ਲੂਕਾ 7:1-50
7 ਲੋਕਾਂ ਨੂੰ ਇਹ ਸਾਰੀਆਂ ਗੱਲਾਂ ਸਿਖਾਉਣ ਤੋਂ ਬਾਅਦ ਉਹ ਕਫ਼ਰਨਾਹੂਮ ਨੂੰ ਚਲਾ ਗਿਆ।
2 ਉੱਥੇ ਇਕ ਫ਼ੌਜੀ ਅਫ਼ਸਰ* ਦਾ ਨੌਕਰ ਇੰਨਾ ਬੀਮਾਰ ਸੀ ਕਿ ਉਹ ਮਰਨ ਕਿਨਾਰੇ ਸੀ। ਉਹ ਨੌਕਰ ਅਫ਼ਸਰ ਨੂੰ ਬਹੁਤ ਪਿਆਰਾ ਸੀ।
3 ਜਦੋਂ ਫ਼ੌਜੀ ਅਫ਼ਸਰ ਨੇ ਯਿਸੂ ਬਾਰੇ ਸੁਣਿਆ, ਤਾਂ ਉਸ ਨੇ ਯਹੂਦੀਆਂ ਦੇ ਬਜ਼ੁਰਗਾਂ ਨੂੰ ਉਸ ਕੋਲ ਘੱਲਿਆ ਕਿ ਯਿਸੂ ਉਨ੍ਹਾਂ ਦੇ ਨਾਲ ਆ ਕੇ ਉਸ ਦੇ ਨੌਕਰ ਨੂੰ ਠੀਕ ਕਰ ਦੇਵੇ।
4 ਬਜ਼ੁਰਗਾਂ ਨੇ ਆ ਕੇ ਯਿਸੂ ਦੀਆਂ ਬਹੁਤ ਮਿੰਨਤਾਂ ਕੀਤੀਆਂ ਤੇ ਕਿਹਾ: “ਫ਼ੌਜੀ ਅਫ਼ਸਰ ਇਸ ਲਾਇਕ ਹੈ ਕਿ ਤੂੰ ਉਸ ਦੀ ਮਦਦ ਕਰੇਂ,
5 ਕਿਉਂਕਿ ਉਹ ਸਾਡੀ ਕੌਮ ਨਾਲ ਪਿਆਰ ਕਰਦਾ ਹੈ ਅਤੇ ਉਸ ਨੇ ਆਪ ਸਾਡੇ ਲਈ ਸਭਾ ਘਰ ਬਣਵਾਇਆ ਹੈ।”
6 ਇਸ ਲਈ ਯਿਸੂ ਉਨ੍ਹਾਂ ਨਾਲ ਤੁਰ ਪਿਆ। ਪਰ ਜਦੋਂ ਉਹ ਘਰ ਦੇ ਲਾਗੇ ਪਹੁੰਚਿਆ, ਤਾਂ ਉਸ ਫ਼ੌਜੀ ਅਫ਼ਸਰ ਨੇ ਆਪਣੇ ਦੋਸਤਾਂ ਦੇ ਹੱਥ ਉਸ ਕੋਲ ਸੁਨੇਹਾ ਘੱਲਿਆ: “ਸਾਹਬ ਜੀ, ਮੈਂ ਇਸ ਯੋਗ ਨਹੀਂ ਕਿ ਆਪਣੇ ਘਰ ਵਿਚ ਤੇਰਾ ਸੁਆਗਤ ਕਰਾਂ।
7 ਇਸੇ ਕਰਕੇ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਿਆ ਕਿ ਮੈਂ ਆਪ ਤੈਨੂੰ ਆ ਕੇ ਮਿਲਾਂ। ਤੂੰ ਬੱਸ ਆਪਣੇ ਮੂੰਹੋਂ ਕਹਿ ਦੇ ਤੇ ਮੇਰਾ ਨੌਕਰ ਠੀਕ ਹੋ ਜਾਵੇਗਾ।
