ਰੋਮੀਆਂ 10:1-21
10 ਭਰਾਵੋ, ਮੇਰੀ ਇਹੀ ਦਿਲੀ ਇੱਛਾ ਹੈ ਅਤੇ ਮੈਂ ਇਜ਼ਰਾਈਲੀਆਂ ਲਈ ਪਰਮੇਸ਼ੁਰ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਉਹ ਬਚਾਏ ਜਾਣ।
2 ਅਤੇ ਮੈਂ ਉਨ੍ਹਾਂ ਬਾਰੇ ਇਹ ਗੱਲ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਤਾਂ ਕਰਦੇ ਹਨ, ਪਰ ਉਨ੍ਹਾਂ ਦੀ ਭਗਤੀ ਪਰਮੇਸ਼ੁਰ ਦੇ ਸਹੀ ਗਿਆਨ ਮੁਤਾਬਕ ਨਹੀਂ ਹੈ।
3 ਕਿਉਂਕਿ ਉਹ ਇਹ ਗੱਲ ਨਹੀਂ ਸਮਝਦੇ ਕਿ ਪਰਮੇਸ਼ੁਰ ਕਿਸ ਆਧਾਰ ਤੇ ਕਿਸੇ ਇਨਸਾਨ ਨੂੰ ਧਰਮੀ ਠਹਿਰਾਉਂਦਾ ਹੈ, ਸਗੋਂ ਉਹ ਆਪਣੇ ਹੀ ਤਰੀਕੇ ਨਾਲ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ।
4 ਅਸਲ ਵਿਚ ਮਸੀਹ ਦੀ ਮੌਤ ਨਾਲ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ ਸੀ, ਤਾਂਕਿ ਨਿਹਚਾ ਕਰਨ ਵਾਲੇ ਇਨਸਾਨਾਂ ਨੂੰ ਧਰਮੀ ਠਹਿਰਾਇਆ ਜਾਵੇ।
5 ਮੂਸਾ ਨੇ ਕਿਹਾ ਸੀ ਕਿ ਕਾਨੂੰਨ ਮੁਤਾਬਕ ਸਹੀ ਕੰਮ ਕਰਨ ਵਾਲਾ ਇਨਸਾਨ ਜੀਉਂਦਾ ਰਹੇਗਾ।
6 ਪਰ ਧਰਮ-ਗ੍ਰੰਥ ਵਿਚ ਇਹ ਵੀ ਕਿਹਾ ਗਿਆ ਸੀ ਕਿ ਇਨਸਾਨ ਨੂੰ ਨਿਹਚਾ ਸਦਕਾ ਧਰਮੀ ਠਹਿਰਾਇਆ ਜਾ ਸਕਦਾ ਹੈ। ਇਸ ਵਿਚ ਲਿਖਿਆ ਹੈ: “ਤੂੰ ਆਪਣੇ ਦਿਲ ਵਿਚ ਇਹ ਨਾ ਕਹਿ, ‘ਉੱਪਰ ਸਵਰਗ ਨੂੰ ਕੌਣ ਜਾਵੇਗਾ?’ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਥੱਲੇ ਲਿਆਉਣ ਲਈ ਸਵਰਗ ਨੂੰ ਕੌਣ ਜਾਵੇਗਾ?
7 ਜਾਂ ‘ਥੱਲੇ ਅਥਾਹ ਕੁੰਡ ਵਿਚ ਕੌਣ ਉੱਤਰੇਗਾ?’ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਉੱਪਰ ਲਿਆਉਣ ਲਈ ਅਥਾਹ ਕੁੰਡ ਵਿਚ ਕੌਣ ਉੱਤਰੇਗਾ?”
