ਮਰਕੁਸ 10:1-52

10  ਉੱਥੋਂ ਯਿਸੂ ਯਰਦਨ ਦਰਿਆ ਪਾਰ ਕਰ ਕੇ ਯਹੂਦੀਆ ਦੇ ਸਰਹੱਦੀ ਇਲਾਕਿਆਂ ਵਿਚ ਆਇਆ। ਉੱਥੇ ਵੀ ਉਸ ਦੁਆਲੇ ਭੀੜ ਇਕੱਠੀ ਹੋ ਗਈ ਅਤੇ ਹਮੇਸ਼ਾ ਵਾਂਗ ਉਹ ਉਨ੍ਹਾਂ ਨੂੰ ਸਿਖਾਉਣ ਲੱਗ ਪਿਆ।  ਉੱਥੇ ਫ਼ਰੀਸੀ ਉਸ ਦੀ ਪਰੀਖਿਆ ਲੈਣ ਲਈ ਆਏ। ਉਨ੍ਹਾਂ ਨੇ ਉਸ ਨੂੰ ਪੁੱਛਿਆ: “ਕੀ ਕਿਸੇ ਆਦਮੀ ਲਈ ਆਪਣੀ ਪਤਨੀ ਨੂੰ ਤਲਾਕ ਦੇਣਾ ਠੀਕ ਹੈ?”  ਉਸ ਨੇ ਉਨ੍ਹਾਂ ਨੂੰ ਕਿਹਾ: “ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ ਸੀ?”  ਉਨ੍ਹਾਂ ਨੇ ਜਵਾਬ ਦਿੱਤਾ: “ਮੂਸਾ ਨੇ ਪਤੀ ਨੂੰ ਇਜਾਜ਼ਤ ਦਿੱਤੀ ਸੀ ਕਿ ਉਹ ਤਲਾਕਨਾਮਾ ਲਿਖ ਕੇ ਆਪਣੀ ਪਤਨੀ ਨੂੰ ਛੱਡ ਸਕਦਾ ਹੈ।”  ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੂਸਾ ਨੇ ਤੁਹਾਡੀ ਪੱਥਰਦਿਲੀ ਕਰਕੇ ਤੁਹਾਡੇ ਲਈ ਇਹ ਹੁਕਮ ਲਿਖਿਆ ਸੀ।  ਪਰ ਜਦੋਂ ਪਰਮੇਸ਼ੁਰ ਨੇ ਦੁਨੀਆਂ ਬਣਾਈ ਸੀ, ਤਾਂ ਉਦੋਂ ‘ਉਸ ਨੇ ਇਨਸਾਨਾਂ ਨੂੰ ਆਦਮੀ ਤੇ ਤੀਵੀਂ ਦੇ ਤੌਰ ਤੇ ਬਣਾਇਆ ਸੀ।  ਇਸ ਕਰਕੇ, ਆਦਮੀ ਆਪਣੇ ਮਾਂ-ਬਾਪ ਨੂੰ ਛੱਡੇਗਾ  ਅਤੇ ਪਤੀ-ਪਤਨੀ ਇਕ ਸਰੀਰ ਹੋਣਗੇ,’ ਉਹ ਹੁਣ ਦੋ ਨਹੀਂ, ਸਗੋਂ ਇਕ ਸਰੀਰ ਹਨ।  ਇਸ ਲਈ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ* ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।” 10  ਫਿਰ ਘਰ ਆ ਕੇ ਚੇਲੇ ਉਸ ਨੂੰ ਇਸ ਬਾਰੇ ਹੋਰ ਸਵਾਲ ਪੁੱਛਣ ਲੱਗੇ। 11  ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਜਿਹੜਾ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਸਰੀ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ ਅਤੇ ਆਪਣੀ ਪਹਿਲੀ ਪਤਨੀ ਦੇ ਹੱਕ ਨੂੰ ਮਾਰਦਾ ਹੈ, 12  ਜੇ ਕੋਈ ਤੀਵੀਂ ਆਪਣੇ ਪਤੀ ਨੂੰ ਤਲਾਕ ਦੇ ਕੇ ਦੂਸਰੇ ਨਾਲ ਵਿਆਹ ਕਰਾ­ਉਂਦੀ ਹੈ, ਉਹ ਹਰਾਮਕਾਰੀ ਕਰਦੀ ਹੈ।” 