ਰੋਮੀਆਂ 9:1-33
9 ਮਸੀਹ ਦਾ ਚੇਲਾ ਹੋਣ ਕਰਕੇ ਮੈਂ ਸੱਚ ਬੋਲ ਰਿਹਾ ਹਾਂ; ਮੈਂ ਝੂਠ ਨਹੀਂ ਬੋਲ ਰਿਹਾ ਤੇ ਪਵਿੱਤਰ ਸ਼ਕਤੀ ਦੇ ਜ਼ਰੀਏ ਮੇਰੀ ਜ਼ਮੀਰ ਵੀ ਗਵਾਹੀ ਦਿੰਦੀ ਹੈ
2 ਕਿ ਮੈਂ ਬਹੁਤ ਦੁਖੀ ਹਾਂ ਅਤੇ ਮੇਰਾ ਦਿਲ ਗਮ ਨਾਲ ਭਰਿਆ ਹੋਇਆ ਹੈ।
3 ਕਾਸ਼ ਮੈਂ ਆਪਣੇ ਭਰਾਵਾਂ ਯਾਨੀ ਆਪਣੀ ਕੌਮ ਦੇ ਲੋਕਾਂ ਦੀ ਥਾਂ ਮਸੀਹ ਤੋਂ ਦੂਰ ਹੋ ਗਿਆ ਹੁੰਦਾ ਅਤੇ ਮੈਨੂੰ ਨਾਸ਼ ਦੇ ਲਾਇਕ ਠਹਿਰਾਇਆ ਜਾਂਦਾ!
4 ਪਰਮੇਸ਼ੁਰ ਨੇ ਮੇਰੀ ਕੌਮ ਦੇ ਲੋਕਾਂ ਯਾਨੀ ਇਜ਼ਰਾਈਲੀਆਂ ਨੂੰ ਹੀ ਪੁੱਤਰਾਂ ਵਜੋਂ ਅਪਣਾਇਆ ਸੀ, ਉਨ੍ਹਾਂ ਨੂੰ ਮਹਿਮਾ ਦਿੱਤੀ ਗਈ ਸੀ, ਉਨ੍ਹਾਂ ਨਾਲ ਇਕਰਾਰ ਕੀਤੇ ਗਏ ਸਨ, ਉਨ੍ਹਾਂ ਨੂੰ ਕਾਨੂੰਨ ਦਿੱਤਾ ਗਿਆ ਸੀ, ਉਨ੍ਹਾਂ ਨੂੰ ਭਗਤੀ ਕਰਨ ਦਾ ਸਨਮਾਨ ਬਖ਼ਸ਼ਿਆ ਗਿਆ ਸੀ ਅਤੇ ਉਨ੍ਹਾਂ ਨਾਲ ਵਾਅਦੇ ਕੀਤੇ ਗਏ ਸਨ।
5 ਉਹ ਪੂਰਵਜਾਂ ਦੀ ਸੰਤਾਨ ਹਨ ਅਤੇ ਇਨ੍ਹਾਂ ਪੂਰਵਜਾਂ ਤੋਂ ਮਸੀਹ ਪੈਦਾ ਹੋਇਆ। ਪਰਮੇਸ਼ੁਰ ਦੀ ਮਹਿਮਾ ਹਮੇਸ਼ਾ ਹੁੰਦੀ ਰਹੇ ਜੋ ਸਾਰਿਆਂ ਉੱਤੇ ਰਾਜ ਕਰਦਾ ਹੈ। ਆਮੀਨ।
6 ਪਰ ਇਸ ਤਰ੍ਹਾਂ ਨਹੀਂ ਹੈ ਕਿ ਪਰਮੇਸ਼ੁਰ ਦਾ ਬਚਨ ਪੂਰਾ ਨਹੀਂ ਹੋਇਆ ਹੈ। ਜਿੰਨੇ ਵੀ ਇਜ਼ਰਾਈਲ ਤੋਂ ਪੈਦਾ ਹੋਏ ਹਨ, ਉਨ੍ਹਾਂ ਵਿੱਚੋਂ ਸਾਰੇ ਸੱਚ-ਮੁੱਚ ਇਜ਼ਰਾਈਲੀ ਨਹੀਂ ਹਨ।
7 ਭਾਵੇਂ ਉਹ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਪੈਦਾ ਹੋਏ, ਪਰ ਉਨ੍ਹਾਂ ਵਿੱਚੋਂ ਸਾਰੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਬਰਾਹਾਮ ਦੇ ਬੱਚੇ ਨਹੀਂ ਹਨ, ਪਰ ਇਹ ਲਿਖਿਆ ਹੈ: “ਜਿਹੜੇ ਲੋਕ ‘ਤੇਰੀ ਸੰਤਾਨ’ ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।”
