ਰਸੂਲਾਂ ਦੇ ਕੰਮ 8:1-40

8  ਸੌਲੁਸ ਇਸਤੀਫ਼ਾਨ ਦੇ ਕਤਲ ਨਾਲ ਸਹਿਮਤ ਸੀ। ਉਸ ਦਿਨ ਯਰੂਸ਼ਲਮ ਦੀ ਮੰਡਲੀ ਉੱਤੇ ਬਹੁਤ ਅਤਿਆਚਾਰ ਹੋਣ ਲੱਗਾ; ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਚੇਲੇ ਯਹੂਦੀਆ ਅਤੇ ਸਾਮਰੀਆ ਦੇ ਇਲਾਕਿਆਂ ਵਿਚ ਖਿੰਡ-ਪੁੰਡ ਗਏ।  ਪਵਿੱਤਰ ਸੇਵਕਾਂ ਨੇ ਇਸਤੀਫ਼ਾਨ ਦੀ ਲਾਸ਼ ਨੂੰ ਲਿਜਾ ਕੇ ਦਫ਼ਨਾ ਦਿੱਤਾ ਅਤੇ ਉਨ੍ਹਾਂ ਨੇ ਉਸ ਦੇ ਮਰਨ ’ਤੇ ਬਹੁਤ ਸੋਗ ਮਨਾਇਆ।  ਦੂਜੇ ਪਾਸੇ, ਸੌਲੁਸ ਮੰਡਲੀ ਉੱਤੇ ਡਾਢਾ ਜ਼ੁਲਮ ਕਰਨ ਲੱਗਾ। ਉਹ ­ਘਰ-ਘਰ ਜਾ ਕੇ ਆਦਮੀਆਂ ਤੇ ਤੀਵੀਆਂ ਨੂੰ ਘੜੀਸ ਲਿਆਉਂਦਾ ਸੀ ਅਤੇ ਜੇਲ੍ਹ ਵਿਚ ਬੰਦ ਕਰਵਾ ਦਿੰਦਾ ਸੀ।  ਪਰ ਜਿਹੜੇ ਚੇਲੇ ਖਿੰਡ-ਪੁੰਡ ਗਏ ਸਨ, ਉਹ ਪੂਰੇ ਇਲਾਕੇ ਵਿਚ ਪਰਮੇਸ਼ੁਰ ਦੇ ਬਚਨ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।  ਫ਼ਿਲਿੱਪੁਸ ਸਾਮਰੀਆ ਸ਼ਹਿਰ ਨੂੰ ਚਲਾ ਗਿਆ ਅਤੇ ਉਸ ਨੇ ਉੱਥੇ ਲੋਕਾਂ ਨੂੰ ਮਸੀਹ ਬਾਰੇ ਦੱਸਣਾ ਸ਼ੁਰੂ ਕੀਤਾ।  ਭੀੜਾਂ ਦੀਆਂ ਭੀੜਾਂ ਇਕ ਮਨ ਹੋ ਕੇ ਧਿਆਨ ਨਾਲ ਫ਼ਿਲਿੱਪੁਸ ਦੀਆਂ ਗੱਲਾਂ ­ਸੁਣਦੀਆਂ ਸਨ ਅਤੇ ਉਸ ਦੁਆਰਾ ਦਿਖਾਈਆਂ ਨਿਸ਼ਾਨੀਆਂ ਦੇਖਦੀਆਂ ਸਨ।  ਉੱਥੇ ਬਹੁਤ ਸਾਰੇ ਲੋਕਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ ਅਤੇ ਦੁਸ਼ਟ ਦੂਤ ਉੱਚੀ-ਉੱਚੀ ਰੌਲ਼ਾ ਪਾ ਕੇ ਉਨ੍ਹਾਂ ਵਿੱਚੋਂ ਨਿਕਲ ਆਉਂਦੇ ਸਨ। ਇਸ ਤੋਂ ਇਲਾਵਾ, ਕਈ ਅਧਰੰਗੀਆਂ ਅਤੇ ­ਲੰਗੜਿਆਂ ਨੂੰ ਠੀਕ ਕੀਤਾ ਗਿਆ ਸੀ।  