ਰਸੂਲਾਂ ਦੇ ਕੰਮ 15:1-41
15 ਫਿਰ ਯਹੂਦੀਆ ਤੋਂ ਕੁਝ ਆਦਮੀ ਆਏ ਅਤੇ ਭਰਾਵਾਂ ਨੂੰ ਇਹ ਸਿਖਾਉਣ ਲੱਗ ਪਏ: “ਜੇ ਤੁਸੀਂ ਮੂਸਾ ਦੇ ਕਾਨੂੰਨ ਅਨੁਸਾਰ ਸੁੰਨਤ ਨਹੀਂ ਕਰਾਓਗੇ, ਤਾਂ ਤੁਸੀਂ ਬਚਾਏ ਨਹੀਂ ਜਾਓਗੇ।”
2 ਪੌਲੁਸ ਤੇ ਬਰਨਾਬਾਸ ਦਾ ਉਨ੍ਹਾਂ ਨਾਲ ਬਹੁਤ ਝਗੜਾ ਅਤੇ ਬਹਿਸ ਹੋਈ। ਇਸ ਲਈ ਭਰਾਵਾਂ ਨੇ ਪੌਲੁਸ, ਬਰਨਾਬਾਸ ਤੇ ਹੋਰ ਚੇਲਿਆਂ ਨੂੰ ਇਸ ਮਸਲੇ ਬਾਰੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨਾਲ ਗੱਲ ਕਰਨ ਲਈ ਘੱਲਿਆ।
3 ਸਫ਼ਰ ਦੌਰਾਨ ਮੰਡਲੀ ਕੁਝ ਦੂਰ ਤਕ ਉਨ੍ਹਾਂ ਨਾਲ ਗਈ, ਅਤੇ ਫਿਰ ਪੌਲੁਸ, ਬਰਨਾਬਾਸ ਅਤੇ ਹੋਰ ਚੇਲੇ ਫੈਨੀਕੇ ਤੇ ਸਾਮਰੀਆ ਵਿੱਚੋਂ ਦੀ ਲੰਘੇ ਅਤੇ ਉੱਥੋਂ ਦੇ ਭਰਾਵਾਂ ਨੂੰ ਦੱਸਿਆ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕ ਵੀ ਪਰਮੇਸ਼ੁਰ ਦੀ ਭਗਤੀ ਕਰਨ ਲੱਗ ਪਏ ਸਨ ਅਤੇ ਇਹ ਸੁਣ ਕੇ ਸਾਰੇ ਭਰਾ ਬੜੇ ਖ਼ੁਸ਼ ਹੋਏ।
4 ਜਦੋਂ ਉਹ ਯਰੂਸ਼ਲਮ ਪਹੁੰਚੇ, ਤਾਂ ਮੰਡਲੀ ਅਤੇ ਰਸੂਲਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਦਾ ਖ਼ੁਸ਼ੀ-ਖ਼ੁਸ਼ੀ ਸੁਆਗਤ ਕੀਤਾ ਅਤੇ ਪੌਲੁਸ ਤੇ ਬਰਨਾਬਾਸ ਨੇ ਉਨ੍ਹਾਂ ਸਾਰੇ ਕੰਮਾਂ ਬਾਰੇ ਦੱਸਿਆ ਜੋ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੇ ਸਨ।
5 ਪਰ ਕੁਝ ਚੇਲੇ, ਜਿਹੜੇ ਪਹਿਲਾਂ ਫ਼ਰੀਸੀਆਂ ਦੇ ਪੰਥ ਵਿਚ ਹੁੰਦੇ ਸਨ, ਉੱਠ ਕੇ ਕਹਿਣ ਲੱਗੇ: “ਗ਼ੈਰ-ਯਹੂਦੀ ਲੋਕਾਂ ਲਈ ਸੁੰਨਤ ਕਰਾਉਣੀ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਜਾਵੇ ਕਿ ਉਹ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਨ।”
6 ਇਸ ਲਈ, ਰਸੂਲ ਅਤੇ ਬਜ਼ੁਰਗ ਇਸ ਮਸਲੇ ਉੱਤੇ ਗੱਲ ਕਰਨ ਲਈ ਇਕੱਠੇ ਹੋਏ।
