ਲੂਕਾ 20:1-47
20 ਇਕ ਦਿਨ ਉਹ ਮੰਦਰ ਵਿਚ ਲੋਕਾਂ ਨੂੰ ਸਿੱਖਿਆ ਦੇ ਰਿਹਾ ਸੀ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਿਹਾ ਸੀ। ਉਸ ਵੇਲੇ ਮੁੱਖ ਪੁਜਾਰੀਆਂ, ਗ੍ਰੰਥੀਆਂ ਤੇ ਬਜ਼ੁਰਗਾਂ ਨੇ ਆ ਕੇ
2 ਉਸ ਨੂੰ ਉੱਚੀ ਆਵਾਜ਼ ਵਿਚ ਪੁੱਛਿਆ: “ਸਾਨੂੰ ਦੱਸ, ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਤੈਨੂੰ ਕਿਸ ਨੇ ਇਹ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ?”
3 ਉਸ ਨੇ ਕਿਹਾ: “ਮੈਂ ਵੀ ਤੁਹਾਨੂੰ ਇਕ ਸਵਾਲ ਪੁੱਛਦਾ ਹਾਂ। ਤੁਸੀਂ ਮੈਨੂੰ ਦੱਸੋ:
4 ਕੀ ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਸਵਰਗੋਂ ਮਿਲਿਆ ਸੀ ਜਾਂ ਇਨਸਾਨਾਂ ਤੋਂ?”
5 ਉਹ ਸਾਰੇ ਸੋਚਣ ਲੱਗ ਪਏ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਜੇ ਅਸੀਂ ਕਹੀਏ, ‘ਸਵਰਗੋਂ,’ ਤਾਂ ਇਹ ਕਹੇਗਾ, ‘ਫਿਰ ਤੁਸੀਂ ਉਸ ’ਤੇ ਯਕੀਨ ਕਿਉਂ ਨਹੀਂ ਕੀਤਾ?’
6 ਪਰ ਜੇ ਅਸੀਂ ਕਹੀਏ, ‘ਇਨਸਾਨਾਂ ਤੋਂ,’ ਤਾਂ ਲੋਕ ਸਾਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣਗੇ ਕਿਉਂਕਿ ਉਹ ਸਾਰੇ ਮੰਨਦੇ ਹਨ ਕਿ ਯੂਹੰਨਾ ਇਕ ਨਬੀ ਸੀ।”
7 ਇਸ ਲਈ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਯੂਹੰਨਾ ਨੂੰ ਅਧਿਕਾਰ ਕਿਸ ਤੋਂ ਮਿਲਿਆ ਸੀ।
8 ਇਸ ਲਈ, ਯਿਸੂ ਨੇ ਉਨ੍ਹਾਂ ਨੂੰ ਕਿਹਾ: “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਣਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”
9 ਫਿਰ ਉਸ ਨੇ ਲੋਕਾਂ ਨੂੰ ਇਹ ਮਿਸਾਲ ਦਿੱਤੀ: “ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾਇਆ ਅਤੇ ਬਾਗ਼ ਠੇਕੇ ’ਤੇ ਦੇ ਕੇ ਲੰਬੇ ਸਮੇਂ ਲਈ ਆਪ ਕਿਸੇ ਹੋਰ ਦੇਸ਼ ਚਲਾ ਗਿਆ।
