ਰਸੂਲਾਂ ਦੇ ਕੰਮ 11:1-30
11 ਯਹੂਦੀਆ ਵਿਚ ਰਸੂਲਾਂ ਅਤੇ ਹੋਰ ਭਰਾਵਾਂ ਨੇ ਸੁਣਿਆ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ੁਰ ਦੇ ਬਚਨ ਨੂੰ ਕਬੂਲ ਕਰ ਲਿਆ ਸੀ।
2 ਇਸ ਲਈ, ਜਦੋਂ ਪਤਰਸ ਯਰੂਸ਼ਲਮ ਨੂੰ ਆਇਆ, ਤਾਂ ਸੁੰਨਤ ਦੀ ਰੀਤ ਦਾ ਸਮਰਥਨ ਕਰਨ ਵਾਲਿਆਂ ਨੇ ਉਸ ਨਾਲ ਇਸ ਗੱਲੋਂ ਬਹਿਸਣਾ ਸ਼ੁਰੂ ਕਰ ਦਿੱਤਾ
3 ਕਿ ਉਸ ਨੇ ਬੇਸੁੰਨਤੇ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਖਾਧਾ-ਪੀਤਾ।
4 ਇਹ ਸੁਣ ਕੇ ਪਤਰਸ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ:
5 “ਜਦੋਂ ਮੈਂ ਯਾਪਾ ਸ਼ਹਿਰ ਵਿਚ ਪ੍ਰਾਰਥਨਾ ਕਰ ਰਿਹਾ ਸਾਂ, ਤਾਂ ਉਸ ਵੇਲੇ ਮੈਂ ਇਕ ਦਰਸ਼ਣ ਦੇਖਿਆ। ਮੈਂ ਦੇਖਿਆ ਕਿ ਇਕ ਵੱਡੀ ਸਾਰੀ ਚਾਦਰ ਵਰਗੀ ਚੀਜ਼ ਨੂੰ ਚਾਰੇ ਕੋਨਿਆਂ ਤੋਂ ਫੜ ਕੇ ਆਕਾਸ਼ੋਂ ਥੱਲੇ ਮੇਰੇ ਕੋਲ ਲਿਆਂਦਾ ਗਿਆ।
6 ਮੈਂ ਧਿਆਨ ਨਾਲ ਦੇਖਿਆ ਕਿ ਉਸ ਚਾਦਰ ਉੱਤੇ ਚਾਰ ਪੈਰਾਂ ਵਾਲੇ ਜਾਨਵਰ, ਜੰਗਲੀ ਜਾਨਵਰ, ਘਿਸਰਨ ਵਾਲੇ ਜੀਵ-ਜੰਤੂ ਅਤੇ ਆਕਾਸ਼ ਦੇ ਪੰਛੀ ਸਨ।
7 ਫਿਰ ਇਕ ਦੂਤ ਨੇ ਮੈਨੂੰ ਕਿਹਾ, ‘ਉੱਠ ਕੇ ਇਨ੍ਹਾਂ ਨੂੰ ਵੱਢ ਅਤੇ ਖਾਹ!’
8 ਪਰ ਮੈਂ ਕਿਹਾ, ‘ਨਹੀਂ ਨਹੀਂ ਪ੍ਰਭੂ, ਮੈਂ ਕਦੇ ਵੀ ਕਿਸੇ ਭ੍ਰਿਸ਼ਟ ਜਾਂ ਅਸ਼ੁੱਧ ਚੀਜ਼ ਨੂੰ ਮੂੰਹ ਨਹੀਂ ਲਾਇਆ।’
9 ਦੂਤ ਨੇ ਦੂਸਰੀ ਵਾਰ ਆਕਾਸ਼ੋਂ ਕਿਹਾ, ‘ਜਿਸ ਚੀਜ਼ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਚੀਜ਼ ਨੂੰ ਅਸ਼ੁੱਧ ਕਹਿਣਾ ਛੱਡ ਦੇ।’
10 ਤੀਸਰੀ ਵਾਰ ਵੀ ਇਸੇ ਤਰ੍ਹਾਂ ਹੋਇਆ ਅਤੇ ਫਿਰ ਸਾਰਾ ਕੁਝ ਉੱਪਰ ਆਕਾਸ਼ ਵੱਲ ਨੂੰ ਚੁੱਕ ਲਿਆ ਗਿਆ।
11 ਨਾਲੇ, ਉਸੇ ਵੇਲੇ ਤਿੰਨ ਆਦਮੀ ਉਸ ਘਰ ਆਏ ਜਿੱਥੇ ਅਸੀਂ ਠਹਿਰੇ ਹੋਏ ਸਾਂ। ਇਕ ਆਦਮੀ ਨੇ ਉਨ੍ਹਾਂ ਨੂੰ ਕੈਸਰੀਆ ਤੋਂ ਮੇਰੇ ਕੋਲ ਘੱਲਿਆ ਸੀ।
12 ਇਸ ਲਈ, ਪਵਿੱਤਰ ਸ਼ਕਤੀ ਨੇ ਮੈਨੂੰ ਕਿਹਾ ਕਿ ਮੈਂ ਬੇਫ਼ਿਕਰ ਹੋ ਕੇ ਉਨ੍ਹਾਂ ਨਾਲ ਚਲਾ ਜਾਵਾਂ। ਪਰ ਇਹ ਛੇ ਭਰਾ ਵੀ ਮੇਰੇ ਨਾਲ ਉਸ ਆਦਮੀ ਦੇ ਘਰ ਗਏ ਸਨ।