7 ਇਸ ਮਸਲੇ ਉੱਤੇ ਕਾਫ਼ੀ ਬਹਿਸ ਕਰਨ ਤੋਂ ਬਾਅਦ ਪਤਰਸ ਖੜ੍ਹਾ ਹੋਇਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਪਹਿਲਾਂ ਸਾਡੇ ਵਿੱਚੋਂ ਮੈਨੂੰ ਚੁਣਿਆ ਸੀ ਕਿ ਮੇਰੇ ਰਾਹੀਂ ਗ਼ੈਰ-ਯਹੂਦੀ ਕੌਮਾਂ ਖ਼ੁਸ਼ ਖ਼ਬਰੀ ਸੁਣਨ ਅਤੇ ਨਿਹਚਾ ਕਰਨ।
8 ਅਤੇ ਪਰਮੇਸ਼ੁਰ ਨੇ, ਜਿਹੜਾ ਦਿਲਾਂ ਨੂੰ ਜਾਣਦਾ ਹੈ, ਸਾਡੇ ਵਾਂਗ ਉਨ੍ਹਾਂ ਨੂੰ ਵੀ ਪਵਿੱਤਰ ਸ਼ਕਤੀ ਦੇ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਸ ਨੇ ਉਨ੍ਹਾਂ ਨੂੰ ਕਬੂਲ ਕਰ ਲਿਆ ਹੈ।
9 ਉਸ ਨੇ ਸਾਡੇ ਵਿਚ ਅਤੇ ਉਨ੍ਹਾਂ ਵਿਚ ਕੋਈ ਫ਼ਰਕ ਨਹੀਂ ਕੀਤਾ, ਪਰ ਉਨ੍ਹਾਂ ਦੀ ਨਿਹਚਾ ਕਰਕੇ ਉਨ੍ਹਾਂ ਦੇ ਦਿਲਾਂ ਨੂੰ ਸ਼ੁੱਧ ਕੀਤਾ।
10 ਇਸ ਲਈ, ਜਿਹੜਾ ਬੋਝ ਨਾ ਤਾਂ ਸਾਡੇ ਪਿਉ-ਦਾਦੇ ਤੇ ਨਾ ਹੀ ਅਸੀਂ ਚੁੱਕ ਸਕੇ, ਤੁਸੀਂ ਉਹੀ ਬੋਝ ਹੁਣ ਚੇਲਿਆਂ ਦੀਆਂ ਧੌਣਾਂ ਉੱਤੇ ਕਿਉਂ ਰੱਖ ਰਹੇ ਹੋ ਅਤੇ ਇਸ ਤਰ੍ਹਾਂ ਕਰ ਕੇ ਪਰਮੇਸ਼ੁਰ ਨੂੰ ਕਿਉਂ ਪਰਖ ਰਹੇ ਹੋ?
11 ਇਸ ਦੀ ਬਜਾਇ, ਸਾਨੂੰ ਭਰੋਸਾ ਹੈ ਕਿ ਅਸੀਂ ਪ੍ਰਭੂ ਯਿਸੂ ਦੀ ਅਪਾਰ ਕਿਰਪਾ ਕਰਕੇ ਬਚਾਏ ਜਾਵਾਂਗੇ, ਅਤੇ ਗ਼ੈਰ-ਯਹੂਦੀ ਲੋਕ ਵੀ ਇਹੀ ਭਰੋਸਾ ਰੱਖਦੇ ਹਨ।”
12 ਪਤਰਸ ਦੀ ਗੱਲ ਸੁਣ ਕੇ ਸਾਰੇ ਜਣੇ ਚੁੱਪ ਕਰ ਗਏ ਅਤੇ ਫਿਰ ਉਹ ਬਰਨਾਬਾਸ ਅਤੇ ਪੌਲੁਸ ਦੀ ਗੱਲ ਸੁਣਨ ਲੱਗ ਪਏ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਰਾਹੀਂ ਗ਼ੈਰ-ਯਹੂਦੀ ਕੌਮਾਂ ਵਿਚ ਕਿੰਨੀਆਂ ਨਿਸ਼ਾਨੀਆਂ ਦਿਖਾਈਆਂ ਅਤੇ ਚਮਤਕਾਰ ਕੀਤੇ।
13 ਜਦੋਂ ਉਹ ਗੱਲ ਕਰ ਹਟੇ, ਤਾਂ ਯਾਕੂਬ ਨੇ ਕਿਹਾ: “ਭਰਾਵੋ, ਮੇਰੀ ਗੱਲ ਸੁਣੋ।
14 ਪਤਰਸ* ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਲੋਕਾਂ ਨੂੰ ਆਪਣਾ ਨਾਂ ਦੇਵੇ।
15 ਨਬੀਆਂ ਦੀਆਂ ਲਿਖਤਾਂ ਵੀ ਇਸ ਗੱਲ ਨਾਲ ਸਹਿਮਤ ਹਨ ਜਿਨ੍ਹਾਂ ਵਿਚ ਲਿਖਿਆ ਹੈ:
16 ‘ਇਨ੍ਹਾਂ ਗੱਲਾਂ ਪਿੱਛੋਂ ਮੈਂ ਵਾਪਸ ਆ ਕੇ ਦਾਊਦ ਦੇ ਡਿਗੇ ਹੋਏ ਘਰ ਨੂੰ ਮੁੜ ਬਣਾਵਾਂਗਾ; ਮੈਂ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ ਅਤੇ ਇਸ ਨੂੰ ਮੁੜ ਬਣਾਵਾਂਗਾ,
17 ਤਾਂਕਿ ਇਸ ਕੌਮ ਦੇ ਬਚੇ ਹੋਏ ਲੋਕ ਸਾਰੀਆਂ ਕੌਮਾਂ ਦੇ ਲੋਕਾਂ ਨਾਲ, ਜਿਨ੍ਹਾਂ ਨੂੰ ਮੈਂ ਆਪਣਾ ਨਾਂ ਦਿਆਂਗਾ, ਮਿਲ ਕੇ ਦਿਲੋਂ ਯਹੋਵਾਹ ਦੀ ਭਾਲ ਕਰਨ, ਯਹੋਵਾਹ ਕਹਿੰਦਾ ਹੈ। ਉਹੀ ਇਹ ਕੰਮ ਕਰ ਰਿਹਾ ਹੈ,
18 ਅਤੇ ਉਸ ਨੇ ਬਹੁਤ ਸਮਾਂ ਪਹਿਲਾਂ ਹੀ ਇਹ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ।’
19 ਇਸ ਲਈ ਮੇਰੀ ਸਲਾਹ ਇਹੀ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਗ਼ੈਰ-ਯਹੂਦੀ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਨਾ ਕੀਤੀਆਂ ਜਾਣ,
20 ਪਰ ਉਨ੍ਹਾਂ ਨੂੰ ਲਿਖ ਕੇ ਦੱਸਿਆ ਜਾਵੇ ਕਿ ਉਹ ਮੂਰਤੀ-ਪੂਜਾ ਨਾਲ ਭ੍ਰਿਸ਼ਟ ਹੋਈਆਂ ਚੀਜ਼ਾਂ ਤੋਂ, ਹਰਾਮਕਾਰੀ* ਤੋਂ, ਗਲਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ ਅਤੇ ਲਹੂ ਤੋਂ ਦੂਰ ਰਹਿਣ।
21 ਪੁਰਾਣੇ ਸਮਿਆਂ ਤੋਂ ਲੋਕ ਹਰ ਸ਼ਹਿਰ ਵਿਚ ਮੂਸਾ ਦੀਆਂ ਗੱਲਾਂ ਦਾ ਪ੍ਰਚਾਰ ਕਰਦੇ ਆਏ ਹਨ ਕਿਉਂਕਿ ਉਸ ਦੀਆਂ ਲਿਖੀਆਂ ਗੱਲਾਂ ਸਭਾ ਘਰਾਂ ਵਿਚ ਹਰ ਸਬਤ ਦੇ ਦਿਨ ਉੱਚੀ ਆਵਾਜ਼ ਵਿਚ ਪੜ੍ਹੀਆਂ ਜਾਂਦੀਆਂ ਹਨ।”
22 ਫਿਰ ਰਸੂਲਾਂ ਅਤੇ ਬਜ਼ੁਰਗਾਂ ਨੇ ਪੂਰੀ ਮੰਡਲੀ ਨਾਲ ਮਿਲ ਕੇ ਫ਼ੈਸਲਾ ਕੀਤਾ ਕਿ ਆਪਣੇ ਵਿੱਚੋਂ ਦੋ ਜਣਿਆਂ ਨੂੰ ਚੁਣ ਕੇ ਪੌਲੁਸ ਅਤੇ ਬਰਨਾਬਾਸ ਨਾਲ ਅੰਤਾਕੀਆ ਨੂੰ ਘੱਲਿਆ ਜਾਵੇ। ਉਨ੍ਹਾਂ ਨੇ ਭਰਾਵਾਂ ਦੀ ਅਗਵਾਈ ਕਰਨ ਵਾਲੇ ਯਹੂਦਾ ਉਰਫ਼ ਬਾਰਸਬੱਸ ਅਤੇ ਸੀਲਾਸ ਨੂੰ ਚੁਣਿਆ।
23 ਰਸੂਲਾਂ ਤੇ ਬਜ਼ੁਰਗਾਂ ਨੇ ਚਿੱਠੀ ਲਿਖ ਕੇ ਉਨ੍ਹਾਂ ਦੇ ਹੱਥੀਂ ਘੱਲੀ:
“ਰਸੂਲਾਂ ਤੇ ਬਜ਼ੁਰਗਾਂ ਵੱਲੋਂ ਅੰਤਾਕੀਆ, ਸੀਰੀਆ ਤੇ ਕਿਲਿਕੀਆ ਦੇ ਭਰਾਵਾਂ ਨੂੰ, ਜਿਹੜੇ ਗ਼ੈਰ-ਯਹੂਦੀ ਕੌਮਾਂ ਵਿੱਚੋਂ ਹਨ, ਨਮਸਕਾਰ!