ਇਸ ਲਈ, ਉਸ ਸ਼ਹਿਰ ਦੇ ਲੋਕ ਬੜੇ ਖ਼ੁਸ਼ ਸਨ।  ਉਸ ਸ਼ਹਿਰ ਵਿਚ ਸ਼ਮਊਨ ਨਾਂ ਦਾ ਇਕ ਆਦਮੀ ਰਹਿੰਦਾ ਸੀ ਜਿਹੜਾ ਪਹਿਲਾਂ ਜਾਦੂਗਰੀ ਕਰਦਾ ਹੁੰਦਾ ਸੀ ਅਤੇ ਆਪਣੇ ਆਪ ਨੂੰ ਮਹਾਨ ਹਸਤੀ ਕਹਿੰਦਾ ਸੀ। ਉਸ ਦੀ ਜਾਦੂਗਰੀ ਨੂੰ ਦੇਖ ਕੇ ਸਾਮਰੀ ਲੋਕ ਅਚੰਭੇ ਵਿਚ ਸਨ। 10  ਅਤੇ ਮਾਮੂਲੀ ਲੋਕਾਂ ਤੋਂ ਲੈ ਕੇ ਵੱਡੇ-ਵੱਡੇ ਲੋਕਾਂ ਤਕ ਸਾਰੇ ਉਸ ਵੱਲ ਧਿਆਨ ਦਿੰਦੇ ਸਨ ਅਤੇ ਕਹਿੰਦੇ ਸਨ: “ਇਹ ਆਦਮੀ ਤਾਂ ਪਰਮੇਸ਼ੁਰ ਦੀ ਮਹਾਂਸ਼ਕਤੀ ਹੈ।” 11  ਇਸ ਲਈ ਉਹ ਸਾਰੇ ਉਸ ਵੱਲ ਧਿਆਨ ਦਿੰਦੇ ਸਨ ਕਿਉਂਕਿ ਉਸ ਨੇ ਆਪਣੀ ਜਾਦੂਗਰੀ ਨਾਲ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਕਾਇਲ ਕੀਤਾ ਹੋਇਆ ਸੀ। 12  ਪਰ ਜਦੋਂ ਫ਼ਿਲਿੱਪੁਸ ਨੇ ਪਰਮੇਸ਼ੁਰ ਦੇ ਰਾਜ ਦੀ ਅਤੇ ਯਿਸੂ ਮਸੀਹ ਦੇ ਨਾਂ ਦੀ ਖ਼ੁਸ਼ ਖ਼ਬਰੀ ਸੁਣਾਉਣੀ ਸ਼ੁਰੂ ਕੀਤੀ, ਤਾਂ ਬਹੁਤ ਸਾਰੇ ਲੋਕ ਨਿਹਚਾ ਕਰਨ ਲੱਗ ਪਏ ਅਤੇ ਆਦਮੀਆਂ ਅਤੇ ਤੀਵੀਆਂ ਨੇ ਬਪਤਿਸਮਾ ਲਿਆ। 13  ਸ਼ਮਊਨ ਵੀ ਨਿਹਚਾ ਕਰਨ ਲੱਗ ਪਿਆ ਅਤੇ ਬਪਤਿਸਮਾ ਲੈਣ ਤੋਂ ਬਾਅਦ ਉਹ ਫ਼ਿਲਿੱਪੁਸ ਦੇ ਨਾਲ-ਨਾਲ ਰਿਹਾ ਅਤੇ ਫ਼ਿਲਿੱਪੁਸ ਨੂੰ ਨਿਸ਼ਾਨੀਆਂ ਦਿਖਾਉਂਦਿਆਂ ਅਤੇ ਵੱਡੇ-ਵੱਡੇ ਚਮਤਕਾਰ ਕਰਦਿਆਂ ਦੇਖ ਕੇ ਹੈਰਾਨ ਰਹਿ ਗਿਆ। 