ਲੂਕਾ 5:1-39

5  ਇਕ ਵਾਰ ਗੰਨੇਸਰਤ* ਦੀ ਝੀਲ ਦੇ ਕੰਢੇ ਭੀੜ ਯਿਸੂ ਤੋਂ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਸੁਣ ਰਹੀ ਸੀ ਅਤੇ ਭੀੜ ਉਸ ਉੱਤੇ ਚੜ੍ਹੀ ਜਾਂਦੀ ਸੀ।  ਅਤੇ ਉਸ ਨੇ ਕੰਢੇ ’ਤੇ ਦੋ ਕਿਸ਼ਤੀਆਂ ਦੇਖੀਆਂ, ਪਰ ਮਛੇਰੇ ਉਨ੍ਹਾਂ ਵਿੱਚੋਂ ਉੱਤਰ ਕੇ ਆਪਣੇ ਜਾਲ਼ ਧੋ ਰਹੇ ਸਨ।  ਉਹ ਸ਼ਮਊਨ ਦੀ ਕਿਸ਼ਤੀ ਵਿਚ ਚੜ੍ਹ ਗਿਆ ਅਤੇ ਉਸ ਨੂੰ ਕਿਸ਼ਤੀ ਕੰਢੇ ਤੋਂ ਥੋੜ੍ਹਾ ਦੂਰ ਲਿਜਾਣ ਲਈ ਕਿਹਾ। ਫਿਰ ਉਹ ਕਿਸ਼ਤੀ ਵਿਚ ਬੈਠ ਕੇ ਲੋਕਾਂ ਨੂੰ ਸਿੱਖਿਆ ਦੇਣ ਲੱਗਾ।  ਸਿੱਖਿਆ ਦੇਣ ਤੋਂ ਬਾਅਦ, ਉਸ ਨੇ ਸ਼ਮਊਨ ਨੂੰ ਕਿਹਾ: “ਕਿਸ਼ਤੀ ਨੂੰ ਡੂੰਘੇ ਪਾਣੀ ਵਿਚ ਲੈ ਚੱਲ ਅਤੇ ਮੱਛੀਆਂ ਫੜਨ ਲਈ ਤੁਸੀਂ ਆਪਣੇ ਜਾਲ਼ ਪਾਣੀ ਵਿਚ ਪਾਓ।”  ਪਰ ਸ਼ਮਊਨ ਨੇ ਕਿਹਾ: “ਗੁਰੂ ਜੀ, ਅਸੀਂ ਸਾਰੀ ਰਾਤ ਮੱਛੀਆਂ ਫੜਨ ਵਿਚ ਲੱਗੇ ਰਹੇ ਪਰ ਸਾਡੇ ਹੱਥ ਕੁਝ ਨਹੀਂ ਆਇਆ, ਫਿਰ ਵੀ ਤੇਰੇ ਕਹਿਣ ਤੇ ਮੈਂ ਜਾਲ਼ ਪਾ ਦਿੰਦਾ ਹਾਂ।”  ਜਦੋਂ ਉਨ੍ਹਾਂ ਨੇ ਜਾਲ਼ ਪਾਏ, ਤਾਂ ਜਾਲ਼ਾਂ ਵਿਚ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ ਜਿਸ ਕਰਕੇ ਜਾਲ਼ ਟੁੱਟਣ ਲੱਗ ਪਏ।  ਇਸ ਲਈ ਉਨ੍ਹਾਂ ਨੇ ਦੂਸਰੀ ਕਿਸ਼ਤੀ ਵਿਚ ਬੈਠੇ ਆਪਣੇ ਸਾਥੀਆਂ ਨੂੰ ਮਦਦ ਕਰਨ ਲਈ ਇਸ਼ਾਰਾ ਕੀਤਾ, ਉਨ੍ਹਾਂ ਨੇ ਆ ਕੇ ਮਦਦ ਕੀਤੀ ਅਤੇ ਦੋਵੇਂ ਕਿਸ਼ਤੀਆਂ ਮੱਛੀਆਂ ਨਾਲ ਭਰ ਗਈਆਂ ਜਿਸ ਕਰਕੇ ਕਿਸ਼ਤੀਆਂ ਡੁੱਬਣ ਲੱਗ ਪਈਆਂ।  ਇਹ ਦੇਖ ਕੇ ਸ਼ਮਊਨ ਪਤਰਸ ਯਿਸੂ ਦੇ ਪੈਰੀਂ ਪੈ ਕੇ ਬੇਨਤੀ ਕਰਨ ਲੱਗਾ: “ਪ੍ਰਭੂ, ਮੇਰੇ ਕੋਲੋਂ ਚੱਲਿਆ ਜਾਹ ਕਿਉਂਕਿ ਮੈਂ ਪਾਪੀ ਇਨਸਾਨ ਹਾਂ।”  ਉਨ੍ਹਾਂ ਨੇ ਇੰਨੀਆਂ ਮੱਛੀਆਂ ਫੜੀਆਂ ਸਨ ਜਿਸ ਕਰਕੇ ਸ਼ਮਊਨ ਅਤੇ ਉਸ ਦੇ ਨਾਲ ਦੇ ਬੰਦੇ ਹੱਕੇ-ਬੱਕੇ ਰਹਿ ਗਏ। 