24 ਅਸੀਂ ਸੁਣਿਆ ਹੈ ਕਿ ਸਾਡੇ ਵਿੱਚੋਂ ਕੁਝ ਜਣਿਆਂ ਨੇ ਆ ਕੇ ਆਪਣੀਆਂ ਸਿੱਖਿਆਵਾਂ ਦੁਆਰਾ ਤੁਹਾਡੇ ਵਾਸਤੇ ਮੁਸੀਬਤ ਖੜ੍ਹੀ ਕੀਤੀ ਅਤੇ ਤੁਹਾਡੀ ਨਿਹਚਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਕਿ ਅਸੀਂ ਉਨ੍ਹਾਂ ਨੂੰ ਇਹ ਸਿੱਖਿਆ ਦੇਣ ਦੀ ਕੋਈ ਹਿਦਾਇਤ ਨਹੀਂ ਦਿੱਤੀ ਸੀ।
25 ਅਸੀਂ ਸਾਰਿਆਂ ਨੇ ਸਹਿਮਤ ਹੋ ਕੇ ਫ਼ੈਸਲਾ ਲਿਆ ਹੈ ਕਿ ਕੁਝ ਆਦਮੀਆਂ ਨੂੰ ਚੁਣ ਕੇ ਸਾਡੇ ਪਿਆਰੇ ਭਰਾਵਾਂ ਬਰਨਾਬਾਸ ਤੇ ਪੌਲੁਸ ਨਾਲ ਤੁਹਾਡੇ ਕੋਲ ਘੱਲਿਆ ਜਾਵੇ।
26 ਇਨ੍ਹਾਂ ਦੋਵਾਂ ਭਰਾਵਾਂ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਦੀ ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਪਾਈ ਹੈ।
27 ਅਸੀਂ ਯਹੂਦਾ ਅਤੇ ਸੀਲਾਸ ਨੂੰ ਇਸ ਲਈ ਘੱਲ ਰਹੇ ਹਾਂ ਤਾਂਕਿ ਉਹ ਵੀ ਚਿੱਠੀ ਵਿਚ ਲਿਖੀਆਂ ਗੱਲਾਂ ਦੀ ਗਵਾਹੀ ਦੇਣ।
28 ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਸਿਵਾਇ ਅਸੀਂ ਤੁਹਾਡੇ ਉੱਤੇ ਵਾਧੂ ਬੋਝ ਨਾ ਪਾਈਏ ਕਿ
29 ਤੁਸੀਂ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ, ਲਹੂ ਤੋਂ, ਗਲਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ ਅਤੇ ਹਰਾਮਕਾਰੀ ਤੋਂ ਦੂਰ ਰਹੋ। ਜੇ ਤੁਸੀਂ ਧਿਆਨ ਨਾਲ ਇਨ੍ਹਾਂ ਗੱਲਾਂ ਦੀ ਪਾਲਣਾ ਕਰੋਗੇ, ਤਾਂ ਤੁਹਾਡਾ ਭਲਾ ਹੋਵੇਗਾ। ਰਾਜ਼ੀ ਰਹੋ!”
