ਰਸੂਲਾਂ ਦੇ ਕੰਮ 3:1-26
3 ਇਕ ਦਿਨ ਪਤਰਸ ਤੇ ਯੂਹੰਨਾ ਪ੍ਰਾਰਥਨਾ ਦੇ ਸਮੇਂ, ਦੁਪਹਿਰ ਦੇ ਤਿੰਨ ਕੁ ਵਜੇ* ਮੰਦਰ ਨੂੰ ਜਾ ਰਹੇ ਸਨ।
2 ਉਸ ਵੇਲੇ ਲੋਕ ਇਕ ਜਮਾਂਦਰੂ ਲੰਗੜੇ ਨੂੰ ਚੁੱਕੀ ਲਿਜਾ ਰਹੇ ਸਨ। ਉਸ ਨੂੰ ਹਰ ਰੋਜ਼ ਮੰਦਰ ਦੇ “ਸੁੰਦਰ” ਨਾਂ ਦੇ ਦਰਵਾਜ਼ੇ ਕੋਲ ਬਿਠਾ ਦਿੱਤਾ ਜਾਂਦਾ ਸੀ ਤਾਂਕਿ ਉਹ ਮੰਦਰ ਵਿਚ ਆਉਣ ਵਾਲਿਆਂ ਤੋਂ ਭੀਖ ਮੰਗ ਸਕੇ।
3 ਜਦੋਂ ਉਸ ਨੇ ਪਤਰਸ ਤੇ ਯੂਹੰਨਾ ਨੂੰ ਮੰਦਰ ਵਿਚ ਵੜਦਿਆਂ ਦੇਖਿਆ, ਤਾਂ ਉਸ ਨੇ ਉਨ੍ਹਾਂ ਤੋਂ ਭੀਖ ਮੰਗੀ।
4 ਪਤਰਸ ਅਤੇ ਯੂਹੰਨਾ ਨੇ ਉਸ ਵੱਲ ਗੌਰ ਨਾਲ ਦੇਖਿਆ ਅਤੇ ਪਤਰਸ ਨੇ ਕਿਹਾ: “ਸਾਡੇ ਵੱਲ ਦੇਖ।”
5 ਸੋ ਉਸ ਨੇ ਕੁਝ ਮਿਲਣ ਦੀ ਆਸ ਨਾਲ ਉਨ੍ਹਾਂ ਵੱਲ ਧਿਆਨ ਨਾਲ ਦੇਖਿਆ।
6 ਪਰ ਪਤਰਸ ਨੇ ਕਿਹਾ: “ਨਾ ਤਾਂ ਮੇਰੇ ਕੋਲ ਚਾਂਦੀ ਹੈ ਤੇ ਨਾ ਹੀ ਸੋਨਾ, ਪਰ ਜੋ ਮੇਰੇ ਕੋਲ ਹੈ, ਉਹ ਮੈਂ ਤੈਨੂੰ ਦਿੰਦਾ ਹਾਂ: ਮੈਂ ਤੈਨੂੰ ਯਿਸੂ ਮਸੀਹ ਨਾਸਰੀ ਦੇ ਨਾਂ ’ਤੇ ਕਹਿੰਦਾ ਹਾਂ, ਉੱਠ ਅਤੇ ਤੁਰ!”
