ਮਰਕੁਸ 14:1-72
14 ਹੁਣ ਪਸਾਹ ਦਾ ਤਿਉਹਾਰ ਅਤੇ ਬੇਖਮੀਰੀ ਰੋਟੀ ਦਾ ਤਿਉਹਾਰ ਦੋ ਦਿਨਾਂ ਬਾਅਦ ਮਨਾਇਆ ਜਾਣਾ ਸੀ। ਅਤੇ ਮੁੱਖ ਪੁਜਾਰੀ ਤੇ ਗ੍ਰੰਥੀ ਯਿਸੂ ਨੂੰ ਫੜ ਕੇ ਮਾਰਨ ਦੀ ਸਾਜ਼ਸ਼ ਘੜ ਰਹੇ ਸਨ,
2 ਪਰ ਉਹ ਵਾਰ-ਵਾਰ ਕਹਿ ਰਹੇ ਸਨ: “ਤਿਉਹਾਰ ’ਤੇ ਨਹੀਂ; ਇਹ ਨਾ ਹੋਵੇ ਕਿ ਲੋਕ ਭੜਕ ਉੱਠਣ।”
3 ਅਤੇ ਜਦੋਂ ਉਹ ਬੈਥਨੀਆ ਵਿਚ ਸ਼ਮਊਨ ਨਾਂ ਦੇ ਕੋੜ੍ਹੀ ਦੇ ਘਰ ਬੈਠਾ ਖਾਣਾ ਖਾ ਰਿਹਾ ਸੀ, ਤਾਂ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਖਾਲਸ ਜਟਾਮਾਸੀ* ਦਾ ਬਹੁਤ ਮਹਿੰਗਾ ਅਤਰ ਲੈ ਕੇ ਆਈ। ਉਸ ਨੇ ਪੱਥਰ ਦੀ ਸ਼ੀਸ਼ੀ ਖੋਲ੍ਹ ਕੇ ਅਤਰ ਯਿਸੂ ਦੇ ਸਿਰ ’ਤੇ ਪਾ ਦਿੱਤਾ।
4 ਇਹ ਦੇਖ ਕੇ ਕਈ ਜਣੇ ਖਿਝ ਗਏ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਅਤਰ ਕਿਉਂ ਖ਼ਰਾਬ ਕੀਤਾ?
5 ਇਸ ਅਤਰ ਨੂੰ ਵੇਚ ਕੇ 300 ਤੋਂ ਜ਼ਿਆਦਾ ਦੀਨਾਰ* ਮਿਲ ਸਕਦੇ ਸਨ ਜੋ ਗ਼ਰੀਬਾਂ ਵਿਚ ਵੰਡੇ ਜਾ ਸਕਦੇ ਸਨ!” ਅਤੇ ਉਹ ਤੀਵੀਂ ਨੂੰ ਬਹੁਤ ਗੁੱਸੇ ਹੋਏ।
6 ਪਰ ਯਿਸੂ ਨੇ ਕਿਹਾ: “ਉਸ ਨੂੰ ਕੁਝ ਨਾ ਕਹੋ। ਤੁਸੀਂ ਕਿਉਂ ਉਸ ਨੂੰ ਪਰੇਸ਼ਾਨ ਕਰ ਰਹੇ ਹੋ? ਉਸ ਨੇ ਮੇਰੇ ਲਈ ਇਹ ਵਧੀਆ ਕੰਮ ਕੀਤਾ।
7 ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ ਅਤੇ ਤੁਸੀਂ ਜਦ ਚਾਹੋ, ਉਨ੍ਹਾਂ ਦਾ ਭਲਾ ਕਰ ਸਕਦੇ ਹੋ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ।
8 ਉਹ ਜੋ ਕਰ ਸਕਦੀ ਸੀ, ਉਸ ਨੇ ਕੀਤਾ; ਉਸ ਨੇ ਮੈਨੂੰ ਦਫ਼ਨਾਉਣ ਦੀ ਤਿਆਰੀ ਵਿਚ ਪਹਿਲਾਂ ਹੀ ਮੇਰੇ ਸਰੀਰ ’ਤੇ ਅਤਰ ਮਲਿਆ ਹੈ।
9 ਮੈਂ ਸੱਚ ਕਹਿੰਦਾ ਹਾਂ: ਸਾਰੀ ਦੁਨੀਆਂ ਵਿਚ ਜਿੱਥੇ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਇਸ ਤੀਵੀਂ ਦੀ ਯਾਦ ਵਿਚ ਇਸ ਕੰਮ ਦਾ ਵੀ ਜ਼ਿਕਰ ਕੀਤਾ ਜਾਵੇਗਾ।”
10 ਅਤੇ ਯਹੂਦਾ ਇਸਕਰਿਓਤੀ, ਜਿਹੜਾ ਉਸ ਦੇ ਬਾਰਾਂ ਰਸੂਲਾਂ ਵਿੱਚੋਂ ਸੀ, ਮੁੱਖ ਪੁਜਾਰੀਆਂ ਕੋਲ ਗਿਆ ਤਾਂਕਿ ਉਹ ਯਿਸੂ ਨੂੰ ਧੋਖੇ ਨਾਲ ਉਨ੍ਹਾਂ ਦੇ ਹੱਥ ਫੜਵਾ ਦੇਵੇ।
