ਰਸੂਲਾਂ ਦੇ ਕੰਮ 7:1-60
7 ਪਰ ਮਹਾਂ ਪੁਜਾਰੀ ਨੇ ਉਸ ਨੂੰ ਪੁੱਛਿਆ: “ਕੀ ਇਹ ਸੱਚ ਹੈ?”
2 ਇਸਤੀਫ਼ਾਨ ਨੇ ਕਿਹਾ: “ਭਰਾਵੋ ਅਤੇ ਪਿਤਾ-ਸਮਾਨ ਬਜ਼ੁਰਗੋ, ਮੇਰੀ ਗੱਲ ਸੁਣੋ। ਹਾਰਾਨ ਵਿਚ ਵਸਣ ਤੋਂ ਪਹਿਲਾਂ, ਮਸੋਪੋਤਾਮੀਆ ਵਿਚ ਰਹਿੰਦੇ ਵੇਲੇ ਸਾਡੇ ਪੂਰਵਜ ਅਬਰਾਹਾਮ ਨੂੰ ਮਹਿਮਾਵਾਨ ਪਰਮੇਸ਼ੁਰ ਨੇ ਦਰਸ਼ਣ ਦਿੱਤਾ ਸੀ।
3 ਅਤੇ ਪਰਮੇਸ਼ੁਰ ਨੇ ਉਸ ਨੂੰ ਕਿਹਾ, ‘ਆਪਣੇ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਉਸ ਦੇਸ਼ ਨੂੰ ਚਲਾ ਜਾ ਜਿਹੜਾ ਦੇਸ਼ ਮੈਂ ਤੈਨੂੰ ਦਿਖਾਵਾਂਗਾ।’
4 ਫਿਰ ਉਹ ਕਸਦੀਆਂ ਦਾ ਦੇਸ਼ ਛੱਡ ਕੇ ਹਾਰਾਨ ਵਿਚ ਵੱਸ ਗਿਆ। ਉੱਥੇ ਉਸ ਦੇ ਪਿਤਾ ਦੇ ਮਰਨ ਤੋਂ ਬਾਅਦ, ਪਰਮੇਸ਼ੁਰ ਨੇ ਉਸ ਨੂੰ ਇਸ ਦੇਸ਼ ਵਿਚ ਆ ਕੇ ਰਹਿਣ ਲਈ ਕਿਹਾ ਜਿੱਥੇ ਹੁਣ ਤੁਸੀਂ ਵੱਸਦੇ ਹੋ।
5 ਉਸ ਸਮੇਂ ਪਰਮੇਸ਼ੁਰ ਨੇ ਉਸ ਨੂੰ ਵਿਰਾਸਤ ਦੇ ਤੌਰ ਤੇ ਇਸ ਦੇਸ਼ ਵਿਚ ਕੋਈ ਜ਼ਮੀਨ ਨਾ ਦਿੱਤੀ, ਇੱਥੋਂ ਤਕ ਕਿ ਪੈਰ ਰੱਖਣ ਜੋਗੀ ਵੀ ਥਾਂ ਨਾ ਦਿੱਤੀ; ਪਰ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਇਹ ਦੇਸ਼ ਉਸ ਨੂੰ ਅਤੇ ਉਸ ਤੋਂ ਬਾਅਦ ਉਸ ਦੀ ਸੰਤਾਨ ਨੂੰ ਦਿੱਤਾ ਜਾਵੇਗਾ, ਭਾਵੇਂ ਕਿ ਉਸ ਵੇਲੇ ਉਸ ਦੇ ਕੋਈ ਔਲਾਦ ਨਹੀਂ ਸੀ।
6 ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪਰਾਏ ਦੇਸ਼ ਵਿਚ ਪਰਦੇਸੀਆਂ ਵਜੋਂ ਰਹਿਣਗੀਆਂ ਅਤੇ ਲੋਕ ਉਨ੍ਹਾਂ ਨੂੰ ਗ਼ੁਲਾਮ ਬਣਾਉਣਗੇ ਅਤੇ ਉਨ੍ਹਾਂ ਨੂੰ 400 ਸਾਲ ਦੁੱਖ ਦੇਣਗੇ।
7 ‘ਅਤੇ ਜਿਹੜੀ ਕੌਮ ਉਨ੍ਹਾਂ ਨੂੰ ਗ਼ੁਲਾਮ ਬਣਾਵੇਗੀ, ਉਸ ਨੂੰ ਮੈਂ ਸਜ਼ਾ ਦੇਵਾਂਗਾ,’ ਪਰਮੇਸ਼ੁਰ ਨੇ ਕਿਹਾ, ‘ਅਤੇ ਇਸ ਤੋਂ ਬਾਅਦ ਉਹ ਉਸ ਦੇਸ਼ ਵਿੱਚੋਂ ਨਿਕਲ ਆਉਣਗੇ ਅਤੇ ਇਸ ਜਗ੍ਹਾ ਆ ਕੇ ਮੇਰੀ ਭਗਤੀ ਕਰਨਗੇ।’