10 ਜਦ ਅੰਗੂਰਾਂ ਦਾ ਮੌਸਮ ਆਇਆ, ਤਾਂ ਉਸ ਨੇ ਠੇਕੇਦਾਰਾਂ ਕੋਲ ਆਪਣਾ ਇਕ ਨੌਕਰ ਘੱਲ ਕੇ ਬਾਗ਼ ਦੇ ਫਲ ਵਿੱਚੋਂ ਆਪਣਾ ਹਿੱਸਾ ਮੰਗਿਆ। ਪਰ ਠੇਕੇਦਾਰਾਂ ਨੇ ਨੌਕਰ ਨੂੰ ਕੁੱਟਿਆ ਅਤੇ ਖਾਲੀ ਹੱਥ ਮੋੜ ਦਿੱਤਾ।
11 ਮਾਲਕ ਨੇ ਇਕ ਹੋਰ ਨੌਕਰ ਨੂੰ ਘੱਲਿਆ। ਉਸ ਨੂੰ ਵੀ ਠੇਕੇਦਾਰਾਂ ਨੇ ਕੁੱਟਿਆ ਅਤੇ ਬੇਇੱਜ਼ਤ ਕਰ ਕੇ ਖਾਲੀ ਹੱਥ ਘੱਲ ਦਿੱਤਾ।
12 ਉਸ ਨੇ ਫਿਰ ਤੀਸਰੇ ਨੌਕਰ ਨੂੰ ਘੱਲਿਆ; ਉਨ੍ਹਾਂ ਨੇ ਉਸ ਨੂੰ ਵੀ ਜ਼ਖ਼ਮੀ ਕਰ ਕੇ ਭਜਾ ਦਿੱਤਾ।
13 ਇਹ ਦੇਖ ਕੇ ਬਾਗ਼ ਦੇ ਮਾਲਕ ਨੇ ਕਿਹਾ, ‘ਹੁਣ ਮੈਂ ਕੀ ਕਰਾਂ? ਮੈਂ ਇੱਦਾਂ ਕਰਦਾਂ, ਮੈਂ ਆਪਣੇ ਪਿਆਰੇ ਪੁੱਤਰ ਨੂੰ ਘੱਲ ਦਿੰਦਾ ਹਾਂ। ਉਹ ਜ਼ਰੂਰ ਉਸ ਦੀ ਇੱਜ਼ਤ ਕਰਨਗੇ।’
14 ਜਦੋਂ ਠੇਕੇਦਾਰਾਂ ਨੇ ਮਾਲਕ ਦੇ ਪੁੱਤਰ ਨੂੰ ਦੇਖਿਆ, ਤਾਂ ਉਹ ਆਪਸ ਵਿਚੀਂ ਸਲਾਹ ਕਰ ਕੇ ਕਹਿਣ ਲੱਗੇ, ‘ਬਾਗ਼ ਦਾ ਵਾਰਸ ਇਹੀ ਹੈ। ਆਓ ਆਪਾਂ ਇਸ ਨੂੰ ਮਾਰ ਦੇਈਏ ਅਤੇ ਫਿਰ ਸਾਰੀ ਜ਼ਮੀਨ-ਜਾਇਦਾਦ ਸਾਡੀ ਹੋ ਜਾਵੇਗੀ।’
15 ਇਸ ਲਈ, ਉਨ੍ਹਾਂ ਨੇ ਉਸ ਨੂੰ ਬਾਗ਼ੋਂ ਬਾਹਰ ਲਿਜਾ ਕੇ ਜਾਨੋਂ ਮਾਰ ਦਿੱਤਾ। ਤਾਂ ਫਿਰ, ਬਾਗ਼ ਦਾ ਮਾਲਕ ਆ ਕੇ ਠੇਕੇਦਾਰਾਂ ਨਾਲ ਕੀ ਕਰੇਗਾ?
16 ਉਹ ਆ ਕੇ ਠੇਕੇਦਾਰਾਂ ਨੂੰ ਮਾਰ ਦੇਵੇਗਾ ਅਤੇ ਬਾਗ਼ ਦੂਸਰਿਆਂ ਨੂੰ ਠੇਕੇ ’ਤੇ ਦੇ ਦੇਵੇਗਾ।”
ਇਹ ਸੁਣ ਕੇ ਲੋਕਾਂ ਨੇ ਕਿਹਾ: “ਨਾ ਭਾਈ, ਇੱਦਾਂ ਨਾ ਹੋਵੇ!”
17 ਪਰ ਉਸ ਨੇ ਉਨ੍ਹਾਂ ਵੱਲ ਦੇਖ ਕੇ ਕਿਹਾ: “ਤਾਂ ਫਿਰ ਧਰਮ-ਗ੍ਰੰਥ ਵਿਚ ਲਿਖੀ ਇਸ ਗੱਲ ਦਾ ਕੀ ਮਤਲਬ ਹੈ: ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ, ਉਹੀ ਕੋਨੇ ਦਾ ਮੁੱਖ ਪੱਥਰ ਬਣ ਗਿਆ ਹੈ’?