11 ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਉਸ ਨੂੰ ਚਾਂਦੀ ਦੇ ਸਿੱਕੇ ਦੇਣ ਦਾ ਵਾਅਦਾ ਕੀਤਾ। ਉਦੋਂ ਤੋਂ ਉਹ ਯਿਸੂ ਨੂੰ ਧੋਖੇ ਨਾਲ ਫੜਵਾਉਣ ਦਾ ਮੌਕਾ ਲੱਭਣ ਲੱਗਾ।
12 ਹੁਣ ਬੇਖਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਜਦੋਂ ਰੀਤ ਅਨੁਸਾਰ ਪਸਾਹ ਦੇ ਜਾਨਵਰ ਦੀ ਬਲ਼ੀ ਦਿੱਤੀ ਜਾਂਦੀ ਸੀ, ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ: “ਅਸੀਂ ਤੇਰੇ ਲਈ ਪਸਾਹ ਦਾ ਖਾਣਾ ਕਿੱਥੇ ਤਿਆਰ ਕਰੀਏ?”
13 ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਘੱਲਿਆ: “ਸ਼ਹਿਰ ਵਿਚ ਜਾਓ, ਉੱਥੇ ਪਾਣੀ ਦਾ ਘੜਾ ਚੁੱਕੀ ਜਾਂਦਾ ਇਕ ਆਦਮੀ ਆ ਕੇ ਤੁਹਾਨੂੰ ਮਿਲੇਗਾ। ਤੁਸੀਂ ਉਸ ਦੇ ਨਾਲ ਚਲੇ ਜਾਇਓ,
14 ਅਤੇ ਉਹ ਜਿਸ ਘਰ ਵਿਚ ਵੜੇ, ਤੁਸੀਂ ਉਸ ਘਰ ਦੇ ਮਾਲਕ ਨੂੰ ਕਹੋ, ‘ਗੁਰੂ ਜੀ ਨੇ ਪੁੱਛਿਆ ਹੈ: “ਮੇਰੇ ਲਈ ਉਹ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਖਾਣਾ ਖਾ ਸਕਦਾ ਹਾਂ?”’
15 ਅਤੇ ਉਹ ਤੁਹਾਨੂੰ ਇਕ ਵੱਡਾ ਚੁਬਾਰਾ ਦਿਖਾਵੇਗਾ ਜੋ ਸਾਡੇ ਵਾਸਤੇ ਤਿਆਰ ਕੀਤਾ ਗਿਆ ਹੈ; ਉੱਥੇ ਆਪਣੇ ਸਾਰਿਆਂ ਲਈ ਪਸਾਹ ਦਾ ਖਾਣਾ ਤਿਆਰ ਕਰੋ।”
16 ਅਤੇ ਚੇਲੇ ਚਲੇ ਗਏ ਅਤੇ ਸ਼ਹਿਰ ਵਿਚ ਉਹੀ ਹੋਇਆ ਜੋ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ, ਅਤੇ ਉਨ੍ਹਾਂ ਨੇ ਪਸਾਹ ਦੀ ਤਿਆਰੀ ਕੀਤੀ।
17 ਅਤੇ ਸ਼ਾਮ ਹੋਣ ’ਤੇ ਉਹ ਆਪਣੇ ਬਾਰਾਂ ਰਸੂਲਾਂ ਨਾਲ ਉੱਥੇ ਆਇਆ।
18 ਅਤੇ ਜਦੋਂ ਉਹ ਮੇਜ਼ ਦੁਆਲੇ ਬੈਠੇ ਖਾਣਾ ਖਾ ਰਹੇ ਸਨ, ਤਾਂ ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਤੁਹਾਡੇ ਵਿੱਚੋਂ ਇਕ ਜਣਾ, ਜੋ ਮੇਰੇ ਨਾਲ ਖਾ ਰਿਹਾ ਹੈ, ਮੈਨੂੰ ਧੋਖੇ ਨਾਲ ਫੜਵਾਏਗਾ।”
19 ਇਹ ਸੁਣ ਕੇ ਉਹ ਸਾਰੇ ਦੁਖੀ ਹੋਏ ਅਤੇ ਇਕ-ਇਕ ਕਰ ਕੇ ਉਸ ਨੂੰ ਪੁੱਛਣ ਲੱਗੇ: “ਕਿਤੇ ਮੈਂ ਤਾਂ ਨਹੀਂ?”