8 ਕਿਉਂਕਿ ਮੈਂ ਵੀ ਕਿਸੇ ਹੋਰ ਦੇ ਅਧੀਨ ਕੰਮ ਕਰਦਾ ਹਾਂ ਅਤੇ ਮੇਰੇ ਅਧੀਨ ਵੀ ਫ਼ੌਜੀ ਹਨ। ਮੈਂ ਇਕ ਨੂੰ ਕਹਿੰਦਾ ਹਾਂ, ‘ਜਾਹ!’ ਅਤੇ ਉਹ ਚਲਾ ਜਾਂਦਾ ਹੈ, ਅਤੇ ਦੂਸਰੇ ਨੂੰ ਕਹਿੰਦਾ ਹਾਂ, ‘ਇੱਧਰ ਆ!’ ਤੇ ਉਹ ਆ ਜਾਂਦਾ ਹੈ, ਅਤੇ ਮੈਂ ਆਪਣੇ ਗ਼ੁਲਾਮ ਨੂੰ ਕਹਿੰਦਾ ਹਾਂ, ‘ਇਹ ਕੰਮ ਕਰ!’ ਅਤੇ ਉਹ ਕਰਦਾ ਹੈ।”
9 ਇਹ ਸੁਣ ਕੇ ਯਿਸੂ ਦੰਗ ਰਹਿ ਗਿਆ ਅਤੇ ਉਸ ਨੇ ਆਪਣੇ ਪਿੱਛੇ-ਪਿੱਛੇ ਆਉਣ ਵਾਲੇ ਲੋਕਾਂ ਨੂੰ ਕਿਹਾ: “ਤੁਹਾਨੂੰ ਸੱਚ ਦੱਸਾਂ: ਮੈਂ ਪੂਰੇ ਇਜ਼ਰਾਈਲ ਵਿਚ ਇੰਨੀ ਨਿਹਚਾ ਰੱਖਣ ਵਾਲਾ ਬੰਦਾ ਨਹੀਂ ਦੇਖਿਆ।”
10 ਅਤੇ ਜਿਨ੍ਹਾਂ ਬੰਦਿਆਂ ਨੂੰ ਫ਼ੌਜੀ ਅਫ਼ਸਰ ਨੇ ਭੇਜਿਆ ਸੀ, ਉਨ੍ਹਾਂ ਨੇ ਘਰ ਆ ਕੇ ਦੇਖਿਆ ਕਿ ਨੌਕਰ ਨੌਂ-ਬਰ-ਨੌਂ ਹੋ ਗਿਆ ਸੀ।
11 ਇਸ ਤੋਂ ਜਲਦੀ ਬਾਅਦ, ਉਹ ਨਾਇਨ ਨਾਂ ਦੇ ਸ਼ਹਿਰ ਨੂੰ ਗਿਆ ਅਤੇ ਉਸ ਦੇ ਚੇਲੇ ਅਤੇ ਲੋਕਾਂ ਦੀ ਵੱਡੀ ਭੀੜ ਵੀ ਉਸ ਨਾਲ ਗਈ।
12 ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਲਾਗੇ ਪਹੁੰਚਿਆ, ਤਾਂ ਦੇਖੋ! ਇਕ ਜਵਾਨ ਆਦਮੀ ਦੀ ਅਰਥੀ ਲਿਜਾਈ ਜਾ ਰਹੀ ਸੀ ਜੋ ਆਪਣੀ ਵਿਧਵਾ ਮਾਂ ਦਾ ਇੱਕੋ-ਇਕ ਪੁੱਤ ਸੀ। ਸ਼ਹਿਰ ਦੇ ਲੋਕਾਂ ਦੀ ਕਾਫ਼ੀ ਵੱਡੀ ਭੀੜ ਵੀ ਉਸ ਤੀਵੀਂ ਦੇ ਨਾਲ ਜਾ ਰਹੀ ਸੀ।
13 ਪ੍ਰਭੂ ਯਿਸੂ ਨੂੰ ਉਸ ਤੀਵੀਂ ਉੱਤੇ ਬੜਾ ਤਰਸ ਆਇਆ ਅਤੇ ਉਸ ਨੂੰ ਕਿਹਾ: “ਨਾ ਰੋ।”
14 ਫਿਰ ਉਸ ਨੇ ਜਾ ਕੇ ਅਰਥੀ ਨੂੰ ਛੋਹਿਆ ਅਤੇ ਅਰਥੀ ਚੁੱਕਣ ਵਾਲੇ ਖੜ੍ਹ ਗਏ। ਫਿਰ ਉਸ ਨੇ ਕਿਹਾ: “ਜਵਾਨਾ, ਮੈਂ ਤੈਨੂੰ ਕਹਿੰਦਾ ਹਾਂ: ਉੱਠ!”
