ਰਸੂਲਾਂ ਦੇ ਕੰਮ 10:1-48
10 ਕੈਸਰੀਆ ਵਿਚ ਕੁਰਨੇਲੀਅਸ ਨਾਂ ਦਾ ਇਕ ਆਦਮੀ ਰਹਿੰਦਾ ਸੀ ਅਤੇ ਉਹ ਇਤਾਲਵੀ ਫ਼ੌਜੀ ਟੁਕੜੀ ਦਾ ਅਫ਼ਸਰ* ਸੀ।
2 ਉਹ ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰਦਾ ਸੀ ਅਤੇ ਉਹ ਲੋਕਾਂ ਨੂੰ ਦਾਨ ਕਰਨ ਅਤੇ ਪਰਮੇਸ਼ੁਰ ਨੂੰ ਫ਼ਰਿਆਦਾਂ ਕਰਨ ਵਿਚ ਲੀਨ ਰਹਿੰਦਾ ਸੀ।
3 ਇਕ ਵਾਰ ਦੁਪਹਿਰ ਦੇ ਤਿੰਨ ਕੁ ਵਜੇ* ਉਸ ਨੇ ਦਰਸ਼ਣ ਵਿਚ ਪਰਮੇਸ਼ੁਰ ਦੇ ਇਕ ਦੂਤ ਨੂੰ ਸਾਫ਼-ਸਾਫ਼ ਦੇਖਿਆ ਜਿਸ ਨੇ ਆ ਕੇ ਉਸ ਨੂੰ ਕਿਹਾ: “ਕੁਰਨੇਲੀਅਸ!”
4 ਉਹ ਦੂਤ ਨੂੰ ਦੇਖ ਕੇ ਬਹੁਤ ਹੀ ਡਰ ਗਿਆ ਅਤੇ ਉਸ ਨੇ ਪੁੱਛਿਆ: “ਪ੍ਰਭੂ, ਦੱਸ ਮੈਂ ਕੀ ਕਰਾਂ?” ਦੂਤ ਨੇ ਉਸ ਨੂੰ ਕਿਹਾ: “ਤੇਰੀਆਂ ਪ੍ਰਾਰਥਨਾਵਾਂ ਅਤੇ ਪੁੰਨ-ਦਾਨ ਪਰਮੇਸ਼ੁਰ ਦੀ ਹਜ਼ੂਰੀ ਵਿਚ ਮਨਜ਼ੂਰ ਹੋਏ ਹਨ ਅਤੇ ਉਸ ਨੇ ਉਨ੍ਹਾਂ ਨੂੰ ਯਾਦ ਰੱਖਿਆ ਹੈ।
5 ਇਸ ਲਈ ਹੁਣ ਯਾਪਾ ਨੂੰ ਆਦਮੀ ਘੱਲ ਕੇ ਸ਼ਮਊਨ ਉਰਫ਼ ਪਤਰਸ ਨੂੰ ਬੁਲਾ।
6 ਪਤਰਸ ਚਮੜਾ ਰੰਗਣ ਵਾਲੇ ਇਕ ਹੋਰ ਸ਼ਮਊਨ ਦੇ ਘਰ ਠਹਿਰਿਆ ਹੋਇਆ ਹੈ ਅਤੇ ਉਸ ਦਾ ਘਰ ਸਮੁੰਦਰ ਦੇ ਲਾਗੇ ਹੈ।”