20 ਉਸ ਨੇ ਉਨ੍ਹਾਂ ਨੂੰ ਕਿਹਾ: “ਉਹ ਤੁਹਾਡੇ ਬਾਰਾਂ ਵਿੱਚੋਂ ਇਕ ਜਣਾ ਹੈ, ਜਿਹੜਾ ਮੇਰੇ ਨਾਲ ਇੱਕੋ ਕੌਲੀ ਵਿਚ ਬੁਰਕੀ ਡੋਬ ਰਿਹਾ ਹੈ।
21 ਇਹ ਸੱਚ ਹੈ ਕਿ ਮਨੁੱਖ ਦੇ ਪੁੱਤਰ ਨੇ ਤਾਂ ਮਰਨਾ ਹੀ ਹੈ, ਜਿਵੇਂ ਉਸ ਬਾਰੇ ਲਿਖਿਆ ਹੈ, ਪਰ ਅਫ਼ਸੋਸ ਉਸ ਆਦਮੀ ’ਤੇ ਜਿਹੜਾ ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਫੜਵਾਉਂਦਾ ਹੈ! ਇਸ ਨਾਲੋਂ ਚੰਗਾ ਹੁੰਦਾ ਕਿ ਉਹ ਆਦਮੀ ਜੰਮਦਾ ਹੀ ਨਾ।”
22 ਅਤੇ ਜਦੋਂ ਉਹ ਖਾ ਰਹੇ ਸਨ, ਤਾਂ ਯਿਸੂ ਨੇ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: “ਲਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।”
23 ਅਤੇ ਫਿਰ ਦਾਖਰਸ ਦਾ ਪਿਆਲਾ ਲੈ ਕੇ ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦਿੱਤਾ, ਅਤੇ ਉਨ੍ਹਾਂ ਸਾਰਿਆਂ ਨੇ ਉਸ ਪਿਆਲੇ ਵਿੱਚੋਂ ਪੀਤਾ।
24 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਦਾਖਰਸ ਮੇਰੇ ਲਹੂ ਨੂੰ ਅਰਥਾਤ ‘ਇਕਰਾਰ ਦੇ ਲਹੂ’ ਨੂੰ ਦਰਸਾਉਂਦਾ ਹੈ ਜੋ ਬਹੁਤ ਸਾਰੇ ਲੋਕਾਂ ਦੀ ਖ਼ਾਤਰ ਵਹਾਇਆ ਜਾਵੇਗਾ।
25 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਮੈਂ ਅੱਗੋਂ ਤੋਂ ਦਾਖਰਸ ਨਹੀਂ ਪੀਵਾਂਗਾ; ਪਰ ਮੈਂ ਪਰਮੇਸ਼ੁਰ ਦੇ ਰਾਜ ਵਿਚ ਨਵਾਂ ਦਾਖਰਸ ਪੀਵਾਂਗਾ।”
26 ਅਖ਼ੀਰ ਵਿਚ, ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਉਣ ਤੋਂ ਬਾਅਦ ਉਹ ਜ਼ੈਤੂਨ ਪਹਾੜ ਉੱਤੇ ਚਲੇ ਗਏ।
27 ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਾਰੇ ਮੈਨੂੰ ਛੱਡ ਜਾਓਗੇ, ਕਿਉਂਕਿ ਲਿਖਿਆ ਹੋਇਆ ਹੈ: ‘ਮੈਂ ਚਰਵਾਹੇ ਨੂੰ ਮਾਰ ਦਿਆਂਗਾ ਅਤੇ ਭੇਡਾਂ ਖਿੰਡ-ਪੁੰਡ ਜਾਣਗੀਆਂ।’