15 ਅਤੇ ਉਹ ਮਰਿਆ ਮੁੰਡਾ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ। ਯਿਸੂ ਨੇ ਮੁੰਡੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ।
16 ਇਹ ਦੇਖ ਕੇ ਸਾਰੇ ਡਰ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗੇ: “ਇਕ ਵੱਡਾ ਨਬੀ ਸਾਡੇ ਵਿਚ ਆਇਆ ਹੈ,” ਅਤੇ “ਪਰਮੇਸ਼ੁਰ ਨੇ ਆਪਣੇ ਲੋਕਾਂ ਵੱਲ ਧਿਆਨ ਦਿੱਤਾ ਹੈ।”
17 ਯਿਸੂ ਦੇ ਇਸ ਚਮਤਕਾਰ ਦੀ ਖ਼ਬਰ ਪੂਰੇ ਯਹੂਦੀਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਫੈਲ ਗਈ।
18 ਹੁਣ ਯੂਹੰਨਾ ਦੇ ਚੇਲਿਆਂ ਨੇ ਇਹ ਸਾਰੀਆਂ ਗੱਲਾਂ ਯੂਹੰਨਾ ਨੂੰ ਦੱਸੀਆਂ।
19 ਇਸ ਲਈ ਉਸ ਨੇ ਆਪਣੇ ਦੋ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਇਹ ਪੁੱਛਣ ਲਈ ਪ੍ਰਭੂ ਯਿਸੂ ਕੋਲ ਘੱਲਿਆ: “ਕੀ ਤੂੰ ਉਹੀ ਹੈਂ ਜਿਸ ਨੇ ਆਉਣਾ ਸੀ ਜਾਂ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?”
20 ਉਨ੍ਹਾਂ ਦੋਵਾਂ ਚੇਲਿਆਂ ਨੇ ਆ ਕੇ ਯਿਸੂ ਨੂੰ ਕਿਹਾ: “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੇਰੇ ਤੋਂ ਇਹ ਪੁੱਛਣ ਲਈ ਘੱਲਿਆ ਹੈ, ‘ਕੀ ਤੂੰ ਉਹੀ ਹੈਂ ਜਿਸ ਨੇ ਆਉਣਾ ਸੀ ਜਾਂ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?’”
