ਮਰਕੁਸ 12:1-44
12 ਫਿਰ ਉਹ ਲੋਕਾਂ ਨਾਲ ਮਿਸਾਲਾਂ ਰਾਹੀਂ ਗੱਲ ਕਰਨ ਲੱਗਾ: “ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾ ਕੇ ਉਸ ਦੇ ਆਲੇ-ਦੁਆਲੇ ਵਾੜ ਲਾਈ ਅਤੇ ਰਸ ਕੱਢਣ ਲਈ ਚੁਬੱਚਾ ਬਣਾਇਆ ਅਤੇ ਇਕ ਬੁਰਜ ਖੜ੍ਹਾ ਕੀਤਾ। ਫਿਰ ਉਹ ਬਾਗ਼ ਠੇਕੇ ’ਤੇ ਦੇ ਕੇ ਆਪ ਕਿਸੇ ਹੋਰ ਦੇਸ਼ ਚਲਾ ਗਿਆ।
2 ਹੁਣ ਜਦ ਅੰਗੂਰਾਂ ਦਾ ਮੌਸਮ ਆਇਆ, ਤਾਂ ਉਸ ਨੇ ਫਲ ਵਿੱਚੋਂ ਆਪਣਾ ਹਿੱਸਾ ਲੈਣ ਲਈ ਆਪਣੇ ਨੌਕਰ ਨੂੰ ਠੇਕੇਦਾਰਾਂ ਕੋਲ ਘੱਲਿਆ।
3 ਪਰ ਉਨ੍ਹਾਂ ਨੇ ਉਸ ਨੂੰ ਫੜ ਕੇ ਕੁੱਟਿਆ ਅਤੇ ਖਾਲੀ ਹੱਥ ਮੋੜ ਦਿੱਤਾ।
4 ਅਤੇ ਉਸ ਨੇ ਦੂਸਰੇ ਨੌਕਰ ਨੂੰ ਭੇਜਿਆ; ਉਨ੍ਹਾਂ ਨੇ ਉਸ ਦਾ ਸਿਰ ਪਾੜ ਦਿੱਤਾ ਅਤੇ ਉਸ ਦੀ ਬੇਇੱਜ਼ਤੀ ਕੀਤੀ।
5 ਫਿਰ ਉਸ ਨੇ ਇਕ ਹੋਰ ਨੌਕਰ ਭੇਜਿਆ, ਅਤੇ ਉਨ੍ਹਾਂ ਨੇ ਉਸ ਨੂੰ ਮਾਰ ਸੁੱਟਿਆ; ਇੱਦਾਂ ਹੀ ਉਸ ਨੇ ਕਈ ਹੋਰਾਂ ਨੂੰ ਭੇਜਿਆ ਜਿਨ੍ਹਾਂ ਵਿੱਚੋਂ ਕਈਆਂ ਨੂੰ ਉਨ੍ਹਾਂ ਨੇ ਕੁੱਟਿਆ ਅਤੇ ਕਈਆਂ ਨੂੰ ਮਾਰ ਸੁੱਟਿਆ।
6 ਹੁਣ ਉਸ ਕੋਲ ਸਿਰਫ਼ ਇੱਕੋ ਜਣਾ ਰਹਿ ਗਿਆ ਸੀ ਅਤੇ ਉਹ ਸੀ ਉਸ ਦਾ ਪਿਆਰਾ ਪੁੱਤਰ। ਸੋ ਉਸ ਨੇ ਇਹ ਸੋਚ ਕੇ ਆਪਣੇ ਪੁੱਤਰ ਨੂੰ ਭੇਜਿਆ, ‘ਉਹ ਮੇਰੇ ਪੁੱਤਰ ਦੀ ਜ਼ਰੂਰ ਇੱਜ਼ਤ ਕਰਨਗੇ।’
7 ਪਰ ਠੇਕੇਦਾਰਾਂ ਨੇ ਇਕ-ਦੂਜੇ ਨੂੰ ਕਿਹਾ, ‘ਸਾਰੀ ਜ਼ਮੀਨ-ਜਾਇਦਾਦ ਦਾ ਵਾਰਸ ਇਹੀ ਹੈ। ਆਓ ਆਪਾਂ ਇਸ ਨੂੰ ਮਾਰ ਦੇਈਏ ਅਤੇ ਫਿਰ ਸਾਰੀ ਜ਼ਮੀਨ-ਜਾਇਦਾਦ ਸਾਡੀ ਹੋ ਜਾਵੇਗੀ।’