7 ਇਹ ਕਹਿ ਕੇ ਦੂਤ ਚਲਾ ਗਿਆ ਅਤੇ ਕੁਰਨੇਲੀਅਸ ਨੇ ਫ਼ੌਰਨ ਆਪਣੇ ਦੋ ਨੌਕਰਾਂ ਨੂੰ ਅਤੇ ਉਸ ਦੀ ਸੇਵਾ ਵਿਚ ਹਮੇਸ਼ਾ ਹਾਜ਼ਰ ਰਹਿੰਦੇ ਫ਼ੌਜੀਆਂ ਵਿੱਚੋਂ ਇਕ ਫ਼ੌਜੀ ਨੂੰ ਬੁਲਾਇਆ ਜਿਹੜਾ ਰੱਬ ਨੂੰ ਮੰਨਦਾ ਸੀ।
8 ਅਤੇ ਉਸ ਨੇ ਉਨ੍ਹਾਂ ਨੂੰ ਸਾਰਾ ਕੁਝ ਦੱਸ ਕੇ ਯਾਪਾ ਨੂੰ ਘੱਲ ਦਿੱਤਾ।
9 ਅਗਲੇ ਦਿਨ ਉਹ ਤਿੰਨੇ ਸਫ਼ਰ ਕਰਦਿਆਂ ਯਾਪਾ ਦੇ ਲਾਗੇ ਪਹੁੰਚ ਗਏ। ਉਸ ਵੇਲੇ ਦੁਪਹਿਰ ਦੇ ਬਾਰਾਂ ਕੁ ਵੱਜੇ* ਸਨ ਅਤੇ ਪਤਰਸ ਪ੍ਰਾਰਥਨਾ ਕਰਨ ਲਈ ਕੋਠੇ ਉੱਤੇ ਚਲਾ ਗਿਆ।
10 ਪਰ ਉਸ ਨੂੰ ਬਹੁਤ ਭੁੱਖ ਲੱਗੀ ਅਤੇ ਉਸ ਦਾ ਕੁਝ ਖਾਣ ਨੂੰ ਜੀਅ ਕੀਤਾ। ਜਦੋਂ ਖਾਣਾ ਤਿਆਰ ਹੋ ਰਿਹਾ ਸੀ, ਤਾਂ ਉਸ ਨੇ ਇਕ ਦਰਸ਼ਣ ਦੇਖਿਆ।
11 ਉਸ ਨੇ ਦੇਖਿਆ ਕਿ ਆਕਾਸ਼ ਖੁੱਲ੍ਹਾ ਹੋਇਆ ਸੀ ਅਤੇ ਆਕਾਸ਼ੋਂ ਚਾਦਰ ਵਰਗੀ ਇਕ ਚੀਜ਼ ਨੂੰ ਚਾਰੇ ਕੋਨਿਆਂ ਤੋਂ ਫੜ ਕੇ ਥੱਲੇ ਧਰਤੀ ਉੱਤੇ ਲਿਆਂਦਾ ਜਾ ਰਿਹਾ ਸੀ।
12 ਉਸ ਚਾਦਰ ਉੱਤੇ ਹਰ ਕਿਸਮ ਦੇ ਚਾਰ ਪੈਰਾਂ ਵਾਲੇ ਜਾਨਵਰ, ਘਿਸਰਨ ਵਾਲੇ ਜੀਵ-ਜੰਤੂ ਅਤੇ ਆਕਾਸ਼ ਦੇ ਪੰਛੀ ਸਨ।
13 ਫਿਰ ਦੂਤ ਨੇ ਉਸ ਨੂੰ ਕਿਹਾ: “ਪਤਰਸ, ਉੱਠ ਕੇ ਇਨ੍ਹਾਂ ਨੂੰ ਵੱਢ ਅਤੇ ਖਾ!”
