁਹਾਡੇ ਸਾਰਿਆਂ ਉੱਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਹੋਵੇ।

ਫੁਟਨੋਟ

ਯੂਨਾਨੀ ਵਿਚ, “ਇਸ਼ਨਾਨ।”
ਯੂਨਾਨੀ ਵਿਚ, “ਪਨੈਵਮਾ।” ਅਪੈਂਡਿਕਸ 7 ਦੇਖੋ।