ਰੋਮੀਆਂ 6:1-23

6  ਤਾਂ ਫਿਰ, ਅਸੀਂ ਕੀ ਕਹੀਏ? ਕੀ ਅਸੀਂ ਪਾਪ ਕਰਨ ਵਿਚ ਲੱਗੇ ਰਹੀਏ ਤਾਂਕਿ ਸਾਡੇ ਉੱਤੇ ਹੋਰ ਜ਼ਿਆਦਾ ਅਪਾਰ ਕਿਰਪਾ ਕੀਤੀ ਜਾਵੇ?  ਬਿਲਕੁਲ ਨਹੀਂ! ਜੇ ਅਸੀਂ ਆਪਣੀ ਪਾਪੀ ਜ਼ਿੰਦਗੀ ਨੂੰ ਖ਼ਤਮ ਕਰ ਦਿੱਤਾ ਹੈ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਪਾਪ ਕਰਨ ਵਿਚ ਲੱਗੇ ਰਹੀਏ?  ਜਾਂ ਫਿਰ, ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਜਿਵੇਂ ਅਸੀਂ ਸਾਰੇ ਬਪਤਿਸਮਾ ਲੈ ਕੇ ਯਿਸੂ ਮਸੀਹ ਨਾਲ ਏਕਤਾ ਵਿਚ ਬੱਝੇ ਹਾਂ, ਉਵੇਂ ਅਸੀਂ ਬਪਤਿਸਮਾ* ਲੈ ਕੇ ਉਸ ਦੀ ਮੌਤ ਵਿਚ ਹਿੱਸੇਦਾਰ ਵੀ ਬਣ ਗਏ ਹਾਂ?  ਇਸ ਲਈ ਅਸੀਂ ਉਸ ਦੀ ਮੌਤ ਵਿਚ ਹਿੱਸੇਦਾਰ ਬਣ ਕੇ ਬਪਤਿਸਮੇ ਰਾਹੀਂ ਉਸ ਨਾਲ ਦਫ਼ਨ ਹੋ ਗਏ ਸਾਂ, ਤਾਂਕਿ ਜਿਵੇਂ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ ਅਤੇ ਉਹ ਨਵੀਂ ਜ਼ਿੰਦਗੀ ਜੀ ਰਿਹਾ ਹੈ, ਉਸੇ ਤਰ੍ਹਾਂ ਪਿਤਾ ਦੀ ਸ਼ਾਨਦਾਰ ਤਾਕਤ ਦੇ ਜ਼ਰੀਏ ਅਸੀਂ ਵੀ ਨਵੀਂ ਜ਼ਿੰਦਗੀ ਪਾਈਏ।  ਕਿਉਂਕਿ ਜੇ ਅਸੀਂ ਉਸ ਵਾਂਗ ਮਰੇ ਹਾਂ, ਤਾਂ ਸਾਨੂੰ ਉਸ ਵਾਂਗ ਦੁਬਾਰਾ ਜੀਉਂਦਾ ਵੀ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਅਸੀਂ ਉਸ ਨਾਲ ਏਕਤਾ ਵਿਚ ਬੱਝੇ ਹੋਵਾਂਗੇ;  ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਸੁਭਾਅ ਉਸ ਨਾਲ ਸੂਲ਼ੀ ’ਤੇ ਟੰਗ ਦਿੱਤਾ ਗਿਆ ਸੀ ਤਾਂਕਿ ਸਾਡੇ ਪਾਪੀ ਸਰੀਰ ਦਾ ਸਾਡੇ ਉੱਤੇ ਕੋਈ ਵੱਸ ਨਾ ਚੱਲੇ ਅਤੇ ਅਸੀਂ ਪਾਪ ਦੇ ਗ਼ੁਲਾਮ ਨਾ ਰਹੀਏ।  ਜਿਹੜਾ ਮਰ ਜਾਂਦਾ ਹੈ, ਉਸ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।  ਇਸ ਤੋਂ ਇਲਾਵਾ, ਜੇ ਅਸੀਂ ਮਸੀਹ ਨਾਲ ਮਰ ਚੁੱਕੇ ਹਾਂ, ਤਾਂ ਅਸੀਂ ਭਰੋਸਾ ਰੱਖਦੇ ਹਾਂ ਕਿ ਅਸੀਂ ਉਸ ਨਾਲ ਜੀਵਾਂਗੇ ਵੀ।  ਕਿਉਂਕਿ ਅਸੀਂ ਜਾਣਦੇ ਹਾਂ ਕਿ ਮਸੀਹ ਨੂੰ ਹੁਣ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕਰ ਦਿੱਤਾ ਗਿਆ ਹੈ ਅਤੇ ਉਹ ਦੁਬਾਰਾ ਨਹੀਂ ਮਰੇਗਾ; ਮੌਤ ਦਾ ਹੁਣ ਉਸ ਉੱਤੇ ਕੋਈ ਵੱਸ ਨਹੀਂ ਹੈ। 