8 “ਪਰਮੇਸ਼ੁਰ ਨੇ ਅਬਰਾਹਾਮ ਨਾਲ ਇਕਰਾਰ ਵੀ ਕੀਤਾ ਜਿਸ ਦੀ ਨਿਸ਼ਾਨੀ ਦੇ ਤੌਰ ਤੇ ਉਸ ਨੂੰ ਸੁੰਨਤ ਕਰਾਉਣ ਲਈ ਕਿਹਾ; ਅਤੇ ਉਸ ਤੋਂ ਇਸਹਾਕ ਪੈਦਾ ਹੋਇਆ ਅਤੇ ਅੱਠਵੇਂ ਦਿਨ ਇਸਹਾਕ ਦੀ ਸੁੰਨਤ ਕੀਤੀ ਗਈ, ਅਤੇ ਇਸਹਾਕ ਤੋਂ ਯਾਕੂਬ ਪੈਦਾ ਹੋਇਆ ਅਤੇ ਯਾਕੂਬ ਤੋਂ ਬਾਰਾਂ ਗੋਤਾਂ ਦੇ ਮੁਖੀ ਪੈਦਾ ਹੋਏ।
9 ਉਨ੍ਹਾਂ ਮੁਖੀਆਂ ਦੇ ਦਿਲਾਂ ਵਿਚ ਯੂਸੁਫ਼ ਲਈ ਈਰਖਾ ਪੈਦਾ ਹੋ ਗਈ ਅਤੇ ਉਨ੍ਹਾਂ ਨੇ ਉਸ ਨੂੰ ਮਿਸਰੀਆਂ ਦੇ ਹੱਥ ਵੇਚ ਦਿੱਤਾ। ਪਰ ਪਰਮੇਸ਼ੁਰ ਨੇ ਉਸ ਦਾ ਸਾਥ ਦਿੱਤਾ,
10 ਅਤੇ ਉਸ ਨੂੰ ਉਸ ਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਸ ਨੂੰ ਇਸ ਯੋਗ ਬਣਾਇਆ ਕਿ ਉਹ ਮਿਸਰ ਦੇ ਰਾਜੇ ਫ਼ਿਰਊਨ* ਦੀ ਮਿਹਰ ਪਾਵੇ ਅਤੇ ਉਸ ਦੀਆਂ ਨਜ਼ਰਾਂ ਵਿਚ ਬੁੱਧੀਮਾਨ ਸਾਬਤ ਹੋਵੇ। ਅਤੇ ਫ਼ਿਰਊਨ ਨੇ ਉਸ ਨੂੰ ਮਿਸਰ ਅਤੇ ਆਪਣੇ ਸਾਰੇ ਘਰਾਣੇ ਦਾ ਮੁਖੀ ਬਣਾਇਆ।
11 ਪਰ ਫਿਰ ਪੂਰੇ ਮਿਸਰ ਅਤੇ ਕਨਾਨ ਵਿਚ ਕਾਲ਼ ਪਿਆ ਜਿਸ ਕਰਕੇ ਲੋਕਾਂ ਉੱਤੇ ਮੁਸੀਬਤਾਂ ਦਾ ਪਹਾੜ ਟੁੱਟਿਆ; ਅਤੇ ਸਾਡੇ ਪਿਉ-ਦਾਦਿਆਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ।
12 ਪਰ ਜਦ ਯਾਕੂਬ ਨੇ ਸੁਣਿਆ ਕਿ ਮਿਸਰ ਵਿਚ ਅਨਾਜ ਸੀ, ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਉੱਥੇ ਘੱਲਿਆ।
13 ਜਦੋਂ ਉਹ ਦੂਸਰੀ ਵਾਰ ਗਏ, ਤਾਂ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੱਸ ਦਿੱਤਾ ਕਿ ਉਹ ਕੌਣ ਸੀ। ਫ਼ਿਰਊਨ ਨੂੰ ਵੀ ਯੂਸੁਫ਼ ਦੇ ਘਰਾਣੇ ਬਾਰੇ ਪਤਾ ਲੱਗਾ।
14 ਫਿਰ ਯੂਸੁਫ਼ ਨੇ ਸੁਨੇਹਾ ਘੱਲ ਕੇ ਆਪਣੇ ਪਿਤਾ ਯਾਕੂਬ ਨੂੰ ਅਤੇ ਆਪਣੇ ਸਾਰੇ ਰਿਸ਼ਤੇਦਾਰਾਂ, ਕੁੱਲ ਪੰਝੱਤਰ ਜੀਆਂ ਨੂੰ ਕਨਾਨ ਤੋਂ ਬੁਲਾ ਲਿਆ।
15 ਯਾਕੂਬ ਮਿਸਰ ਨੂੰ ਚਲਾ ਗਿਆ ਅਤੇ ਉੱਥੇ ਉਹ ਮਰ ਗਿਆ ਅਤੇ ਉਸ ਦੇ ਪੁੱਤਰ ਵੀ।