8 ਪਰ ਧਰਮ-ਗ੍ਰੰਥ ਕੀ ਕਹਿੰਦਾ ਹੈ? ਇਹੀ ਕਿ “ਸੰਦੇਸ਼ ਤੇਰੇ ਨੇੜੇ ਹੈ, ਤੇਰੀ ਆਪਣੀ ਜ਼ਬਾਨ ’ਤੇ ਅਤੇ ਤੇਰੇ ਆਪਣੇ ਦਿਲ ਵਿਚ ਹੈ”; ਯਾਨੀ ਉਹ “ਸੰਦੇਸ਼” ਜਿਸ ਨੂੰ ਅਸੀਂ ਨਿਹਚਾ ਕਰ ਕੇ ਸਵੀਕਾਰ ਕਰਦੇ ਹਾਂ ਅਤੇ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ।
9 ‘ਤੇਰੀ ਜ਼ਬਾਨ ਉੱਤੇ ਸੰਦੇਸ਼’ ਇਹ ਹੈ ਕਿ ਯਿਸੂ ਪ੍ਰਭੂ ਹੈ। ਜੇ ਤੁਸੀਂ ਇਸ ਸੰਦੇਸ਼ ਦਾ ਸਾਰਿਆਂ ਸਾਮ੍ਹਣੇ ਐਲਾਨ ਕਰੋਗੇ ਅਤੇ ਦਿਲੋਂ ਨਿਹਚਾ ਕਰੋਗੇ ਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ, ਤਾਂ ਤੁਸੀਂ ਬਚਾਏ ਜਾਓਗੇ।
10 ਕਿਉਂਕਿ ਦਿਲੋਂ ਨਿਹਚਾ ਕਰਨ ਵਾਲੇ ਨੂੰ ਧਰਮੀ ਠਹਿਰਾਇਆ ਜਾਂਦਾ ਹੈ, ਪਰ ਮੁਕਤੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਆਪਣੇ ਮੂੰਹੋਂ ਉਸ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰੇ।
11 ਧਰਮ-ਗ੍ਰੰਥ ਵਿਚ ਇਹ ਕਿਹਾ ਗਿਆ ਹੈ: “ਉਸ ਉੱਤੇ ਨਿਹਚਾ ਕਰਨ ਵਾਲੇ ਲੋਕ ਕਦੇ ਨਿਰਾਸ਼ ਨਹੀਂ ਹੋਣਗੇ।”
12 ਯਹੂਦੀ ਅਤੇ ਯੂਨਾਨੀ* ਲੋਕਾਂ ਵਿਚ ਪੱਖਪਾਤ ਨਹੀਂ ਕੀਤਾ ਜਾਂਦਾ ਕਿਉਂਕਿ ਸਾਰਿਆਂ ਦਾ ਇੱਕੋ ਪ੍ਰਭੂ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਦਿਲ ਖੋਲ੍ਹ ਕੇ ਬਰਕਤਾਂ ਦਿੰਦਾ ਹੈ ਜਿਹੜੇ ਉਸ ਦਾ ਨਾਂ ਲੈਂਦੇ ਹਨ।
13 ਕਿਉਂਕਿ “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।”
14 ਪਰ ਉਹ ਉਸ ਦਾ ਨਾਂ ਕਿਵੇਂ ਲੈਣਗੇ ਜਿਸ ਉੱਤੇ ਉਨ੍ਹਾਂ ਨੇ ਨਿਹਚਾ ਕੀਤੀ ਹੀ ਨਹੀਂ? ਅਤੇ ਉਹ ਉਸ ਉੱਤੇ ਨਿਹਚਾ ਕਿਵੇਂ ਕਰਨਗੇ ਜਿਸ ਬਾਰੇ ਉਨ੍ਹਾਂ ਨੇ ਸੁਣਿਆ ਹੀ ਨਹੀਂ? ਅਤੇ ਉਹ ਉਸ ਬਾਰੇ ਕਿਵੇਂ ਸੁਣਨਗੇ ਜਦ ਤਕ ਉਨ੍ਹਾਂ ਨੂੰ ਕੋਈ ਪ੍ਰਚਾਰ ਨਾ ਕਰੇ?
15 ਅਤੇ ਉਹ ਪ੍ਰਚਾਰ ਕਿਵੇਂ ਕਰਨਗੇ ਜਦ ਤਕ ਉਨ੍ਹਾਂ ਨੂੰ ਘੱਲਿਆ ਨਾ ਜਾਵੇ? ਠੀਕ ਜਿਵੇਂ ਲਿਖਿਆ ਹੈ: “ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲਿਆਂ ਦੇ ਪੈਰ ਕਿੰਨੇ ਸੋਹਣੇ ਲੱਗਦੇ ਹਨ!”
16 ਪਰ ਇਜ਼ਰਾਈਲੀ ਖ਼ੁਸ਼ ਖ਼ਬਰੀ ਮੁਤਾਬਕ ਨਹੀਂ ਚੱਲੇ। ਯਸਾਯਾਹ ਨਬੀ ਨੇ ਕਿਹਾ ਸੀ: “ਯਹੋਵਾਹ, ਕਿਸ ਨੇ ਉਸ ਸੰਦੇਸ਼ ਉੱਤੇ ਨਿਹਚਾ ਕੀਤੀ ਜੋ ਉਨ੍ਹਾਂ ਨੇ ਸਾਡੇ ਤੋਂ ਸੁਣਿਆ ਸੀ?”