21 ਉਸ ਵੇਲੇ ਉਸ ਨੇ ਛੋਟੀਆਂ-ਮੋਟੀਆਂ ਬੀਮਾਰੀਆਂ ਅਤੇ ਗੰਭੀਰ ਬੀਮਾਰੀਆਂ ਦੇ ਰੋਗੀਆਂ ਨੂੰ ਠੀਕ ਕੀਤਾ ਅਤੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੇ ਅਤੇ ਬਹੁਤ ਸਾਰੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ।
22 ਫਿਰ ਉਸ ਨੇ ਉਨ੍ਹਾਂ ਦੋਵਾਂ ਨੂੰ ਕਿਹਾ: “ਜਾ ਕੇ ਯੂਹੰਨਾ ਨੂੰ ਸਾਰੀਆਂ ਗੱਲਾਂ ਦੱਸੋ ਜੋ ਤੁਸੀਂ ਦੇਖੀਆਂ ਅਤੇ ਸੁਣੀਆਂ ਹਨ: ਅੰਨ੍ਹਿਆਂ ਨੂੰ ਸੁਜਾਖਾ ਕੀਤਾ ਜਾ ਰਿਹਾ ਹੈ, ਲੰਗੜੇ ਤੁਰ ਰਹੇ ਹਨ, ਕੋੜ੍ਹੀ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮਰ ਚੁੱਕੇ ਲੋਕ ਦੁਬਾਰਾ ਜੀਉਂਦੇ ਕੀਤੇ ਜਾ ਰਹੇ ਹਨ ਅਤੇ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ।
23 ਅਤੇ ਖ਼ੁਸ਼ ਹੈ ਉਹ ਜਿਹੜਾ ਮੇਰੇ ਉੱਤੇ ਸ਼ੱਕ ਨਹੀਂ ਕਰਦਾ।”*
24 ਜਦੋਂ ਯੂਹੰਨਾ ਦੇ ਚੇਲੇ ਚਲੇ ਗਏ, ਤਾਂ ਯਿਸੂ ਨੇ ਯੂਹੰਨਾ ਬਾਰੇ ਭੀੜ ਨੂੰ ਦੱਸਣਾ ਸ਼ੁਰੂ ਕੀਤਾ: “ਤੁਸੀਂ ਉਜਾੜ ਵਿਚ ਕੀ ਦੇਖਣ ਗਏ ਸੀ? ਕੀ ਹਵਾ ਵਿਚ ਹਿਚਕੋਲੇ ਖਾਂਦੇ ਸਰਕੰਡੇ ਨੂੰ?
25 ਫਿਰ ਤੁਸੀਂ ਕੀ ਦੇਖਣ ਗਏ ਸੀ? ਮੁਲਾਇਮ ਤੇ ਰੇਸ਼ਮੀ ਕੱਪੜੇ ਪਾਈ ਆਦਮੀ ਨੂੰ? ਇਹੋ ਜਿਹੇ ਕੱਪੜੇ ਪਾਉਣ ਵਾਲੇ ਲੋਕ ਤਾਂ ਰਾਜਿਆਂ ਦੇ ਮਹਿਲਾਂ ਵਿਚ ਹੁੰਦੇ ਹਨ।
26 ਤਾਂ ਫਿਰ, ਤੁਸੀਂ ਕੀ ਦੇਖਣ ਗਏ ਸੀ? ਕੀ ਨਬੀ ਨੂੰ ਦੇਖਣ? ਹਾਂ, ਉਹ ਤਾਂ ਸਗੋਂ ਦੂਸਰੇ ਨਬੀਆਂ ਤੋਂ ਵੀ ਵੱਡਾ ਹੈ।
27 ਉਸੇ ਬਾਰੇ ਇਹ ਲਿਖਿਆ ਗਿਆ ਹੈ: ‘ਦੇਖੋ! ਮੈਂ ਤੇਰੇ ਅੱਗੇ-ਅੱਗੇ ਆਪਣੇ ਸੰਦੇਸ਼ ਦੇਣ ਵਾਲੇ ਨੂੰ ਘੱਲ ਰਿਹਾ ਹਾਂ, ਉਹ ਤੇਰੇ ਲਈ ਰਾਹ ਤਿਆਰ ਕਰੇਗਾ!’
