ਮਰਕੁਸ 16:1-20

16  ਫਿਰ ਜਦੋਂ ਸਬਤ ਦਾ ਦਿਨ ਲੰਘ ਚੁੱਕਾ ਸੀ, ਤਾਂ ਮਰੀਅਮ ­ਮਗਦਲੀਨੀ ਅਤੇ ਯਾਕੂਬ ਦੀ ਮਾਂ ਮਰੀਅਮ ਅਤੇ ਸਲੋਮੀ ਨੇ ਯਿਸੂ ਦੇ ਸਰੀਰ ’ਤੇ ਮਲਣ ਲਈ ਮਸਾਲੇ* ਖ਼ਰੀਦੇ।  ਅਤੇ ਹਫ਼ਤੇ ਦੇ ਪਹਿਲੇ ਦਿਨ* ਤੜਕੇ ਸਵੇਰੇ ਉਹ ਤੁਰੀਆਂ ਅਤੇ ਸੂਰਜ ਚੜ੍ਹਨ ਤਕ ਕਬਰ ’ਤੇ ਪਹੁੰਚ ਗਈਆਂ।  ਅਤੇ ਉਹ ਇਕ-ਦੂਜੀ ਨੂੰ ਪੁੱਛ ਰਹੀਆਂ ਸਨ: “ਸਾਡੇ ਲਈ ਕਬਰ ਦੇ ਮੂੰਹ ਤੋਂ ਪੱਥਰ ਕੌਣ ਹਟਾਵੇਗਾ?”  ਪਰ ਜਦ ਉਨ੍ਹਾਂ ਨੇ ਨਜ਼ਰ ਚੁੱਕ ਕੇ ਦੇਖਿਆ, ਤਾਂ ਪੱਥਰ ਪਹਿਲਾਂ ਹੀ ਹਟਾਇਆ ਹੋਇਆ ਸੀ, ਭਾਵੇਂ ਉਹ ਬਹੁਤ ਹੀ ਵੱਡਾ ਪੱਥਰ ਸੀ।  ਜਦ ਉਹ ਕਬਰ ਵਿਚ ਵੜੀਆਂ, ਤਾਂ ਉਨ੍ਹਾਂ ਨੇ ਚਿੱਟਾ ਚੋਗਾ ਪਹਿਨੀ ਇਕ ­ਨੌਜਵਾਨ ਨੂੰ ਸੱਜੇ ਪਾਸੇ ਬੈਠਾ ਦੇਖਿਆ ਅਤੇ ਉਹ ਹੈਰਾਨ ਰਹਿ ਗਈਆਂ।  ਉਸ ਨੇ ਉਨ੍ਹਾਂ ਨੂੰ ਕਿਹਾ: “ਹੈਰਾਨ ਨਾ ਹੋਵੋ। ਮੈਨੂੰ ਪਤਾ ਹੈ ਕਿ ਤੁਸੀਂ ਯਿਸੂ ਨਾਸਰੀ ਨੂੰ ਲੱਭ ਰਹੀਆਂ ਹੋ ਜਿਸ ਨੂੰ ਸੂਲ਼ੀ ’ਤੇ ਟੰਗਿਆ ਗਿਆ ਸੀ। ਉਸ ਨੂੰ ਜੀਉਂਦਾ ਕਰ ਦਿੱਤਾ ਗਿਆ ਹੈ, ਪਰ ਉਹ ਇੱਥੇ ਨਹੀਂ ਹੈ। ਆਹ ਦੇਖੋ, ਉਨ੍ਹਾਂ ਨੇ ਉਹ ਨੂੰ ਇੱਥੇ ਹੀ ਰੱਖਿਆ ਸੀ।  ਜਾ ਕੇ ਉਸ ਦੇ ਚੇਲਿਆਂ ਅਤੇ ਪਤਰਸ ਨੂੰ ਦੱਸੋ, ‘ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਿਹਾ ਹੈ, ਤੁਸੀਂ ਉੱਥੇ ਉਸ ਨੂੰ ਮਿਲੋਗੇ, ਠੀਕ ਜਿਵੇਂ ਉਸ ਨੇ ਤੁਹਾਨੂੰ ਕਿਹਾ ਸੀ।’”  ਫਿਰ ਉਹ ਕਬਰ ਵਿੱਚੋਂ ਨਿਕਲ ਕੇ ਭੱਜ ਗਈਆਂ ਕਿਉਂਕਿ ਉਹ ਬਹੁਤ ­ਘਬਰਾਈਆਂ ਹੋਈਆਂ ਸਨ, ਨਾਲੇ ਹੈਰਾਨ ਵੀ ਸਨ। ਅਤੇ ਡਰੀਆਂ ਹੋਣ ਕਰਕੇ ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਦੱਸਿਆ।* ਲੰਬੀ ਸਮਾਪਤੀ  ਫਿਰ ਹਫ਼ਤੇ ਦੇ ਪਹਿਲੇ ਦਿਨ ਸਵੇਰ ਨੂੰ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਯਿਸੂ ਪਹਿਲਾਂ ਮਰੀਅਮ ਮਗਦਲੀਨੀ ਨੂੰ ਮਿਲਿਆ, ਜਿਸ ਵਿੱਚੋਂ ਉਸ ਨੇ ਸੱਤ ਦੁਸ਼ਟ ਦੂਤ ਕੱਢੇ ਸਨ। 10  ਮਰੀਅਮ ਨੇ ਜਾ ਕੇ ਉਸ ਦੇ ਚੇਲਿਆਂ ਨੂੰ ਦੱਸਿਆ ਕਿਉਂਕਿ ਉਹ ਸੋਗ ਕਰ ਰਹੇ ਸਨ ਅਤੇ ਰੋ ਰਹੇ ਸਨ। 11  ਪਰ ਜਦ ਉਨ੍ਹਾਂ ਨੇ ਸੁਣਿਆ ਕਿ ਯਿਸੂ ਜੀਉਂਦਾ ਹੋ ਗਿਆ ਸੀ ਅਤੇ ਮਰੀਅਮ ਨੇ ਉਸ ਨੂੰ ਆਪਣੀ ਅੱਖੀਂ ਦੇਖਿਆ ਸੀ, ਤਾਂ ਉਨ੍ਹਾਂ ਨੂੰ ਯਕੀਨ ਨਾ ਆਇਆ। 12  ਇਸ ਤੋਂ ਬਾਅਦ ਉਹ ਹੋਰ ਰੂਪ ਵਿਚ ਦੋ ਚੇਲਿਆਂ ਕੋਲ ਆਇਆ ਜੋ ਕਿਸੇ ਪਿੰਡ ਜਾ ਰਹੇ ਸਨ ਅਤੇ ਉਨ੍ਹਾਂ ਦੇ ਨਾਲ-ਨਾਲ ਤੁਰਨ ਲੱਗ ਪਿਆ; 13  ਅਤੇ ਉਨ੍ਹਾਂ ਨੇ ਵਾਪਸ ਆ ਕੇ ਬਾਕੀ ਚੇਲਿਆਂ ਨੂੰ ਇਹ ਗੱਲਾਂ ਦੱਸੀਆਂ। ਪਰ ਉਨ੍ਹਾਂ ਨੇ ਇਨ੍ਹਾਂ ਦੋਵਾਂ ਦਾ ਵੀ ਵਿਸ਼ਵਾਸ ਨਾ ਕੀਤਾ। 14  ਪਰ ਬਾਅਦ ਵਿਚ ਉਹ ਗਿਆਰਾਂ ਰਸੂਲਾਂ ਸਾਮ੍ਹਣੇ ਪ੍ਰਗਟ ਹੋਇਆ ਜੋ ਮੇਜ਼ ਦੁਆਲੇ ਬੈਠੇ ਖਾਣਾ ਖਾ ਰਹੇ ਸਨ। ਉਸ ਨੇ ਉਨ੍ਹਾਂ ਨੂੰ ਨਿਹਚਾ ਨਾ ਕਰਨ ਕਰਕੇ ਅਤੇ ਉਨ੍ਹਾਂ ਦੀ ਪੱਥਰਦਿਲੀ ਕਰਕੇ ਝਿੜਕਿਆ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ’ਤੇ ਵਿਸ਼ਵਾਸ ਨਹੀਂ ਕੀਤਾ ਸੀ ਜਿਨ੍ਹਾਂ ਨੇ ਉਸ ਨੂੰ ਜੀਉਂਦਾ ਹੋਣ ਤੋਂ ਬਾਅਦ ਦੇਖਿਆ ਸੀ। 15  ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਸਾਰੀ ਦੁਨੀਆਂ ਵਿਚ ਜਾ ਕੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਓ। 