17 ਇਸ ਲਈ, ਨਿਹਚਾ ਸੰਦੇਸ਼ ਸੁਣਨ ਨਾਲ ਪੈਦਾ ਹੁੰਦੀ ਹੈ ਅਤੇ ਸੰਦੇਸ਼ ਉਦੋਂ ਸੁਣਿਆ ਜਾਂਦਾ ਹੈ ਜਦੋਂ ਕੋਈ ਮਸੀਹ ਬਾਰੇ ਦੱਸਦਾ ਹੈ।
18 ਤਾਂ ਮੈਨੂੰ ਦੱਸੋ, ਕੀ ਉਨ੍ਹਾਂ ਨੂੰ ਸੰਦੇਸ਼ ਸੁਣਾਈ ਨਹੀਂ ਦਿੱਤਾ? ਸੱਚ ਤਾਂ ਇਹ ਹੈ ਕਿ “ਸੰਦੇਸ਼ ਸੁਣਾਉਣ ਵਾਲਿਆਂ ਦੀ ਆਵਾਜ਼ ਪੂਰੀ ਧਰਤੀ ਉੱਤੇ ਸੁਣਾਈ ਦਿੱਤੀ ਅਤੇ ਉਨ੍ਹਾਂ ਦਾ ਸੰਦੇਸ਼ ਧਰਤੀ ਦੀਆਂ ਹੱਦਾਂ ਤਕ ਪਹੁੰਚਿਆ।”
19 ਤਾਂ ਫਿਰ ਮੈਨੂੰ ਦੱਸੋ, ਕੀ ਇਜ਼ਰਾਈਲੀਆਂ ਨੂੰ ਸੰਦੇਸ਼ ਸਮਝ ਨਹੀਂ ਆਇਆ? ਹਾਂ, ਸਮਝ ਆਇਆ ਸੀ ਕਿਉਂਕਿ ਪਹਿਲਾਂ ਮੂਸਾ ਨੇ ਕਿਹਾ ਸੀ: “ਮੈਂ ਹੋਰ ਕੌਮਾਂ ਦੇ ਲੋਕਾਂ ਰਾਹੀਂ ਤੁਹਾਡੇ ਵਿਚ ਈਰਖਾ ਪੈਦਾ ਕਰਾਂਗਾ; ਮੈਂ ਮੂਰਖ ਕੌਮਾਂ ਦੇ ਰਾਹੀਂ ਤੁਹਾਡਾ ਗੁੱਸਾ ਭੜਕਾਵਾਂਗਾ।”
20 ਫਿਰ ਯਸਾਯਾਹ ਨਬੀ ਨੇ ਬਹੁਤ ਹੀ ਦਲੇਰ ਹੋ ਕੇ ਕਿਹਾ ਸੀ: “ਜਿਹੜੇ ਲੋਕ ਮੈਨੂੰ ਲੱਭ ਨਹੀਂ ਰਹੇ ਸਨ, ਉਨ੍ਹਾਂ ਨੇ ਮੈਨੂੰ ਲੱਭ ਲਿਆ; ਅਤੇ ਜਿਹੜੇ ਮੇਰੇ ਬਾਰੇ ਪੁੱਛ-ਗਿੱਛ ਨਹੀਂ ਕਰ ਰਹੇ ਸਨ, ਮੈਂ ਉਨ੍ਹਾਂ ਉੱਤੇ ਆਪਣੇ ਆਪ ਨੂੰ ਜ਼ਾਹਰ ਕੀਤਾ।”
21 ਪਰ ਇਜ਼ਰਾਈਲ ਬਾਰੇ ਯਸਾਯਾਹ ਨਬੀ ਨੇ ਕਿਹਾ ਸੀ: “ਮੈਂ ਸਾਰਾ-ਸਾਰਾ ਦਿਨ ਆਪਣੀਆਂ ਬਾਹਾਂ ਖੋਲ੍ਹੀ ਅਣਆਗਿਆਕਾਰ ਲੋਕਾਂ ਦੀ ਉਡੀਕ ਕਰਦਾ ਰਹਿੰਦਾ ਹਾਂ ਅਤੇ ਇਹ ਲੋਕ ਮੇਰੇ ਖ਼ਿਲਾਫ਼ ਬੋਲਦੇ ਹਨ।”