14 ਪਰ ਪਤਰਸ ਨੇ ਕਿਹਾ: “ਨਹੀਂ, ਨਹੀਂ, ਪ੍ਰਭੂ, ਮੈਂ ਕਦੇ ਵੀ ਭ੍ਰਿਸ਼ਟ ਅਤੇ ਅਸ਼ੁੱਧ ਚੀਜ਼ ਨਹੀਂ ਖਾਧੀ।”
15 ਦੂਤ ਨੇ ਉਸ ਨੂੰ ਦੂਸਰੀ ਵਾਰ ਕਿਹਾ: “ਜਿਸ ਚੀਜ਼ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਚੀਜ਼ ਨੂੰ ਅਸ਼ੁੱਧ ਕਹਿਣਾ ਛੱਡ ਦੇ।”
16 ਤੀਸਰੀ ਵਾਰ ਵੀ ਇਸੇ ਤਰ੍ਹਾਂ ਹੋਇਆ ਅਤੇ ਫਿਰ ਤੁਰੰਤ ਚਾਦਰ ਨੂੰ ਆਕਾਸ਼ ਵੱਲ ਨੂੰ ਚੁੱਕ ਲਿਆ ਗਿਆ।
17 ਪਤਰਸ ਜਦੋਂ ਅਜੇ ਇਸ ਗੱਲੋਂ ਪਰੇਸ਼ਾਨ ਸੀ ਕਿ ਦਰਸ਼ਣ ਦਾ ਕੀ ਮਤਲਬ ਸੀ, ਉਸ ਵੇਲੇ ਕੁਰਨੇਲੀਅਸ ਦੇ ਆਦਮੀ ਸ਼ਮਊਨ ਦੇ ਘਰ ਦਾ ਪਤਾ ਪੁੱਛਦੇ-ਪੁੱਛਦੇ ਦਰਵਾਜ਼ੇ ’ਤੇ ਆ ਖੜ੍ਹੇ ਹੋਏ।
18 ਉਨ੍ਹਾਂ ਨੇ ਘਰਦਿਆਂ ਨੂੰ ਆਵਾਜ਼ ਮਾਰ ਕੇ ਪੁੱਛਿਆ ਕਿ ਸ਼ਮਊਨ ਉਰਫ਼ ਪਤਰਸ ਨਾਂ ਦਾ ਆਦਮੀ ਉੱਥੇ ਠਹਿਰਿਆ ਹੋਇਆ ਸੀ ਜਾਂ ਨਹੀਂ।
19 ਪਤਰਸ ਅਜੇ ਵੀ ਮਨ ਵਿਚ ਉਸ ਦਰਸ਼ਣ ਬਾਰੇ ਸੋਚ ਰਿਹਾ ਸੀ ਅਤੇ ਪਵਿੱਤਰ ਸ਼ਕਤੀ ਨੇ ਉਸ ਨੂੰ ਕਿਹਾ: “ਦੇਖ! ਤਿੰਨ ਆਦਮੀ ਤੈਨੂੰ ਲੱਭ ਰਹੇ ਹਨ।
20 ਤੂੰ ਉੱਠ ਕੇ ਥੱਲੇ ਜਾਹ ਅਤੇ ਉਨ੍ਹਾਂ ਨਾਲ ਬੇਫ਼ਿਕਰ ਹੋ ਕੇ ਚਲਾ ਜਾਹ ਕਿਉਂਕਿ ਮੈਂ ਉਨ੍ਹਾਂ ਨੂੰ ਘੱਲਿਆ ਹੈ।”
21 ਇਸ ਲਈ ਪਤਰਸ ਨੇ ਥੱਲੇ ਜਾ ਕੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ?”