28 ਮੈਂ ਤੁਹਾਨੂੰ ਸਾਰਿਆਂ ਨੂੰ ਸੱਚ ਕਹਿੰਦਾ ਹਾਂ: ਜਿੰਨੇ ਵੀ ਤੀਵੀਆਂ ਦੀ ਕੁੱਖੋਂ ਪੈਦਾ ਹੋਏ ਹਨ, ਉਨ੍ਹਾਂ ਵਿੱਚੋਂ ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਨਹੀਂ ਹੈ, ਪਰ ਪਰਮੇਸ਼ੁਰ ਦੇ ਰਾਜ ਵਿਚ ਛੋਟੇ ਤੋਂ ਛੋਟਾ ਵੀ ਯੂਹੰਨਾ ਨਾਲੋਂ ਵੱਡਾ ਹੈ।”
29 (ਜਦੋਂ ਲੋਕਾਂ ਨੇ ਅਤੇ ਟੈਕਸ ਵਸੂਲਣ ਵਾਲਿਆਂ ਨੇ ਯਿਸੂ ਦੀਆਂ ਗੱਲਾਂ ਸੁਣੀਆਂ, ਤਾਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਧਰਮੀ ਕਿਹਾ ਕਿਉਂਕਿ ਉਨ੍ਹਾਂ ਨੇ ਯੂਹੰਨਾ ਤੋਂ ਬਪਤਿਸਮਾ ਲਿਆ ਸੀ।
30 ਪਰ ਫ਼ਰੀਸੀਆਂ ਅਤੇ ਕਾਨੂੰਨ ਦੇ ਮਾਹਰਾਂ ਨੇ ਪਰਮੇਸ਼ੁਰ ਦੇ ਮਕਸਦ ਨੂੰ ਨਕਾਰਿਆ ਜੋ ਉਨ੍ਹਾਂ ਵਾਸਤੇ ਰੱਖਿਆ ਸੀ ਕਿਉਂਕਿ ਉਨ੍ਹਾਂ ਨੇ ਯੂਹੰਨਾ ਤੋਂ ਬਪਤਿਸਮਾ ਨਹੀਂ ਲਿਆ ਸੀ।)
31 ਯਿਸੂ ਨੇ ਅੱਗੇ ਕਿਹਾ: “ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਨਾਲ ਕਰਾਂ ਅਤੇ ਇਹ ਲੋਕ ਕਿਨ੍ਹਾਂ ਵਰਗੇ ਹਨ?
32 ਇਹ ਲੋਕ ਬਾਜ਼ਾਰ ਵਿਚ ਬੈਠੇ ਨਿਆਣਿਆਂ ਵਰਗੇ ਹਨ ਜਿਹੜੇ ਆਪਣੇ ਸਾਥੀਆਂ ਨੂੰ ਉੱਚੀ ਆਵਾਜ਼ ਵਿਚ ਕਹਿੰਦੇ ਹਨ: ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਾ ਨੱਚੇ; ਅਸੀਂ ਕੀਰਨੇ ਪਾਏ, ਪਰ ਤੁਸੀਂ ਨਾ ਰੋਏ।’
33 ਯੂਹੰਨਾ ਬਪਤਿਸਮਾ ਦੇਣ ਵਾਲਾ ਨਾ ਰੋਟੀ ਖਾਂਦਾ ਹੈ ਤੇ ਨਾ ਹੀ ਦਾਖਰਸ ਪੀਂਦਾ ਹੈ, ਤਾਂ ਤੁਸੀਂ ਕਹਿੰਦੇ ਹੋ: ‘ਉਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ।’
34 ਪਰ ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਹੈ, ਤਾਂ ਤੁਸੀਂ ਕਹਿੰਦੇ ਹੋ: ‘ਦੇਖੋ! ਪੇਟੂ ਅਤੇ ਸ਼ਰਾਬੀ, ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦਾ ਯਾਰ।’
35 ਅਸਲ ਵਿਚ, ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।”