16 ਫਿਰ ਉਨ੍ਹਾਂ ਦੀਆਂ ਹੱਡੀਆਂ ਲਿਜਾ ਕੇ ਸ਼ਕਮ ਵਿਚ ਉਸ ਕਬਰ ਵਿਚ ਰੱਖ ਦਿੱਤੀਆਂ ਗਈਆਂ ਜਿਹੜੀ ਅਬਰਾਹਾਮ ਨੇ ਸ਼ਕਮ ਵਿਚ ਚਾਂਦੀ ਦੇ ਪੈਸਿਆਂ ਨਾਲ ਹਮੋਰ ਦੇ ਪੁੱਤਰਾਂ ਤੋਂ ਖ਼ਰੀਦੀ ਸੀ।
17 “ਜਿਉਂ-ਜਿਉਂ ਅਬਰਾਹਾਮ ਨਾਲ ਕੀਤੇ ਪਰਮੇਸ਼ੁਰ ਦੇ ਵਾਅਦੇ ਦੇ ਪੂਰੇ ਹੋਣ ਦਾ ਸਮਾਂ ਨੇੜੇ ਆ ਰਿਹਾ ਸੀ, ਮਿਸਰ ਵਿਚ ਇਜ਼ਰਾਈਲ ਦੇ ਲੋਕਾਂ ਦੀ ਗਿਣਤੀ ਵਧਦੀ ਗਈ।
18 ਫਿਰ ਮਿਸਰ ਉੱਤੇ ਇਕ ਹੋਰ ਰਾਜਾ ਰਾਜ ਕਰਨ ਲੱਗਾ, ਪਰ ਉਹ ਯੂਸੁਫ਼ ਨੂੰ ਨਹੀਂ ਜਾਣਦਾ ਸੀ।
19 ਉਹ ਸਾਡੀ ਕੌਮ ਨਾਲ ਬੜੀ ਮੱਕਾਰੀ ਨਾਲ ਪੇਸ਼ ਆਇਆ ਅਤੇ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਜੰਮਦਿਆਂ ਸਾਰ ਬੇਸਹਾਰਾ ਛੱਡ ਦੇਣ ਤਾਂਕਿ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ।
20 ਉਸ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਬਹੁਤ ਹੀ ਸੋਹਣਾ* ਸੀ। ਤਿੰਨ ਮਹੀਨੇ ਉਸ ਦੇ ਮਾਤਾ-ਪਿਤਾ ਨੇ ਘਰ ਵਿਚ ਉਸ ਦਾ ਪਾਲਣ-ਪੋਸ਼ਣ ਕੀਤਾ।
21 ਫਿਰ ਜਦੋਂ ਉਸ ਨੂੰ ਬੇਸਹਾਰਾ ਛੱਡ ਦਿੱਤਾ ਗਿਆ, ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਚੁੱਕ ਲਿਆ ਅਤੇ ਆਪਣੇ ਪੁੱਤਰ ਵਾਂਗ ਪਾਲ਼ਿਆ।
22 ਮੂਸਾ ਨੂੰ ਮਿਸਰੀਆਂ ਦਾ ਹਰ ਤਰ੍ਹਾਂ ਦਾ ਗਿਆਨ ਦਿੱਤਾ ਗਿਆ। ਇਸ ਕਰਕੇ, ਉਸ ਦੀਆਂ ਗੱਲਾਂ ਵਿਚ ਦਮ ਸੀ ਅਤੇ ਉਸ ਦੇ ਕੰਮ ਪ੍ਰਭਾਵਸ਼ਾਲੀ ਸਨ।
23 “ਫਿਰ ਜਦੋਂ ਉਹ ਚਾਲੀਆਂ ਸਾਲਾਂ ਦਾ ਹੋਇਆ, ਤਾਂ ਉਸ ਦੇ ਮਨ ਵਿਚ ਆਇਆ ਕਿ ਉਹ ਜਾ ਕੇ ਆਪਣੇ ਇਜ਼ਰਾਈਲੀ ਭਰਾਵਾਂ ਦੀ ਹਾਲਤ ਦੇਖੇ।
24 ਇਕ ਵਾਰ ਉਸ ਨੇ ਦੇਖਿਆ ਕਿ ਇਕ ਮਿਸਰੀ ਇਕ ਇਜ਼ਰਾਈਲੀ ਨਾਲ ਬਦਸਲੂਕੀ ਕਰ ਰਿਹਾ ਸੀ। ਉਸ ਨੇ ਆਪਣੇ ਇਜ਼ਰਾਈਲੀ ਭਰਾ ਨੂੰ ਬਚਾਇਆ ਅਤੇ ਉਸ ਮਿਸਰੀ ਨੂੰ ਜਾਨੋਂ ਮਾਰ ਕੇ ਬਦਲਾ ਲਿਆ।