10  ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਦਾ ਵੀ ਇਹੀ ਹਾਲ ਸੀ, ਜੋ ਇਸ ਕੰਮ-ਧੰਦੇ ਵਿਚ ਸ਼ਮਊਨ ਦੇ ਹਿੱਸੇਦਾਰ ਸਨ। ਪਰ ਯਿਸੂ ਨੇ ਸ਼ਮਊਨ ਨੂੰ ਕਿਹਾ: “ਡਰ ਨਾ, ਹੁਣ ਤੋਂ ਤੂੰ ਇਨਸਾਨਾਂ ਨੂੰ ਫੜੇਂਗਾ, ਜਿਵੇਂ ਤੂੰ ਮੱਛੀਆਂ ਫੜਦਾ ਹੈਂ।” 11  ਇਸ ਲਈ ਉਹ ਆਪਣੀਆਂ ਕਿਸ਼ਤੀਆਂ ਵਾਪਸ ਕੰਢੇ ’ਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ। 12  ਇਕ ਵਾਰ ਯਿਸੂ ਕਿਸੇ ਸ਼ਹਿਰ ਵਿਚ ਸੀ ਅਤੇ ਉੱਥੇ ਇਕ ਆਦਮੀ ਸੀ ਜਿਸ ਦਾ ਸਾਰਾ ਸਰੀਰ ਕੋੜ੍ਹ ਨਾਲ ਭਰਿਆ ਹੋਇਆ ਸੀ। ਉਸ ਨੇ ਯਿਸੂ ਨੂੰ ਦੇਖਿਆ ਅਤੇ ਉਸ ਦੇ ਸਾਮ੍ਹਣੇ ਗੋਡਿਆਂ ਭਾਰ ਬੈਠ ਕੇ ਬੇਨਤੀ ਕਰਨ ਲੱਗਾ: “ਪ੍ਰਭੂ, ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।” 13  ਇਸ ਲਈ ਯਿਸੂ ਨੇ ਆਪਣਾ ਹੱਥ ਵਧਾ ਕੇ ਕੋੜ੍ਹੀ ਨੂੰ ਛੋਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ। ਤੂੰ ਸ਼ੁੱਧ ਹੋ ਜਾਹ।” ਅਤੇ ਉਸੇ ਵੇਲੇ ਉਸ ਦਾ ਕੋੜ੍ਹ ਗਾਇਬ ਹੋ ਗਿਆ। 14  ਫਿਰ ਯਿਸੂ ਨੇ ਉਸ ਆਦਮੀ ਨੂੰ ਇਸ ਬਾਰੇ ਕਿਸੇ ਨੂੰ ਵੀ ਦੱਸਣ ਤੋਂ ਵਰਜਿਆ ਅਤੇ ਕਿਹਾ: “ਪਰ ਤੂੰ ਪੁਜਾਰੀ ਕੋਲ ਜਾ ਕੇ ਆਪਣੇ ਆਪ ਨੂੰ ਦਿਖਾ ਅਤੇ ਸ਼ੁੱਧ ਹੋਣ ਕਰਕੇ ਚੜ੍ਹਾਵਾ ਚੜ੍ਹਾ ਜਿਵੇਂ ਮੂਸਾ ਨੇ ਹਿਦਾਇਤ ਦਿੱਤੀ ਹੈ, ਤਾਂਕਿ ਪੁਜਾਰੀ ਤੇਰੇ ਸ਼ੁੱਧ ਹੋ ਜਾਣ ਦੇ ਗਵਾਹ ਹੋਣ।” 15  ਸਾਰੇ ਪਾਸੇ ਲੋਕਾਂ ਨੂੰ ਉਸ ਬਾਰੇ ਪਤਾ ਲੱਗਦਾ ਰਿਹਾ ਅਤੇ ਭੀੜਾਂ ਦੀਆਂ ਭੀੜਾਂ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਬੀਮਾਰੀਆਂ ਤੋਂ ਠੀਕ ਹੋਣ ਲਈ ਉਸ ਕੋਲ ਆਉਂਦੀਆਂ ਸਨ। 