ਮਰਕੁਸ 1:1-45
1 ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ:
2 ਜਿਵੇਂ ਯਸਾਯਾਹ ਨਬੀ ਨੇ ਲਿਖਿਆ ਹੈ: “(ਦੇਖ! ਮੈਂ ਤੇਰੇ ਅੱਗੇ-ਅੱਗੇ ਆਪਣੇ ਸੰਦੇਸ਼ ਦੇਣ ਵਾਲੇ ਨੂੰ ਘੱਲ ਰਿਹਾ ਹਾਂ, ਜੋ ਤੇਰਾ ਰਾਹ ਤਿਆਰ ਕਰੇਗਾ;)*
3 ਸੁਣੋ! ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ: ‘ਯਹੋਵਾਹ ਦਾ ਰਸਤਾ ਤਿਆਰ ਕਰੋ! ਉਹ ਦੇ ਰਾਹਾਂ ਨੂੰ ਸਿੱਧਾ ਕਰੋ।’”
4 ਇਸ ਲਿਖਤ ਦੇ ਮੁਤਾਬਕ, ਯੂਹੰਨਾ ਬਪਤਿਸਮਾ ਦੇਣ ਵਾਲਾ ਉਜਾੜ ਵਿਚ ਆਇਆ ਅਤੇ ਲੋਕਾਂ ਨੂੰ ਪ੍ਰਚਾਰ ਕਰਨ ਲੱਗਾ ਕਿ ਪਾਪਾਂ ਦੀ ਮਾਫ਼ੀ ਲਈ ਤੋਬਾ ਕਰੋ ਤੇ ਬਪਤਿਸਮਾ ਲਓ।
5 ਇਸ ਕਰਕੇ ਯਹੂਦੀਆ ਦੇ ਇਲਾਕੇ ਦੇ ਅਤੇ ਯਰੂਸ਼ਲਮ ਦੇ ਸਾਰੇ ਲੋਕ ਉਸ ਕੋਲ ਆਏ ਅਤੇ ਉਨ੍ਹਾਂ ਨੇ ਆਪਣੇ ਪਾਪ ਕਬੂਲ ਕਰ ਕੇ ਉਸ ਕੋਲੋਂ ਯਰਦਨ ਦਰਿਆ ਵਿਚ ਬਪਤਿਸਮਾ ਲਿਆ।
6 ਯੂਹੰਨਾ ਊਠ ਦੇ ਵਾਲ਼ਾਂ ਦਾ ਬਣਿਆ ਚੋਗਾ ਪਾਉਂਦਾ ਹੁੰਦਾ ਸੀ ਅਤੇ ਚਮੜੇ ਦੀ ਬੈੱਲਟ ਲਾਉਂਦਾ ਹੁੰਦਾ ਸੀ। ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ।
7 ਉਸ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ: “ਜਿਹੜਾ ਮੇਰੇ ਤੋਂ ਬਾਅਦ ਆਉਂਦਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ; ਮੈਂ ਤਾਂ ਝੁਕ ਕੇ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਲਾਇਕ ਨਹੀਂ ਹਾਂ।
8 ਮੈਂ ਤੁਹਾਨੂੰ ਪਾਣੀ ਵਿਚ ਬਪਤਿਸਮਾ ਦਿੱਤਾ ਹੈ, ਪਰ ਉਹ ਤੁਹਾਨੂੰ ਪਵਿੱਤਰ ਸ਼ਕਤੀ* ਨਾਲ ਬਪਤਿਸਮਾ ਦੇਵੇਗਾ।”
9 ਉਨ੍ਹੀਂ ਦਿਨੀਂ ਯਿਸੂ ਗਲੀਲ ਦੇ ਨਾਸਰਤ ਸ਼ਹਿਰ ਤੋਂ ਆਇਆ ਅਤੇ ਯੂਹੰਨਾ ਨੇ ਉਸ ਨੂੰ ਯਰਦਨ ਦਰਿਆ ਵਿਚ ਬਪਤਿਸਮਾ ਦਿੱਤਾ।