28 ਪਰ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ ਅਤੇ ਉੱਥੇ ਤੁਹਾਨੂੰ ਮਿਲਾਂਗਾ।”
29 ਪਰ ਪਤਰਸ ਨੇ ਉਸ ਨੂੰ ਕਿਹਾ: “ਬਾਕੀ ਸਾਰੇ ਭਾਵੇਂ ਤੈਨੂੰ ਛੱਡ ਦੇਣ, ਪਰ ਮੈਂ ਤੈਨੂੰ ਨਹੀਂ ਛੱਡਾਂਗਾ।”
30 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਸੱਚ ਦੱਸਦਾ ਹਾਂ ਕਿ ਅੱਜ ਰਾਤ ਨੂੰ ਹੀ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”
31 ਪਰ ਪਤਰਸ ਨੇ ਜ਼ੋਰ ਦੇ ਕੇ ਕਿਹਾ: “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਾਂਗਾ ਕਿ ਮੈਂ ਤੈਨੂੰ ਜਾਣਦਾ ਹਾਂ।” ਬਾਕੀ ਸਾਰੇ ਚੇਲੇ ਵੀ ਇਹੀ ਕਹਿਣ ਲੱਗੇ।
32 ਉਹ ਗਥਸਮਨੀ ਨਾਂ ਦੀ ਜਗ੍ਹਾ ਆਏ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਇੱਥੇ ਬੈਠੋ, ਮੈਂ ਪ੍ਰਾਰਥਨਾ ਕਰ ਕੇ ਆਉਂਦਾ।”
33 ਉਹ ਆਪਣੇ ਨਾਲ ਪਤਰਸ, ਯਾਕੂਬ ਤੇ ਯੂਹੰਨਾ ਨੂੰ ਲੈ ਗਿਆ। ਫਿਰ, ਉਸ ਨਾਲ ਜੋ ਹੋਣ ਵਾਲਾ ਸੀ, ਉਸ ਬਾਰੇ ਸੋਚ ਕੇ ਉਹ ਬਹੁਤ ਪਰੇਸ਼ਾਨ ਅਤੇ ਦੁਖੀ ਹੋਣ ਲੱਗਾ ਤੇ
34 ਉਨ੍ਹਾਂ ਨੂੰ ਕਹਿਣ ਲੱਗਾ: “ਮੇਰਾ ਮਨ ਬਹੁਤ ਦੁਖੀ ਹੈ, ਮੇਰੀ ਜਾਨ ਨਿਕਲਦੀ ਜਾ ਰਹੀ ਹੈ। ਇੱਥੇ ਠਹਿਰੋ ਅਤੇ ਜਾਗਦੇ ਰਹੋ।”
35 ਫਿਰ ਉਹ ਥੋੜ੍ਹਾ ਅੱਗੇ ਜਾ ਕੇ ਜ਼ਮੀਨ ਉੱਤੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ: ਕਾਸ਼! ਮੈਨੂੰ ਇਸ ਘੜੀ ਵਿੱਚੋਂ ਲੰਘਣਾ ਨਾ ਪਵੇ।
36 ਅਤੇ ਉਸ ਨੇ ਅੱਗੇ ਕਿਹਾ: “ਹੇ ਅੱਬਾ, ਮੇਰੇ ਪਿਤਾ, ਤੂੰ ਸਭ ਕੁਝ ਕਰ ਸਕਦਾ ਹੈਂ; ਇਹ ਪਿਆਲਾ* ਮੇਰੇ ਤੋਂ ਦੂਰ ਕਰ ਦੇ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।”
37 ਅਤੇ ਉਸ ਨੇ ਆ ਕੇ ਦੇਖਿਆ ਕਿ ਉਹ ਸੌਂ ਰਹੇ ਸਨ। ਉਸ ਨੇ ਸ਼ਮਊਨ ਪਤਰਸ ਨੂੰ ਕਿਹਾ: “ਤੂੰ ਸੌਂ ਰਿਹਾ ਹੈਂ? ਤੂੰ ਥੋੜ੍ਹੇ ਚਿਰ ਲਈ ਵੀ ਜਾਗਦਾ ਨਾ ਰਹਿ ਸਕਿਆ?