25 ਅਤੇ ਉਸ ਨੇ ਸੋਚਿਆ ਕਿ ਉਸ ਦੇ ਭਰਾ ਇਸ ਤੋਂ ਸਮਝ ਜਾਣਗੇ ਕਿ ਪਰਮੇਸ਼ੁਰ ਉਸ ਦੇ ਰਾਹੀਂ ਉਨ੍ਹਾਂ ਨੂੰ ਛੁਟਕਾਰਾ ਦੇ ਰਿਹਾ ਸੀ, ਪਰ ਉਹ ਇਹ ਗੱਲ ਨਹੀਂ ਸਮਝੇ।
26 ਅਗਲੇ ਦਿਨ ਜਦੋਂ ਉਹ ਉਨ੍ਹਾਂ ਕੋਲ ਆਇਆ, ਤਾਂ ਦੋ ਜਣੇ ਆਪਸ ਵਿਚ ਲੜ ਰਹੇ ਸਨ ਅਤੇ ਉਸ ਨੇ ਉਨ੍ਹਾਂ ਵਿਚ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ: ‘ਤੁਸੀਂ ਭਰਾ ਹੁੰਦੇ ਹੋਏ ਵੀ ਕਿਉਂ ਇਕ-ਦੂਜੇ ਨਾਲ ਲੜ ਰਹੇ ਹੋ?’
27 ਪਰ ਜਿਹੜਾ ਆਪਣੇ ਗੁਆਂਢੀ ਨਾਲ ਬਦਸਲੂਕੀ ਕਰ ਰਿਹਾ ਸੀ, ਉਸ ਨੇ ਮੂਸਾ ਨੂੰ ਧੱਕਾ ਦੇ ਕੇ ਕਿਹਾ, ‘ਕਿਸ ਨੇ ਤੈਨੂੰ ਸਾਡਾ ਰਾਜਾ ਤੇ ਨਿਆਂਕਾਰ ਬਣਾਇਆ ਹੈ?
28 ਕੀ ਤੂੰ ਮੈਨੂੰ ਵੀ ਉਸੇ ਤਰ੍ਹਾਂ ਜਾਨੋਂ ਮਾਰਨਾ ਚਾਹੁੰਦਾ ਹੈ ਜਿਵੇਂ ਤੂੰ ਕੱਲ੍ਹ ਉਸ ਮਿਸਰੀ ਨੂੰ ਮਾਰਿਆ ਸੀ?’
29 ਜਦੋਂ ਮੂਸਾ ਨੇ ਇਹ ਸੁਣਿਆ, ਤਾਂ ਉਹ ਉੱਥੋਂ ਭੱਜ ਕੇ ਮਿਦਿਆਨ ਦੇਸ਼ ਵਿਚ ਆ ਗਿਆ ਅਤੇ ਉੱਥੇ ਪਰਦੇਸੀਆਂ ਵਜੋਂ ਰਹਿਣ ਲੱਗ ਪਿਆ। ਉੱਥੇ ਉਸ ਨੇ ਵਿਆਹ ਕਰਾਇਆ ਅਤੇ ਉਸ ਦੇ ਦੋ ਮੁੰਡੇ ਪੈਦਾ ਹੋਏ।
30 “ਫਿਰ ਚਾਲੀ ਸਾਲਾਂ ਬਾਅਦ, ਸੀਨਈ ਪਹਾੜ ਦੇ ਲਾਗੇ ਉਜਾੜ ਵਿਚ ਇਕ ਬਲ਼ਦੀ ਝਾੜੀ ਦੀਆਂ ਲਪਟਾਂ ਦੇ ਰੂਪ ਵਿਚ ਇਕ ਦੂਤ ਉਸ ਸਾਮ੍ਹਣੇ ਪ੍ਰਗਟ ਹੋਇਆ।
31 ਜਦੋਂ ਮੂਸਾ ਨੇ ਉਹ ਬਲ਼ਦੀ ਹੋਈ ਝਾੜੀ ਦੇਖੀ, ਤਾਂ ਉਹ ਹੱਕਾ-ਬੱਕਾ ਰਹਿ ਗਿਆ। ਫਿਰ ਜਦੋਂ ਉਹ ਹੋਰ ਧਿਆਨ ਨਾਲ ਦੇਖਣ ਲਈ ਨੇੜੇ ਆਇਆ, ਤਾਂ ਯਹੋਵਾਹ ਦੀ ਆਵਾਜ਼ ਆਈ,
32 ‘ਮੈਂ ਤੇਰੇ ਪਿਉ-ਦਾਦਿਆਂ ਯਾਨੀ ਅਬਰਾਹਾਮ ਦਾ, ਇਸਹਾਕ ਦਾ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ।’ ਇਹ ਸੁਣ ਕੇ ਮੂਸਾ ਦਾ ਸਾਹ ਸੁੱਕ ਗਿਆ ਅਤੇ ਉਸ ਦਾ ਹੌਸਲਾ ਨਾ ਪਿਆ ਕਿ ਉਹ ਦੇਖਣ ਲਈ ਹੋਰ ਅੱਗੇ ਜਾਵੇ।
33 ਯਹੋਵਾਹ ਨੇ ਉਸ ਨੂੰ ਕਿਹਾ, ‘ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇ ਕਿਉਂਕਿ ਇਹ ਜਗ੍ਹਾ ਜਿੱਥੇ ਤੂੰ ਖੜ੍ਹਾ ਹੈਂ, ਪਵਿੱਤਰ ਹੈ।