7 ਇਹ ਕਹਿ ਕੇ ਪਤਰਸ ਨੇ ਉਸ ਦਾ ਸੱਜਾ ਹੱਥ ਫੜ ਕੇ ਉਸ ਨੂੰ ਖੜ੍ਹਾ ਕੀਤਾ। ਉਸੇ ਵੇਲੇ ਉਸ ਦੇ ਪੈਰਾਂ ਅਤੇ ਗਿੱਟਿਆਂ ਵਿਚ ਜਾਨ ਆ ਗਈ;
8 ਅਤੇ ਉਹ ਫੁਰਤੀ ਨਾਲ ਖੜ੍ਹਾ ਹੋਇਆ ਅਤੇ ਤੁਰਨ-ਫਿਰਨ ਲੱਗ ਪਿਆ। ਫਿਰ ਉਹ ਉਨ੍ਹਾਂ ਨਾਲ ਮੰਦਰ ਵਿਚ ਚਲਾ ਗਿਆ ਅਤੇ ਤੁਰਦਾ ਤੇ ਨੱਚਦਾ-ਟੱਪਦਾ ਪਰਮੇਸ਼ੁਰ ਦੀ ਵਡਿਆਈ ਕਰਨ ਲੱਗਾ।
9 ਅਤੇ ਸਾਰੇ ਲੋਕਾਂ ਨੇ ਉਸ ਨੂੰ ਤੁਰਦਿਆਂ ਤੇ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਦੇਖਿਆ।
10 ਨਾਲੇ, ਉਨ੍ਹਾਂ ਨੇ ਉਸ ਨੂੰ ਪਛਾਣ ਲਿਆ ਕਿ ਇਹ ਉਹੀ ਆਦਮੀ ਸੀ ਜਿਹੜਾ ਮੰਦਰ ਦੇ “ਸੁੰਦਰ” ਨਾਂ ਦੇ ਦਰਵਾਜ਼ੇ ਲਾਗੇ ਬੈਠਾ ਭੀਖ ਮੰਗਦਾ ਹੁੰਦਾ ਸੀ ਅਤੇ ਉਸ ਨੂੰ ਤੁਰਦਾ-ਫਿਰਦਾ ਦੇਖ ਕੇ ਉਹ ਦੰਗ ਰਹਿ ਗਏ।
11 ਉਸ ਆਦਮੀ ਨੇ ਅਜੇ ਤਕ ਪਤਰਸ ਤੇ ਯੂਹੰਨਾ ਦਾ ਹੱਥ ਫੜਿਆ ਹੋਇਆ ਸੀ ਅਤੇ ਸਾਰੇ ਹੱਕੇ-ਬੱਕੇ ਹੋਏ ਲੋਕ ਭੱਜ ਕੇ ਉਨ੍ਹਾਂ ਕੋਲ ਸੁਲੇਮਾਨ ਦੇ ਬਰਾਂਡੇ ਵਿਚ ਆ ਗਏ।
12 ਪਤਰਸ ਨੇ ਉਨ੍ਹਾਂ ਨੂੰ ਦੇਖ ਕੇ ਕਿਹਾ: “ਇਜ਼ਰਾਈਲ ਦੇ ਲੋਕੋ, ਤੁਸੀਂ ਇਸ ਗੱਲ ’ਤੇ ਇੰਨੇ ਹੈਰਾਨ ਕਿਉਂ ਹੋ ਜਾਂ ਤੁਸੀਂ ਸਾਡੇ ਵੱਲ ਇਸ ਤਰ੍ਹਾਂ ਕਿਉਂ ਦੇਖ ਰਹੇ ਹੋ, ਜਿਵੇਂ ਕਿ ਅਸੀਂ ਆਪਣੀ ਤਾਕਤ ਜਾਂ ਆਪਣੀ ਸ਼ਰਧਾ ਸਦਕਾ ਇਸ ਆਦਮੀ ਨੂੰ ਤੁਰਨ-ਫਿਰਨ ਦੇ ਕਾਬਲ ਬਣਾਇਆ ਹੋਵੇ?
