ਰਸੂਲਾਂ ਦੇ ਕੰਮ 9:1-43

9  ਪਰ ਸੌਲੁਸ ਉੱਤੇ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਧਮਕਾਉਣ ਅਤੇ ਉਨ੍ਹਾਂ ਦਾ ਕਤਲ ਕਰਨ ਦਾ ਜਨੂਨ ਸਵਾਰ ਸੀ। ਉਸ ਨੇ ਜਾ ਕੇ ਮਹਾਂ ਪੁਜਾਰੀ ਨੂੰ  ­ਦਮਿਸਕ ਦੇ ਸਭਾ ਘਰਾਂ ਦੇ ਨਾਂ ਚਿੱਠੀਆਂ ਲਿਖ ਕੇ ਦੇਣ ਲਈ ਕਿਹਾ, ਤਾਂਕਿ ਉਹ ਪ੍ਰਭੂ ਦੇ ਰਾਹ ਉੱਤੇ ਚੱਲਣ ਵਾਲਿਆਂ ਨੂੰ, ਭਾਵੇਂ ਉਹ ਆਦਮੀ ਹੋਣ ਜਾਂ ਤੀਵੀਆਂ, ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵੇ।  ਜਦੋਂ ਉਹ ਸਫ਼ਰ ਕਰਦਾ ਹੋਇਆ ਦਮਿਸਕ ਦੇ ਲਾਗੇ ਪਹੁੰਚਿਆ, ਤਾਂ ਅਚਾਨਕ ਆਕਾਸ਼ੋਂ ਉਸ ਦੇ ਚਾਰੇ ਪਾਸੇ ਤੇਜ਼ ਰੌਸ਼ਨੀ ਚਮਕੀ।  ਉਹ ਜ਼ਮੀਨ ਉੱਤੇ ਡਿਗ ਪਿਆ ਅਤੇ ਇਕ ਆਵਾਜ਼ ਨੇ ਉਸ ਨੂੰ ਕਿਹਾ: “ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?”  ਸੌਲੁਸ ਨੇ ਕਿਹਾ: “ਪ੍ਰਭੂ, ਤੂੰ ਕੌਣ ਹੈਂ?” ਉਸ ਨੇ ਕਿਹਾ: “ਮੈਂ ਯਿਸੂ ਹਾਂ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।  ਪਰ ਹੁਣ ਉੱਠ ਅਤੇ ਸ਼ਹਿਰ ਨੂੰ ਚਲਾ ਜਾਹ ਅਤੇ ਤੈਨੂੰ ਦੱਸਿਆ ਜਾਵੇਗਾ ਕਿ ਤੂੰ ਕੀ ਕਰਨਾ ਹੈ।”  ਜਿਹੜੇ ਆਦਮੀ ਉਸ ਨਾਲ ਸਫ਼ਰ ਕਰ ਰਹੇ ਸਨ, ਉਹ ਗੁੰਮ-ਸੁੰਮ ਹੋ ਕੇ ਖੜ੍ਹੇ ਰਹੇ। ਉਨ੍ਹਾਂ ਨੇ ਆਵਾਜ਼ ਤਾਂ ਸੁਣੀ ਸੀ, ਪਰ ਕਿਸੇ ਨੂੰ ਦੇਖਿਆ ਨਹੀਂ।  ਫਿਰ ਸੌਲੁਸ ਜ਼ਮੀਨ ਤੋਂ ਉੱਠਿਆ। ਭਾਵੇਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ, ਪਰ ਉਸ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਲਈ ਉਹ ਆਦਮੀ ਉਸ ਦਾ ਹੱਥ ਫੜ ਕੇ ਦਮਿਸਕ ਨੂੰ ਲੈ ਗਏ।  