8 ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਦੇ ਬੱਚੇ ਉਹ ਨਹੀਂ ਹਨ ਜਿਹੜੇ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਪੈਦਾ ਹੋਏ ਹਨ, ਸਗੋਂ ਉਹੀ ਬੱਚੇ ਅਬਰਾਹਾਮ ਦੀ ਸੰਤਾਨ ਕਹਾਏ ਜਾਂਦੇ ਹਨ ਜਿਹੜੇ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਪੈਦਾ ਹੋਏ ਹਨ।
9 ਕਿਉਂਕਿ ਪਰਮੇਸ਼ੁਰ ਨੇ ਇਹ ਵਾਅਦਾ ਕੀਤਾ ਸੀ: “ਮੈਂ ਅਗਲੇ ਸਾਲ ਇਸੇ ਸਮੇਂ ਆਵਾਂਗਾ ਅਤੇ ਸਾਰਾਹ ਇਕ ਪੁੱਤਰ ਨੂੰ ਜਨਮ ਦੇਵੇਗੀ।”
10 ਪਰ ਇੰਨਾ ਹੀ ਨਹੀਂ, ਸਗੋਂ ਰਿਬਕਾਹ ਨੇ ਸਾਡੇ ਪੂਰਵਜ ਇਸਹਾਕ ਦੇ ਜੌੜੇ ਮੁੰਡਿਆਂ ਨੂੰ ਜਨਮ ਦਿੱਤਾ ਸੀ।
11 ਜਦੋਂ ਜੌੜੇ ਮੁੰਡੇ ਅਜੇ ਪੈਦਾ ਵੀ ਨਹੀਂ ਹੋਏ ਸਨ ਅਤੇ ਉਨ੍ਹਾਂ ਨੇ ਅਜੇ ਕੋਈ ਚੰਗਾ ਜਾਂ ਬੁਰਾ ਕੰਮ ਨਹੀਂ ਕੀਤਾ ਸੀ, ਉਦੋਂ ਪਰਮੇਸ਼ੁਰ ਨੇ ਇਹ ਦਿਖਾਇਆ ਕਿ ਉਹ ਆਪਣੇ ਮਕਸਦ ਮੁਤਾਬਕ ਕਿਸੇ ਨੂੰ ਉਸ ਦੇ ਕੰਮਾਂ ਦੇ ਆਧਾਰ ’ਤੇ ਨਹੀਂ ਚੁਣਦਾ, ਸਗੋਂ ਜਿਸ ਨੂੰ ਚਾਹੇ ਉਸ ਨੂੰ ਚੁਣਦਾ ਹੈ।
12 ਇਸ ਸੰਬੰਧ ਵਿਚ ਪਰਮੇਸ਼ੁਰ ਨੇ ਰਿਬਕਾਹ ਨੂੰ ਕਿਹਾ ਸੀ: “ਵੱਡਾ ਛੋਟੇ ਦੀ ਗ਼ੁਲਾਮੀ ਕਰੇਗਾ।”
13 ਠੀਕ ਜਿਵੇਂ ਲਿਖਿਆ ਹੈ: “ਮੈਂ ਯਾਕੂਬ ਨਾਲ ਪਿਆਰ ਕੀਤਾ, ਪਰ ਏਸਾਓ ਨਾਲ ਨਫ਼ਰਤ।”
14 ਤਾਂ ਫਿਰ ਅਸੀਂ ਕੀ ਕਹੀਏ? ਕੀ ਪਰਮੇਸ਼ੁਰ ਅਨਿਆਂ ਕਰਦਾ ਹੈ? ਬਿਲਕੁਲ ਨਹੀਂ!