13  ਹੁਣ ਲੋਕ ਆਪਣੇ ਨਿਆਣਿਆਂ ਨੂੰ ਉਸ ਕੋਲ ਲੈ ਕੇ ਆਏ ਤਾਂਕਿ ਉਹ ਉਨ੍ਹਾਂ ਦੇ ਸਿਰਾਂ ’ਤੇ ਹੱਥ ਰੱਖੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ। 14  ਇਹ ਦੇਖ ਕੇ ਯਿਸੂ ਨੂੰ ਚੰਗਾ ਨਹੀਂ ਲੱਗਾ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਨਿਆਣਿਆਂ ਨੂੰ ਮੇਰੇ ਕੋਲ ਆਉਣ ਦਿਓ; ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਪਰਮੇਸ਼ੁਰ ਦਾ ਰਾਜ ਇਨ੍ਹਾਂ ਵਰਗੇ ਇਨਸਾਨਾਂ ਦਾ ਹੈ। 15  ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਜਿਹੜਾ ਇਨਸਾਨ ਇਨ੍ਹਾਂ ਬੱਚਿਆਂ ਵਾਂਗ ਪਰਮੇਸ਼ੁਰ ਦੇ ਰਾਜ ਨੂੰ ਕਬੂਲ ਨਹੀਂ ਕਰਦਾ, ਉਹ ਉਸ ਦੇ ਰਾਜ ਵਿਚ ਨਹੀਂ ਜਾ ਸਕੇਗਾ।” 16  ਅਤੇ ਉਸ ਨੇ ਬੱਚਿਆਂ ਨੂੰ ਆਪਣੀਆਂ ਬਾਹਾਂ ਵਿਚ ਲਿਆ ਅਤੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਦੇ ਸਿਰਾਂ ’ਤੇ ਹੱਥ ਰੱਖਿਆ। 17  ਜਦੋਂ ਉਹ ਜਾ ਰਿਹਾ ਸੀ, ਤਾਂ ਰਾਹ ਵਿਚ ਇਕ ਆਦਮੀ ਉਸ ਕੋਲ ਭੱਜਾ ਆਇਆ ਅਤੇ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਪੁੱਛਿਆ: “ਚੰਗੇ ਗੁਰੂ ਜੀ, ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?” 18  ਯਿਸੂ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ? ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ। 19  ਤੈਨੂੰ ਇਹ ਹੁਕਮ ਤਾਂ ਪਤਾ ਹੋਣੇ: ‘ਤੂੰ ਖ਼ੂਨ ਨਾ ਕਰ, ਤੂੰ ਹਰਾਮਕਾਰੀ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਝੂਠੀ ਗਵਾਹੀ ਨਾ ਦੇ, ਤੂੰ ਠੱਗੀ ਨਾ ਮਾਰ, ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ।’” 