ਉਸ ਨੂੰ ਤਿੰਨ ਦਿਨ ਕੁਝ ਵੀ ਦਿਖਾਈ ਨਹੀਂ ਦਿੱਤਾ ਅਤੇ ਨਾ ਹੀ ਉਸ ਨੇ ਕੁਝ ਖਾਧਾ-ਪੀਤਾ। 10  ਦਮਿਸਕ ਵਿਚ ਹਨਾਨਿਆ ਨਾਂ ਦਾ ਇਕ ਚੇਲਾ ਸੀ। ਪ੍ਰਭੂ ਨੇ ਇਕ ਦਰਸ਼ਣ ਵਿਚ ਪ੍ਰਗਟ ਹੋ ਕੇ ਉਸ ਨੂੰ ਕਿਹਾ: ­“ਹਨਾਨਿਆ!” ਉਸ ਨੇ ਕਿਹਾ: “ਪ੍ਰਭੂ, ਮੈਂ ਹਾਜ਼ਰ ਹਾਂ।” 11  ਪ੍ਰਭੂ ਨੇ ਉਸ ਨੂੰ ਕਿਹਾ: “ਉੱਠ ਅਤੇ ‘ਸਿੱਧੀ’ ਨਾਂ ਦੀ ਗਲੀ ਵਿਚ ਜਾਹ ਅਤੇ ਉੱਥੇ ਯਹੂਦਾ ਦੇ ਘਰ ਵਿਚ ­ਤਰਸੁਸ ਦੇ ਸੌਲੁਸ ਨੂੰ ਮਿਲ। ਉਹ ਇਸ ਵੇਲੇ ਪ੍ਰਾਰਥਨਾ ਕਰ ਰਿਹਾ ਹੈ। 12  ਉਸ ਨੇ ਦਰਸ਼ਣ ਵਿਚ ਦੇਖਿਆ ਹੈ ਕਿ ਹਨਾਨਿਆ ਨਾਂ ਦਾ ਇਕ ਆਦਮੀ ਆ ਕੇ ਉਸ ਉੱਤੇ ਹੱਥ ਰੱਖਦਾ ਹੈ ਅਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਂਦੀ ਹੈ।” 13  ਪਰ ਹਨਾਨਿਆ ਨੇ ਕਿਹਾ: “ਪ੍ਰਭੂ, ਮੈਂ ਬਹੁਤ ਸਾਰੇ ਲੋਕਾਂ ਤੋਂ ਇਸ ਆਦਮੀ ਬਾਰੇ ਸੁਣਿਆ ਹੈ ਕਿ ਇਸ ਨੇ ਯਰੂਸ਼ਲਮ ਵਿਚ ਤੇਰੇ ਪਵਿੱਤਰ ਸੇਵਕਾਂ ਉੱਤੇ ਕਿੰਨੇ ਜ਼ੁਲਮ ਕੀਤੇ ਹਨ। 14  ਅਤੇ ਮੁੱਖ ਪੁਜਾਰੀਆਂ ਨੇ ਇਸ ਨੂੰ ਤੇਰਾ ਨਾਂ ਲੈਣ ਵਾਲਿਆਂ ਨੂੰ ਗਿਰਫ਼ਤਾਰ ਕਰਨ ਦਾ ਅਧਿਕਾਰ ਦਿੱਤਾ ਹੈ।” 15  ਪਰ ਪ੍ਰਭੂ ਨੇ ਉਸ ਨੂੰ ਕਿਹਾ: “ਤੂੰ ਉੱਥੇ ਜਾਹ, ਕਿਉਂਕਿ ਉਸ ਆਦਮੀ ਨੂੰ ਮੈਂ ਚੁਣਿਆ ਹੈ ਤਾਂਕਿ ਉਸ ਦੇ ਜ਼ਰੀਏ ਮੇਰਾ ਨਾਂ ਗ਼ੈਰ-ਯਹੂਦੀ ਲੋਕਾਂ, ਰਾਜਿਆਂ ਅਤੇ ਇਜ਼ਰਾਈਲੀ ਲੋਕਾਂ ਤਕ ਪਹੁੰਚੇ। 