38 ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਕਿਸੇ ਪਰੀਖਿਆ ਵਿਚ ਡਿਗ ਨਾ ਪਓ। ਦਿਲ ਤਾਂ ਤਿਆਰ ਹੈ, ਪਰ ਪਾਪੀ ਸਰੀਰ ਕਮਜ਼ੋਰ ਹੈ।”
39 ਅਤੇ ਉਹ ਦੁਬਾਰਾ ਚਲਾ ਗਿਆ ਅਤੇ ਪ੍ਰਾਰਥਨਾ ਵਿਚ ਉਹੀ ਗੱਲਾਂ ਕਹਿਣ ਲੱਗਾ।
40 ਅਤੇ ਉਸ ਨੇ ਵਾਪਸ ਆ ਕੇ ਦੇਖਿਆ ਕਿ ਉਹ ਸੁੱਤੇ ਪਏ ਸਨ, ਉਨ੍ਹਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ, ਇਸ ਲਈ ਉਨ੍ਹਾਂ ਨੂੰ ਕੁਝ ਨਾ ਸੁੱਝਿਆ ਕਿ ਉਹ ਉਸ ਨੂੰ ਕੀ ਜਵਾਬ ਦੇਣ।
41 ਅਤੇ ਜਦ ਉਹ ਤੀਜੀ ਵਾਰ ਆਇਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਹੋ ਜਿਹੇ ਸਮੇਂ ਸੌਂ ਰਹੇ ਹੋ ਤੇ ਆਰਾਮ ਕਰ ਰਹੇ ਹੋ! ਹੁਣ ਬਹੁਤ ਹੋ ਗਿਆ! ਘੜੀ ਆ ਪਹੁੰਚੀ ਹੈ! ਦੇਖੋ! ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹੱਥ ਧੋਖੇ ਨਾਲ ਫੜਵਾਇਆ ਜਾ ਰਿਹਾ ਹੈ।
42 ਉੱਠੋ, ਚਲੋ ਚਲੀਏ। ਔਹ ਦੇਖੋ! ਮੈਨੂੰ ਫੜਵਾਉਣ ਵਾਲਾ ਧੋਖੇਬਾਜ਼ ਆ ਗਿਆ ਹੈ।”
43 ਅਤੇ ਉਸੇ ਵੇਲੇ, ਉਹ ਅਜੇ ਗੱਲ ਕਰ ਹੀ ਰਿਹਾ ਸੀ ਕਿ ਯਹੂਦਾ ਆਇਆ ਜਿਹੜਾ ਬਾਰਾਂ ਰਸੂਲਾਂ ਵਿੱਚੋਂ ਇਕ ਸੀ। ਉਸ ਦੇ ਨਾਲ ਤਲਵਾਰਾਂ ਤੇ ਡਾਂਗਾਂ ਫੜੀ ਭੀੜ ਵੀ ਆਈ ਜਿਸ ਨੂੰ ਮੁੱਖ ਪੁਜਾਰੀਆਂ, ਗ੍ਰੰਥੀਆਂ ਤੇ ਬਜ਼ੁਰਗਾਂ ਨੇ ਘੱਲਿਆ ਸੀ।
44 ਉਸ ਧੋਖੇਬਾਜ਼ ਨੇ ਉਨ੍ਹਾਂ ਨੂੰ ਇਹ ਨਿਸ਼ਾਨੀ ਦਿੱਤੀ ਸੀ: “ਜਿਸ ਨੂੰ ਵੀ ਮੈਂ ਚੁੰਮਾਂ, ਉਹੀ ਯਿਸੂ ਹੈ; ਉਸ ਨੂੰ ਗਿਰਫ਼ਤਾਰ ਕਰ ਲੈਣਾ ਤੇ ਧਿਆਨ ਰੱਖਣਾ ਕਿ ਉਹ ਭੱਜ ਨਾ ਜਾਵੇ।”
45 ਅਤੇ ਉਹ ਸਿੱਧਾ ਯਿਸੂ ਕੋਲ ਗਿਆ ਅਤੇ ਉਸ ਨੂੰ ਕਿਹਾ: “ਗੁਰੂ ਜੀ!” ਅਤੇ ਉਸ ਨੂੰ ਚੁੰਮਿਆ।
46 ਉਨ੍ਹਾਂ ਨੇ ਉਸ ਨੂੰ ਫੜ ਕੇ ਗਿਰਫ਼ਤਾਰ ਕਰ ਲਿਆ।
47 ਪਰ ਉੱਥੇ ਖੜ੍ਹੇ ਲੋਕਾਂ ਵਿੱਚੋਂ ਕਿਸੇ ਨੇ ਆਪਣੀ ਤਲਵਾਰ ਕੱਢੀ ਤੇ ਮਹਾਂ ਪੁਜਾਰੀ ਦੇ ਨੌਕਰ ਉੱਤੇ ਵਾਰ ਕਰ ਕੇ ਉਸ ਦਾ ਕੰਨ ਵੱਢ ਦਿੱਤਾ।
48 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਤਲਵਾਰਾਂ ਤੇ ਡਾਂਗਾਂ ਲੈ ਕੇ ਕਿਸੇ ਡਾਕੂ ਵਾਂਗ ਮੈਨੂੰ ਗਿਰਫ਼ਤਾਰ ਕਰਨ ਆਏ ਹੋ?