8 ਇਸ ਲਈ, ਉਨ੍ਹਾਂ ਨੇ ਉਸ ਨੂੰ ਲਿਜਾ ਕੇ ਮਾਰ ਦਿੱਤਾ ਤੇ ਬਾਗ਼ੋਂ ਬਾਹਰ ਸੁੱਟ ਦਿੱਤਾ।
9 ਹੁਣ ਬਾਗ਼ ਦਾ ਮਾਲਕ ਕੀ ਕਰੇਗਾ? ਉਹ ਆ ਕੇ ਠੇਕੇਦਾਰਾਂ ਨੂੰ ਮਾਰ ਦੇਵੇਗਾ ਅਤੇ ਬਾਗ਼ ਦੂਸਰਿਆਂ ਨੂੰ ਠੇਕੇ ’ਤੇ ਦੇ ਦੇਵੇਗਾ।
10 ਕੀ ਤੁਸੀਂ ਕਦੇ ਧਰਮ-ਗ੍ਰੰਥ ਵਿਚ ਇਹ ਨਹੀਂ ਪੜ੍ਹਿਆ: ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ, ਉਹੀ ਕੋਨੇ ਦਾ ਮੁੱਖ ਪੱਥਰ ਬਣ ਗਿਆ ਹੈ।
11 ਇਹ ਪੱਥਰ ਯਹੋਵਾਹ ਵੱਲੋਂ ਆਇਆ ਹੈ ਅਤੇ ਸਾਡੀਆਂ ਨਜ਼ਰਾਂ ਵਿਚ ਸ਼ਾਨਦਾਰ ਹੈ’?”
12 ਗ੍ਰੰਥੀ ਅਤੇ ਮੁੱਖ ਪੁਜਾਰੀ ਸਮਝ ਗਏ ਕਿ ਉਸ ਨੇ ਉਨ੍ਹਾਂ ਨੂੰ ਹੀ ਧਿਆਨ ਵਿਚ ਰੱਖ ਕੇ ਇਹ ਮਿਸਾਲ ਦਿੱਤੀ ਸੀ, ਇਸ ਲਈ ਉਹ ਉਸ ਨੂੰ ਫੜਨ ਦੇ ਤਰੀਕੇ ਲੱਭਣ ਲੱਗੇ। ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਸ ਨੂੰ ਛੱਡ ਕੇ ਚਲੇ ਗਏ।
13 ਫਿਰ ਉਨ੍ਹਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਯਿਸੂ ਕੋਲ ਭੇਜਿਆ, ਤਾਂਕਿ ਉਹ ਉਸ ਨੂੰ ਉਸ ਦੀਆਂ ਗੱਲਾਂ ਵਿਚ ਫਸਾਉਣ।
14 ਉਨ੍ਹਾਂ ਨੇ ਉਸ ਕੋਲ ਆ ਕੇ ਕਿਹਾ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚ ਬੋਲਦਾ ਹੈਂ ਅਤੇ ਤੈਨੂੰ ਇਹ ਫ਼ਿਕਰ ਨਹੀਂ ਕਿ ਲੋਕ ਤੇਰੇ ਬਾਰੇ ਕੀ ਸੋਚਦੇ ਹਨ ਤੇ ਨਾ ਹੀ ਤੂੰ ਕਿਸੇ ਦਾ ਰੁਤਬਾ ਜਾਂ ਬਾਹਰੀ ਰੂਪ ਦੇਖਦਾ ਹੈਂ, ਸਗੋਂ ਤੂੰ ਪਰਮੇਸ਼ੁਰ ਦੇ ਰਾਹ ਦੀ ਹੀ ਸਿੱਖਿਆ ਦਿੰਦਾ ਹੈਂ: ਕੀ ਰਾਜੇ* ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ?