16  ਮੈਂ ਉਸ ਨੂੰ ਸਾਫ਼-ਸਾਫ਼ ਦੱਸਾਂਗਾ ਕਿ ਉਸ ਨੂੰ ਮੇਰੇ ਨਾਂ ਦੀ ਖ਼ਾਤਰ ਕਿੰਨੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” 17  ਇਸ ਲਈ ਹਨਾਨਿਆ ਉਸ ਘਰ ਨੂੰ ਗਿਆ ਅਤੇ ਅੰਦਰ ਜਾ ਕੇ ਸੌਲੁਸ ਉੱਤੇ ਆਪਣੇ ਹੱਥ ਰੱਖੇ ਅਤੇ ਕਿਹਾ: “ਸੌਲੁਸ ਮੇਰੇ ਭਰਾ, ਰਾਹ ਵਿਚ ਆਉਂਦਿਆਂ ਤੈਨੂੰ ਪ੍ਰਭੂ ਯਿਸੂ ਦਿਖਾਈ ਦਿੱਤਾ ਸੀ, ਉਸ ਨੇ ਹੀ ਮੈਨੂੰ ਘੱਲਿਆ ਹੈ ਕਿ ਤੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਅਤੇ ਤੂੰ ਪਵਿੱਤਰ ਸ਼ਕਤੀ ਨਾਲ ਭਰ ਜਾਵੇਂ।” 18  ਅਤੇ ਉਸੇ ਵੇਲੇ ਸੌਲੁਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿਗੇ ਅਤੇ ਉਸ ਨੂੰ ਦਿਸਣ ਲੱਗ ਪਿਆ। ਉਸ ਨੇ ਉੱਠ ਕੇ ਬਪਤਿਸਮਾ ਲਿਆ 19  ਅਤੇ ਖਾਧਾ-ਪੀਤਾ ਅਤੇ ਉਸ ਵਿਚ ਜਾਨ ਆਈ। ਸੌਲੁਸ ਦਮਿਸਕ ਵਿਚ ਕੁਝ ਦਿਨ ਚੇਲਿਆਂ ਨਾਲ ਰਿਹਾ 20  ਅਤੇ ਉਸ ਨੇ ਤੁਰੰਤ ਸਭਾ ਘਰਾਂ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ। 21  ਪਰ ਸਾਰੇ ਲੋਕ ਉਸ ਦੀਆਂ ਗੱਲਾਂ ਸੁਣ ਕੇ ਹੱਕੇ-ਬੱਕੇ ਰਹਿ ਜਾਂਦੇ ਸਨ ਅਤੇ ਕਹਿੰਦੇ ਸਨ: “ਕੀ ਇਹ ਉਹੀ ਆਦਮੀ ਨਹੀਂ ਜਿਸ ਨੇ ਯਰੂਸ਼ਲਮ ਵਿਚ ਯਿਸੂ ਦਾ ਨਾਂ ਲੈਣ ਵਾਲਿਆਂ ਉੱਤੇ ਕਹਿਰ ਢਾਹਿਆ ਸੀ ਅਤੇ ਇਹ ਇਸੇ ਕਰਕੇ ਇੱਥੇ ਆਇਆ ਹੈ ਕਿ ਇਹ ਉਨ੍ਹਾਂ ਨੂੰ ਬੰਨ੍ਹ ਕੇ ਮੁੱਖ ਪੁਜਾਰੀਆਂ ਕੋਲ ਲੈ ਜਾਵੇ?” 22  ਪਰ ਸੌਲੁਸ ਪ੍ਰਚਾਰ ਕਰਨ ਵਿਚ ਅਸਰਦਾਰ ਹੁੰਦਾ ਗਿਆ ਅਤੇ ਉਹ ਦਲੀਲਾਂ ਦੇ ਕੇ ਸਾਬਤ ਕਰਦਾ ਸੀ ਕਿ ਯਿਸੂ ਹੀ ਮਸੀਹ ਹੈ ਅਤੇ ਉਸ ਦੀਆਂ ਗੱਲਾਂ ਸੁਣ ਕੇ ਦਮਿਸਕ ਦੇ ਯਹੂਦੀ ਬੌਂਦਲ ਜਾਂਦੇ ਸਨ। 23  ਹੁਣ ਕਈ ਦਿਨਾਂ ਬਾਅਦ ਯਹੂਦੀਆਂ ਨੇ ਮਿਲ ਕੇ ਉਸ ਨੂੰ ਜਾਨੋਂ ਮਾਰਨ ਦੀ ਸਲਾਹ ਕੀਤੀ। 