49 ਮੈਂ ਰੋਜ਼ ਮੰਦਰ ਵਿਚ ਤੁਹਾਨੂੰ ਸਿਖਾਉਂਦਾ ਸੀ, ਤੁਸੀਂ ਉੱਥੇ ਮੈਨੂੰ ਕਿਉਂ ਨਹੀਂ ਗਿਰਫ਼ਤਾਰ ਕੀਤਾ? ਫਿਰ ਵੀ, ਇਹ ਇਸੇ ਕਰਕੇ ਹੋਇਆ ਹੈ ਤਾਂਕਿ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਪੂਰੀਆਂ ਹੋਣ।”
50 ਅਤੇ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ।
51 ਪਰ ਇਕ ਨੌਜਵਾਨ ਉਸ ਦੇ ਪਿੱਛੇ-ਪਿੱਛੇ ਗਿਆ ਜਿਸ ਨੇ ਆਪਣੇ ਨੰਗੇ ਪਿੰਡੇ ’ਤੇ ਕੱਪੜਾ ਪਾਇਆ ਹੋਇਆ ਸੀ, ਉਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ,
52 ਪਰ ਉਹ ਆਪਣਾ ਕੱਪੜਾ ਛੱਡ ਕੇ ਨੰਗੇ ਪਿੰਡੇ ਭੱਜ ਗਿਆ।
53 ਉਹ ਯਿਸੂ ਨੂੰ ਮਹਾਂ ਪੁਜਾਰੀ ਦੇ ਕੋਲ ਲੈ ਆਏ ਅਤੇ ਉੱਥੇ ਸਾਰੇ ਮੁੱਖ ਪੁਜਾਰੀ, ਬਜ਼ੁਰਗ ਤੇ ਗ੍ਰੰਥੀ ਵੀ ਇਕੱਠੇ ਹੋਏ ਸਨ।
54 ਪਰ ਪਤਰਸ, ਥੋੜ੍ਹਾ ਜਿਹਾ ਦੂਰ ਰਹਿ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਮਹਾਂ ਪੁਜਾਰੀ ਦੇ ਵਿਹੜੇ ਵਿਚ ਆ ਗਿਆ, ਅਤੇ ਘਰ ਦੇ ਨੌਕਰਾਂ ਨਾਲ ਬੈਠ ਕੇ ਅੱਗ ਸੇਕਣ ਲੱਗਾ।
55 ਉਸ ਵੇਲੇ ਮੁੱਖ ਪੁਜਾਰੀ ਅਤੇ ਸਾਰੀ ਮਹਾਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਖ਼ਿਲਾਫ਼ ਗਵਾਹੀ ਲੱਭ ਰਹੀ ਸੀ, ਪਰ ਉਨ੍ਹਾਂ ਨੂੰ ਕੋਈ ਗਵਾਹੀ ਨਾ ਮਿਲੀ।
56 ਅਸਲ ਵਿਚ ਕਈ ਜਣੇ ਉਸ ਦੇ ਖ਼ਿਲਾਫ਼ ਝੂਠੀਆਂ ਗਵਾਹੀਆਂ ਤਾਂ ਦੇ ਰਹੇ ਸਨ, ਪਰ ਉਨ੍ਹਾਂ ਦੀਆਂ ਗਵਾਹੀਆਂ ਇਕ-ਦੂਜੇ ਨਾਲ ਮੇਲ ਨਹੀਂ ਖਾਂਦੀਆਂ ਸਨ।