16  ਅਤੇ ਉਹ ਇਕਾਂਤ ਥਾਵਾਂ ਵਿਚ ਜਾ ਕੇ ਪ੍ਰਾਰਥਨਾ ਕਰਦਾ ਹੁੰਦਾ ਸੀ। 17  ਇਕ ਦਿਨ ਉਹ ਸਿੱਖਿਆ ਦੇ ਰਿਹਾ ਸੀ ਅਤੇ ਉੱਥੇ ਗਲੀਲ ਅਤੇ ਯਹੂਦੀਆ ਦੇ ਸਾਰੇ ਪਿੰਡਾਂ ਤੋਂ ਅਤੇ ਯਰੂਸ਼ਲਮ ਤੋਂ ਫ਼ਰੀਸੀ ਅਤੇ ਕਾਨੂੰਨ ਦੇ ਸਿੱਖਿਅਕ ਆਏ ਹੋਏ ਸਨ, ਅਤੇ ਯਹੋਵਾਹ ਨੇ ਉਸ ਨੂੰ ਬੀਮਾਰਾਂ ਨੂੰ ਠੀਕ ਕਰਨ ਦੀ ਸ਼ਕਤੀ ਦਿੱਤੀ ਸੀ। 18  ਅਤੇ ਦੇਖੋ! ਉੱਥੇ ਕੁਝ ਲੋਕ ਇਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਲਿਆਏ ਅਤੇ ਉਹ ਉਸ ਨੂੰ ਯਿਸੂ ਕੋਲ ਅੰਦਰ ਲਿਜਾਣਾ ਚਾਹੁੰਦੇ ਸਨ। 19  ਪਰ ਭੀੜ ਲੱਗੀ ਹੋਣ ਕਰਕੇ ਉਨ੍ਹਾਂ ਨੂੰ ਅੰਦਰ ਜਾਣ ਦਾ ਰਾਹ ਨਾ ਮਿਲਿਆ, ਇਸ ਲਈ ਉਨ੍ਹਾਂ ਨੇ ਛੱਤ ਪਾੜ ਕੇ ਉਸ ਆਦਮੀ ਨੂੰ ਮੰਜੀ ਸਮੇਤ ਯਿਸੂ ਸਾਮ੍ਹਣੇ ਉਤਾਰ ਦਿੱਤਾ। 20  ਅਤੇ ਉਨ੍ਹਾਂ ਦੀ ਨਿਹਚਾ ਦੇਖ ਕੇ ਯਿਸੂ ਨੇ ਕਿਹਾ: “ਤੇਰੇ ਪਾਪ ਮਾਫ਼ ਹੋ ਗਏ ਹਨ।” 21  ਇਹ ਸੁਣ ਕੇ ਗ੍ਰੰਥੀ ਤੇ ਫ਼ਰੀਸੀ ਸੋਚਣ ਲੱਗੇ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਕੌਣ ਹੁੰਦਾ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲਾ? ਪਰਮੇਸ਼ੁਰ ਤੋਂ ਸਿਵਾਇ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?” 22  ਪਰ ਯਿਸੂ ਜਾਣ ਗਿਆ ਕਿ ਉਹ ਕੀ ਸੋਚ ਰਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਦਿਲਾਂ ਵਿਚ ਕੀ ਸੋਚ ਰਹੇ ਹੋ? 23  ਕੀ ਕਹਿਣਾ ਆਸਾਨ ਹੈ, ਇਹ ਕਿ ‘ਤੇਰੇ ਪਾਪ ਮਾਫ਼ ਹੋ ਗਏ ਹਨ,’ ਜਾਂ ਇਹ ਕਿ ‘ਉੱਠ ਅਤੇ ਤੁਰ-ਫਿਰ’? 