10 ਪਾਣੀ ਵਿੱਚੋਂ ਨਿਕਲਦੇ ਸਾਰ ਯਿਸੂ ਨੇ ਆਕਾਸ਼ ਨੂੰ ਖੁੱਲ੍ਹਦਿਆਂ ਅਤੇ ਪਵਿੱਤਰ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਆਪਣੇ ਉੱਤੇ ਉੱਤਰਦਿਆਂ ਦੇਖਿਆ,
11 ਅਤੇ ਸਵਰਗੋਂ ਪਰਮੇਸ਼ੁਰ ਦੀ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”
12 ਅਤੇ ਪਵਿੱਤਰ ਸ਼ਕਤੀ ਨੇ ਤੁਰੰਤ ਉਸ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ।
13 ਉਹ ਚਾਲੀ ਦਿਨ ਉਜਾੜ ਵਿਚ ਰਿਹਾ ਜਿੱਥੇ ਜੰਗਲੀ ਜਾਨਵਰ ਵੀ ਸਨ। ਸ਼ੈਤਾਨ ਨੇ ਉਸ ਦੀ ਪਰੀਖਿਆ ਲਈ, ਅਤੇ ਫਿਰ ਦੂਤਾਂ ਨੇ ਉਸ ਦੀ ਸੇਵਾ ਕੀਤੀ।
14 ਫਿਰ ਯੂਹੰਨਾ ਦੇ ਕੈਦ ਵਿਚ ਸੁੱਟੇ ਜਾਣ ਤੋਂ ਬਾਅਦ ਯਿਸੂ ਗਲੀਲ ਵਿਚ ਗਿਆ ਅਤੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ
15 ਕਹਿਣ ਲੱਗਾ: “ਮਿਥਿਆ ਹੋਇਆ ਸਮਾਂ ਆ ਪਹੁੰਚਿਆ ਹੈ, ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖ਼ੁਸ਼ ਖ਼ਬਰੀ ਵਿਚ ਨਿਹਚਾ ਕਰੋ।”
16 ਗਲੀਲ ਦੀ ਝੀਲ ਦੇ ਕੰਢੇ ਉੱਤੇ ਤੁਰਦਿਆਂ ਯਿਸੂ ਨੇ ਸ਼ਮਊਨ* ਅਤੇ ਉਸ ਦੇ ਭਰਾ ਅੰਦ੍ਰਿਆਸ ਨੂੰ ਪਾਣੀ ਵਿਚ ਜਾਲ਼ ਪਾਉਂਦਿਆਂ ਦੇਖਿਆ ਕਿਉਂਕਿ ਉਹ ਮਛੇਰੇ ਸਨ।
17 ਸੋ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਮਗਰ ਆਓ ਅਤੇ ਮੈਂ ਤੁਹਾਨੂੰ ਇਨਸਾਨ ਫੜਨੇ ਸਿਖਾਵਾਂਗਾ ਜਿਵੇਂ ਤੁਸੀਂ ਮੱਛੀਆਂ ਫੜਦੇ ਹੋ।”
18 ਅਤੇ ਉਹ ਉਸੇ ਵੇਲੇ ਆਪਣੇ ਜਾਲ਼ ਛੱਡ ਕੇ ਉਸ ਦੇ ਮਗਰ ਤੁਰ ਪਏ।
