ਮਰਕੁਸ 7:1-37

7  ਹੁਣ ਯਰੂਸ਼ਲਮ ਤੋਂ ਆਏ ਫ਼ਰੀਸੀ ਅਤੇ ਕੁਝ ਗ੍ਰੰਥੀ ਯਿਸੂ ਕੋਲ ਇਕੱਠੇ ਹੋਏ।  ਅਤੇ ਜਦ ਉਨ੍ਹਾਂ ਨੇ ਉਸ ਦੇ ਕੁਝ ਚੇਲਿਆਂ ਨੂੰ ਗੰਦੇ* ਜਾਂ ਅਣਧੋਤੇ ਹੱਥਾਂ ਨਾਲ ਖਾਣਾ ਖਾਂਦੇ ਦੇਖਿਆ, ਤਾਂ ਉਹ ਉਨ੍ਹਾਂ ਵਿਚ ਨੁਕਸ ਕੱਢਣ ਲੱਗ ਪਏ।  ਕਿਉਂਕਿ ਫ਼ਰੀਸੀ ਅਤੇ ਬਾਕੀ ਸਾਰੇ ਯਹੂਦੀ ਆਪਣੇ ਦਾਦਿਆਂ-ਪੜਦਾਦਿਆਂ ਦੀ ਰੀਤ ਅਨੁਸਾਰ ਉੱਨਾ ਚਿਰ ਖਾਣਾ ਨਹੀਂ ਖਾਂਦੇ ਸਨ ਜਿੰਨਾ ਚਿਰ ਉਹ ਕੂਹਣੀਆਂ ਤਕ ਹੱਥ ਨਾ ਧੋ ਲੈਣ।  ਅਤੇ ਬਾਜ਼ਾਰੋਂ ਆ ਕੇ, ਖਾਣ ਤੋਂ ਪਹਿਲਾਂ ਉਹ ਸ਼ੁੱਧ ਹੋਣ ਲਈ ਆਪਣੇ ਉੱਤੇ ਪਾਣੀ ਛਿੜਕਦੇ ਸਨ, ਅਤੇ ਉਹ ਇੱਦਾਂ ਦੀਆਂ ਹੋਰ ਵੀ ਕਈ ਰੀਤਾਂ ’ਤੇ ਚੱਲਣ ਵਿਚ ਬੜੇ ਕੱਟੜ ਸਨ ਜਿਵੇਂ ਕਿ ਕੱਪਾਂ, ਗੜਵਿਆਂ ਅਤੇ ਤਾਂਬੇ ਦੇ ਭਾਂਡਿਆਂ ਨੂੰ ਪਾਣੀ ਵਿਚ ਡੁਬੋ ਕੇ ਧੋਣਾ।  ਇਸ ਲਈ, ਫ਼ਰੀਸੀਆਂ ਤੇ ਗ੍ਰੰਥੀਆਂ ਨੇ ਉਸ ਨੂੰ ਪੁੱਛਿਆ: “ਤੇਰੇ ਚੇਲੇ ਦਾਦਿਆਂ-ਪੜਦਾਦਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ, ਉਹ ਗੰਦੇ ਹੱਥਾਂ ਨਾਲ ਕਿਉਂ ਖਾਣਾ ਖਾਂਦੇ ਹਨ?”  ਉਸ ਨੇ ਉਨ੍ਹਾਂ ਨੂੰ ਕਿਹਾ: “ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਠੀਕ ਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੈ: ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ।  ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’  ਤੁਸੀਂ ਪਰਮੇਸ਼ੁਰ ਦੇ ਹੁਕਮਾਂ ’ਤੇ ਚੱਲਣ ਦੀ ਬਜਾਇ ਇਨਸਾਨਾਂ ਦੀ ਬਣਾਈ ਇਸ ਰੀਤ ’ਤੇ ਚੱਲਦੇ ਹੋ।”  ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੀਆਂ ਰੀਤਾਂ ਨੂੰ ਕਾਇਮ ਰੱਖਣ ਲਈ ਬੜੀ ਚਲਾਕੀ ਨਾਲ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ। 10  ਮਿਸਾਲ ਲਈ, ਮੂਸਾ ਨੇ ਕਿਹਾ ਸੀ: ‘ਆਪਣੇ ਮਾਤਾ-ਪਿਤਾ ਦਾ ਆਦਰ ਕਰੋ,’ ਅਤੇ ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਦੀ ਬੇਇੱਜ਼ਤੀ ਕਰੇ, ਉਹ ਜਾਨੋਂ ਮਾਰਿਆ ਜਾਵੇ।’ 11  ਪਰ ਤੁਸੀਂ ਕਹਿੰਦੇ ਹੋ, ‘ਜੇ ਕੋਈ ਇਨਸਾਨ ਆਪਣੀ ਮਾਤਾ ਜਾਂ ਪਿਤਾ ਨੂੰ ਕਹੇ: “ਮੇਰਾ ਸਭ ਕੁਝ ਜਿਸ ਤੋਂ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ, ਕੁਰਬਾਨ ਹੋ ਚੁੱਕਾ ਹੈ (ਯਾਨੀ ਪਰਮੇਸ਼ੁਰ ਦੇ ਨਾਂ ਲੱਗ ਚੁੱਕਾ ਹੈ),”’ 12  ਇਸ ਕਰਕੇ, ਤੁਸੀਂ ਉਸ ਨੂੰ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ। 13  ਇਸ ਤਰ੍ਹਾਂ ਤੁਸੀਂ ਆਪਣੀਆਂ ਫੈਲਾਈਆਂ ਰੀਤਾਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਫਜ਼ੂਲ ਦੀ ਚੀਜ਼ ਬਣਾਉਂਦੇ ਹੋ। ਤੇ ਤੁਸੀਂ ਇਹੋ ਜਿਹੇ ਹੋਰ ਵੀ ਕਈ ਕੰਮ ਕਰਦੇ ਹੋ।” 14  ਯਿਸੂ ਨੇ ਭੀੜ ਨੂੰ ਦੁਬਾਰਾ ਆਪਣੇ ਕੋਲ ਬੁਲਾ ਕੇ ਕਿਹਾ: “ਤੁਸੀਂ ਸਾਰੇ ਮੇਰੀਆਂ ਗੱਲਾਂ ਸੁਣੋ ਅਤੇ ਇਨ੍ਹਾਂ ਦਾ ਮਤਲਬ ਸਮਝੋ। 15  ਇਨਸਾਨ ਜੋ ਕੁਝ ਖਾਂਦਾ ਹੈ, ਉਸ ਨਾਲ ਉਹ ਭ੍ਰਿਸ਼ਟ ਨਹੀਂ ਹੁੰਦਾ, ਬਲਕਿ ਉਸ ਦੇ ਮੂੰਹੋਂ ਜੋ ਨਿਕਲਦਾ ਹੈ ਉਸ ਨਾਲ ਉਹ ਭ੍ਰਿਸ਼ਟ ਹੁੰਦਾ ਹੈ।” 16  *—— 17  ਹੁਣ ਜਦ ਉਹ ਭੀੜ ਨੂੰ ਛੱਡ ਕੇ ਇਕ ਘਰ ਵਿਚ ਗਿਆ, ਤਾਂ ਉਸ ਦੇ ਚੇਲਿਆਂ ਨੇ ਉਸ ਨੂੰ ਇਸ ਮਿਸਾਲ ਦਾ ਮਤਲਬ ਪੁੱਛਿਆ। 