22 ਉਨ੍ਹਾਂ ਨੇ ਕਿਹਾ: “ਫ਼ੌਜੀ ਅਫ਼ਸਰ ਕੁਰਨੇਲੀਅਸ ਨੇ ਸਾਨੂੰ ਤੇਰੇ ਕੋਲ ਘੱਲਿਆ ਹੈ। ਉਹ ਪਰਮੇਸ਼ੁਰ ਤੋਂ ਡਰਨ ਵਾਲਾ ਧਰਮੀ ਇਨਸਾਨ ਹੈ ਅਤੇ ਪੂਰੀ ਯਹੂਦੀ ਕੌਮ ਉਸ ਦੀਆਂ ਸਿਫ਼ਤਾਂ ਕਰਦੀ ਹੈ। ਇਕ ਪਵਿੱਤਰ ਦੂਤ ਦੇ ਰਾਹੀਂ ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ਉਹ ਤੈਨੂੰ ਆਪਣੇ ਘਰ ਬੁਲਾਵੇ ਅਤੇ ਤੇਰੀਆਂ ਗੱਲਾਂ ਸੁਣੇ।”
23 ਇਹ ਸੁਣ ਕੇ ਪਤਰਸ ਨੇ ਉਨ੍ਹਾਂ ਨੂੰ ਅੰਦਰ ਬੁਲਾ ਲਿਆ ਅਤੇ ਉਨ੍ਹਾਂ ਦੀ ਪਰਾਹੁਣਚਾਰੀ ਕੀਤੀ।
ਅਗਲੇ ਦਿਨ ਉਹ ਉੱਠ ਕੇ ਉਨ੍ਹਾਂ ਨਾਲ ਚਲਾ ਗਿਆ ਅਤੇ ਯਾਪਾ ਦੇ ਕੁਝ ਭਰਾ ਵੀ ਉਸ ਨਾਲ ਗਏ।
24 ਦੂਜੇ ਦਿਨ ਉਹ ਕੈਸਰੀਆ ਪਹੁੰਚ ਗਿਆ। ਕੁਰਨੇਲੀਅਸ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ ਅਤੇ ਉਸ ਨੇ ਆਪਣੇ ਰਿਸ਼ਤੇਦਾਰ ਅਤੇ ਜਿਗਰੀ ਦੋਸਤ ਵੀ ਸੱਦੇ ਹੋਏ ਸਨ।
25 ਜਦੋਂ ਪਤਰਸ ਉਸ ਦੇ ਘਰ ਪਹੁੰਚਿਆ, ਤਾਂ ਕੁਰਨੇਲੀਅਸ ਆ ਕੇ ਉਸ ਨੂੰ ਮਿਲਿਆ ਅਤੇ ਉਸ ਦੇ ਪੈਰੀਂ ਪੈ ਕੇ ਉਸ ਨੂੰ ਮੱਥਾ ਟੇਕਿਆ।
26 ਪਰ ਪਤਰਸ ਨੇ ਉਸ ਨੂੰ ਉਠਾ ਕੇ ਕਿਹਾ: “ਉੱਠ, ਮੈਂ ਵੀ ਤਾਂ ਤੇਰੇ ਵਾਂਗ ਇਨਸਾਨ ਹੀ ਹਾਂ।”
27 ਉਹ ਕੁਰਨੇਲੀਅਸ ਨਾਲ ਗੱਲਾਂ ਕਰਦਾ-ਕਰਦਾ ਅੰਦਰ ਆ ਗਿਆ ਅਤੇ ਦੇਖਿਆ ਕਿ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਹੋਏ ਸਨ।
28 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਕ ਯਹੂਦੀ ਦਾ ਕਿਸੇ ਹੋਰ ਕੌਮ ਦੇ ਆਦਮੀ ਨਾਲ ਮਿਲਣਾ-ਗਿਲਣਾ ਜਾਂ ਉਸ ਕੋਲ ਜਾਣਾ ਵੀ ਯਹੂਦੀ ਕਾਨੂੰਨ ਦੇ ਖ਼ਿਲਾਫ਼ ਹੈ; ਪਰ ਪਰਮੇਸ਼ੁਰ ਨੇ ਮੈਨੂੰ ਦਿਖਾ ਦਿੱਤਾ ਹੈ ਕਿ ਮੈਂ ਕਿਸੇ ਵੀ ਇਨਸਾਨ ਨੂੰ ਭ੍ਰਿਸ਼ਟ ਜਾਂ ਅਸ਼ੁੱਧ ਨਾ ਕਹਾਂ।