10  ਜਦੋਂ ਉਹ ਮਰਿਆ, ਤਾਂ ਉਹ ਪਾਪ ਨੂੰ ਖ਼ਤਮ ਕਰਨ ਲਈ ਇੱਕੋ ਵਾਰ ਮਰਿਆ ਸੀ; ਪਰ ਹੁਣ ਉਹ ਜੋ ਜ਼ਿੰਦਗੀ ਜੀ ਰਿਹਾ ਹੈ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀ ਰਿਹਾ ਹੈ। 11  ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਮਾਮਲੇ ਵਿਚ ਮਰੇ ਹੋਏ ਸਮਝੋ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀਓ ਕਿਉਂਕਿ ਤੁਸੀਂ ਮਸੀਹ ਯਿਸੂ ਦੇ ਚੇਲੇ ਹੋ। 12  ਇਸ ਲਈ, ਤੁਸੀਂ ਆਪਣੇ ਸਰੀਰਾਂ ਵਿਚ ਪਾਪ ਨੂੰ ਰਾਜੇ ਵਜੋਂ ਰਾਜ ਨਾ ਕਰਨ ਦਿਓ ਕਿ ਤੁਸੀਂ ਆਪਣੇ ਸਰੀਰਾਂ ਦੇ ਗ਼ੁਲਾਮ ਬਣ ਕੇ ਇਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਚੱਲੋ। 13  ਨਾਲੇ ਆਪਣੇ ਸਰੀਰ ਦੇ ਅੰਗਾਂ ਨੂੰ ਪਾਪ ਦੇ ਹਵਾਲੇ ਨਾ ਕਰੋ ਕਿ ਇਹ ਬੁਰਾਈ ਕਰਨ ਦਾ ਜ਼ਰੀਆ* ਬਣ ਜਾਣ, ਸਗੋਂ ਜੀਉਂਦੇ ਕੀਤੇ ਗਏ ਇਨਸਾਨਾਂ ਵਜੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਹਵਾਲੇ ਕਰੋ, ਨਾਲੇ ਆਪਣੇ ਸਰੀਰ ਦੇ ਅੰਗਾਂ ਨੂੰ ਪਰਮੇਸ਼ੁਰ ਦੇ ਹਵਾਲੇ ਕਰੋ ਤਾਂਕਿ ਇਹ ਸਹੀ ਕੰਮ ਕਰਨ ਦਾ ਜ਼ਰੀਆ ਬਣ ਜਾਣ। 14  ਤੁਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹੋ, ਸਗੋਂ ਅਪਾਰ ਕਿਰਪਾ ਦੇ ਅਧੀਨ ਹੋ, ਇਸ ਲਈ, ਤੁਸੀਂ ਕਦੇ ਪਾਪ ਦੇ ਵੱਸ ਵਿਚ ਨਾ ਪਓ। 15  ਤਾਂ ਫਿਰ, ਸਾਨੂੰ ਕਿਹੜੇ ਨਤੀਜੇ ’ਤੇ ਪਹੁੰਚਣਾ ਚਾਹੀਦਾ ਹੈ? ਕੀ ਅਸੀਂ ਪਾਪ ਕਰਦੇ ਰਹੀਏ ਕਿਉਂਕਿ ਅਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਾਂ, ਸਗੋਂ ਅਪਾਰ ਕਿਰਪਾ ਦੇ ਅਧੀਨ ਹਾਂ? ਬਿਲਕੁਲ ਨਹੀਂ! 