18  ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਵੀ ਉਨ੍ਹਾਂ ਵਾਂਗ ਨਾਸਮਝ ਹੋ? ਕੀ ਤੁਸੀਂ ਨਹੀਂ ਜਾਣਦੇ ਕਿ ਇਨਸਾਨ ਜੋ ਕੁਝ ਖਾਂਦਾ ਹੈ, ਉਸ ਨਾਲ ਉਹ ਭ੍ਰਿਸ਼ਟ ਨਹੀਂ ਹੁੰਦਾ, 19  ਕਿਉਂਕਿ ਖਾਣਾ ਦਿਲ ਵਿਚ ਨਹੀਂ, ਸਗੋਂ ਢਿੱਡ ਵਿਚ ਜਾਂਦਾ ਹੈ ਤੇ ਫਿਰ ਸਰੀਰ ਵਿੱਚੋਂ ਨਿਕਲ ਜਾਂਦਾ ਹੈ।” ਇਹ ਕਹਿ ਕੇ ਉਸ ਨੇ ਸਭ ਖਾਣ ਵਾਲੀਆਂ ਚੀਜ਼ਾਂ ਨੂੰ ਸ਼ੁੱਧ ਕਿਹਾ। 20  ਅੱਗੇ ਉਸ ਨੇ ਕਿਹਾ: “ਜੋ ਇਨਸਾਨ ਦੇ ਅੰਦਰੋਂ ਨਿਕਲਦਾ ਹੈ, ਉਸ ਨਾਲ ਉਹ ਭ੍ਰਿਸ਼ਟ ਹੁੰਦਾ ਹੈ, 21  ਕਿਉਂਕਿ ਇਨਸਾਨ ਦੇ ਅੰਦਰੋਂ ਯਾਨੀ ਦਿਲ ਵਿੱਚੋਂ ਭੈੜੀ ਸੋਚ ਨਿਕਲਦੀ ਹੈ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕ ਹਰਾਮਕਾਰੀਆਂ, ਚੋਰੀਆਂ ਤੇ ਕਤਲ ਕਰਦੇ ਹਨ, 22  ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ­ਨਾਜਾਇਜ਼ ਸੰਬੰਧ ਰੱਖਦੇ ਹਨ, ਲੋਭ ਅਤੇ ਦੁਸ਼ਟ ਕੰਮ ਕਰਦੇ ਹਨ, ਮੱਕਾਰੀਆਂ ਨਾਲ ਭਰੇ ਹੋਏ ਹਨ, ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਦੇ ਹਨ, ਈਰਖਾ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ, ਦੂਜਿਆਂ ਦੀ ਨਿੰਦਿਆ ਕਰਦੇ ਹਨ ਅਤੇ ਹੰਕਾਰ ਤੇ ਮੂਰਖਪੁਣਾ ਕਰਦੇ ਹਨ। 23  ਇਹ ਸਭ ਦੁਸ਼ਟ ਗੱਲਾਂ ਇਨਸਾਨ ਦੇ ਅੰਦਰੋਂ ਨਿਕਲਦੀਆਂ ਹਨ ਅਤੇ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ।” 