29 ਇਸ ਲਈ, ਜਦੋਂ ਮੈਨੂੰ ਇੱਥੇ ਸੱਦਿਆ ਗਿਆ, ਤਾਂ ਮੈਨੂੰ ਆਉਣ ਵਿਚ ਕੋਈ ਇਤਰਾਜ਼ ਨਹੀਂ ਹੋਇਆ। ਹੁਣ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਇੱਥੇ ਕਿਉਂ ਬੁਲਾਇਆ ਹੈ।”
30 ਫਿਰ ਕੁਰਨੇਲੀਅਸ ਨੇ ਕਿਹਾ: “ਚਾਰ ਦਿਨ ਪਹਿਲਾਂ ਇਸੇ ਸਮੇਂ ਦੁਪਹਿਰ ਦੇ ਤਿੰਨ ਕੁ ਵਜੇ ਮੈਂ ਆਪਣੇ ਘਰ ਵਿਚ ਪ੍ਰਾਰਥਨਾ ਕਰ ਰਿਹਾ ਸਾਂ। ਉਸ ਵੇਲੇ ਅਚਾਨਕ ਚਮਕਦੇ ਕੱਪੜੇ ਪਾਈ ਇਕ ਆਦਮੀ ਮੇਰੇ ਸਾਮ੍ਹਣੇ ਆ ਖੜ੍ਹਾ ਹੋਇਆ
31 ਅਤੇ ਮੈਨੂੰ ਕਹਿਣ ਲੱਗਾ: ‘ਕੁਰਨੇਲੀਅਸ, ਪਰਮੇਸ਼ੁਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਉਸ ਨੇ ਤੇਰੇ ਪੁੰਨ-ਦਾਨ ਯਾਦ ਰੱਖੇ ਹਨ।
32 ਹੁਣ ਯਾਪਾ ਨੂੰ ਆਦਮੀ ਘੱਲ ਕੇ ਸ਼ਮਊਨ ਉਰਫ਼ ਪਤਰਸ ਨੂੰ ਆਪਣੇ ਕੋਲ ਬੁਲਾ। ਉਹ ਚਮੜਾ ਰੰਗਣ ਵਾਲੇ ਸ਼ਮਊਨ ਦੇ ਘਰ ਠਹਿਰਿਆ ਹੋਇਆ ਹੈ ਜਿਸ ਦਾ ਘਰ ਸਮੁੰਦਰ ਲਾਗੇ ਹੈ।’
33 ਇਸ ਲਈ ਮੈਂ ਉਸੇ ਵੇਲੇ ਤੈਨੂੰ ਬੁਲਾਉਣ ਲਈ ਆਦਮੀ ਘੱਲੇ। ਤੇਰੀ ਬੜੀ ਮਿਹਰਬਾਨੀ ਕਿ ਤੂੰ ਇੱਥੇ ਆਇਆਂ। ਹੁਣ ਅਸੀਂ ਸਾਰੇ ਇੱਥੇ ਪਰਮੇਸ਼ੁਰ ਦੇ ਸਾਮ੍ਹਣੇ ਉਹ ਸਾਰੀਆਂ ਗੱਲਾਂ ਸੁਣਨ ਲਈ ਹਾਜ਼ਰ ਹਾਂ ਜਿਹੜੀਆਂ ਯਹੋਵਾਹ ਨੇ ਤੈਨੂੰ ਦੱਸਣ ਦਾ ਹੁਕਮ ਦਿੱਤਾ ਹੈ।”
34 ਇਹ ਸੁਣ ਕੇ ਪਤਰਸ ਨੇ ਕਿਹਾ: “ਹੁਣ ਮੈਂ ਵਾਕਈ ਸਮਝ ਗਿਆ ਹਾਂ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ,
35 ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।
36 ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਸ਼ਾਂਤੀ* ਦੀ ਖ਼ੁਸ਼ ਖ਼ਬਰੀ ਸੁਣਾਈ ਸੀ। ਇਹ ਸ਼ਾਂਤੀ ਯਿਸੂ ਮਸੀਹ ਰਾਹੀਂ ਮਿਲਣੀ ਸੀ ਜਿਹੜਾ ਸਾਰਿਆਂ ਦਾ ਪ੍ਰਭੂ ਹੈ।