14  ਜਦੋਂ ਯਰੂਸ਼ਲਮ ਵਿਚ ਰਸੂਲਾਂ ਨੇ ਸੁਣਿਆ ਕਿ ਸਾਮਰੀਆ ਦੇ ਲੋਕ ਪਰਮੇਸ਼ੁਰ ਦੇ ਬਚਨ ਨੂੰ ਮੰਨਣ ਲੱਗ ਪਏ ਸਨ, ਤਾਂ ਰਸੂਲਾਂ ਨੇ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਕੋਲ ਘੱਲਿਆ। 15  ਪਤਰਸ ਅਤੇ ਯੂਹੰਨਾ ਨੇ ਜਾ ਕੇ ਉਨ੍ਹਾਂ ਲਈ ਪਵਿੱਤਰ ਸ਼ਕਤੀ ਵਾਸਤੇ ਪ੍ਰਾਰਥਨਾ ਕੀਤੀ। 16  ਕਿਉਂਕਿ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਂ ’ਤੇ ਬਪਤਿਸਮਾ ਤਾਂ ਲਿਆ ਸੀ, ਪਰ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਅਜੇ ਤਕ ਪਵਿੱਤਰ ਸ਼ਕਤੀ ਨਹੀਂ ਮਿਲੀ ਸੀ। 17  ਫਿਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ ਅਤੇ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲੀ। 18  ਜਦੋਂ ਸ਼ਮਊਨ ਨੇ ਦੇਖਿਆ ਕਿ ਰਸੂਲ ਜਿਸ ਉੱਤੇ ਵੀ ਆਪਣੇ ਹੱਥ ਰੱਖਦੇ ਸਨ, ਉਸ ਨੂੰ ਪਵਿੱਤਰ ਸ਼ਕਤੀ ਮਿਲ ਜਾਂਦੀ ਸੀ, ਤਾਂ ਸ਼ਮਊਨ ਨੇ ਉਨ੍ਹਾਂ ਨੂੰ ਪੈਸੇ ਦੇਣ ਦਾ ਵਾਅਦਾ ਕਰਦੇ ਹੋਏ 19  ਕਿਹਾ: “ਮੈਨੂੰ ਵੀ ਇਹ ਅਧਿਕਾਰ ਦਿਓ ਕਿ ਜਿਸ ਉੱਤੇ ਮੈਂ ਹੱਥ ਰੱਖਾਂ, ਉਸ ਨੂੰ ਪਵਿੱਤਰ ਸ਼ਕਤੀ ਮਿਲ ਜਾਵੇ।” 20  ਪਰ ਪਤਰਸ ਨੇ ਉਸ ਨੂੰ ਕਿਹਾ: “ਤੂੰ ਅਤੇ ਤੇਰੇ ਚਾਂਦੀ ਦੇ ਪੈਸੇ ਨਾਸ਼ ਹੋ ਜਾਣ ਕਿਉਂਕਿ ਤੂੰ ਉਸ ਦਾਤ ਨੂੰ ਪੈਸਿਆਂ ਨਾਲ ਖ਼ਰੀਦਣ ਬਾਰੇ ਸੋਚਿਆ ਜੋ ਪਰਮੇਸ਼ੁਰ ਮੁਫ਼ਤ ਵਿਚ ਦਿੰਦਾ ਹੈ। 