19 ਅਤੇ ਥੋੜ੍ਹਾ ਅੱਗੇ ਜਾ ਕੇ ਉਸ ਨੇ ਯਾਕੂਬ ਅਤੇ ਯੂਹੰਨਾ ਨਾਂ ਦੇ ਦੋ ਭਰਾਵਾਂ ਨੂੰ ਦੇਖਿਆ ਜੋ ਜ਼ਬਦੀ ਦੇ ਪੁੱਤਰ ਸਨ। ਉਹ ਆਪਣੀ ਕਿਸ਼ਤੀ ਵਿਚ ਬੈਠੇ ਆਪਣੇ ਜਾਲ਼ਾਂ ਨੂੰ ਠੀਕ ਕਰ ਰਹੇ ਸਨ,
20 ਉਸ ਨੇ ਉਸੇ ਵੇਲੇ ਉਨ੍ਹਾਂ ਨੂੰ ਬੁਲਾਇਆ ਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਕਿਸ਼ਤੀ ਵਿਚ ਕਾਮਿਆਂ ਨਾਲ ਛੱਡ ਕੇ ਉਸ ਦੇ ਮਗਰ ਤੁਰ ਪਏ।
21 ਅਤੇ ਉਹ ਉਸ ਦੇ ਨਾਲ ਕਫ਼ਰਨਾਹੂਮ ਨੂੰ ਚਲੇ ਗਏ।
ਫਿਰ ਸਬਤ ਦੇ ਦਿਨ ਯਿਸੂ ਸਭਾ ਘਰ ਵਿਚ ਜਾ ਕੇ ਸਿੱਖਿਆ ਦੇਣ ਲੱਗਾ।
22 ਲੋਕ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ, ਕਿਉਂਕਿ ਉਹ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰੇ ਅਧਿਕਾਰ ਨਾਲ ਉਨ੍ਹਾਂ ਨੂੰ ਸਿੱਖਿਆ ਦੇ ਰਿਹਾ ਸੀ।
23 ਨਾਲੇ, ਉਸ ਵਕਤ ਸਭਾ ਘਰ ਵਿਚ ਇਕ ਆਦਮੀ ਸੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ, ਤੇ ਉਸ ਨੇ ਉੱਚੀ-ਉੱਚੀ
24 ਕਿਹਾ: “ਹੇ ਯਿਸੂ ਨਾਸਰੀ, ਤੂੰ ਸਾਨੂੰ ਕਿਉਂ ਤੰਗ ਕਰਦਾ ਹੈਂ? ਕੀ ਤੂੰ ਸਾਨੂੰ ਖ਼ਤਮ ਕਰਨ ਆਇਆ ਹੈਂ? ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕੌਣ ਹੈਂ, ਤੂੰ ਪਰਮੇਸ਼ੁਰ ਦਾ ਪਵਿੱਤਰ ਸੇਵਕ ਹੈਂ।”
25 ਯਿਸੂ ਨੇ ਦੁਸ਼ਟ ਦੂਤ ਨੂੰ ਝਿੜਕਦੇ ਹੋਏ ਕਿਹਾ: “ਚੁੱਪ ਰਹਿ ਤੇ ਇਸ ਵਿੱਚੋਂ ਨਿਕਲ ਜਾਹ!”
26 ਅਤੇ ਦੁਸ਼ਟ ਦੂਤ ਉਸ ਆਦਮੀ ਨੂੰ ਮਰੋੜ-ਮਰਾੜ ਕੇ ਅਤੇ ਉੱਚੀ-ਉੱਚੀ ਚੀਕਾਂ ਮਾਰ ਕੇ ਉਸ ਵਿੱਚੋਂ ਨਿਕਲ ਗਿਆ।
27 ਇਹ ਦੇਖ ਕੇ ਲੋਕ ਹੱਕੇ-ਬੱਕੇ ਰਹਿ ਗਏ ਤੇ ਇਕ-ਦੂਜੇ ਨੂੰ ਕਹਿਣ ਲੱਗੇ: “ਆਹ ਕੀ? ਇਹ ਤਾਂ ਕਮਾਲ ਦੀ ਸਿੱਖਿਆ ਦਿੰਦਾ! ਨਾਲੇ ਉਹ ਦੁਸ਼ਟ ਦੂਤਾਂ ਨੂੰ ਵੀ ਪੂਰੇ ਅਧਿਕਾਰ ਨਾਲ ਹੁਕਮ ਦਿੰਦਾ ਹੈ, ਅਤੇ ਉਹ ਉਸ ਦਾ ਹੁਕਮ ਮੰਨਦੇ ਹਨ।”