15 ਅਸੀਂ ਦੇਈਏ ਜਾਂ ਨਾ ਦੇਈਏ?” ਉਨ੍ਹਾਂ ਦੀ ਮੱਕਾਰੀ ਨੂੰ ਭਾਂਪਦੇ ਹੋਏ ਉਸ ਨੇ ਕਿਹਾ: “ਤੁਸੀਂ ਕਿਉਂ ਮੈਨੂੰ ਅਜ਼ਮਾ ਰਹੇ ਹੋ? ਮੈਨੂੰ ਇਕ ਦੀਨਾਰ* ਲਿਆ ਕੇ ਦਿਖਾਓ।”
16 ਉਨ੍ਹਾਂ ਨੇ ਉਸ ਨੂੰ ਦੀਨਾਰ ਲਿਆ ਕੇ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ’ਤੇ ਕਿਸ ਦੀ ਸ਼ਕਲ ਅਤੇ ਕਿਸ ਦੇ ਨਾਂ ਦੀ ਛਾਪ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਰਾਜੇ ਦੀ।”
17 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।” ਅਤੇ ਇਹ ਸੁਣ ਕੇ ਉਹ ਹੈਰਾਨ ਰਹਿ ਗਏ।
18 ਹੁਣ ਸਦੂਕੀ*, ਜੋ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਯਿਸੂ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ:
19 “ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਸੀ ਕਿ ਜੇ ਕੋਈ ਆਦਮੀ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਵਿਧਵਾ ਪਤਨੀ ਨਾਲ ਵਿਆਹ ਕਰਾਵੇ ਅਤੇ ਆਪਣੇ ਮਰ ਚੁੱਕੇ ਭਰਾ ਲਈ ਔਲਾਦ ਪੈਦਾ ਕਰੇ।
20 ਇਕ ਪਰਿਵਾਰ ਵਿਚ ਸੱਤ ਭਰਾ ਸਨ; ਪਹਿਲੇ ਨੇ ਵਿਆਹ ਕਰਾਇਆ, ਪਰ ਉਹ ਬੇਔਲਾਦ ਮਰ ਗਿਆ।
21 ਦੂਸਰੇ ਨੇ ਉਸ ਦੀ ਤੀਵੀਂ ਨਾਲ ਵਿਆਹ ਕਰਾ ਲਿਆ, ਪਰ ਉਹ ਵੀ ਬੇਔਲਾਦ ਹੀ ਮਰ ਗਿਆ, ਫਿਰ ਤੀਜੇ ਨਾਲ ਇਸੇ ਤਰ੍ਹਾਂ ਹੋਇਆ।
22 ਇਸ ਤਰ੍ਹਾਂ ਸੱਤੇ ਭਰਾ ਬੇਔਲਾਦ ਮਰ ਗਏ ਅਤੇ ਅਖ਼ੀਰ ਵਿਚ ਉਹ ਤੀਵੀਂ ਵੀ ਮਰ ਗਈ।
23 ਜਦ ਉਨ੍ਹਾਂ ਸਾਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਤੀਵੀਂ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾਂ ਨੇ ਹੀ ਉਸ ਨਾਲ ਵਿਆਹ ਕਰਵਾਇਆ ਸੀ।”
24 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਗ਼ਲਤ ਹੋ, ਕਿਉਂਕਿ ਤੁਸੀਂ ਨਾ ਤਾਂ ਧਰਮ-ਗ੍ਰੰਥ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ੁਰ ਦੀ ਸ਼ਕਤੀ ਨੂੰ।
25 ਕਿਉਂਕਿ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਨਾ ਆਦਮੀ ਵਿਆਹ ਕਰਨਗੇ ਅਤੇ ਨਾ ਹੀ ਤੀਵੀਆਂ ਵਿਆਹੀਆਂ ਜਾਣਗੀਆਂ, ਸਗੋਂ ਉਹ ਸਵਰਗੀ ਦੂਤਾਂ ਵਰਗੇ ਹੋਣਗੇ।