34 ਮੈਂ ਮਿਸਰ ਵਿਚ ਆਪਣੇ ਲੋਕਾਂ ਉੱਤੇ ਅਤਿਆਚਾਰ ਹੁੰਦੇ ਦੇਖੇ ਹਨ ਅਤੇ ਮੈਂ ਉਨ੍ਹਾਂ ਦੇ ਹਉਕਿਆਂ ਨੂੰ ਸੁਣਿਆ ਹੈ, ਇਸ ਲਈ ਮੈਂ ਉਨ੍ਹਾਂ ਨੂੰ ਛੁਡਾਉਣ ਵਾਸਤੇ ਥੱਲੇ ਆਇਆ ਹਾਂ। ਸੋ ਮੈਂ ਤੈਨੂੰ ਮਿਸਰ ਨੂੰ ਘੱਲਾਂਗਾ।’
35 ਜਿਸ ਮੂਸਾ ਨੂੰ ਉਨ੍ਹਾਂ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ, ‘ਕਿਸ ਨੇ ਤੈਨੂੰ ਸਾਡਾ ਰਾਜਾ ਤੇ ਨਿਆਂਕਾਰ ਬਣਾਇਆ ਹੈ?’ ਉਸੇ ਮੂਸਾ ਨੂੰ ਪਰਮੇਸ਼ੁਰ ਨੇ ਦੂਤ ਦੇ ਰਾਹੀਂ ਹਾਕਮ ਅਤੇ ਮੁਕਤੀਦਾਤੇ ਦੇ ਤੌਰ ਤੇ ਘੱਲਿਆ ਜਿਹੜਾ ਦੂਤ ਬਲ਼ਦੀ ਝਾੜੀ ਰਾਹੀਂ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ।
36 ਉਹੀ ਮੂਸਾ ਮਿਸਰ ਵਿਚ ਤੇ ਲਾਲ ਸਮੁੰਦਰ ਵਿਚ ਚਮਤਕਾਰ ਕਰ ਕੇ ਅਤੇ ਨਿਸ਼ਾਨੀਆਂ ਦਿਖਾ ਕੇ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ। ਉਸ ਨੇ ਚਾਲੀ ਸਾਲਾਂ ਦੌਰਾਨ ਉਜਾੜ ਵਿਚ ਵੀ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ।
37 “ਉਸੇ ਮੂਸਾ ਨੇ ਇਜ਼ਰਾਈਲ ਦੇ ਲੋਕਾਂ ਨੂੰ ਕਿਹਾ, ‘ਪਰਮੇਸ਼ੁਰ ਤੁਹਾਡੇ ਲਈ ਮੇਰੇ ਵਰਗਾ ਇਕ ਨਬੀ ਤੁਹਾਡੇ ਵਿੱਚੋਂ ਚੁਣੇਗਾ।’
38 ਮੂਸਾ ਹੀ ਉਜਾੜ ਵਿਚ ਇਜ਼ਰਾਈਲ ਦੇ ਲੋਕਾਂ ਨਾਲ ਸੀ ਅਤੇ ਉਸ ਨੇ ਸੀਨਈ ਪਹਾੜ ਉੱਤੇ ਦੂਤ ਨਾਲ ਅਤੇ ਸਾਡੇ ਪਿਉ-ਦਾਦਿਆਂ ਨਾਲ ਗੱਲਾਂ ਕੀਤੀਆਂ ਸਨ ਅਤੇ ਉਸ ਨੂੰ ਤੁਹਾਡੇ ਵਾਸਤੇ ਪਰਮੇਸ਼ੁਰ ਦੇ ਜਾਨਦਾਰ ਬਚਨ ਸੌਂਪੇ ਗਏ ਸਨ।
39 ਸਾਡੇ ਪਿਉ-ਦਾਦਿਆਂ ਨੇ ਉਸ ਦਾ ਕਹਿਣਾ ਮੰਨਣ ਤੋਂ ਇਨਕਾਰ ਕੀਤਾ ਅਤੇ ਉਸ ਨੂੰ ਠੁਕਰਾ ਕੇ ਮਿਸਰ ਨੂੰ ਵਾਪਸ ਮੁੜ ਜਾਣ ਦੇ ਸੁਪਨੇ ਦੇਖਣ ਲੱਗ ਪਏ।