18 ਜਿਹੜਾ ਵੀ ਇਸ ਪੱਥਰ ਉੱਤੇ ਡਿਗੇਗਾ, ਉਹ ਚੂਰ-ਚੂਰ ਹੋ ਜਾਵੇਗਾ। ਅਤੇ ਜਿਸ ਉੱਤੇ ਇਹ ਪੱਥਰ ਡਿਗੇਗਾ, ਉਹ ਕੁਚਲ਼ਿਆ ਜਾਵੇਗਾ।”
19 ਗ੍ਰੰਥੀ ਅਤੇ ਮੁੱਖ ਪੁਜਾਰੀ ਉਸੇ ਵੇਲੇ ਉਸ ਨੂੰ ਫੜ ਲੈਣਾ ਚਾਹੁੰਦੇ ਸਨ, ਕਿਉਂਕਿ ਉਹ ਸਮਝ ਗਏ ਸਨ ਕਿ ਉਸ ਨੇ ਉਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਹੀ ਇਹ ਮਿਸਾਲ ਦਿੱਤੀ ਸੀ, ਪਰ ਉਹ ਲੋਕਾਂ ਤੋਂ ਡਰਦੇ ਸਨ।
20 ਉਹ ਉਸ ਨੂੰ ਫਸਾਉਣ ਲਈ ਮੌਕੇ ਦੀ ਭਾਲ ਵਿਚ ਸਨ। ਫਿਰ ਉਨ੍ਹਾਂ ਨੇ ਕੁਝ ਬੰਦਿਆਂ ਨੂੰ ਚੋਰੀ-ਛਿਪੇ ਪੈਸੇ ਦੇ ਕੇ ਘੱਲਿਆ ਕਿ ਉਹ ਨੇਕ ਹੋਣ ਦਾ ਦਿਖਾਵਾ ਕਰਨ ਅਤੇ ਉਸ ਨੂੰ ਉਸ ਦੀਆਂ ਗੱਲਾਂ ਵਿਚ ਫਸਾ ਕੇ ਕਾਨੂੰਨ ਅਤੇ ਰਾਜਪਾਲ ਦੇ ਅਧਿਕਾਰ ਦੇ ਹਵਾਲੇ ਕਰ ਦੇਣ।
21 ਉਨ੍ਹਾਂ ਬੰਦਿਆਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਜੋ ਵੀ ਕਹਿੰਦਾ ਅਤੇ ਸਿਖਾਉਂਦਾ ਹੈਂ, ਉਹ ਬਿਲਕੁਲ ਸਹੀ ਹੁੰਦਾ ਹੈ ਅਤੇ ਤੂੰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਸਗੋਂ ਤੂੰ ਪਰਮੇਸ਼ੁਰ ਦੇ ਰਾਹ ਦੀ ਹੀ ਸਿੱਖਿਆ ਦਿੰਦਾ ਹੈਂ:
22 ਕੀ ਸਾਡੇ ਲਈ ਰਾਜੇ* ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ?”
23 ਉਨ੍ਹਾਂ ਦੀ ਮੱਕਾਰੀ ਨੂੰ ਭਾਂਪਦੇ ਹੋਏ ਉਸ ਨੇ ਕਿਹਾ:
24 “ਮੈਨੂੰ ਦੀਨਾਰ* ਦਾ ਇਕ ਸਿੱਕਾ ਦਿਖਾਓ। ਇਸ ਉੱਤੇ ਕਿਸ ਦੀ ਸ਼ਕਲ ਅਤੇ ਕਿਸ ਦੇ ਨਾਂ ਦੀ ਛਾਪ ਹੈ?” ਉਨ੍ਹਾਂ ਨੇ ਕਿਹਾ: “ਰਾਜੇ ਦੀ।”
25 ਉਸ ਨੇ ਉਨ੍ਹਾਂ ਨੂੰ ਕਿਹਾ: “ਤਾਂ ਫਿਰ, ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”
26 ਇਸ ਤਰ੍ਹਾਂ ਉਹ ਉਸ ਨੂੰ ਲੋਕਾਂ ਸਾਮ੍ਹਣੇ ਉਸ ਦੀਆਂ ਗੱਲ ਵਿਚ ਫਸਾ ਨਾ ਸਕੇ, ਸਗੋਂ ਉਸ ਦਾ ਜਵਾਬ ਸੁਣ ਕੇ ਉਹ ਇੰਨੇ ਹੈਰਾਨ ਹੋਏ ਕਿ ਉਨ੍ਹਾਂ ਨੇ ਹੋਰ ਕੁਝ ਨਹੀਂ ਕਿਹਾ।
27 ਕੁਝ ਸਦੂਕੀ, ਜਿਹੜੇ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਆਏ ਅਤੇ ਉਸ ਨੂੰ ਪੁੱਛਿਆ:
28 “ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਸੀ: ‘ਜੇ ਕੋਈ ਸ਼ਾਦੀ-ਸ਼ੁਦਾ ਆਦਮੀ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਵਿਧਵਾ ਪਤਨੀ ਨਾਲ ਵਿਆਹ ਕਰਾਵੇ ਅਤੇ ਆਪਣੇ ਮਰੇ ਹੋਏ ਭਰਾ ਲਈ ਔਲਾਦ ਪੈਦਾ ਕਰੇ।’
29 ਇਕ ਪਰਿਵਾਰ ਵਿਚ ਸੱਤ ਭਰਾ ਸਨ, ਪਹਿਲੇ ਨੇ ਵਿਆਹ ਕਰਾਇਆ ਅਤੇ ਬੇਔਲਾਦ ਮਰ ਗਿਆ।
30 ਇਸ ਲਈ, ਦੂਸਰੇ ਨੇ
31 ਅਤੇ ਫਿਰ ਤੀਸਰੇ ਨੇ ਉਸ ਤੀਵੀਂ ਨਾਲ ਵਿਆਹ ਕਰਾਇਆ। ਸੱਤਾਂ ਭਰਾਵਾਂ ਨਾਲ ਇਸੇ ਤਰ੍ਹਾਂ ਹੋਇਆ ਅਤੇ ਉਹ ਸਾਰੇ ਬੇਔਲਾਦ ਮਰ ਗਏ।
32 ਅਖ਼ੀਰ ਵਿਚ ਉਹ ਤੀਵੀਂ ਵੀ ਮਰ ਗਈ।