37 ਯੂਹੰਨਾ ਦੁਆਰਾ ਬਪਤਿਸਮੇ ਦਾ ਪ੍ਰਚਾਰ ਕਰਨ ਤੋਂ ਬਾਅਦ ਜਿਸ ਗੱਲ ਦੀ ਚਰਚਾ ਗਲੀਲ ਤੋਂ ਸ਼ੁਰੂ ਹੋ ਕੇ ਸਾਰੇ ਯਹੂਦੀਆ ਵਿਚ ਹੋਣ ਲੱਗ ਪਈ ਸੀ, ਉਹ ਗੱਲ ਤੁਸੀਂ ਜਾਣਦੇ ਹੋ।
38 ਉਹ ਗੱਲ ਯਿਸੂ ਨਾਸਰੀ ਬਾਰੇ ਸੀ ਕਿ ਪਰਮੇਸ਼ੁਰ ਨੇ ਕਿਵੇਂ ਉਸ ਨੂੰ ਪਵਿੱਤਰ ਸ਼ਕਤੀ ਅਤੇ ਤਾਕਤ ਨਾਲ ਚੁਣਿਆ ਸੀ ਅਤੇ ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਸ਼ੈਤਾਨ ਦੁਆਰਾ ਸਤਾਏ ਲੋਕਾਂ ਨੂੰ ਚੰਗਾ ਕੀਤਾ। ਉਹ ਸਾਰਾ ਕੁਝ ਇਸ ਕਰਕੇ ਕਰ ਸਕਿਆ ਕਿਉਂਕਿ ਪਰਮੇਸ਼ੁਰ ਉਸ ਦੇ ਨਾਲ ਸੀ।
39 ਅਸੀਂ ਉਨ੍ਹਾਂ ਸਾਰੇ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦੀਆਂ ਦੇ ਇਲਾਕਿਆਂ ਵਿਚ ਅਤੇ ਯਰੂਸ਼ਲਮ ਵਿਚ ਕੀਤੇ ਸਨ; ਪਰ ਉਨ੍ਹਾਂ ਨੇ ਉਸ ਨੂੰ ਸੂਲ਼ੀ ਉੱਤੇ ਟੰਗ ਕੇ ਜਾਨੋਂ ਮਾਰ ਦਿੱਤਾ।
40 ਫਿਰ ਪਰਮੇਸ਼ੁਰ ਨੇ ਉਸ ਨੂੰ ਤੀਸਰੇ ਦਿਨ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਉਸ ਨੂੰ ਲੋਕਾਂ ਸਾਮ੍ਹਣੇ ਪ੍ਰਗਟ ਹੋਣ ਦਿੱਤਾ,
41 ਪਰ ਸਾਰੇ ਲੋਕਾਂ ਸਾਮ੍ਹਣੇ ਨਹੀਂ, ਸਗੋਂ ਪਰਮੇਸ਼ੁਰ ਦੇ ਪਹਿਲਾਂ ਤੋਂ ਹੀ ਚੁਣੇ ਹੋਏ ਗਵਾਹਾਂ ਸਾਮ੍ਹਣੇ ਯਾਨੀ ਸਾਡੇ ਸਾਮ੍ਹਣੇ ਜਿਨ੍ਹਾਂ ਨੇ ਉਸ ਦੇ ਮਰੇ ਹੋਇਆਂ ਵਿੱਚੋਂ ਜੀਉਂਦੇ ਹੋਣ ਤੋਂ ਬਾਅਦ ਉਸ ਨਾਲ ਖਾਧਾ-ਪੀਤਾ ਸੀ।
42 ਉਸ ਨੇ ਸਾਨੂੰ ਇਹ ਵੀ ਹੁਕਮ ਦਿੱਤਾ ਕਿ ਅਸੀਂ ਲੋਕਾਂ ਨੂੰ ਪ੍ਰਚਾਰ ਕਰੀਏ ਅਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਈਏ ਕਿ ਪਰਮੇਸ਼ੁਰ ਨੇ ਜੀਉਂਦਿਆਂ ਅਤੇ ਮਰਿਆਂ ਦਾ ਨਿਆਂ ਕਰਨ ਲਈ ਉਸੇ ਨੂੰ ਚੁਣਿਆ ਹੈ।