24  ਉੱਥੋਂ ਉਹ ਸੋਰ ਤੇ ਸੀਦੋਨ ਦੇ ਇਲਾਕਿਆਂ ਵਿਚ ਚਲਾ ਗਿਆ। ਅਤੇ ਉੱਥੇ ਇਕ ਘਰ ਵਿਚ ਗਿਆ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਉਸ ਦੇ ਆਉਣ ਦੀ ਖ਼ਬਰ ਹੋਵੇ। ਪਰ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬਚਿਆ ਨਾ ਰਿਹਾ। 25  ਇਕ ਤੀਵੀਂ ਨੇ ਉਸ ਬਾਰੇ ਸੁਣਿਆ ਅਤੇ ਉਹ ਤੁਰੰਤ ਉਸ ਕੋਲ ਆ ਕੇ ਉਸ ਦੇ ਪੈਰੀਂ ਪੈ ਗਈ। ਉਸ ਤੀਵੀਂ ਦੀ ਧੀ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ। 26  ਇਹ ਯੂਨਾਨੀ ਤੀਵੀਂ ਸੀਰੀਆ ਵਿਚ ਫੈਨੀਕੇ ਦੇ ਇਲਾਕੇ ਦੀ ਰਹਿਣ ਵਾਲੀ ਸੀ। ਉਹ ਯਿਸੂ ਨੂੰ ਵਾਰ-ਵਾਰ ਫ਼ਰਿਆਦ ਕਰਦੀ ਰਹੀ ਕਿ ਉਹ ਉਸ ਦੀ ਧੀ ਦਾ ਦੁਸ਼ਟ ਦੂਤ ਤੋਂ ਖਹਿੜਾ ਛੁਡਾਏ। 27  ਪਰ ਯਿਸੂ ਨੇ ਉਸ ਨੂੰ ਕਿਹਾ: “ਪਹਿਲਾਂ ਨਿਆਣੇ ਰੱਜ ਕੇ ਖਾ ਲੈਣ ਕਿਉਂਕਿ ਨਿਆਣਿਆਂ ਤੋਂ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।” 28  ਤੀਵੀਂ ਨੇ ਉਸ ਨੂੰ ਕਿਹਾ: “ਤੂੰ ਠੀਕ ਕਹਿੰਦਾ ਹੈਂ ਪ੍ਰਭੂ, ਮੇਜ਼ ਹੇਠਾਂ ਕਤੂਰੇ ਨਿਆਣਿਆਂ ਦੀ ਰੋਟੀ ਦਾ ਡਿਗਿਆ ਚੂਰਾ-ਭੂਰਾ ਹੀ ਖਾਂਦੇ ਹਨ।” 29  ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਕਿਉਂਕਿ ਤੂੰ ਇਹ ਗੱਲ ਕਹੀ ਹੈ, ਇਸ ਕਰਕੇ ਜਾਹ, ਤੇਰੀ ਧੀ ਵਿੱਚੋਂ ਦੁਸ਼ਟ ਦੂਤ ਨਿਕਲ ਗਿਆ ਹੈ।” 30  ਉਹ ਆਪਣੇ ਘਰ ਚਲੀ ਗਈ ਅਤੇ ਦੇਖਿਆ ਕਿ ਉਸ ਦੀ ਧੀ ਮੰਜੇ ਉੱਤੇ ਲੰਮੀ ਪਈ ਹੋਈ ਸੀ ਅਤੇ ਦੁਸ਼ਟ ਦੂਤ ਉਸ ਵਿੱਚੋਂ ਨਿਕਲ ਚੁੱਕਾ ਸੀ। 31  ਹੁਣ ਉਹ ਸੋਰ ਦੇ ਇਲਾਕਿਆਂ ਤੋਂ ਵਾਪਸ ਆਉਂਦੇ ਸਮੇਂ ਸੀਦੋਨ ਅਤੇ ਦਿਕਾਪੁਲਿਸ* ਵਿੱਚੋਂ ਦੀ ਹੁੰਦਾ ਹੋਇਆ ਗਲੀਲ ਦੀ ਝੀਲ ਕੋਲ ਆਇਆ। 