24  ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ . . .” ਫਿਰ ਉਸ ਨੇ ਅਧਰੰਗੀ ਨੂੰ ਕਿਹਾ: “ਮੈਂ ਤੈਨੂੰ ਕਹਿੰਦਾ ਹਾਂ: ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾਹ।” 25  ਅਤੇ ਉਹ ਆਦਮੀ ਉਸੇ ਵੇਲੇ ਉਨ੍ਹਾਂ ਦੇ ਸਾਮ੍ਹਣੇ ਉੱਠਿਆ ਅਤੇ ਆਪਣੀ ਮੰਜੀ ਚੁੱਕ ਕੇ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਘਰ ਨੂੰ ਚਲਾ ਗਿਆ। 26  ਇਹ ਦੇਖ ਕੇ ਸਾਰੇ ਦੰਗ ਰਹਿ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗ ਪਏ। ਅਤੇ ਉਹ ਡਰ ਗਏ ਅਤੇ ਕਹਿਣ ਲੱਗੇ: “ਅਸੀਂ ਪਹਿਲਾਂ ਕਦੀ ਇੱਦਾਂ ਹੁੰਦਾ ਨਹੀਂ ਦੇਖਿਆ!” 27  ਇਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਅਤੇ ਉਸ ਨੇ ਲੇਵੀ ਨਾਂ ਦੇ ਬੰਦੇ ਨੂੰ ਟੈਕਸ ਵਸੂਲਣ ਵਾਲੀ ਜਗ੍ਹਾ ਬੈਠਾ ਦੇਖਿਆ ਜਿੱਥੇ ਉਹ ਟੈਕਸ ਵਸੂਲ ਕਰਦਾ ਹੁੰਦਾ ਸੀ। ਉਸ ਨੇ ਲੇਵੀ ਨੂੰ ਕਿਹਾ: “ਮੇਰਾ ਚੇਲਾ ਬਣ ਜਾ।” 28  ਅਤੇ ਉਹ ਆਪਣਾ ਸਾਰਾ ਕੁਝ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ* ਪਿਆ। 29  ਲੇਵੀ ਨੇ ਆਪਣੇ ਘਰ ਵਿਚ ਉਸ ਲਈ ਵੱਡੀ ਦਾਅਵਤ ਰੱਖੀ ਅਤੇ ਉੱਥੇ ਬਹੁਤ ਸਾਰੇ ਟੈਕਸ ਵਸੂਲਣ ਵਾਲੇ ਅਤੇ ਹੋਰ ਲੋਕ ਮੇਜ਼ ਦੁਆਲੇ ਬੈਠੇ ਖਾਣਾ ਖਾ ਰਹੇ ਸਨ। 30  ਇਹ ਦੇਖ ਕੇ ਫ਼ਰੀਸੀ ਅਤੇ ਉਨ੍ਹਾਂ ਦੇ ਗ੍ਰੰਥੀ ਬੁੜ-ਬੁੜ ਕਰਦੇ ਹੋਏ ਉਸ ਦੇ ਚੇਲਿਆਂ ਨੂੰ ਕਹਿਣ ਲੱਗੇ: “ਤੁਸੀਂ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਬੈਠ ਕੇ ਕਿਉਂ ਖਾਂਦੇ-ਪੀਂਦੇ ਹੋ?” 31  ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਹੁੰਦੀ ਹੈ। 32  ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆਂ ਹਾਂ।” 