57 ਹੋਰ ਕਈ ਜਣਿਆਂ ਨੇ ਉਸ ਦੇ ਖ਼ਿਲਾਫ਼ ਇਹ ਝੂਠੀ ਗਵਾਹੀ ਦਿੱਤੀ:
58 “ਅਸੀਂ ਉਸ ਨੂੰ ਇਹ ਕਹਿੰਦੇ ਸੁਣਿਆ ਹੈ, ‘ਮੈਂ ਹੱਥਾਂ ਦੇ ਬਣਾਏ ਇਸ ਮੰਦਰ ਨੂੰ ਢਾਹ ਦਿਆਂਗਾ ਅਤੇ ਤਿੰਨਾਂ ਦਿਨਾਂ ਵਿਚ ਇਕ ਹੋਰ ਮੰਦਰ ਬਣਾਵਾਂਗਾ ਜਿਹੜਾ ਹੱਥਾਂ ਦਾ ਬਣਿਆ ਨਹੀਂ ਹੋਵੇਗਾ।’”
59 ਪਰ ਇਸ ਗੱਲ ’ਤੇ ਵੀ ਉਨ੍ਹਾਂ ਦੀ ਗਵਾਹੀ ਇਕ-ਦੂਜੇ ਨਾਲ ਮੇਲ ਨਹੀਂ ਖਾਂਦੀ ਸੀ।
60 ਅਖ਼ੀਰ ਵਿਚ ਮਹਾਂ ਪੁਜਾਰੀ ਨੇ ਉਨ੍ਹਾਂ ਦੇ ਗੱਭੇ ਖੜ੍ਹਾ ਹੋ ਕੇ ਯਿਸੂ ਨੂੰ ਪੁੱਛਿਆ: “ਤੂੰ ਆਪਣੀ ਸਫ਼ਾਈ ਵਿਚ ਕੁਝ ਨਹੀਂ ਕਹੇਂਗਾ? ਇਹ ਤੇਰੇ ਖ਼ਿਲਾਫ਼ ਜਿਹੜੀਆਂ ਗਵਾਹੀਆਂ ਦੇ ਰਹੇ ਹਨ, ਉਨ੍ਹਾਂ ਬਾਰੇ ਤੇਰਾ ਕੀ ਕਹਿਣਾ?”
61 ਪਰ ਉਹ ਚੁੱਪ ਰਿਹਾ ਅਤੇ ਉਸ ਨੇ ਕੋਈ ਜਵਾਬ ਨਾ ਦਿੱਤਾ। ਮਹਾਂ ਪੁਜਾਰੀ ਨੇ ਦੁਬਾਰਾ ਉਸ ਨੂੰ ਪੁੱਛਿਆ: “ਕੀ ਤੂੰ ਅੱਤ ਮਹਾਨ ਦਾ ਪੁੱਤਰ ਅਤੇ ਮਸੀਹ ਹੈਂ?”
62 ਫਿਰ ਯਿਸੂ ਨੇ ਕਿਹਾ: “ਮੈਂ ਹਾਂ, ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬਸ਼ਕਤੀਮਾਨ ਦੇ ਸੱਜੇ ਪਾਸੇ ਬੈਠਾ ਹੋਇਆ ਅਤੇ ਆਕਾਸ਼ ਦੇ ਬੱਦਲਾਂ ਨਾਲ ਆਉਂਦਾ ਦੇਖੋਗੇ।”
63 ਇਹ ਸੁਣ ਕੇ ਮਹਾਂ ਪੁਜਾਰੀ ਨੇ ਆਪਣੇ ਕੱਪੜੇ ਪਾੜੇ ਅਤੇ ਕਿਹਾ: “ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ?