36 ਹੁਣ ਇਕ ਫ਼ਰੀਸੀ ਯਿਸੂ ਦੇ ਪਿੱਛੇ ਪੈ ਗਿਆ ਕਿ ਉਹ ਉਸ ਨਾਲ ਰੋਟੀ ਖਾਵੇ। ਇਸ ਲਈ ਉਹ ਉਸ ਫ਼ਰੀਸੀ ਦੇ ਘਰ ਗਿਆ ਅਤੇ ਰੋਟੀ ਖਾਣ ਲਈ ਬੈਠ ਗਿਆ।
37 ਅਤੇ ਦੇਖੋ! ਉਸ ਸ਼ਹਿਰ ਦੀ ਇਕ ਬਦਨਾਮ ਤੀਵੀਂ ਨੂੰ ਪਤਾ ਲੱਗਾ ਕਿ ਯਿਸੂ ਫ਼ਰੀਸੀ ਦੇ ਘਰ ਰੋਟੀ ਖਾ ਰਿਹਾ ਸੀ, ਤਾਂ ਉਹ ਉੱਥੇ ਅਤਰ ਨਾਲ ਭਰੀ ਪੱਥਰ ਦੀ ਸ਼ੀਸ਼ੀ ਲੈ ਕੇ ਆਈ।
38 ਉਹ ਤੀਵੀਂ ਪਿੱਛਿਓਂ ਦੀ ਆ ਕੇ ਯਿਸੂ ਦੇ ਪੈਰਾਂ ਕੋਲ ਬੈਠ ਗਈ ਅਤੇ ਰੋਣ ਲੱਗ ਪਈ। ਉਸ ਨੇ ਰੋ-ਰੋ ਕੇ ਯਿਸੂ ਦੇ ਪੈਰ ਹੰਝੂਆਂ ਨਾਲ ਭਿਓਂ ਦਿੱਤੇ ਅਤੇ ਹੰਝੂਆਂ ਨੂੰ ਆਪਣੇ ਸਿਰ ਦੇ ਵਾਲ਼ਾਂ ਨਾਲ ਪੂੰਝਿਆ। ਅਤੇ ਉਸ ਨੇ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਉਨ੍ਹਾਂ ਉੱਤੇ ਅਤਰ ਮਲ਼ਿਆ।
39 ਇਹ ਦੇਖ ਕੇ ਫ਼ਰੀਸੀ ਜਿਸ ਨੇ ਉਸ ਨੂੰ ਸੱਦਿਆ ਸੀ, ਸੋਚਣ ਲੱਗਾ: “ਇਹ ਆਦਮੀ ਜੇ ਨਬੀ ਹੁੰਦਾ, ਤਾਂ ਜਾਣ ਜਾਂਦਾ ਕਿ ਉਸ ਦੇ ਪੈਰਾਂ ਨੂੰ ਛੋਹਣ ਵਾਲੀ ਤੀਵੀਂ ਕੌਣ ਹੈ ਅਤੇ ਕਿਹੋ ਜਿਹੀ ਹੈ। ਇਸ ਨੂੰ ਪਤਾ ਲੱਗ ਜਾਂਦਾ ਕਿ ਇਹ ਤੀਵੀਂ ਪਾਪਣ ਹੈ।”
40 ਪਰ ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ: “ਸ਼ਮਊਨ, ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ।” ਉਸ ਨੇ ਕਿਹਾ: “ਦੱਸੋ ਗੁਰੂ ਜੀ!”
41 “ਦੋ ਆਦਮੀ ਇਕ ਸ਼ਾਹੂਕਾਰ ਦੇ ਕਰਜ਼ਦਾਰ ਸਨ। ਇਕ ਨੇ ਉਸ ਨੂੰ 500 ਦੀਨਾਰ* ਦੇਣੇ ਸਨ ਅਤੇ ਦੂਜੇ ਨੇ ਪੰਜਾਹ ਦੀਨਾਰ।
42 ਜਦੋਂ ਉਨ੍ਹਾਂ ਕੋਲ ਕਰਜ਼ਾ ਮੋੜਨ ਲਈ ਕੁਝ ਵੀ ਨਹੀਂ ਸੀ, ਤਾਂ ਸ਼ਾਹੂਕਾਰ ਨੇ ਉਨ੍ਹਾਂ ਉੱਤੇ ਮਿਹਰਬਾਨੀ ਕਰ ਕੇ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਤਾਂ ਫਿਰ ਉਨ੍ਹਾਂ ਦੋਵਾਂ ਵਿੱਚੋਂ ਕੌਣ ਸ਼ਾਹੂਕਾਰ ਨਾਲ ਜ਼ਿਆਦਾ ਪਿਆਰ ਕਰੇਗਾ?”