13 “ਉਸ ਆਦਮੀ ਨੇ ਸਾਨੂੰ ਦੱਸਿਆ ਕਿ ਉਸ ਨੇ ਇਕ ਦੂਤ ਨੂੰ ਆਪਣੇ ਘਰ ਖੜ੍ਹਾ ਦੇਖਿਆ ਸੀ ਅਤੇ ਉਸ ਦੂਤ ਨੇ ਕਿਹਾ, ‘ਯਾਪਾ ਨੂੰ ਆਦਮੀ ਘੱਲ ਕੇ ਸ਼ਮਊਨ ਉਰਫ਼ ਪਤਰਸ ਨੂੰ ਆਪਣੇ ਕੋਲ ਸੱਦ।
14 ਪਤਰਸ ਤੈਨੂੰ ਉਹ ਗੱਲਾਂ ਦੱਸੇਗਾ ਜਿਨ੍ਹਾਂ ਰਾਹੀਂ ਤੂੰ ਅਤੇ ਤੇਰਾ ਪੂਰਾ ਪਰਿਵਾਰ ਬਚਾਇਆ ਜਾਵੇਗਾ।’
15 ਪਰ ਜਦੋਂ ਮੈਂ ਗੱਲ ਕਰਨੀ ਸ਼ੁਰੂ ਕੀਤੀ, ਤਾਂ ਉਨ੍ਹਾਂ ਉੱਤੇ ਪਵਿੱਤਰ ਸ਼ਕਤੀ ਆਈ ਜਿਵੇਂ ਸ਼ੁਰੂ ਵਿਚ ਸਾਡੇ ਉੱਤੇ ਆਈ ਸੀ।
16 ਉਸ ਸਮੇਂ ਮੈਨੂੰ ਪ੍ਰਭੂ ਦੀ ਉਹ ਗੱਲ ਚੇਤੇ ਆਈ ਜਿਹੜੀ ਉਸ ਨੇ ਕਈ ਵਾਰ ਕਹੀ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦਿੱਤਾ ਜਾਵੇਗਾ।’
17 ਇਸ ਲਈ, ਜੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੀ ਉਹੀ ਦਾਤ ਦਿੱਤੀ ਹੈ ਜੋ ਉਸ ਨੇ ਸਾਨੂੰ ਦਿੱਤੀ ਸੀ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਹੈ, ਤਾਂ ਫਿਰ ਮੈਂ ਕੌਣ ਹੁੰਦਾਂ ਪਰਮੇਸ਼ੁਰ ਨੂੰ ਰੋਕਣ ਵਾਲਾ?”
18 ਹੁਣ ਜਦੋਂ ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ, ਤਾਂ ਉਹ ਬਹਿਸ ਕਰਨੋਂ ਹਟ ਗਏ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਕਿਹਾ: “ਸੋ ਹੁਣ ਇਹ ਗੱਲ ਸਾਫ਼ ਹੈ ਕਿ ਪਰਮੇਸ਼ੁਰ ਨੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਤੋਬਾ ਕਰਨ ਦਾ ਮੌਕਾ ਦਿੱਤਾ ਹੈ ਤਾਂਕਿ ਉਨ੍ਹਾਂ ਨੂੰ ਵੀ ਜ਼ਿੰਦਗੀ ਮਿਲੇ।”
19 ਇਸਤੀਫ਼ਾਨ ਦੀ ਮੌਤ ਤੋਂ ਬਾਅਦ ਅਤਿਆਚਾਰ ਹੋਣ ਕਰਕੇ ਚੇਲੇ ਖਿੰਡ-ਪੁੰਡ ਗਏ ਸਨ ਅਤੇ ਉਹ ਫੈਨੀਕੇ, ਸਾਈਪ੍ਰਸ ਅਤੇ ਅੰਤਾਕੀਆ ਤਕ ਚਲੇ ਗਏ ਸਨ, ਪਰ ਉਹ ਯਹੂਦੀਆਂ ਤੋਂ ਸਿਵਾਇ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ ਸਨ।
20 ਦੂਜੇ ਪਾਸੇ, ਸਾਈਪ੍ਰਸ ਅਤੇ ਕੁਰੇਨੇ ਦੇ ਕੁਝ ਆਦਮੀ ਅੰਤਾਕੀਆ ਆਏ ਅਤੇ ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਭੂ ਯਿਸੂ ਦੀ ਖ਼ੁਸ਼ ਖ਼ਬਰੀ ਸੁਣਾਉਣ ਲੱਗੇ।