40 ਉਨ੍ਹਾਂ ਨੇ ਹਾਰੂਨ ਨੂੰ ਕਿਹਾ, ‘ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ-ਅੱਗੇ ਚੱਲਣ। ਇਹ ਮੂਸਾ, ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਸੀ, ਸਾਨੂੰ ਪਤਾ ਨਹੀਂ ਕਿ ਉਸ ਨੂੰ ਕੀ ਹੋ ਗਿਆ ਹੈ।’
41 ਇਸ ਲਈ, ਉਨ੍ਹਾਂ ਦਿਨਾਂ ਵਿਚ ਉਨ੍ਹਾਂ ਨੇ ਵੱਛੇ ਦੀ ਇਕ ਮੂਰਤ ਬਣਾਈ ਅਤੇ ਉਨ੍ਹਾਂ ਨੇ ਮੂਰਤ ਅੱਗੇ ਬਲ਼ੀ ਚੜ੍ਹਾਈ ਅਤੇ ਉਹ ਹੱਥਾਂ ਦੀ ਬਣਾਈ ਇਸ ਮੂਰਤ ਦੇ ਸਾਮ੍ਹਣੇ ਜਸ਼ਨ ਮਨਾਉਣ ਲੱਗੇ।
42 ਸੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਅਤੇ ਸੂਰਜ, ਚੰਦ ਅਤੇ ਤਾਰਿਆਂ ਦੀ ਭਗਤੀ ਕਰਨ ਲਈ ਛੱਡ ਦਿੱਤਾ, ਠੀਕ ਜਿਵੇਂ ਨਬੀਆਂ ਦੀ ਕਿਤਾਬ ਵਿਚ ਲਿਖਿਆ ਹੈ, ‘ਇਜ਼ਰਾਈਲ ਦੇ ਲੋਕੋ, ਕੀ ਚਾਲੀ ਸਾਲ ਉਜਾੜ ਵਿਚ ਤੁਸੀਂ ਮੈਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਸਨ? ਨਹੀਂ।
43 ਪਰ ਤੁਸੀਂ ਮੋਲੋਖ ਦਾ ਤੰਬੂ ਅਤੇ ਰਿਫ਼ਾਨ ਦੇਵਤੇ ਦੇ ਤਾਰੇ ਦੀ ਮੂਰਤੀ ਨੂੰ ਚੁੱਕ ਲਿਆ ਜਿਨ੍ਹਾਂ ਨੂੰ ਤੁਸੀਂ ਭਗਤੀ ਕਰਨ ਵਾਸਤੇ ਬਣਾਇਆ ਸੀ। ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਦੇਸ਼ ਵਿੱਚੋਂ ਕੱਢ ਕੇ ਬਾਬਲ ਤੋਂ ਵੀ ਪਰੇ ਭੇਜ ਦੇਵਾਂਗਾ।’
44 “ਸਾਡੇ ਪਿਉ-ਦਾਦਿਆਂ ਕੋਲ ਉਜਾੜ ਵਿਚ ਗਵਾਹੀ ਦਾ ਤੰਬੂ ਸੀ* ਜੋ ਕਿ ਪਰਮੇਸ਼ੁਰ ਦੇ ਹੁਕਮ ਨਾਲ ਮੂਸਾ ਨੂੰ ਦਿਖਾਏ ਗਏ ਨਮੂਨੇ ਅਨੁਸਾਰ ਬਣਾਇਆ ਗਿਆ ਸੀ।
45 ਫਿਰ ਸਾਡੇ ਪਿਉ-ਦਾਦਿਆਂ ਦੀ ਔਲਾਦ ਨੂੰ ਇਹ ਤੰਬੂ ਮਿਲਿਆ। ਉਹ ਆਪਣੇ ਨਾਲ ਇਹ ਤੰਬੂ ਇਸ ਦੇਸ਼ ਵਿਚ ਵੀ ਲੈ ਕੇ ਆਏ ਜਦੋਂ ਉਹ ਸਾਰੇ ਜਣੇ ਯਹੋਸ਼ੁਆ ਨਾਲ ਇੱਥੇ ਆਏ ਸਨ ਜਿੱਥੇ ਹੋਰ ਕੌਮਾਂ ਦੇ ਲੋਕ ਵੱਸੇ ਹੋਏ ਸਨ ਅਤੇ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਸਾਡੇ ਪਿਉ-ਦਾਦਿਆਂ ਸਾਮ੍ਹਣਿਓਂ ਕੱਢ ਦਿੱਤਾ ਸੀ। ਇਹ ਤੰਬੂ ਦਾਊਦ ਦੇ ਦਿਨਾਂ ਤਕ ਰਿਹਾ।