21  ਤੇਰਾ ਇਸ ਕੰਮ ਵਿਚ ਕੋਈ ਹਿੱਸਾ ਨਹੀਂ ਹੈ ਕਿਉਂਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤੇਰਾ ਦਿਲ ਸਾਫ਼ ਨਹੀਂ ਹੈ। 22  ਇਸ ਲਈ, ਆਪਣੀ ਇਸ ਬੁਰਾਈ ਤੋਂ ਤੋਬਾ ਕਰ ਅਤੇ ਆਪਣੀ ਬੁਰੀ ਸੋਚ ਨੂੰ ਬਦਲ ਅਤੇ ਯਹੋਵਾਹ ਨੂੰ ­ਫ਼ਰਿਆਦ ਕਰ ਕਿ ਉਹ ਤੈਨੂੰ ਮਾਫ਼ ਕਰ ਦੇਵੇ; 23  ਮੈਂ ਜਾਣ ਗਿਆ ਹਾਂ ਕਿ ਤੇਰੇ ਦਿਲ ਵਿਚ ਜ਼ਹਿਰ ਭਰਿਆ ਹੋਇਆ ਹੈ ਅਤੇ ਤੂੰ ਬੁਰਾਈ ਦਾ ਗ਼ੁਲਾਮ ਹੈਂ।” 24  ਇਹ ਸੁਣ ਕੇ ਸ਼ਮਊਨ ਨੇ ਕਿਹਾ: “ਭਰਾਵੋ, ਕਿਰਪਾ ਕਰ ਕੇ ਤੁਸੀਂ ਹੀ ਮੇਰੇ ਲਈ ਯਹੋਵਾਹ ਨੂੰ ਫ਼ਰਿਆਦ ਕਰੋ ਕਿ ਤੁਸੀਂ ਜੋ ਕਿਹਾ ਹੈ, ਉਹ ਮੈਨੂੰ ਭੁਗਤਣਾ ਨਾ ਪਵੇ।” 25  ਫਿਰ ਜਦੋਂ ਉਹ ਯਹੋਵਾਹ ਦੇ ਬਚਨ ਬਾਰੇ ਸਿੱਖਿਆ ਦੇ ਹਟੇ ਅਤੇ ਪੂਰੇ ਇਲਾਕੇ ਵਿਚ ਗਵਾਹੀ ਦੇ ਹਟੇ, ਤਾਂ ਉਹ ਯਰੂਸ਼ਲਮ ਨੂੰ ਮੁੜ ਪਏ। ਰਾਹ ਵਿਚ ਉਹ ਸਾਮਰੀਆਂ ਦੇ ਬਹੁਤ ਸਾਰੇ ਪਿੰਡਾਂ ਵਿਚ ਵੀ ਖ਼ੁਸ਼ ਖ਼ਬਰੀ ­ਸੁਣਾਉਂਦੇ ਗਏ। 26  ਪਰ ਯਹੋਵਾਹ ਦੇ ਦੂਤ ਨੇ ਫ਼ਿਲਿੱਪੁਸ ਨੂੰ ਕਿਹਾ: “ਉੱਠ ਅਤੇ ਦੱਖਣ ਵਾਲੇ ਪਾਸੇ ਉਸ ਰਾਹ ਵੱਲ ਚਲਾ ਜਾਹ ਜਿਹੜਾ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ।” (ਇਹ ਰਾਹ ਸੁੰਨਾ ਹੈ ਅਤੇ ਇਸ ਦੇ ਆਲੇ-ਦੁਆਲੇ ਦਾ ਇਲਾਕਾ ਉਜਾੜ ਹੈ।) 