15 ਕਿਉਂਕਿ ਉਸ ਨੇ ਮੂਸਾ ਨੂੰ ਕਿਹਾ ਸੀ: “ਜਿਸ ਉੱਤੇ ਮੈਂ ਚਾਹਾਂ, ਮੈਂ ਦਇਆ ਕਰਾਂਗਾ ਅਤੇ ਜਿਸ ਉੱਤੇ ਮੈਂ ਚਾਹਾਂ, ਮੈਂ ਰਹਿਮ ਕਰਾਂਗਾ।”
16 ਇਸ ਲਈ ਕਿਸੇ ਦਾ ਚੁਣਿਆ ਜਾਣਾ ਇਸ ਗੱਲ ਉੱਤੇ ਨਿਰਭਰ ਨਹੀਂ ਕਰਦਾ ਕਿ ਉਹ ਇਹ ਚਾਹੁੰਦਾ ਹੈ ਜਾਂ ਇਸ ਵਾਸਤੇ ਮਿਹਨਤ ਕਰਦਾ ਹੈ, ਸਗੋਂ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ ਜਿਹੜਾ ਦਇਆ ਕਰਦਾ ਹੈ।
17 ਧਰਮ-ਗ੍ਰੰਥ ਵਿਚ ਪਰਮੇਸ਼ੁਰ ਨੇ ਮਿਸਰ ਦੇ ਰਾਜੇ* ਨੂੰ ਕਿਹਾ ਸੀ: “ਮੈਂ ਇਸ ਕਰਕੇ ਤੈਨੂੰ ਹੁਣ ਤਕ ਜੀਉਂਦਾ ਰੱਖਿਆ ਤਾਂਕਿ ਮੈਂ ਤੇਰੇ ਨਾਲ ਜੋ ਕੀਤਾ ਉਸ ਤੋਂ ਮੇਰੀ ਤਾਕਤ ਦਾ ਸਬੂਤ ਮਿਲੇ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।”
18 ਇਸ ਲਈ ਜਿਸ ਉੱਤੇ ਉਹ ਚਾਹੁੰਦਾ ਹੈ ਦਇਆ ਕਰਦਾ ਹੈ, ਪਰ ਜਿਹੜੇ ਆਪਣਾ ਦਿਲ ਕਠੋਰ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣਾ ਦਿਲ ਕਠੋਰ ਕਰ ਲੈਣ ਦਿੰਦਾ ਹੈ।
19 ਇਸ ਲਈ ਮੇਰੀਆਂ ਇਨ੍ਹਾਂ ਗੱਲਾਂ ਕਰਕੇ ਤੁਸੀਂ ਮੈਨੂੰ ਕਹੋਗੇ: “ਜਦ ਕੋਈ ਵੀ ਪਰਮੇਸ਼ੁਰ ਦੀ ਇੱਛਾ ਦੇ ਖ਼ਿਲਾਫ਼ ਨਹੀਂ ਜਾ ਸਕਦਾ, ਤਾਂ ਫਿਰ ਪਰਮੇਸ਼ੁਰ ਇਨਸਾਨਾਂ ਉੱਤੇ ਦੋਸ਼ ਕਿਉਂ ਲਾਉਂਦਾ ਹੈ?”
20 ਭਰਾਵਾ, ਤੂੰ ਕੌਣ ਹੁੰਦਾ ਪਰਮੇਸ਼ੁਰ ਦੇ ਖ਼ਿਲਾਫ਼ ਬੋਲਣ ਵਾਲਾ? ਕੀ ਕੋਈ ਚੀਜ਼ ਆਪਣੇ ਬਣਾਉਣ ਵਾਲੇ ਨੂੰ ਕਹੇਗੀ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ?”
21 ਕੀ ਘੁਮਿਆਰ ਨੂੰ ਇਹ ਅਧਿਕਾਰ ਨਹੀਂ ਕਿ ਉਹ ਮਿੱਟੀ ਦੇ ਇੱਕੋ ਢੇਰ ਤੋਂ ਇਕ ਭਾਂਡਾ ਆਦਰ ਦੇ ਕੰਮ ਲਈ ਤੇ ਦੂਜਾ ਭਾਂਡਾ ਨਿਰਾਦਰ ਦੇ ਕੰਮ ਲਈ ਬਣਾਵੇ?