46 ਦਾਊਦ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਅਤੇ ਉਸ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਸ ਨੂੰ ਯਾਕੂਬ ਦੇ ਪਰਮੇਸ਼ੁਰ ਵਾਸਤੇ ਇਕ ਘਰ ਬਣਾਉਣ ਦਾ ਮਾਣ ਬਖ਼ਸ਼ਿਆ ਜਾਵੇ।
47 ਪਰ ਉਸ ਲਈ ਇਹ ਘਰ ਸੁਲੇਮਾਨ ਨੇ ਬਣਾਇਆ।
48 ਪਰ ਅੱਤ ਮਹਾਨ ਪਰਮੇਸ਼ੁਰ ਹੱਥਾਂ ਦੇ ਬਣਾਏ ਘਰਾਂ ਵਿਚ ਨਹੀਂ ਵੱਸਦਾ। ਇਕ ਨਬੀ ਨੇ ਵੀ ਇਹੀ ਕਿਹਾ,
49 ‘ਯਹੋਵਾਹ ਕਹਿੰਦਾ ਹੈ, ਸਵਰਗ ਮੇਰਾ ਸਿੰਘਾਸਣ ਹੈ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਤੁਸੀਂ ਮੇਰੇ ਲਈ ਕਿਹੋ ਜਿਹਾ ਘਰ ਬਣਾਓਗੇ? ਜਾਂ ਮੇਰੇ ਆਰਾਮ ਕਰਨ ਦੀ ਜਗ੍ਹਾ ਕਿੱਥੇ ਹੈ?
50 ਕੀ ਮੈਂ ਹੀ ਆਪਣੇ ਹੱਥੀਂ ਸਾਰੀਆਂ ਚੀਜ਼ਾਂ ਨਹੀਂ ਬਣਾਈਆਂ?’
51 “ਢੀਠ, ਪੱਥਰ-ਦਿਲ ਤੇ ਅਣਆਗਿਆਕਾਰ ਲੋਕੋ,* ਤੁਸੀਂ ਹਮੇਸ਼ਾ ਪਵਿੱਤਰ ਸ਼ਕਤੀ ਦਾ ਵਿਰੋਧ ਕਰਦੇ ਹੋ; ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ਸੀ, ਤੁਸੀਂ ਵੀ ਉਸੇ ਤਰ੍ਹਾਂ ਕਰਦੇ ਹੋ।
52 ਤੁਹਾਡੇ ਪਿਉ-ਦਾਦਿਆਂ ਨੇ ਕਿਹੜੇ ਨਬੀ ਉੱਤੇ ਜ਼ੁਲਮ ਨਹੀਂ ਕੀਤੇ? ਹਾਂ, ਉਨ੍ਹਾਂ ਨੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ ਜਿਨ੍ਹਾਂ ਨੇ ਉਸ ਧਰਮੀ ਇਨਸਾਨ* ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ। ਉਸੇ ਧਰਮੀ ਇਨਸਾਨ ਨਾਲ ਤੁਸੀਂ ਧੋਖਾ ਕੀਤਾ ਅਤੇ ਉਸ ਨੂੰ ਜਾਨੋਂ ਮਾਰ ਸੁੱਟਿਆ।
53 ਤੁਹਾਨੂੰ ਮੂਸਾ ਦਾ ਕਾਨੂੰਨ ਮਿਲਿਆ ਜੋ ਦੂਤਾਂ ਰਾਹੀਂ ਦਿੱਤਾ ਗਿਆ ਸੀ, ਪਰ ਤੁਸੀਂ ਇਸ ਕਾਨੂੰਨ ਦੀ ਪਾਲਣਾ ਨਹੀਂ ਕੀਤੀ।”
54 ਇਸਤੀਫ਼ਾਨ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਖ਼ੂਨ ਉੱਤਰ ਆਇਆ ਅਤੇ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਏ।