32  ਇੱਥੇ ਲੋਕ ਉਸ ਕੋਲ ਇਕ ਬੋਲ਼ੇ ਆਦਮੀ ਨੂੰ ਲਿਆਏ ਜਿਸ ਦੀ ਜ਼ਬਾਨ ਵਿਚ ਵੀ ਨੁਕਸ ਸੀ। ਉਨ੍ਹਾਂ ਨੇ ਯਿਸੂ ਨੂੰ ਉਸ ਉੱਤੇ ਹੱਥ ਰੱਖਣ ਦੀ ਬੇਨਤੀ ਕੀਤੀ। 33  ਉਹ ਉਸ ਨੂੰ ਭੀੜ ਤੋਂ ਦੂਰ ਲੈ ਗਿਆ ਅਤੇ ਉਸ ਦੇ ਕੰਨਾਂ ਵਿਚ ਆਪਣੀਆਂ ਉਂਗਲਾਂ ਪਾ ਕੇ ਥੁੱਕਿਆ ਅਤੇ ਉਸ ਦੀ ਜੀਭ ਨੂੰ ਛੂਹਿਆ। 34  ਫਿਰ ਯਿਸੂ ਨੇ ਆਕਾਸ਼ ਵੱਲ ਦੇਖ ਕੇ ਲੰਬਾ ਹਉਕਾ ਭਰਿਆ ਅਤੇ ਕਿਹਾ: “ਐਫਥਾ,” ਜਿਸ ਦਾ ਮਤਲਬ ਹੈ “ਖੁੱਲ੍ਹ ਜਾਹ।” 35  ਉਸ ਆਦਮੀ ਦੀ ਸੁਣਨ ਦੀ ਸ਼ਕਤੀ ਵਾਪਸ ਆ ਗਈ ਅਤੇ ਉਸ ਦੀ ਜ਼ਬਾਨ ਵੀ ਠੀਕ ਹੋ ਗਈ ਅਤੇ ਉਹ ਚੰਗੀ ਤਰ੍ਹਾਂ ਬੋਲਣ ਲੱਗ ਪਿਆ। 36  ਅਤੇ ਯਿਸੂ ਨੇ ਉਨ੍ਹਾਂ ਨੂੰ ਬੜੀ ਸਖ਼ਤੀ ਨਾਲ ਕਿਹਾ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ, ਪਰ ਉਹ ਜਿੰਨਾ ਉਨ੍ਹਾਂ ਨੂੰ ਦੱਸਣ ਤੋਂ ਰੋਕਦਾ ਸੀ, ਉਹ ਉੱਨਾ ਹੀ ਜ਼ਿਆਦਾ ਲੋਕਾਂ ਨੂੰ ਦੱਸਦੇ ਸਨ। 37  ਅਸਲ ਵਿਚ, ਉਹ ਬਹੁਤ ਹੈਰਾਨ ਹੁੰਦੇ ਸਨ ਤੇ ਕਹਿੰਦੇ ਸਨ: “ਉਸ ਦੇ ਸਾਰੇ ਕੰਮ ਬਹੁਤ ਵਧੀਆ ਹਨ। ਉਹ ਬੋਲ਼ਿਆਂ ਦੇ ਕੰਨ ਖੋਲ੍ਹਦਾ ਹੈ ਅਤੇ ਗੁੰਗਿਆਂ ਨੂੰ ਜ਼ਬਾਨ ਦਿੰਦਾ ਹੈ।”

ਫੁਟਨੋਟ

ਮੱਤੀ 15:2, ਫੁਟਨੋਟ ਦੇਖੋ।
ਮੱਤੀ 17:21, ਫੁਟਨੋਟ ਦੇਖੋ।
ਜਾਂ, “ਢੀਠ।” ਢੀਠਪੁਣੇ ਜਾਂ ਬੇਸ਼ਰਮੀ ਵਿਚ ਛੋਟੇ-ਮੋਟੇ ਗ਼ਲਤ ਕੰਮ ਸ਼ਾਮਲ ਨਹੀਂ ਹਨ, ਸਗੋਂ ਇਸ ਵਿਚ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਗੰਭੀਰ ਗ਼ਲਤੀਆਂ ਸ਼ਾਮਲ ਹੁੰਦੀਆਂ ਹਨ। ਢੀਠ ਜਾਂ ਬੇਸ਼ਰਮ ਇਨਸਾਨ ਦੇ ਕੰਮ ਪਰਮੇਸ਼ੁਰ ਦੇ ਅਸੂਲਾਂ ਤੋਂ ਉਲਟ ਹੋਣ ਦੇ ਨਾਲ-ਨਾਲ ਉਸ ਦਾ ਰਵੱਈਆ ਵੀ ਅਪਮਾਨਜਨਕ ਤੇ ਬੇਸ਼ਰਮੀ ਭਰਿਆ ਹੁੰਦਾ ਹੈ।
ਮੱਤੀ 4:25, ਫੁਟਨੋਟ ਦੇਖੋ।