13 ਸਾਡੇ ਪਿਉ-ਦਾਦਿਆਂ ਯਾਨੀ ਅਬਰਾਹਾਮ, ਇਸਹਾਕ ਤੇ ਯਾਕੂਬ ਦੇ ਪਰਮੇਸ਼ੁਰ ਨੇ ਆਪਣੇ ਸੇਵਕ ਯਿਸੂ ਨੂੰ ਮਹਿਮਾ ਦਿੱਤੀ। ਇਸੇ ਯਿਸੂ ਨੂੰ ਤੁਸੀਂ ਠੁਕਰਾ ਦਿੱਤਾ ਅਤੇ ਉਸ ਨੂੰ ਜਾਨੋਂ ਮਾਰਨ ਲਈ ਦੂਸਰਿਆਂ ਦੇ ਹੱਥ ਵਿਚ ਦੇ ਦਿੱਤਾ, ਭਾਵੇਂ ਪਿਲਾਤੁਸ ਨੇ ਉਸ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ ਸੀ।
14 ਹਾਂ, ਤੁਸੀਂ ਉਸ ਪਵਿੱਤਰ ਅਤੇ ਧਰਮੀ ਇਨਸਾਨ ਨੂੰ ਠੁਕਰਾ ਦਿੱਤਾ ਅਤੇ ਤੁਸੀਂ ਮੰਗ ਕੀਤੀ ਕਿ ਤੁਹਾਡੇ ਲਈ ਇਕ ਕਾਤਲ ਨੂੰ ਛੱਡਿਆ ਜਾਵੇ,
15 ਜਦ ਕਿ ਤੁਸੀਂ ਉਸ ਇਨਸਾਨ ਨੂੰ ਮਾਰ ਦਿੱਤਾ ਜਿਸ ਨੂੰ ਇਨਸਾਨਾਂ ਨੂੰ ਜੀਵਨ ਦੇਣ ਲਈ ਨਿਯੁਕਤ ਕੀਤਾ ਗਿਆ ਹੈ। ਪਰ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ।
16 ਇਸ ਲਈ, ਉਸ ਦੇ ਨਾਂ ਸਦਕਾ ਅਤੇ ਉਸ ਦੇ ਨਾਂ ’ਤੇ ਸਾਡੀ ਨਿਹਚਾ ਕਰਕੇ ਇਸ ਆਦਮੀ ਨੂੰ ਤਕੜਾ ਕੀਤਾ ਗਿਆ ਹੈ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ। ਹਾਂ, ਯਿਸੂ ’ਤੇ ਸਾਡੀ ਨਿਹਚਾ ਸਦਕਾ ਹੀ ਇਸ ਆਦਮੀ ਨੂੰ ਤੁਹਾਡੇ ਸਾਰਿਆਂ ਸਾਮ੍ਹਣੇ ਪੂਰੀ ਤਰ੍ਹਾਂ ਤੰਦਰੁਸਤ ਕੀਤਾ ਗਿਆ ਹੈ।
17 ਭਰਾਵੋ, ਮੈਂ ਜਾਣਦਾ ਹਾਂ ਕਿ ਤੁਸੀਂ ਆਪਣੇ ਧਾਰਮਿਕ ਆਗੂਆਂ ਵਾਂਗ ਅਣਜਾਣੇ ਵਿਚ ਇਹ ਸਭ ਕੁਝ ਕੀਤਾ।
18 ਪਰਮੇਸ਼ੁਰ ਨੇ ਇਹ ਸਭ ਕੁਝ ਹੋਣ ਦਿੱਤਾ ਤਾਂਕਿ ਸਾਰੇ ਨਬੀਆਂ ਰਾਹੀਂ ਕਹੀਆਂ ਉਸ ਦੀਆਂ ਗੱਲਾਂ ਪੂਰੀਆਂ ਹੋਣ, ਯਾਨੀ ਮਸੀਹ ਨੂੰ ਦੁੱਖ ਝੱਲਣੇ ਪੈਣਗੇ।
19 “ਇਸ ਲਈ ਤੋਬਾ ਕਰੋ ਅਤੇ ਪਰਮੇਸ਼ੁਰ ਵੱਲ ਮੁੜ ਆਓ ਤਾਂਕਿ ਤੁਹਾਡੇ ਪਾਪ ਮਿਟਾਏ ਜਾਣ ਅਤੇ ਯਹੋਵਾਹ ਵੱਲੋਂ ਰਾਹਤ ਦੇ ਦਿਨ ਆਉਣ