55 ਪਰ ਇਸਤੀਫ਼ਾਨ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ ਅਤੇ ਉਸ ਨੇ ਆਕਾਸ਼ ਵੱਲ ਦੇਖਿਆ ਅਤੇ ਉਸ ਨੇ ਪਰਮੇਸ਼ੁਰ ਦੀ ਮਹਿਮਾ ਦੇਖੀ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਦੇਖਿਆ।
56 ਉਸ ਨੇ ਕਿਹਾ: “ਦੇਖੋ! ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਖੜ੍ਹਾ ਦੇਖ ਰਿਹਾ ਹਾਂ।”
57 ਇਹ ਸੁਣ ਕੇ ਉਹ ਉੱਚੀ ਆਵਾਜ਼ ਵਿਚ ਚੀਕੇ ਅਤੇ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਆਪਣੇ ਕੰਨ ਬੰਦ ਕਰ ਲਏ ਅਤੇ ਉਹ ਸਾਰੇ ਇਕੱਠੇ ਹੋ ਕੇ ਉਸ ਉੱਤੇ ਟੁੱਟ ਪਏ।
58 ਉਨ੍ਹਾਂ ਨੇ ਉਸ ਨੂੰ ਧੂਹ ਕੇ ਸ਼ਹਿਰੋਂ ਬਾਹਰ ਲਿਆਂਦਾ ਅਤੇ ਉਸ ਦੇ ਪੱਥਰ ਮਾਰਨ ਲੱਗ ਪਏ। ਉਸ ਖ਼ਿਲਾਫ਼ ਝੂਠੀ ਗਵਾਹੀ ਦੇਣ ਵਾਲਿਆਂ ਨੇ ਆਪਣੇ ਚੋਗੇ ਲਾਹ ਕੇ ਸੌਲੁਸ ਨਾਂ ਦੇ ਇਕ ਨੌਜਵਾਨ ਦੇ ਪੈਰਾਂ ਵਿਚ ਰੱਖ ਦਿੱਤੇ
59 ਅਤੇ ਉਹ ਇਸਤੀਫ਼ਾਨ ਦੇ ਪੱਥਰ ਮਾਰਦੇ ਰਹੇ। ਉਸ ਨੇ ਫ਼ਰਿਆਦ ਕਰਦੇ ਹੋਏ ਕਿਹਾ: “ਪ੍ਰਭੂ ਯਿਸੂ, ਮੈਂ ਆਪਣੀ ਜਾਨ* ਤੇਰੇ ਹਵਾਲੇ ਕਰਦਾ ਹਾਂ।”
60 ਫਿਰ ਉਸ ਨੇ ਗੋਡੇ ਟੇਕ ਕੇ ਉੱਚੀ ਆਵਾਜ਼ ਵਿਚ ਕਿਹਾ: “ਯਹੋਵਾਹ, ਇਨ੍ਹਾਂ ਲੋਕਾਂ ਨੂੰ ਇਸ ਪਾਪ ਦੀ ਸਜ਼ਾ ਨਾ ਦੇਈਂ।” ਇਹ ਕਹਿਣ ਤੋਂ ਬਾਅਦ ਉਹ ਮੌਤ ਦੀ ਨੀਂਦ ਸੌਂ ਗਿਆ।
ਫੁਟਨੋਟ
^ “ਫ਼ਿਰਊਨ” ਮਿਸਰ ਦੇ ਰਾਜਿਆਂ ਦਾ ਇਕ ਖ਼ਿਤਾਬ ਹੁੰਦਾ ਸੀ।
^ ਯੂਨਾਨੀ ਵਿਚ, “ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸੋਹਣਾ।”
^ ਜਾਂ, “ਸਾਡੇ ਪਿਉ-ਦਾਦਿਆਂ ਕੋਲ ਉਜਾੜ ਵਿਚ ਉਹ ਤੰਬੂ ਸੀ ਜੋ ਇਸ ਗੱਲ ਦਾ ਸਬੂਤ ਸੀ ਕਿ ਪਰਮੇਸ਼ੁਰ ਉਨ੍ਹਾਂ ਦੇ ਨਾਲ ਸੀ।”
^ ਯੂਨਾਨੀ ਵਿਚ, “ਮਨ ਅਤੇ ਕੰਨ ਦੇ ਬੇਸੁੰਨਤੇ ਲੋਕੋ।”
^ ਯਾਨੀ, ਯਿਸੂ।
^ ਯੂਨਾਨੀ ਵਿਚ, “ਪਨੈਵਮਾ।” ਅਪੈਂਡਿਕਸ 7 ਦੇਖੋ।