64 ਤੁਸੀਂ ਆਪ ਸੁਣ ਲਿਆ ਹੈ ਕਿ ਇਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ। ਹੁਣ ਤੁਹਾਡਾ ਕੀ ਫ਼ੈਸਲਾ ਹੈ?” ਉਨ੍ਹਾਂ ਸਾਰਿਆਂ ਨੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫ਼ੈਸਲਾ ਸੁਣਾਇਆ ਕਿ ਉਹ ਮੌਤ ਦੀ ਸਜ਼ਾ ਦੇ ਲਾਇਕ ਹੈ।
65 ਅਤੇ ਕੁਝ ਜਣਿਆਂ ਨੇ ਉਸ ਉੱਤੇ ਥੁੱਕਿਆ ਅਤੇ ਉਸ ਦਾ ਮੂੰਹ ਢਕ ਕੇ ਉਸ ਦੇ ਮੁੱਕੇ ਮਾਰੇ ਅਤੇ ਕਿਹਾ: “ਜੇ ਤੂੰ ਨਬੀ ਹੈਂ, ਤਾਂ ਦੱਸ ਕਿਸ ਨੇ ਤੈਨੂੰ ਮਾਰਿਆ!” ਅਤੇ ਸਿਪਾਹੀ ਵੀ ਉਸ ਦੇ ਮੂੰਹ ’ਤੇ ਥੱਪੜ ਮਾਰ ਕੇ ਉਸ ਨੂੰ ਲੈ ਗਏ।
66 ਜਦੋਂ ਪਤਰਸ ਥੱਲੇ ਵਿਹੜੇ ਵਿਚ ਸੀ, ਉਸ ਵੇਲੇ ਮਹਾਂ ਪੁਜਾਰੀ ਦੀ ਇਕ ਨੌਕਰਾਣੀ ਆਈ
67 ਤੇ ਉਸ ਨੂੰ ਅੱਗ ਸੇਕਦੇ ਦੇਖਿਆ। ਨੌਕਰਾਣੀ ਨੇ ਸਿੱਧਾ ਉਸ ਵੱਲ ਦੇਖ ਕੇ ਕਿਹਾ: “ਤੂੰ ਵੀ ਉਸ ਯਿਸੂ ਨਾਸਰੀ ਦੇ ਨਾਲ ਸੀ।”
68 ਪਰ ਪਤਰਸ ਨੇ ਇਨਕਾਰ ਕਰਦਿਆਂ ਕਿਹਾ: “ਨਾ ਤਾਂ ਮੈਂ ਉਹ ਨੂੰ ਜਾਣਦਾ ਤੇ ਨਾ ਹੀ ਮੈਨੂੰ ਪਤਾ ਕਿ ਤੂੰ ਕੀ ਕਹਿ ਰਹੀਂ ਹੈਂ,” ਅਤੇ ਉਹ ਬਾਹਰ ਡਿਓੜ੍ਹੀ ਵਿਚ ਚਲਾ ਗਿਆ।
69 ਉਸੇ ਨੌਕਰਾਣੀ ਨੇ ਉਸ ਨੂੰ ਦੇਖ ਕੇ ਲਾਗੇ ਖੜ੍ਹੇ ਲੋਕਾਂ ਨੂੰ ਕਿਹਾ: “ਇਹ ਵੀ ਉਸੇ ਦਾ ਚੇਲਾ ਹੈ।”
70 ਉਸ ਨੇ ਫਿਰ ਇਨਕਾਰ ਕੀਤਾ। ਅਤੇ ਥੋੜ੍ਹੇ ਚਿਰ ਬਾਅਦ ਲਾਗੇ ਖੜ੍ਹੇ ਲੋਕ ਪਤਰਸ ਨੂੰ ਦੁਬਾਰਾ ਕਹਿਣ ਲੱਗੇ: “ਤੂੰ ਪੱਕਾ ਉਨ੍ਹਾਂ ਵਿੱਚੋਂ ਹੈਂ ਕਿਉਂਕਿ ਤੂੰ ਗਲੀਲ ਤੋਂ ਹੈਂ।”
71 ਪਰ ਉਹ ਆਪਣੇ ਆਪ ਨੂੰ ਸਰਾਪ ਦੇਣ ਲੱਗਾ ਅਤੇ ਸਹੁੰਆਂ ਖਾ ਕੇ ਕਹਿਣ ਲੱਗਾ: “ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਮੈਂ ਨਹੀਂ ਜਾਣਦਾ ਉਸ ਬੰਦੇ ਨੂੰ!”
72 ਅਤੇ ਉਸੇ ਵੇਲੇ ਕੁੱਕੜ ਨੇ ਦੂਸਰੀ ਵਾਰ ਬਾਂਗ ਦਿੱਤੀ, ਅਤੇ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਕਿਹਾ ਸੀ: “ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।” ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ।
ਫੁਟਨੋਟ
^ ਮੰਨਿਆ ਜਾਂਦਾ ਹੈ ਕਿ ਇਹ ਪੌਦਾ ਹਿਮਾਲਿਆ ਪਰਬਤ ’ਤੇ ਪਾਇਆ ਜਾਂਦਾ ਸੀ ਅਤੇ ਇਸ ਤੋਂ ਸੁਗੰਧਿਤ ਅਤਰ ਬਣਾਇਆ ਜਾਂਦਾ ਸੀ।
^ ਇਕ ਦੀਨਾਰ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ; 300 ਦੀਨਾਰ ਲਗਭਗ ਇਕ ਸਾਲ ਦੀ ਮਜ਼ਦੂਰੀ ਹੁੰਦੀ ਸੀ।
^ ਮੱਤੀ 20:22, ਫੁਟਨੋਟ ਦੇਖੋ।