16  ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜਾ ਇਨਸਾਨ ਕਿਸੇ ਦਾ ਹੁਕਮ ਮੰਨਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਉਹ ਉਸ ਦਾ ਗ਼ੁਲਾਮ ਹੁੰਦਾ ਹੈ ਕਿਉਂਕਿ ਉਹ ਉਸ ਦਾ ਹੁਕਮ ਮੰਨਦਾ ਹੈ? ਇਸ ਲਈ, ਤੁਸੀਂ ਜਾਂ ਤਾਂ ਪਾਪ ਦੇ ਗ਼ੁਲਾਮ ਹੋ ਜਿਸ ਦਾ ਅੰਜਾਮ ਮੌਤ ਹੁੰਦਾ ਹੈ ਜਾਂ ਫਿਰ ਤੁਸੀਂ ਪਰਮੇਸ਼ੁਰ ਦੇ ਗ਼ੁਲਾਮ ਹੋ ਅਤੇ ਉਸ ਦਾ ਕਹਿਣਾ ਮੰਨਦੇ ਹੋ ਜਿਸ ਕਰਕੇ ਤੁਹਾਨੂੰ ਧਰਮੀ ਠਹਿਰਾਇਆ ਜਾਵੇਗਾ। 17  ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਪਹਿਲਾਂ ਪਾਪ ਦੇ ਗ਼ੁਲਾਮ ਸੀ, ਪਰ ਹੁਣ ਤੁਸੀਂ ਉਸ ਸਿੱਖਿਆ ’ਤੇ ਦਿਲੋਂ ਚੱਲਦੇ ਹੋ ਜੋ ਸਿੱਖਿਆ ਤੁਹਾਨੂੰ ਸੌਂਪੀ ਗਈ ਸੀ। 18  ਜੀ ਹਾਂ, ਤੁਹਾਨੂੰ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਕਰਾ ਲਿਆ ਗਿਆ ਹੈ, ਇਸ ਲਈ ਤੁਸੀਂ ਧਾਰਮਿਕਤਾ ਦੇ ਗ਼ੁਲਾਮ ਬਣ ਗਏ ਹੋ। 19  ਤੁਹਾਡੇ ਪਾਪੀ ਸਰੀਰ ਦੀਆਂ ਕਮਜ਼ੋਰੀਆਂ ਕਰਕੇ ਮੈਂ ਤੁਹਾਨੂੰ ਸੌਖੇ ਸ਼ਬਦਾਂ ਵਿਚ ਇਹ ਗੱਲ ਕਹਿ ਰਿਹਾ ਹਾਂ: ਜਿਵੇਂ ਤੁਸੀਂ ਬੁਰੇ ਕੰਮ ਕਰਨ ਲਈ ਆਪਣੇ ਸਰੀਰ ਦੇ ਅੰਗਾਂ ਨੂੰ ਅਸ਼ੁੱਧਤਾ ਅਤੇ ਬੁਰਾਈ ਦੇ ਗ਼ੁਲਾਮ ਬਣਾ ਦਿੱਤਾ ਸੀ, ਉਸੇ ਤਰ੍ਹਾਂ ਤੁਸੀਂ ਪਵਿੱਤਰ ਕੰਮ ਕਰਨ ਲਈ ਆਪਣੇ ਸਰੀਰ ਦੇ ਅੰਗਾਂ ਨੂੰ ਧਾਰਮਿਕਤਾ ਦੇ ਗ਼ੁਲਾਮ ਬਣਾਓ। 20  ਕਿਉਂਕਿ ਜਦੋਂ ਤੁਸੀਂ ਪਾਪ ਦੇ ਗ਼ੁਲਾਮ ਸੀ, ਉਦੋਂ ਤੁਹਾਡੇ ਉੱਤੇ ਧਾਰਮਿਕਤਾ ਅਨੁਸਾਰ ਚੱਲਣ ਦੀ ਬੰਦਸ਼ ਨਹੀਂ ਸੀ। 21  ਜਦੋਂ ਤੁਸੀਂ ਪਾਪ ਦੇ ਗ਼ੁਲਾਮ ਸੀ, ਤਾਂ ਤੁਸੀਂ ਕਿਹੋ ਜਿਹਾ ਫਲ ਪਾਉਂਦੇ ਸੀ? ਅਜਿਹੇ ਕੰਮ ਜਿਨ੍ਹਾਂ ਤੋਂ ਤੁਸੀਂ ਹੁਣ ਸ਼ਰਮਿੰਦੇ ਹੋ। ਇਨ੍ਹਾਂ ਕੰਮਾਂ ਦਾ ਅੰਜਾਮ ਮੌਤ ਹੁੰਦਾ ਹੈ। 22  ਪਰ ਹੁਣ ਤੁਹਾਨੂੰ ਪਾਪ ਤੋਂ ਆਜ਼ਾਦ ਕਰਾ ਲਿਆ ਗਿਆ ਹੈ ਅਤੇ ਪਰਮੇਸ਼ੁਰ ਦੇ ਗ਼ੁਲਾਮ ਬਣਨ ਕਰਕੇ ਤੁਸੀਂ ਜੋ ਫਲ ਪਾਉਂਦੇ ਹੋ, ਉਹ ਹੈ ਤੁਹਾਡੀ ਪਵਿੱਤਰ ਜ਼ਿੰਦਗੀ ਅਤੇ ਅਖ਼ੀਰ ਵਿਚ ਹਮੇਸ਼ਾ ਦੀ ਜ਼ਿੰਦਗੀ। 23  ਸੋ ਪਾਪ ਕਰਨ ਦੀ ਮਜ਼ਦੂਰੀ ਮੌਤ ਹੈ, ਪਰ ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।

ਫੁਟਨੋਟ

ਯੂਨਾਨੀ ਵਿਚ, “ਉਸ ਦੀ ਮੌਤ ਵਿਚ ਬਪਤਿਸਮਾ ਲੈ ਕੇ।”
ਯੂਨਾਨੀ ਵਿਚ, “ਹਥਿਆਰ।”