33 ਇਸ ਲਈ, ਜਦ ਉਨ੍ਹਾਂ ਸਾਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾਂ ਨੇ ਹੀ ਉਸ ਨਾਲ ਵਿਆਹ ਕਰਵਾਇਆ ਸੀ।”
34 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਯੁਗ ਦੇ ਲੋਕ ਵਿਆਹ ਕਰਾਉਂਦੇ ਹਨ,
35 ਪਰ ਜਿਹੜੇ ਆਉਣ ਵਾਲੇ ਯੁਗ ਵਿਚ ਦੁਬਾਰਾ ਜੀਉਂਦੇ ਹੋਣ ਅਤੇ ਜ਼ਿੰਦਗੀ ਪਾਉਣ ਦੇ ਯੋਗ ਗਿਣੇ ਜਾਣਗੇ, ਉਹ ਵਿਆਹ ਨਹੀਂ ਕਰਾਉਣਗੇ।
36 ਅਸਲ ਵਿਚ, ਉਹ ਦੂਤਾਂ ਵਰਗੇ ਹੋਣ ਕਰਕੇ ਦੁਬਾਰਾ ਨਹੀਂ ਮਰਨਗੇ ਅਤੇ ਉਹ ਪਰਮੇਸ਼ੁਰ ਦੇ ਬੱਚੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।
37 ਮੂਸਾ ਦੇ ਬਲ਼ਦੀ ਝਾੜੀ ਦੇ ਬਿਰਤਾਂਤ ਤੋਂ ਵੀ ਮਰੇ ਹੋਏ ਲੋਕਾਂ ਦੇ ਜੀਉਂਦਾ ਹੋਣ ਬਾਰੇ ਪਤਾ ਲੱਗਦਾ ਹੈ। ਇਸ ਵਿਚ ਮੂਸਾ ਨੇ ਯਹੋਵਾਹ ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਕਿਹਾ ਸੀ।
38 ਸੋ ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ, ਕਿਉਂਕਿ ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ।”
39 ਇਹ ਸੁਣ ਕੇ ਕੁਝ ਗ੍ਰੰਥੀਆਂ ਨੇ ਕਿਹਾ: “ਗੁਰੂ ਜੀ, ਤੂੰ ਵਧੀਆ ਜਵਾਬ ਦਿੱਤਾ।”
40 ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਹੋਰ ਕੋਈ ਸਵਾਲ ਪੁੱਛਣ ਦਾ ਹੀਆ ਨਾ ਕੀਤਾ।
41 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਲੋਕ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?
42 ਕਿਉਂਕਿ ਦਾਊਦ ਨੇ ਜ਼ਬੂਰਾਂ ਦੀ ਕਿਤਾਬ ਵਿਚ ਆਪ ਲਿਖਿਆ ਸੀ: ‘ਯਹੋਵਾਹ ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਪਾਸੇ ਬੈਠ
43 ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਹੀਂ ਬਣਾ ਦਿੰਦਾ।”’
44 ਜੇ ਦਾਊਦ ਖ਼ੁਦ ਉਸ ਨੂੰ ਪ੍ਰਭੂ ਕਹਿੰਦਾ ਹੈ; ਤਾਂ ਫਿਰ, ਉਹ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਹੈ?”
45 ਫਿਰ ਜਦ ਸਾਰੇ ਲੋਕ ਉਸ ਦੀਆਂ ਗੱਲਾਂ ਸੁਣ ਰਹੇ ਸਨ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ:
46 “ਗ੍ਰੰਥੀਆਂ ਤੋਂ ਖ਼ਬਰਦਾਰ ਰਹੋ ਜੋ ਲੰਬੇ-ਲੰਬੇ ਚੋਗੇ ਪਾ ਕੇ ਘੁੰਮਣਾ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ, ਅਤੇ ਉਹ ਸਭਾ ਘਰਾਂ ਅਤੇ ਦਾਅਵਤਾਂ ਵਿਚ ਮੋਹਰੇ ਹੋ-ਹੋ ਕੇ ਬੈਠਣਾ ਪਸੰਦ ਕਰਦੇ ਹਨ।
47 ਉਹੀ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਹਨ ਅਤੇ ਦਿਖਾਵੇ ਲਈ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਕਰਦੇ ਹਨ। ਇਨ੍ਹਾਂ ਨੂੰ ਹੋਰ ਵੀ ਸਖ਼ਤ ਸਜ਼ਾ ਮਿਲੇਗੀ।”