30 ਫਿਰ ਉਹ ਆਦਮੀ ਉੱਥੋਂ ਅੰਤਾਕੀਆ ਨੂੰ ਚਲੇ ਗਏ ਅਤੇ ਉੱਥੇ ਉਨ੍ਹਾਂ ਨੇ ਚੇਲਿਆਂ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਚਿੱਠੀ ਦੇ ਦਿੱਤੀ।
31 ਚਿੱਠੀ ਪੜ੍ਹ ਕੇ ਉਨ੍ਹਾਂ ਨੂੰ ਖ਼ੁਸ਼ੀ ਹੋਈ ਅਤੇ ਹੌਸਲਾ ਮਿਲਿਆ।
32 ਯਹੂਦਾ ਅਤੇ ਸੀਲਾਸ ਆਪ ਵੀ ਨਬੀ ਸਨ, ਇਸ ਲਈ ਉਨ੍ਹਾਂ ਨੇ ਵੀ ਆਪਣੀਆਂ ਗੱਲਾਂ ਨਾਲ ਭਰਾਵਾਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਨੂੰ ਤਕੜਾ ਕੀਤਾ।
33 ਕੁਝ ਸਮੇਂ ਬਾਅਦ ਭਰਾਵਾਂ ਨੇ ਉਨ੍ਹਾਂ ਨੂੰ ਸ਼ਾਂਤੀ ਨਾਲ ਵਿਦਾ ਕੀਤਾ ਅਤੇ ਉਹ ਵਾਪਸ ਯਰੂਸ਼ਲਮ ਆ ਗਏ।
34 *——
35 ਪਰ, ਪੌਲੁਸ ਅਤੇ ਬਰਨਾਬਾਸ ਅੰਤਾਕੀਆ ਵਿਚ ਰਹਿ ਕੇ ਸਿੱਖਿਆ ਦਿੰਦੇ ਰਹੇ ਅਤੇ ਦੂਸਰਿਆਂ ਨਾਲ ਮਿਲ ਕੇ ਯਹੋਵਾਹ ਦੇ ਬਚਨ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।
36 ਫਿਰ ਕੁਝ ਦਿਨਾਂ ਬਾਅਦ ਪੌਲੁਸ ਨੇ ਬਰਨਾਬਾਸ ਨੂੰ ਕਿਹਾ: “ਚਲੋ ਆਪਾਂ ਉਨ੍ਹਾਂ ਸਾਰੇ ਸ਼ਹਿਰਾਂ ਵਿਚ ਵਾਪਸ ਜਾ ਕੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਏ ਜਿੱਥੇ ਅਸੀਂ ਯਹੋਵਾਹ ਦੇ ਬਚਨ ਦਾ ਪ੍ਰਚਾਰ ਕੀਤਾ ਸੀ।”
37 ਬਰਨਾਬਾਸ ਨੇ ਯੂਹੰਨਾ ਉਰਫ਼ ਮਰਕੁਸ ਨੂੰ ਆਪਣੇ ਨਾਲ ਲਿਜਾਣ ਦਾ ਮਨ ਬਣਾਇਆ ਹੋਇਆ ਸੀ।
38 ਪਰ ਪੌਲੁਸ ਉਸ ਨੂੰ ਆਪਣੇ ਨਾਲ ਨਹੀਂ ਲਿਜਾਣਾ ਚਾਹੁੰਦਾ ਸੀ ਕਿਉਂਕਿ ਉਹ ਪਮਫੀਲੀਆ ਵਿਚ ਉਨ੍ਹਾਂ ਨੂੰ ਛੱਡ ਕੇ ਵਾਪਸ ਆ ਗਿਆ ਸੀ ਅਤੇ ਪ੍ਰਚਾਰ ਦਾ ਕੰਮ ਕਰਨ ਲਈ ਉਨ੍ਹਾਂ ਦੇ ਨਾਲ ਨਹੀਂ ਗਿਆ ਸੀ।
39 ਇਸ ਗੱਲ ’ਤੇ ਉਨ੍ਹਾਂ ਦੋਵਾਂ ਵਿਚ ਬਹੁਤ ਝਗੜਾ ਹੋਇਆ ਅਤੇ ਉਹ ਇਕ-ਦੂਜੇ ਤੋਂ ਵੱਖ ਹੋ ਗਏ; ਬਰਨਾਬਾਸ ਨੇ ਆਪਣੇ ਨਾਲ ਮਰਕੁਸ ਨੂੰ ਲਿਆ ਅਤੇ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸਾਈਪ੍ਰਸ ਨੂੰ ਚਲਾ ਗਿਆ।
40 ਭਰਾਵਾਂ ਨੇ ਪੌਲੁਸ ਨੂੰ ਯਹੋਵਾਹ ਦੇ ਸਹਾਰੇ ਛੱਡ ਦਿੱਤਾ ਕਿ ਉਹ ਉਸ ਉੱਤੇ ਆਪਣੀ ਅਪਾਰ ਕਿਰਪਾ ਕਰੇ। ਇਸ ਤੋਂ ਬਾਅਦ ਪੌਲੁਸ ਸੀਲਾਸ ਨੂੰ ਲੈ ਕੇ
41 ਸੀਰੀਆ ਅਤੇ ਕਿਲਿਕੀਆ ਵਿੱਚੋਂ ਜਾਂਦਾ ਹੋਇਆ ਮੰਡਲੀਆਂ ਦਾ ਹੌਸਲਾ ਵਧਾਉਂਦਾ ਗਿਆ।