20  ਆਦਮੀ ਨੇ ਉਸ ਨੂੰ ਕਿਹਾ: “ਗੁਰੂ ਜੀ, ਮੈਂ ਜਵਾਨੀ ਤੋਂ ਇਨ੍ਹਾਂ ਹੁਕਮਾਂ ਨੂੰ ਮੰਨਦਾ ਆਇਆ ਹਾਂ।” 21  ਯਿਸੂ ਦਾ ਦਿਲ ਉਸ ਵਾਸਤੇ ਪਿਆਰ ਨਾਲ ਭਰ ਗਿਆ ਅਤੇ ਉਸ ਨੂੰ ਕਿਹਾ: “ਤੇਰੇ ਵਿਚ ਇਕ ਗੱਲ ਦੀ ਘਾਟ ਹੈ: ਤੂੰ ਜਾ ਕੇ ਆਪਣਾ ਸਾਰਾ ਕੁਝ ਵੇਚ ਦੇ ਅਤੇ ਪੈਸੇ ਗ਼ਰੀਬਾਂ ਵਿਚ ਵੰਡ ਦੇ, ਤਾਂ ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ, ਅਤੇ ਆ ਕੇ ਮੇਰਾ ਚੇਲਾ ਬਣ ਜਾ।” 22  ਪਰ ਉਹ ਆਦਮੀ ਉਸ ਦੀ ਗੱਲ ਸੁਣ ਕੇ ਬਹੁਤ ਉਦਾਸ ਹੋਇਆ ਅਤੇ ਦੁਖੀ ਹੋ ਕੇ ਚਲਾ ਗਿਆ ਕਿਉਂਕਿ ਉਸ ਕੋਲ ਬਹੁਤ ਧਨ-ਦੌਲਤ ਸੀ। 23  ਆਲੇ-ਦੁਆਲੇ ਖੜ੍ਹੇ ਲੋਕਾਂ ਨੂੰ ਦੇਖ ਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਅਮੀਰ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਬਹੁਤ ਔਖਾ ਹੋਵੇਗਾ!” 24  ਪਰ ਚੇਲੇ ਉਸ ਦੀ ਗੱਲ ਸੁਣ ਕੇ ਹੈਰਾਨ ਹੋਏ। ਇਹ ਦੇਖ ਕੇ ਯਿਸੂ ਨੇ ਕਿਹਾ: “ਬੱਚਿਓ, ਪਰਮੇਸ਼ੁਰ ਦੇ ਰਾਜ ਵਿਚ ਜਾਣਾ ਬਹੁਤ ਔਖਾ ਹੈ! 25  ਕਿਸੇ ਅਮੀਰ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣ ਨਾਲੋਂ ਊਠ ਵਾਸਤੇ ਸੂਈ ਦੇ ਨੱਕੇ ਵਿੱਚੋਂ ਲੰਘਣਾ ਜ਼ਿਆਦਾ ਸੌਖਾ ਹੈ।” 26  ਉਹ ਹੋਰ ਵੀ ਹੈਰਾਨ ਹੋਏ ਅਤੇ ਉਸ ਨੂੰ ਪੁੱਛਿਆ: “ਤਾਂ ਫਿਰ ਕੌਣ ਬਚੂ?” 27  ਯਿਸੂ ਨੇ ਸਿੱਧਾ ਉਨ੍ਹਾਂ ਵੱਲ ਦੇਖਦੇ ਹੋਏ ਕਿਹਾ: “ਇਨਸਾਨ ਲਈ ਆਪਣੇ ਆਪ ਨੂੰ ਬਚਾਉਣਾ ­ਨਾਮੁਮਕਿਨ ਹੈ, ਪਰ ਪਰਮੇਸ਼ੁਰ ਬਚਾ ਸਕਦਾ ਹੈ ਕਿਉਂਕਿ ਉਹ ਸਭ ਕੁਝ ਕਰ ਸਕਦਾ ਹੈ।” 28  ਫਿਰ ਪਤਰਸ ਨੇ ਉਸ ਨੂੰ ਕਿਹਾ: “ਦੇਖ, ਅਸੀਂ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ-ਪਿੱਛੇ ਚੱਲ ਰਹੇ ਹਾਂ।” 