43 ਸ਼ਮਊਨ ਨੇ ਜਵਾਬ ਦਿੱਤਾ: “ਮੇਰੇ ਖ਼ਿਆਲ ਨਾਲ ਜਿਸ ਦਾ ਜ਼ਿਆਦਾ ਕਰਜ਼ਾ ਮਾਫ਼ ਕੀਤਾ ਗਿਆ ਸੀ।” ਯਿਸੂ ਨੇ ਉਸ ਨੂੰ ਕਿਹਾ: “ਤੂੰ ਠੀਕ ਕਿਹਾ।”
44 ਇਸ ਤੋਂ ਬਾਅਦ ਉਸ ਨੇ ਤੀਵੀਂ ਵੱਲ ਦੇਖਦੇ ਹੋਏ ਸ਼ਮਊਨ ਨੂੰ ਕਿਹਾ: “ਇਸ ਤੀਵੀਂ ਨੂੰ ਦੇਖ। ਜਦੋਂ ਮੈਂ ਤੇਰੇ ਘਰ ਆਇਆ, ਤਾਂ ਤੂੰ ਮੈਨੂੰ ਪੈਰ ਧੋਣ ਲਈ ਪਾਣੀ ਨਹੀਂ ਦਿੱਤਾ। ਪਰ ਇਸ ਤੀਵੀਂ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲ਼ਾਂ ਨਾਲ ਪੂੰਝੇ।
45 ਤੂੰ ਮੇਰਾ ਸੁਆਗਤ ਕਰਨ ਵੇਲੇ ਮੈਨੂੰ ਨਹੀਂ ਚੁੰਮਿਆ, ਪਰ ਇਹ ਤੀਵੀਂ, ਜਦੋਂ ਦਾ ਮੈਂ ਆਇਆ ਹਾਂ, ਮੇਰੇ ਪੈਰ ਚੁੰਮਣੋਂ ਨਹੀਂ ਹਟੀ।
46 ਤੂੰ ਮੇਰੇ ਸਿਰ ’ਤੇ ਤੇਲ ਨਹੀਂ ਮਲ਼ਿਆ, ਪਰ ਇਸ ਨੇ ਮੇਰੇ ਪੈਰਾਂ ’ਤੇ ਅਤਰ ਮਲ਼ਿਆ।
47 ਇਸ ਕਰਕੇ, ਮੈਂ ਤੈਨੂੰ ਕਹਿੰਦਾ ਹਾਂ ਕਿ ਭਾਵੇਂ ਇਸ ਤੀਵੀਂ ਨੇ ਬਹੁਤ ਪਾਪ ਕੀਤੇ ਹਨ, ਪਰ ਉਹ ਸਾਰੇ ਪਾਪ ਮਾਫ਼ ਹੋ ਗਏ ਹਨ, ਕਿਉਂਕਿ ਉਹ ਜ਼ਿਆਦਾ ਪਿਆਰ ਕਰਦੀ ਹੈ। ਪਰ ਜਿਸ ਦੇ ਥੋੜ੍ਹੇ ਪਾਪ ਮਾਫ਼ ਹੁੰਦੇ ਹਨ, ਉਹ ਘੱਟ ਪਿਆਰ ਕਰਦਾ ਹੈ।”
48 ਫਿਰ ਉਸ ਨੇ ਤੀਵੀਂ ਨੂੰ ਕਿਹਾ: “ਤੇਰੇ ਪਾਪ ਮਾਫ਼ ਹੋ ਗਏ ਹਨ।”
49 ਇਹ ਸੁਣ ਕੇ ਜਿਹੜੇ ਲੋਕ ਉਸ ਨਾਲ ਮੇਜ਼ ਦੁਆਲੇ ਬੈਠੇ ਸਨ, ਸੋਚਣ ਲੱਗੇ: “ਇਹ ਆਦਮੀ ਹੈ ਕੌਣ ਜਿਹੜਾ ਪਾਪ ਵੀ ਮਾਫ਼ ਕਰਦਾ ਹੈ?”
50 ਅਤੇ ਯਿਸੂ ਨੇ ਤੀਵੀਂ ਨੂੰ ਕਿਹਾ: “ਤੇਰੀ ਨਿਹਚਾ ਨੇ ਤੈਨੂੰ ਬਚਾਇਆ ਹੈ; ਸ਼ਾਂਤੀ ਨਾਲ ਜਾਹ।”