ਰੋਮੀਆਂ 12:1-21

12  ਇਸ ਲਈ ਭਰਾਵੋ, ਪਰਮੇਸ਼ੁਰ ਦੀ ਦਇਆ ਦਾ ਵਾਸਤਾ ਦੇ ਕੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ। ਅਤੇ ਇਸ ਤਰ੍ਹਾਂ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਭਗਤੀ ਕਰੋ।  ਅਤੇ ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ, ਤਾਂਕਿ ਤੁਸੀਂ ਆਪ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।  ਮੈਂ ਆਪਣੇ ਉੱਤੇ ਹੋਈ ਅਪਾਰ ਕਿਰਪਾ ਨੂੰ ਧਿਆਨ ਵਿਚ ਰੱਖਦੇ ਹੋਏ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ; ਪਰ ਪਰਮੇਸ਼ੁਰ ਦੁਆਰਾ ਦਿੱਤੀ ਨਿਹਚਾ ਅਨੁਸਾਰ ਤੁਸੀਂ ਇਸ ਢੰਗ ਨਾਲ ਸੋਚੋ ਕਿ ਸਾਰਿਆਂ ਨੂੰ ਜ਼ਾਹਰ ਹੋਵੇ ਕਿ ਤੁਸੀਂ ਸਮਝਦਾਰ ਹੋ।  ਜਿਵੇਂ ਇਕ ਸਰੀਰ ਦੇ ਕਈ ਅੰਗ ਹੁੰਦੇ ਹਨ, ਪਰ ਸਾਰੇ ਅੰਗ ਇੱਕੋ ਕੰਮ ਨਹੀਂ ਕਰਦੇ,  ਉਵੇਂ ਅਸੀਂ ਬਹੁਤ ਸਾਰੇ ਹੁੰਦੇ ਹੋਏ ਵੀ ਮਸੀਹ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਕ ਸਰੀਰ ਹਾਂ, ਅਤੇ ਸਾਨੂੰ ਇਕ-ਦੂਜੇ ਦੀ ਲੋੜ ਹੈ।  ਅਪਾਰ ਕਿਰਪਾ ਸਦਕਾ ਸਾਨੂੰ ਵੱਖੋ-ਵੱਖਰੇ ਵਰਦਾਨ ਮਿਲੇ ਹੋਏ ਹਨ। ਇਸ ਲਈ ਜੇ ਸਾਨੂੰ ਭਵਿੱਖਬਾਣੀ ਕਰਨ ਦਾ ਵਰਦਾਨ ਮਿਲਿਆ ਹੈ, ਤਾਂ ਆਓ ਆਪਾਂ ਉਸ ਨਿਹਚਾ ਅਨੁਸਾਰ, ਜੋ ਸਾਨੂੰ ਦਿੱਤੀ ਗਈ ਹੈ, ਭਵਿੱਖਬਾਣੀ ਕਰੀਏ;  ਜਿਹੜਾ ਸੇਵਾ ਕਰਦਾ ਹੈ, ਉਹ ਸੇਵਾ ਕਰਦਾ ਰਹੇ; ਜਾਂ ਜਿਹੜਾ ਸਿੱਖਿਆ ਦਿੰਦਾ ਹੈ, ਉਹ ਸਿੱਖਿਆ ਦਿੰਦਾ ਰਹੇ;  ਜਿਹੜਾ ਨਸੀਹਤਾਂ ਦਿੰਦਾ ਹੈ, ਉਹ ਨਸੀਹਤਾਂ ਦਿੰਦਾ ਰਹੇ; ਜਿਹੜਾ ਵੰਡਦਾ ਹੈ, ਉਹ ਖੁੱਲ੍ਹੇ ਦਿਲ ਨਾਲ ਵੰਡੇ; ਜਿਹੜਾ ਅਗਵਾਈ ਕਰਦਾ ਹੈ, ਉਹ ਪੂਰੀ ਲਗਨ ਨਾਲ ਅਗਵਾਈ ਕਰੇ; ਜਿਹੜਾ ਰਹਿਮ ਕਰਦਾ ਹੈ, ਉਹ ਖ਼ੁਸ਼ੀ-ਖ਼ੁਸ਼ੀ ਦੂਸਰਿਆਂ ਉੱਤੇ ਰਹਿਮ ਕਰੇ।  ਤੁਹਾਡੇ ਪਿਆਰ ਵਿਚ ਕੋਈ ਛਲ-ਕਪਟ ਨਾ ਹੋਵੇ। ਬੁਰਾਈ ਨਾਲ ਨਫ਼ਰਤ ਕਰੋ, ਪਰ ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖੋ। 10  ਆਪਣੇ ਭਰਾਵਾਂ ਨਾਲ ਪਿਆਰ ਅਤੇ ਮੋਹ ਰੱਖੋ। ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ। 11  ਗਰਮਜੋਸ਼ੀ ਨਾਲ ਕੰਮ ਕਰੋ, ਆਲਸੀ ਨਾ ਬਣੋ। ਪਵਿੱਤਰ ਸ਼ਕਤੀ ਦੀ ਮਦਦ ਨਾਲ ਜੋਸ਼ੀਲੇ ਬਣੋ। ਯਹੋਵਾਹ ਦੇ ਦਾਸ ਬਣ ਕੇ ਉਸ ਦੀ ਸੇਵਾ ਕਰੋ। 