27  ਦੂਤ ਦੀ ਗੱਲ ਸੁਣ ਕੇ ਉਹ ਉੱਠਿਆ ਅਤੇ ਚਲਾ ਗਿਆ। ਅਤੇ ਉਸ ਰਾਹ ’ਤੇ ਉਸ ਨੇ ਇਥੋਪੀਆ ਦੀ ਰਾਣੀ ਕੰਦਾਕੇ* ਦੇ ਦਰਬਾਰ ਦਾ ਇਕ ਮੰਤਰੀ ਦੇਖਿਆ ਜਿਹੜਾ ਰਾਣੀ ਦੇ ਸਾਰੇ ਖ਼ਜ਼ਾਨੇ ਦਾ ਮੁਖਤਿਆਰ ਸੀ। ਉਹ ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ। 28  ਮੁੜਦੇ ਵੇਲੇ ਉਹ ਆਪਣੇ ਰਥ ਵਿਚ ਬੈਠਾ ਯਸਾਯਾਹ ਨਬੀ ਦੀ ਕਿਤਾਬ ਪੜ੍ਹ ਰਿਹਾ ਸੀ। 29  ਸੋ ਪਵਿੱਤਰ ਸ਼ਕਤੀ ਨੇ ਫ਼ਿਲਿੱਪੁਸ ਨੂੰ ਕਿਹਾ: “ਰਥ ਕੋਲ ਜਾਹ ਅਤੇ ਇਸ ਦੇ ਨਾਲ-ਨਾਲ ਭੱਜ।” 30  ਫ਼ਿਲਿੱਪੁਸ ਰਥ ਦੇ ਨਾਲ-ਨਾਲ ਭੱਜਣ ਲੱਗਾ ਅਤੇ ਉਸ ਨੇ ਮੰਤਰੀ ਨੂੰ ਯਸਾਯਾਹ ਨਬੀ ਦੀ ਕਿਤਾਬ ਵਿੱਚੋਂ ਪੜ੍ਹਦੇ ਹੋਏ ਸੁਣਿਆ। ਫ਼ਿਲਿੱਪੁਸ ਨੇ ਉਸ ਨੂੰ ਪੁੱਛਿਆ: “ਜੋ ਤੂੰ ਪੜ੍ਹ ਰਿਹਾ ਹੈਂ, ਕੀ ਉਹ ਤੈਨੂੰ ਸਮਝ ਆਉਂਦਾ ਹੈ?” 31  ਉਸ ਨੇ ਕਿਹਾ: “ਜਦ ਤਕ ਕੋਈ ਮੈਨੂੰ ਨਾ ਸਮਝਾਵੇ, ਤਾਂ ਮੈਨੂੰ ਕਿਵੇਂ ਸਮਝ ਆਵੇਗਾ?” ਉਸ ਨੇ ਫ਼ਿਲਿੱਪੁਸ ਨੂੰ ਬੇਨਤੀ ਕੀਤੀ ਕਿ ਉਹ ਰਥ ਵਿਚ ਚੜ੍ਹ ਕੇ ਉਸ ਦੇ ਨਾਲ ਬੈਠ ਜਾਵੇ। 32  ਉਹ ਧਰਮ-ਗ੍ਰੰਥ ਦੇ ਜਿਹੜੇ ਹਿੱਸੇ ਵਿੱਚੋਂ ਪੜ੍ਹ ਰਿਹਾ ਸੀ, ਉਸ ਵਿਚ ਇਹ ਲਿਖਿਆ ਸੀ: “ਉਸ ਨੂੰ ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ ਸੀ ਅਤੇ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ ਜਿਵੇਂ ਲੇਲਾ ਉੱਨ ਕਤਰਨ ਵਾਲੇ ਸਾਮ੍ਹਣੇ ਚੁੱਪ ਰਹਿੰਦਾ ਹੈ। 33  ਉਸ ਨੂੰ ਬੇਇੱਜ਼ਤ ਕੀਤਾ ਗਿਆ ਅਤੇ ਉਸ ਨਾਲ ਨਿਆਂ ਨਹੀਂ ਕੀਤਾ ਗਿਆ। ਕੌਣ ਉਸ ਦੀ ਵੰਸ਼ਾਵਲੀ ਬਾਰੇ ਦੱਸੇਗਾ? ਕਿਉਂਕਿ ਉਸ ਨੂੰ ਧਰਤੀ ਉੱਤੋਂ ਖ਼ਤਮ ਕਰ ਦਿੱਤਾ ਗਿਆ ਹੈ।” 