16  ਜਿਹੜਾ ਵਿਸ਼ਵਾਸ ਕਰ ਕੇ ਬਪਤਿਸਮਾ ਲੈਂਦਾ ਹੈ ਉਹੀ ਬਚਾਇਆ ਜਾਵੇਗਾ, ਪਰ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਸ ਨੂੰ ਸਜ਼ਾ ਮਿਲੇਗੀ। 17  ਇਸ ਦੇ ਨਾਲ-ਨਾਲ, ਵਿਸ਼ਵਾਸ ਕਰਨ ਵਾਲੇ ਲੋਕ ਇਹ ਚਮਤਕਾਰ ਕਰਨਗੇ: ਉਹ ਮੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਕੱਢਣਗੇ, ਹੋਰ ਬੋਲੀਆਂ ਬੋਲਣਗੇ, 18  ਅਤੇ ਹੱਥਾਂ ਨਾਲ ਸੱਪਾਂ ਨੂੰ ਚੁੱਕਣਗੇ ਅਤੇ ਜੇ ਉਹ ਜ਼ਹਿਰੀਲੀ ਚੀਜ਼ ਪੀ ਵੀ ਲੈਣ, ਤਾਂ ਵੀ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਬੀਮਾਰਾਂ ’ਤੇ ਹੱਥ ਰੱਖ ਕੇ ਉਨ੍ਹਾਂ ਨੂੰ ਠੀਕ ਕਰਨਗੇ।” 19  ਫਿਰ ਉਨ੍ਹਾਂ ਨਾਲ ਗੱਲਾਂ ਕਰਨ ਤੋਂ ਬਾਅਦ ਪ੍ਰਭੂ ਯਿਸੂ ਨੂੰ ਸਵਰਗ ਨੂੰ ਉਠਾ ਲਿਆ ਗਿਆ ਅਤੇ ਉਹ ਪਰਮੇਸ਼ੁਰ ਦੇ ਸੱਜੇ ਹੱਥ ਬੈਠ ਗਿਆ। 20  ਯਿਸੂ ਦੇ ਕਹੇ ਅਨੁਸਾਰ ਚੇਲਿਆਂ ਨੇ ਜਾ ਕੇ ਹਰ ਜਗ੍ਹਾ ਪ੍ਰਚਾਰ ਕੀਤਾ, ਅਤੇ ਪ੍ਰਭੂ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੇ ­ਚਮਤਕਾਰਾਂ ਦੁਆਰਾ ਸਾਬਤ ਕੀਤਾ ਕਿ ਉਨ੍ਹਾਂ ਦਾ ਸੰਦੇਸ਼ ਸੱਚਾ ਸੀ।

ਫੁਟਨੋਟ

ਲੂਕਾ 23:56, ਫੁਟਨੋਟ ਦੇਖੋ।
ਮੱਤੀ 28:1, ਫੁਟਨੋਟ ਦੇਖੋ।
ਬਾਈਬਲ ਦੀਆਂ ਭਰੋਸੇਯੋਗ ਹੱਥ-ਲਿਖਤਾਂ ਵਿਚ ਇਹ ਅਧਿਆਇ ਅੱਠਵੀਂ ਆਇਤ ਨਾਲ ਖ਼ਤਮ ਹੁੰਦਾ ਹੈ। ਪਰ ਕੁਝ ਪੁਰਾਣੀਆਂ ਹੱਥ-ਲਿਖਤਾਂ ਵਿਚ ਥੱਲੇ ਦਿੱਤੀ ਗਈ ਲੰਬੀ ਸਮਾਪਤੀ ਪਾਈ ਜਾਂਦੀ ਹੈ ਅਤੇ ਬਾਅਦ ਦੀਆਂ ਕੁਝ ਹੱਥ-ਲਿਖਤਾਂ ਵਿਚ ਛੋਟੀ ਸਮਾਪਤੀ ਪਾਈ ਜਾਂਦੀ ਹੈ। ਪਰ ਇਨ੍ਹਾਂ ਦੋਵੇਂ ਸਮਾਪਤੀਆਂ ਨੂੰ ਪਰਮੇਸ਼ੁਰ ਦੇ ਬਚਨ ਦਾ ਹਿੱਸਾ ਨਹੀਂ ਮੰਨਿਆ ਜਾਂਦਾ।