12  ਆਪਣੀ ਉਮੀਦ ਕਰਕੇ ਖ਼ੁਸ਼ ਰਹੋ। ਧੀਰਜ ਨਾਲ ਕਸ਼ਟ ਸਹੋ। ਪ੍ਰਾਰਥਨਾ ਕਰਨ ਵਿਚ ਲੱਗੇ ਰਹੋ। 13  ਜੋ ਵੀ ਤੁਹਾਡੇ ਕੋਲ ਹੈ, ਉਹ ਪਵਿੱਤਰ ਸੇਵਕਾਂ ਨਾਲ ਸਾਂਝਾ ਕਰ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੋ। ਪਰਾਹੁਣਚਾਰੀ ਕਰਨ ਵਿਚ ਲੱਗੇ ਰਹੋ। 14  ਜਿਹੜੇ ਲੋਕ ਤੁਹਾਡੇ ਉੱਤੇ ਅਤਿਆਚਾਰ ਕਰਦੇ ਹਨ, ਉਨ੍ਹਾਂ ਲਈ ਪਰਮੇਸ਼ੁਰ ਤੋਂ ਬਰਕਤ ਮੰਗੋ। ਪਰਮੇਸ਼ੁਰ ਨੂੰ ਬੇਨਤੀ ਕਰੋ ਕਿ ਉਹ ਲੋਕਾਂ ਨੂੰ ਬਰਕਤਾਂ ਦੇਵੇ ਅਤੇ ਤੁਸੀਂ ਉਨ੍ਹਾਂ ਬਾਰੇ ਕੁਝ ਵੀ ਬੁਰਾ-ਭਲਾ ਨਾ ਕਹੋ। 15  ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ ਮਨਾਓ; ਰੋਣ ਵਾਲੇ ਲੋਕਾਂ ਨਾਲ ਰੋਵੋ। 16  ਦੂਸਰਿਆਂ ਬਾਰੇ ਉਹੀ ਨਜ਼ਰੀਆ ਰੱਖੋ ਜੋ ਨਜ਼ਰੀਆ ਤੁਹਾਡਾ ਆਪਣੇ ਬਾਰੇ ਹੈ; ਹੰਕਾਰ ਨਾ ਕਰੋ, ਸਗੋਂ ਨਿਮਰ ਬਣੋ। ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਨਾ ਬਣੋ। 17  ਬੁਰਾਈ ਦੇ ਵੱਟੇ ਬੁਰਾਈ ਨਾ ਕਰੋ। ਉਹੀ ਕਰਨ ਦੀ ਕੋਸ਼ਿਸ਼ ਕਰੋ ਜੋ ਸਾਰਿਆਂ ਦੀਆਂ ਨਜ਼ਰਾਂ ਵਿਚ ਚੰਗਾ ਹੈ। 18  ਜੇ ਹੋ ਸਕੇ, ਤਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। 19  ­ਪਿਆਰਿਓ, ਆਪਣਾ ਬਦਲਾ ਨਾ ਲਓ, ਸਗੋਂ ਇਹ ਕੰਮ ਪਰਮੇਸ਼ੁਰ ’ਤੇ ਛੱਡ ਦਿਓ। ਗ਼ਲਤੀ ਕਰਨ ਵਾਲੇ ਨੂੰ ਪਰਮੇਸ਼ੁਰ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪਵੇਗਾ; ਕਿਉਂਕਿ ਲਿਖਿਆ ਹੈ: “ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਗ਼ਲਤ ਕੰਮਾਂ ਦੀ ਸਜ਼ਾ ਦਿਆਂਗਾ, ਯਹੋਵਾਹ ਕਹਿੰਦਾ ਹੈ।” 20  ਪਰ “ਜੇ ਤੇਰਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਕੁਝ ਦੇ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਕੁਝ ਦੇ; ਕਿਉਂਕਿ ਇਸ ਤਰ੍ਹਾਂ ਕਰ ਕੇ ਤੂੰ ਉਸ ਦੇ ਸਿਰ ਉੱਤੇ ਬਲ਼ਦੇ ਕੋਲਿਆਂ ਦਾ ਢੇਰ ਲਾਏਂਗਾ।”* 21  ਬੁਰਾਈ ਤੋਂ ਹਾਰ ਨਾ ਮੰਨੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤੋ।

ਫੁਟਨੋਟ

ਯਾਨੀ, ਕਿਸੇ ਦੇ ਕਠੋਰ ਦਿਲ ਨੂੰ ਪਿਘਲਾਉਣਾ, ਜਿਵੇਂ ਬਲ਼ਦੇ ਕੋਲੇ ਲੋਹੇ ਨੂੰ ਪਿਘਲਾ ਦਿੰਦੇ ਹਨ।