22 ਭਾਵੇਂ ਪਰਮੇਸ਼ੁਰ ਦੁਸ਼ਟ ਲੋਕਾਂ ਉੱਤੇ ਆਪਣਾ ਕ੍ਰੋਧ ਅਤੇ ਆਪਣੀ ਤਾਕਤ ਦਿਖਾਉਣੀ ਚਾਹੁੰਦਾ ਸੀ, ਪਰ ਉਸ ਨੇ ਇਨ੍ਹਾਂ ਲੋਕਾਂ ਨੂੰ ਧੀਰਜ ਨਾਲ ਬਰਦਾਸ਼ਤ ਕੀਤਾ ਜਿਹੜੇ ਉਨ੍ਹਾਂ ਭਾਂਡਿਆਂ ਵਰਗੇ ਹਨ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਭੜਕੇਗਾ ਅਤੇ ਜਿਹੜੇ ਨਾਸ਼ ਹੋਣ ਦੇ ਲਾਇਕ ਹਨ। ਜੇ ਪਰਮੇਸ਼ੁਰ ਨੇ ਇਸ ਤਰ੍ਹਾਂ ਕੀਤਾ, ਤਾਂ ਤੈਨੂੰ ਕੀ?
23 ਉਸ ਨੇ ਇਹ ਇਸ ਲਈ ਕੀਤਾ ਤਾਂਕਿ ਉਹ ਉਨ੍ਹਾਂ ਲੋਕਾਂ ਉੱਤੇ ਆਪਣੀ ਅਪਾਰ ਮਹਿਮਾ ਪ੍ਰਗਟ ਕਰੇ ਜਿਹੜੇ ਦਇਆ ਦੇ ਭਾਂਡਿਆਂ ਵਰਗੇ ਹਨ ਅਤੇ ਜਿਨ੍ਹਾਂ ਨੂੰ ਉਸ ਨੇ ਮਹਿਮਾ ਪਾਉਣ ਲਈ ਪਹਿਲਾਂ ਤੋਂ ਤਿਆਰ ਕੀਤਾ ਸੀ,
24 ਯਾਨੀ ਸਾਨੂੰ, ਜਿਨ੍ਹਾਂ ਨੂੰ ਉਸ ਨੇ ਨਾ ਸਿਰਫ਼ ਯਹੂਦੀਆਂ ਵਿੱਚੋਂ ਸੱਦਿਆ ਸੀ, ਸਗੋਂ ਹੋਰ ਕੌਮਾਂ ਵਿੱਚੋਂ ਵੀ ਸੱਦਿਆ ਸੀ।
25 ਇਸ ਬਾਰੇ ਉਸ ਨੇ ਹੋਸ਼ੇਆ ਨਬੀ ਦੀ ਕਿਤਾਬ ਵਿਚ ਕਿਹਾ ਸੀ: “ਜਿਹੜੇ ਮੇਰੇ ਲੋਕ ਨਹੀਂ ਹਨ, ਮੈਂ ਉਨ੍ਹਾਂ ਨੂੰ ‘ਆਪਣੇ ਲੋਕ’ ਸੱਦਾਂਗਾ, ਅਤੇ ਜਿਸ ਤੀਵੀਂ ਨੂੰ ਮੈਂ ਪਿਆਰ ਨਹੀਂ ਕੀਤਾ, ਉਸ ਨੂੰ ਆਪਣੀ ‘ਪਿਆਰੀ’ ਬਣਾਵਾਂਗਾ;
26 ਅਤੇ ਉਸ ਜਗ੍ਹਾ ਜਿੱਥੇ ਮੈਂ ਕਿਹਾ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ,’ ਉੱਥੇ ਉਹ ‘ਜੀਉਂਦੇ ਪਰਮੇਸ਼ੁਰ ਦੇ ਪੁੱਤਰ’ ਕਹਾਏ ਜਾਣਗੇ।”
27 ਇਸ ਤੋਂ ਇਲਾਵਾ, ਯਸਾਯਾਹ ਨਬੀ ਨੇ ਇਜ਼ਰਾਈਲ ਬਾਰੇ ਕਿਹਾ ਸੀ: “ਭਾਵੇਂ ਇਜ਼ਰਾਈਲ ਦੇ ਪੁੱਤਰਾਂ ਦੀ ਗਿਣਤੀ ਸਮੁੰਦਰ ਕਿਨਾਰੇ ਦੀ ਰੇਤ ਜਿੰਨੀ ਹੈ, ਪਰ ਉਨ੍ਹਾਂ ਵਿੱਚੋਂ ਥੋੜ੍ਹੇ ਹੀ ਬਚਾਏ ਜਾਣਗੇ।