29  ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜਿਸ ਨੇ ਵੀ ਖ਼ੁਸ਼ ਖ਼ਬਰੀ ਦੀ ਖ਼ਾਤਰ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਂ ਜਾਂ ਪਿਉ ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੈ, 30  ਉਹ ਹੁਣ ਇਹ ਸਭ ਚੀਜ਼ਾਂ ਸੌ ਗੁਣਾ ਪਾਵੇਗਾ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਤੇ ਖੇਤ, ਨਾਲੇ ਅਤਿਆਚਾਰ, ਅਤੇ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਦੀ ਜ਼ਿੰਦਗੀ। 31  ਪਰ ਕਈ ਲੋਕ ਜਿਹੜੇ ਅੱਗੇ ਹਨ, ਉਹ ਪਿੱਛੇ ਹੋ ਜਾਣਗੇ ਅਤੇ ਜਿਹੜੇ ਪਿੱਛੇ ਹਨ, ਉਹ ਅੱਗੇ ਹੋ ਜਾਣਗੇ।” 32  ਹੁਣ ਉਹ ਯਰੂਸ਼ਲਮ ਨੂੰ ਜਾ ਰਹੇ ਸਨ। ਯਿਸੂ ਚੇਲਿਆਂ ਦੇ ਅੱਗੇ-ਅੱਗੇ ਜਾ ਰਿਹਾ ਸੀ ਅਤੇ ਚੇਲਿਆਂ ਨੂੰ ਹੈਰਾਨੀ ਹੋ ਰਹੀ ਸੀ; ਪਰ ਪਿੱਛੇ-ਪਿੱਛੇ ਆ ਰਹੇ ਹੋਰ ਲੋਕ ਡਰਨ ਲੱਗ ਪਏ। ਉਹ ਬਾਰਾਂ ਰਸੂਲਾਂ ਨੂੰ ਦੁਬਾਰਾ ਇਕ ਪਾਸੇ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਣ ਲੱਗਾ ਕਿ ਉਸ ਨਾਲ ਕੀ-ਕੀ ਹੋਵੇਗਾ: 33  “ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ, ਉੱਥੇ ਮਨੁੱਖ ਦੇ ਪੁੱਤਰ ਨੂੰ ਮੁੱਖ ­ਪੁਜਾਰੀਆਂ ਅਤੇ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ­ਸੁਣਾਉਣਗੇ ਅਤੇ ਉਸ ਨੂੰ ਗ਼ੈਰ-ਯਹੂਦੀ ਲੋਕਾਂ ਦੇ ਹਵਾਲੇ ਕਰਨਗੇ, 34  ਅਤੇ ਉਹ ਉਸ ਦਾ ਮਜ਼ਾਕ ਉਡਾਉਣਗੇ, ਉਸ ਉੱਤੇ ਥੁੱਕਣਗੇ, ਉਸ ਨੂੰ ਕੋਰੜੇ ਮਾਰਨਗੇ ਤੇ ਜਾਨੋਂ ਮਾਰ ਦੇਣਗੇ, ਪਰ ਉਹ ਤਿੰਨਾਂ ਦਿਨਾਂ ਬਾਅਦ ਦੁਬਾਰਾ ਜੀਉਂਦਾ ਹੋ ਜਾਵੇਗਾ।” 