24  ਪਰ ਉਨ੍ਹਾਂ ਦੀ ਇਸ ਸਾਜ਼ਸ਼ ਬਾਰੇ ਸੌਲੁਸ ਨੂੰ ਪਤਾ ਲੱਗ ਗਿਆ। ਯਹੂਦੀ ਉਸ ਨੂੰ ਜਾਨੋਂ ਮਾਰਨ ਲਈ ਦਿਨ-ਰਾਤ ਸ਼ਹਿਰ ਦੇ ਦਰਵਾਜ਼ਿਆਂ ’ਤੇ ਨਜ਼ਰ ਰੱਖਦੇ ਸਨ। 25  ਇਸ ਲਈ, ਉਸ ਦੇ ਚੇਲਿਆਂ ਨੇ ਰਾਤ ਨੂੰ ਉਸ ਨੂੰ ਇਕ ਵੱਡੀ ਸਾਰੀ ਟੋਕਰੀ ਵਿਚ ਬਿਠਾ ਕੇ ਕੰਧ ਵਿਚ ਰੱਖੀ ਬਾਰੀ ਥਾਣੀਂ ਥੱਲੇ ਉਤਾਰ ਦਿੱਤਾ। 26  ਯਰੂਸ਼ਲਮ ਵਿਚ ਆ ਕੇ ਉਸ ਨੇ ਚੇਲਿਆਂ ਨਾਲ ਮਿਲਣ-ਗਿਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਉਸ ਤੋਂ ਡਰਦੇ ਸਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਵੀ ਚੇਲਾ ਬਣ ਗਿਆ ਸੀ। 27  ਇਸ ਲਈ ਬਰਨਾਬਾਸ ਨੇ ਉਸ ਦੀ ਮਦਦ ਕੀਤੀ ਅਤੇ ਉਹ ਉਸ ਨੂੰ ਰਸੂਲਾਂ ਕੋਲ ਲੈ ਗਿਆ। ਬਰਨਾਬਾਸ ਨੇ ਉਨ੍ਹਾਂ ਨੂੰ ਸਾਰਾ ਕੁਝ ਖੋਲ੍ਹ ਕੇ ਦੱਸਿਆ ਕਿ ਕਿਵੇਂ ਰਾਹ ਵਿਚ ਸੌਲੁਸ ਨੇ ਪ੍ਰਭੂ ਨੂੰ ਦੇਖਿਆ ਸੀ ਅਤੇ ਪ੍ਰਭੂ ਨੇ ਉਸ ਨਾਲ ਗੱਲ ਕੀਤੀ ਸੀ ਅਤੇ ਕਿਵੇਂ ਉਸ ਨੇ ਦਮਿਸਕ ਵਿਚ ਦਲੇਰੀ ਨਾਲ ਯਿਸੂ ਦੇ ਨਾਂ ਦਾ ਪ੍ਰਚਾਰ ਕੀਤਾ ਸੀ। 28  ਉਹ ਉਨ੍ਹਾਂ ਨਾਲ ਰਿਹਾ ਅਤੇ ਯਰੂਸ਼ਲਮ ਵਿਚ ਬਿਨਾਂ ਕਿਸੇ ਰੋਕ-ਟੋਕ ਦੇ ਘੁੰਮਦਾ ਹੋਇਆ ਨਿਡਰਤਾ ਨਾਲ ਪ੍ਰਭੂ ਦੇ ਨਾਂ ’ਤੇ ਗੱਲ ਕਰਦਾ ਰਿਹਾ। 29  ਨਾਲੇ ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਨਾਲ ਗੱਲ ਕਰਦਾ ਅਤੇ ਬਹਿਸ ਕਰਦਾ ਸੀ। ਪਰ ਉਨ੍ਹਾਂ ਯਹੂਦੀਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। 30  ਜਦੋਂ ਭਰਾਵਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਉਸ ਨੂੰ ਕੈਸਰੀਆ ਲੈ ਆਏ ਅਤੇ ਉਸ ਨੂੰ ਤਰਸੁਸ ਘੱਲ ਦਿੱਤਾ। 