33  ਫਿਰ ਯੂਹੰਨਾ ਦੇ ਚੇਲਿਆਂ ਨੇ ਉਸ ਨੂੰ ਕਿਹਾ: “ਅਸੀਂ ਤੇ ਫ਼ਰੀਸੀਆਂ ਦੇ ਚੇਲੇ ਅਕਸਰ ਵਰਤ ਰੱਖਦੇ ਹਾਂ ਅਤੇ ਅਰਦਾਸਾਂ ਕਰਦੇ ਹਾਂ, ਪਰ ਤੇਰੇ ਚੇਲੇ ਤਾਂ ਖਾਂਦੇ-ਪੀਂਦੇ ਰਹਿੰਦੇ ਹਨ।” 34  ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਲਾੜੇ ਦੇ ਹੁੰਦਿਆਂ ਬਰਾਤੀਆਂ* ਨੂੰ ਵਰਤ ਰੱਖਣ ਲਈ ਕਿੱਦਾਂ ਕਹਿ ਸਕਦੇ ਹੋ? 35  ਪਰ ਉਹ ਦਿਨ ਵੀ ਆਉਣਗੇ ਜਦੋਂ ਲਾੜੇ ਨੂੰ ਉਨ੍ਹਾਂ ਤੋਂ ਦੂਰ ਕੀਤਾ ਜਾਵੇਗਾ, ਉਦੋਂ ਉਹ ਵਰਤ ਰੱਖਣਗੇ।” 36  ਉਸ ਨੇ ਅੱਗੇ ਉਨ੍ਹਾਂ ਨੂੰ ਇਕ ਮਿਸਾਲ ਦਿੱਤੀ: “ਕੋਈ ਵੀ ਨਵੇਂ ਕੱਪੜੇ ਤੋਂ ਟਾਕੀ ਕੱਟ ਕੇ ਪੁਰਾਣੇ ਕੱਪੜੇ ਉੱਤੇ ਨਹੀਂ ਲਾਉਂਦਾ। ਜੇ ਉਹ ਲਾਉਂਦਾ ਹੈ, ਤਾਂ ਟਾਕੀ ਉਧੜ ਜਾਂਦੀ ਹੈ। ਨਾਲੇ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਕੱਪੜੇ ਉੱਤੇ ਨਹੀਂ ਫਬਦੀ। 37  ਨਾਲੇ, ਕੋਈ ਵੀ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ* ਵਿਚ ਨਹੀਂ ਪਾਉਂਦਾ। ਪਰ ਜੇ ਉਹ ਪਾਉਂਦਾ ਹੈ, ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਦਿੰਦਾ ਹੈ ਅਤੇ ਦਾਖਰਸ ਡੁੱਲ੍ਹ ਜਾਂਦਾ ਹੈ ਤੇ ਮਸ਼ਕਾਂ ਬਰਬਾਦ ਹੋ ਜਾਂਦੀਆਂ ਹਨ। 38  ਪਰ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਇਆ ਜਾਣਾ ਚਾਹੀਦਾ ਹੈ। 39  ਜਿਸ ਨੇ ਪੁਰਾਣਾ ਦਾਖਰਸ ਪੀਤਾ ਹੋਵੇ, ਉਹ ਨਵਾਂ ਦਾਖਰਸ ਨਹੀਂ ਪੀਣਾ ਚਾਹੇਗਾ, ਸਗੋਂ ਕਹੇਗਾ, ‘ਪੁਰਾਣਾ ਵਧੀਆ ਹੁੰਦਾ ਹੈ।’”

ਫੁਟਨੋਟ

ਗਲੀਲ ਦੀ ਝੀਲ ਦਾ ਇਕ ਹੋਰ ਨਾਂ।
ਮੱਤੀ 4:20, ਫੁਟਨੋਟ ਦੇਖੋ।
ਜਾਂ, “ਦੋਸਤਾਂ।”
ਜਾਨਵਰ ਦੀ ਖੱਲ ਦੀ ਬਣਾਈ ਇਕ ਤਰ੍ਹਾਂ ਦੀ ਬੋਤਲ।