35  ਅਤੇ ਜ਼ਬਦੀ ਦੇ ਦੋ ਪੁੱਤਰ ਯਾਕੂਬ ਤੇ ਯੂਹੰਨਾ ਉਸ ਕੋਲ ਆਏ ਅਤੇ ਕਹਿਣ ਲੱਗੇ: “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਅਸੀਂ ਤੈਨੂੰ ਜੋ ਕਹੀਏ, ਉਹ ਤੂੰ ਸਾਡੇ ਲਈ ਕਰੀਂ।” 36  ਉਸ ਨੇ ਉਨ੍ਹਾਂ ਨੂੰ ਪੁੱਛਿਆ: “ਦੱਸੋ ਤੁਸੀਂ ਮੇਰੇ ਤੋਂ ਕੀ ਕਰਾਉਣਾ ਚਾਹੁੰਦੇ ਹੋ?” 37  ਉਨ੍ਹਾਂ ਨੇ ਉਸ ਨੂੰ ਕਿਹਾ: “ਆਪਣੇ ਰਾਜ ਵਿਚ ਹਕੂਮਤ ਕਰਨ ਵੇਲੇ ਸਾਡੇ ਦੋਵਾਂ ਵਿੱਚੋਂ ਇਕ ਨੂੰ ਆਪਣੇ ਸੱਜੇ ਪਾਸੇ ਅਤੇ ਦੂਜੇ ਨੂੰ ਆਪਣੇ ਖੱਬੇ ਪਾਸੇ ਬੈਠਣ ਦਾ ਅਧਿਕਾਰ ਦੇਈਂ।” 38  ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੀ ਮੰਗ ਰਹੇ ਹੋ। ਕੀ ਤੁਸੀਂ ਉਹ ਪਿਆਲਾ* ਪੀ ਸਕਦੇ ਹੋ ਜੋ ਮੈਂ ਪੀਣ ਵਾਲਾ ਹਾਂ ਜਾਂ ਕੀ ਤੁਸੀਂ ਉਹ ਬਪਤਿਸਮਾ ਲੈ ਸਕਦੇ ਹੋ ਜੋ ਬਪਤਿਸਮਾ ਮੈਂ ਲੈਣ ਵਾਲਾ ਹਾਂ?” 39  ਉਨ੍ਹਾਂ ਨੇ ਉਸ ਨੂੰ ਕਿਹਾ: “ਹਾਂ, ਅਸੀਂ ਇੱਦਾਂ ਕਰ ਸਕਦੇ ਹਾਂ।” ਇਹ ਸੁਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੋ ਪਿਆਲਾ ਮੈਂ ਪੀਣ ਵਾਲਾ ਹਾਂ, ਉਹ ਤੁਸੀਂ ਵੀ ਪੀਓਗੇ ਅਤੇ ਜੋ ਬਪਤਿਸਮਾ ਮੈਂ ਲੈਣ ਵਾਲਾ ਹਾਂ, ਉਹ ਬਪਤਿਸਮਾ ਤੁਸੀਂ ਵੀ ਲਓਗੇ। 40  ਪਰ ਮੈਂ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਕੌਣ ਮੇਰੇ ਸੱਜੇ ਪਾਸੇ ਬੈਠੇਗਾ ਅਤੇ ਕੌਣ ਖੱਬੇ ਪਾਸੇ, ਸਗੋਂ ਪਰਮੇਸ਼ੁਰ ਇਸ ਗੱਲ ਦਾ ਫ਼ੈਸਲਾ ਕਰੇਗਾ।” 41  ਜਦੋਂ ਬਾਕੀ ਦਸਾਂ ਚੇਲਿਆਂ ਨੂੰ ਇਹ ਗੱਲ ਪਤਾ ਲੱਗੀ, ਤਾਂ ਉਹ ਯਾਕੂਬ ਅਤੇ ਯੂਹੰਨਾ ’ਤੇ ਗੁੱਸੇ ਹੋਏ। 42  ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਰਾਜੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ। 