20 ਅਤੇ ਉਹ ਮਸੀਹ ਯਿਸੂ ਨੂੰ ਘੱਲੇ ਜਿਸ ਨੂੰ ਉਸ ਨੇ ਤੁਹਾਡੇ ਲਈ ਨਿਯੁਕਤ ਕੀਤਾ ਹੈ।
21 ਉਸ ਵਾਸਤੇ ਉਦੋਂ ਤਕ ਸਵਰਗ ਵਿਚ ਰਹਿਣਾ ਜ਼ਰੂਰੀ ਹੈ ਜਦੋਂ ਤਕ ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ ਨਹੀਂ ਕਰ ਦਿੱਤਾ ਜਾਂਦਾ। ਇਸ ਮੁੜ ਬਹਾਲੀ ਬਾਰੇ ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਆਪਣੇ ਪਵਿੱਤਰ ਨਬੀਆਂ ਰਾਹੀਂ ਦੱਸਿਆ ਸੀ।
22 ਅਸਲ ਵਿਚ, ਮੂਸਾ ਨੇ ਕਿਹਾ ਸੀ, ‘ਯਹੋਵਾਹ ਪਰਮੇਸ਼ੁਰ ਤੁਹਾਡੇ ਲਈ ਮੇਰੇ ਵਰਗਾ ਇਕ ਨਬੀ ਤੁਹਾਡੇ ਲੋਕਾਂ ਵਿੱਚੋਂ ਚੁਣੇਗਾ। ਉਹ ਜੋ ਵੀ ਤੁਹਾਨੂੰ ਕਹੇ, ਉਸ ਦੀ ਗੱਲ ਸੁਣਿਓ।
23 ਜਿਹੜਾ ਇਨਸਾਨ ਉਸ ਨਬੀ ਦੀ ਗੱਲ ਨਹੀਂ ਸੁਣੇਗਾ, ਉਸ ਨੂੰ ਨਾਸ਼ ਕਰ ਦਿੱਤਾ ਜਾਵੇਗਾ।’
24 ਅਸਲ ਵਿਚ, ਨਬੀ ਸਮੂਏਲ ਤੋਂ ਲੈ ਕੇ ਸਾਰੇ ਨਬੀਆਂ ਨੇ, ਜਿਨ੍ਹਾਂ ਨੇ ਵੀ ਭਵਿੱਖਬਾਣੀ ਕੀਤੀ ਸੀ, ਇਨ੍ਹਾਂ ਦਿਨਾਂ ਬਾਰੇ ਸਾਫ਼-ਸਾਫ਼ ਦੱਸਿਆ ਸੀ।
25 ਤੁਸੀਂ ਨਬੀਆਂ ਦੀ ਸੰਤਾਨ ਅਤੇ ਉਸ ਇਕਰਾਰ ਦੇ ਵਾਰਸ ਹੋ ਜੋ ਪਰਮੇਸ਼ੁਰ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ। ਉਸ ਨੇ ਅਬਰਾਹਾਮ ਨੂੰ ਕਿਹਾ ਸੀ: ‘ਤੇਰੀ ਸੰਤਾਨ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤਾਂ ਦਿੱਤੀਆਂ ਜਾਣਗੀਆਂ।’
26 ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਚੁਣ ਕੇ ਪਹਿਲਾਂ ਤੁਹਾਡੇ ਕੋਲ ਘੱਲਿਆ ਕਿ ਉਹ ਤੁਹਾਨੂੰ ਸਾਰਿਆਂ ਨੂੰ ਬੁਰੇ ਕੰਮਾਂ ਤੋਂ ਮੋੜੇ। ਇਹ ਤੁਹਾਡੇ ਲਈ ਬਰਕਤ ਸਾਬਤ ਹੋਵੇਗੀ।”
ਫੁਟਨੋਟ
^ ਯੂਨਾਨੀ ਵਿਚ, “ਨੌਵਾਂ ਘੰਟਾ।” ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।