26 ਕੀ ਤੁਸੀਂ ਮੂਸਾ ਦੁਆਰਾ ਲਿਖੇ ਬਲ਼ਦੀ ਝਾੜੀ ਦੇ ਬਿਰਤਾਂਤ ਵਿਚ ਉਨ੍ਹਾਂ ਲੋਕਾਂ ਬਾਰੇ ਨਹੀਂ ਪੜ੍ਹਿਆ ਜਿਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ? ਪਰਮੇਸ਼ੁਰ ਨੇ ਮੂਸਾ ਨੂੰ ਉਨ੍ਹਾਂ ਬਾਰੇ ਕਿਹਾ ਸੀ: ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ।’
27 ਉਹ ਮਰਿਆਂ ਦਾ ਨਹੀਂ, ਬਲਕਿ ਜੀਉਂਦਿਆਂ ਦਾ ਪਰਮੇਸ਼ੁਰ ਹੈ। ਤੁਸੀਂ ਬਹੁਤ ਹੀ ਗ਼ਲਤ ਹੋ।”
28 ਹੁਣ ਉੱਥੇ ਇਕ ਗ੍ਰੰਥੀ ਵੀ ਆਇਆ ਹੋਇਆ ਸੀ ਅਤੇ ਉਸ ਨੇ ਉਨ੍ਹਾਂ ਨੂੰ ਬਹਿਸ ਕਰਦੇ ਸੁਣਿਆ। ਸਦੂਕੀਆਂ ਨੂੰ ਦਿੱਤੇ ਯਿਸੂ ਦੇ ਵਧੀਆ ਜਵਾਬ ਨੂੰ ਸੁਣ ਕੇ ਗ੍ਰੰਥੀ ਨੇ ਉਸ ਨੂੰ ਪੁੱਛਿਆ: “ਸਾਰੇ ਹੁਕਮਾਂ ਵਿੱਚੋਂ ਸਭ ਤੋਂ ਵੱਡਾ ਹੁਕਮ ਕਿਹੜਾ ਹੈ?”
29 ਯਿਸੂ ਨੇ ਕਿਹਾ: “ਪਹਿਲਾ ਇਹ ਹੈ, ‘ਹੇ ਇਜ਼ਰਾਈਲ, ਸੁਣ, ਯਹੋਵਾਹ ਸਾਡਾ ਪਰਮੇਸ਼ੁਰ ਹੈ ਅਤੇ ਇੱਕੋ ਹੀ ਯਹੋਵਾਹ ਹੈ,
30 ਅਤੇ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਸ਼ਕਤੀ ਨਾਲ ਪਿਆਰ ਕਰ।’
31 ਦੂਸਰਾ ਹੁਕਮ ਇਹ ਹੈ, ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’ ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।”
32 ਗ੍ਰੰਥੀ ਨੇ ਉਸ ਨੂੰ ਕਿਹਾ: “ਗੁਰੂ ਜੀ, ਤੂੰ ਬਿਲਕੁਲ ਸਹੀ ਕਿਹਾ, ‘ਸਿਰਫ਼ ਉਹੀ ਪਰਮੇਸ਼ੁਰ ਹੈ, ਹੋਰ ਕੋਈ ਨਹੀਂ,’
33 ਅਤੇ ਉਸ ਨੂੰ ਪੂਰੇ ਦਿਲ ਨਾਲ, ਪੂਰੀ ਸਮਝ ਨਾਲ ਅਤੇ ਪੂਰੀ ਸ਼ਕਤੀ ਨਾਲ ਪਿਆਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰਨਾ ਜਿਵੇਂ ਆਪਣੇ ਆਪ ਨੂੰ ਕਰੀਦਾ ਹੈ, ਸਾਰੀਆਂ ਹੋਮ ਬਲ਼ੀਆਂ ਅਤੇ ਚੜ੍ਹਾਵਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ।”
34 ਯਿਸੂ ਨੇ ਦੇਖਿਆ ਕਿ ਉਸ ਨੇ ਸਮਝਦਾਰੀ ਨਾਲ ਜਵਾਬ ਦਿੱਤਾ, ਇਸ ਲਈ ਉਸ ਨੂੰ ਕਿਹਾ: “ਤੂੰ ਪਰਮੇਸ਼ੁਰ ਦੇ ਰਾਜ ਤੋਂ ਬਹੁਤਾ ਦੂਰ ਨਹੀਂ ਹੈਂ।” ਪਰ ਇਸ ਤੋਂ ਬਾਅਦ ਕਿਸੇ ਨੇ ਵੀ ਉਸ ਨੂੰ ਹੋਰ ਸਵਾਲ ਪੁੱਛਣ ਦੀ ਜੁਰਅਤ ਨਾ ਕੀਤੀ।
35 ਲੋਕਾਂ ਨੂੰ ਮੰਦਰ ਵਿਚ ਸਿੱਖਿਆ ਦਿੰਦੇ ਹੋਏ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਗ੍ਰੰਥੀ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?