34  ਉਸ ਮੰਤਰੀ ਨੇ ਫ਼ਿਲਿੱਪੁਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਦੱਸ ਕਿ ਨਬੀ ਨੇ ਇਹ ਗੱਲ ਕਿਸ ਬਾਰੇ ਕਹੀ ਸੀ? ਕੀ ਉਸ ਨੇ ਆਪਣੇ ਬਾਰੇ ਕਹੀ ਸੀ ਜਾਂ ਕਿਸੇ ਹੋਰ ਬਾਰੇ?” 35  ਫ਼ਿਲਿੱਪੁਸ ਨੇ ­ਧਰਮ-ਗ੍ਰੰਥ ਦੇ ਇਸ ਹਿੱਸੇ ਤੋਂ ਸ਼ੁਰੂ ਕਰ ਕੇ ਯਿਸੂ ਬਾਰੇ ਉਸ ਨੂੰ ਖ਼ੁਸ਼ ਖ਼ਬਰੀ ਸੁਣਾਈ। 36  ਰਾਹ ਵਿਚ ਜਾਂਦੇ ਹੋਏ ਉਹ ਇਕ ਜਗ੍ਹਾ ਪਹੁੰਚੇ ਜਿੱਥੇ ਬਹੁਤ ਸਾਰਾ ਪਾਣੀ ਸੀ ਅਤੇ ਮੰਤਰੀ ਨੇ ਕਿਹਾ: “ਦੇਖ! ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?” 37  *—— 38  ਮੰਤਰੀ ਨੇ ਰਥ ਰੋਕਣ ਦਾ ਹੁਕਮ ਦਿੱਤਾ ਅਤੇ ਉਹ ਦੋਵੇਂ ਪਾਣੀ ਵਿਚ ਚਲੇ ਗਏ ਅਤੇ ਫ਼ਿਲਿੱਪੁਸ ਨੇ ਮੰਤਰੀ ਨੂੰ ਬਪਤਿਸਮਾ ਦੇ ਦਿੱਤਾ। 39  ਜਦੋਂ ਉਹ ਪਾਣੀ ਵਿੱਚੋਂ ਬਾਹਰ ਆਏ, ਤਾਂ ਯਹੋਵਾਹ ਦੀ ਪਵਿੱਤਰ ਸ਼ਕਤੀ ਤੁਰੰਤ ਫ਼ਿਲਿੱਪੁਸ ਨੂੰ ਕਿਸੇ ਹੋਰ ਜਗ੍ਹਾ ਲੈ ਗਈ ਅਤੇ ਮੰਤਰੀ ਨੇ ਉਸ ਨੂੰ ਦੁਬਾਰਾ ਨਾ ਦੇਖਿਆ ਕਿਉਂਕਿ ਮੰਤਰੀ ਖ਼ੁਸ਼ੀ-ਖ਼ੁਸ਼ੀ ਆਪਣੇ ਰਾਹ ਚਲਾ ਗਿਆ। 40  ਪਰ ਫ਼ਿਲਿੱਪੁਸ ਅਸ਼ਦੋਦ ਨੂੰ ਚਲਾ ਗਿਆ ਅਤੇ ਉਹ ਸਾਰੇ ਸ਼ਹਿਰਾਂ ਵਿਚ ਖ਼ੁਸ਼ ਖ਼ਬਰੀ ਸੁਣਾਉਂਦਾ ਹੋਇਆ ਕੈਸਰੀਆ ਪਹੁੰਚ ਗਿਆ।

ਫੁਟਨੋਟ

ਇਥੋਪੀਆ ਦੀਆਂ ਰਾਣੀਆਂ ਦਾ ਇਕ ਖ਼ਿਤਾਬ।
ਮੱਤੀ 17:21, ਫੁਟਨੋਟ ਦੇਖੋ।