31  ਫਿਰ, ਯਹੂਦੀਆ, ਗਲੀਲ ਅਤੇ ਸਾਮਰੀਆ ਦੀ ਪੂਰੀ ਮੰਡਲੀ ਲਈ ਸ਼ਾਂਤੀ ਦਾ ਸਮਾਂ ਆ ਗਿਆ ਅਤੇ ਇਸ ਦਾ ਵਿਰੋਧ ਹੋਣੋਂ ਹਟ ਗਿਆ ਅਤੇ ਮੰਡਲੀ ਨਿਹਚਾ ਵਿਚ ਮਜ਼ਬੂਤ ਹੁੰਦੀ ਗਈ; ਅਤੇ ਇਸ ਵਿਚ ਵਾਧਾ ਹੁੰਦਾ ਗਿਆ ਕਿਉਂਕਿ ਇਹ ਯਹੋਵਾਹ ਦਾ ਡਰ ਰੱਖ ਕੇ ਅਤੇ ਪਵਿੱਤਰ ਸ਼ਕਤੀ ਦੇ ਸਹਾਰੇ ਨਾਲ ਅੱਗੇ ਵਧਦੀ ਰਹੀ। 32  ਹੁਣ ਪਤਰਸ ਸਾਰੇ ਇਲਾਕਿਆਂ ਵਿੱਚੋਂ ਦੀ ਹੁੰਦਾ ਹੋਇਆ ਲੁੱਦਾ ਵਿਚ ਰਹਿੰਦੇ ਪਵਿੱਤਰ ਸੇਵਕਾਂ ਕੋਲ ਆਇਆ। 33  ਉੱਥੇ ਉਸ ਨੇ ਐਨੀਆਸ ਨਾਂ ਦਾ ਇਕ ਆਦਮੀ ਦੇਖਿਆ ਜਿਹੜਾ ਅਧਰੰਗ ਹੋਣ ਕਰਕੇ ਅੱਠ ਸਾਲਾਂ ਤੋਂ ਮੰਜੀ ’ਤੇ ਪਿਆ ਹੋਇਆ ਸੀ। 34  ਪਤਰਸ ਨੇ ਉਸ ਨੂੰ ਕਿਹਾ: “ਐਨੀਆਸ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ। ਉੱਠ ਕੇ ਆਪਣਾ ਬਿਸਤਰਾ ਸੁਆਰ।” ਅਤੇ ਉਹ ਉਸੇ ਵੇਲੇ ਉੱਠ ਖੜ੍ਹਾ ਹੋਇਆ। 35  ਲੁੱਦਾ ਅਤੇ ਸ਼ਾਰੋਨ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੇ ਉਸ ਆਦਮੀ ਨੂੰ ਦੇਖਿਆ ਅਤੇ ਉਹ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਏ। 36  ਯਾਪਾ ਵਿਚ ਪ੍ਰਭੂ ਨੂੰ ਮੰਨਣ ਵਾਲੀ ਇਕ ਤੀਵੀਂ ਰਹਿੰਦੀ ਸੀ। ਉਸ ਦਾ ਨਾਂ ਤਬਿਥਾ ਉਰਫ਼ ਦੋਰਕਸ* ਸੀ ਅਤੇ ਉਹ ਦੂਜਿਆਂ ਲਈ ਭਲੇ ਕੰਮ ਕਰਨ ਅਤੇ ਪੁੰਨ-ਦਾਨ ਕਰਨ ਵਿਚ ਲੱਗੀ ਰਹਿੰਦੀ ਸੀ। 37  ਪਰ ਜਦੋਂ ਪਤਰਸ ਲੁੱਦਾ ਵਿਚ ਸੀ, ਉਦੋਂ ਉਹ ਬੀਮਾਰ ਹੋ ਕੇ ਮਰ ਗਈ। ਇਸ ਲਈ ਉਨ੍ਹਾਂ ਨੇ ਉਸ ਦੀ ਦੇਹ ਨੂੰ ਨਲ੍ਹਾ ਕੇ ਚੁਬਾਰੇ ਵਿਚ ਰੱਖ ਦਿੱਤਾ। 