43 ਸਾਰੇ ਨਬੀ ਉਸ ਬਾਰੇ ਗਵਾਹੀ ਦਿੰਦੇ ਹਨ ਕਿ ਜਿਹੜਾ ਇਨਸਾਨ ਉਸ ਉੱਤੇ ਨਿਹਚਾ ਰੱਖੇਗਾ, ਉਸ ਦੇ ਨਾਂ ’ਤੇ ਉਸ ਇਨਸਾਨ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ।”
44 ਜਦੋਂ ਪਤਰਸ ਇਹ ਗੱਲਾਂ ਕਰ ਹੀ ਰਿਹਾ ਸੀ, ਤਾਂ ਪਰਮੇਸ਼ੁਰ ਦਾ ਬਚਨ ਸੁਣ ਰਹੇ ਸਾਰੇ ਲੋਕਾਂ ਉੱਤੇ ਪਵਿੱਤਰ ਸ਼ਕਤੀ ਆਈ।
45 ਅਤੇ ਪਤਰਸ ਨਾਲ ਆਏ ਯਹੂਦੀ ਚੇਲੇ* ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਪਵਿੱਤਰ ਸ਼ਕਤੀ ਦੀ ਦਾਤ ਮਿਲ ਰਹੀ ਸੀ।
46 ਚੇਲਿਆਂ ਨੇ ਉਨ੍ਹਾਂ ਨੂੰ ਹੋਰ ਭਾਸ਼ਾਵਾਂ ਵਿਚ ਗੱਲ ਕਰਦਿਆਂ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਸੁਣਿਆ। ਫਿਰ ਪਤਰਸ ਨੇ ਕਿਹਾ:
47 “ਹੁਣ ਕਿਉਂਕਿ ਸਾਡੇ ਵਾਂਗ ਇਨ੍ਹਾਂ ਨੂੰ ਵੀ ਪਵਿੱਤਰ ਸ਼ਕਤੀ ਮਿਲ ਗਈ ਹੈ, ਤਾਂ ਫਿਰ ਕੌਣ ਇਨ੍ਹਾਂ ਨੂੰ ਪਾਣੀ ਵਿਚ ਬਪਤਿਸਮਾ ਲੈਣ ਤੋਂ ਰੋਕ ਸਕਦਾ ਹੈ?”
48 ਇਹ ਕਹਿ ਕੇ ਉਸ ਨੇ ਉਨ੍ਹਾਂ ਨੂੰ ਯਿਸੂ ਮਸੀਹ ਦੇ ਨਾਂ ’ਤੇ ਬਪਤਿਸਮਾ ਲੈਣ ਦਾ ਹੁਕਮ ਦਿੱਤਾ। ਫਿਰ ਉਨ੍ਹਾਂ ਨੇ ਉਸ ਨੂੰ ਕੁਝ ਦਿਨ ਉੱਥੇ ਰਹਿਣ ਦੀ ਬੇਨਤੀ ਕੀਤੀ।
ਫੁਟਨੋਟ
^ ਉਹ ਫ਼ੌਜੀ ਅਫ਼ਸਰ ਜਿਸ ਦੇ ਅਧੀਨ 100 ਫ਼ੌਜੀ ਹੁੰਦੇ ਸਨ।
^ ਯੂਨਾਨੀ ਵਿਚ, “ਨੌਵਾਂ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।
^ ਯੂਨਾਨੀ ਵਿਚ, “ਛੇਵਾਂ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।
^ ਇੱਥੇ ਸ਼ਾਂਤੀ ਦਾ ਮਤਲਬ ਹੈ ਪਰਮੇਸ਼ੁਰ ਨਾਲ ਸੁਲ੍ਹਾ ਕਰਨੀ।
^ ਯੂਨਾਨੀ ਵਿਚ, “ਚੇਲੇ ਜਿਨ੍ਹਾਂ ਦੀ ਸੁੰਨਤ ਹੋਈ ਹੋਈ ਸੀ।”