28 ਉਸੇ ਵੇਲੇ ਗਲੀਲ ਦੇ ਸਾਰੇ ਇਲਾਕੇ ਵਿਚ ਉਸ ਦੇ ਚਰਚੇ ਹੋਣ ਲੱਗੇ।
29 ਇਸ ਤੋਂ ਤੁਰੰਤ ਬਾਅਦ ਉਹ ਸਭਾ ਘਰ ਤੋਂ ਸ਼ਮਊਨ ਤੇ ਅੰਦ੍ਰਿਆਸ ਦੇ ਘਰ ਗਏ ਅਤੇ ਉਨ੍ਹਾਂ ਨਾਲ ਯਾਕੂਬ ਤੇ ਯੂਹੰਨਾ ਵੀ ਸਨ।
30 ਬੁਖ਼ਾਰ ਚੜ੍ਹਿਆ ਹੋਣ ਕਰਕੇ ਸ਼ਮਊਨ ਦੀ ਸੱਸ ਮੰਜੇ ’ਤੇ ਪਈ ਹੋਈ ਸੀ ਅਤੇ ਉਨ੍ਹਾਂ ਨੇ ਉਸ ਬਾਰੇ ਯਿਸੂ ਨੂੰ ਦੱਸਿਆ।
31 ਉਹ ਉਸ ਕੋਲ ਗਿਆ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਬਿਠਾਇਆ; ਤੇ ਉਸ ਦਾ ਬੁਖ਼ਾਰ ਉੱਤਰ ਗਿਆ, ਤੇ ਉਹ ਉਨ੍ਹਾਂ ਦੀ ਸੇਵਾ-ਟਹਿਲ ਕਰਨ ਲੱਗ ਪਈ।
32 ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਲੋਕ ਉਸ ਕੋਲ ਬੀਮਾਰਾਂ ਅਤੇ ਦੁਸ਼ਟ ਦੂਤਾਂ ਦੇ ਵੱਸ ਵਿਚ ਪਏ ਲੋਕਾਂ ਨੂੰ ਲਿਆਉਣ ਲੱਗੇ,
33 ਤੇ ਸਾਰਾ ਸ਼ਹਿਰ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅੱਗੇ ਇਕੱਠਾ ਹੋ ਗਿਆ।
34 ਉਸ ਨੇ ਤਰ੍ਹਾਂ-ਤਰ੍ਹਾਂ ਦੇ ਰੋਗੀਆਂ ਨੂੰ ਠੀਕ ਕੀਤਾ ਅਤੇ ਬਹੁਤ ਸਾਰੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੇ, ਪਰ ਉਸ ਨੇ ਦੁਸ਼ਟ ਦੂਤਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਮਸੀਹ ਹੈ।
35 ਫਿਰ ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਉਹ ਉੱਠ ਕੇ ਬਾਹਰ ਕਿਸੇ ਇਕਾਂਤ ਥਾਂ ਚਲਾ ਗਿਆ ਅਤੇ ਉੱਥੇ ਪ੍ਰਾਰਥਨਾ ਕਰਨ ਲੱਗਾ।
36 ਪਰ ਸ਼ਮਊਨ ਅਤੇ ਹੋਰ ਲੋਕ ਉਸ ਨੂੰ ਲੱਭਦੇ-ਲੱਭਦੇ ਆਏ।
37 ਅਤੇ ਜਦੋਂ ਉਨ੍ਹਾਂ ਨੇ ਉਸ ਨੂੰ ਲੱਭ ਲਿਆ, ਤਾਂ ਉਹ ਉਸ ਨੂੰ ਕਹਿਣ ਲੱਗੇ: “ਸਾਰੇ ਤੈਨੂੰ ਲੱਭ ਰਹੇ ਹਨ।”