43  ਪਰ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ; ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ, 44  ਅਤੇ ਜਿਹੜਾ ਤੁਹਾਡੇ ਵਿੱਚੋਂ ਮੋਹਰੀ ਬਣਨਾ ਚਾਹੁੰਦਾ ਹੈ ਉਹ ਸਾਰਿਆਂ ਦਾ ਨੌਕਰ ਬਣੇ। 45  ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ ਹੈ।” 46  ਅਤੇ ਉਹ ਯਰੀਹੋ ਵਿਚ ਆਏ। ਪਰ ਜਦੋਂ ਯਿਸੂ, ਉਸ ਦੇ ਚੇਲੇ ਤੇ ਬਹੁਤ ਸਾਰੇ ਲੋਕ ਯਰੀਹੋ ਤੋਂ ਬਾਹਰ ਜਾ ਰਹੇ ਸਨ, ਤਾਂ ਰਾਹ ਵਿਚ ਅੰਨ੍ਹਾ ਭਿਖਾਰੀ ਬਰਤਿਮਈ (ਤਿਮਈ ਦਾ ਪੁੱਤਰ) ਬੈਠਾ ਹੋਇਆ ਸੀ। 47  ਜਦੋਂ ਉਸ ਨੇ ਸੁਣਿਆ ਕਿ ਯਿਸੂ ਨਾਸਰੀ ਉੱਧਰੋਂ ਲੰਘ ਰਿਹਾ ਸੀ, ਤਾਂ ਉਹ ਉੱਚੀ-ਉੱਚੀ ਕਹਿਣ ਲੱਗਾ: “ਹੇ ਦਾਊਦ ਦੇ ਪੁੱਤਰ ਯਿਸੂ, ਮੇਰੇ ’ਤੇ ਰਹਿਮ ਕਰ!” 48  ਲੋਕਾਂ ਨੇ ਉਸ ਨੂੰ ਝਿੜਕਿਆ ਤੇ ਮੂੰਹ ਬੰਦ ਰੱਖਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗਾ: “ਹੇ ਦਾਊਦ ਦੇ ਪੁੱਤਰ, ਮੇਰੇ ’ਤੇ ਰਹਿਮ ਕਰ!” 49  ਇਹ ਸੁਣ ਕੇ ਯਿਸੂ ਤੁਰਿਆ ਜਾਂਦਾ ਖੜ੍ਹ ਗਿਆ ਅਤੇ ਕਿਹਾ: “ਉਸ ਨੂੰ ਬੁਲਾਓ।” ਅਤੇ ਉਨ੍ਹਾਂ ਨੇ ਅੰਨ੍ਹੇ ਆਦਮੀ ਨੂੰ ਆਵਾਜ਼ ਦੇ ਕੇ ਕਿਹਾ: “ਹੌਸਲਾ ਰੱਖ! ਉੱਠ, ਉਹ ਤੈਨੂੰ ਬੁਲਾ ਰਿਹਾ ਹੈ।” 50  ਉਸ ਨੇ ਆਪਣਾ ਚੋਗਾ ਸੁੱਟਿਆ ਅਤੇ ਫੁਰਤੀ ਨਾਲ ਉੱਠ ਕੇ ਯਿਸੂ ਕੋਲ ਗਿਆ। 51  ਯਿਸੂ ਨੇ ਉਸ ਨੂੰ ਪੁੱਛਿਆ: “ਦੱਸ ਮੈਂ ਤੇਰੇ ਲਈ ਕੀ ਕਰਾਂ?” ਉਸ ਅੰਨ੍ਹੇ ਆਦਮੀ ਨੇ ਕਿਹਾ: “ਗੁਰੂ ਜੀ, ਮੈਨੂੰ ਸੁਜਾਖਾ ਕਰ ਦੇ।” 52  ਤੇ ਯਿਸੂ ਨੇ ਕਿਹਾ: “ਜਾਹ, ਤੂੰ ਆਪਣੀ ਨਿਹਚਾ ਕਰਕੇ ਠੀਕ ਹੋ ਗਿਆ ਹੈਂ।” ਅਤੇ ਉਸੇ ਵੇਲੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਤੇ ਉਹ ਰਾਹ ਵਿਚ ਯਿਸੂ ਦੇ ਨਾਲ ਤੁਰ ਪਿਆ।

ਫੁਟਨੋਟ

ਯੂਨਾਨੀ ਵਿਚ, “ਇੱਕੋ ਜੂਲੇ ਹੇਠ।”
ਮੱਤੀ 20:22, ਫੁਟਨੋਟ ਦੇਖੋ।