38  ਲੁੱਦਾ ਯਾਪਾ ਦੇ ਨੇੜੇ ਸੀ। ਇਸ ਲਈ ਜਦੋਂ ਚੇਲਿਆਂ ਨੇ ਸੁਣਿਆ ਕਿ ਪਤਰਸ ਲੁੱਦਾ ਵਿਚ ਸੀ, ਤਾਂ ਉਨ੍ਹਾਂ ਨੇ ਦੋ ਬੰਦੇ ਘੱਲ ਕੇ ਉਸ ਨੂੰ ਬੇਨਤੀ ਕੀਤੀ: “ਕਿਰਪਾ ਕਰ ਕੇ ਸਾਡੇ ਕੋਲ ਫ਼ੌਰਨ ਆਉਣ ਦੀ ਕੋਸ਼ਿਸ਼ ਕਰਨੀ।” 39  ਪਤਰਸ ਉੱਠ ਕੇ ਉਨ੍ਹਾਂ ਨਾਲ ਚਲਾ ਗਿਆ। ਜਦੋਂ ਉਹ ਉੱਥੇ ਪਹੁੰਚਿਆ, ਤਾਂ ਉਹ ਉਸ ਨੂੰ ਚੁਬਾਰੇ ਵਿਚ ਲੈ ਗਏ। ਉੱਥੇ ਸਾਰੀਆਂ ਵਿਧਵਾਵਾਂ ਉਸ ਕੋਲ ਰੋਂਦੀਆਂ ਹੋਈਆਂ ਆਈਆਂ ਅਤੇ ਉਸ ਨੂੰ ਉਹ ਸਾਰੇ ਕੱਪੜੇ ਦਿਖਾਏ ਜਿਹੜੇ ­ਦੋਰਕਸ ਉਨ੍ਹਾਂ ਲਈ ਸੀਉਂਦੀ ਹੁੰਦੀ ਸੀ ਜਦੋਂ ਉਹ ਉਨ੍ਹਾਂ ਨਾਲ ਹੁੰਦੀ ਸੀ। 40  ਫਿਰ ਪਤਰਸ ਨੇ ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਅਤੇ ਦੋਰਕਸ ਦੀ ਦੇਹ ਵੱਲ ਮੁੜ ਕੇ ਕਿਹਾ: “ਤਬਿਥਾ ਉੱਠ!” ਅਤੇ ਤਬਿਥਾ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਪਤਰਸ ਨੂੰ ਦੇਖਿਆ ਅਤੇ ਉੱਠ ਕੇ ਬੈਠ ਗਈ। 41  ਫਿਰ ­ਪਤਰਸ ਨੇ ਉਸ ਨੂੰ ਆਪਣੇ ਹੱਥ ਦਾ ਸਹਾਰਾ ਦੇ ਕੇ ਖੜ੍ਹਾ ਕੀਤਾ ਅਤੇ ਪਵਿੱਤਰ ਸੇਵਕਾਂ ਤੇ ਵਿਧਵਾਵਾਂ ਨੂੰ ਬੁਲਾਇਆ ਅਤੇ ਉਨ੍ਹਾਂ ਅੱਗੇ ਤਬਿਥਾ ਨੂੰ ਜੀਉਂਦੀ-ਜਾਗਦੀ ਪੇਸ਼ ਕੀਤਾ। 42  ਪੂਰੇ ਯਾਪਾ ਵਿਚ ਇਹ ਗੱਲ ਫੈਲ ਗਈ ਅਤੇ ਬਹੁਤ ਸਾਰੇ ਲੋਕ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਏ। 43  ਪਤਰਸ ਯਾਪਾ ਵਿਚ ਕਈ ਦਿਨ ਚਮੜਾ ਰੰਗਣ ਵਾਲੇ ਸ਼ਮਊਨ ਦੇ ਘਰ ਰਿਹਾ।

ਫੁਟਨੋਟ

ਤਬਿਥਾ ਆਰਾਮੀ ਨਾਂ ਹੈ ਅਤੇ ਦੋਰਕਸ ਯੂਨਾਨੀ ਨਾਂ ਹੈ ਅਤੇ ਇਨ੍ਹਾਂ ਦੋਵਾਂ ਦਾ ਮਤਲਬ ਹੈ ਹਿਰਨੀ।