28 ਕਿਉਂਕਿ ਯਹੋਵਾਹ ਧਰਤੀ ਉੱਤੇ ਰਹਿਣ ਵਾਲੇ ਲੋਕਾਂ ਤੋਂ ਪੂਰੀ ਤਰ੍ਹਾਂ ਲੇਖਾ ਲਵੇਗਾ ਅਤੇ ਇਸ ਕੰਮ ਨੂੰ ਫਟਾਫਟ ਪੂਰਾ ਕਰੇਗਾ।”
29 ਯਸਾਯਾਹ ਨਬੀ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ: “ਜੇ ਸਵਰਗੀ ਫ਼ੌਜਾਂ ਦਾ ਹਾਕਮ ਯਹੋਵਾਹ ਸਾਡੇ ਲਈ ਸੰਤਾਨ ਨਾ ਛੱਡਦਾ, ਤਾਂ ਸਾਡਾ ਹਾਲ ਬਿਲਕੁਲ ਸਦੂਮ ਅਤੇ ਗਮੋਰਾ ਵਰਗਾ ਹੋ ਗਿਆ ਹੁੰਦਾ।”
30 ਤਾਂ ਫਿਰ ਅਸੀਂ ਕੀ ਕਹੀਏ? ਇਹੀ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਧਰਮੀ ਠਹਿਰਾਇਆ ਗਿਆ, ਭਾਵੇਂ ਕਿ ਉਨ੍ਹਾਂ ਨੇ ਧਰਮੀ ਬਣਨ ਦੀ ਕੋਸ਼ਿਸ਼ ਨਹੀਂ ਕੀਤੀ, ਫਿਰ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਨਿਹਚਾ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਾਇਆ ਗਿਆ;
31 ਜਦ ਕਿ ਇਜ਼ਰਾਈਲੀਆਂ ਨੇ ਕਾਨੂੰਨ ਦੀ ਪਾਲਣਾ ਕਰ ਕੇ ਧਰਮੀ ਠਹਿਰਾਏ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਧਰਮੀ ਨਹੀਂ ਠਹਿਰਾਇਆ ਗਿਆ।
32 ਕਿਉਂ? ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਨਿਹਚਾ ਕਾਰਨ ਨਹੀਂ, ਸਗੋਂ ਕੰਮਾਂ ਕਰਕੇ ਉਹ ਧਰਮੀ ਠਹਿਰਾਏ ਜਾਣਗੇ। ਉਹ ‘ਠੋਕਰ ਦੇ ਪੱਥਰ’ ਨਾਲ ਠੇਢਾ ਖਾ ਕੇ ਡਿਗ ਪਏ;
33 ਠੀਕ ਜਿਵੇਂ ਲਿਖਿਆ ਹੈ: “ਦੇਖੋ! ਮੈਂ ਸੀਓਨ ਵਿਚ ਠੋਕਰ ਦਾ ਪੱਥਰ ਅਤੇ ਰੁਕਾਵਟ ਪਾਉਣ ਵਾਲੀ ਚਟਾਨ ਰੱਖ ਰਿਹਾ ਹਾਂ, ਪਰ ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼ ਨਹੀਂ ਹੋਣਗੇ।”
ਫੁਟਨੋਟ
^ ਯੂਨਾਨੀ ਵਿਚ, “ਫ਼ਿਰਊਨ,” ਜੋ ਮਿਸਰ ਦੇ ਰਾਜਿਆਂ ਦਾ ਇਕ ਖ਼ਿਤਾਬ ਹੁੰਦਾ ਸੀ।