21 ਇਸ ਤੋਂ ਇਲਾਵਾ, ਯਹੋਵਾਹ ਉਨ੍ਹਾਂ ਦੇ ਨਾਲ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਨਿਹਚਾ ਕੀਤੀ ਅਤੇ ਉਹ ਉਸ ਦੇ ਚੇਲੇ ਬਣ ਗਏ।
22 ਫਿਰ ਉਨ੍ਹਾਂ ਦੀ ਖ਼ਬਰ ਯਰੂਸ਼ਲਮ ਦੀ ਮੰਡਲੀ ਦੇ ਕੰਨੀਂ ਪਈ ਅਤੇ ਉਨ੍ਹਾਂ ਨੇ ਬਰਨਾਬਾਸ ਨੂੰ ਅੰਤਾਕੀਆ ਘੱਲਿਆ।
23 ਜਦੋਂ ਉਹ ਉੱਥੇ ਪਹੁੰਚਿਆ, ਤਾਂ ਉਹ ਇਹ ਦੇਖ ਕੇ ਬਹੁਤ ਖ਼ੁਸ਼ ਹੋਇਆ ਕਿ ਪਰਮੇਸ਼ੁਰ ਨੇ ਚੇਲਿਆਂ ਉੱਤੇ ਅਪਾਰ ਕਿਰਪਾ ਕੀਤੀ ਸੀ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਹੱਲਾਸ਼ੇਰੀ ਦੇਣ ਲੱਗਾ ਕਿ ਉਹ ਮਨ ਦੇ ਪੱਕੇ ਇਰਾਦੇ ਨਾਲ ਪ੍ਰਭੂ ਦੇ ਵਫ਼ਾਦਾਰ ਰਹਿਣ।
24 ਬਰਨਾਬਾਸ ਇਕ ਨੇਕ ਇਨਸਾਨ ਸੀ ਅਤੇ ਉਸ ਦੀ ਨਿਹਚਾ ਪੱਕੀ ਸੀ ਅਤੇ ਉਹ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ। ਉਸ ਵੇਲੇ ਬਹੁਤ ਸਾਰੇ ਲੋਕ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਏ।
25 ਇਸ ਲਈ ਉਸ ਨੇ ਤਰਸੁਸ ਜਾ ਕੇ ਥਾਂ-ਥਾਂ ਸੌਲੁਸ ਦੀ ਭਾਲ ਕੀਤੀ
26 ਅਤੇ ਉਸ ਨੂੰ ਲੱਭ ਕੇ ਆਪਣੇ ਨਾਲ ਅੰਤਾਕੀਆ ਲੈ ਆਇਆ। ਉਹ ਦੋਵੇਂ ਪੂਰਾ ਸਾਲ ਮੰਡਲੀ ਵਿਚ ਉਨ੍ਹਾਂ ਨਾਲ ਰਹੇ ਅਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ। ਅੰਤਾਕੀਆ ਹੀ ਪਹਿਲੀ ਜਗ੍ਹਾ ਹੈ ਜਿੱਥੇ ਚੇਲੇ ਪਰਮੇਸ਼ੁਰ ਦੀ ਸੇਧ ਨਾਲ ਮਸੀਹੀ ਕਹਾਏ ਜਾਣ ਲੱਗੇ।
27 ਉਨ੍ਹੀਂ ਦਿਨੀਂ ਯਰੂਸ਼ਲਮ ਤੋਂ ਕੁਝ ਨਬੀ ਅੰਤਾਕੀਆ ਆਏ।
28 ਉਨ੍ਹਾਂ ਵਿੱਚੋਂ ਆਗਬੁਸ ਨਾਂ ਦੇ ਇਕ ਨਬੀ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਦੱਸਿਆ ਕਿ ਪੂਰੀ ਦੁਨੀਆਂ ਵਿਚ ਵੱਡਾ ਕਾਲ਼ ਪਵੇਗਾ। (ਇਹ ਕਾਲ਼ ਕਲੋਡੀਉਸ ਦੇ ਸਮੇਂ ਪਿਆ ਸੀ।)
29 ਇਸ ਲਈ ਚੇਲਿਆਂ ਨੇ ਫ਼ੈਸਲਾ ਕੀਤਾ ਕਿ ਸਾਰੇ ਜਣੇ ਆਪਣੀ ਹੈਸੀਅਤ ਅਨੁਸਾਰ ਯਹੂਦੀਆ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲਣ।
30 ਉਨ੍ਹਾਂ ਨੇ ਬਰਨਾਬਾਸ ਤੇ ਸੌਲੁਸ ਦੇ ਹੱਥੀਂ ਬਜ਼ੁਰਗਾਂ ਨੂੰ ਚੀਜ਼ਾਂ ਘੱਲੀਆਂ।