38 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਕਿਤੇ ਹੋਰ, ਲਾਗਲੇ ਨਗਰਾਂ ਵਿਚ ਚੱਲੀਏ, ਤਾਂਕਿ ਮੈਂ ਉੱਥੇ ਵੀ ਪ੍ਰਚਾਰ ਕਰ ਸਕਾਂ ਕਿਉਂਕਿ ਮੈਂ ਇਸੇ ਲਈ ਆਇਆ ਹਾਂ।”
39 ਅਤੇ ਉਸ ਨੇ ਪੂਰੇ ਗਲੀਲ ਵਿਚ ਉਨ੍ਹਾਂ ਦੇ ਸਭਾ ਘਰਾਂ ਵਿਚ ਜਾ ਕੇ ਪ੍ਰਚਾਰ ਕੀਤਾ ਅਤੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੇ।
40 ਉਸ ਕੋਲ ਇਕ ਕੋੜ੍ਹੀ ਵੀ ਆਇਆ ਅਤੇ ਗੋਡਿਆਂ ਭਾਰ ਹੋ ਕੇ ਉਸ ਨੂੰ ਬੇਨਤੀ ਕਰਨ ਲੱਗਾ: “ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।”
41 ਯਿਸੂ ਨੂੰ ਉਸ ਉੱਤੇ ਤਰਸ ਆਇਆ ਅਤੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ। ਤੂੰ ਸ਼ੁੱਧ ਹੋ ਜਾ।”
42 ਉਸੇ ਵੇਲੇ ਉਸ ਦਾ ਕੋੜ੍ਹ ਗਾਇਬ ਹੋ ਗਿਆ ਅਤੇ ਉਹ ਸ਼ੁੱਧ ਹੋ ਗਿਆ।
43 ਫਿਰ ਯਿਸੂ ਨੇ ਉਸ ਨੂੰ ਘੱਲਣ ਤੋਂ ਪਹਿਲਾਂ ਸਖ਼ਤੀ ਨਾਲ ਵਰਜਦੇ ਹੋਏ
44 ਕਿਹਾ: “ਦੇਖੀਂ, ਕਿਸੇ ਨੂੰ ਇਹ ਗੱਲ ਨਾ ਦੱਸੀਂ। ਪਰ ਤੂੰ ਪੁਜਾਰੀ ਕੋਲ ਜਾ ਕੇ ਆਪਣੇ ਆਪ ਨੂੰ ਦਿਖਾ ਅਤੇ ਸ਼ੁੱਧ ਹੋ ਜਾਣ ਕਰਕੇ ਮੂਸਾ ਦੀ ਹਿਦਾਇਤ ਅਨੁਸਾਰ ਚੜ੍ਹਾਵਾ ਚੜ੍ਹਾ, ਤਾਂਕਿ ਉਹ ਤੇਰੇ ਸ਼ੁੱਧ ਹੋ ਜਾਣ ਦੇ ਗਵਾਹ ਹੋਣ।”
45 ਪਰ ਉਹ ਜਾ ਕੇ ਸਾਰੇ ਪਾਸੇ ਇਸ ਬਾਰੇ ਦੱਸਣ ਲੱਗਾ, ਜਿਸ ਕਰਕੇ ਯਿਸੂ ਕਿਸੇ ਵੀ ਸ਼ਹਿਰ ਵਿਚ ਨਾ ਜਾ ਸਕਿਆ, ਪਰ ਉਹ ਬਾਹਰ ਇਕਾਂਤ ਥਾਵਾਂ ਵਿਚ ਰਿਹਾ। ਫਿਰ ਵੀ ਹਰ ਪਾਸਿਓਂ ਲੋਕ ਉਸ ਕੋਲ ਆਉਂਦੇ ਰਹੇ।
ਫੁਟਨੋਟ
^ ਮਲਾ 3:1 ਦੇਖੋ ਜਿੱਥੋਂ ਇਸ ਆਇਤ ਦਾ ਇਹ ਹਿੱਸਾ ਲਿਆ ਗਿਆ ਹੈ।
^ ਯੂਨਾਨੀ ਵਿਚ, “ਪਨੈਵਮਾ।” ਅਪੈਂਡਿਕਸ 7 ਦੇਖੋ।
^ ਪਤਰਸ ਰਸੂਲ ਦਾ ਇਕ ਹੋਰ ਨਾਂ।