36 ਦਾਊਦ ਨੇ ਖ਼ੁਦ ਪਵਿੱਤਰ ਸ਼ਕਤੀ ਰਾਹੀਂ ਇਹ ਕਿਹਾ ਸੀ, ‘ਯਹੋਵਾਹ ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਪਾਸੇ ਬੈਠ ਜਦੋਂ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।”’
37 ਜੇ ਦਾਊਦ ਖ਼ੁਦ ਮਸੀਹ ਨੂੰ ਪ੍ਰਭੂ ਕਹਿੰਦਾ ਹੈ, ਤਾਂ ਫਿਰ, ਮਸੀਹ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਹੈ?”
ਅਤੇ ਸਾਰੀ ਭੀੜ ਨੂੰ ਉਸ ਦੀਆਂ ਗੱਲਾਂ ਸੁਣ ਕੇ ਬੜਾ ਆਨੰਦ ਆ ਰਿਹਾ ਸੀ।
38 ਅਤੇ ਉਨ੍ਹਾਂ ਨੂੰ ਸਿੱਖਿਆ ਦਿੰਦੇ ਹੋਏ ਉਸ ਨੇ ਕਿਹਾ: “ਗ੍ਰੰਥੀਆਂ ਤੋਂ ਖ਼ਬਰਦਾਰ ਰਹੋ ਜੋ ਲੰਬੇ-ਲੰਬੇ ਚੋਗੇ ਪਾ ਕੇ ਘੁੰਮਣਾ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ,
39 ਅਤੇ ਉਹ ਸਭਾ ਘਰਾਂ ਅਤੇ ਦਾਅਵਤਾਂ ਵਿਚ ਮੋਹਰੇ ਹੋ-ਹੋ ਕੇ ਬੈਠਣਾ ਪਸੰਦ ਕਰਦੇ ਹਨ,
40 ਜਦ ਕਿ ਉਹੀ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਹਨ ਅਤੇ ਦਿਖਾਵੇ ਲਈ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਕਰਦੇ ਹਨ; ਇਨ੍ਹਾਂ ਨੂੰ ਹੋਰ ਵੀ ਸਖ਼ਤ ਸਜ਼ਾ ਮਿਲੇਗੀ।”
41 ਅਤੇ ਉਹ ਬੈਠ ਕੇ ਭੀੜ ਨੂੰ ਦਾਨ-ਪੇਟੀਆਂ ਵਿਚ ਪੈਸੇ ਪਾਉਂਦੇ ਦੇਖ ਰਿਹਾ ਸੀ; ਕਈ ਅਮੀਰ ਲੋਕ ਆ ਕੇ ਬਹੁਤ ਸਿੱਕੇ ਪਾ ਰਹੇ ਸਨ।
42 ਉੱਥੇ ਇਕ ਗ਼ਰੀਬ ਵਿਧਵਾ ਵੀ ਆਈ ਅਤੇ ਉਸ ਨੇ ਦੋ ਸਿੱਕੇ ਪਾਏ ਜਿਨ੍ਹਾਂ ਦੀ ਕੀਮਤ ਬਹੁਤ ਹੀ ਥੋੜ੍ਹੀ ਸੀ।
43 ਉਸ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਕਿਹਾ: “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਦਾਨ-ਪੇਟੀਆਂ ਵਿਚ ਪੈਸੇ ਪਾ ਰਹੇ ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਇਸ ਗ਼ਰੀਬ ਵਿਧਵਾ ਨੇ ਪਾਏ।
44 ਕਿਉਂਕਿ ਸਾਰਿਆਂ ਨੇ ਆਪਣੇ ਵਾਧੂ ਪੈਸੇ ਵਿੱਚੋਂ ਕੁਝ ਪੈਸਾ ਪਾਇਆ, ਪਰ ਇਸ ਵਿਧਵਾ ਕੋਲ ਆਪਣੇ ਗੁਜ਼ਾਰੇ ਲਈ ਜੋ ਵੀ ਸੀ, ਇਸ ਨੇ ਉਹ ਸਾਰੇ ਦਾ ਸਾਰਾ ਦਾਨ-ਪੇਟੀ ਵਿਚ ਪਾ ਦਿੱਤਾ।”